“ਪਰਵਾਸ ਜਦੋਂ ਜੀਵਨ ਸੌਖੇਰਾ ਬਣਾਉਣ ਲਈ ਹੁੰਦਾ ਹੈ, ਤਦ ਗੱਲ ਹੋਰ ਹੁੰਦੀ ਹੈ। ਭਾਰਤੀ ...”
(10 ਨਵੰਬਰ 2025)
ਪਰਵਾਸ ਦਾ ਮਸਲਾ ਬਹੁਤ ਪੁਰਾਣਾ ਹੈ। ਜਦੋਂ ਦਾ ਮਨੁੱਖ ਇਸ ਧਰਤੀ ’ਤੇ ਆਇਆ ਹੈ, ਕੁੱਲੀ, ਗੁੱਲੀ, ਜੁੱਲੀ ਦੇ ਮਸਲੇ ਹੱਲ ਕਰਨ ਲਈ ਇੱਧਰ-ਉੱਧਰ ਘੁੰਮਦਾ ਰਿਹਾ ਹੈ। ਜਿੱਥੇ ਵੀ ਉਸਦੇ ਖੁਰਾਕ ਅਤੇ ਰਹਿਣ ਦਾ ਮਸਲਾ ਪਹਿਲਾਂ ਤੋਂ ਸੌਖੇਰਾ ਮਿਲਦਾ ਸੀ, ਉਹ ਧਰਤੀ ਦੇ ਉਸੇ ਖਿੱਤੇ ਵੱਲ ਪਰਵਾਸ ਕਰਦਾ ਰਿਹਾ। ਆਦਿ ਕਾਲੀ ਜੰਗਲੀ ਮਨੁੱਖੀ ਜੀਵਨ ਤੋਂ ਅੱਜ ਦੇ ਆਧੁਨਿਕ ਯੁਗ ਵਿੱਚ ਵੀ ਇਹ ਸਿਲਸਿਲਾ ਜਾਰੀ ਹੈ। ਪਰਵਾਸ ਦੀ ਹਮੇਸ਼ਾ ਹੀ ਇਹ ਸਿਫਤ ਰਹੀ ਹੈ ਕਿ ਜਿੱਥੇ ਵੀ ਮਨੁੱਖ ਨਵੀਂ ਥਾਂ ’ਤੇ ਪਰਵਾਸ ਕਰਦਾ ਹੈ, ਉਸ ਧਰਤੀ ਨੂੰ ਆਪਣੀ ਸਮਝਦਾ ਹੈ ਤੇ ਸਖ਼ਤ ਮਿਹਨਤ ਕਰਦਾ ਹੈ। ਪਰਿਵਾਰ ਪਾਲਣ ਤੇ ਸੁਖੀ ਜੀਵਨ ਬਿਤਾਉਣ ਲਈ ਉਹ ਹਰ ਚਾਰਾ ਕਰਦਾ ਆਇਆ ਹੈ। ਜਿਸ ਵੀ ਧਰਤੀ ’ਤੇ ਮਨੁੱਖ ਗਿਆ, ਉਸਦੀ ਸੱਭਿਅਤਾ ਅਅ ਤੇ ਭਾਸ਼ਾ ਨੂੰ ਪ੍ਰਭਾਵਤ ਵੀ ਕੀਤਾ ਅਤੇ ਆਪ ਵੀ ਪ੍ਰਭਾਵਤ ਹੋਇਆ।
ਨੁਕਸਾਨ ਹੋਣਾ ਉਸ ਸਮੇਂ ਅਰੰਭ ਹੋਇਆ ਜਦੋਂ ਮਨੁੱਖ ਬੱਝਵੀਂ ਸ਼ਕਤੀ ਨਾਲ ਧਾੜਵੀ ਬਣਕੇ ਦੂਜੇ ਖਿੱਤੇ ਵਿੱਚ ਗਿਆ ਅਤੇ ਉੱਥੋਂ ਦੇ ਮੂਲ ਨਿਵਾਸੀਆਂ ਨੂੰ ਆਪਣੇ ਅਧੀਨ ਕਰ ਲਿਆ। ਜੰਗਾਂ-ਯੁੱਧਾਂ ਦੇ ਅਖਾੜੇ ਬਣੇ। ਧਾੜਵੀ ਜਿੱਥੇ ਤਕੜੇ ਸਨ, ਤਦ ਉਹਨਾਂ ਮੂਲ ਨਿਵਾਸੀਆਂ ਨੂੰ ਗ਼ੁਲਾਮ ਵੀ ਬਣਾਇਆ। ਭਾਰਤ ਵਿੱਚ ਆਏ ਆਰੀਆਂ ਦਾ ਇਤਿਹਾਸ, ਬਰਤਾਨੀਆਂ ਅਤੇ ਹੋਰ ਅਮੀਰ, ਤਕੜੇ, ਯੁੱਧਾਂ ਵਿੱਚ ਨਿਪੁੰਨ ਅਤੇ ਨਵੀਨਤਮ ਹਥਿਆਰਾਂ ਨਾਲ ਲੈਸ ਇਨ੍ਹਾਂ ਧਾੜਵੀਆਂ ਨੇ ਮੂਲ ਨਿਵਾਸੀਆਂ ਦਾ ਨੁਕਸਾਨ ਵੀ ਕੀਤਾ, ਉਹਨਾਂ ਉੱਤੇ ਜਿੱਤਾਂ ਵੀ ਹਾਸਲ ਕੀਤੀਆਂ, ਉਹਨਾਂ ਤੋਂ ਹਾਰੇ ਵੀ ਅਤੇ ਉਹਨਾਂ ਨਾਲ ਸਮਝੌਤੇ ਵੀ ਕੀਤੇ। ਉਹਨਾਂ ਨਾਲ ਨਵੀਂ ਤਕਨੀਕ ਅਤੇ ਭਾਸ਼ਾ-ਸੱਭਿਆਚਾਰ ਦੇ ਅਦਾਨ-ਪ੍ਰਦਾਨ ਨਾਲ ਵਿਕਾਸ ਵੀ ਹੋਇਆ। ਧਾੜਵੀ ਲੋਕਾਂ ਨੇ ਕਿਸੇ ਵੀ ਦੇਸ਼ ਦੇ ਜਦੋਂ ਰਾਜ ਪ੍ਰਬੰਧ ’ਤੇ ਲੁੱਟ ਦੀ ਨੀਅਤ ਨਾਲ ਅਤੇ ਉਸ ਦੇਸ਼ ਨੂੰ ਬਸਤੀ ਬਣਾਉਣ, ਆਪਣੇ ਸਾਧਨਾਂ ਨੂੰ, ਆਪਣੇ ਮੂਲ ਦੇਸ਼ ਨੂੰ ਖ਼ੁਸ਼ਹਾਲ ਕਰਨ ਲਈ ਵਰਤਿਆ, ਉਹ ਹਮੇਸ਼ਾ ਹਾਰੇ ਹਨ। ਬਰਤਾਨਵੀ ਧਾੜਵੀਆਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਜਿੱਥੇ ਉਹਨਾਂ ਦੇ ਦੇਸ਼ ਵਿੱਚ ਸੂਰਜ ਨਹੀਂ ਸੀ ਡੁੱਬਦਾ, ਉਹ ਹੁਣ ਆਪ ਸੰਕਟ ਵਿੱਚ ਫਸਿਆ ਯੂਰਪੀ ਸੰਘ ਨੂੰ ਕਦੇ ਅਪਣਾਉਂਦਾ ਅਤੇ ਕਦੇ ਛੱਡਦਾ ਹੈ। ਹੁਣ ਕਿਸੇ ਦੇਸ਼ ਵੱਲੋਂ ਜ਼ੋਰ ਜਬਰ ਨਾਲ ਗ਼ੁਲਾਮ ਬਣਾਉਣਾ ਸੰਭਵ ਨਹੀਂ ਹੈ।
ਪਰਵਾਸ ਜਦੋਂ ਜੀਵਨ ਸੌਖੇਰਾ ਬਣਾਉਣ ਲਈ ਹੁੰਦਾ ਹੈ, ਤਦ ਗੱਲ ਹੋਰ ਹੁੰਦੀ ਹੈ। ਭਾਰਤੀ, ਖ਼ਾਸ ਕਰਕੇ ਪੰਜਾਬੀ ਲੋਕ ਅਮਰੀਕਾ, ਕਨੇਡਾ, ਬਰਤਾਨੀਆਂ, ਆਸਟਰੇਲੀਆ ਅਤੇ ਯੂਰਪੀ ਅਮੀਰ ਦੇਸ਼ਾਂ ਵਿੱਚ ਗਏ। ਉਹਨਾਂ ਸਖ਼ਤ ਮਿਹਨਤ ਕਰਕੇ ਉਸ ਦੇਸ਼ ਨੂੰ ਖ਼ੁਸ਼ਹਾਲ ਵੀ ਕੀਤਾ ਅਤੇ ਆਪ ਵੀ ਖ਼ੁਸ਼ਹਾਲ ਹੋਏ। ਉਸ ਦੇਸ਼ ਦੇ ਵੱਡੇ ਸੱਭਿਆਚਾਰ ਵਿੱਚ ਰਚ-ਮਿਚ ਵੀ ਗਏ। ਅੱਜ ਪੰਜਾਬੀਆਂ ਨੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਜਿੱਥੇ ਵੱਖਰੀ ਪਛਾਣ ਬਣਾਈ ਹੈ, ਉੱਥੇ ਸਖ਼ਤ ਮਿਹਨਤ ਨਾਲ ਉਹਨਾਂ ਦਾ ਦਿਲ ਵੀ ਜਿੱਤਿਆ ਹੈ ਤੇ ਰਾਜਨੀਤੀ ਵਿੱਚ ਹਿੱਸਾ ਲੈ ਕੇ ਉੱਚੇ ਅਹੁਦਿਆਂ ਉੱਤੇ ਵੀ ਪੁੱਜੇ ਹਨ। ਇੰਝ ਹੋਣਾ ਹੀ ਹੁੰਦਾ ਹੈ। ਪਰਵਾਸ ਕੁਦਰਤ ਦਾ ਅਟੱਲ ਨਿਯਮ ਹੈ, ਇਸਨੂੰ ਕੋਈ ਨਹੀਂ ਰੋਕ ਸਕਦਾ।
ਇਸੇ ਵਰਤਾਰੇ ਤਹਿਤ ਹੀ ਕਰੋੜਾਂ ਭਾਰਤੀ ਪਰਵਾਸੀ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਉਹ ਪਿੱਛੇ ਰਹਿੰਦੇ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਨਾਲ ਸੰਪਰਕ ਰੱਖ ਕੇ ਆਪਣੀ ਖ਼ੁਸ਼ਹਾਲੀ ਉਹਨਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ। ਜੇ ਅਵਿਕਸਤ ਦੇਸ਼ਾਂ ਵਿੱਚੋਂ ਇਹ ਪਰਵਾਸੀ ਉਹਨਾਂ ਦੇਸ਼ਾਂ ਵਿੱਚ ਨਾ ਜਾਂਦੇ ਤਦ ਉਹ ਮਨੁੱਖੀ ਸ਼ਕਤੀ (ਮੈਨ ਪਾਵਰ) ਦੀ ਕਮੀ ਨਾਲ ਹੀ ਜੂਝਦੇ ਰਹਿੰਦੇ ਤੇ ਕਦੇ ਵੀ ਇੰਨੇ ਅਮੀਰ ਨਾ ਬਣਦੇ ਜਿੰਨੇ ਹੁਣ ਹਨ।
ਇਸ ਵਕਤ ਉਹ ਦੇਸ਼ ਜਿੱਥੇ ਸਰਮਾਏਦਾਰੀ ਪ੍ਰਬੰਧ ਹੈ, ਕਾਰਪੋਰੇਟ ਸੈਕਟਰ ਦਾ ਰਾਜ ਹੈ, ਅਤੇ ਹੋਰ-ਹੋਰ ਅਮੀਰ ਹੋਣ ਲਈ ਇੱਕ ਦੌੜ ਮਚੀ ਹੋਈ ਹੈ, ਉੱਥੇ ਮਜ਼ਦੂਰ ਜਮਾਤ ਦੀ ਲੁੱਟ ਹੋ ਰਹੀ ਹੈ। ਉਸਦੀ ਮਿਹਨਤ ਦਾ ਬਣਦਾ ਮੁੱਲ ਉਸ ਨੂੰ ਨਹੀਂ ਮਿਲਦਾ। ਸਿੱਟੇ ਵਜੋਂ ਵਾਫਰ ਆਮਦਨ ਨਾਲ ਸਰਕਾਰਾਂ ਉੱਪਰ ਵੀ ਅਮੀਰ ਜਮਾਤ ਦਾ ਸਰਮਾਇਆ ਹੀ ਕੰਮ ਕਰ ਰਿਹਾ ਹੈ ਤੇ ਉਹ ਸਰਕਾਰਾਂ ਨੂੰ ਆਪਣੀ ਲੁੱਟ ਹੋਰ ਵਧਾਉਣ ਲਈ ਮਜਬੂਰ ਕਰ ਰਹੇ ਹਨ। ਅਮੀਰੀ ਅਤੇ ਗ਼ਰੀਬੀ ਦਾ ਪਾੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਉੱਪਰਲੀ ਰਾਜ ਕਰਦੀ ਸਰਮਾਏਦਾਰ ਸ਼੍ਰੇਣੀ ਦੇ 1% ਲੋਕਾਂ ਕੋਲ 90% ਤੋਂ ਵੱਧ ਦੀ ਜਾਇਦਾਦ ਹੈ। ਅੱਜ ਇਹ ਵਰਤਾਰਾ ਹਰ ਸਰਮਾਏਦਾਰੀ ਪ੍ਰਬੰਧ ਵਾਲੇ ਦੇਸ਼ ਵਿੱਚ ਵਿਆਪਕ ਹੈ।
ਇਨ੍ਹਾਂ ਸਾਮਰਾਜੀ ਅਤੇ ਸਰਮਾਏਦਾਰੀ ਪ੍ਰਬੰਧ ਵਾਲੇ ਦੇਸ਼ਾਂ ਦੇ ਲੋਕਾਂ ਦੀ ਮਜ਼ਦੂਰ ਜਮਾਤ ਦੀ ਹਾਲਤ ਦਿਨੋ-ਦਿਨ ਨਿੱਘਰਦੀ ਜਾ ਰਹੀ ਹੈ। ਮਹਿੰਗਾਈ ਵਧ ਰਹੀ ਹੈ। ਮਜ਼ਦੂਰਾਂ ਦੇ ਮਿਹਨਤਾਨੇ ਨਹੀਂ ਵਧ ਰਹੇ। ਸਮਾਜਵਾਦੀ ਸੋਵੀਅਤ ਯੂਨੀਅਨ ਵੇਲੇ ਸਮਾਜਵਾਦੀ ਪ੍ਰਬੰਧ ਵਰਗੀਆਂ ਸਹੂਲਤਾਂ ਲਈ ਲੋਕਾਂ ਦੀਆਂ ਇਨਕਲਾਬੀ ਭਾਵਨਾਵੀ ਸੁਰਾਂ ਨੂੰ ਦਬਾਉਣ ਲਈ ਉਸ ਸਮੇਂ ਜੋ ਮੁਫਤ ਸਿੱਖਿਆ, ਸਿਹਤ, ਨੌਕਰੀ ਦੀ ਜ਼ਾਮਨੀ, ਪੈਨਸ਼ਨਾਂ ਆਦਿ ਦੀਆਂ ਸਹੂਲਤਾਂ ਤਾਂ ਦਿੱਤੀਆਂ ਸਨ ਉਹ ਸਹਿਜੇ-ਸਹਿਜੇ ਖ਼ਤਮ ਹੋ ਰਹੀਆਂ ਹਨ। ਲੋਕਾਂ ਦੇ ਬਗ਼ਾਵਤੀ ਭਾਵਨਾਵਾਂ ਦੇ ਗ਼ੁਬਾਰੇ ਫਿਰ ਤੋਂ ਭਰੇ ਹੋਏ ਹਨ। ਇਹ ਗ਼ੁਬਾਰੇ ਫਟ ਨਾ ਜਾਣ, ਹਾਕਮੀ ਸਰਮਾਏਦਾਰ ਕਾਰਪੋਰੇਟ ਸ਼੍ਰੇਣੀ ਇਨ੍ਹਾਂ ਦੇ ਭਕਾਨਿਆਂ ਵਿੱਚੋਂ ਹਵਾ ਘੱਟ ਕਰਨ ਲਈ ਹਰ ਸੰਭਵ ਚਾਰਾ ਕਰਦੀ ਹੈ। ਉਹਨਾਂ ਵਿੱਚੋਂ ਮੁੱਖ ਇਹ ਹੁੰਦਾ ਹੈ ਕਿ ਬਗ਼ਾਵਤੀ ਸੁਰਾਂ ਉੱਚੀਆਂ ਕਰਾ ਕੇ ਸਰਕਾਰਾਂ ਬਦਲ ਦਿਓ ਪਰ ਰਾਜਨੀਤਕ ਸਰਮਾਏਦਾਰੀ ਪ੍ਰਬੰਧ ਨਾ ਬਦਲਿਆ ਜਾਵੇ। ਲੋਕਾਂ ਦਾ ਧਿਆਨ ਪ੍ਰਬੰਧ ਬਦਲਣ ਵੱਲ ਨਾ ਜਾਵੇ। ਉਂਝ ਵੀ ਇਨ੍ਹਾਂ ਬਾਗ਼ੀ ਸੁਰਾਂ ਅਤੇ ਬਗ਼ਾਵਤਾਂ ਦਾ ਲਾਹਾ ਲੈਣ ਲਈ ਜਿੱਥੇ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਵਾਲੀਆਂ ਸ਼ਕਤੀਆਂ ਨਹੀਂ ਹਨ ਜਾਂ ਕਮਜ਼ੋਰ ਹਨ ਤਾਂ ਸਿੱਟਾ ‘ਜੈਸੇ ਥੇ’ ਵਾਲੀ ਹਾਲਤ ਵਿੱਚ ਹੀ ਨਿਕਲਦਾ ਹੈ। ਇਰਾਨ, ਅਫਗਨਸਤਾਨ, ਸੀਰੀਆ, ਪਾਕਿਸਤਾਨ, ਸ੍ਰੀ ਲੰਕਾ, ਬੰਗਲਾਦੇਸ਼ ਤੇ ਹੁਣ ਨਿਪਾਲ ਵਿੱਚ ਇਹੀ ਨਿਕਲਿਆ ਹੈ। ਸਰਕਾਰਾਂ ਬਦਲ ਜਾਂਦੀਆਂ ਹਨ ਪਰ ਪ੍ਰਬੰਧ ਉਹੀ ਰਹਿੰਦਾ ਹੈ।
ਅਮਰੀਕਾ ਵਿੱਚ ਡੌਨਲਡ ਟਰੰਪ ਨੇ ਆਪ ਪਰਵਾਸੀਆਂ ਖਿਲਾਫ ਨਫਰਤ ਫੈਲਾਈ, ਉਹਨਾਂ ਨੂੰ ਬਾਹਰ ਕੱਢਣ ਨਾਲ ਲੋਕਾਂ ਦੇ ਮਸਲੇ ਹੱਲ ਹੋਣ ਦਾ ਲਾਰਾ ਲਾ ਕੇ ਸੱਤਾ ਹਥਿਆ ਲਈ, ਭਾਵ ਸਰਮਾਏਦਾਰ ਸ਼੍ਰੇਣੀ ਨੇ ਸੱਤਾ ਦੀ ਸ਼ਤਰੰਜ ਦੇ ਪਿਆਦੇ ਤਬਦੀਲ ਕਰ ਦਿੱਤੇ ਪਰ ਅਜੇ ਵੀ ਉਹ ਆਪਣੇ ਕਾਰਜ ਕਾਲ ਦੇ 4 ਸਾਲ ਇਸੇ ਲਾਰੇ ਵਿੱਚ ਕੱਢਣਾ ਚਾਹੁੰਦਾ ਹੈ। ਬਰਤਾਨੀਆਂ, ਆਸਟਰੇਲੀਆ, ਫਰਾਂਸ, ਕੈਨੇਡਾ, ਅਮਰੀਕਾ ਅਤੇ ਹੁਣ ਨਿਪਾਲ ਦੀ ਸਰਮਾਏਦਾਰ ਸ਼੍ਰੇਣੀ ਨੇ ਵੀ ਇਹੀ ਰਾਹ ਚੁਣਿਆ ਹੈ।
ਪਰ ਸੋਚ ਤਾਂ ਇਹੀ ਹੈ ਕਿ ਸੱਤਾ ਬਦਲਿਆਂ ਰਾਜਨੀਤਕ ਪ੍ਰਬੰਧ ਨਹੀਂ ਬਦਲਦਾ। ਪ੍ਰਬੰਧ ਦੋ ਹੀ ਹਨ, ਸਰਮਾਏਦਾਰੀ ਜਾਂ ਸਮਾਜਵਾਦੀ। ਸਮਾਜਵਾਦੀ ਪ੍ਰਬੰਧ ਦੀ ਸੋਚ ਨੂੰ ਨਾ ਉੱਭਰਨ ਦੇਣ ਲਈ ਸਾਰੇ ਹੀ ਸਾਮਰਾਜੀ ਦੇਸ਼ ਇਕਮੁੱਠ ਹੋ ਕੇ ਦਿਨ ਰਾਤ ਇਸੇ ਹੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਉਹ ਜਬਰ, ਜ਼ੁਲਮ ਅਤੇ ਮਾਨਵਤਾ ਵਿਰੋਧੀ ਕੋਈ ਵੀ ਕੁਕਰਮ ਕਰਨ ਲਈ ਹਰ ਸਮੇਂ ਤਤਪਰ ਰਹਿੰਦੇ ਹਨ। ਜੰਗਾਂ ਵੀ ਲਵਾ ਸਕਦੇ ਹਨ। ਵਪਾਰ ਵਿੱਚ ਅਵਿਕਸਤ ਮੁਲਕਾਂ ਉੱਤੇ 50-50% ਟੈਰਿਫ ਦੀਆਂ ਸ਼ਰਤਾਂ ਲਾ ਸਕਦੇ ਹਨ। ਪਹਿਲਾਂ ਸੋਵੀਅਤ ਯੂਨੀਅਨ ਨੂੰ ਖ਼ਤਮ ਕਰਕੇ ਫਿਰ ਤੋਂ ਰੂਸ ਬਣਾਇਆ ਤੇ ਹੁਣ ਚੀਨ ਦੁਆਲੇ ਹਨ। ਨਿੱਕੇ ਜਿਹੇ ਮੁਲਕ ਕਿਊਬਾ ਦੀ ਆਰਥਿਕ ਨਾਕਾਬੰਦੀ ਕੀਤੀ ਹੋਈ ਹੈ। ਉੱਤਰੀ ਕੋਰੀਆ-ਵਿਅਤਨਾਮ ’ਤੇ ਵੀ ਕਹਿਰੀ ਨਜ਼ਰ ਹੈ।
ਭਾਰਤ ਦੇ ਲੋਕਾਂ ਵਿੱਚ ਬੇਹੱਦ ਬੇਚੈਨੀ ਹੈ। ਜਿਸ ਮਕਸਦ ਲਈ ਅੰਗਰੇਜ਼ ਸਾਮਰਾਜ ਨੂੰ ਬਾਹਰ ਕੱਢਿਆ ਸੀ, ਉਹ ਸੁਪਨਾ ਜਿਉਂ ਦਾ ਤਿਉਂ ਹੈ। ਬੇਰੁਜ਼ਗਾਰੀ, ਮਹਿੰਗਾਈ, ਰਿਸ਼ਵਤਖੋਰੀ, ਧੱਕੇਸ਼ਾਹੀ, ਫਿਰਕਾਪ੍ਰਸਤੀ, ਬੇਨਿਯਮੀਆਂ ਚਰਮ ਸੀਮਾ ’ਤੇ ਹਨ। ਲੋਕਾਂ ਨੂੰ ਮਿਲਦੀਆਂ ਸਭ ਸਹੂਲਤਾਂ ਖ਼ਤਮ ਹੋ ਗਈਆਂ ਹਨ। ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਜਨਤਕ ਅਦਾਰੇ, ਸਭ ਕੁਝ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਹੈ।
ਧਰਮ ਨਿਰਪੱਖਤਾ ਸਮਾਪਤ ਹੋਣ ਬਰਾਬਰ ਹੈ। ਸੰਵਿਧਾਨ ਛਿੱਕੇ ਟੰਗਿਆ ਹੋਇਆ ਹੈ। ਧਾਰਮਕ ਕੱਟੜਤਾ ਵਧ ਰਹੀ ਹੈ। ਇਹੀ ਹਾਲ ਪੰਜਾਬ ਦਾ ਹੈ। ਪੰਜਾਬੀ ਖੇਤੀਬਾੜੀ ਕਾਰਨ ਬਾਕੀ ਦੇਸ਼ ਤੋਂ ਕੁਝ ਖ਼ੁਸ਼ਹਾਲ ਹਨ। ਪਰ ਖੇਤੀ ਆਮਦਨ ਘਟਣ ਨਾਲ ਹੁਣ ਬਹੁਤ ਸਾਰੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਪਰਵਾਸ ਕਰ ਰਹੇ ਹਨ। ਸਰਕਾਰਾਂ ਬਦਲ-ਬਦਲ ਕੇ ਦੇਖ ਲਈਆਂ ਹਨ। ਕਾਂਗਰਸ, ਅਕਾਲੀ, ਭਾਜਪਾ ਅਤੇ ਹੁਣ ਆਮ ਆਦਮੀ ਪਾਰਟੀ, ਕਿਸੇ ਨੇ ਵੀ ਲੋਕਾਂ ਦੇ ਮਸਲੇ ਹੱਲ ਨਹੀਂ ਕੀਤੇ। ਇੱਥੇ ਸਰਮਾਏਦਾਰੀ-ਜਗੀਰਦਾਰੀ ਪ੍ਰਬੰਧ ਹੈ। ਇਸ ਪ੍ਰਬੰਧ ਵਿੱਚ ਲੋਕਾਂ ਦੇ ਮਸਲੇ ਹੱਲ ਨਹੀਂ ਹੋਣੇ। ਸਮਾਜਵਾਦੀ ਸੋਚ ਰੱਖਦੀਆਂ ਖੱਬੀਆਂ ਸ਼ਕਤੀਆਂ ਕਮਜ਼ੋਰ ਹਨ। ਲੋਕ ਕੀ ਕਰਨ। ਕਿਵੇਂ ਲੋਕ ਆਪਣੇ ਮਸਲੇ ਹੱਲ ਕਰਨ। ਬੇਰੁਜ਼ਗਾਰੀ, ਗ਼ਰੀਬੀ ਦਾ ਡਾਇਨਾਸੋਰ ਮੂੰਹ ਅੱਡੀ ਖੜ੍ਹਾ ਹੈ। ਲੋਕ ਗਹਿਰੇ ਆਰਥਿਕ ਸੰਕਟ ਦਾ ਸ਼ਿਕਾਰ ਹਨ।
ਪ੍ਰਬੰਧਕੀ ਮਸ਼ੀਨਰੀ ਨੂੰ ਚਲਾਉਣ ਵਾਲੇ ਅਡਾਨੀਆਂ, ਅੰਬਾਨੀਆਂ ਅਤੇ ਕੁੱਲ 100 ਤੋਂ ਵੀ ਘੱਟ ਘਰਾਣਿਆਂ ਨੇ ਲੁੱਟ ਮਚਾਈ ਹੋਈ ਹੈ। ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੋ ਰਹੇ ਹਨ। ਇੱਥੋਂ ਦੀ ਸਰਮਾਏਦਾਰ ਸ਼੍ਰੇਣੀ ਨੇ ਆਪਣੀ ਲੁੱਟ ਵਧਾਉਣ ਲਈ ਇਸ ਸਮੇਂ ਕਾਂਗਰਸ ਨੂੰ ਹਟਾ ਕੇ ਭਾਜਪਾ ਦੀ ਮੋਦੀ ਸਰਕਾਰ ਨੂੰ ਅੱਗੇ ਕੀਤਾ ਹੋਇਆ ਹੈ। ਸੱਚਮੁੱਚ ਹੀ 2014 ਤੋਂ ਹੁਣ ਤਕ ਇਸ ਅਮੀਰ ਸ਼੍ਰੇਣੀ ਦੀਆਂ ਜਾਇਦਾਦਾਂ ਅਤੇ ਆਮਦਨ ਵਿੱਚ ਅਥਾਹ ਵਾਧਾ ਹੋਇਆ ਹੈ। ਲੋਕਾਂ ਦੀ ਗ਼ਰੀਬੀ ਅਤੇ ਮਸਲੇ ਹੋਰ ਵਧਦੇ ਜਾ ਰਹੇ ਹਨ। ਲੋਕਾਂ ਦਾ ਧਿਆਨ ਕਿਧਰੇ ਰਾਜਨੀਤਕ ਪ੍ਰਬੰਧ ਦੀ ਤਬਦੀਲੀ ਵੱਲ ਨਾ ਚਲਾ ਜਾਵੇ, ਘੱਟ ਗਿਣਤੀਆਂ, ਵਿਸ਼ੇਸ਼ ਕਰਕੇ ਮੁਸਲਮਾਨਾਂ, ਬੰਗਲਾਦੇਸ਼ੀਆਂ, ਰੋਹਿੰਗੀਆਂ ਅਤੇ ਹੋਰ ਪਰਵਾਸੀਆਂ ਨੂੰ ਬਾਹਰ ਕੱਢਣ ਦੀ ਲਹਿਰ ਚਲਾਈ ਹੋਈ ਹੈ। ਲੋਕਾਂ ਵਿੱਚ ਨਫਰਤੀ ਸੋਚ ਉਭਾਰੀ ਜਾ ਰਹੀ ਹੈ।
ਪੰਜਾਬ ਵਿੱਚ ਵੀ ਇਸੇ ਤਰ੍ਹਾਂ ਹੀ ਸਰਮਾਏਦਾਰੀ ਪ੍ਰਬੰਧ ਦੇ ਕੁਝ ਠੇਕੇਦਾਰਾਂ ਨੇ ਇਹ ਮੁਹਿੰਮ ਵਿੱਢੀ ਹੋਈ ਹੈ ਕਿ ਬਿਹਾਰ, ਯੂ.ਪੀ. ਦੇ ਮਜ਼ਦੂਰਾਂ ਦੇ ਕਾਰਨ ਹੀ ਬੇਰੁਜ਼ਗਾਰੀ ਅਤੇ ਹੋਰ ਸੰਕਟ ਹਨ। ਇਨ੍ਹਾਂ ਨੂੰ ਬਾਹਰ ਕੱਢਿਆ ਜਾਵੇ। ਬਹਾਨਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਬੱਚੇ ਦੇ ਕਤਲ ਅਤੇ ਕੁਝ ਹੋਰ ਹੋਈਆਂ ਮੰਦਭਾਗੀ ਘਟਨਾਵਾਂ ਨੂੰ ਬਣਾਇਆ ਜਾ ਰਿਹਾ ਹੈ। ਕੁਝ ਪੰਚਾਇਤਾਂ ਨੂੰ ਇਸ ਤਰ੍ਹਾਂ ਦੇ ਮਤੇ ਪਾਸ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਇਹ ਸਭ ਜਿੱਥੇ ਗ਼ੈਰ-ਸੰਵਿਧਾਨਕ ਹੈ, ਉੱਥੇ ਗ਼ੈਰ-ਮਨੁੱਖੀ ਵਤੀਰਾ ਵੀ ਹੈ। ਪਰਵਾਸੀ ਮਜ਼ਦੂਰਾਂ ਨੇ ਕਿਰਤ ਨੂੰ ਪਹਿਲ ਦਿੱਤੀ ਹੋਈ ਹੈ। ਉਹ ਸਖ਼ਤ ਮਿਹਨਤ ਕਰਦੇ ਹਨ। ਉਸੇ ਤਰ੍ਹਾਂ ਜਿਵੇਂ ਸਾਡੇ ਪੰਜਾਬੀ ਪਰਵਾਸੀ ਬਣਕੇ ਬਾਹਰਲੇ ਮੁਲਕਾਂ ਵਿੱਚ ਕਰ ਰਹੇ ਹਨ। ਇਹ ਇੱਥੇ ਨਾ ਹੋਣ ਤਾਂ ਝੋਨਾ ਹੀ ਨਾ ਲੱਗ ਸਕੇ। ਹੋਰ ਫਸਲਾਂ ਵੀ ਪਾਲਣੀਆਂ, ਸਾਂਭਣੀਆਂ ਕਠਿਨ ਹੋ ਜਾਣਗੀਆਂ। ਕਮਾਦਾਂ ਲਈ ਤਾਂ ਛਿਲਾਵੇ ਹੀ ਨਹੀਂ ਮਿਲਦੇ। ਇਹ ਇੱਥੇ ਘਰਾਂ ਵਿੱਚ ਪੱਥਰ, ਟਾਇਲਾਂ ਅਤੇ ਉਸਾਰੀ ਦੇ ਹਰ ਕੰਮ ਵਿੱਚ ਬੜੀ ਹੀ ਬਰੀਕਬੀਨੀ, ਕਲਾਤਮਕ ਅਤੇ ਸਿਰੜਤਾ ਨਾਲ ਮਿਹਨਤ ਕਰਦੇ ਹਨ। ਜਦੋਂ ਕਿਸਾਨੀ ਕੰਮ ਮੁੱਕ ਜਾਂਦਾ ਹੈ ਤਦ ਉਹ ਬਹੁਤੇ ਵਾਪਸ ਆਪੋ-ਆਪਣੇ ਘਰੀਂ ਪਰਤ ਜਾਂਦੇ ਹਨ। ਪੰਜਾਬ ਵਿੱਚ ਇੰਡਸਟਰੀ ਬਹੁਤ ਘੱਟ ਹੈ ਪਰ ਜੋ ਹੈ ਵੀ, ਉਸ ਨੂੰ ਇਹੀ ਚਲਦੀ ਰੱਖ ਰਹੇ ਹਨ। ਕੁਝ ਇੱਕ ਨੇ ਸੰਵਿਧਾਨਕ ਹੱਕ ਵਰਤਦਿਆਂ ਥਾਂ ਲੈ ਕੇ ਮਕਾਨ ਵੀ ਬਣਾ ਲਏ ਹਨ। ਠੀਕ ਉਸੇ ਤਰ੍ਹਾਂ ਜਿਵੇਂ ਸਾਡੇ ਪੰਜਾਬੀਆਂ ਨੇ ਦੇਸ਼ ਦੇ ਹਰ ਪ੍ਰਾਂਤ ਅਤੇ ਸ਼ਹਿਰ ਵਿੱਚ ਪੱਕਾ ਵਸੇਬਾ ਕਰ ਲਿਆ ਹੋਇਆ ਹੈ।
ਯੂ.ਪੀ., ਰਾਜਸਥਾਨ, ਬੰਗਾਲ, ਬਿਹਾਰ, ਹਿਮਾਚਲ, ਦਿੱਲੀ, ਕਲਕੱਤਾ, ਟਾਟਾ, ਸ਼ਰੀ ਗੰਗਾ ਨਗਰ, ਮੁੰਬਈ, ਭੁੱਜ, ਗਵਾਲੀਅਰ, ਸ਼ਰੀਨਗਰ, ਸ਼ਿਮਲੇ ਆਦਿ - ਕਿੱਥੇ ਨਹੀਂ ਹਨ ਪੰਜਾਬੀ। ਉਹਨਾਂ ਉੱਥੇ ਜਾ ਕੇ ਸਖ਼ਤ ਮਿਹਨਤ ਨਾਲ ਉਸ ਧਰਤੀ ’ਤੇ ਖੇਤੀ ਤੇ ਟਰੱਕਿੰਗ ਟਰਾਂਸਪੋਰਟ ਨੂੰ ਭਾਗ ਲਾਏ ਹੋਏ ਹਨ।
ਕੀ ਅਸੀਂ ਪੰਜਾਬ ਵਿੱਚੋਂ ਪਰਵਾਸੀਆਂ ਨੂੰ ਬਾਹਰ ਕੱਢਾਂਗੇ ਤਾਂ ਸਾਡੇ ਬਾਹਰ ਚੌਧਰਾਂ ਮਾਣ ਰਹੇ ਪੰਜਾਬੀ ਉੱਥੇ ਵਸਦੇ ਰਹਿ ਸਕਣਗੇ? ਫਿਰ ਉਹ ਕਿੱਥੇ ਜਾਣਗੇ? ਉਹ ਤਾਂ ਪਰਵਾਸੀ ਮਜ਼ਦੂਰਾਂ ਤੋਂ ਕਈ-ਕਈ ਗੁਣਾ ਵਧੇਰੇ ਹਨ। ਅੱਜ ਟਰੱਕਿੰਗ ਵਿੱਚ ਤਾਂ ਸਾਰੇ ਦਸ਼ ਵਿੱਚ ਪੰਜਾਬੀਆਂ ਦਾ ਹੀ ਬੋਲ-ਬਾਲਾ ਹੈ। ਉਹ ਪੰਜਾਬ ਵਿੱਚ ਵਾਪਸ ਆਉਣ ਲਈ ਮਜਬੂਰ ਕੀਤੇ ਜਾਣਗੇ ਤਾਂ ਕੀ ਬਣੇਗਾ? ਕੈਨੇਡਾ ਵਿੱਚ ਤਾਂ ਪੰਜਾਬੀਆਂ ਦਾ ਜੋ ਮੁਕੰਮਲ ਬੋਲਬਾਲਾ ਹੈ, ਕੌਣ ਅਨਜਾਣ ਹੈ ਉਸ ਤੋਂ। ਫਿਰ ਇਹ ਗੁੱਸਾ ਬਿਹਾਰ, ਯੂ.ਪੀ. ਦੇ ਪਰਵਾਸੀਆਂ ਵਿਰੁੱਧ ਕਿਉਂ ਹੈ?
ਜੇ ਉਹਨਾਂ ਦੇ ਕਿਸੇ ਬੰਦੇ ਨੇ ਅਪਰਾਧ ਕੀਤਾ ਹੈ ਤਾਂ ਕਾਨੂੰਨ ਮੁਤਾਬਿਕ ਉਸ ਨੂੰ ਸਖ਼ਤ ਸਜ਼ਾ ਮਿਲੇ। ਪਰ ਸੋਚਣਾ ਬਣਦਾ ਹੈ, ਕੀ ਪੰਜਾਬੀ ਅਪਰਾਧ ਨਹੀਂ ਕਰਦੇ। ਕੀ ਜੋ ਗੈਂਗਸਟਰ ਹਨ, ਜੋ ਅਥਾਹ ਲੁੱਟਾਂ-ਖੋਹਾਂ ਕਰ ਰਹੇ ਹਨ, ਘਰਾਂ ਵਿੱਚ ਆ ਕੇ ਲੁੱਟ ਕੇ ਲੈ ਜਾਂਦੇ ਹਨ, ਦਿਨ ਦਿਹਾੜੇ ਸ਼ਰੇਆਮ ਸੁਪਾਰੀ ਲੈ ਕੇ ਬੰਦਾ ਮਾਰ ਦਿੰਦੇ ਹਨ, ਜੋ ਤੁਰੀ ਜਾਂਦੀ ਔਰਤ ਦੀਆਂ ਵਾਲੀਆਂ ਲਾਹ ਲੈਂਦੇ ਹਨ, ਪਰਸ ਖੋਹ ਲੈਂਦੇ ਹਨ, ਦੁਕਾਨਾਂ ਲੁੱਟ ਰਹੇ ਹਨ, ਨਸ਼ੇ ਖਾਂਦੇ ਅਤੇ ਨਸ਼ੇ ਵੇਚਦੇ ਹਨ, ਬਲਾਤਕਾਰ ਕਰਦੇ ਹਨ, ਜੋ ਬਾਹਰ ਭੇਜਣ ਦੇ ਨਾਂ ’ਤੇ ਡੰਕੀ ਰੂਟ ’ਤੇ ਚਾੜ੍ਹ ਕੇ ਘਰਾਂ ਦੇ ਘਰ ਉਜਾੜ ਰਹੇ ਹਨ, ਕੀ ਉਹ ਪੰਜਾਬੀ ਨਹੀਂ ਹਨ। ਉਹਨਾਂ ਨੂੰ ਕੌਣ ਬਾਹਰ ਕੱਢੇਗਾ?
ਕਸੂਰ ਪ੍ਰਬੰਧ ਚਲਾਉਣ ਵਾਲੀਆਂ ਸਰਕਾਰਾਂ ਦਾ ਹੈ। ਵੋਟਾਂ ਲਈ ਪੈਸੇ ਇਕੱਠੇ ਕਰੋ ਅਤੇ ਪੈਸਿਆਂ ਨਾਲ ਵੋਟਾਂ ਖ਼ਰੀਦੋ, ਭ੍ਰਿਸ਼ਟਾਚਾਰ ਕਰੋ। ਇਹ ਮਸਲਾ ਨਾ ਤਾਂ ਸਰਕਾਰਾਂ ਦੇ ਬਦਲਣ ਨਾਲ ਬਦਲਣਾ ਹੈ ਤੇ ਨਾ ਹੀ ਪਰਵਾਸੀ ਮਜ਼ਦੂਰਾਂ ਨੂੰ ਕੱਢਣ ਨਾਲ। ਬਾਬੇ ਨਾਨਕ ਦੀ ਧਰਤੀ ’ਤੇ ਕਿਸੇ ਮਨੁੱਖ ਨਾਲ ਧਰਮ, ਜਾਤ, ਖਿੱਤੇ ਕਾਰਨ ਵਿਤਕਰਾ ਹੋਵੇ, ਇਹ ਗੁਰੂ ਨਾਨਕ ਦੀ ਸੋਚ ਦਾ ਵਿਰੋਧ ਹੈ। ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’, “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’, “ਸਭੈ ਸਾਂਝੀਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ’ ਰਾਹੀਂ ਗੁਰਬਾਣੀ ਮਨੁੱਖ ਨੂੰ ਮਨੁੱਖ ਨਾਲ ਵੈਰ ਰੱਖਣਾ ਨਹੀਂ ਸਿਖਾਉਂਦੀ। ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ ਪੰਥ ਵਿੱਚ 1619 ਦੀ ਵਿਸਾਖੀ ਨੂੰ ਪੰਜਾਬੋਂ ਬਾਹਰਲੇ ਕਿੰਨੇ ਹੀ ਦੁਖੀ ਲੋਕ ਸ਼ਾਮਲ ਹੋਏ ਤੇ ਹਾਕਮ ਸ਼੍ਰੇਣੀ, ਜੋ ਉਸ ਸਮੇਂ ਮੁਗ਼ਲ ਸਾਮਰਾਜ ਸੀ, ਵਿਰੁੱਧ ਲੜੇ ਸਨ। ਹੁਣ ਉਹ ਬੁਰੇ ਕਿਉਂ ਲੱਗਣ ਲੱਗ ਪਏ ਨੇ, ਜਦੋਂ ਕਿ ਉਹਨਾਂ ਦੇ ਪੰਜਾਬ ਵਿੱਚ ਆਉਣ ਨਾਲ ਪੰਜਾਬ ਅਥਾਹ ਖ਼ੁਸ਼ਹਾਲ ਹੋਇਆ ਹੈ।
ਲੋੜ ਹੈ ਸਾਂਝੀ ਸੋਚ ਅਪਣਾ ਕੇ ਸਿਰ ਜੋੜ ਕੇ ਸੰਘਰਸ਼ ਦੇ ਰਾਹ ਤੁਰਿਆ ਜਾਵੇ। ਬੇਰੁਜ਼ਗਾਰੀ, ਮਹਿੰਗਾਈ, ਗ਼ਰੀਬੀ ਅਤੇ ਮੁਫਤ ਅਤੇ ਬਰਾਬਰ ਸਿੱਖਿਆ-ਸਿਹਤ ਸਹੂਲਤਾਂ ਵਾਸਤੇ ਸੰਯੁਕਤ ਕਿਸਾਨ ਮੋਰਚੇ ਵਾਂਗ ਮਜ਼ਦੂਰ-ਕਿਸਾਨ ਸਾਂਝਾ ਮੋਰਚਾ ਬਣਾਕੇ ਤਿੱਖੀ ਲੜਾਈ ਲੜੀ ਜਾਵੇ ਅਤੇ ਮਜ਼ਦੂਰ-ਕਿਸਾਨ ਪੱਖੀ ਸਰਕਾਰ ਬਣਾਈ ਜਾਵੇ। ਪੰਜਾਬ ਵਿੱਚੋਂ ਪਰਵਾਸੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਨੂੰ ਫੌਰੀ ਰੋਕ ਲਾਉਣੀ ਹੋਵੇਗੀ। ਪਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਪੰਜਾਬ ਖ਼ੁਸ਼ਹਾਲ ਨਹੀਂ, ਬਰਬਾਦ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (