“ਇੱਕ ਵਜੇ ਤਕ ਘੋੜੀ ’ਤੇ ਬੈਠਾ ਤੁਰ੍ਹਲੇ ਵਾਲਾ ਥਾਣੇਦਾਰ ਤੇ ਦੋ ਸਿਪਾਹੀ ...”
(12 ਫਰਵਰੀ 2025)
ਮਨੁੱਖੀ ਜੀਵਨ ਵਿੱਚ ਕਈ ਘਟਨਾਵਾਂ ਜਾਂ ਯਾਦਾਂ ਅਜਿਹੀਆਂ ਹੁੰਦੀਆਂ ਹਨ ਜੋ ਚੇਤਿਆਂ ਵਿੱਚੋਂ ਮਨਫੀ ਨਹੀਂ ਹੁੰਦੀਆਂ। ਇਹ ਵਾਕਿਆ ਕੋਈ ਅਠਵੰਜਾ ਸਾਲ ਪੁਰਾਣਾ ਹੈ ਜੋ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ...
ਮੈਂ ਭਾਰਤੀ ਫੌਜ ਵਿੱਚੋਂ ਅਠਾਈ ਸਾਲ ਨੌਕਰੀ ਕਰਨ ਬਾਅਦ ਸੇਵਾ ਮੁਕਤ ਹੋ ਕੇ ਘਰ ਆ ਗਿਆ ਸਾਂ। ਬੱਚੇ ਕੁਝ ਪਛੜ ਕੇ ਹੋਏ ਸਨ। ਛੋਟਾ ਬੇਟਾ ਡੇਢ ਕੁ ਸਾਲ ਦਾ ਹੋਵੇਗਾ। ਉਹ ਜ਼ਿਦ ਕਰਦਾ ਰੋਂਦਾ ਇੰਜ ਲਗਦਾ ਜਿਵੇਂ ਉਸ ਨੂੰ ਬਹੁਤ ਹੀ ਤਕਲੀਫ ਹੋਵੇ। ਡਾਕਟਰ ਆਖਦੇ, ਕੋਈ ਨਹੀਂ, ਆਪੇ ਰੋਣੋ ਹਟ ਜਾਵੇਗਾ। ਕਿਸੇ ਔਰਤ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸ ਪਾਈ ਕਿ ਨੇੜਲੇ ਪਿੰਡੋਂ ਬਿੱਲੂ ਬਾਬੇ ਕੋਲੋਂ ਹੱਥ ਹੌਲ਼ਾ ਕਰਵਾਓ। ਮੈਂ ਅਜਿਹੇ ਬਾਬਿਆਂ ਵਿੱਚ ਕੋਈ ਯਕੀਨ ਨਹੀਂ ਸੀ ਰੱਖਦਾ ਪਰ ਪੁੱਤਰ ਮੋਹ ਕਰਕੇ ਤੇ ਪਤਨੀ ਦੇ ਜ਼ੋਰ ਪਾਉਣ ’ਤੇ ਮਜਬੂਰ ਹੋ ਕੇ ਜਾਣਾ ਪਿਆ। ਬਾਬੇ ਦੇ ਡੇਰੇ ਸਾਡੇ ਵਰਗੇ ਹੋਰ ਲੋਕ ਵੀ ਆਏ ਹੋਏ ਸਨ। ਫੌਜ ਵਿੱਚ ਇੱਕ ਉਸਤਾਦ ਨੇ ਦੱਸਿਆ ਸੀ ਕਿ ਕਿਸੇ ਵੀ ਬੰਦੇ ਦੀ ਪਛਾਣ ਉਸਦੀਆਂ ਅੱਖਾਂ ਤੋਂ ਬਹੁਤ ਜਲਦੀ ਹੁੰਦੀ ਹੈ। ਤਕਨੀਕੀ ਯੁਗ ਵਿੱਚ ਇਹ ਸਿੱਧ ਵੀ ਹੋ ਚੁੱਕਾ ਹੈ। ਆਪਣੀ ਵਾਰੀ ਆਉਣ ’ਤੇ ਜਦੋਂ ਬੱਚੇ ਦੀ ਤਕਲੀਫ ਦੱਸਦਿਆਂ ਮੇਰੀ ਨਜ਼ਰ ਬਿੱਲੂ ਬਾਬੇ ਨਾਲ ਮਿਲੀ ਤਾਂ ਮੈਨੂੰ ਇੰਝ ਲੱਗਾ ਜਿਵੇਂ ਮੈਂ ਇਸ ਸ਼ਖ਼ਸ ਨੂੰ ਪਹਿਲਾਂ ਕਿਤੇ ਵੇਖਿਆ ਹੈ। ਸੁਹਣੀ ਸਿਹਤ ਅਤੇ ਭਖਦੇ ਚਿਹਰੇ ’ਤੇ ਭਰਵੀਂ ਚਾਂਦੀ ਰੰਗੀ ਦਾਹੜੀ ਨਾਲ ਉਸਦੀ ਉਮਰ ਮੈਨੂੰ ਸੱਤਰ ਤੋਂ ਉੱਪਰ ਹੀ ਲੱਗੀ। ਬਿੱਲੂ ਬਾਬੇ ਨੇ ਮੋਰ ਦੇ ਖੰਭਾਂ ਨਾਲ ਦੋ ਕੁ ਮਿੰਟ ਮਿਣ-ਮਿਣ ਕਰਕੇ ਸਾਨੂੰ ਕਿਹਾ, “ਚਿੰਤਾ ਕਰਨ ਦੀ ਲੋੜ ਨਹੀਂ, ਮਾਹਰਾਜ ਮਿਹਰ ਕਰਨਗੇ।”
ਇਹ ਕੁਝ ਤਾਂ ਡਾਕਟਰ ਵੀ ਆਖਦੇ ਸਨ ਪਰ ਮੇਰੇ ਜ਼ਿਹਨ ਵਿੱਚ ਬਾਬੇ ਬਿੱਲੂ ਦੀਆਂ ਅੱਖਾਂ ਵਿਚਲਾ ਪਿਛੋਕੜ ਖੌਰੂ ਪਾਉਣ ਲੱਗ ਪਿਆ। ਹੋਰ ਪਿਛਾਂਹ ਵੱਲ ਝਾਕਦਿਆਂ ਮੇਰੇ ਦਿਮਾਗ ਦੇ ਚਿੱਤਰਪੱਟ ’ਤੇ ਤਸਵੀਰ ਸਾਫ ਹੋਣ ਲੱਗ ਪਈ। ਖਿਆਲ ਆਇਆ, ਇਹ ਤਾਂ ‘ਬਿੱਲੂ ਚੋਰ’ ਲਗਦਾ ਹੈ, ਜਿਸ ਨੂੰ ਮੈਂ ਬੋਹੜ ਥੱਲੇ ਕੁੱਤੀਆਂ ਵਾਲੇ ਸਿਪਾਹੀ ਵੱਲੋਂ ਕੁੱਟ ਹੁੰਦਾ ਵੇਖਿਆ ਸੀ।
ਮੈਂ ਉਦੋਂ ਛੇਵੀਂ ਜਮਾਤ ਵਿੱਚ ਛੇ-ਸੱਤ ਪਿੰਡਾਂ ਨੂੰ ਲਗਦੇ ਸਾਂਝੇ ਮਿਡਲ ਸਕੂਲ ਵਿੱਚ ਪੜ੍ਹ ਰਿਹਾ ਸਾਂ। ਪਿੰਡ ਦੇ ਹੋਰ ਬੱਚਿਆਂ ਨਾਲ ਤਕਰੀਬਨ ਦੋ ਮੀਲ ਪੈਦਲ ਤੁਰ ਕੇ ਸਕੂਲ ਜਾਂਦੇ। ਉਹ ਸਕੂਲ ਨੇੜਲੇ ਪਿੰਡ ਦੇ ਨਾਂ ’ਤੇ ਸੀ ਪਰ ਨੇੜੇ ਇੱਕ ਗੁਰਦੁਆਰੇ ਪਰ੍ਹੋ ਸਾਹਿਬ ਕਰਕੇ ਜ਼ਿਆਦਾ ਮਸ਼ਹੂਰ ਸੀ, ਜਿੱਥੇ ਹਰੇਕ ਸੰਗਰਾਂਦ ਵਾਲੇ ਦਿਨ ਸਕੂਲ ਦੇ ਸਾਰੇ ਬੱਚੇ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਬੜੇ ਸਲੀਕੇ ਨਾਲ ਹਰੇਕ ਜਮਾਤ ਦੇ ਅਧਿਆਪਕ ਦੀ ਅਗਵਾਈ ਹੇਠ ਲਾਈਨਾਂ ਬਣਾ ਕੇ ਗੁਰਦੁਆਰਾ ਸਾਹਿਬ ਪਹੁੰਚਦੇ ਹੁੰਦੇ ਸਨ। ਬਾਬਾ ਜੀ ਪਾਠ ਤੋਂ ਬਾਅਦ ਮਹੀਨਾ ਸੁਣਾਉਂਦੇ। ਪ੍ਰਸ਼ਾਦ ਲੈ ਕੇ ਸਾਡੇ ਵਾਪਸ ਜਮਾਤਾਂ ਵਿੱਚ ਪਹੁੰਚਣ ਤਕ ਤੀਸਰੇ ਪੀਰਡ ਦੀ ਟੱਲੀ ਵੱਜ ਜਾਂਦੀ। ਉਸ ਦਿਨ ਕੁੱਟਣ ਵਾਲੇ ਮਾਸਟਰਾਂ ਦੇ ਲੰਘੇ ਦੋ ਪੀਰਡਾਂ ਦੀ ਖੁਸ਼ੀ ਸਾਰਾ ਦਿਨ ਰਹਿੰਦੀ।
ਅਸੀਂ ਅਕਸਰ ਘਰਾਂ ਤੋਂ ਜਲਦੀ ਸਕੂਲ ਆ ਕੇ ਪ੍ਰਾਰਥਨਾ ਦੀ ਟੱਲੀ ਵੱਜਣ ਤਕ ਖੇਡਦੇ ਰਹਿੰਦੇ। ਉਸ ਦਿਨ ਪ੍ਰਾਰਥਨਾ ਦੀ ਟੱਲੀ ਵੱਜ ਹੀ ਨਹੀਂ ਰਹੀ ਸੀ। ਖੇਡਣ ਲਈ ਵੱਧ ਸਮਾਂ ਮਿਲਣ ਕਰਕੇ ਅਸੀਂ ਖੁਸ਼ ਸਾਂ। ਅਚਾਨਕ ਹੈੱਡਮਾਸਟਰ ਜੀ ਦੇ ਦਫਤਰ ਅੱਗੇ ਕੁਝ ਮਾਸਟਰ ਅਤੇ ਸੱਤਵੀਂ-ਅੱਠਵੀਂ ਜਮਾਤ ਦੇ ਬੱਚੇ ਇਕੱਠੇ ਹੋਏ ਨਜ਼ਰ ਪਏ। ਉਤਸੁਕਤਾ ਵੱਸ ਖੇਡਣਾ ਬੰਦ ਕਰ ਕੇ ਅਸੀਂ ਉੱਧਰ ਚਲੇ ਗਏ। ਸਕੂਲ ਦਾ ਚਪੜਾਸੀ ਦੇਵੀ ਰਾਮ ਜਾਰ-ਜਾਰ ਰੋ ਰਿਹਾ ਸੀ ਤੇ ਮਾਸਟਰ ਉਸ ਨੂੰ ਚੁੱਪ ਕਰਵਾ ਰਹੇ ਸਨ। ਉਹ ਇੱਕ ਹੀ ਰਟ ਲਾ ਰਿਹਾ ਸੀ ਕਿ ਉਹ ਹੁਣ ਇੱਥੇ ਨਹੀਂ ਰਹੇਗਾ।
ਕੁਝ ਸਮੇਂ ਬਾਅਦ ਹੈੱਡਮਾਸਟਰ ਜੀ ਵੀ ਆ ਗਏ। ਪਤਾ ਲੱਗਾ ਕਿ ਕੁਝ ਚੋਰਾਂ ਨੇ ਗੁਰਦੁਆਰਾ ਸਾਹਿਬ ਚੋਰੀ ਕਰਨ ਤੋਂ ਬਾਅਦ ਦੇਵੀ ਰਾਮ ਜੀ ਦੇ ਘਰ ਵੜ ਕੇ ਉਸ ਦੀ ਪਤਨੀ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਰੌਲਾ ਪਾਉਣ ਕਰਕੇ ਉਹ ਭੱਜ ਗਏ ਸਨ। ਦੇਵੀ ਰਾਮ ਬਹੁਤ ਹੀ ਡਰਿਆ ਹੋਇਆ ਸੀ। ਹੈੱਡਮਾਸਟਰ ਜੀ ਨੇ ਬੜੇ ਪਿਆਰ ਨਾਲ ਦੇਵੀ ਰਾਮ ਨੂੰ ਗਲ਼ ਨਾਲ ਲਾਉਂਦਿਆਂ ਕਿਹਾ, “ਦੇਵੀ ਰਾਮ, ਇਹ ਤੇਰੀ ਨਹੀਂ, ਇਲਾਕੇ ਦੀ ਇੱਜ਼ਤ ਦਾ ਸਵਾਲ ਹੈ। ਤੂੰ ਚਿੰਤਾ ਨਾ ਕਰ, ਅਸੀਂ ਤੇਰੇ ਨਾਲ ਹਾਂ।”
ਉਸੇ ਵੇਲੇ ਹੈੱਡਮਾਸਟਰ ਜੀ ਨੇ ਸਾਰੇ ਪਿੰਡਾਂ ਦੇ ਅੱਠਵੀਂ ਜਮਾਤ ਦੇ ਦੋ-ਦੋ ਮੁੰਡੇ ਬੁਲਾ ਕੇ ਉਨ੍ਹਾਂ ਨੂੰ ਆਪਣੇ-ਆਪਣੇ ਪਿੰਡ ਦੇ ਸਰਪੰਚ ਨੂੰ ਸੱਦ ਕੇ ਲਿਆਉਣ ਲਈ ਕਿਹਾ।
ਉਨ੍ਹਾਂ ਵੇਲਿਆਂ ਵਿੱਚ ਸਕੂਲ ਮੁਖੀ ਵੱਲੋਂ ਸਰਪੰਚ ਨੂੰ ਸੱਦਣਾ ਕਿਸੇ ਥਾਣੇਦਾਰ ਤੋਂ ਘੱਟ ਨਹੀਂ ਸੀ ਹੁੰਦਾ। ਉਸ ਦਿਨ ਜਮਾਤਾਂ ਨਹੀਂ ਲੱਗੀਆਂ। ਮਾਹੌਲ ਸੋਗੀ ਜਿਹਾ ਹੋ ਗਿਆ ਕਿਉਂਕਿ ਦੇਵੀ ਰਾਮ ਸਕੂਲ ਦੇ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ।
ਜਲਦੀ ਹੀ ਸਾਰੇ ਪਿੰਡਾਂ ਦੇ ਸਰਪੰਚ ਸਕੂਲ ਆ ਗਏ। ਹੈੱਡਮਾਸਟਰ ਜੀ ਵੱਲੋਂ ਸਕੂਲੇ ਬੁਲਾਉਣ ਦਾ ਕਾਰਨ ਸੁਣ ਕੇ ਸਾਰੇ ਸਰਪੰਚ ਥਾਣੇ ਪਹੁੰਚ ਗਏ। ਇੱਕ ਵਜੇ ਤਕ ਘੋੜੀ ’ਤੇ ਬੈਠਾ ਤੁਰ੍ਹਲੇ ਵਾਲਾ ਥਾਣੇਦਾਰ ਤੇ ਦੋ ਸਿਪਾਹੀ ਹੱਥਾਂ ਵਿੱਚ ਬੈਂਤ ਦੇ ਮੋਟੇ ਡੰਡੇ ਫੜੀ ਪੈਦਲ ਹੀ ਸਕੂਲ ਪਹੁੰਚ ਗਏ। ਤਿੰਨ ਚੋਰ ਸ਼ਾਮ ਤਕ ਪੁਲਿਸ ਨੇ ਫੜ ਲਏ। ਚੌਥਾ ਕਾਬੂ ਨਹੀਂ ਆਇਆ। ਅਗਲੇ ਦਿਨ ਸਾਰੇ ਪਿੰਡਾਂ ਦੇ ਹੋਰ ਲੋਕ ਵੀ ਸਕੂਲ ਵਿੱਚ ਆ ਗਏ। ਉਦੋਂ ਥਾਣੇ ਵਿੱਚ ਇੱਕ ਸਿਪਾਹੀ ‘ਕੁੱਤੀਆਂ ਵਾਲਾ’ ਕਰਕੇ ਬੜਾ ਮਸ਼ਹੂਰ ਹੁੰਦਾ ਸੀ। ਚੋਰਾਂ ਬਦਮਾਸ਼ਾਂ ਨੂੰ ਕੁੱਟਣ ਵੇਲੇ ਉਸਦਾ ਤਕੀਆ ਕਲਾਮ ਹੁੰਦਾ, “ਮੈਂ ਤਾਂ ਕੁੱਤੀਆਂ ਕੰਧਾਂ ’ਤੇ ਚੜ੍ਹਾ ਦੂੰ!” ਚੋਰਾਂ ਦੀਆਂ ਚੀਕਾਂ ਸੁਣ ਕੇ ਵਾਕਿਆ ਹੀ ਕੁੱਤੇ ਚੂਕਣ ਲੱਗ ਪੈਂਦੇ ਸਨ। ਬਿੱਲੂ ਚੋਰ ਦੂਸਰਿਆਂ ਨਾਲੋਂ ਉਮਰ ਵਿੱਚ ਵੱਡਾ ਸੀ। ਥਾਣੇਦਾਰ ਕੁੱਤੀਆਂ ਵਾਲੇ ਸਿਪਾਹੀ ਨੂੰ ਵਾਰ-ਵਾਰ ਆਖ ਰਿਹਾ ਸੀ, “ਬਿੱਲੂ ਨੂੰ ਪੁੱਛ ਚੌਥਾ ਚੋਰ ਕੌਣ ਹੈ!”
ਸਕੂਲ ਵਾਲੇ ਵੱਡੇ ਬੋਹੜ ਥੱਲੇ ਚੋਰਾਂ ਨੂੰ ਮਾਰ ਪੈਂਦੀ ਵੇਖ ਸਾਨੂੰ ਸਾਰੇ ਬੱਚਿਆਂ ਨੂੰ ਡਰ ਲੱਗੀ ਜਾ ਰਿਹਾ ਸੀ। ਸਾਰੀਆਂ ਪੰਚਾਇਤਾਂ ਅਤੇ ਥਾਣੇਦਾਰ ਦੀ ਸਲਾਹ ਨਾਲ ਫੈਸਲਾ ਹੋਇਆ ਕਿ ਚੋਰਾਂ ਦੇ ਮੂੰਹ ਕਾਲੇ ਕਰਕੇ, ਗਲ਼ਾਂ ਵਿੱਚ ਛਿੱਤਰਾਂ ਦੇ ਹਾਰ ਪਾ ਕੇ, ਖੋਤਿਆਂ ਉੱਪਰ ਬਿਠਾ ਕੇ ਸਾਰੇ ਪਿੰਡਾਂ ਵਿੱਚ ਘੁਮਾਇਆ ਜਾਵੇ ਤਾਂ ਜੋ ਦੁਬਾਰਾ ਕੋਈ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰੇ।
ਸਾਡੇ ਪਿੰਡ ਵਿੱਚ ਘੁਮਿਆਰ ਬਿਰਾਦਰੀ ਰਹਿੰਦੀ ਸੀ, ਇਸ ਕਰਕੇ ਖੋਤੇ ਸਾਡੇ ਪਿੰਡੋਂ ਮੰਗਵਾਏ ਗਏ। ਬਿੱਲੂ ਸਮੇਤ ਤਿੰਨਾਂ ਚੋਰਾਂ ਦੇ ਮੂੰਹ ਕਾਲ਼ੇ ਕਰਕੇ, ਗਲ਼ ਛਿੱਤਰਾਂ ਦੇ ਹਾਰ ਪਾ ਕੇ ਸਕੂਲ ਨੂੰ ਲਗਦੇ ਸਾਰੇ ਪਿੰਡਾਂ ਵਿੱਚ ਉਨ੍ਹਾਂ ਨੂੰ ਘੁਮਾਇਆ ਗਿਆ।
“ਇਹ ਕੌਣ ਨੇ! ਕੋਈ ਬੋਲਦਾ ਤਾਂ ਮਗਰ ਲੋਕ ਬੋਲਦੇ, “ਪਰ੍ਹੋ ਦੇ ਚੋਰ।”
ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ। ਉਸ ਵੇਲੇ ਚੋਰਾਂ ਨੂੰ ਮਿਸਾਲੀ ਸਜ਼ਾ ਮਿਲੀ ਸੀ। ਜੇ ਅੱਜ ਵਰਗਾ ਸਮਾਂ ਹੁੰਦਾ ਤਾਂ ਔਰਤ ਦੇ ਅਧਿਕਾਰਾਂ ਅਤੇ ਚੋਰੀ ਨੂੰ ਕਿਸੇ ਨੇ ਪੁੱਛਣਾ ਨਹੀਂ ਸੀ। ਅਦਾਲਤ ਤੋਂ ਬਿਨਾਂ ਚੋਰਾਂ ਦੇ ਮੂੰਹ ਕਾਲੇ ਅਤੇ ਛਿੱਤਰਾਂ ਦੇ ਹਾਰਾਂ ਦੀ ਸਜ਼ਾ ਦੇ ਵਿਰੋਧ ਵਿੱਚ ਕਈ ਸਮਾਜ ਸੇਵੀ ਅਤੇ ਮਨੁੱਖੀ ਅਧਿਕਾਰਾਂ ਦੇ ਅਖੌਤੀ ਰਾਖਿਆਂ ਖੜ੍ਹੇ ਹੋ ਜਾਣਾ ਸੀ।
ਜ਼ਲੀਲ ਹੋਏ ਦੋ ਚੋਰ ਤਾਂ ਪਿੰਡ ਹੀ ਛੱਡ ਗਏ। ਬਿੱਲੂ ਨੂੰ ਪੁਲਿਸ ਦੀ ਮਾਰ ਸੁਆਰ ਗਈ। ਉਹ ਵੱਡੇ ਭਰਾ ਨਾਲ ਵਾਹੀ ਕਰਨ ਲੱਗ ਪਿਆ। ਹੌਲੀ-ਹੌਲੀ ਲੋਕ ਭੁੱਲ-ਭੁਲਾ ਗਏ। ਦਸਵੀਂ ਦੀ ਪੜ੍ਹਾਈ ਵਿੱਚੇ ਛੱਡ ਕੇ ਮੈਂ ਸਾਢੇ ਸਤਾਰਾਂ ਸਾਲਾਂ ਦਾ ਹੀ ਫੌਜ ਵਿੱਚ ਭਰਤੀ ਹੋ ਗਿਆ। ਬਿੱਲੂ ਵੱਡੇ ਭਰਾ ਦੀ ਮੌਤ ਤੋਂ ਬਾਅਦ ਭਰਜਾਈ ’ਤੇ ਚਾਦਰ ਪਾ ਕੇ ਗ੍ਰਹਿਸਥੀ ਬਣ ਕੇ ਜੀਵਨ ਗੁਜ਼ਾਰਨ ਲੱਗ ਪਿਆ। ਅੱਖਾਂ ਕਰਕੇ ਮੈਂ ਬਿੱਲੂ ਬਾਬੇ ਵਿਚਲਾ ਚੋਰ ਤਰਤਾਲੀ ਸਾਲ ਬਾਅਦ ਵੀ ਪਛਾਣ ਲਿਆ। ਅਗਲੇ ਦਿਨ ਮੈਂ ਲੋਕਾਂ ਦੇ ਆਉਣ ਤੋਂ ਪਹਿਲਾਂ ਹੀ ਬਿੱਲੂ ਬਾਬੇ ਦੇ ਡੇਰੇ ਆਪਣਾ ਸ਼ੱਕ ਦੂਰ ਕਰਨ ਲਈ ਪਹੁੰਚ ਗਿਆ। ਜਦੋਂ ਮੈਂ ਦੱਸਿਆ, “ਮੈਂ ਫੌਜੀ ਹਾਂ ਤੇ ਸਕੂਲ ਪੜ੍ਹਦੇ ਸਮੇਂ ਮੈਂ ਤੈਨੂੰ ਪੁਲਿਸ ਦੀ ਮਾਰ ਪੈਂਦੀ ਵੇਖੀ ਸੀ। ਉਦੋਂ ਚੋਰ ਬਣ ਕੇ ਲੋਕਾਂ ਨੂੰ ਲੁੱਟਦਾ ਸੀ, ਅੱਜ ਸਾਧ ਬਣ ਕੇ ਲੁੱਟ ਰਿਹਾ ਏਂ!”
ਬਿੱਲੂ ਬਾਬਾ ਜਲਦੀ ਨਾਲ ਬਾਹਰ ਦਾ ਦਰਵਾਜ਼ਾ ਬੰਦ ਕਰਕੇ ਮੇਰੇ ਅੱਗੇ ਗਿੜਗੜਾਉਂਦਾ ਬੋਲਿਆ, “ਫੌਜੀਆ, ਵਾਸਤਾ ਈ ਰੱਬ ਦਾ, ਮੇਰੇ ਪੱਲੇ ਇੱਕ ਸਾਧ ਦੇ ਗੁਰਮੰਤਰ ਤੋਂ ਬਗੈਰ ਕੁਝ ਵੀ ਨਹੀਂ। ਸ਼ਾਇਦ ਉਹ ਵੀ ਮੇਰੇ ਵਾਂਗ ਚੋਰ ਤੋਂ ਬਾਅਦ ਸਾਧ ਬਣਿਆ ਹੋਊ। ਖੱਜਲ਼ ਹੁੰਦਾ ਉਹ ਮੇਰੇ ਖੂਹ ’ਤੇ ਆ ਗਿਆ ਸੀ। ਉਸ ਸਾਧ ਨੇ ਕਿਹਾ ਸੀ, “ਸਾਧ ਬਣ ਜਾ, ਚੋਰੀ ਕਰਨ ਦੀ ਲੋੜ ਨਹੀਂ, ਸ਼ਰਧਾਲੂ ਆਪ ਹੀ ਮਾਲਾਮਾਲ ਕਰ ਦੇਣਗੇ। ... ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ।”
ਬਿੱਲੂ ਚੋਰ ਨਿਮਾਣਾ ਬਣਿਆ ਖੜ੍ਹਾ ਸੀ। ਮੈਂ ਤਾਂ ਕੁਝ ਹੋਰ ਬੋਲੇ ਬਗੈਰ ਵਾਪਸ ਆ ਗਿਆ ਪਰ ਬਾਬਾ ਬਿੱਲੂ ਜਲਦੀ ਹੀ ਖਾੜਕੂਆਂ ਵੱਲੋਂ ਸੋਧ ਦਿੱਤਾ ਗਿਆ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)