“ਹਰ ਕਿਸੇ ਲਈ ਬਰਾਬਰੀ, ਵੈਰ ਰਹਿਤ ਅਤੇ ਅਪਣੱਤ ਭਰੇ ਸਮਾਜ ਦੀ ਸਿਰਜਣਾ ਵੱਲ ਵਧਣਾ ਹੀ ਵਿਸਾਖੀ ਦਾ ਸੰਦੇਸ਼ ਹੋਣਾ ਚਾਹੀਦਾ ਹੈ ...”
(ਅਪਰੈਲ 13, 2016)
ਦੁਨੀਆਂ ਦੇ ਹਰ ਦੇਸ਼ ਵਿਚ ਤਿਉਹਾਰ ਅਤੇ ਮੇਲੇ ਉਸਦੀ ਸੱਭਿਆਚਾਰਕ ਪਹਿਚਾਣ ਅਤੇ ਸਮਾਜਕ ਪੱਖੋਂ ਤੋਰ ਦੇ ਉੱਭਰਦੇ ਅੰਗ ਬਣਦੇ ਹਨ। ਵਿਸਾਖੀ ਪੰਜਾਬੀਆਂ ਵਾਸਤੇ ਉਨ੍ਹਾਂ ਦੇ ਲੋਕ ਜੀਵਨ ਨਾਲ ਜੁੜਿਆ ਨੇੜਵਾਂ ਸੱਚ ਅਤੇ ਪਹਿਚਾਣ ਹੈ। ਇਹ ਸਦੀਆਂ ਪੁਰਾਣੀ ਰੀਤ ਹੈ, ਸਾਂਝ ਭਰੇ ਜੀਵਨ ਦੀ ਝਲਕ ਹੈ, ਮੋਹ-ਮੁਹੱਬਤ ਦਾ ਪ੍ਰਤੀਕ ਹੈ, ਪੰਜਾਬੀਆਂ ਦੀ ਜੀਵਨ-ਜਾਚ ਅਤੇ ਨਾਬਰੀ ਵਾਲੀ ਜੀਵਨ ਜੁਗਤ ਦਾ ਮੁਹਾਂਦਰਾ ਵੀ ਹੈ। ਇਹ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਵਾਲੀ ਨਵੀਂ ਜੀਵਨ ਜਾਚ ਬਖਸ਼ਦਾ ਅਜਿਹਾ ਸੱਚ ਹੈ ਜਿਸ ਨਾਲ ਮਨੁੱਖੀ ਜ਼ਿੰਦਗੀ ਮੁੱਲਵਾਨ ਵੀ ਹੁੰਦੀ ਹੈ ਅਤੇ ਮੋਹ-ਵਾਨ ਵੀ, ਜਿਸ ਦੇ ਸਿੱਟੇ ਵਜੋਂ ਮਨੁੱਖੀ ਮਨ ਵਿਚ ਨਿਮਰਤਾ ਤੇ ਨਿਰਮਾਣਤਾ ਦਾ ਵਿਕਾਸ ਹੁੰਦਾ ਹੈ। ਇਹੋ ਹੀ ਸਮਾਜਕ ਸਥਿਤੀਆਂ ਵਿਚ ਤਬਦੀਲੀਆਂ ਦੀ ਸੂਚਕ ਬਣ ਜਾਂਦੀ ਹੈ। ਆਪਸੀ ਭਾਈਚਾਰਕ ਸਾਂਝ ਦਾ ਸਭ ਤੋਂ ਵੱਡਾ ਸੁਨੇਹਾ।
ਜਦੋਂ ਕੋਰੇ-ਕੱਕਰਾਂ ਦੇ ਭੰਨੇ ਲੋਕ ਖੁੱਲ੍ਹੇ ਮੌਸਮ ਵਿਚ ਪਹੁੰਚਦੇ ਤਾਂ ਇਸ ਨੂੰ ਖੁਸ਼ੀ ਵਜੋਂ ਮਨਾਇਆ ਜਾਂਦਾ। ਪਤਾ ਨਹੀਂ ਕਿੰਨੀਆਂ ਸਦੀਆ ਤੋਂ ਮੌਸਮ ਦੀ ਤਬਦੀਲੀ ਵਜੋਂ ਵੀ ਮਨਾਇਆ ਰਿਹਾ ਤਿਉਹਾਰ ਹੈ। ਇਸ ਸਮੇਂ ਸਾਂਝੇ ਇਕੱਠ ਹੁੰਦੇ। ਲੋਕ ਨੱਚਦੇ ਟੱਪਦੇ ਇਕ ਦੂਜੇ ਨਾਲ ਖੁਸ਼ੀ ਸਾਂਝੀ ਕਰਦੇ। ਪੇਂਡੂ ਖੇਡਾਂ ਹੁੰਦੀਆਂ ਆਮ ਕਰਕੇ ਗਭਰੂਆਂ ਦੇ ਘੋਲ (ਭਾਵ ਕੁਸ਼ਤੀਆਂ) ਹੀ ਪਹਿਲੇ ਸਮਿਆਂ ਵਿਚ ਮੁੱਖ ਸਨ ਜਾਂ ਫੇਰ ਗਭਰੂਆਂ ਦੇ ਸ਼ਰੀਰਾਂ ਨੂੰ ਪਰਖਣ ਵਾਸਤੇ ਮੂੰਗਲੀ ਫੇਰਨੀ, ਭਾਰ ਚੁੱਕਣਾ, ਦੌੜਨਾ ਤੇ ਕਾਫੀ ਸਮੇਂ ਬਾਅਦ ਜਾ ਕੇ ਕਬੱਡੀ ਵਿਚ ਗਭਰੂਆਂ ਦੀ ਜ਼ੋਰ ਅਜ਼ਮਾਈ ਹੋਣ ਲੱਗੀ। ਮੇਲੇ ਜੁੜਦੇ, ਮਨ ਪ੍ਰਚਾਵੇ ਲਈ ਬੋਲੀਆਂ ਪਾ ਪਾ ਕੇ ਨੱਚਿਆ ਜਾਂਦਾ। ਇਸ ਤਰ੍ਹਾਂ ਅੱਜ ਵੇਖੇ ਜਾਂਦੇ ਨਾਚ ਉਸ ਸਮੇਂ ਹੀ ਜਨਮੇ ਹੋਣਗੇ। ਅੱਜ ਦਾ ਭੰਗੜਾ ਬੁਨਿਆਦੀ ਤੌਰ ’ਤੇ ਉਨ੍ਹਾਂ ਹੀ ਨਾਚਾਂ ਦਾ ਇਕ ਰੂਪ ਹੈ। ਇਸੇ ਤਰ੍ਹਾਂ ਹੀ ਪਸ਼ੂਆਂ ਦੀ ਜਾਨ ਪਰਖੀ ਜਾਂਦੀ ਅਤੇ ਆਮ ਕਰਕੇ ਬਲਦ ਗੱਡੀਆਂ ਦੀਆਂ ਦੌੜਾਂ ਹੁੰਦੀਆਂ ਸਨ। ਇਨ੍ਹਾਂ ਬਲਦ ਗੱਡੀਆਂ ਦੀਆਂ ਦੌੜਾਂ ਵਿਚ ਹਿੱਸਾ ਲੈਣ ਦੇ ਚਾਹਵਾਨ ਲੰਮਾ ਸਮਾਂ ਪਹਿਲਾਂ ਤਿਆਰੀ ਕਰਦੇ। ਦੌੜਾਂ ਵਿਚ ਹਿੱਸਾ ਲੈਣ ਵਾਲੇ ਬਲਦਾਂ ਨੂੰ ਦੇਸੀ ਘਿਉ ਵਾਲੀਆਂ ਜਾਨਦਾਰ ਖੁਰਾਕਾਂ ਦਿੱਤੀਆਂ ਜਾਂਦੀਆਂ - ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਪੁੱਤਾਂ ਵਾਂਗ ਪਾਲਿਆ ਜਾਂਦਾ ਸੀ। ਪਸ਼ੂਆਂ ਦਾ ਸਾਡੇ ਪੰਜਾਬੀ / ਭਾਰਤੀ ਜੀਵਨ ਵਿਚ ਸਦਾ ਹੀ ਵੱਡਾ ਮਹੱਤਵ ਰਿਹਾ ਹੈ।
ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਪਹਿਲਿਆਂ ਸਮਿਆਂ ਵਿਚ ਕੁੜੀਆਂ ਦਾ ਖੇਡਾਂ ਵਿਚ ਹਿੱਸਾ ਲੈਣਾ ਬਹੁਤ ਬੁਰਾ ਸਮਝਿਆ ਜਾਂਦਾ ਸੀ, ਇਸ ਕਰਕੇ ਸਾਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਕਿ ਉਸ ਵੇਲੇ ਕੁੜੀਆਂ ਕਿਹੜੀਆਂ ਖੇਡਾਂ ਖੇਡਦੀਆਂ ਸਨ। ਹਾਂ, ਇਹ ਜਰੂਰ ਹੈ ਕਿ ਮਨ ਦੀ ਖੁਸ਼ੀ ਦੇ ਨਾ ਸਾਂਭੇ ਜਾਣ ’ਤੇ ਛੋਟੀ ਅਤੇ ਵੱਡੀ ਉਮਰ ਦੀਆਂ ਸਭ ਕੁੜੀਆਂ ਸਮਾਜਕ ਜਿਹੇ ਗੀਤਾਂ ਦੀ ਤਾਲ ਨਾਲ ਜਰੂਰ ਨੱਚਦੀਆਂ ਸਨ, ਪਰ ਇਕੱਲੀਆਂ ਗਿੱਧੇ ਦੇ ਰੂਪ ਵਿਚ, ਕਿੱਕਲੀ ਵਰਗੀ ਖੇਡ ਜਾਂ ਸਮੂਹ ਗਾਣ ਉਸ ਸਮੇਂ ਦੀ ਹੀ ਪੈਦਾਵਾਰ ਹੈ। ਉਸ ਸਮੇਂ ਦੇ ਮਾਨਸਿਕ ਪਛੜੇਵੇਂ ਵਾਲੀਆਂ ਸਮਾਜਕ ਹਾਲਤਾਂ ਦੇ ਹੁੰਦਿਆਂ ਅੱਜ ਤੱਕ ਵੀ ਸਾਡੇ ਕੋਲ ਔਰਤਾਂ-ਮਰਦਾਂ ਦੇ ਸਾਂਝੇ ਨਾਚ ਨਹੀਂ ਹਨ, ਜੋ ਹੋਰ ਬਹੁਤ ਸਾਰੇ ਸਮਾਜਾਂ ਵਿਚ ਮਿਲਦੇ ਹਨ। ਬਰਾਬਰੀ ਦਾ ‘ਰਾਗ’ ਗਾਉਣ ਵਾਲੇ ਇਸ ਪਾਸੇ ਵੀ ਧਿਆਨ ਮਾਰਨ ਤਾਂ ਬੜਾ ਕੁੱਝ ਸੋਚਣ ਨੂੰ ਮਿਲੇਗਾ। ਇਹ ਵਿਦਵਾਨਾਂ ਵਾਸਤੇ ਖੋਜ ਦਾ ਵਿਸ਼ਾ ਹੈ। ਇੱਥੇ ਹੀ ਸਾਡੇ ਸਮਾਜ ਵਿਚ ਔਰਤਾਂ ਨਾਲ ਹੁੰਦੇ ਵਿਤਕਰੇ ਦੇ ਬੀਜ ਪਏ ਹਨ। ਅਫਸੋਸ ਹੈ ਕਿ ਇਹ ਇੱਕੀਵੀਂ ਸਦੀ ਵਿਚ ਵੀ ਔਰਤਾਂ ਨਾਲ ਵਿਤਕਰਾ ਸਾਡੇ ਸਮਾਜ ਵਿਚ ਮੌਜੂਦ ਹਨ।
ਵਿਸਾਖੀ ਦਾ ਆਰੰਭ ਤਾਂ ਪਤਾ ਨਹੀਂ ਕਦੋਂ ਤੋਂ ਚੱਲਦਾ ਆ ਰਿਹਾ ਹੈ, ਪਰ ਹੈ ਸਦੀਆਂ ਪੁਰਾਣਾ। ਪਹਿਲ-ਪਲੱਕੜਿਆਂ ਵਿਚ ਪੇਂਡੂ ਜੀਵਨ ਬਹੁਤਾ ਕਰਕੇ ਖੇਤੀ ਬਾੜੀ ਤੇ ਹੀ ਨਿਰਭਰ ਕਰਦਾ ਸੀ। ਸਮਾਜ ਦਾ ਹਰ ਜੀਅ, ਕਿਸੇ ਵੀ ਕਿੱਤੇ ਵਾਲਾ ਇਸ ਨਾਲ ਸਬੰਧਤ ਸੀ। ਇਸ ਕਰਕੇ ਫਸਲ ਬਹੁਤ ਹੀ ਮਹੱਤਵਪੂਰਨ ਸੀ। ਫਸਲਾਂ ਬੀਜੀਆਂ ਜਾਂਦੀਆਂ, ਪਾਲ਼ੀਆਂ ਜਾਂਦੀਆਂ। ਜਦੋਂ ਕਣਕਾਂ ਨਿੱਸਰਦੀਆਂ, ਪੱਕਦੀਆਂ, ਸਿੱਟੇ ਸੁਨਿਹਰੀ ਹੋਏ ਦੇਖ ਕੇ ਮਨੁੱਖੀ ਮਨ ਖਿੜ ਉੱਠਦਾ ਕਿਉਂਕਿ ਫਸਲ ਘਰ ਆਉਣ ਤੇ ਹੀ ਸਾਰੇ ਕਾਰਜ ਕੀਤੇ ਜਾਣੇ ਹੁੰਦੇ ਸਨ। ਖੇਤੀ ਬਾੜੀ ਸਾਡੀ ਆਰਥਿਕਤਾ ਦਾ ਮੁੱਖ ਸ੍ਰੋਤ ਸੀ। ਜਦੋਂ ਕਣਕਾਂ ਵੱਢਣ ਲਈ ਦਾਤਰੀ ਪੈਂਦੀ ਤਾਂ ਲੋਕ ਮਨ ਝੂਮ ਉੱਠਦਾ, ਨੱਚ ਪੈਂਦਾ। ਇਸ ਤਰ੍ਹਾਂ ਲੋਕ ਇਕੱਠ ਹੋਣੇ ਸ਼ੁਰੂ ਹੋਏ ,ਜੋ ਮੇਲੇ ਬਣ ਗਏ। ਲੋਕ ਇਨ੍ਹਾਂ ਮੇਲਿਆਂ ਵਿਚ ਨੱਚਦੇ ਅਤੇ ਗਾਉਂਦੇ ਜ਼ਿੰਦਗੀ ਨੂੰ ਅਸਲ ਮਾਅਨਿਆਂ ਵਿਚ ਮਾਨਣ ਲੱਗੇ। ਇਸ ਸਮੇਂ ਨਾਲ ਸਬੰਧਤ ਬਹੁਤ ਸਾਰੇ ਲੋਕ ਗੀਤ ਇਸ ਦਾ ਹੀ ਪ੍ਰਗਟਾਵਾ ਕਰਦੇ ਹਨ। ਵਿਸਾਖ ਮਹੀਨੇ ਹੀ ਕਣਕਾਂ ਦੀ ਵਾਢੀ ਸ਼ੁਰੂ ਹੁੰਦੀ। ਇਸ ਦਾ ਆਰੰਭ ਲੋਕ ਜਸ਼ਨਾਂ ਨਾਲ ਕਰਦੇ। ਵਾਢੀ ਸ਼ੁਰੂ ਹੀ ਢੋਲ ਦੇ ਡਗੇ ਨਾਲ ਹੁੰਦੀ।
ਇੱਥੇ ਇਕ ਹੋਰ ਵਿਸ਼ੇਸ਼ ਗੱਲ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਜੋ ਸਾਡੇ ਸਮਾਜਕ ਰਿਸ਼ਤਿਆਂ ਵਿਚਲੇ ਮੋਹ ਦਾ ਪ੍ਰਗਟਾਵਾ ਕਰਦੀ ਹੈ। ਕਣਕ ਦੀਆਂ ਵਾਢੀਆਂ ਵੇਲੇ ਆਮ ਹੀ ਆਬ੍ਹਤਾਂ (ਕਿਸੇ ਦੂਸਰੇ ਦੇ ਕੰਮ ਵਿਚ ਬਿਨਾਂ ਪੈਸਿਆਂ ਦੇ ਮਦਦ ਕਰਨੀ) ਪੈਂਦੀਆਂ, ਲੋਕ ਇਕੱਠੇ ਹੋਕੇ ਇਕ ਦਾ ਕਾਰਜ ਪੂਰਾ ਕਰਦੇ ਫੇਰ ਅਗਲੇ ਦਿਨੀਂ ਉਹ ਹੀ ਪਹਿਲਾਂ ਵਾਲਿਆਂ ਦੇ ਹੱਥ ਵਟਾਉਣ ਆਉਂਦੇ। ਇਸ ਤਰ੍ਹਾਂ ਸਾਂਝ ਵੀ ਵਧਦੀ ਤੇ ਕੰਮ ਵੀ ਝੱਬੇ ਨਿੱਬੜ ਜਾਂਦਾ। ਵਾਢੀਆਂ ਵੇਲੇ ਆਬ੍ਹਤੀਆਂ ਦੀ ਸੇਵਾ ਆਮ ਕਰਕੇ ਸ਼ੱਕਰ ਘਿਉ (ਘਰ ਦਾ ਦੇਸੀ ਘਿਉ) ਨਾਲ ਹੀ ਹੁੰਦੀ ਸੀ। ਸਮੇਂ ਬਾਅਦ ਘਰ ਦੀ ਕੱਢੀ ਦੇਸੀ ਦਾਰੂ (ਸ਼ਰਾਬ) ਵੀ ਇਨ੍ਹਾਂ ਵੇਲਿਆਂ ਵਿਚ ਵਰਤੀ ਜਾਣ ਲੱਗੀ। ਵਾਢੀਆਂ ਤੋਂ ਬਾਅਦ ਫਲ੍ਹਿਆਂ ਨਾਲ (ਫਲ੍ਹੇ ਫਲਾਹੀ ਦੇ ਛਾਪਿਆਂ ਨੂੰ ਇਕੱਠੇ ਕਰਕੇ ਬਣਾਏ ਜਾਂਦੇ ਸਨ) ਕਣਕਾਂ ਗਾਹੀਆਂ ਜਾਂਦੀਆਂ, ਧੜਾਂ ਲੱਗਦੀਆਂ, ਦਾਣੇ ਅਤੇ ਤੂੜੀ ਵੱਖ ਕੀਤੇ ਜਾਂਦੇ। ਇਸ ਤਰ੍ਹਾਂ ਫਸਲ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁੱਖੀਂ-ਸਾਦੀਂ ਘਰ ਆ ਜਾਂਦੀ।
ਪਾਣੀਆਂ ਦੇ ਨੇੜੇ ਵਸਣ ਵਾਲੇ ਲੋਕ ਨੇੜਲੇ ਦਰਿਆਵਾਂ ਅਤੇ ਵਿਸਾਖ ਦੀ ਸੰਗਰਾਂਦ ਨੂੰ ਵੱਡੀ ਗਿਣਤੀ ਵਿਚ ਨਹਾਉਣ ਜਾਂਦੇ। ਦੁਆਬੇ ਦੇ ਲੋਕ ਆਮ ਕਰਕੇ ਸਤਲੁਜ ਦਰਿਆ ਦੇ ਕੰਢਿਆਂ ’ਤੇ ਨਹਾਉਂਦੇ। ਇੱਥੇ ਤੱਕ ਪਹੁੰਚਣ ਲਈ ਲੋਕ ਗੱਡਿਆਂ, ਰੇੜ੍ਹੀਆਂ ਅਤੇ ਤਾਂਗਿਆਂ (ਜਿਸ ਦੇ ਅੱਗੇ ਘੋੜਾ ਜੁੜਿਆ ਹੁੰਦਾ - ਪਹਿਲਿਆਂ ਸਮਿਆਂ ਵਿਚ ਸਵਾਰੀਆਂ ਢੋਣ ਦਾ ਇਹ ਆਮ ਸਾਧਨ ਸੀ) ਦੀ ਸਵਾਰੀ ਦਾ ਆਸਰਾ ਲੈਂਦੇ ਸਨ। ਜਿਸ ਥਾਵੇਂ ਵੀ ਇਕੱਠੇ ਹੁੰਦੇ, ਉੱਥੇ ਵੀ ਮੇਲੇ ਵਰਗਾ ਹੀ ਜਸ਼ਨ ਹੁੰਦਾ। ਇਸ਼ਨਾਨ ਕਰਨ ਵਾਸਤੇ ਲੋਕ ਸਵੇਰੇ ਸੁਵਖਤੇ ਹੀ ਇੱਥੇ ਪਹੁੰਚਦੇ। ਇਹ ਤਾਂ ਕੁੱਝ ਦਹਾਕੇ ਪਹਿਲਾਂ ਵੀ ਆਮ ਚਲਣ ਸੀ। ਦੁਆਬੇ ਵਿਚ ਆਮ ਤੌਰ ’ਤੇ ਇਸ ਨੂੰ ਵਸੋਆ ਨਹਾਉਣਾ ਵੀ ਆਖਿਆ ਜਾਂਦਾ ਸੀ। ਇੱਥੇ ਨਹਾਉਣ ਦਾ ਕਾਰਨ ਸਾਫ ਜਲ ਨਾਲ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਨਾ ਆਖਿਆ ਜਾਂਦਾ ਸੀ। ਪਰ ਹੁਣ ਸਮੇਂ ਬਦਲ ਗਏ ਹਨ। ਉਸ ਸਮੇਂ ਦੇ ਪਵਿੱਤਰ ਜਲ ਨੂੰ ਅੱਜ ਦੇ ਮਨੁੱਖ ਦੀ ਵੱਧ ਤੋਂ ਵੱਧ ਮੁਨਾਫੇ ਵਾਲੀ ਬਿਰਤੀ ਨਾਲ ਪਲੀਤ ਕਰ ਦਿੱਤਾ ਹੈ। ਹੁਣ ਸ਼ਾਇਦ ਲੋਕ ਇਸ ਡਰੋਂ ਇੱਥੇ ਨਹੀਂ ਨਹਾਉਂਦੇ ਕਿ ਉਹ ਇਸ ਪਲੀਤ/ਗੰਦੇ ਹੋ ਗਏ ਪਾਣੀ ਨਾਲ ਬੀਮਾਰੀਆਂ ਨਹੀਂ ਲੁਆਉਣੀਆਂ ਚਾਹੁੰਦੇ। ਇਹ ਸਮਿਆਂ ਦਾ ਫਰਕ ਹੈ ਕਿ ਉਸ ਸਮੇਂ ਦੀ ਸਾਂਝ ਭਰੀ ਪਵਿੱਤਰ ਰੀਤ ਅੱਜ ਮਨੁੱਖੀ ਤ੍ਰਾਸਦੀ ਬਣ ਗਈ ਹੈ।
ਨਵੇਂ ਮਨੁੱਖ ਦੀ ਸਿਰਜਣਾ ਲਈ ਸਿੱਖ ਲਹਿਰ ਵਿਚ ਸਿਫਤੀ ਤਬਦੀਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਰੈਲ 1699 ਨੂੰ ਖਾਲਸੇ ਦੀ ਸਿਰਜਣਾ ਨਾਲ ਕੀਤੀ। ਇਹ ਵਿਸਾਖ ਦੀ ਸੰਗਰਾਂਦ ਦੇ ਦਿਹਾੜੇ ਅਨੰਦਪੁਰ ਵਿਖੇ ਇਕੱਠ ਵਿਚ ਸਿੱਖਾਂ ਦੇ ਸਮਰਪਣ ਦੀ ਭਾਵਨਾ ਦਾ ਜਲਵਾ ਸੀ। ਇੱਥੇ ਹੋਏ ਇਕੱਠ ਵਿਚ ਗੁਰੂ ਸਾਹਿਬ ਵਲੋਂ ਆਪਣੇ ਸਿੱਖਾਂ ਦੀ ਪਰਖ ਕਰਨ ਦਾ ਅਨੋਖਾ ਢੰਗ ਅਪਣਾਇਆ ਗਿਆ। ਉਨ੍ਹਾਂ ਇਕੱਠ ਵਿਚ ਜੁੜੇ ਲੋਕਾਂ ਤੋਂ ਸਿਰਾਂ ਦੀ ਮੰਗ ਕੀਤੀ। ਇਹ ਸੁਣਦਿਆਂ ਹੀ ਸਮਾਜ ਵਿਚ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ, ਵੱਡੀਆਂ ਜਾਇਦਾਦਾਂ, ਜਗੀਰਾਂ ਦੇ ਮਾਲਕ ਤੇਜੀ ਨਾਲ ਉੱਥੋਂ ਖਿਸਕ ਗਏ ਸਨ। ਸਿਰ ਪੇਸ਼ ਕਰਨ ਵਾਲੇ ਕਿਰਤੀਆਂ ਵਿੱਚੋਂ ਸਨ, ਭਾਈ ਦਇਆ ਰਾਮ ਜੀ ਲਹੌਰ ਤੋਂ, ਭਾਈ ਧਰਮ ਦਾਸ ਜੀ ਦਿੱਲੀ ਤੋਂ, ਭਾਈ ਮੋਹਕਮ ਚੰਦ ਜੀ ਦਵਾਰਕਾ ਤੋਂ, ਭਾਈ ਸਾਹਿਬ ਚੰਦ ਜੀ ਬਿਦਰ ਤੋਂ ਅਤੇ ਭਾਈ ਹਿੰਮਤ ਰਾਏ ਜੀ ਜਗਨ ਨਾਥ ਪੁਰੀ ਤੋਂ। ਗੁਰੂ ਸਾਹਿਬ ਨੇ ਇਨ੍ਹਾਂ ਨੂੰ ਆਪਣੇ ਪੰਜ ਪਿਆਰੇ ਕਿਹਾ ਅਤੇ ਅਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਸਾਰੇ ਹੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਬਣ ਗਏ। ਇਹ ਖਾਲਸਾ ਪੰਥ ਦੀ ਨੀਂਹ ਬਣੇ ਸਨ। ਗੁਰੂ ਦੇ ਕਹੇ ਤੋਂ ਆਪਣੇ ਸਿਰ ਵਾਰ ਦਿੱਤੇ ਸਨ ਇਨ੍ਹਾਂ ਕਿਰਤੀ ਅਤੇ ਸਿਦਕੀ ਲੋਕਾਂ ਨੇ - ਇਨ੍ਹਾਂ ਸੂਰਬੀਰਾਂ ਨੇ ਆਪਣੇ ਸਿਰਾਂ ਬਦਲੇ ਸਿੱਖੀ ਲਈ ਸੀ। ਫੇਰ ਗੁਰੂ ਸਾਹਿਬ ਨੇ ਇਨ੍ਹਾਂ ਪੰਜਾਂ ਪਿਆਰਿਆਂ ਤੋਂ ਆਪ ਅਮ੍ਰਿਤ ਛਕਿਆ ਅਤੇ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਇਸ ਘਟਨਾ ਕ੍ਰਮ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ:
ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ।।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।।
ਦੇਸ਼ ਦੀ ਅਜਾਦੀ ਦੀ ਲਹਿਰ ਸਮੇਂ ਸੰਨ 1919 ਦੀ ਵਿਸਾਖੀ ਨੂੰ ਜੱਲ੍ਹੀਆਂ ਵਾਲੇ ਬਾਗ ਅਮ੍ਰਿਤਸਰ ਵਿਚ ਆਜ਼ਾਦੀ ਲਈ ਆਵਾਜ਼ ਉੱਚੀ ਕਰਨ ਵਾਲੇ ਨਿਹੱਥੇ ਦੇਸ਼ ਭਗਤ ਲੋਕਾਂ ’ਤੇ ਜੋ ਦਰਦਨਾਕ ਤੇ ਖੂਨ ਰੱਤਾ ਹਾਦਸਾ ਜਨਰਲ ਉਡਵਾਇਰ ਨੇ ਨਿਹੱਥੇ ਪੰਜਾਬੀਆਂ ਤੇ ਵਰਤਾਇਆ ਉਸ ਨਾਲ ਸਾਰੇ ਦੇਸ਼ ਵਾਸੀਆਂ ਦੀ ਰੂਹ ਝੰਜੋੜੀ ਗਈ। ਇਹ ਜਲ੍ਹਿਆਂਵਾਲਾ ਬਾਗ ਮੁਲਕ ਦੀ ਅਜਾਦੀ ਲਹਿਰ ਵਿਚ ਸ਼ਹੀਦ ਹੋਏ ਪੰਜਾਬੀਆ ਦਾ ਯਾਦਗਾਰੀ ਸਥਾਨ ਹੈ, ਜਿੱਥੇ ਹਰ ਦਿਨ ਹੀ ਲੋਕ ਸ਼ਹੀਦਾਂ ਦੀ ਯਾਦ ਵਿਚ ਸਿਰ ਨਿਵਾਉਣ ਆਉਂਦੇ ਹਨ। ਪਿਛਲੇ ਸਮੇਂ ਸਰਕਾਰ ਵਲੋਂ ਜਲ੍ਹਿਆਂਵਾਲੇ ਬਾਗ ਨੂੰ ਲੋਕਾਂ ਲਈ ਸੈਰਗਾਹ ਬਣਾਉਣ ਦੇ ਯਤਨ ਕੀਤੇ ਗਏ, ਭਾਵੇਂ ਲੋਕਾਂ ਦੇ ਰੋਹ ਸਾਹਮਣੇ ਇਹ ਹਾਰ ਗਏ। ਪੁੱਠੇ ਸਿਰਾਂ ਤੇ ਬੌਨੀ ਸੋਚ ਵਾਲੇ ਅਫਸਰਸ਼ਾਹਾਂ ਨੇ ਇਹ ਵੀ ਨਾ ਸੋਚਿਆ ਕਿ ਇਹ ਆਪਣੇ ਲੋਕਾਂ ਤੇ ਮੁਲਕ ਲਈ ਜਾਨਾਂ ਵਾਰ ਗਿਆਂ ਦੀ ਯਾਦਗਾਰ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਭਗਤੀ ਦਾ ਸਬਕ ਦੇਣ ਦਾ ਮੁੱਖ ਸੋਮਾ ਹੈ। ਜਿਹੜੇ ਲੋਕ ਆਪਣੇ ਸ਼ਹੀਦਾਂ ਅਤੇ ਆਪਣੇ ਮਾਣਮੱਤੇ ਵਿਰਸੇ ਨੂੰ ਭੁੱਲ ਜਾਂਦੇ ਹਨ ਉਹ ਦੇਸ਼ ਭਗਤੀ ਵਾਲੇ ਪਾਸਿਉਂ ਯਤੀਮ ਹੋ ਜਾਂਦੇ ਹਨ। ਉਂਜ ਵੀ ਸ਼ਹੀਦਾਂ ਦਾ ਖੂਨ ਸਸਤਾ ਕਰਨ ਅਤੇ ਸਮਝਣ ਵਾਲੇ ਸਦਾ ਫਿਟਕਾਰਾਂ ਦੇ ਲਾਇਕ ਹੀ ਹੁੰਦੇ ਹਨ। ਜੇ ਜਲ੍ਹਿਆਂਵਾਲੇ ਬਾਗ ਦੇ ਮਹੱਤਵ ਨੂੰ ਸਮਝਣਾ ਹੋਵੇ ਤਾਂ ਡਾ. ਜਗਤਾਰ ਦੇ ਇਹ ਸ਼ਿਅਰ ਯਾਦ ਕਰਨਾ ਕਾਫੀ ਹੋਵੇਗਾ:
ਖੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ
ਇਸ ਦੀ ਸੁਰਖੀ ਕਦੇ ਜਾਣੀ ਨਹੀਂ।
ਦੁਸ਼ਮਣਾਂ ਹਥਿਆਰ ਸਾਰੇ ਵਰਤਣੇ
ਜ਼ਿੰਦਗੀ ਨੇ ਮਾਤ ਪਰ ਖਾਣੀ ਨਹੀਂ।
ਵਿਸਾਖੀ ਦੇ ਅਰਥ ਬਹੁਤ ਵੱਡੇ ਤੇ ਵਿਸ਼ਾਲ ਹਨ, ਖੁਦ ਜ਼ਿੰਦਗੀ ਵਾਂਗ। ਜ਼ਿੰਦਗੀ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਚੰਗੀ ਸੇਧ ਦਾ ਪ੍ਰਣ ਲੈਣ ਦਾ ਦਿਹਾੜਾ ਹੈ, ਆਪਸੀ ਭਾਈਚਾਰੇ ਦੀ ਮਜ਼ਬੂਤੀ ਦਾ ਹੋਕਾ ਦਿੰਦਿਆ ਹਰ ਕਿਸੇ ਲਈ ਬਰਾਬਰੀ, ਵੈਰ ਰਹਿਤ ਅਤੇ ਅਪਣੱਤ ਭਰੇ ਸਮਾਜ ਦੀ ਸਿਰਜਣਾ ਵੱਲ ਵਧਣਾ ਹੀ ਵਿਸਾਖੀ ਦਾ ਸੰਦੇਸ਼ ਹੋਣਾ ਚਾਹੀਦਾ ਹੈ। ਇਹ ਤਦ ਹੀ ਹੋ ਸਕਦਾ ਹੈ ਜੇ ਅਸੀਂ ਹਰ ਕਿਸਮ ਦੀਆਂ ਨਫਰਤਾਂ ਭਰੀਆਂ ਦੀਵਾਰਾਂ ਢਾਹ ਕੇ ਆਪਣੇ ਵਿਰਸੇ ਤੋਂ ਸਾਂਝੀਵਾਲਤਾ ਦੀ ਸਿੱਖਿਆ ਲੈਂਦੇ ਹੋਏ ਵਰਤਮਾਨ ਦੀਆਂ ਨਵੀਆਂ ਜੁਗਤਾਂ, ਨਵੀਂ ਜੀਵਨ ਜਾਚ ਅਪਣਾਉਂਦੇ ਹੋਏ ‘ਨੀਚਾਂ ਅੰਦਰ ਨੀਚ ਜਾਤ …’ ਵਾਲੀ ਭਾਵਨਾ ਲੈ ਕੇ ਤੁਰੀਏ ਅਤੇ ਭਾਈਚਾਰਕ ਸਾਂਝ ਤੇ ਪਿਆਰ ਭਰੇ, ਬਿਨਾ ਦਾਬੇ ਅਤੇ ਧੱਕੇ ਵਾਲੇ ਨਵੇਂ ‘ਬੇਗਮਪੁਰੇ’ ਦੀ ਸਿਰਜਣਾ ਵੱਲ ਵਧੀਏ। ਇਹ ਅੱਜ ਦਾ ਸੁਨੇਹਾ ਅਤੇ ਲੋੜ ਹੈ।
*****
(252)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)