“ਵੇ ਸ਼ਿੰਦਿਆ, ਵਹੁਟੀ ਤਾਂ ਹਾਲੇ ਵੀ ਡੋਲ਼ਿਓਂ ਕੱਢੀ ਲਗਦੀ ਆ, ਤੂੰ ਤਾਂ ਮੇਰੇ ਨਾਲੋਂ ਵੀ ...”
(2 ਜਨਵਰੀ 2025)
ਮੇਰੇ ਚਾਚੇ ਦੇ ਸਭ ਤੋਂ ਛੋਟੇ ਪੁੱਤਰ ਗੁਰਮੀਤ ਉਰਫ਼ ਗੀਤੇ ਦਾ ਪਿੰਡੋਂ ਫੋਨ ਸੀ, “ਭਾਊ, ਅੱਜ ਸਵੇਰੇ ਮਾਤਾ ਕਦੇ ਨਾ ਮੁੜਨ ਵਾਲੀ ਯਾਤਰਾ ’ਤੇ ਤੁਰ ਗਈ ਹੈ। ਫਰੀਦਕੋਟ ਵਾਲੇ ਵੀਰ ਜੀ ਤਾਂ ਬੇਟੀ ਦੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਵਿਦੇਸ਼ ਚਲੇ ਗਏ ਸਨ। ਤੁਹਾਨੂੰ ਪਤਾ ਈ ਆ ਕਿ ਬਾਕੀ ਸਾਰਾ ਪਰਿਵਾਰ ਵਿਦੇਸ਼ ਵਿੱਚ ਹੈ, ਉਹ ਪਹੁੰਚ ਨਹੀਂ ਸਕਣਗੇ, ਤੁਸੀਂ ਜ਼ਰੂਰ ਪਹੁੰਚਣਾ। ਬੀਬੀ ਅੰਤ ਸਮੇਂ ਵੀ ਤੁਹਾਨੂੰ ਬਹੁਤ ਯਾਦ ਕਰਦੀ ਸੀ। ਆਪਣੀ ਚਾਚੀ ਦੇ ਆਖਰੀ ਦਰਸ਼ਨ ਕਰ ਲਿਓ।” ਉਸ ਤੋਂ ਬਾਅਦ ਗੀਤੇ ਤੋਂ ਬੋਲ ਨਹੀਂ ਹੋਇਆ ਤੇ ਫੋਨ ਬੰਦ ਹੋ ਗਿਆ।
ਗੀਤੇ ਨੂੰ ਪਤਾ ਸੀ ਕਿ ਮੇਰਾ ਚਾਚੀ ਨਾਲ ਬਚਪਨ ਤੋਂ ਹੀ ਬੜਾ ਮੋਹ ਸੀ। ਅਸੀਂ ਦੋਵੇਂ ਜੀਅ ਕੁਝ ਦਿਨ ਪਹਿਲਾਂ ਹੀ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਛੁੱਟੀ ਵਾਲੇ ਦਿਨ ਬਿਮਾਰ ਚਾਚੀ ਨੂੰ ਮਿਲ ਕੇ ਆਏ ਸਾਂ। ਰੋਟੀ-ਰੋਜ਼ੀ ਖਾਤਰ ਮੈਨੂੰ ਪਿੰਡ ਛੱਡੇ ਨੂੰ ਕਾਫ਼ੀ ਅਰਸਾ ਹੋ ਗਿਆ ਸੀ। ਵਿਆਹ ਤੋਂ ਬਾਅਦ ਸਰਕਾਰੀ ਨੌਕਰੀ ਹੋਣ ਕਰਕੇ ਹਰ ਹਫ਼ਤੇ ਪਿੰਡ ਆਉਣ ਦੀ ਤੰਗੀ ਕਾਰਨ ਮੈਂ ਰਾਜਧਾਨੀ ਵਿੱਚ ਪੱਕੇ ਤੌਰ ’ਤੇ ਹੀ ਰੈਣ ਬਸੇਰਾ ਕਰ ਲਿਆ ਸੀ। ਪਿੰਡ ਦੇ ਮੋਹ ਨਾਲ ਬੱਝੇ ਪੋਤੇ-ਪੋਤੀਆਂ ਨੂੰ ਖਿਡਾਉਣ ਦੇ ਚਾਅ ਦਿਲ ਵਿੱਚ ਹੀ ਲੈ ਕੇ ਮੇਰੇ ਮਾਤਾ-ਪਿਤਾ ਕੁਝ ਸਾਲ ਪਹਿਲਾਂ ਇਸ ਰੰਗਲੀ ਦੁਨੀਆਂ ਤੋਂ ਕੂਚ ਕਰ ਗਏ ਸਨ। ਜੱਦੀ ਵਿਰਾਸਤ ਜਿੰਨੀ ਵੀ ਹਿੱਸੇ ਆਉਂਦੀ ਸੀ, ਵੇਚ ਕੇ ਸੇਵਾ ਮੁਕਤੀ ਤੋਂ ਮਗਰੋਂ ਮੈਂ ਕਾਰੋਬਾਰ ਹੀ ਅਜਿਹਾ ਸ਼ੁਰੂ ਕਰ ਲਿਆ ਸੀ ਜਿਸ ਵਿੱਚ ਸਿਰ ਖੁਰਕਣ ਦੀ ਵਿਹਲ ਨਹੀਂ ਸੀ। ਔਲਾਦ ਸ਼ਹਿਰ ਵਿੱਚ ਪਲ਼ੀ ਹੋਣ ਕਰਕੇ ਦਾਦਕਿਆਂ-ਨਾਨਕਿਆਂ ਦਾ ਮੋਹ ਘੱਟ ਹੀ ਕਰਦੀ ਸੀ। ਮੈਂ ਜੰਮਣ ਭੋਏਂ ਨਾਲ ਜੁੜਿਆ ਹੋਣ ਕਰਕੇ ਪਿੰਡ ਗੇੜਾ ਮਾਰਦਾ ਹੀ ਰਹਿੰਦਾ ਸਾਂ। ਗੀਤਾ ਸਮਝਦਾ ਸੀ ਕਿ ਚਾਚੀ ਦੀ ਮੌਤ ਬਾਰੇ ਸੁਣ ਕੇ ਵੀਰ ਜ਼ਰੂਰ ਪਹੁੰਚੇਗਾ। ਪਰ ਮੈਂ ਮਜਬੂਰੀ ਕਰਕੇ ਸਸਕਾਰ ’ਤੇ ਪਹੁੰਚ ਨਹੀਂ ਸਕਦਾ ਸੀ, ਇਸ ਲਈ ਮੈਂ ਗੀਤੇ ਨੂੰ ਸਸਕਾਰ ’ਤੇ ਨਾ ਪਹੁੰਚਣ ਦੀ ਮਜਬੂਰੀ ਫੋਨ ’ਤੇ ਦੱਸਦਿਆਂ ਕਿਹਾ ਕਿ ਮੈਨੂੰ ਉਡੀਕਿਓ ਨਾ, ਮੈਂ ਭੋਗ ’ਤੇ ਜ਼ਰੂਰ ਪਹੁੰਚਾਂਗਾ। ਵਿਦੇਸ਼ ਵਾਲੇ ਵੀਰਾਂ ਨੂੰ ਜ਼ਰੂਰ ਪੁੱਛ ਲੈਣਾ ਜੇ ਆ ਸਕਣ ਤਾਂ ਉਸ ਹਿਸਾਬ ਨਾਲ ਭੋਗ ਦੀ ਤਰੀਕ ਰੱਖ ਲੈਣਾ।” ਆਖਦਿਆਂ ਮੇਰਾ ਮਨ ਭਾਰਾ ਸੀ।
… … ਕੁਝ ਦਿਨ ਪਹਿਲਾਂ ਜਦੋਂ ਅਸੀਂ ਦੋਵੇਂ ਜੀਅ ਪਿੰਡ ਪਹੁੰਚੇ ਸਾਂ ਤਾਂ ਬਿਮਾਰੀ ਦੀ ਵਜਾਹ ਕਰਕੇ ਬਹੁਤ ਹੀ ਕਮਜ਼ੋਰ ਹੋ ਚੁੱਕੀ ਚਾਚੀ ਸਾਨੂੰ ਆਇਆਂ ਨੂੰ ਵੇਖ ਉੱਠ ਕੇ ਬੈਠ ਗਈ ਸੀ। ਜਦੋਂ ਮੈਂ ਪੈਰੀਂ ਹੱਥ ਲਾਏ ਤਾਂ ਚਾਚੀ ਨੇ ਆਪਣੀਆਂ ਕਾਨੇ ਬਣ ਚੁੱਕੀਆਂ ਬਾਹਵਾਂ ਫੈਲਾ ਕੇ ਮੈਨੂੰ ਬੁਕਲ਼ ਵਿੱਚ ਲੈ ਕੇ ਘੁੱਟ ਲਿਆ ਸੀ। ਮੋਢਾ ਪਲੋਸਦਿਆਂ, “ਜਿਉਂਦਾ ਰਹੇ ਮੇਰਾ ਪੁੱਤਾ, ਜਵਾਨੀਆਂ ਮਾਣੇ ਦੀ ਅਸੀਸ ਦਿੱਤੀ ਸੀ। ਪਤਨੀ ਨੇ ਵੀ ਮੇਰੇ ਤੋਂ ਬਾਅਦ ਚਾਚੀ ਦੇ ਪੈਰ ਛੂਹ ਕੇ ਮੱਥੇ ਨਾਲ ਲਾ ਕੇ, “ਸਾਈਂ ਜੀਵੇ, ਪੋਤੇ-ਪੋਤੀਆਂ ਖਿਡਾਵੇਂ ਤੇ ਬੁੱਢ ਸੁਹਾਗਣ ਹੋਣ ਦੀ ਅਸੀਸ ਪ੍ਰਾਪਤ ਕੀਤੀ ਸੀ। ਮੈਨੂੰ ਮਹਿਸੂਸ ਹੋਇਆ ਕਿ ਨੌਂ ਦਸ ਸਾਲ ਪਹਿਲਾਂ ਫ਼ੌਤ ਹੋ ਚੁੱਕੀ ਮੇਰੀ ਬੀਬੀ ਹਾਲੇ ਵੀ ਜਿਉਂਦੀ ਹੈ ਕਿਉਂਕਿ ਜਦੋਂ ਵੀ ਮੈਂ ਪਰਿਵਾਰ ਸਮੇਤ ਪਿੰਡ ਮਿਲਣ ਆਉਂਦਾ ਸਾਂ ਤਾਂ ਬੀਬੀ ਵੀ ਇਹੀ ਅਸੀਸ ਦਿੰਦੀ ਹੁੰਦੀ ਸੀ। ਉਹ ਵੇਲਾ ਯਾਦ ਕਰਕੇ ਮੇਰਾ ਗੱਚ ਭਰ ਗਿਆ ਸੀ। ਸਾਡੀਆਂ ਆਵਾਜ਼ਾਂ ਸੁਣ ਕੇ ਚਾਚੀ ਦੀ ਛੋਟੀ ਨੂੰਹ ਅੰਦਰੋਂ ਪਲਾਸਟਿਕ ਦੀਆਂ ਦੋ ਕੁਰਸੀਆਂ ਚੁੱਕੀ ਆਉਂਦੀ ਨੇ ਮੁਸਕਰਾਉਂਦਿਆਂ “ਸਤਿ ਸ੍ਰੀ ਅਕਾਲ ਵੀਰ ਜੀ” ਕਹੀ ਤੇ ਜਿਠਾਣੀ ਨੂੰ ਗਲ਼ ਲੱਗ ਕੇ ਮਿਲਣ ਤੋਂ ਬਾਅਦ ਪਰਿਵਾਰ ਦੀ ਸੁੱਖ-ਸਾਂਦ ਪੁੱਛੀ।
ਚਾਚੀ ਦੀ ਨੂੰਹ ਥੋੜ੍ਹੀ ਦੇਰ ਰੁਕਣ ਤੋਂ ਮਗਰੋਂ ਸਾਨੂੰ ਪਾਣੀ ਪਿਆ ਕੇ ਚਾਹ ਧਰਨ ਲਈ ਕਹਿ ਕੇ ਰਸੋਈ ਵਿੱਚ ਚਲੀ ਗਈ ਸੀ। ਅਸੀਂ ਕੁਰਸੀਆਂ ’ਤੇ ਬਹਿ ਕੇ ਚਾਚੀ ਦੀ ਬਿਮਾਰੀ ਬਾਰੇ ਜਾਣਕਾਰੀ ਲੈਣ ਲੱਗ ਪਏ।
“ਜਦੋਂ ਚਿਰਾਂ ਦੇ ਵਿੱਛੜੇ ਪੁੱਤ-ਭਤੀਜੇ ਮਿਲ ਪੈਣ ਤਾਂ ਮਾਵਾਂ ਦੀ ਅੱਧੀ ਬਿਮਾਰੀ ਤਾਂ ਉਂਝ ਹੀ ਉਡ-ਪੁਡ ਜਾਂਦੀ ਆ, ਤੂੰ ਮੇਰੇ ਪੋਤੇ-ਪੜਪੋਤਿਆਂ ਦੀ ਸੁੱਖ-ਸਾਂਦ ਦੱਸ। ਸੁੱਖ ਨਾਲ ਮੈਂ ਤਾਂ ਹੁਣ ਸੋਨੇ ਦੀ ਪੌੜੀ ਵੀ ਚੜ੍ਹ ਗਈ ਆਂ।” ਚਾਚੀ ਸਾਨੂੰ ਮਿਲ ਕੇ ਜਿਵੇਂ ਹਰੀ ਕਾਇਮ ਹੋ ਗਈ ਹੋਵੇ।
ਚਾਚੀ ਦੀ ਬੇਟੀ ਪਹਿਲਾਂ ਹੀ ਵਿਦੇਸ਼ ਰਹਿੰਦੀ ਸੀ। ਵੱਡਾ ਨੂੰਹ-ਪੁੱਤ ਸ਼ਹਿਰ ਰਹਿੰਦੇ ਸਨ। ਉਸ ਤੋਂ ਛੋਟਾ ਸਿਹਤ ਮਹਿਕਮੇ ਵਿੱਚ ਨੌਕਰੀ ਕਰਕੇ ਆਪਣੇ ਟੱਬਰ ਨਾਲ ਦੂਸਰੇ ਜ਼ਿਲ੍ਹੇ ਵਿੱਚ ਮਕਾਨ ਬਣਾ ਕੇ ਰਹਿ ਰਿਹਾ ਸੀ। ਉਨ੍ਹਾਂ ਦੋਵਾਂ ਦੇ ਪੁੱਤਰ ਯਾਨੀ ਚਾਚੀ ਦੇ ਦੋ ਪੋਤਰੇ ਵਿਦੇਸ਼ ਜਾ ਚੁੱਕੇ ਸਨ। ਜਿਹੜੀ ਥੋੜ੍ਹੀ ਬਹੁਤੀ ਜ਼ਮੀਨ ਸੀ, ਉਸ ਨਾਲ ਗੀਤਾ ਆਪਣੀ ਛੋਟੀ ਜਿਹੀ ਟੱਬਰੀ ਪਾਲ਼ ਰਿਹਾ ਸੀ। ਚਾਚੀ ਪਿੰਡ ਰਹਿੰਦੀ ਹੋਣ ਕਰਕੇ ਸ਼ਹਿਰ ਰਹਿੰਦੇ ਭਰਾ ਗੀਤੇ ਦੀ ਮਦਦ ਕਰਦੇ ਹੀ ਰਹਿੰਦੇ ਸਨ। ਚਾਚੀ ਦੱਸ ਰਹੀ ਸੀ ਕਿ ਉਸਦੀ ਇੱਕੋ-ਇੱਕ ਪੋਤਰੀ ਵੀ ਕੁਝ ਦਿਨਾਂ ਬਾਅਦ ਵਿਦੇਸ਼ੋਂ ਆਏ ਮੁੰਡੇ ਨਾਲ ਵਿਆਹ ਕਰਵਾ ਕੇ ਬਾਹਰ ਚਲੀ ਜਾਵੇਗੀ। ਵੱਡੀ ਬੀਬੀ (ਨਣਾਨ) ਪਹਿਲਾਂ ਹੀ ਆਪਣੇ ਬੱਚਿਆਂ ਕੋਲ ਬਾਹਰਲੇ ਮੁਲਕ ਰਹਿੰਦੀ ਹੈ। ਇਹ ਵੀ ਆਂਹਦੇ ਨੇ ਕਿ ਅਸੀਂ ਵੀ ਨਿਆਣਿਆਂ ਕੋਲ ਬਾਹਰ ਚਲੇ ਜਾਣਾ ਹੈ। ਗੁਰਮੀਤ ਸਿੰਹੁ ਦੇ ਮੁੰਡੇ ਦਾ ਵੀਜ਼ਾ ਵੀ ਆ ਗਿਆ ਹੈ। ਇਹ ਵੀ ਵਿਸਾਖੀ ਤੋਂ ਮਗਰੋਂ ਚਲਾ ਜਾਵੇਗਾ। ਜਦੋਂ ਇਹ ਦੋਵੇਂ ਜੀਅ ਵੀ ਬਾਹਰ ਮੁੰਡੇ ਕੋਲ ਚਲੇ ਗਏ ਤਾਂ ਇੱਥੇ ਮੈਨੂੰ ਮਰੀ ਨੂੰ ਕੀਹਨੇ ਰੋਣਾ ਆ ਪੁੱਤ!” ਲਗਾਤਾਰ ਬੋਲਦੀ ਚਾਚੀ ਦਾ ਗਲ਼ਾ ਭਰ ਆਇਆ ਸੀ।
“ਹੱਛਾ … …! ਜਿੱਥੇ ਵੀ ਰਹਿਣ ਰਾਜ਼ੀ ਰਹਿਣ। ਰੋਟੀ ਵੀ ਤਾਂ ਕਮਾਉਣੀ ਹੋਈ, ਜ਼ਮੀਨਾਂ ਵੀ ਕਿਹੜੀਆਂ ਰਹਿ ਗਈਆਂ ਨੇ। ਐਨੀਆਂ ਪੜ੍ਹਾਈਆਂ ਕਰਕੇ ਘਰ ਵੀ ਨਹੀਂ ਬੈਠਿਆਂ ਜਾਂਦਾ।” ਚਾਚੀ ਨੇ ਹਉਕਾ ਜਿਹਾ ਲੈ ਕੇ ਆਪਣੇ ਆਪ ਨੂੰ ਸਾਵਾਂ ਕਰਦਿਆਂ ਫਿਰ ਕਿਹਾ।
ਮੈਂ ਚਾਚੀ ਦੀਆਂ ਗੱਲਾਂ ਸੁਣਦਿਆਂ ਮਹਿਸੂਸ ਕੀਤਾ ਕਿ ਉਹ ਆਪਣੇ ਪਰਿਵਾਰ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਬਹੁਤਾ ਆਪਣੇ ਇਕਲਾਪੇ ਦਾ ਦਰਦ ਬਿਆਨ ਕਰ ਰਹੀ ਸੀ। ਇਹ ਤਰਾਸਦੀ ਚਾਚੀ ਦੀ ਹੀ ਨਹੀਂ ਬਹੁਤ ਸਾਰੇ ਬਜ਼ੁਰਗ ਪੰਜਾਬੀਆਂ ਦੀ ਬਣ ਚੁੱਕੀ ਹੈ। ਜ਼ਮੀਨਾਂ ਵੇਚ ਕੇ ਬਹੁਤੇ ਨੌਜਵਾਨ ਮੁੰਡੇ-ਕੁੜੀਆਂ ਬਾਹਰਲੇ ਮੁਲਕਾਂ ਨੂੰ ਦੌੜ ਰਹੇ ਹਨ। ਬਹੁਤੇ ਵਿਦੇਸ਼ੀਂ ਪੈਸਾ ਕਮਾਉਣ ਗਏ ਆਪਣੇ ਬੱਚਿਆਂ ਨੂੰ ਮੱਥਿਆਂ ’ਤੇ ਹੱਥ ਰੱਖ-ਰੱਖ ਪਿੰਡ ਨੂੰ ਆਉਂਦੀ ਸੜਕ ਵੱਲ ਇੰਜ ਵੇਖਦੇ ਹਨ, ਜਿਵੇਂ ਗਵਾਚ ਚੁੱਕੀਆਂ ਪੈੜਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋਣ। ਇਕਲਾਪਾ ਹੰਢਾਉਂਦੇ ਇੱਥੇ ਰੁਜ਼ਗਾਰ ਨਾ ਮਿਲਣ ਕਰਕੇ ਸਮੇਂ ਦੀਆਂ ਸਰਕਾਰਾਂ ਨੂੰ ਕੋਸਦੇ ਹੀ ਜਹਾਨੋਂ ਕੂਚ ਕਰ ਜਾਂਦੇ ਹਨ।
“ਵੇ ਸ਼ਿੰਦਿਆ, ਵਹੁਟੀ ਤਾਂ ਹਾਲੇ ਵੀ ਡੋਲ਼ਿਓਂ ਕੱਢੀ ਲਗਦੀ ਆ, ਤੂੰ ਤਾਂ ਮੇਰੇ ਨਾਲੋਂ ਵੀ ਵੱਧ ਬੱਗਾ ਹੋ ਗਿਆ ਏਂ? ਅੱਜ ਕੱਲ੍ਹ ਤਾਂ ਬਥੇਰਾ ਕੁਝ ਮਿਲ ਜਾਂਦਾ ਆ ਲਾਉਣ ਨੂੰ, ਅਜੇ ਕੱਲ੍ਹ ਦੀਆਂ ਗੱਲਾਂ ਨੇ ਚਾਚੇ ਤੇਰੇ ਦੇ ਵਿਆਹ ਵਿੱਚ ਭੈਣ ਮਹਿੰਦਰ ਕੌਰ ਦੀ ਢਾਕ ਨਾਲ ਈ ਚਿੱਚੜ ਵਾਂਗ ਚਿੰਬੜਿਆ ਰਹਿੰਦਾ ਸੈਂ।” ਚਾਚੀ ਨੇ ਗੱਲਬਾਤ ਦਾ ਵਿਸ਼ਾ ਬਦਲਿਆ, ਜਿਸ ਨੂੰ ਸੁਣ ਕੇ ਕੋਲ ਬੈਠੀ ਮੇਰੀ ਪਤਨੀ ਚੁੰਨੀ ਦਾ ਪੱਲਾ ਮੂੰਹ ਅੱਗੇ ਕਰਕੇ ਹੱਸ ਪਈ। ਗੀਤੇ ਦੀ ਵਹੁਟੀ ਵੀ ਰਸੋਈ ਦੀ ਖੁੱਲ੍ਹੀ ਖਿੜਕੀ ਵਿੱਚੋਂ ਸੱਸ ਦੀਆਂ ਗੱਲਾਂ ਸੁਣ ਕੇ ਮੁਸਕਰਾ ਰਹੀ ਸੀ।
“ਓ ਚਾਚੀ, ਪਹਿਲੀ ਗੱਲ ਤਾਂ ਇਹ ਕਿ ਇਹ ਹੁਣ ਵਹੁਟੀ ਨਹੀਂ, ਤੇਰੇ ਵਾਂਗ ਦਾਦੀ ਆ। ਦੂਜਾ, ਇਹ ਸਿਰ ਰੰਗ ਕੇ ਵਹੁਟੀ ਬਣੀ ਫਿਰਦੀ ਆ, ਮੈਂ ਮੂੰਹ ਰੰਗਦਾ ਨਹੀਂ, ਬੱਸ, ਇਹੀ ਫਰਕ ਆ।” ਮੈਂ ਵੀ ਚਾਚੀ ਵਾਂਗ ਮਾਹੌਲ ਰੰਗੀਨ ਬਣਾਉਣ ਦੀ ਕੋਸ਼ਿਸ਼ ਕੀਤੀ।
“ਵੇ ਕਮਲ਼ਿਆ, ਨੂੰਹਾਂ ਦਾਦੀਆਂ ਬਣ ਕੇ ਵੀ ਵਹੁਟੀਆਂ ਹੀ ਰਹਿੰਦੀਆਂ ਨੇ!” ਜਿਵੇਂ ਪੁੱਤਰ ਮਾਵਾਂ ਦੇ ਹੁੰਦਿਆਂ ਬੁੱਢੇ ਹੋ ਕੇ ਵੀ ‘ਵੇ’ ਸੁਣ ਕੇ ਜਵਾਨ ਬਣ ਜਾਂਦੇ ਨੇ।” ਚਾਚੀ ਦੀ ਗੱਲ ਪੂਰੀ ਕਰਦਿਆਂ ਮੈਂ ਵੀ ਆਪਣੇ-ਆਪ ਨੂੰ ਗੱਭਰੂ ਤਸੱਵਰ ਕਰਦਿਆਂ ਕਿਹਾ।
“ਤੂੰ ਠੀਕ ਆਖਦਾ ਏਂ ਮੇਰੇ ਬੱਚਿਆ।” ਆਖਦੀ ਚਾਚੀ ਸਿਰਹਾਣੇ ਦਾ ਆਸਰਾ ਲੈ ਕੇ ਟੇਢੀ ਜਿਹੀ ਹੋ ਗਈ, ਜਿਵੇਂ ਬੈਠੀ-ਬੈਠੀ ਨੇ ਥਕਾਵਟ ਮਹਿਸੂਸ ਕੀਤੀ ਹੋਵੇ।
“ਵੇ ਸ਼ਿੰਦਿਆ, ਆਂਹਦੇ ਨੇ ਬਾਹਰ ਸਹੂਲਤਾਂ ਈ ਬੜੀਆਂ ਨੇ! ਇੱਥੇ ਤਾਂ ਚਾਚਾ ਤੇਰਾ ਤੇ ਭਾਈਆ ਦੋਵੇਂ ਈ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਸੀ, ਪੂਰੀ ਫਿਰ ਵੀ ਨਹੀਂ ਪੈਂਦੀ ਸੀ। ਹੁਣ ਸਭ ਕੁਝ ਆ, ਪਰ ਵੇਖਣ ਵਾਲੇ ਨਹੀਂ ਰਹੇ। ਵਕਤ ਦਾ ਪਹੀਆ ਕੁਝ ਜ਼ਿਆਦਾ ਈ ਤੇਜ਼ ਨਹੀਂ ਘੁੰਮ ਰਿਹਾ?” ਚਾਚੀ ਫਿਰ ਉੱਠ ਕੇ ਬੈਠ ਗਈ, ਜਿਵੇਂ ਕੋਈ ਗੱਲਾਂ ਕਰਨ ਵਾਲਾ ਉਸ ਨੂੰ ਮਸਾਂ ਈ ਮਿਲਿਆ ਹੋਵੇ।
ਬੇਸ਼ਕ ਵਿਦੇਸ਼ ਦੀਆਂ ਕਮਾਈਆਂ ਨੇ ਪੰਜਾਬੀਆਂ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਹੈ ਪਰ ਖੂਨ ਦੇ ਰਿਸ਼ਤੇ ਸਿਰਫ਼ ਪੈਸੇ ਤਕ ਹੀ ਸੀਮਤ ਹੋ ਕੇ ਰਹਿ ਗਏ ਹਨ। ਕੱਚੇ ਢਾਰਿਆਂ ਵਿੱਚ ਕਿਲਕਾਰੀਆਂ ਸਨ, ਚਿੜੀਆਂ ਚੂਕਦੀਆਂ ਸਨ ਪਰ ਹੁਣ ਬਹੁਤੀਆਂ ਪੱਕੀਆਂ ਕੋਠੀਆਂ ਸੁੰਨੀਆਂ ਭਾਂ-ਭਾਂ ਕਰ ਰਹੀਆਂ ਹਨ। ਜਿੱਥੇ ਕਬੂਤਰਾਂ ਜਾਂ ਯੂ.ਪੀ. ਅਤੇ ਬਿਹਾਰ ਦੇ ਮਜ਼ਦੂਰਾਂ ਦਾ ਵਾਸਾ ਹੈ। ਕੋਈ-ਕੋਈ ਬਜ਼ੁਰਗ ਮਰਦ ਜਾਂ ਔਰਤ ਚਿੱਟੇ ਕੱਪੜੇ ਪਹਿਨੀ ਕੀਮਤੀ ਐਨਕਾਂ ਤੇ ਖੂੰਡੀ ਹੱਥ ਵਿੱਚ ਫੜੀ ਨਜ਼ਰੀਂ ਪੈਂਦੇ ਹਨ। ਗੱਲਬਾਤ ਕਰਦਿਆਂ ਵਿਦੇਸ਼ ਵਸੇ ਪੁੱਤ-ਪੋਤੇ ’ਤੇ ਮਾਣ ਕਰਦਿਆਂ ਵੀ ਆਪਣੇ ਚਿਹਰੇ ਤੋਂ ਇਕਲਾਪੇ ਦਾ ਦਰਦ ਛੁਪਾਅ ਨਹੀਂ ਸਕਦੇ।
ਗੱਲਾਂਬਾਤਾਂ ਕਰਦਿਆਂ ਧੀਆਂ ਵਰਗੀ ਛੋਟੀ ਭਰਜਾਈ ਟਰੇਅ ਵਿੱਚ ਚਾਹ ਦੇ ਨਾਲ ਨਿਕਸੁਕ ਰੱਖੀ ਹਾਜ਼ਰ ਹੋ ਗਈ। ਚਾਹ ਪੀਂਦਿਆਂ ਗੀਤੇ ਨੇ ਵੀ ਪੱਠਿਆਂ ਦੀ ਪੰਡ ਟੋਕੇ ਪਿੱਛੇ ਲਿਆ ਸੁੱਟੀ। ਸਿਰ ਦੇ ਪਰਨੇ ਨਾਲ ਪਸੀਨਾ ਸਾਫ਼ ਕਰਦਾ ਗੀਤਾ ਮੈਨੂੰ ਖੇਤਾਂ ਦਾ ਅਸਲ ਪੁੱਤ ਲੱਗਾ। ਉਸਨੇ ਸਾਡੇ ਦੋਵਾਂ ਜੀਆਂ ਦੇ ਵਾਰੀ-ਵਾਰੀ ਗੋਡੇ ਛੂਹੇ। ਆਪਣੀ ਵਹੁਟੀ ਕੋਲੋਂ ਪਾਣੀ ਦਾ ਗਲਾਸ ਫੜ ਕੇ ਪੀਣ ਤੋਂ ਬਾਅਦ ਦੁਬਾਰਾ ਉੱਠ ਕੇ ਬੈਠ ਚੁੱਕੀ ਚਾਚੀ ਲਾਗੇ ਬੈਠਦਾ ਬੋਲਿਆ, “ਬੀਬੀ, ਉਂਜ ਤਾਂ ਤੂੰ ਸਾਰਾ ਦਿਨ ਈ ਆਹ ਦੁਖਦਾ, ਆਹ ਦੁਖਦਾ ਆਖਦੀ ਰਹਿਨੀ ਏਂ, ਹੁਣ ਤਾਂ ਇਵੇਂ ਲਗਦਾ ਜਿਵੇਂ ਕੋਈ ਅਹੁਰ ਈ ਨਾ ਹੋਵੇ!”
“ਆਹੋ, ... ਜਿੱਦਣ ਤੇਰਾ ਇੱਕੋ-ਇੱਕ ਬਾਹਰ ਚਲਾ ਗਿਆ, ਓਦਣ ਤੈਨੂੰ ਆਪੇ ਪਤਾ ਲੱਗ ’ਜੂ ਮਾਂ-ਪਿਓ ਦੀਆਂ ਬਿਮਾਰੀਆਂ ਕੀ ਹੁੰਦੀਆਂ ਨੇ!” ਚਾਚੀ ਨੇ ਪੁੱਤ ਨੂੰ ਮੋੜ ਦਿੱਤਾ, ਜੋ ਸਿਆਣਾ ਗੀਤਾ ਸਮਝਦਾ ਸੀ।
“ਵੇ ਸ਼ਿੰਦਿਆ, ਨੂੰਹ-ਪੁੱਤ ਵੀ ਪੱਲੇ ਬੰਨ੍ਹਦੇ ਈ ਕਿ ਨਹੀਂ? ਆਂਹਦੇ ਨੇ ਸ਼ਹਿਰੀਏ ਬੁੱਢਿਆਂ ਨੂੰ ਘੱਟ ਈ ਗੌਲਦੇ ਨੇ!” ਇਹ ਗੱਲ ਚਾਚੀ ਨੇ ਸ਼ਾਇਦ ਦੋ ਪੁੱਤ ਸ਼ਹਿਰ ਰਹਿੰਦੇ ਹੋਣ ਕਰਕੇ ਆਪਣੇ ਨਿੱਜੀ ਤਜਰਬੇ ਵਿੱਚੋਂ ਆਖੀ ਸੀ।
“ਚਾਚੀ, ਬੱਚੇ ਜ਼ਾਇਦਾਦ ਕਰਕੇ ਮਾਪਿਆਂ ਨੂੰ ਨਹੀਂ ਸੰਭਾਲਦੇ ਸਗੋਂ ਚੰਗੀ ਸੋਚ ਵਾਲੇ ਹੀ ਸੰਭਾਲਦੇ ਹਨ।”
“ਠੀਕ ਆਖਿਆ ਈ ਪੁੱਤਰਾ, ਅਖੇ, ਪੰਜ ਪੁੱਤ ਪੰਦਰਾਂ ਪੋਤਰੇ ਫਿਰ ਵੀ ਬਾਬਾ ਘਾਹ ਖੋਤਰੇ।” ਚਾਚੀ ਨੇ ਲੋਕ ਸਿਆਣਪ ਆਖ ਕੇ ਦੁਨਿਆਵੀ ਸਚਾਈ ਕਹਿ ਦਿੱਤੀ। ਉਸ ਦਿਨ ਰਾਤ ਰਹਿਣ ਨੂੰ ਜ਼ੋਰ ਪਾਉਂਦੀ ਚਾਚੀ ਤੋਂ ਪੈਰ ਛੂਹ ਕੇ ਵਿਦਾ ਲੈਂਦਿਆਂ ਚਾਚੀ ਨੇ ਮੇਰਾ ਮੋਢਾ ਪਲੋਸਦਿਆਂ ਹਉਕਾ ਜਿਹਾ ਲਿਆ, “ਅੱਛਾ ਪੁੱਤ ਜ਼ਿਉਂਦਾ ਰਹਿ, ਛੇਤੀ ਗੇੜਾ ਮਾਰੀਂ। ਨਦੀ ਨਾਮ ਸੰਯੋਗੀਂ ਮੇਲੇ” ਆਖਦਿਆਂ ਚਾਚੀ ਦੀਆਂ ਡੂੰਘੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਸੀ।
ਗੀਤੇ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੈਂ ਬਾਹਰ ਵਾਲਿਆਂ ਨੂੰ ਪੁੱਛਿਆ ਸੀ, ਜੇ ਕੋਈ ਆ ਸਕੇ ਤਾਂ ਭੋਗ ਸਤਾਰ੍ਹਵੀਂ ’ਤੇ ਪਾ ਲਵਾਂਗੇ ਪਰ ਸਾਰਿਆਂ ਨੇ ਹੀ ਨਾ ਆਉਣ ਦੀ ਆਪੋ-ਆਪਣੀ ਮਜਬੂਰੀ ਦੱਸੀ ਹੈ। ਭੋਗ ਦਸਵੇਂ ’ਤੇ ਹੀ ਪਾਵਾਂਗੇ।
ਚਾਚੀ ਦੇ ਭੋਗ ’ਤੇ ਨਾ ਪਹੁੰਚਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਸਾਝਰੇ ਤੁਰ ਕੇ ਵੀ ਅਸੀਂ ਜਦੋਂ ਪਿੰਡ ਪਹੁੰਚੇ ਤਾਂ ਨੌਂਵੇਂ ਪਾਤਸ਼ਾਹ ਦੇ ਉਚਾਰੇ ਸ਼ਲੋਕ ਚੱਲ ਰਹੇ ਸਨ, ਜਿਨ੍ਹਾਂ ਵਿੱਚ ਗੁਰੂ ਜੀ ਦੁਨਿਆਵੀ ਮਨੁੱਖ ਨੂੰ ਜੀਵਨ ਦੇ ਅਸਲ ਸੱਚ ਦੇ ਰੂਬਰੂ ਕਰਵਾਉਂਦੇ ਆਖਦੇ ਹਨ। ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੇ ਜਿਉਂ ਬਾਲੂ ਕੀ ਭੀਤਿ॥
ਭੋਗ ’ਤੇ ਗਿਆਂ ਗੀਤਾ ਅਤੇ ਉਸਦੀ ਵਹੁਟੀ, ਦੋਵੇਂ ਜੀਅ ਲੇਰ ਮਾਰ ਕੇ ਸਾਡੇ ਗਲ਼ ਨਾਲ ਚਿੰਬੜ ਕੇ ਇੰਜ ਹੁਬਕੀਂ ਰੋਏ ਜਿਵੇਂ ਉਨ੍ਹਾਂ ਦਾ ਮਾਂ ਮੋਈ ਤੋਂ ਬਾਅਦ ਅੱਜ ਹੀ ਰੋਣ ਦਾ ਕੜ ਟੁੱਟਿਆ ਹੋਵੇ। ਮੈਂ ਗੀਤੇ ਨੂੰ ਬਾਹਵਾਂ ਵਿੱਚ ਘੁੱਟਦਿਆਂ ਪਿੱਠ ਥਪ-ਥਪਾਅ ਕੇ ਦਿਲਾਸਾ ਦਿੱਤਾ ਪਰ ਭਰੇ ਗਲ਼ੇ ਕਰਕੇ ਮੇਰੇ ਕੋਲੋਂ ਵੀ ਬੋਲ ਨਹੀਂ ਹੋਇਆ। “ਹੌਸਲਾ ਕਰ ਮੇਰਾ ਵੀਰ, ਜੇ ਤੁਸਾਂ ਹੀ ਦਿਲ ਛੱਡ ਦਿੱਤਾ, ਫਿਰ ਸਾਰੇ ਕੰਮ ਕੌਣ ਵੇਖੂ?” ਮੇਰੀ ਪਤਨੀ ਨੇ ਦਰਾਣੀ ਦੇ ਨਾਲ ਗੀਤੇ ਦੇ ਵੀ ਮੋਢੇ ’ਤੇ ਹੱਥ ਰੱਖ ਕੇ ਹੌਸਲਾ ਦਿੱਤਾ।
ਸਾਵੇਂ ਹੋ ਕੇ ਦੋਵਾਂ ਜੀਆਂ ਨੇ ਦੱਸਿਆ ਕਿ ਜਿਸ ਦਿਨ ਦਾ ਸਾਡਾ ਬੇਟਾ ਘਰੋਂ ਗਿਆ ਹੈ, ਉਸ ਦਿਨ ਤੋਂ ਹੀ ਬੀਬੀ ਨੇ ਅੰਨ ਮੂੰਹ ਨੂੰ ਨਹੀਂ ਲਾਇਆ ਸੀ। ਇਹੀ ਆਖੀ ਜਾਂਦੀ ਸੀ, “ਹੁਣ ਮੈਨੂੰ ਬਿੱਟੂ ਨੇ ਨਹੀਂ ਮਿਲਣਾ।” ਇਹ ਦੱਸਦਿਆਂ ਦੋਵੇਂ ਜੀਅ ਫਿਰ ਰੋਣ ਲੱਗ ਪਏ।
ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਸਨ। ਘਰ ਦੇ ਨਾਲ ਲੱਗਦੇ ਖੱਲ੍ਹੇ ਥਾਂ ਵਿੱਚ ਲੱਗਾ ਕੀਮਤੀ ਟੈਂਟ ਕਿਸੇ ਪੈਲੇਸ ਦਾ ਭੁਲੇਖਾ ਪਾ ਰਿਹਾ ਸੀ। ਗੀਤੇ ਨੇ ਸਾਨੂੰ ਵੀ ਪਹਿਲਾਂ ਚਾਹ ਪੀਣ ਲਈ ਆਖਿਆ ਤੇ ਨਾਲ ਹੀ ਆਉਣ ਵਾਲਿਆਂ ਨੂੰ ਇਸ਼ਾਰਾ ਕੀਤਾ। ਚਾਹ ਪੀ ਕੇ ਜਦੋਂ ਅਸੀਂ ਬਾਬਾ ਜੀ ਦੇ ਪ੍ਰਕਾਸ਼ ਵਾਲੀ ਥਾਂ ਪਹੁੰਚੇ ਤਾਂ ਉੱਥੇ ਵੱਡੀ ਸਾਰੀ ਟੀ.ਵੀ ਸਕਰੀਨ ’ਤੇ ਲਾਈਵ ਚੱਲ ਰਿਹਾ ਸੀ। ਵਿਦੇਸ਼ ਰਹਿੰਦਾ ਚਾਚੀ ਦਾ ਪੂਰਾ ਪਰਿਵਾਰ ਵੀ ਲਾਈਵ ਜੁੜਿਆ ਹੋਇਆ, ਪ੍ਰੋਗਰਾਮ ਵੇਖ ਰਿਹਾ ਸੀ। ਭੋਗ ਤੋਂ ਮਗਰੋਂ ਰਾਗੀ ਸਿੰਘਾਂ ਵੱਲੋਂ ਸੋਗ ਮਈ ਕੀਰਤਨ ਤੋਂ ਬਾਅਦ ਕਥਾ ਵਿਖਿਆਨ ਕਰਦਿਆਂ ਛੋਟੀ ਕਿਸਾਨੀ ਵਿੱਚੋਂ ਮਿਹਨਤ ਨਾਲ ਬੱਚਿਆਂ ਨੂੰ ਉੱਚੇ ਮੁਕਾਮਾਂ ’ਤੇ ਪਹੁੰਚਾਉਣ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ ਜਾ ਰਹੇ ਸਨ। ਹਰੇਕ ਵਾਸਤੇ ਸਲੱਗ ਔਲਾਦ ਦੀਆਂ ਪ੍ਰਮਾਤਮਾ ਤੋਂ ਦਾਤਾਂ ਮੰਗੀਆਂ ਗਈਆਂ। ਲਾਈਵ ਸਕਰੀਨ ’ਤੇ ਕਦੀ-ਕਦੀ ਕੋਈ ਨੂੰਹ-ਧੀ ਆਪਣੀ ਚੀਚੀ ਨਾਲ ਅੱਖ ਵਿੱਚ ਆਇਆ ਹੰਝੂ ਸਾਫ਼ ਕਰ ਲੈਂਦੀ ਪਰ ਪੰਜਾਬੀਆਂ ਵਾਲਾ ਕੋਈ ਰੋਣਾ-ਧੋਣਾ ਨਹੀਂ ਸੀ। ਉਨ੍ਹਾਂ ਵਾਸਤੇ ਤਾਂ ਇੰਨਾ ਹੀ ਕਾਫ਼ੀ ਸੀ ਕਿ ਉਹ ਹਜ਼ਾਰਾਂ ਮੀਲ ਦੂਰ ਹੋ ਕੇ ਵੀ ਨਵੀਂ ਤਕਨੀਕ ਨਾਲ ਆਪਣੇ ਬਜ਼ੁਰਗ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹਨ। ਗੀਤੇ ਅਤੇ ਉਸਦੀ ਪਤਨੀ ਦੇ ਚਿਹਰੇ ’ਤੋਂ ਮਾਂ ਦੀ ਮੌਤ ਤੇ ਇਕਲਾਪੇ ਦੀ ਪੀੜ ਸਾਫ਼ ਪੜ੍ਹੀ ਜਾ ਸਕਦੀ ਸੀ। ਡਾਲਰ ਤੇ ਪੌਂਡ ਉਨ੍ਹਾਂ ਦਾ ਜੀਵਨ ਤਾਂ ਸੌਖਾ ਕਰ ਸਕਦੇ ਸਨ ਪਰ ਮੋਈ ਮਾਂ ਨਹੀਂ ਮੋੜ ਸਕਦੇ ਸਨ।
ਮੈਨੂੰ ਵੀਹ-ਬਾਈ ਦਿਨ ਪਹਿਲਾਂ ਮਿਲਣ ਆਇਆਂ ਚਾਚੀ ਵੱਲੋਂ ਆਖੇ ਬੋਲ ਯਾਦ ਆ ਰਹੇ ਸਨ, ‘ਨਦੀ ਨਾਮ ਸੰਯੋਗੀਂ ਮੇਲੇ, ਮੈਨੂੰ ਮਰੀ ਨੂੰ ਕੀਹਨੇ ਰੋਣਾ ਪੁੱਤ!”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5582)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)