“ਸ਼ਹਿਰ ਹੈ ਨਾਗਾਂ ਦਾ ਤੂੰ ਵੀ ਵੇਖ ਕੇ ਤੁਰ ਵਰਮੀਆਂ, ਉਂਜ ਸਪੇਰੇ ਵੀ ਬੁਲਾਵਾਂਗੇ ਅਸੀਂ ਵਾਅਦਾ ਰਿਹਾ।”
(ਜੂਨ 16, 2016)
1.
ਸਮਾਜਿਕ ਕੀਮਤਾਂ ਤੋਂ ਉਹ ਅਗਰ ਅਨਜਾਣ ਨਾ ਹੁੰਦਾ।
ਪਵਿੱਤਰ ਨਾਤਿਆਂ ਦਾ ਇਸ ਤਰ੍ਹਾਂ ਫਿਰ ਘਾਣ ਨਾ ਹੁੰਦਾ।
ਅਗਰ ਇਨਸਾਫ ਦੀ ਤੱਕੜੀ ’ਚ ਬੇਹੱਦ ਕਾਣ ਨਾ ਹੁੰਦੀ,
ਕਦੇ ਵੀ ਕਰਬਲਾ, ਚਮਕੌਰ ਦਾ ਘਮਸਾਣ ਨਾ ਹੁੰਦਾ।
ਉਡਾਰੀ ਲਈ ਉਹ ਵੱਡੇ ਖੰਭਾਂ ਦੀ ਨਾ ਤਾਕ ਵਿਚ ਰਹਿੰਦਾ,
ਜੇ ਪੰਛੀ ਖੰਭ ਹੁੰਦੇ ਉੱਡਣੋਂ ਅਨਜਾਣ ਨਾ ਹੁੰਦਾ।
ਜੇ ਸੁੱਚੇ ਮੋਤੀਆਂ ਦੀ ਓਸਨੂੰ ਪਹਿਚਾਣ ਨਾ ਹੁੰਦੀ,
ਤਾਂ ਸਾਨੂੰ ਓਸ ਜੌਹਰੀ ’ਤੇ ਕਦੇ ਵੀ ਮਾਣ ਨਾ ਹੁੰਦਾ।
ਪਰਾਏ ਖੰਭ ਜੇ ਲਾ ਕੇ, ਪਰਾਈਆਂ ਛਤਰੀਆਂ ’ਤੇ ਬਹਿ,
ਉਹ ਬਾਜ਼ਾਂ ਨਾਲ ਨਾ ਖਹਿੰਦਾ, ਉਦ੍ਹਾ ਅਪਮਾਣ ਨਾ ਹੁੰਦਾ।
ਜੇ ਸ਼ਾਹੀ ਛਤਰੀਆਂ ਦੀ ਛਾਂ ਤੋਂ ਉਹ ਥੋੜ੍ਹਾ ਪਰ੍ਹੇ ਰਹਿੰਦਾ,
ਤਾਂ ਤਪਦੇ ਸੂਰਜਾਂ ਦੇ ਕਹਿਰ ਤੋਂ ਅਨਜਾਣ ਨਾ ਹੁੰਦਾ।
ਚੁਰਾਹੇ, ਮੋੜ ਦਾ ਭੈਅ ਨਹੀਂ, ਮੇਰਾ ਰਾਹ ਚਮਕਦਾ ਹੈ ਖੂਬ,
ਨਾ ਜੇਕਰ ਚਮਕਦੀ ਮੰਜ਼ਿਲ ਤਾਂ ਰਾਹ ਪਹਿਚਾਣ ਨਾ ਹੁੰਦਾ।
**
2.
ਉਦ੍ਹੇ ਖੰਭਾਂ ਦੇ ਉੱਤੇ ਰੰਗ ਤਾਂ ਸਨ ਤਿਤਲੀਆਂ ਵਾਂਗੂੰ।
ਜ਼ਰਾ ਕੁ ਉੱਡ ਕੇ ਝਟ ਬਣ ਗਿਆ ਉਹ ਸ਼ਿਕਰਿਆਂ ਵਾਂਗੂੰ।
ਉਹ ਜਿਹੜੇ ਰੌਸ਼ਨੀ ਵਿੱਚ ਚਮਕਦੇ ਸਨ ਸੂਰਜਾਂ ਵਾਂਗੂੰ।
ਹਨੇਰਾ ਹੁੰਦਿਆਂ ਉਹ ਵਿਚਰ ਰਹੇ ਨੇ ਕਾਲਖਾਂ ਵਾਂਗੂੰ।
ਮਚਾਨ ਉਹ ਜੋ ਬਣਾਏ ਸਨ, ਅਸਾਂ ਬਸਤੀ ਦੀ ਰਾਖੀ ਲਈ,
ਉਨ੍ਹਾਂ ’ਤੇ ਬਾਘ ਚੜ੍ਹਕੇ ਬੈਠ ਗਏ ਨੇ ‘ਰਾਖਿਆਂ’ਵਾਂਗੂੰ।
ਅਸਾਂ ਨਿੱਕੀ ਜਿਹੀ ਲਾਈ ਸੀ ਜਿਹੜੀ ਵੇਲ ਵਿਹੜੇ ਵਿਚ
ਉਹ ਜਿਉਂ ਜਿਉਂ ਵਧ ਰਹੀ ਹੈ ਖਿੜ ਰਹੀ ਹੈ ਕਹਿਕਸ਼ਾਂ ਵਾਂਗੂੰ।
ਪਿਆਸਾ ਸੀ ਤਾਂ ਅਣਖੀ ਸੀ ਮਟਕ ਦੇ ਨਾਲ ਤੁਰਦਾ ਸੀ,
ਜੋ ‘ਖੂਹ’ ’ਤੇ ਪਹੁੰਚ ਕੇ ਅੱਜ ਤੁਰ ਰਿਹਾ ਹੈ ਪਿੰਗਲਿਆਂ ਵਾਂਗੂੰ।
ਪਤੈ ਮੈਨੂੰ ਬੜਾ ਔਖਾ ਹੈ ਮੇਰੇ ਇਸ਼ਕ ਦਾ ਪੈਂਡਾ,
ਇਹ ਤਪਦੇ ਮਾਰੂਥਲ ਵਰਗੈ, ਚੜ੍ਹੇ ਹੋਏ ਝਨਾਂ ਵਾਂਗੂੰ।
ਤੂੰ ਜਿੱਦਾਂ ਦਿਸ ਰਿਹੈਂ ‘ਮੱਖਣਾ’ ਜਿਊਨੈਂ ਕਿਉਂ ਤੂੰ ਏਦਾਂ ਹੀ,
ਕਮਲਿਆ ਜੀਵਿਆ ਕਰ ਤੂੰ ਅਜੋਕੇ ਰਹਿਬਰਾਂ ਵਾਂਗੂੰ।
**
3.
ਵਿਵੇਕਾਂ ਦਾ ਜੇ ਮੇਰੇ ਜ਼ਿਹਨ ਵਿੱਚ ਘਮਸਾਣ ਨਾ ਹੁੰਦਾ।
ਮੇਰੇ ਬੋਲਾਂ ’ਚ ਹਰਗਿਜ਼ ਇੱਕ ਵੀ ਗੁਣਗਾਣ ਨਾ ਹੁੰਦਾ।
ਨਾ ਇੱਲਾਂ, ਉੱਲੂਆਂ, ਕਾਵਾਂ ਦਾ ਹੁੰਦਾ ਬਾਗ ’ਤੇ ਕਬਜ਼ਾ,
ਕਦੇ ਜੇ ਬੁਲਬੁਲਾਂ ਦਾ ਬਾਗ ਛੱਡ ਕੇ ਜਾਣ ਨਾ ਹੁੰਦਾ।
ਉਹ ਨਹਿਰਾਂ ਵਗਦੀਆਂ ਛੱਡ ਕੇ ਨਾ ਛੱਪੜ ਵੱਲ ਨੂੰ ਤੁਰਦਾ,
ਉਦ੍ਹਾ ਫਿਰ ਸਾਥ ਸਾਨੂੰ ਕਿਸ ਤਰ੍ਹਾਂ ਪਰਵਾਣ ਨਾ ਹੁੰਦਾ?
ਬਦਲਦੇ ਰਾਹ, ਮੁਖੌਟੇ, ਤਾਜ, ਤੁਰ੍ਹਲੇ ਕਲਗੀਆਂ ਤੱਕ ਕੇ,
ਬਦਲ ਜਾਂਦੇ ਅਸੀਂ ਵੀ ਤਰਕ ਦਾ ਜੇ ਬਾਣ ਨਾ ਹੁੰਦਾ।
ਜੇ ਕਿਸ਼ਤੀ ਡੋਬ ਨਾ ਦੇਂਦਾ ਸਿਆਣਾ ਆਖਦੇ ਮਾਂਝੀ,
ਸਿਆਣਾ ਆਖਦੇ ਛੱਲਾਂ ਤੋਂ ਜੇ ਅਨਜਾਣ ਨਾ ਹੁੰਦਾ।
ਘਰਾਂ ਦੇ ਸੌਣ ਕਮਰਿਆਂ ਤੱਕ ਸ਼ਿਕਾਰੀ ਜਾਲ ਵਿਛ ਚੁੱਕਿਐ,
ਇਹ ਜਕੜੀ ਜਾ ਰਿਹੈ ਇਉਂ ਸਿਰ ਕਿ ਹੁਣ ਪਹਿਚਾਣ ਨਾ ਹੁੰਦਾ।
ਤਰੰਨੁਮ ਵਿਚ ‘ਮੱਖਣਾ’ ਯੁੱਧ ਕਿਰਤੀ ਏਕਤਾ ਗਾਉਂਦੇ,
ਤਾਂ ਮੁਕਤੀ ਯੁੱਧ ਤੋਂ ਮਿਲਦੀ ਪ੍ਰਭੂ ਨਿਰਵਾਣ ਨਾ ਹੁੰਦਾ।
**
4.
ਜ਼ਿੰਦਗੀ ਦੇ ਗੀਤ ਗਾਵਾਂਗੇ ਅਸੀਂ ਵਾਅਦਾ ਰਿਹਾ।
ਬੇਬਸੀ ਤੇ ਤਿਲਮਿਲਾਵਾਂਗੇ ਅਸੀਂ ਵਾਅਦਾ ਰਿਹਾ।
ਸੁਪਨਿਆਂ ਦੀ ਉਮਰ ਚਾਹੇ ਹੋਵੇ ਪਲ ਛਿਣ ਵਾਸਤੇ,
ਫੇਰ ਵੀ ਸੁਪਨੇ ਸਜਾਵਾਂਗੇ ਅਸੀਂ ਵਾਅਦਾ ਰਿਹਾ।
ਡੁੱਬ ਰਹੇ ਸੁਰਜ ਨੂੰ ’ਵਾਜਾਂ ਨਾ ਦਿਓ ਐਵੇਂ ਜਨਾਬ!
ਕੱਲ੍ਹ ਨਵਾਂ ਸੂਰਜ ਉਗਾਵਾਂਗੇ ਅਸੀਂ ਵਾਅਦਾ ਰਿਹਾ।
ਜੇ ਡਰਾਉਣੇ ਸੁਪਨਿਆਂ ਦੀ ਇਸ ਤਰ੍ਹਾਂ ਦਸਤਕ ਰਹੀ,
ਨੀਂਦ ’ਤੇ ਪਹਿਰਾ ਬਿਠਾਵਾਂਗੇ ਅਸੀਂ ਵਾਅਦਾ ਰਿਹਾ।
ਜ਼ਿਹਨ ਵਿਚਲੇ ਦੀਪ ਨੇ ਜੋ ਬੁਝ ਰਹੇ, ਮਘਦੇ ਨਹੀਂ,
ਚੇਤਨਾ ਦਾ ਤੇਲ ਪਾਵਾਂਗੇ ਅਸੀਂ ਵਾਅਦਾ ਰਿਹਾ।
ਲਿਖ ਸਰਾਪੇ ਦਰਦ ਸਾਡੇ ਜ਼ਿੰਦਗੀ ਦੇ ਫਰਜ਼ ਲਿਖ,
ਗੀਤ ਤੇਰੇ ਗੁਣਗੁਣਾਵਾਂਗੇ ਅਸੀਂ ਵਾਅਦਾ ਰਿਹਾ।
ਸ਼ਹਿਰ ਹੈ ਨਾਗਾਂ ਦਾ ਤੂੰ ਵੀ ਵੇਖ ਕੇ ਤੁਰ ਵਰਮੀਆਂ,
ਉਂਜ ਸਪੇਰੇ ਵੀ ਬੁਲਾਵਾਂਗੇ ਅਸੀਂ ਵਾਅਦਾ ਰਿਹਾ।
*****
(320)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)