“ਮਜ਼ਦੂਰ ਚਾਹੇ ਪੰਜਾਬ ਦਾ ਹੈ, ਭਾਰਤ ਦਾ ਜਾਂ ਸੰਸਾਰ ਦਾ, ਮੁਸ਼ਕਿਲਾਂ ਦੂਰ ਕਰਨ ਦਾ ਇੱਕੋ ਹੀ ਹੱਲ ਹੈ ...”
(1 ਮਈ 2025)
ਸੰਖੇਪ ਇਤਿਹਾਸ: 1890 ਤੋਂ ਹਰ ਸਾਲ ਪਹਿਲੀ ਮਈ ਨੂੰ ਸੰਸਾਰ ਭਰ ਦੀ ਮਜ਼ਦੂਰ ਜਮਾਤ ਮਈ ਦਿਹਾੜੇ ਵਜੋਂ ਮਨਾਉਂਦੀ ਹੈ। ਇਸ ਦਿਨ ਰੈਲੀਆਂ-ਕਨਵੈਨਸ਼ਨਾਂ ਅਤੇ ਹੋਰ ਕਈ ਢੰਗਾਂ ਨਾਲ ਇਕੱਠ ਕਰਕੇ ਪਹਿਲੀ ਮਈ 1886 ਦੀ ਸ਼ਿਕਾਗੋ ਮਜ਼ਦੂਰ ਹੜਤਾਲ ਅਤੇ ਹੜਤਾਲ ਉਪਰੰਤ ਤਿੰਨ ਮਈ 1886 ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਹੇਅਮਾਰਕੀਟ ਸੁਕੇਅਰ ਵਿੱਚ ਮਜ਼ਦੂਰਾਂ ਦੀ ਪੁਰ-ਅਮਨ ਚੱਲ ਰਹੀ ਮੀਟਿੰਗ ਵਿੱਚ ਸਾਮਰਾਜੀ ਹਾਕਮਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਜੋ 6 ਮਜ਼ਦੂਰ ਸ਼ਹੀਦ ਕੀਤੇ ਅਤੇ ਫਿਰ 4 ਮਈ ਨੂੰ ਇਸ ਗੋਲੀ ਕਾਂਡ ਦੇ ਵਿਰੋਧ ਵਿੱਚ ਸ਼ਿਕਾਗੋ ਸ਼ਹਿਰ ਦੀ ਇਸ ਮੰਡੀ ਵਿੱਚ ਮਜ਼ਦੂਰਾਂ ਦੇ ਵਿਸ਼ਾਲ ਇਕੱਠ ਉੱਪਰ ਗੋਲੀ ਚਲਾ ਕੇ ਹੋਰ 4 ਮਜ਼ਦੂਰ ਸ਼ਹੀਦ ਕੀਤੇ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ।
4 ਮਈ ਦੇ ਮਜ਼ਦੂਰ ਗੋਲੀ ਕਾਂਡ ਵਿੱਚ ਪੁਲੀਸ ਵੱਲੋਂ ਆਪ ਹੀ ਬੰਬ ਸੁੱਟ ਕੇ ਇਸ ਵਿੱਚ ਪੁਲੀਸ ਦੇ ਇੱਕ ਸਰਜੈਂਟ ਦੀ ਮੌਤ ਨੂੰ ਬਹਾਨਾ ਬਣਾ ਕੇ ਜੋ ਅੰਨ੍ਹੇਵਾਹ ਤਸ਼ੱਦਦ ਕੀਤਾ ਗਿਆ, ਅਤੇ ਪਹਿਲਾਂ ਤੋਂ ਹੀ ਸੱਦੀ ਗਈ ਫ਼ੌਜ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਇਸ ਵਿਰੁੱਧ ਸਾਰੇ ਅਮਰੀਕਾ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਮਜ਼ਦੂਰਾਂ ਨੇ ਬੇਮਿਸਾਲ ਮੁਜ਼ਾਹਰੇ ਕਰਕੇ ਗੁੱਸੇ ਦਾ ਪ੍ਰਗਟਾਵਾ ਕੀਤਾ। ਸੈਂਕੜੇ ਮਜ਼ਦੂਰ ਗ੍ਰਿਫ਼ਤਾਰ ਕਰ ਲਏ ਗਏ। ਸਾਮਰਾਜੀ ਹਾਕਮਾਂ ਨੇ ਮਜ਼ਦੂਰ ਜਮਾਤ ਨੂੰ ਕੁਚਲਣ ਲਈ ਕੋਈ ਕਸਰ ਨਹੀਂ ਛੱਡੀ। ਉਹਨਾਂ ਵਿਰੁੱਧ ਅਥਾਹ ਭੰਡੀ ਪ੍ਰਚਾਰ ਵੀ ਕੀਤਾ ਗਿਆ। ਪਰ ਮਜ਼ਦੂਰ ਡਟੇ ਰਹੇ। ‘ਹੇਅਮਾਰਕੀਟ’ ਕੇਸ ਚੱਲਿਆ ਤੇ 7 ਆਗੂਆਂ ਅਲਬਰਟ ਪਾਰਸਨਜ਼, ਆਗਸਤ ਸਪਾਈਸ, ਸੈਮੂਅਲ ਫੀਲਡਜ਼, ਅਲੈਂਫਡ ਫਿਸ਼ਰ, ਜਾਰਜ਼ ਐਂਗਲ, ਮਾਈਕਲ ਸ਼ਾਅਬ, ਤੇ ਲੂਈ ਕਿੰਗ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। 8ਵੇਂ ਆਗੂ ਆਸਕਰ ਜੀਵ ਨੂੰ 15 ਸਾਲ ਕੈਦ ਦੀ ਸਜ਼ਾ ਹੋਈ। 11 ਅਗਸਤ 1887 ਨੂੰ ਫਾਂਸੀ ਦੇ ਤਖ਼ਤੇ ਵੱਲ ਵਧਦਿਆਂ ਆਗਸਤ ਸਪਾਈਸ ਦੇ ਸ਼ਬਦ ਕਿ ‘ਇੱਕ ਸਮਾਂ ਆਵੇਗਾ ਜਦੋਂ ਸਾਡੀ ਚੁੱਪ ਸਾਡੇ ਸ਼ਬਦਾਂ ਨਾਲੋਂ ਵਧੇਰੇ ਬੋਲੇਗੀ।’ 1889 ਵਿੱਚ ਪੈਰਿਸ ਵਿਖੇ ਹੋਈ ‘ਅੰਤਰਰਾਸ਼ਟਰੀ ਵਰਕਿੰਗ ਮੈਨਜਮੈਂਟ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਪਹਿਲੀ ਮਈ ਨੂੰ ਸਾਰੇ ਸੰਸਾਰ ਦੀ ਮਜ਼ਦੂਰ ਜਮਾਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰੇਗੀ ਤੇ ਤਤਕਾਲੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਉਂਤਬੰਦੀ ਕਰਿਆ ਕਰੇਗੀ।
1886 ਦੀ ਹੜਤਾਲ ਦੀਆਂ ਮੁੱਖ ਮੰਗਾਂ: ਕਾਰਖ਼ਾਨੇਦਾਰ ਮਜ਼ਦੂਰਾਂ ਤੋਂ 12 ਤੋਂ 16 ਘੰਟੇ ਤਕ ਕੰਮ ਲੈਂਦੇ ਸਨ ਤੇ ਮਜ਼ਦੂਰੀ ਇੰਨੀ ਵੀ ਨਹੀਂ ਸਨ ਦਿੰਦੇ ਕਿ ਉਹ ਰੱਜ ਕੇ ਰੋਟੀ ਖਾ ਸਕਣ, ਪਰਿਵਾਰ ਪਾਲਣਾ ਤਾਂ ਦੂਰ ਦੀ ਗੱਲ ਸੀ। ਮਜ਼ਦੂਰ ਨਰਕ ਭਰਿਆ ਜੀਵਨ ਭੋਗ ਰਹੇ ਸਨ। ਬਿਮਾਰ ਹੋਣ ’ਤੇ ਕੋਈ ਇਲਾਜ ਦਾ ਪ੍ਰਬੰਧ ਨਹੀਂ ਸੀ। ਬੱਚਿਆਂ ਨੂੰ ਸਕੂਲ ਦੀ ਥਾਂ ਕਾਰਖ਼ਾਨੇ ਭੇਜਣਾ ਪੈਂਦਾ ਸੀ। ਔਰਤਾਂ ਨੂੰ ਵੀ ਰਾਤ ਦਿਨ ਮਜ਼ਦੂਰੀ ਦੀ ਭੱਠੀ ਵਿੱਚ ਪਿਘਲਣਾ ਪੈਂਦਾ ਸੀ। ਕੋਈ ਹਫ਼ਤਾਵਰੀ ਛੁੱਟੀ ਨਹੀਂ ਸੀ। ਕਾਰਖ਼ਾਨੇਦਾਰ ਭਾਵ ਦੇਸ਼ ਦੀ ਮਾਲਕ ਸਰਮਾਏਦਾਰ ਜਮਾਤ ਮਜ਼ਦੂਰਾਂ ਦੀ ਲੁੱਟ ਦੇ ਸਿਰ ’ਤੇ ਐਸ਼ਾਂ ਕਰ ਰਹੀ ਸੀ।
19ਵੀਂ ਸਦੀ ਦੇ 8ਵੇਂ ਦਹਾਕੇ ਮਾਰਕਸੀ ਸੋਚ ਉੱਭਰ ਰਹੀ ਸੀ। ਮਜ਼ਦੂਰਾਂ ਨੂੰ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਦੀ ਸੋਝੀ ਆ ਰਹੀ ਸੀ। ਇਸ ਸੋਚ ਤਹਿਤ ਮਜ਼ਦੂਰ ਦਿਹਾੜੀ 8 ਘੰਟੇ ਕਰਨ, ਹਫ਼ਤੇ ਬਾਅਦ ਇੱਕ ਦਿਨ ਦੀ ਛੁੱਟੀ, ਢੁਕਵੀਂ ਤੇ ਘੱਟੋ-ਘੱਟ ਉਹ ਉਜਰਤ ਜਿਸ ਨਾਲ ਉਹ ਆਪਣਾ ਤੇ ਪਰਿਵਾਰ ਦਾ ਪੇਟ ਭਰ ਸਕਣ, ਕਾਰਖ਼ਾਨੇ ਨੇੜੇ ਰਿਹਾਇਸ਼, ਸਕੂਲ ਤੇ ਹਸਪਤਾਲ ਦਾ ਪ੍ਰਬੰਧ ਆਦਿ ਮੰਗਾਂ ਨੂੰ ਲੈ ਕੇ ਸੁਚੇਤ ਹੋਏ ਤੇ ਫਿਰ ਲਾਮਬੰਦ ਹੋ ਕੇ ਸੰਘਰਸ਼ਸ਼ੀਲ ਹੋਏ। ਅਖ਼ੀਰ ਵੱਡੀ ਜੱਦੋਜਹਿਦ ਬਾਅਦ ਇਹ ਮੰਗਾਂ ਪੂਰੀਆਂ ਹੋਈਆਂ। ਪ੍ਰੰਤੂ ਮਜ਼ਦੂਰ ਜਮਾਤ ਅੱਜ ਵੀ ਸਾਰੇ ਸੰਸਾਰ ਵਿੱਚ ਇਨ੍ਹਾਂ ਅਤੇ ਹੋਰ ਸਹੂਲਤਾਂ ਲਈ ਜੂਝ ਰਹੀ ਹੈ, ਜੋ ਸਹਿਜੇ-ਸਹਿਜੇ ਉਸ ਤੋਂ ਖੁੱਸ ਰਹੀਆਂ ਹਨ।
ਮਜ਼ਦੂਰ ਜਮਾਤ ਤੋਂ ਭਾਵ: ਸੰਸਾਰ ਵਿੱਚ ਸਮਾਜ ਨੂੰ ਹਕੀਕੀ ਅਤੇ ਵਿਗਿਆਨਕ ਰੂਪ ਵਿੱਚ ਸਿਰਫ਼ ਦੋ ਜਮਾਤਾਂ ਵਿੱਚ ਹੀ ਵੰਡਿਆ ਜਾ ਸਕਦਾ ਹੈ। ਇਹ ਲੇਟਵੀਂ (Horizontal) ਵੰਡ ਮਜ਼ਦੂਰ ਜਮਾਤ ਅਤੇ ਮਾਲਕ ਜਮਾਤ ਹੀ ਹੈ। ਮਾਲਕ ਹਾਕਮ ਸ਼੍ਰੇਣੀ ਦੀ ਗਿਣਤੀ ਬਹੁਤ ਘੱਟ ‘ਆਟੇ ਵਿੱਚ ਲੂਣ’ ਬਰਾਬਰ ਹੈ, ਜਦੋਂ ਕਿ ਬਾਕੀ ਸਾਰੇ ਲੋਕ ਮਜ਼ਦੂਰ ਜਮਾਤ ਵਿੱਚ ਸ਼ਾਮਲ ਹਨ। ਵਿੱਚ ਵਿਚਾਲੇ ਮੱਧ ਸ਼੍ਰੇਣੀ ਹੈ, ਜਿਸਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ। ਇਹ ਹੁੰਦੀ ਤਾਂ ਮਜ਼ਦੂਰ ਜਮਾਤ ਦਾ ਹੀ ਹਿੱਸਾ ਹੈ ਪ੍ਰੰਤੂ ਇਹ ਤ੍ਰਿਸ਼ੰਕੂ ਵਾਂਗ ਰਹਿੰਦੀ ਹੈ - ਕਦੇ ਇੱਧਰ ਕਦੇ ਉੱਧਰ।
ਮਜ਼ਦੂਰ ਸਿਰਫ਼ ਉਹ ਹੀ ਨਹੀਂ ਜੋ ਕਾਰਖ਼ਾਨੇ ਵਿੱਚ ਕੰਮ ਕਰਦਾ ਹੈ ਜਾਂ ਕਿਤੇ ਵੀ ਸਰੀਰਕ ਮਿਹਨਤ ਵੇਚਦਾ ਹੈ। ਜੋ ਅਧਿਆਪਕ ਜਾਂ ਕੋਈ ਵੀ ਮੁਲਾਜ਼ਮ ਹੈ ਤੇ ਦਿਮਾਗ਼ੀ ਮਿਹਨਤ ਵੇਚਦਾ ਹੈ, ਜਾਂ ਕਿਸਾਨ ਹੈ, ਜਾਂ ਫ਼ੌਜ-ਪੁਲੀਸ ਵਿੱਚ ਨੌਕਰੀ ਕਰਦਾ ਹੈ, ਸਭ ਮਜ਼ਦੂਰ ਸ਼੍ਰੇਣੀ ਵਿੱਚ ਹੀ ਗਿਣੇ ਜਾਂਦੇ ਹਨ।
ਇੱਥੇ ਇਹ ਸਮਝਣ ਦੀ ਸਖ਼ਤ ਲੋੜ ਹੈ ਕਿ ਰਾਜ ਕਰਦੀ (ਹਾਕਮ) ਸਰਮਾਏਦਾਰ-ਜਗੀਰਦਾਰ ਸ਼੍ਰੇਣੀ ਸਮਾਜ ਦੀ ਇਸ ਵਿਗਿਆਨਕ ਵੰਡ ਨੂੰ ਭੰਨ ਕੇ ‘ਖੜ੍ਹੇ ਰੁਖ’ (Vertical) ਵੰਡ ਕਰਦੀ ਹੈ। ਉਹ ਸਮਾਜ ਨੂੰ ਧਰਮਾਂ, ਜਾਤਾਂ, ਫਿਰਕਿਆਂ, ਕਿੱਤਿਆਂ ਜਾਂ ਭਾਸ਼ਾ-ਭੂਗੋਲਿਕ ਵੰਡਾਂ ਆਦਿ ਵਿੱਚ ਵੰਡਣ ਦਾ ਹਰ ਹੀਲੇ ਹਰ ਵਕਤ ਯਤਨ ਕਰਦੀ ਰਹਿੰਦੀ ਹੈ ਤਾਂ ਕਿ ਮਜ਼ਦੂਰ ਜਮਾਤ ਇੱਕ ਨਾ ਹੋ ਸਕੇ।
ਮਜ਼ਦੂਰ ਸਾਹਮਣੇ ਤਤਕਾਲੀ ਚੁਣੌਤੀਆਂ: ਭਾਵੇਂ ਹਰ ਦੇਸ਼ ਦੇ ਮਜ਼ਦੂਰ ਸਾਹਮਣੇ ਵੱਖ-ਵੱਖ ਚੁਣੌਤੀਆਂ ਦਰਪੇਸ਼ ਹਨ ਪ੍ਰੰਤੂ ਕੁਝ ਚੁਣੌਤੀਆਂ ਸਰਬਵਿਆਪੀ ਹਨ। ਮੁੱਖ ਚੁਣੌਤੀ ਸਮਾਜਵਾਦੀ ਪ੍ਰਬੰਧ ਨੂੰ ਵੱਡੀ ਢਾਹ ਲੱਗਣ ਤੋਂ ਬਚਾਉਣ ਦੀ ਹੈ। ਸੰਸਾਰ ਦੀ ਹਾਕਮ-ਸਾਮਰਾਜੀ ਸ਼੍ਰੇਣੀ ਨੇ ਪਹਿਲਾਂ ਲੈਨਿਨ ਵੱਲੋਂ ਮਾਰਕਸੀ ਸਿਧਾਂਤ ਅਨੁਸਾਰ ਉਸਾਰੇ ਰੂਸ ਤੋਂ ਸਾਂਝਾ ਸੋਵੀਅਤ ਸੋਸ਼ਲਿਸਟ ਗਣਰਾਜ (ਯੂ.ਐੱਸ.ਐੱਸ.ਆਰ.) ਨੂੰ ਅੰਦਰੋਂ ਤੇ ਬਾਹਰੋਂ ਢਾਹ ਲਾ ਕੇ ਉਸ ਨੂੰ ਖ਼ਤਮ ਕਰਕੇ ਮੁੜ ਸਰਮਾਏਦਾਰੀ ਪ੍ਰਬੰਧ ਸਥਾਪਤ ਕੀਤਾ। ਨਾਲ ਹੀ ਇੱਕ-ਤਿਹਾਈ ਯੂਰਪੀ ਦੇਸ਼ ਵੀ ਉਸੇ ਲੀਹੇ ਪਾਏ। ਸਿੱਟੇ ਵਜੋਂ ਸੰਸਾਰ ਇੱਕ ਧਰੁਵੀ ਬਣ ਗਿਆ ਤੇ ਸਾਮਰਾਜੀ ਅਮਰੀਕਾ ਇਸਦਾ ਅਲੰਬਰਦਾਰ। ਉਹ ਸਮਾਜਵਾਦੀ ਵਿਚਾਰਧਾਰਾ ’ਤੇ ਚੱਲਦੇ ਚੀਨ, ਕਿਊਬਾ, ਵੀਅਤਨਾਮ, ਉੱਤਰੀ ਕੋਰੀਆ ਆਦਿ ਦੇਸ਼ਾਂ ਨੂੰ ਵੀ ਬਦਨਾਮ ਕਰ ਰਿਹਾ ਹੈ। ਇਹ ਚੁਣੌਤੀ ਮਜ਼ਦੂਰ ਜਮਾਤ ਸਾਹਮਣੇ ਹੈ ਕਿ ਅਗਰ ਸਮਾਜਵਾਦੀ ਸੋਚ ਨੂੰ ਢਾਹ ਲਗਦੀ ਹੈ ਤਾਂ ਸਮਾਜਵਾਦੀ ਢਾਂਚੇ ਤੋਂ ਡਰ ਕੇ ਜੋ ਸਾਮਰਾਜੀ-ਸਰਮਾਏਦਾਰੀ ਦੇਸ਼ਾਂ ਨੇ ਮੁਫ਼ਤ ਅਤੇ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ, ਸਸਤੀ ਰਿਹਾਇਸ਼, ਯੋਗਤਾ ਵਧਾਉਣ ਅਤੇ ਯੋਗਤਾ ਮੁਤਾਬਕ ਕੰਮ ਦੀ ਤੇ ਚੰਗੇ ਵੇਤਨ ਦੀ ਗਰੰਟੀ, ਸਮਾਜਕ ਬਰਾਬਰਤਾ, ਅਮੀਰੀ-ਗ਼ਰੀਬੀ ਵਿਚਲਾ ਅੰਤਰ ਘਟਾਉਣ, ਧਾਰਮਕ ਆਜ਼ਾਦੀ ਮਾਣਨ ਦੀਆਂ ਥੋੜ੍ਹੀਆਂ-ਬਹੁਤੀਆਂ ਜੋ ਗਰੰਟੀਆਂ ਕੀਤੀਆਂ ਗਈਆਂ ਸਨ, ਉਹ ਸਭ ਸਹਿਜੇ-ਸਹਿਜੇ ਖੁੱਸ ਰਹੀਆਂ ਹਨ। ਅੱਜ ਜੋ ਅਮਰੀਕਾ ਦੀ ਹਾਲਤ ਹੈ, ਉਹ ਕੰਗਾਲੀ ਦੇ ਕੰਢੇ ’ਤੇ ਖੜ੍ਹਾ ਹੈ ਤੇ ਉੱਥੋਂ ਦਾ ਰਾਸ਼ਟਰਪਤੀ ਡੌਨਲਡ ਟਰੰਪ ਜਿਵੇਂ ਉਸ ਨੂੰ ਬਚਾਉਣ ਲਈ ਸਾਰੀਆਂ ਮਾਨਵੀ ਕਦਰਾਂ-ਕੀਮਤਾਂ ਤਬਾਹ ਕਰੀ ਜਾ ਰਿਹਾ ਹੈ, ਉਹ ਸਭ ਦੇ ਸਾਹਮਣੇ ਹੈ। ਅਮਰੀਕਾ ਦੀ ਭਾਈਵਾਲੀ ਨਾਲ ਜਿਸ ਤਰ੍ਹਾਂ ਇਜ਼ਰਾਈਲ ਫ਼ਲਸਤੀਨ ’ਤੇ ਜ਼ੁਲਮ ਢਾਹ ਰਿਹਾ ਹੈ, ਉਸ ਨੂੰ ਬਸਤੀ ਬਣਾ ਰਿਹਾ ਹੈ ਤੇ ਇਸੇ ਤਰ੍ਹਾਂ ਸੰਸਾਰ ਭਰ ਵਿੱਚ ਬਸਤੀਵਾਦੀ ਦੌਰ ਫਿਰ ਉਭਾਰ ’ਤੇ ਹੈ, ਉਸ ਨੂੰ ਠੱਲ੍ਹ ਪਾਉਣ ਦੀ ਲੋੜ ਹੈ, ਜੋ ਸਮੁੱਚੀ ਮਜ਼ਦੂਰ ਜਮਾਤ ਇੱਕਮੁੱਠ ਹੋ ਕੇ ਸ਼ਿਕਾਗੋ ਦੇ ਪਹਿਲੀ ਮਈ ਵਰਗੇ ਘੋਲ ਉਸਾਰਕੇ ਹੀ ਸੰਭਵ ਹੈ।
ਭਾਰਤੀ ਮਜ਼ਦੂਰ ਸਾਹਮਣੇ ਚੁਣੌਤੀਆਂ: ਇਸ ਵਕਤ ਦੇਸ਼ ਵਿੱਚ ਕੱਟੜ ਹਿੰਦੂਤਵੀ ਸੋਚ ਨੂੰ ਪਰਨਾਈ ਆਰ.ਐੱਸ.ਐੱਸ. ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਰਾਜ ਕਰ ਰਹੀ ਹੈ। ਉਹ ਬਹੁਤ ਤੇਜ਼ੀ ਨਾਲ ਸਾਰੇ ਜਨਤਕ ਅਦਾਰਿਆਂ ਦਾ ਭੋਗ ਪਾ ਕੇ ਉਹਨਾਂ ਨੂੰ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ। ਨਿੱਜੀਕਰਨ ਦਾ ਕੁਹਾੜਾ ਰਾਤ ਦਿਨ ਚੱਲ ਰਿਹਾ ਹੈ। ਜਲ-ਜੰਗਲ-ਜ਼ਮੀਨ-ਹਵਾ ਸਭ ਕੁਝ ਵੇਚ ਦਿੱਤਾ ਹੈ। ਮਜ਼ਦੂਰ ਜਮਾਤ ਨੂੰ ਹੱਥਲ਼ ਕਰ ਦਿੱਤਾ ਹੈ। ਵਿੱਦਿਆ ਗ਼ਰੀਬ ਦੀ ਪਹੁੰਚ ਤੋਂ ਬਾਹਰ ਹੈ। ਉਸਦਾ ਮੁਕੰਮਲ ਵਪਾਰੀਕਰਨ ਹੋ ਚੁੱਕਾ ਹੈ। ਇਹੋ ਹਾਲਤ ਸਿਹਤ ਢਾਂਚੇ ਦੀ ਹੈ। ਮਨੁੱਖ ਦੀਆਂ ਬੁਨਿਆਦੀ ਸਹੂਲਤਾਂ- ਰੋਟੀ, ਕੱਪੜਾ, ਮਕਾਨ, ਸਾਫ਼ ਪਾਣੀ, ਸਿੱਖਿਆ, ਸਿਹਤ, ਬਿਜਲੀ, ਸ਼ੁੱਧ ਵਾਤਾਵਰਣ ਸਭ ਕੁਝ ਦੀ ਗਰੰਟੀ ਕਰਨ ਦੀ ਥਾਂ ਉਸ ਨੂੰ ਮਹਿੰਗੇ ਭਾਅ ਖ਼ਰੀਦਣਾ ਪੈ ਰਿਹਾ ਹੈ। ਗ਼ਰੀਬ ਹੋਰ ਗ਼ਰੀਬ ਹੋ ਰਹਾ ਹੈ। 5% ਅਮੀਰਾਂ ਕੋਲ ਦੇਸ਼ ਦੀ 50% ਜਾਇਦਾਦ ਹੈ ਅਤੇ ਹੇਠਲੇ 50% ਕੋਲ ਸਿਰਫ਼ 3%, ਉੱਪਰਲੇ 10% ਅਮੀਰਾਂ ਕੋਲ ਦੇਸ਼ ਦੀ ਲਗਭਗ 90% ਜਾਇਦਾਦ ਹੈ। ਗ਼ਰੀਬੀ-ਅਮੀਰੀ ਦੇ ਨਿਰੰਤਰ ਵਧ ਰਹੇ ਪਾੜੇ ਵਿਰੁੱਧ ਮਜ਼ਦੂਰ ਜਮਾਤ ਨੂੰ ਹੀ ਜੂਝਣਾ ਹੋਵੇਗਾ।
ਭਾਰਤ ਦੀ ਬੀਜੇਪੀ ਮੋਦੀ-ਸ਼ਾਹ ਸਰਕਾਰ ਮਜ਼ਦੂਰ ਨੂੰ ਇੱਕਮੁੱਠ ਹੋਣ ਤੋਂ ਡਰਾਉਣ ਲਈ ਹਜ਼ਾਰਾਂ ਹਰਬੇ ਵਰਤ ਰਹੀ ਹੈ। ਉਹ ਫਾਸ਼ੀਵਾਦ ਦਾ ਸਹਾਰਾ ਲੈ ਰਹੀ ਹੈ। ਸਾਰੇ ਘੱਟ ਗਿਣਤੀ ਧਰਮਾਂ, ਖ਼ਾਸ ਕਰਕੇ ਮੁਸਲਮਾਨਾਂ ਵਿਰੁੱਧ ਰਾਤ ਦਿਨ ਜ਼ਹਿਰ ਉਗਲਦਿਆਂ ਉਸ ਨੂੰ ਮੁੱਖ ਦੁਸ਼ਮਣ ਗਰਦਾਨ ਰਹੀ ਹੈ। ਮਜ਼ਦੂਰ ਜਮਾਤ ਦਾ ਧਿਆਨ ਗ਼ਰੀਬੀ, ਮਹਿੰਗਾਈ, ਬੇਰੋਜ਼ਗਾਰੀ, ਸਮਾਜਕ ਸੁਰੱਖਿਆ, ਧਾਰਮਕ ਆਜ਼ਾਦੀ, ਸਮਾਜਕ ਨਿਆਂ, ਵਰਗੇ ਮਸਲਿਆਂ ਤੋਂ ਹਟਾ ਕੇ ਉਹਨਾਂ ਨੂੰ ਭਰਾ ਮਾਰੂ ਜੰਗ ਅਤੇ ਜਾਤੀ ਅਤੇ ਧਾਰਮਕ ਬਖੇੜਿਆਂ ਵੱਲ ਧੱਕਿਆ ਜਾ ਰਿਹਾ ਹੈ। ਉਹ ਹਰ ਹੀਲਾ ਵਰਤ ਰਹੀ ਹੈ ਕਿ ਭਾਰਤ ਦੀ ਮਜ਼ਦੂਰ ਜਮਾਤ ਇੱਕਮੁੱਠ ਨਾ ਹੋ ਸਕੇ। ਜੋ ਵੀ ਕੋਈ ਮੋਦੀ ਹਕੂਮਤ ਦੀ ਇਸ ਚਾਲ ਦਾ ਵਿਰੋਧ ਕਰ ਰਿਹਾ ਹੈ ਅਤੇ ਮਜ਼ਦੂਰ ਜਮਾਤ ਨੂੰ ਧਰਮਾਂ-ਜਾਤਾਂ-ਫਿਰਕਿਆਂ ਤੋਂ ਉੱਪਰ ਉੱਠ ਕੇ ਇੱਕਮੁੱਠ ਹੋਣ ਲਈ ਸੁਚੇਤ ਕਰਦਾ ਹੈ, ਉਸ ਨੂੰ ‘ਸ਼ਹਿਰੀ ਨਕਸਲੀ’ ਕਹਿ ਕੇ ਜੇਲ੍ਹੀਂ ਸੁੱਟਿਆ ਜਾ ਰਿਹਾ ਹੈ। ਪੁਲੀਸ ਸਬੰਧੀ ਕਾਨੂੰਨਾਂ ਨੂੰ ਬਦਲ ਕੇ ਫਾਸ਼ੀ ਰੂਪ ਦੇ ਦਿੱਤਾ ਹੈ। ਸੰਵਿਧਾਨ ਨੂੰ ਛਿੱਕੇ ’ਤੇ ਟੰਗਿਆ ਹੁੰਦਾ ਤਾਂ ਕਦੇ ਝਾਤ ਪੈ ਜਾਂਦੀ ਪਰ ਉਸ ਨੂੰ ਤਖ਼ਤਾਂ ਦੇ ਪਾਵਿਆਂ ਹੇਠ ਨੱਪ ਦਿੱਤਾ ਹੈ। ਸਾਰੇ ਸੰਵਿਧਾਨਕ ਅਦਾਰੇ, ਜੋ 1914 ਤੋਂ ਪਹਿਲਾਂ ਕੁਝ ਨਾ ਕੁਝ ਸੁਤੰਤਰ ਸਨ, ਸਭ ਗ਼ੁਲਾਮ ਬਣਾ ਲਏ ਹਨ। ਚੋਣ ਕਮਿਸ਼ਨ, ਸੀ.ਬੀ.ਆਈ., ਈ.ਡੀ., ਆਰ.ਬੀ.ਆਈ., ਐੱਨ.ਆਈ.ਏ., ਆਈ.ਟੀ. ਵਗੈਰਾ ਸਭ ਦੀ ਖ਼ੁਦਮੁਖਤਿਆਰੀ ਖ਼ਤਮ ਕਰ ਦਿੱਤੀ ਹੈ।
ਮਜ਼ਦੂਰਾਂ ਵੱਲੋਂ ਲਹੂ-ਵੀਟਵੀਆਂ ਲੜਾਈਆਂ ਲੜ ਕੇ ਜੋ 44 ਕਾਨੂੰਨ ਬਣਵਾਏ ਸਨ, ਸਭ ਖ਼ਤਮ ਕਰਕੇ 4 ਸਿਵਲ ਕੋਡ ਬਣਾ ਦਿੱਤੇ ਹਨ। ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤੀ ਹੈ। ਸਿਹਤ, ਸਿੱਖਿਆ, ਖੇਤੀ ਅਤੇ ਹੋਰ ਸੂਬਾਈ ਵਿਭਾਗ ਸਾਂਝੀ ਸੂਚੀ ਵਿੱਚ ਪਾ ਕੇ ਤਾਨਾਸ਼ਾਹੀ ਹੁਕਮ ਨਾਫਿਜ਼ ਕੀਤੇ ਜਾ ਰਹੇ ਹਨ। ‘ਲੋਕਰਾਜ’ ਸਿਰਫ਼ ਵੋਟਾਂ ਪਾਉਣ ਤਕ ਮਹਿਦੂਦ ਕਰ ਦਿੱਤਾ ਹੈ। ਸਾਰੀਆਂ ਲੋਕਰਾਜੀ ਕਦਰਾਂ ਤਬਾਹ ਕਰ ਦਿੱਤੀਆਂ ਹਨ। ਮਜ਼ਦੂਰ ਨੂੰ 1957 ਦੇ ਘੱਟੋ-ਘੱਟ ਜਿਊਣ ਯੋਗ ਉਜਰਤ ਦੇਣ ਦੇ ਤੈਅ ਕੀਤੇ ਫਾਰਮੂਲੇ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਰੁਜ਼ਗਾਰ ਮਿਲਦਾ ਨਹੀਂ, ਜੇ ਮਿਲਦਾ ਹੈ ਤਾਂ ਬਹੁਤ ਹੀ ਨਿਗੂਣੀ ਤਨਖ਼ਾਹ ਹੈ। ਠੇਕੇ ’ਤੇ ਭਰਤੀ। ਮਜ਼ਦੂਰਾਂ, ਮੁਲਾਜ਼ਮਾਂ ਤੋਂ 1.1.2004 ਤੋਂ ਮਿਲਦੀ ਪੈਨਸ਼ਨ ਸਹੂਲਤ ਖੋਹ ਲਈ ਹੈ। ਖੇਤੀ ਸੰਕਟ ਹੱਲ ਕਰਨ ਦੀ ਥਾਂ ਖੇਤੀ ਉੱਪਰ ਕਾਰਪੋਰੇਟ ਦਾ ਕਬਜ਼ਾ ਕਰਾਇਆ ਜਾ ਰਿਹਾ ਹੈ। ਰਾਜਾਂ ਦੇ ਅਧਿਕਾਰ ਖੋਹ ਲਏ ਹਨ ਤੇ ਫੈਡਰਲ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਮੀਡੀਆ ਮੋਦੀ ਦੀ ਗੋਦੀ ਵਿੱਚ ਜਾ ਬੈਠਾ ਹੈ। ਇੱਕ ਦੇਸ਼, ਇੱਕ ਵਾਰ ਚੋਣ, ਇੱਕ ਧਰਮ, ਇੱਕ ਭਾਸ਼ਾ, ਇੱਕੋ ਸਿੱਖਿਆ ਨੀਤੀ, ਇੱਕੋ ਪਾਰਟੀ ਵੱਲ ਸੇਧਤ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਰਾਜਨੀਤਕ ਆਗੂ ਗਿਰਗਟ ਨਾਲੋਂ ਤੇਜ਼ੀ ਨਾਲ ਰੰਗ ਬਦਲਦੇ ਹਨ। ਨਵੀਂ ਸਿੱਖਿਆ ਨੀਤੀ ਰਾਹੀਂ ਗ਼ਰੀਬਾਂ ਤੋਂ ਸਿੱਖਿਆ ਮੁਕੰਮਲ ਤੌਰ ’ਤੇ ਖੁੱਸ ਜਾਵੇਗੀ। ਦੇਸ ਵਿੱਚ ਤੇਜ਼ੀ ਨਾਲ ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ ਹੈ। ਮੁਸ਼ਕਿਲਾਂ ਨੂੰ ਪਿਛਲੇ ਕਰਮਾਂ ਦਾ ਫ਼ਲ ਦੱਸਿਆ ਜਾ ਰਿਹਾ ਹੈ। ਜੇ ਭਾਰਤ ਦੀ ਮਜ਼ਦੂਰ ਜਮਾਤ ਇੱਕਮੁੱਠ ਹੋ ਕੇ ਲਹੂ-ਵੀਟਵੇਂ ਸੰਘਰਸ਼ ਨਹੀਂ ਕਰੇਗੀ ਤਾਂ ਦੇਸ਼ ਦੀ ਮਜ਼ਦੂਰ ਜਮਾਤ ਫਿਰ ਤੋਂ ਗ਼ੁਲਾਮ ਹੋ ਜਾਵੇਗੀ।
ਪੰਜਾਬ ਦਾ ਮਜ਼ਦੂਰ ਵਰਗ: ਪੰਜਾਬ ਦੀ ਮਜ਼ਦੂਰ ਜਮਾਤ ਲਈ ਵੀ ਉਹੀ ਚੁਣੌਤੀਆਂ ਹਨ ਜੋ ਦੇਸ਼ ਸਾਹਮਣੇ ਹਨ। ਪੰਜਾਬ ਦੇ ਮਜ਼ਦੂਰ, ਮੁਲਾਜ਼ਮ, ਕਿਸਾਨ ਜੋ ਅਸਲ ਵਿੱਚ ਸਿਰਫ਼ ਮਜ਼ਦੂਰ ਜਮਾਤ ਦਾ ਹੀ ਹਿੱਸਾ ਹਨ, ਉਸਨੇ ਜੋ ਅਦਲ-ਬਦਲ ਕੇ ਇਸ ਵਾਰ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਉਸ ਮਾਨ ਸਰਕਾਰ ਨੇ ਲੋਕ-ਆਸਾਂ ’ਤੇ ਮੁਕੰਮਲ ਪਾਣੀ ਫੈਰ ਦਿੱਤਾ ਹੈ। ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਕੇਂਦਰ ਤੋਂ ਡੀ-ਲਿੰਕ ਕਰ ਦਿੱਤਾ ਹੈ। ਡੀ.ਏ. ਕਿਸ਼ਤਾਂ, 2016 ਪੇ ਕਮਿਸ਼ਨ ਦਾ ਬਕਾਇਆ। ਨੌਕਰੀਆਂ ਨਹੀਂ ਮਿਲਦੀਆਂ। ਖ਼ਾਲੀ ਪੋਸਟਾਂ ਭਰੀਆਂ ਨਹੀਂ ਜਾ ਰਹੀਆਂ ਜਾਂ ਠੇਕੇ ’ਤੇ ਬਹੁਤ ਹੀ ਨਿਗੂਣੀ ਤਨਖ਼ਾਹ ’ਤੇ। ਕੱਚਿਆਂ ਨੂੰ ਪੱਕੇ ਕਰਨ ਦਾ ਧੋਖਾ ਕੀਤਾ ਜਾ ਰਿਹਾ ਹੈ। 2004 ਤੋਂ ਮਿਲਦੀ ਪਹਿਲੀ ਪੈਨਸ਼ਨ ਦਾ ਲਿਖਤੀ ਵਾਅਦਾ ਕਰਕੇ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ। ਮਿੱਡ-ਡੇ-ਮੀਲ, ਆਂਗਨਵਾੜੀ, ਆਸ਼ਾ ਵਰਕਰ ਆਦਿ ਔਰਤਾਂ ਨੂੰ ਇੰਨਾ ਘੱਟ ‘ਮਾਣ ਭੱਤਾ’ ਦਿੱਤਾ ਜਾ ਰਿਹਾ ਹੈ, ਜਿਸ ਨੂੰ ਸੁਣ ਕੇ ਹੀ ਸ਼ਰਮ ਆਉਂਦੀ ਹੈ। ‘ਸਿੱਖਿਆ ਕ੍ਰਾਂਤੀ’ ਦਾ ਪਖੰਡ ਲੋਕਾਂ ਦੇ ਸਾਹਮਣੇ ਹੈ। ਅਸੁਰੱਖਿਅਤਾ ਹੈ। ਨਸ਼ਿਆਂ ਦਾ ਬੋਲਬਾਲਾ ਹੈ। ਰਿਸ਼ਵਤਖੋਰੀ ਚਰਮਸੀਮਾ ’ਤੇ ਹੈ। ਮਜ਼ਦੂਰ ਜਮਾਤ ਨੂੰ ਸਮਝਣਾ ਚਾਹੀਦਾ ਹੈ ਕਿ ਸਿਰਫ਼ ਵੋਟਾਂ ਹੀ ਨਹੀਂ, ਸੰਘਰਸ਼ ਵੀ ਜ਼ਰੂਰੀ ਹੈ। ਹੱਕ ਮੰਗਦੇ ਵੱਖ-ਵੱਖ ਕਿਰਤੀ ਵਰਗ ਦੇ ਲੋਕਾਂ ਨੂੰ ਖ਼ੂਬ ਡਾਂਗ ਫੇਰੀ ਜਾ ਰਹੀ ਹੈ। ਸਭ ਲਈ ਸੋਚਣ ਦੀ ਘੜੀ ਹੈ। ਹੱਲ ਕੀ ਹੈ? ‘ਸਾਡੇ ਦੁੱਖਾਂ’ ਦਾ ਕੀ ਹੈ ਪ੍ਰਬੰਧ - ਜਥੇਬੰਦ ਹੋ ਜਥੇਬੰਦ। ਮਜ਼ਦੂਰ ਚਾਹੇ ਪੰਜਾਬ ਦਾ ਹੈ, ਭਾਰਤ ਦਾ ਜਾਂ ਸੰਸਾਰ ਦਾ, ਮੁਸ਼ਕਿਲਾਂ ਦੂਰ ਕਰਨ ਦਾ ਇੱਕੋ ਹੀ ਹੱਲ ਹੈ: ‘ਪੜ੍ਹੋ-ਜੁੜੋ-ਲੜੋ।’
ਮਜ਼ਦੂਰ ਜਮਾਤ ਕੋਲ ਸ਼ਿਕਾਗੋ ਦੇ ਸ਼ਹੀਦਾਂ ਨੂੰ ਮਈ ਦਿਹਾੜੇ ’ਤੇ ਯਾਦ ਕਰਨ ਦਾ ਇੱਕੋ ਅਹਿਦ ਹੈ ਕਿ ਉਹਨਾਂ ਵਾਂਗ ਧਰਮਾਂ-ਜਾਤਾਂ ਤੋਂ ਉੱਪਰ ਉੱਠ ਕੇ ਆਪਣਾ ਮੂਲ ਪਛਾਣ ਕੇ ਨਿਰੰਤਰ ਸੰਘਰਸ਼ ਕੀਤਾ ਜਾਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)