“ਜਿਸ ਗੁਰੂ ਨੇ ਆਪਣਾ ਸਾਰਾ ਜੀਵਨ ਹਜ਼ਾਰਾਂ ਮੀਲ ਪੈਦਲ ਤੁਰ ਕੇ ਆਪਣੇ ਉਪਦੇਸ਼ਾਂ ਦੀ ਕਰਾਮਾਤ...”
(12 ਨਵੰਬਰ 2025)
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਗੁਰੂ ਹੀ ਨਹੀਂ ਸਨ, ਸਮੁੱਚੀ ਮਾਨਵਤਾ ਦੇ ਗੁਰੂ ਹਨ। ਇਸ ਲਈ ਗੁਰੂ ਜੀ ਨੂੰ ਜਗਤਗੁਰੂ ਬਾਬਾ ਨਾਨਕ ਵੀ ਕਿਹਾ ਜਾਂਦਾ ਹੈ। ਗੁਰੂ ਜੀ ਵਾਸਤੇ ਸੰਬੋਧਨੀ ਸ਼ਬਦ ‘ਬਾਬਾ ਨਾਨਕ’ ਜਾਂ ‘ਬਾਬੇ ਨਾਨਕ ਨੇ ਕਿਹਾ’ ਇਵੇਂ ਵਰਤਿਆ ਜਾਂਦਾ ਹੈ ਜਿਵੇਂ ਕਿਸੇ ਯਾਰ ਦੋਸਤ ਨੂੰ ਬੁਲਾਇਆ ਜਾਂਦਾ ਹੋਵੇ। ਇਸ ਸਮੇਂ ਪੂਰੀ ਦੁਨੀਆ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਆਗਮਨ ਪੁਰਬ ਸੰਨ 2021 ਵਿੱਚ ਮਨਾਇਆ ਜਾ ਰਿਹਾ ਹੈ।
ਕਿਸੇ ਵੀ ਮੁਲਕ ਵਿੱਚ ਵਸਣ ਵਾਲੇ ਲੋਕ ਇੱਕ ਕੌਮ ਅਖਵਾਉਂਦੇ ਹਨ। ਉਰਦੂ ਦੇ ਮਸ਼ਹੂਰ ਸ਼ਾਇਰ ਡਾ. ਮੁਹੰਮਦ ਇਕਬਾਲ ਆਪਣੇ ਕਲਾਮ ਵਿੱਚ ਲਿਖਦੇ ਹਨ:
ਕੌਮ ਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ,
ਕਦਰ ਪਹਿਚਾਨੀ ਨਾ ਆਪਣੇ ਗੌਹਰੇ ਯਕ-ਦਾਨਾ ਕੀ।”
ਭਾਵ, ਹਿੰਦੋਸਤਾਨੀ ਕੌਮ ਨੇ ਗੌਤਮ ਬੁੱਧ ਦੀ ਸਿੱਖਿਆ ਦੀ ਪ੍ਰਵਾਹ ਨਹੀਂ ਕੀਤੀ। ਸਿੱਪ ਦੇ ਵਿੱਚੋਂ ਨਿਕਲਣ ਵਾਲੇ ਇੱਕੋ-ਇੱਕ ਮੋਤੀ ਦੀ ਕਦਰ ਨਹੀਂ ਪਾ ਸਕੇ। ਡਾ. ਇਕਬਾਲ ਅੱਗੇ ਲਿਖਦੇ ਹਨ ਕਿ ਗੌਤਮ ਬੁੱਧ ਤੋਂ ਤਕਰੀਬਨ ਦੋ ਹਜ਼ਾਰ ਸਾਲ ਬਾਅਦ:
ਫਿਰ ਉੱਠੀ ਆਖਰ ਸਦਾਅ ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਇੱਕ ਮਰਦਿ-ਕਾਮਲ ਨੇ ਜਗਾਇਆ ਖ਼ਵਾਬ ਸੇ।
ਭਾਵ, ਇੱਕ ਵਾਰ ਫਿਰ ਮਨੁੱਖੀ ਸਮਾਨਤਾ ਵਾਲੇ ਸਮਾਜ ਦੀ ਆਵਾਜ਼ ਪੰਜਾਬ ਵਿੱਚੋਂ ਫਿਰ ਬੁਲੰਦ ਹੋਈ। ਉਹ ਆਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੀ। ਇੱਥੇ ਬੜਾ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਭਾਰਤੀਆਂ ਨੇ ਮਨੁੱਖੀ ਸਮਾਜ ਦੀ ਸਮਾਨਤਾ ਦੇ ਹਾਮੀ ਬਾਬੇ ਨਾਨਕ ਦੇ ਫਲਸਫੇ ਨੂੰ ਆਪਣੇ-ਆਪ ’ਤੇ ਲਾਗੂ ਕੀਤਾ ਹੈ? ਜਵਾਬ ਨਹੀਂ ਵਿੱਚ ਹੈ। ਜਿੱਥੇ ਪ੍ਰਚਾਰਕਾਂ ਨੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਪ੍ਰਚਾਰ ਕੇ ਲੋਕਾਂ ਨੂੰ “ਸੱਭੇ ਸਾਂਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97) ਦਾ ਸੁਨੇਹਾ ਦੇਣਾ ਸੀ, ਉੱਥੇ ਬਾਬੇ ਨੂੰ ਸਿਰਫ ਕਰਾਮਾਤੀ ਪ੍ਰਚਾਰ ਕੇ ਛੁਟਿਆਇਆ ਹੈ। ਅਜਿਹੇ ਗਿਆਨ ਵੰਡਣ ਵਾਲਿਆਂ ਨੂੰ ਬਾਬਾ ਜੀ ਆਪਣੀ ਬਾਣੀ ਵਿੱਚ ਇੰਜ ਕਹਿੰਦੇ ਹਨ, “ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ॥ ਊਚੇ ਕੂਕਹਿ ਵਾਅਦਾ ਗਾਵਹਿ ਜੋਧਾ ਕਾ ਵੀਚਾਰੁ॥ (ਪੰਨਾ 469) ਜੇ ਬਾਬਾ ਕਰਾਮਾਤੀ ਹੁੰਦਾ, ਭਾਵ, ਸਾਖੀਆਂ ਅਨੁਸਾਰ, “ਚੱਲ ਮਰਦਾਨਿਆ ਮੀਟ ਅੱਖਾਂ” ਕਹਿ ਕੇ ਨਵੇਂ ਸਥਾਨ ’ਤੇ ਪਹੁੰਚ ਕੇ ਆਖਣਾ “ਮਰਦਾਨਿਆ ਖੋਲ੍ਹ ਅੱਖਾਂ” ਫਿਰ ਤਾਂ ਬਾਬੇ ਨੇ ਬਹੁਤ ਘੱਟ ਸਮੇਂ ਵਿੱਚ ਹੀ ਹਜ਼ਾਰਾਂ ਮੀਲ ਸਫਰ ਕਰਕੇ ਅਜੋਕੇ ਬਾਬਿਆਂ ਵਾਂਗ ਨਜ਼ਾਰੇ ਲੈਣੇ ਸਨ। ਹਾਂ, ਬਾਬੇ ਦੀ ਹਾਜ਼ਰ ਜੁਆਬੀ ਅਤੇ ਤਰਕਪੂਰਨ ਦਲੀਲਾਂ ਜ਼ਰੂਰ ਕਰਾਮਤੀ ਹਨ। ਬਿਨਾਂ ਜਾਤ-ਪਾਤ ਦੇ ਭੇਦ-ਭਾਵ ਅਤੇ ਬਰਾਬਰ ਸਮਾਜ ਦੀ ਗੱਲ ਕਰਦੇ ਬਾਬੇ ਦੇ ਇਹ ਬੋਲ ਹੀ ਕਾਫ਼ੀ ਹਨ, “ਏਕੁ ਪਿਤਾ ਏਕਸੁ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥ (611) ਜ਼ਰਾ ਗੌਰ ਕਰਿਓ, ਅੱਜ ਅਸੀਂ ਵੱਖਰੇ-ਵੱਖਰੇ ਰੱਬ ਬਣਾ ਕੇ ਪੂਜਾ ਕਰਦੇ ਬਾਬੇ ਦੇ ਫਲਸਫੇ ਨੂੰ ਲਾਗੂ ਕਰ ਰਹੇ ਹਾਂ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ - ਰੋਜ਼ ਕਹਿੰਦੇ ਹਾਂ ਪਰ ਸਰਬੱਤ ਦੇ ਭਲੇ ਬਾਰੇ ਕਿੰਨਾ ਕੁ ਸੋਚਦੇ ਹਾਂ? ਗੁਰੂ ਸਾਹਿਬ ਦਾ ਜਨਮ ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਅਨੁਸਾਰ ਸੁਦੀ 3 (20 ਵਿਸਾਖ) ਸੰਮਤ 1526 (15 ਅਪਰੈਲ 1469 ਈ.) ਵਿੱਚ ਰਾਇ ਭੋਇ ਦੀ ਤਲਵੰਡੀ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਬੇਦੀ ਕਾਲੂ ਚੰਦ ਜੀ ਦੇ ਗ੍ਰਹਿ ਵਿਖੇ ਦਾਈ ਦੌਲਤਾਂ ਦੇ ਹੱਥਾਂ ਵਿੱਚ ਹੋਇਆ। ਇਹ ਅਸਥਾਨ ਵਰਤਮਾਨ ਵਿੱਚ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ। ਪਿਤਾ ਮਹਿਤਾ ਕਾਲੂ ਜੀ ਉਸ ਵੇਲੇ ਪਟਵਾਰੀ ਸਨ ਤੇ ਪਰਿਵਾਰ ਸਰਵਸੰਪਨ ਸੀ। ਉਸ ਸਮੇਂ ਲੋਧੀ ਵੰਸ਼ ਭਾਰਤ ’ਤੇ ਰਾਜ ਕਰ ਰਿਹਾ ਸੀ। ਗੁਰੂ ਜੀ ਬਚਪਨ ਤੋਂ ਹੀ ਜ਼ਹੀਨ ਬੁੱਧੀ ਦੇ ਮਾਲਕ ਸਨ। ਸੰਮਤ 1532 ਵਿੱਚ ਗੁਰੂ ਜੀ ਨੂੰ ਮੁਢਲੀ ਵਿੱਦਿਆ ਗੋਪਾਲ ਪੰਡਿਤ ਪਾਸ ਪ੍ਰਾਪਤ ਕਰਨ ਲਈ ਭੇਜਿਆ ਗਿਆ। ਸੰਮਤ 1535 ਵਿੱਚ ਪੰਡਿਤ ਬ੍ਰਿਜ ਲਾਲ ਪਾਸੋਂ ਗੁਰੂ ਜੀ ਨੇ ਸੰਸਕ੍ਰਿਤ ਦੀ ਪੜ੍ਹਾਈ ਕੀਤੀ ਅਤੇ ਸੰਮਤ 1539 ਵਿੱਚ ਮੌਲਵੀ ਕੁਤਬੁਦੀਨ ਪਾਸ ਫਾਰਸੀ ਪੜ੍ਹਨ ਬੈਠੇ। ਇਨ੍ਹਾਂ ਤਿੰਨਾਂ ਉਸਤਾਦਾਂ ਨੂੰ ਗੁਰੂ ਜੀ ਨੇ ਆਪਣੇ ਆਤਮਿਕ ਬਲ ਨਾਲ ਸ਼ਗਿਰਦ ਬਣਾ ਕੇ ਵੀ ਸਮਝਾਇਆ ਕਿ ਵਿੱਦਿਆ ਦੇ ਤੱਤ ਜਾਣੇ ਬਿਨਾਂ ਪੜ੍ਹਿਆ ਹੋਇਆ ਵੀ ਮੂਰਖ ਹੈ।
ਆਪਣੀ ਬਾਣੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, “ਵਿੱਦਿਆ ਵਿਚਾਰੀ ਤਾਂ ਪਰਉਪਕਾਰੀ॥ (ਪੰਨਾ 356) ਪੁਰਾਤਨ ਜਨਮ-ਸਾਖੀ ਅਨੁਸਾਰ: ਜਦੋਂ ਗੁਰੂ ਜੀ ਨੂੰ ਮੁਢਲੀ ਵਿੱਦਿਆ ਪ੍ਰਾਪਤ ਕਰਨ ਵਾਸਤੇ ਪਾਂਧੇ ਕੋਲ ਭੇਜਿਆ ਗਿਆ ਤਾਂ ਬਾਲ ਗੁਰੂ ਜੀ ਪਾਂਧੇ ਨੂੰ ਹੀ ਉਲਟੇ ਅਧਿਆਤਮਿਕ ਕਿਸਮ ਦੇ ਸਵਾਲ ਕਰਨ ਲੱਗ ਪਏ। ਗੁਰੂ ਜੀ ਦੇ ਸਵਾਲਾਂ ਦਾ ਪਾਂਧੇ ਕੋਲ ਕੋਈ ਉੁੱਤਰ ਨਹੀਂ ਸੀ। ਜਦੋਂ ਪਾਂਧਾ ਗੁਰੂ ਜੀ ਨੂੰ ਪੜ੍ਹਾਉਣ ਲੱਗਾ ਤਾਂ ਗੁਰੂ ਜੀ ਫੌਰਨ ਬੋਲੇ, “ਹੇ ਪਾਂਧੇ, ਤੇਰੇ ਜੋਗ ਕਿਆ ਆਂਵਦਾ ਹੈ ਜੋ ਮੇਰੇ ਤਾਈਂ ਪੜ੍ਹਾਂਵਦਾ ਹੈ।” ਉਸ ਤੋਂ ਬਾਅਦ ਪਾਂਧੇ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਸ ਬਾਲਕ ਨੂੰ ਦੁਨਿਆਵੀ ਪੜ੍ਹਾਈ ਦੀ ਲੋੜ ਨਹੀਂ, ਇਹ ਤਾਂ ਕੋਈ ਇਲਾਹੀ ਜੋਤ ਹੈ। ਪੜ੍ਹਾਈ ਮੁਤੱਲਕ ਗੁਰੂ ਜੀ ਆਸਾ ਦੀ ਵਾਰ ਵਿੱਚ ਲਿਖਦੇ ਹਨ, “ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇਕ ਗਲ ਹੋਰੁ ਹਊਮੈ ਝਖਣਾ ਝਾਖ॥ (ਪੰਨਾ467) ਭਾਵ: ਪੁਸਤਕਾਂ ਭਾਵੇਂ ਗੱਡੇ ਦਾ ਲੱਦ ਪੜ੍ਹ ਲਓ, ਸਾਲ-ਮਹੀਨੇ ਅਤੇ ਸਾਰੇ ਸਾਹ ਤੇ ਪੂਰੀ ਉਮਰ ਪੜ੍ਹਨ ਦੇ ਬਾਵਜੂਦ ਸੱਚਾ ਜੀਵਨ ਹੀ ਦਰਗਾਹ ਵਿੱਚ ਪਰਵਾਨ ਹੋਣਾ ਹੈ, ਕਰਮ ਕਾਂਡ ਅਤੇ ਧਰਮ ਗ੍ਰੰਥ ਰਟ ਕੇ ਨਹੀਂ। ਗੁਰੂ ਜੀ ਲਿਖਦੇ ਹਨ, “ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ॥ (991) ਭਾਵ: ਜਦੋਂ ਗੁਰੂ ਜੀ ਕਰਾਮਾਤਾਂ ਨਾਲ ਨਹੀਂ, ਆਪਣੇ ਤਰਕਮਈ ਵਿਚਾਰਾਂ ਨਾਲ ਲੋਕਾਂ ਨੂੰ ਸਮਝਾਉਂਦੇ ਸਨ ਤਾਂ ਉਦੋਂ ਵੀ ਵਿਰੋਧੀਆਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸਨ। 19ਵੀਂ ਸਦੀ ਵਿੱਚ ਵੀ ਕਈ ਅਖੌਤੀ ਧਰਮ ਪ੍ਰਚਾਰਕਾਂ ਨੇ ਲਿਖਿਆ ਕਿ ਗੁਰੂ ਜੀ ਨੂੰ ਸੰਸਕ੍ਰਿਤ ਨਹੀਂ ਆਉਂਦੀ ਸੀ। ਅਨਪੜ੍ਹ ਅਤੇ ਗੰਵਾਰ ਲੋਕ ਉਨ੍ਹਾਂ ਦੇ ਪਿੱਛੇ ਲੱਗ ਗਏ ਸਨ, ਜੋ ਤਰਕਸੰਗਤ ਨਹੀਂ ਹੈ ਕਿਉਂਕਿ ਗੁਰੂ ਜੀ ਨੇ ਬਕਾਇਦਾ ਸੰਸਕ੍ਰਿਤ ਅਤੇ ਫਾਰਸੀ ਦੇ ਉਸਤਾਦਾਂ ਪਾਸੋਂ ਵਿੱਦਿਆ ਪ੍ਰਾਪਤ ਕੀਤੀ ਸੀ। ਹਿੰਦੂ ਰੀਤ ਅਨੁਸਾਰ ਗੁਰੂ ਜੀ ਨੂੰ ਜਨੇਊ ਧਾਰਨ ਕਰਾਉਣ ਵਾਸਤੇ ਕਾਲੂ ਚੰਦ ਜੀ ਵੱਲੋਂ ਕੁੱਲ ਪਰੋਹਿਤ ਪੰਡਿਤ ਹਰਦਿਆਲ ਜੀ ਨੂੰ ਪ੍ਰਬੰਧ ਕਰਨ ਲਈ ਕਿਹਾ ਗਿਆ। ਜਦੋਂ ਪਰੋਹਿਤ ਨੇ ਮੰਤਰ ਉਪਦੇਸ਼ ਸਹਿਤ ਜਨੇਊ ਪਾਉਣਾ ਚਾਹਿਆ ਤਾਂ ਗੁਰੂ ਜੀ ਨੇ ਤਰਕਸੰਗਤ ਢੰਗ ਨਾਲ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਜਿਸਨੂੰ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਇੰਜ ਲਿਖਦੇ ਹਨ, “ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ (ਪੰਨਾ471) ਗੁਰੂ ਜੀ ਦਾ ਤਰਕ ਹੈ ਕਿ ਸਾਨੂੰ ਅਜਿਹੇ ਜਨੇਊ ਦੇ ਬੰਧਨ ਵਿੱਚ ਬੱਝਣਾ ਚਾਹੀਦਾ ਹੈ ਜੋ ਨਾ ਮੈਲਾ ਹੋਵੇ, ਨਾ ਟੁੱਟੇ, ਨਾ ਜਲੇ, ਸਬਰ ਸੰਤੋਖ ਅਤੇ ਸੱਚ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦੇਵੇ।
ਹਰੇਕ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸਦਾ ਜਵਾਨ ਹੋਇਆ ਪੁੱਤਰ ਉਸਦਾ ਕਾਰੋਬਾਰ ਸੰਭਾਲੇ ਅਤੇ ਹੋਰ ਅੱਗੇ ਵਧਾਵੇ। ਇਸ ਵਾਸਤੇ ਪਿਤਾ ਕਾਲੂ ਜੀ ਨੇ ਪੁੱਤਰ ਨੂੰ ਕੁਝ ਰਕਮ ਦੇ ਕੇ ਵਪਾਰ ਜਾਂ ਕੋਈ ਕਾਰੋਬਾਰ ਕਰਨ ਲਈ ਘਰੋਂ ਤੋਰਿਆ ਪਰ ਗੁਰੂ ਸਾਹਿਬ ਜਿਨ੍ਹਾਂ ਲੋਕਾਂ ਨੂੰ ਪੈਸੇ ਦੀ ਲੋੜ ਸੀ, ਉਨ੍ਹਾਂ ਲੋੜਵੰਦਾਂ ਨੂੰ ਭੋਜਨ ਛਕਾ ਕੇ ਵਾਪਸ ਆ ਗਏ। ਖਾਲੀ ਹੱਥ ਮੁੜੇ ਗੁਰੂ ਜੀ ਨੂੰ ਪਿਤਾ ਵੱਲੋਂ ਬਹੁਤ ਖਰੀਆਂ ਖੋਟੀਆਂ ਸੁਣਨੀਆਂ ਪਈਆਂ ਪਰ ਗੁਰੂ ਜੀ ਅਡੋਲ ਰਹੇ। ਇਹ ਘਟਨਾ ਸੱਚੇ-ਸੌਦੇ ਦੇ ਨਾਂ ਨਾਲ ਸਾਖੀਆਂ ਵਿੱਚ ਦਰਜ ਹੈ। ਨੂਰੀ ਜੋਤ ਨੂੰ ਦੁਨਿਆਵੀ ਪਿਤਾ ਜੀ ਪਛਾਣ ਨਾ ਸਕੇ ਪਰ ਭੈਣ ਨਾਨਕੀ ਨੇ ਆਪਣੇ ਵੀਰ ਨੂੰ ਪਛਾਣ ਲਿਆ ਸੀ। ਭੈਣ ਨਾਨਕੀ ਸੁਲਤਾਨਪੁਰ ਲੋਧੀ ਕਾਰੋਬਾਰੀ ਜੈ ਰਾਮ ਜੀ ਨਾਲ ਵਿਆਹੀ ਹੋਈ ਸੀ। ਸੰਮਤ 1542 ਵਿੱਚ ਗੁਰੂ ਜੀ ਸੁਲਤਾਨਪੁਰ ਲੋਧੀ ਭੈਣ ਕੋਲ ਚਲੇ ਗਏ। ਉੱਥੇ ਜੀਜਾ ਜੀ ਨੇ ਗੁਰੂ ਜੀ ਨੂੰ ਮੋਦੀਖਾਨੇ ਨੌਕਰੀ ’ਤੇ ਲਵਾ ਦਿੱਤਾ। ਮੋਦੀਖਾਨੇ ਵਿੱਚ ਲੋੜਵੰਦਾਂ ਨੂੰ ਤੋਲ ਕੇ ਅਨਾਜ ਵੰਡਿਆ ਜਾਂਦਾ ਸੀ। ਜਨਮ-ਸਾਖੀ ਅਨੁਸਾਰ ਅਨਾਜ ਤੋਲਦਿਆਂ ਗੁਰੂ ਜੀ ਪ੍ਰਭੂ ਭਗਤੀ ਵਿੱਚ ਲੀਨ ਹੋ ਜਾਂਦੇ ਸਨ। ਇਸ ਤਰ੍ਹਾਂ ਹੀ ਇੱਕ ਦਿਨ ਅਨਾਜ ਤੋਲਦੇ ਸਮੇਂ ਤੇਰਾਂ ਅੰਕ ’ਤੇ ਆ ਕੇ ਰੁਕ ਗਏ ਤੇ ਤੇਰਾ-ਤੇਰਾ ਆਖਦੇ ਬਿਨਾਂ ਹਿਸਾਬ ਰੱਖੇ ਹੀ ਅਨਾਜ ਤੋਲੀ ਗਏ। ਕਿਸੇ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਨਾਨਕ ਤਾਂ ਸਾਰੀ ਦੁਕਾਨ ਹੀ ਲੁਟਾਈ ਜਾ ਰਿਹਾ ਹੈ। ਜਦੋਂ ਦੁਕਾਨ ਦਾ ਹਿਸਾਬ-ਕਿਤਾਬ ਮਿਲਾਇਆ ਗਿਆ ਤਾਂ ਅਨਾਜ ਵੱਧ ਹੀ ਸੀ। ਵੇਈਂ ਨਦੀ ਵਿੱਚ ਅਲੋਪ ਹੋਣਾ ਕਈ ਕਰਾਮਾਤਾਂ ਆਦਿ ਨੂੰ ਗੁਰੂ ਜੀ ਨਾਲ ਜੋੜਿਆ ਜਾਂਦਾ ਹੈ ਪਰ ਗੁਰੂ ਜੀ ਇਕਾਂਤ ਵਿੱਚ ਸਿਮਰਨ ਵਿੱਚ ਲੀਨ ਸਨ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਜੀ ਸਧਾਰਨ ਵਿਅਕਤੀ ਨਹੀਂ ਸਨ।
ਸੁਲਤਾਨਪੁਰ ਰਹਿੰਦਿਆਂ ਹੀ 24 ਜੇਠ ਸੰਮਤ 1544 ਵਿੱਚ ਗੁਰੂ ਜੀ ਦੀ ਸ਼ਾਦੀ ਬਟਾਲਾ ਵਾਸੀ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋ ਗਈ। ਜਦੋਂ ਆਪ ਬਟਾਲੇ ਵਿਆਹੁਣ ਆਏ ਸਨ ਤਾਂ ਉੱਥੇ ਇੱਕ ਡਿਗੂੰ-ਡਿਗੂੰ ਕਰਦੀ ਕੱਚੀ ਕੰਧ ਦੇ ਨੇੜੇ ਬਿਠਾਇਆ ਗਿਆ। ਜਦੋਂ ਵਿਆਂਦੜ ਨੂੰ ਕੁੜੀਆਂ ਮਖੌਲ ਕਰ ਰਹੀਆਂ ਸਨ ਤਾਂ ਇੱਕ ਬਿਰਧ ਮਾਈ ਨੇ ਕੁੜੀਆਂ ਨੂੰ ਕਿਹਾ, “ਕਿਤੇ ਕੱਚੀ ਕੰਧ ਡਿਗ ਨਾ ਪਏ, ਲਾੜੇ ਦਾ ਮੰਜਾ ਪਾਸੇ ਕਰ ਲਓ” ਤਾਂ ਗੁਰੂ ਜੀ ਨੇ ਬਚਨ ਕੀਤਾ ਕਿ “ਇਹ ਕੰਧ ਕਦੀ ਨਹੀਂ ਡਿਗੇਗੀ”। ਉਹ ਕੱਚੀ ਕੰਧ ਅੱਜ ਵੀ ਕਸਬੇ ਬਟਾਲੇ ਵਿੱਚ ਉਸੇ ਰੂਪ ਵਿੱਚ ਸ਼ੀਸ਼ੇ ਵਿੱਚ ਸੁਰੱਖਿਅਤ ਸੁਭਾਇਮਾਨ ਹੈ ਤੇ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਕੰਧ ਸਾਹਿਬ ਵੀ ਸ਼ੁਸ਼ੋਭਿਤ ਹੈ। ਹਰ ਸਾਲ ਗੁਰੂ ਜੀ ਦਾ ਵਿਆਹ ਪੁਰਬ ਸੰਗਤਾਂ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਆਪ ਜੀ ਦੇ ਘਰ ਦੋ ਸਪੁੱਤਰ ਪੈਦਾ ਹੋਏ, ਜੋ ਬਾਬਾ ਸ੍ਰੀ ਚੰਦ ਜੀ ਅਤੇ ਲਖ਼ਮੀ ਦਾਸ ਜੀ ਦੇ ਨਾਂਵਾਂ ਨਾਲ ਜਾਣੇ ਜਾਂਦੇ ਹਨ। ਵਹਿਮਾਂ-ਭਰਮਾਂ, ਛੂਆ-ਛੂਤ, ਜਾਤੀ ਭੇਦ-ਭਾਵਾਂ ਵਿੱਚ ਗ੍ਰਸੇ ਅਤੇ ਧਾਰਮਿਕਤਾ ਦੇ ਨਾਂ ’ਤੇ ਲੁੱਟ ਰਹੇ ਮੁੱਲਾਂ-ਮੁਲਾਣੇ ਅਤੇ ਅਖੌਤੀ ਬ੍ਰਾਹਮਣਾਂ ਦੇ ਚੁੰਗਲ ਵਿੱਚੋਂ (ਅੰਧੀ ਰਯਤਿ ਗਿਆਨ ਵਿਹੂਣੀ ਭਾਇ ਭਰੇ ਮੁਰਦਾਰ॥ ਪੰਨਾ469) ਅਨੁਸਾਰ ਬਾਹਰ ਕੱਢਣਾ ਬਹੁਤ ਹੀ ਜ਼ਰੂਰੀ ਸੀ। ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਘਰ ਬੈਠੇ ਉਪਦੇਸ਼ ਕਰਨ ਨਾਲ ਸੰਸਾਰ ’ਤੇ ਪੂਰਨ ਉਪਕਾਰ ਨਹੀਂ ਹੋ ਸਕਦਾ। ਇਸ ਲਈ ਗੁਰੂ ਸਾਹਿਬ ਆਪਣੇ ਸਾਥੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਲੋਕਾਈ ਦਾ ਪਾਰ ਉਤਾਰਾ ਕਰਨ ਹਿਤ ਪਰਿਵਾਰਕ ਮੋਹ ਤਿਆਗ ਕੇ ਸੰਮਤ 1554 ਵਿੱਚ ਯਾਤਰਾ ਲਈ ਨਿਕਲ ਪਏ। ਜਾਤੀ ਭੇਦ-ਭਾਵ ਖਤਮ ਕਰਨ ਦਾ ਸਭ ਤੋਂ ਪਹਿਲਾ ਉਪਦੇਸ਼ ਗੁਰੂ ਜੀ ਨੇ ਆਪਣੇ ਉੱਪਰ ਲਾਗੂ ਕਰਦਿਆਂ ਇੱਕ ਨੀਵੀਂ ਜਾਤ ਵਾਲੇ ਨੂੰ ਆਪਣੇ ਬਰਾਬਰ ਬਿਠਾ ਕੇ ਇਹ ਕਹਿ ਕੇ ਦਿੱਤਾ, “ਨੀਚਾ ਅੰਦਰਿ ਨੀਚੁ ਜਾਤਿ ਨੀਚੀ ਹੂੰ ਅਤਿ ਨੀਚੁ॥ ਨਾਨਕ ਤਿਨ ਕੇ ਸੰਗਿ ਸਾਥ ਵਢਿਆ ਸਿਉ ਕਿਆ ਰੀਸ॥ (ਪੰਨਾ 15)
ਯਾਤਰਾ ਦੌਰਾਨ ਗੁਰੂ ਜੀ ਨੇ ਏਮਨਾਬਾਦ ਵਿੱਚ ਇੱਕ ਕਿਰਤੀ ਤਰਖਾਣ ਭਾਈ ਲਾਲੋ ਦੇ ਘਰ ਠਹਿਰਨ ਨੂੰ ਪਹਿਲ ਦਿੱਤੀ। ਉੱਥੇ ਮਲਿਕ ਭਾਗੋ ਨਾਂ ਦਾ ਇੱਕ ਰਿਸ਼ਵਤਖੋਰ ਖੱਤਰੀ ਸੀ ਜੋ ਸੈਦਪੁਰ (ਏਮਨਾਬਾਦ) ਦੇ ਪ੍ਰਸ਼ਾਸਕ ਜ਼ਾਲਿਮਖਾਨ ਦਾ ਅਹਿਲਕਾਰ ਸੀ। ਮਲਿਕ ਭਾਗੋ ਨੇ ਆਪਣੇ ਮਾਪਿਆਂ ਦਾ ਸਰਾਧ ਕੀਤਾ, ਜਿਸ ਵਿੱਚ ਸਾਰੇ ਪਿੰਡ ਨੂੰ ਰੋਟੀ ਦਾ ਸੱਦਾ ਦਿੱਤਾ ਪਰ ਗੁਰੂ ਜੀ ਨਾ ਗਏ ਤਾਂ ਮਲਿਕ ਭਾਗੋ ਨੇ ਗੁੱਸੇ ਨਾਾਲ ਆਪਣੇ ਨੌਕਰ ਨੂੰ ਕਿਹਾ, “ਇੱਕ ਫਕੀਰ ਨੇ ਸਾਡਾ ਸੱਦਾ ਨਾ ਪਰਵਾਨ ਕਰਕੇ ਚੰਗਾ ਨਹੀਂ ਕੀਤਾ, ਉਸ ਨੂੰ ਦੁਬਾਰਾ ਜਾ ਕੇ ਆਉਣ ਲਈ ਕਹੋ।”
ਸੱਦਣ ਆਏ ਨੌਕਰਾਂ ਨੇ ਦੁਬਾਰਾ ਆ ਕੇ ਮਲਿਕ ਭਾਗੋ ਵੱਲੋਂ ਸੁਨੇਹਾ ਦਿੱਤਾ। ਨਿਮਰਤਾ ਦੇ ਪੁੰਜ ਗੁਰੂ ਜੀ ਨੇ ਮਲਿਕ ਭਾਗੋ ਨੂੰ ਕਿਹਾ, “ਅਸੀਂ ਲੁੱਟ-ਖਸੁੱਟ, ਬੇਈਮਾਨੀ ਅਤੇ ਰਿਸ਼ਵਤਾਂ ਲੈ ਕੇ ਕੀਤੀ ਤੇਰੀ ਕਮਾਈ ਵਿੱਚੋਂ ਭੋਜਨ ਨਹੀਂ ਛਕ ਸਕਦੇ, ਹੱਥੀਂ ਕਿਰਤ ਕਰਕੇ ਲਾਲੋ ਵੱਲੋਂ ਤਿਆਰ ਕੀਤੀ ਕੋਧਰੇ ਦੀ ਰੋਟੀ ਸਾਨੂੰ ਸਕੂਨ ਦਿੰਦੀ ਹੈ। ਮਲਿਕ ਭਾਗੋ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਤੇਰੇ ਇਸ ਸਰਾਧ ਕਰਕੇ ਰਚੇ ਅਡੰਬਰ ਨਾਲ ਤੇਰੇ ਮਾਪਿਆਂ ਨੂੰ ਕੋਈ ਮਹਾਤਮ ਨਹੀਂ ਮਿਲਣਾ। ਸੱਚੀ-ਸੁੱਚੀ ਕਿਰਤ ਕਰਕੇ ਲੋਕਾਂ ਦੀ ਸੇਵਾ ਕਰਕੇ ਆਪਣੇ-ਆਪ ਇਸ ਸਰਾਧ ਦੇ ਬਰਾਬਰ ਹੋ ਜਾਵੇਗਾ।”
ਇਸ ਤਰ੍ਹਾਂ ਹੀ ਮਿੱਠੀ ਬੋਲੀ ਬੋਲ ਕੇ ਸੱਜਣ ਬਣ ਕੇ ਭੋਲੇ-ਭਾਲੇ ਯਾਤਰੀਆਂ ਨੂੰ ਲੁੱਟਣ ਵਾਲੇ ਸੱਜਣ ਠੱਗ, ਕੌਡੇ ਵਰਗੇ ਰਾਖਸ਼ ਬੁੱਧੀ ਦੇ ਮਾਲਕ ਅਤੇ ਕੁਰਾਹੇ ਪਏ ਅਨੇਕਾਂ ਲੋਕਾਂ ਨੂੰ ਗੁਰੂ ਜੀ ਨੇ ਗਿਆਨ ਦੇ ਉਪਦੇਸ਼ ਨਾਲ ਸਿੱਧੇ ਰਸਤੇ ਪਾਇਆ। ਪਿਤਰਾਂ ਦੇ ਸਰਾਧ ਕਰਨ ਵਾਲੇ ਵਹਿਮਾਂ ਭਰਮਾਂ ਦੇ ਮਾਰਿਆਂ ਨੂੰ ਸਮਝਾਉਂਦਿਆਂ ਗੁਰੂ ਜੀ ਆਪਣੀ ਬਾਣੀ ਆਸਾ ਦੀ ਵਾਰ ਵਿੱਚ ਇੰਜ ਲਿਖਦੇ ਹਨ, “ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥ ਵਢੀਅਹਿ ਹੱਥ ਦਲਾਲ ਕੇ ਮੁਸਫੀ ਇਹ ਕਰੇਇ॥ ਨਾਨਕ ਅਗੈ ਸੋ ਮਿਲੇ ਜਿ ਖਟੇ ਘਾਲੇ ਦੇਇ॥ (ਪੰਨਾ472) ਇਸ ਸ੍ਰਿਸ਼ਟੀ ਉੱਤੇ ਆਦਿ-ਜੁਗਾਦਿ ਤੋਂ ਹਮੇਸ਼ਾ ਹੀ ਜ਼ੋਰਾਵਰ ਮਜ਼ਲੂਮ ਉੱਤੇ ਜ਼ੁਲਮ ਢਾਹੁੰਦਾ ਰਿਹਾ ਹੈ। ਉਹ ਜ਼ੋਰਾਵਰ ਬਾਹਰ ਦਾ ਹੋਵੇ ਜਾਂ ਆਪਣੇ ਹੀ ਖਿੱਤੇ ਦਾ। ਮੌਕੇ ਦੇ ਜ਼ੋਰਾਵਰਾਂ ਦਾ ਮੁਕਾਬਲਾ ਵੀ ਸਮੇਂ-ਸਮੇਂ ਸੂਰਮੇ ਤਲਵਾਰ ਨਾਲ ਤੇ ਕਲਮ ਨਾਲ ਵੀ ਕਰਦੇ ਰਹੇ ਹਨ। ਇਸਦੇ ਬਦਲੇ ਯੁੱਧਾਂ ਵਿੱਚ ਸ਼ਹੀਦੀਆਂ, ਜੇਲ੍ਹਾਂ ਵਿੱਚ ਫਾਂਸੀਆਂ ਅਤੇ ਸਾਰੀ ਉਮਰ ਸਲਾਖ਼ਾਂ ਪਿੱਛੇ ਵੀ ਰਹਿਣਾ ਪਿਆ। ਇਹ ਸਿਲਸਿਲਾ ਹਮੇਸ਼ਾ ਜਾਰੀ ਰਹਿੰਦਾ ਹੈ, ਮੁਲਕ ਭਾਵੇਂ ਕੋਈ ਵੀ ਹੋਵੇ। ਸੱਤਾ ਦੇ ਨਸ਼ੇ ਵਿੱਚ ਚੂਰ ਰਾਜਾ ਅਤੇ ਉਸਦੇ ਅਹਿਲਕਾਰ ਜਨਤਾ ਉੱਤੇ ਜ਼ੁਲਮ ਕਰਦੇ ਹਨ। ਲਿਤਾੜੀ ਤੇ ਨਿਮਾਣੀ ਜਨਤਾ ਸਿਰਫ ਸਹਿੰਦੀ ਹੀ ਹੈ। ਉਸ ਵਕਤ ਗਰੀਬੜੀ ਜਨਤਾ ਦਾ ਸ਼ੇਰਾਂ ਤੇ ਕੁੱਤਿਆਂ ਵਾਂਗ ਸ਼ਿਕਾਰ ਕਰਦਿਆਂ ਨੂੰ ਦੇਖ ਗੁਰੂ ਸਾਹਿਬ ਦੀ ਬਾਗ਼ੀ ਸੁਰ ਵਾਲੀ ਕਲਮ ਨੇ ਆਪਣੀ ਬਾਣੀ ਦੇ ਮਾਧਿਅਮ ਰਾਹੀਂ, “ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥ (ਪੰਨਾ 1288) ਕਹਿ ਕੇ ਭੰਡਿਆ। ਹਿੰਦੋਸਤਾਨ ਦੀ ਧਰਤੀ ਦੇ ਬਾਸ਼ਿੰਦੇ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰਾਂ ਚੰਗੇਜ਼, ਸਿਕੰਦਰ, ਅਫਗਾਨ, ਮੁਗਲ ਅਤੇ ਅੰਗਰੇਜ਼ਾਂ ਆਦਿ ਤਕ ਬਾਹਰੀ ਲੁੱਟ ਅਤੇ ਜ਼ੁਲਮਾਂ ਦੇ ਸ਼ਿਕਾਰ ਰਹੇ। ਇਸਦੀ ਗਵਾਹੀ ਤਾਰੀਖ਼ ਦੇ ਪੰਨੇ ਭਰਦੇ ਹਨ। ਕੋਈ ਵੀ ਰਾਜਾ ਕਦੇ ਵੀ ਆਪਣੇ ਰਾਜ ਤੋਂ ਸੰਤੁਸ਼ਟ ਨਹੀਂ ਹੁੰਦਾ। ਉਹ ਹਮੇਸ਼ਾ ਪੂਰੀ ਦੁਨੀਆ ਦਾ ਸਮਰਾਟ ਬਣਨਾ ਲੋਚਦਾ ਹੈ, ਇਸ ਵਾਸਤੇ ਬੇਸ਼ਕ ਉਸ ਨੂੰ ਮਨੁੱਖੀ ਖੂਨ ਦੀਆਂ ਨਦੀਆਂ ਹੀ ਕਿਉਂ ਨਾ ਵਹਾਉਣੀਆਂ ਪੈਣ। ਗੁਰੂ ਸਾਹਿਬ ਦੇ ਸਮੇਂ ਹਿੰਦੋਸਤਾਨ ’ਤੇ ਬਾਹਰੀ ਸ਼ਾਸਕ ਲੋਧੀ ਵੰਸ਼ ਕਾਬਜ਼ ਸੀ। ਹੈ ਤਾਂ ਇਹ ਵੰਸ਼ ਵੀ ਲੁਟੇਰਾ ਹੀ ਸੀ ਪਰ ਮੁਗ਼ਲ ਬਾਦਸ਼ਾਹ ਬਾਬਰ ਨੇ ਲੁੱਟ ਅਤੇ ਆਪਣੇ ਰਾਜ ਦੇ ਵਿਸਥਾਰ ਲਈ ਹਿੰਦੋਸਤਾਨ ’ਤੇ ਕਈ ਹਮਲੇ ਕੀਤੇ। ਬਾਬਰ ਦੇ ਹਮਲੇ ਨੂੰ ਗੁਰੂ ਨਾਨਕ ਦੇਵ ਜੀ ਨੇ ਅੱਖੀਂ ਦੇਖਿਆ। ਉਸ ਸਮੇਂ ਦੇ ਹਾਲਾਤ ਦਾ ਵਰਣਨ ਗੁਰੂ ਜੀ ਵੱਲੋਂ ਬਾਬਰ ਬਾਣੀ ਵਿੱਚ ਕੀਤਾ ਗਿਆ ਕਿ ਕਿਸ ਪ੍ਰਕਾਰ ਬਾਬਰ ਦੀਆਂ ਫੌਜਾਂ ਨੇ ਕਤਲੇਆਮ ਕਰਕੇ ਮਨੁੱਖੀ ਖੂਨ ਦੀਆਂ ਨਦੀਆਂ ਵਹਾਅ ਦਿੱਤੀਆਂ ਸਨ। ਗੁਰੂ ਸਾਹਿਬ ਨੇ ਉਸ ਅਕਾਲ ਪੁਰਖ਼ ਨੂੰ ਇੱਕ ਤਰ੍ਹਾਂ ਉਲ੍ਹਾਮੇ ਵਾਂਗ ਸੰਬੋਧਨ ਹੁੰਦਿਆਂ ਲਿਖਿਆ ਹੈ, “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨਾ ਆਇਆ॥ ਕਰਤਾ ਤੂੰ ਸਭਨਾਂ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨਿ ਰੋਸੁ ਨ ਹੋਈ॥ (ਪੰਨਾ 360) ਗੁਰੂ ਜੀ ਲਿਖਦੇ ਹਨ ਕਿ ਜੇ ਤਕੜੇ ਨਾਲ ਤਕੜੇ ਦਾ ਮੁਕਾਬਲਾ ਹੋਵੇ ਤਾਂ ਕੋਈ ਰੋਸ ਨਹੀਂ ਰਹਿੰਦਾ। ਉਸ ਸਮੇਂ ਦੇ ਹਾਲਾਤ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਲਿਖਦੇ ਹਨ, “ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪ੍ਰਧਾਨ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥ ਮੁਸਮਾਨੀਆ ਪੜਹਿ ਕਤੇਬਾ ਕਸ਼ਟ ਮਹਿ ਕਰਹਿ ਖੁਦਾਇ ਵੇ ਲਾਲੋ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਵੀ ਲੇਖੈ ਲਾਇ ਵੇ ਲਾਲੋ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥ (ਪੰਨਾ 722) ਭਾਵ: ਇਸ ਯੁੱਧ ਵਿੱਚ ਕਿਸੇ ਵੀ ਜਾਤ ਦੀਆਂ ਔਰਤਾਂ ਨੂੰ ਬਖਸ਼ਿਆ ਨਹੀਂ ਗਿਆ। ਆਪਣੇ-ਆਪਣੇ ਇਸ਼ਟ ਦੀ ਅਰਾਧਨਾ ਕਰਕੇ ਵੀ ਬੜੇ ਤਰਲੇ ਲਏ ਗਏ। ਧਾਰਮਿਕ ਰਸਮਾਂ ਸ਼ੈਤਾਨ ਕਰਨ ਲੱਗੇ ਸਨ। ਬਾਬਰ ਬਾਣੀ ਵਿੱਚ ਆਮ ਜਨਤਾ ਦੀ ਬਹੁਤ ਹੀ ਤਰਸਯੋਗ ਹਾਲਤ ਨੂੰ ਬਿਆਨ ਕੀਤਾ ਗਿਆ ਹੈ। ਮੌਕੇ ਦੇ ਹਾਕਮ ਦੇ ਵਿਰੁੱਧ ਬਾਗ਼ੀ ਸੁਰ ਵਾਲੇ ਦਾ ਜੋ ਹਸ਼ਰ ਹੁੰਦਾ ਹੈ, ਉਹ ਗੁਰੂ ਜੀ ਨਾਲ ਵੀ ਹੋਇਆ। ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਹੋਰ ਬਣਾਏ ਬੰਦੀਆਂ ਸਮੇਤ ਬਾ-ਮੁਸ਼ੱਕਤ ਕੈਦ ਦਾ ਹੁਕਮ ਦੇ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ, ਜਿੱਥੇ ਗੁਰੂ ਜੀ ਨੂੰ ਚੱਕੀ ਵੀ ਪੀਸਣੀ ਪਈ। ਬਹੁਤੇ ਕਥਾਕਾਰ ਜੇਲ੍ਹ ਵਿੱਚ ਆਪੇ ਚੱਕੀ ਚਲਦੀ ਕਰਕੇ ਕਰਾਮਾਤ ਨਾਲ ਜੋੜਦੇ ਹਨ ਪਰ ਕੁਝ ਸਮੇਂ ਬਾਅਦ ਗੁਰੂ ਜੀ ਦੀ ਮਹਿਮਾ ਅਤੇ ਤਰਕਸ਼ੀਲ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਸਮੇਤ ਸਭ ਨੂੰ ਰਿਹਾਈ ਮਿਲਣੀ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ।
ਦਿੱਲੀ, ਕਾਸ਼ੀ ਆਦਿਕ ਅਸਥਾਨਾਂ ਵਿੱਚ ਧਰਮ ਦਾ ਪ੍ਰਚਾਰ ਹੋਏ ਗੁਰੂ ਜੀ ਗਯਾ ਪਹੁੰਚੇ, ਜਿੱਥੇ ਪਿੰਡਦਾਨ ਆਦਿਕ ਕਰਮਕਾਂਡਾਂ ਦਾ ਖੰਡਨ ਕੀਤਾ। ਜਗਨ ਨਾਥ ਪੁਰੀ ਪਹੁੰਚ ਕੇ ਕਰਤਾਰ ਦੀ ਸੱਚੀ ਆਰਤੀ ਦਾ ਉਪਦੇਸ਼ ਦਿੰਦਿਆਂ ਸਮਝਾਇਆ ਕਿ ਕੁਦਰਤ ਤਾਂ ਹਮੇਸ਼ਾ ਆਰਤੀ ਹੀ ਕਰ ਰਹੀ ਹੈ। ਗੁਰੂ ਸਾਹਿਬ ਆਪਣੀ ਬਾਣੀ ਵਿੱਚ ਆਖਦੇ ਹਨ, “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲਜਨਕ ਮੋਤੀ॥ ਧੂਪੁ ਮਲਆਨਲੋ ਪਵਣ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥ (ਪੰਨਾ13) ਭਾਵ: ਅਸਮਾਨ ਰੂਪੀ ਥਾਲ ਵਿੱਚ ਚੰਦ ਅਤੇ ਸੂਰਜ ਦੀਪ ਬਣੇ ਹੋਏ ਹਨ ਤੇ ਤਾਰਿਆਂ ਦਾ ਮੰਡਲ ਮੋਤੀਆਂ ਸਮਾਨ ਹੈ, ਹਵਾ ਚੌਰ ਕਰ ਰਹੀ ਹੈ ਸਾਰੇ ਬਨਸਪਤੀ ਫੁੱਲੀ ਹੋਈ ਹੈ ਤੇ ਚਾਰ ਚੁਫੇਰੇ ਖੁਸ਼ਬੋ ਹੈ। ਗੁਰੂ ਜੀ ਨੇ ਦੱਖਣ ਦੀ ਯਾਤਰਾ ਦੌਰਾਨ ਅਰਬੁਦਗਿਰਿ (ਕੋਹਆਬੂ), ਸੇਤੂ ਬੰਦ ਰਾਮੇਸ਼ਵਰ ਸਿੰਹਲਦੀਪ ਆਦਿਕ ਅਸਥਾਨਾਂ ’ਤੇ ਜਾ ਕੇ ਸਮਾਜਿਕ ਬਰਾਬਰੀ ਅਤੇ ਪ੍ਰਮਾਤਮਾ ਦੀ ਭਗਤੀ ਨਾਲ ਜੋੜ ਕੇ ਲੋਕਾਂ ਦਾ ਜੀਵਨ ਸਫਲਾ ਕੀਤਾ।
ਪੂਰਬ ਦੀ ਯਾਤਰਾ ਵਿੱਚ ਗੁਰੂ ਜੀ ਨੇ ਸਰਮੌਰ, ਗੜ੍ਹਵਾਲ, ਗੋਰਖਪੁਰ, ਸਿੱਕਮ, ਭੁਟਾਨ ਅਤੇ ਤਿੱਬਤ ਆਦਿ ਦਾ ਭਰਮਣ ਕਰਕੇ ਲੋਕਾਂ ਨੂੰ ਪ੍ਰਭੂ ਭਗਤੀ ਨਾਲ ਜੋੜਿਆ। ਦੁਨੀਆ ਨੂੰ ਵਹਿਮਾਂ ਵਿੱਚ ਪਾ ਕੇ ਲੁੱਟ ਕਰ ਰਹੇ ਪੁਜਾਰੀਆਂ ਨੂੰ ਆਪਣੇ ਤਰਕਮਈ ਵਿਚਾਰਾਂ ਨਾਲ ਚਰਚਾ ਕਰਕੇ ਸੱਚ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਘਰ ਬਾਰ ਛੱਡ ਕੇ ਜਤੀ ਬਣੇ ਜੋਗੀਆਂ ਨੂੰ ਤਰਕ ਦਿੰਦਿਆਂ ਆਪਣੀ ਬਾਣੀ ਵਿੱਚ ਗੁਰੂ ਜੀ ਲਿਖਦੇ ਹਨ, “ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥ (ਪੰਨਾ469) ਪੱਛਮ ਦੀ ਯਾਤਰਾ ਸਮੇਂ ਆਪ ਬਲੋਚਿਸਤਾਨ ਹੁੰਦੇ ਹੋਏ ਮੱਕੇ ਪਹੁੰਚੇ। ਇੱਥੇ ਆਪ ਜੀ ਨੇ ਮੁਸਲਮਾਨ ਪੀਰਾਂ ਫਕੀਰਾਂ ਨਾਲ ਵਿਚਾਰ ਸਾਂਝੇ ਕਰਕੇ ਆਪਣੀਆਂ ਦਲੀਲਾਂ ਨਾਲ ਕਾਇਲ ਕੀਤਾ। ਇੱਕ ਕਥਾ ਅਨੁਸਾਰ ਗੁਰੂ ਜੀ ਵਿਸ਼ਰਾਮ ਕਰਨ ਸਮੇਂ ਮੱਕੇ ਵੱਲ ਪੈਰ ਕਰਕੇ ਲੰਮੇ ਪੈ ਗਏ। ਆਪਣੇ ਧਾਰਮਿਕ ਸਥਾਨ ਦੀ ਬੇਅਦਬੀ ਸਮਝ ਲੋਕਾਂ ਨੇ ਗੁਰੂ ਜੀ ਦਾ ਵਿਰੋਧ ਕੀਤਾਂ ਤਾਂ ਆਪ ਨੇ ਦਲੀਲ ਦਿੰਦਿਆਂ ਕਿਹਾ, “ਭਲਿਓ ਲੋਕੋ, ਪ੍ਰਮਾਤਮਾ ਤਾਂ ਸਰਵ ਵਿਆਪੀ ਹੈ। ਇੱਕ ਪੀਰ ਨੇ ਆਪਣੇ ਸੇਵਕਾਂ ਹੱਥ ਇੱਕ ਦੁੱਧ ਦਾ ਭਰਿਆ ਕਟੋਰਾ ਭੇਜ ਕੇ ਇਸ਼ਾਰੇ ਮਾਤਰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਤਾਂ ਫਕੀਰਾਂ ਦੀ ਪਹਿਲਾਂ ਹੀ ਬਹੁਤ ਭੀੜ ਹੈ। ਤਾਂ ਗੁਰੂ ਜੀ ਨੇ ਵੀ ਇਸ਼ਾਰੇ ਮਾਤਰ ਹੀ ਜਵਾਬ ਵਿੱਚ ਦੁੱਧ ਦੇ ਭਰੇ ਕਟੋਰੇ ਉੱਤੇ ਚਮੇਲੀ ਦਾ ਫੁੱਲ ਤਰਦਾ ਕਰਕੇ ਕਟੋਰਾ ਵਾਪਸ ਕਰ ਦਿੱਤਾ। ਗੁਰੂ ਜੀ ਦਾ ਚੁੱਪ ਇਸ਼ਾਰਾ ਸਮਝ ਕੇ ਪੀਰਾਂ ਵੀ ਗੁਰੂ ਜੀ ਦੀ ਸੰਗਤ ਦਾ ਅਨੰਦ ਮਾਣਿਆ।
ਬੁਹਤ ਸਾਰੇ ਲੋਕ ਬਾਬਾ ਜੀ ਦੇ ਮੁਰੀਦ ਬਣ ਗਏ ਤੇ ਗੁਰੂ ਜੀ ਨੂੰ ਵੀ ਆਪਣਾ ਮੁਰਸ਼ਦ ਮੰਨਣ ਲੱਗ ਪਏ। ਰੋਮ, ਬਗਦਾਦ ਅਤੇ ਇਰਾਨ ਆਦਿ ਦੀ ਸੈਰ ਕਰਦੇ, ਉਪਦੇਸ਼ ਦਿੰਦੇ ਹੋਏ ਕਾਬਲ-ਕੰਧਾਰ ਪਹੁੰਚੇ। ਹਸਨ ਅਬਦਾਲ ਵਾਸੀ ਵਲੀ ਕੰਧਾਰੀ ਦਾ ਅਭਿਮਾਨ ਦੂਰ ਕਰਦਿਆਂ ਕਿਹਾ, “ਕੁਦਰਤ ਨੇ ਆਪਣੀਆਂ ਨਿਆਮਤਾਂ ਨਾਲ ਸਭ ਨੂੰ ਨਿਵਾਜਿਆ ਹੈ, ਪਾਣੀ ਵਰਗੀ ਨਿਆਮਤ ਦਾ ਤੂੰ ਇਕੱਲਾ ਮਾਲਕ ਨਹੀਂ ਹੋ ਸਕਦਾ ਇਸ ’ਤੇ ਹਰ ਪ੍ਰਾਣੀ ਦਾ ਹੱਕ ਹੈ।
ਸਮਾਂ ਕੋਈ ਵੀ ਹੋਵੇ ਔਰਤ ਦੀ ਦਸ਼ਾ ਬੁਰੀ ਹੀ ਰਹੀ ਹੈ। ਮਾਦਾ ਬਗੈਰ ਸ੍ਰਿਰਸ਼ਟੀ ਦੀ ਉਤਪਤੀ ਅਸੰਭਵ ਹੈ। ਫਿਰ ਵੀ ਸੰਸਾਰ ਦੇ ਵੱਖ-ਵੱਖ ਧਾਰਮਿਕ ਆਗੂ ਅਤੇ ਚਿੰਤਕ ਔਰਤ ਪ੍ਰਤੀ ਚੰਗੀ ਭਾਵਨਾ ਨਹੀਂ ਰੱਖਦੇ ਸਨ। ਔਰਤ ਦੀ ਕੁੱਖੋਂ ਜਨਮ ਲੈਣ ਵਾਲਿਆਂ ਹੀ ਔਰਤ ਨੂੰ ਕਈ ਤਸ਼ਬੀਹਾਂ ਨਾਲ ਸੰਬੋਧਨ ਕੀਤਾ, ਭਾਵੇਂ ਉਹ ਹੀਰ ਦਾ ਰਚੇਤਾ ਵਾਰਸ ਸ਼ਾਹ, ਸਿਮਰਤੀਆਂ ਲਿਖਣ ਵਾਲਾ ਮੰਨੂ ਮਹਾਰਾਜ ਹੋਵੇ ਜਾਂ ਕਵੀ ਤੁਲਸੀ ਦਾਸ ਹੀ ਕਿਉਂ ਨਾ ਹੋਵੇ। ਜੋ ਮਾਣ-ਸਨਮਾਨ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਦਿੱਤਾ, ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ। ਗੁਰੂ ਜੀ ਆਪਣੀ
ਬਾਣੀ ਵਿੱਚ ਲਿਖਦੇ ਹਨ, ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ473)
ਗੁਰੂ ਜੀ ਦਾ ਤਰਕ ਅਤੇ ਵਿਗਿਆਨਕ ਨਜ਼ਰੀਆ ਬੜਾ ਕਮਾਲ ਦਾ ਹੈ। ਧਰਤੀ ਧੌਲੇ ਬਲਦ ਦੇ ਇੱਕ ਸਿੰਗ ਉੱਤੇ ਟਿਕੀ ਹੋਣ ਦਾ ਜਵਾਬ ਇੰਜ ਦਿੰਦੇ ਹਨ, “ਧਵਲੈ ਉਪਰਿ ਕੇਤਾ ਭਾਰੁ॥ (ਪੰਨਾ 3) ਤਕਰੀਬਨ ਪੰਜ ਸੌ ਸਾਲ ਪਹਿਲਾਂ ਕਿਹਾ, “ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ॥ (ਪੰਨਾ 5) ਅੱਜ ਸਾਇੰਸਦਾਨ ਅਤੇ ਵਿਗਿਆਨੀ ਦੂਸਰੇ ਗ੍ਰਹਿਆਂ ਦੀਆਂ ਯਾਤਰਾਵਾਂ ਕਰਕੇ ਬਾਬਾ ਜੀ ਦੇ ਕਥਨ ਨੂੰ ਸੱਚ ਸਿੱਧ ਕਰ ਰਹੇ ਹਨ।
ਸਾਰਾ ਜੀਵਨ ਧਰਮ ਦਾ ਪ੍ਰਚਾਰ ਕਰਨ ਤੋਂ ਬਾਅਦ ਗੁਰੂ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਖੁਦ ਵਸਾਏ ਕਰਤਾਰਪੁਰ ਸਾਹਿਬ ਵਿਖੇ ਗੁਜ਼ਾਰਿਆ। ਆਪਣੇ ਹੱਥੀਂ ਖੇਤੀ ਕਰਕੇ ਕਿਰਤ ਕਰੋ ਤੇ ਵੰਡ ਕੇ ਛਕੋ ਦਾ ਸੰਦੇਸ਼ ਦਿੱਤਾ। ਆਪ ਲਿਖਦੇ ਹਨ, ਘਾਲ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ1245) ਇਸ ਦੌਰਾਨ ਹੀ ਗੁਰੂ ਜੀ ਹਰਿਦੁਆਰ ਗਏ, ਜਿੱਥੇ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਸੁੱਟ ਰਹੇ ਸਨ। ਗੁਰੂ ਵੱਲੋਂ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ। ਗੁਰੂ ਜੀ ਵੀ ਕਰਤਾਰਪੁਰ ਵੱਲ ਮੂੰਹ ਕਰਕੇ ਪਾਣੀ ਸੁੱਟਣ ਲੱਗ ਪਏ। ਪਾਂਡਿਆਂ ਦੇ ਪੁੱਛਣ ’ਤੇ ਗੁਰੂ ਜੀ ਨੇ ਕਿਹਾ ਕਿ ਮੈਂ ਕਰਤਾਰਪੁਰ ਵਿੱਚ ਆਪਣੀ ਸੁੱਕ ਰਹੀ ਖੇਤੀ ਨੂੰ ਪਾਣੀ ਦੇ ਰਿਹਾ ਹਾਂ, ਤਾਂ ਪਾਂਡਿਆਂ ਨੇ ਗੁਰੂ ਜੀ ਦਾ ਮਜ਼ਾਕ ਉਡਾਉਂਦਿਆਂ ਕਿਹਾ, “ਕਰਤਾਰਪੁਰ ਤਾਂ ਇੱਥੋਂ ਸੈਂਕੜੇ ਮੀਲ ਹੈ ਪਾਣੀ ਕਿਵੇਂ ਪਹੁੰਚੇਗਾ?” ਗੁਰੂ ਜੀ ਨੇ ਕਿਹਾ, “ਜੇ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਸੂਰਜ ਤਕ ਪਹੁੰਚ ਸਕਦਾ ਹੈ ਤਾਂ ਮੇਰਾ ਵੀ ਪਹੁੰਚ ਜਾਵੇਗਾ।” ਗੁਰੂ ਜੀ ਦਾ ਤਰਕਪੂਰਨ ਜਵਾਬ ਸੁਣ ਕੇ ਪਾਂਡੇ ਨਿਰਉੱਤਰ ਹੋ ਗਏ। ਇਸ ਤਰ੍ਹਾਂ ਗੁਰੂ ਜੀ ਨੇ ਉਨ੍ਹਾਂ ਨੂੰ ਉਪਦੇਸ਼ ਦੇ ਕੇ ਵਹਿਮ ਵਿੱਚੋਂ ਕੱਢਿਆ।
1539 ਈ. ਵਿੱਚ ਗੁਰੂ ਜੀ ਆਪਣੇ ਅਨਿਨ ਭਗਤ ਭਾਈ ਲਹਿਣਾ ਜੀ ਨੂੰ ਆਪਣਾ ਵਾਰਸ ਥਾਪਣ ਦਾ ਹੁਕਮ ਕਰਕੇ ਕਰਤਾਰਪੁਰ ਵਿਖੇ ਜੋਤੀ ਜੋਤਿ ਸਮਾਂ ਗਏ। ਉਸ ਸਮੇਂ ਹਿੰਦੂ-ਸਿੱਖਾਂ ਅਤੇ ਮੁਸਲਮਾਨਾਂ ਵਿੱਚ ਗੁਰੂ ਜੀ ਦੀਆਂ ਅੰਤਿਮ ਰਸਮਾਂ ਨੂੰ ਲੈ ਕੇ ਕਾਫ਼ੀ ਵਾਦ-ਵਿਵਾਦ ਹੋਇਆ। ਮੁਸਲਮਾਨ ਆਪ ਨੂੰ ਆਪਣਾ ਪੀਰ ਮੰਨ ਕੇ ਦਫਨਾਉਣਾ ਚਾਹੁੰਦੇ ਸਨ ਤੇ ਹਿੰਦੂ-ਸਿੱਖ ਸਸਕਾਰ ਕਰਨ ਲਈ ਆਖ ਰਹੇ ਸਨ। ਕਥਾਵਾਂ ਅਨੁਸਾਰ ਜਦੋਂ ਚਾਦਰ ਚੁੱਕ ਕੇ ਦੇਖਿਆ ਗਿਆ ਤਾਂ ਉੱਥੇ ਕੁਝ ਫੁੱਲ ਸਨ। ਜਿਸ ਗੁਰੂ ਨੇ ਆਪਣਾ ਸਾਰਾ ਜੀਵਨ ਹਜ਼ਾਰਾਂ ਮੀਲ ਪੈਦਲ ਤੁਰ ਕੇ ਆਪਣੇ ਉਪਦੇਸ਼ਾਂ ਦੀ ਕਰਾਮਾਤ ਨਾਲ ਮਨੁੱਖੀ ਬਰਾਬਰਤਾ ਦਾ ਹੋਕਾ ਦਿੰਦਿਆਂ ਲਾ ਦਿੱਤਾ ਹੋਵੇ, ਇਸ ਤੋਂ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ ਹੈ। ਉਸਦੇ ਅੰਤਿਮ ਸਮੇਂ ਉਸਦੀਆਂ ਸਿੱਖਿਆਵਾਂ ਨੂੰ ਦਰਕਿਨਾਰ ਕਰਕੇ ਫੁੱਲ ਅਤੇ ਚਾਦਰ ਵੰਡ ਕੇ ਕੌਮ ਫਿਰ ਵੰਡੀ ਗਈ। ਇਹ ਗੱਲ ਬਹੁਤ ਹੀ ਵਿਚਾਰਨ ਵਾਲੀ ਹੈ ਕਿ ਜੇ ਸਭ ਦਾ ਸਾਂਝਾ ਕਰਾਮਾਤੀ ਬਾਬਾ ਵੰਡਿਆ ਨਾ ਹੁੰਦਾ ਤਾਂ ਹੋ ਸਕਦਾ ਹੈ ਹਿੰਦੋਸਤਾਨ ਵੀ ਵੰਡਿਆ ਨਾ ਜਾਂਦਾ ਅਤੇ ਅੱਜ ਵਿਸ਼ਵ ਸ਼ਕਤੀ ਹੁੰਦਾ।
* *
(ਸਾਬਕਾ ਪ੍ਰੋਫੈਸਰ ਅਤੇ ਡੀਨ, ਪੰਜਾਬੀ ਯੂਨੀਵਰਸਿਟੀ ਪਟਿਆਲਾ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (