“ਬੋਲ ਫਿਰ, ਇਸ ਨੂੰ ਖੇਤੀਬਾੜੀ ਅਫਸਰ ਬਣਾਈਏ? ਆਪਣੇ ਕਿੰਨੂਆਂ ਦੇ ਬਾਗ ਦਾ ਕੰਮ ...”
(18 ਜਨਵਰੀ 2018)
ਸਿਰਹਾਣੇ ਪਏ ਅਲਾਰਮ ਨੇ ਤਿੰਨ ਵਜਾ ਦਿੱਤੇ ਸਨ। ਭਗਤੂ ਨੇ ਅੱਭੜਵਾਹੇ ਸਿਰ ਚੁੱਕਿਆ ’ਤੇ ਵਾਲਾਂ ਦੀਆਂ ਜਟੂਰੀਆਂ ਨੂੰ ਕੱਸਣ ਲੱਗ ਪਿਆ। ਪਰੇ ਲੱਕੜ ਦੀ ਖ਼ੁਰਲੀ ’ਤੇ ਖੜ੍ਹਾ ਉਸਦਾ ਖਚਰਾ ਵੀ ਕੰਨ ਛਿਨਕਣ ਲੱਗ ਪਿਆ। ਭਗਤੂ ਤਾਰਿਆਂ ਵਲ ਝਾਕਦਾ ਹੋਇਆ ਬੋਲਿਆ, “ਲੈ ਕੇਰਾਂ ਚਾਹ ਬਣਾ ਚੱਕਮੀਂ ਜੀ। ਮੈਂ ਐਨੇ ਨੂੰ ਖਚਰੇ ਨੂੰ ਰੇੜ੍ਹੇ ਜੋੜ ਲਵਾਂ।”
ਮੰਜਾ ਛੱਡਦੀ ਉਸਦੀ ਘਰਵਾਲੀ ਬਿਸ਼ਨੀ ਬੋਲੀ, “ਰਾਤ ਹਾਲੇ ਬਾਹਲੀ ਪਈ ਐ। ਤੂੰ ’ਲਾਰਮ ਸਹੀ ਲਾਇਆ ਸੀ?”
ਭਗਤੂ ਨੇ ਤਸੱਲੀ ਲਈ ਫਿਰ ਤੋਂ ਸਮਾਂ ਦੇਖਿਆ, “ਵਕਤ ਸਹੀ ਐ। ਨੌਂ ਵੱਜਦੇ ਨੂੰ ਅੱਗ ਵਰ੍ਹਨ ਲੱਗ ਪੈਂਦੀ ਐ। ਆਹੀ ਵਕਤ ਹੁੰਦੈ ਕੰਮ ਖਿੱਚਣ ਦਾ।” ਭਗਤੂ ਖਚਰੇ ਨੂੰ ਰੇੜ੍ਹੇ ਜੋੜਦਾ ਬੋਲੀ ਜਾਂਦਾ ਸੀ। ਚਾਹ ਬਣਨ ਤੱਕ ਉਸਨੇ ਪਾਣੀ ਵਾਲੀ ਕੈਨੀ ਤੇ ਕਹੀ ਵੀ ਰੇੜ੍ਹੇ ਵਿਚ ਟੰਗ ਲਈ।
ਕੱਚੀਆਂ ਇੱਟਾਂ ਪੱਥਣ ਲਈ ਭਗਤੂ ਨੂੰ ਤਿੰਨ ਮੀਲ ਦੂਰ ਜਾਣਾ ਪੈਂਦਾ ਸੀ। ਉਸਦੇ ਨਾਲ ਦੇ ਕਈ ਬੰਦੇ ਕਿੱਤਾ ਬਦਲ ਗਏ ਸਨ। ਰਾਮਾ ਫੇਰੀ ਲਾ ਕੇ ਅਚਾਰ ਵੇਚਣ ਲੱਗਾ ਸੀ। ਸੀਤਾ ਗੁਰੂਘਰ ਵਿਚ ਲੱਗਦੀ ਮੱਸਿਆ ਵਾਲੇ ਦਿਨ ਬੱਚਿਆਂ ਲਈ ਖਿਡੌਣੇ ਵੇਚਣ ਲੱਗ ਪਿਆ। ਭਗਤੂ ਦੇ ਚਾਚੇ ਦੇ ਪੁੱਤ ਸਰਵਣ ਨੇ ਸਬਜ਼ੀ ਵਾਲੀ ਰੇੜ੍ਹੀ ਲਾ ਲਈ ਪ੍ਰੰਤੂ ਭਗਤੂ ਨੇ ਕੱਚੀਆਂ ਇੱਟਾਂ ਥੱਪਣ ਵਾਲਾ ਕੰਮ ਨਾ ਛੱਡਿਆ। ਕੰਮ ਔਖਾ ਸੀ। ਕਈ ਵਾਰੀ ਕੁਦਰਤ ਦੀ ਮਾਰ ਵੀ ਪੈ ਜਾਂਦੀ। ਭਗਤੂ ਦੀਆਂ ਥੱਪੀਆਂ ਇੱਟਾਂ ਨੂੰ ਵਾਛੜ ਲੱਗ ਜਾਂਦੀ। ਕੱਚੀ ਇੱਟ ਨੂੰ ਦਾਗ ਪੈ ਜਾਂਦਾ। ਭਗਤੂ ਦੀ ਕੀਤੀ ਮਿਹਨਤ ਘੱਟੇ ਰੁਲ਼ ਜਾਂਦੀ। ਭਗਤੂ ਕਰੁੱਤੇ ਘਿਰ ਆਏ ਬੱਦਲਾਂ ਨੂੰ ਦੇਖ ਅਰਦਾਸਾਂ ਕਰਦਾ। ਉਹ ਸੋਚਦਾ, ਇਕ ਵਾਰ ਕੱਚੀ ਇੱਟ ਦੀਆਂ ਕੋੜੀਆਂ ਲੱਗ ਜਾਣ, ਫਿਰ ਇੱਟਾਂ ਦੀ ਮੁਣਸ਼ੀ ਗਿਣਤੀ ਕਰ ਲਊ ਤੇ ਉਸ ਤੋਂ ਮਗਰੋਂ ਭੱਠਾ ਮਾਲਕਾਂ ਦੀ ਸਿਰਦਰਦੀ। - ਸ਼ਾਹੂਕਾਰ ਤਾਂ ਸ਼ਾਹੂਕਾਰ ਸਨ, ਲੱਖਾਂ ਇੱਟਾਂ ਦਾ ਨੁਕਸਾਨ ਵੀ ਸਹਿ ਜਾਂਦੇ ਸਨ ਪ੍ਰੰਤੂ ਭਗਤੂ ਖ਼ੁਰਦੀ ਮਿਹਨਤ ਦੇਖ ਕੇ ਦੁਖੀ ਹੁੰਦਾ। ‘ਕੀੜੀ ਨੂੰ ਤਾਂ ਤੱਕਲੇ ਦਾ ਦਾਗ ਈ ਬਥੇਰਾ ਹੁੰਦੈ।’ ਭਗਤੂ ਸੋਚਦਾ।
ਕਈ ਵਾਰੀ ਸਰਵਣ ਭਗਤੂ ਨੂੰ ਸੌਖਾ ਕੰਮ ਕਰਨ ਵਾਸਤੇ ਆਖਦਾ, ਭਗਤੂ ਹੱਸਣ ਲੱਗ ਪੈਂਦਾ। ਹੈਰਾਨ ਹੋਏ ਸਰਵਣ ਨੂੰ ਉਸਦੀਆਂ ਅੱਖਾਂ ਵਿੱਚ ਤੈਰਦਾ ਸੁਫ਼ਨਾ ਦਿਖਾਈ ਨਾ ਦਿੰਦਾ। “ਸਰਬਣਾ, ਮੈਂ ਜਿਹੜੀ ਲੀਹ ’ਤੇ ਚੱਲ ਰਿਹਾਂ, ਇਹ ਆਪ ਕੋ ਸਮਝ ਨਹੀਂ ਆਏਗੀ।” ਸਰਵਣ ਉਸਦੀ ਜਲਾਲ ਵਿਚ ਆ ਕੇ ਬੋਲੀ ਹਿੰਦੀ ਨੂੰ ਸਮਝ ਨਾ ਸਕਦਾ। ਬਹਿਸ ਕਰਨ ਦੀ ਥਾਂ ਚੁੱਪ ਕਰ ਜਾਂਦਾ।
ਭਗਤੂ ਦੀ ਇਸ ਜ਼ਿੱਦ ਦੇ ਪਿੱਛੇ ਇੱਕ ਕਾਰਨ ਸੀ। ਉਸਦਾ ਇੱਕੋ ਇੱਕ ਪੁੱਤ ਦਲਵੀਰ ਪੜ੍ਹਾਈ ਦੇ ਆਖ਼ਰੀ ਡੰਡੇ ਨੂੰ ਹੱਥ ਪਾ ਚੁੱਕਾ ਸੀ। ਪੜ੍ਹਾਈ ਵਿਚ ਸ਼ੁਰੂ ਤੋਂ ਹੁਸ਼ਿਆਰ ਦਲਵੀਰ ਨੇ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਐੱਮ. ਏਂ ਅਨਰ ਲਈ ਦਾਖ਼ਲੇ ਵਾਸਤੇ ਦਿੱਤੇ ਪਰਚੇ ਵਿਚ ਪੰਜਾਬ ਵਿੱਚੋਂ ਤੇਰ੍ਹਵੀਂ ਥਾਂ ਹਾਸਿਲ ਕੀਤੀ ਸੀ। ਭਗਤੂ ਨੂੰ ਜਦੋਂ ਦਲਵੀਰ ਨੇ ਤੇਰਵੇਂ ਨੰਬਰ ਦੇ ਅਰਥ ਸਧਾਰਨ ਭਾਸ਼ਾ ਵਿੱਚ ਸਮਝਾਏ ਤਾਂ ਭਗਤੂ ਨੱਚਣ ਲੱਗ ਪਿਆ। ਖ਼ਬਰ ਬੇਸ਼ੱਕ ਚਾਅ ਵਾਲੀ ਸੀ, ਪਰ ਦਲਵੀਰ ਨੂੰ ਭੋਲੇ ਸੁਭਾਅ ਵਾਲੇ ਬਾਪੂ ’ਤੇ ਤਰਸ ਵੀ ਆ ਰਿਹਾ ਸੀ, ਜਿਸਨੇ ਮਿੱਟੀ ਨਾਲ ਮਿੱਟੀ ਹੋ ਕੇ ਦਲਵੀਰ ਨੂੰ ਇਸ ਮੁਕਾਮ ’ਤੇ ਪਹੁੰਚਾਇਆ ਸੀ।
“ਦਲਵੀਰ ਤੂੰ ਚੰਡੀਗੜ੍ਹ ਸਮਾਰ ਕੇ ਦੇਖੀਂ। ਬਾਹਲਾ ਸੋਹਣਾ ਸ਼ਹਿਰ ਦੱਸਦੇ ਐ। ਬਾਗਾਂ ’ਚ ਤੁਰ ਕੇ ਦੇਖੀਂ।” ਦਾਖ਼ਲਾ ਮਿਲਣ ਮਗਰੋਂ ਭਗਤੂ ਨੇ ਕਿਹਾ ਸੀ।
“ਬਾਪੂ, ਮੈਂ ਤੈਂਨੂੰ ਵੀ ਸ਼ਹਿਰ ਦਿਖਾਊਂ।”
“ਮੈਂ ਬਹਾਨੇ ਨਾਲ ਆਊਂ। ਬਿਸਕੁਟਾਂ ਦਾ ਪੀਪਾ ਲੈ ਕੇ। ਬਹਾਨਾ ਹੋਇਆ ਤਾਂ ਮੈਂਨੂੰ ਕੋਈ ਰੋਕੇਗਾ ਵੀ ਨਹੀਂ।” ਭਗਤੂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਤੈਰਨ ਲੱਗੇ। ਬੇਸ਼ੱਕ ਦਲਵੀਰ ਦੀ ਦੌੜ ਲੰਬੀ ਸੀ, ਪਰ ਮਿਆਰੀ ਯੂਨੀਵਰਸਿਟੀ ਦਾ ਉਸ ਨੂੰ ਮਾਣ ਵੀ ਸੀ। ਖ਼ਰਚ ਹੋਣ ਵਾਲੇ ਪੈਸਿਆਂ ਦੀ ਗੱਲ ਚੱਲੀ ਤਾਂ ਥੋੜ੍ਹੇ ਕੁ ਨਿਰਾਸ਼ ਦਿਸਦੇ ਮਾਂ ਪੁੱਤ ਦੇ ਮੂੰਹ ’ਤੇ ਹੱਥ ਧਰਦਿਆਂ ਭਗਤੂ ਨੇ ਝਿੜਕਿਆ, “ਹੇ ਖਾਂ, ਕਿਵੇਂ ਲਿੱਸੀਆਂ ਗੱਲਾਂ ਕਰਦੇ ਐ।”
ਭਗਤੂ ਹੋਰ ਕੋਈ ਗੱਲ ਸੁਣੇ ਬਿਨਾਂ ਸ਼ਾਹੂਕਾਰਾਂ ਵਲ ਭੱਜ ਪਿਆ। ਭਗਤੂ ਦੀ ਪੜਤ ਬਣੀ ਹੋਈ ਸੀ। ਪੈਸੇ ਲਿਆ ਕੇ ਉਸ ਦਲਵੀਰ ਨੂੰ ਫੜਾਉਂਦਿਆਂ ਕਿਹਾ, “ਹੁਣ ਹੋਰ ਕੋਈ ਗੱਲ ਨਹੀਂ ਕਰਨੀ।”
ਉਸ ਦਿਨ ਤੋਂ ਬਾਅਦ ਭਗਤੂ ਵਿਚ ਜਿੰਨ ਜਿਹਾ ਜ਼ੋਰ ਆ ਗਿਆ।
ਛਾਂਟਾ ਖਾ ਕੇ ਭਗਤੂ ਦੇ ਖਚਰੇ ਨੇ ਸੜਕ ਫੜ ਲਈ। ਸਾਹਮਣੇ ਸੂਏ ਦਾ ਮੋੜ ਪੈਂਦਾ ਸੀ। ਕੱਚੀ ਪਹੀ ਪੈ ਕੇ ਪਥੇਰ ਵਾਲੀ ਜ਼ਮੀਨ ਆ ਜਾਣੀ ਸੀ। ਖਚਰਾ ਹੌਲੀ ਹੋ ਗਿਆ। ਭਗਤੂ ਰੋਜ ਇਸ ਥਾਂ ਖਚਰਾ ਰੋਕ ਕੇ ਸੂਏ ਵਿੱਚੋਂ ਪਾਣੀ ਪਿਆਉਂਦਾ ਸੀ। ਖਚਰੇ ਦੀ ਲਗਾਮ ਖੁੱਲ੍ਹੀ ਛੱਡ ਭਗਤੂ ਚੰਨ ਦੀ ਕਾਤਰੀ ਵਲ ਝਾਕਿਆ। ਚੰਨ ਦੋਸਾਂਗ ਕਿੱਕਰ ਦੇ ਵਿਚਕਾਰ ਦੀ ਥੱਲੇ ਲਹਿੰਦਾ ਜਾ ਰਿਹਾ ਸੀ। ਭਗਤੂ ਦਲਵੀਰ ਬਾਰੇ ਸੋਚਦਾ ਅਤੀਤ ਵਿੱਚ ਉੱਤਰ ਗਿਆ। ਪਿਛਲਖੁਰੀ ਪਰਤਦਿਆਂ ਉਸ ਨੂੰ ਆਪਣੀ ਸਿਆਣਪ ’ਤੇ ਰਸ਼ਕ ਵੀ ਹੋ ਰਿਹਾ ਸੀ। ਉਦੋਂ ਦਲਵੀਰ ਨੇ ਦਸਵੀਂ ਪਾਸ ਕੀਤੀ ਸੀ ਜਦੋਂ ਭਗਤੂ ਸਰਦਾਰ ਕੌਰ ਸਿੰਘ ਨਾਲ ਸੀਰੀ ਸੀ। ਇਕ ਦਿਨ ਭਗਤੂ ਨਾਲ ਕੌਰ ਸਿੰਘ ਦੇ ਖੇਤ ਗਏ ਦਲਵੀਰ ਵਲ ਦੇਖ ਸਰਦਾਰ ਨੇ ਕਿਹਾ, “ਭਗਤੂ, ਮੁੰਡਾ ਤੇਰਾ ਗੱਭਰੂ ਹੋ ਗਿਆ।”
ਭਗਤੂ ਨੇ ਅਗਲੀ ਗੱਲ ਸੁਨਣ ਲਈ ਹਾਂ ਵਿਚ ਸਿਰ ਹਿਲਾਇਆ।
“ਬੋਲ ਫਿਰ, ਇਸ ਨੂੰ ਖੇਤੀਬਾੜੀ ਅਫਸਰ ਬਣਾਈਏ? ਆਪਣੇ ਕਿੰਨੂਆਂ ਦੇ ਬਾਗ ਦਾ ਕੰਮ ਸੰਭਾਲ ਦਿਆਂਗੇ। ਪੜ੍ਹਾਈਆਂ ਵਿੱਚ ਕੀ ਰੱਖਿਆ ਐ। ਆਹ ਸਾਡੀ ਪੱਤੀ ਦੇ ਸਾਰੇ ਜਵਾਕ ਡਿਗਰੀਆਂ ਚੁੱਕੀ ਫਿਰਦੇ ਐ। ਬੇਰੁਜ਼ਗਾਰੀ ਵਧੀ ਪਈ ਐ। ਦੋ ਮਕਾਨ ਛੱਤ ਲਈਂ। ਕੱਲ੍ਹ ਨੂੰ ਮੁੰਡਾ ਵਿਆਹੇਂਗਾ ਵੀ।”
“ਇਹ ਤਾਂ ਜੀ ਪੜ੍ਹਾਈ ’ਚ ਬੜਾ ਹੁਸ਼ਿਆਰ ਹੈ।”
“ਪੜ੍ਹੀ ਵੀ ਜਾਊ। ਪ੍ਰਾਈਵੇਟ ਪਰਚੇ ਦੇ ਦਿਆ ਕਰੂ।”
ਭਗਤੂ ਨੂੰ ਅੰਦਰੋਂ ਖਿਝ ਤਾਂ ਆਈ, ਪ੍ਰੰਤੂ ਉਹ ਚੁੱਪ ਕਰ ਗਿਆ। ਘਰ ਆ ਕੇ ਉਸਨੇ ਸਰਦਾਰ ਬਾਰੇ ਬਿਸ਼ਨੀ ਕੋਲ ਹਿਰਖ਼ ਕੀਤਾ। ਬਿਸ਼ਨੀ ਬੋਲੀ, “ਇਹ ਕਦੋਂ ਚਾਹੁੰਦੇ ਐ, ਅਸੀਂ ਇਨ੍ਹਾਂ ਦੇ ਬਰਾਬਰ ਹੋ ਜਾਈਏ। ਸਰਦਾਰ ਨੂੰ ਆਵਦੇ ਹਿਤ ਪਿਆਰੇ ਐ। ਕਿਸੇ ਦੀ ਜ਼ਿੰਦਗੀ ਬਰਬਾਦ ਹੋ ਜਾਊ ਤਾਂ ਏਸ ਨੂੰ ਕੀ।” ਬਿਸ਼ਨੀ ਨੇ ਅੱਗੇ ਦਲਵੀਰ ਨੂੰ ਕਿਹਾ, “ਪੁੱਤ, ਤੂੰ ਖੇਤ ਈ ਨਾ ਜਾਇਆ ਕਰ। ਪੜ੍ਹਾਈ ਵਲ ਧਿਆਨ ਰੱਖਿਆ ਕਰ।”
ਭਗਤੂ ਨੇ ਅਗਲੇ ਸਾਲ ਸਰਦਾਰ ਦਾ ਸੀਰ ਵੀ ਛੱਡ ਦਿੱਤਾ। ਉਸ ਨਗਦ ਅਦਾਇਗੀ ਵਾਲਾ ਪਥੇਰ ਦਾ ਕੰਮ ਸਾਂਭ ਲਿਆ। ਵੋਟਾਂ ਵੇਲੇ ਭਗਤੂ ਨੇ ਦਲਵੀਰ ਦੀਆਂ ਸਿਆਣੀਆਂ ਗੱਲਾਂ ਦੇ ਅਸਰ ਕਾਰਨ ਵੋਟਾਂ ਦੇ ਪੈਸੇ ਵੀ ਨਾ ਲਏ। ਨਾ ਬੋਤਲ ਸ਼ਰਾਬ ਦੀ। ਸਰਦਾਰ ਦੇ ਬੰਦੇ ਜਦੋਂ ਜ਼ਿਆਦਾ ਜ਼ਿੱਦ ਕਰਨ ਲੱਗੇ ਤਾਂ ਭਗਤੂ ਬੋਲ ਹੀ ਪਿਆ, “ਬਈ ਜੇ ਤੁਸੀਂ ਜ਼ਿੱਦ ਕਰੋਗੇ, ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ। ਨੋਟਾ ਵਾਲਾ ਬਟਨ ਦੱਬ ਦਿਆਂਗੇ ...।”
ਕਈ ਬੰਦੇ ਭਗਤੂ ਦੀ ਗੱਲ ਸੁਣ ਕੇ ਹੱਸਣ ਲੱਗ ਪਏ। ਸਰਦਾਰ ਦੇ ਮੂਹਰਲੇ ਬੰਦਿਆਂ ਵਿੱਚੋਂ ਇਕ ਨੇ ਕਿਹਾ, “ਬਈ, ਹੁਣ ਭਗਤੂ ਨਹੀਂ ਬੋਲਦਾ, ਇਹਦੇ ਵਿੱਚੋਂ ਕੋਈ ਹੋਰ ਬੋਲਣ ਲੱਗ ਪਿਆ।”
ਗੱਲ ਸੱਚੀ ਵੀ ਸੀ। ਦਲਵੀਰ ਨੇ ਹੀ ਭਗਤੂ ਨੂੰ ਕਿਹਾ ਸੀ, “ਬਾਪੂ ਸਾਡਾ ਲੋਕ ਕਲਾਕਾਰ ਗਾਉਂਦਾ ਹੈ - ‘ਭੇਡ ਵਿਕ ਗਈ ਸਤਾਰਾਂ ਸੌ ਨੂੰ ਪੂਰੀ, ਚਾਰ ਸੌ ਨੂੰ ਵੋਟ ਵਿਕ ਗਈ।’ ਭਗਤੂ ਨੇ ਦਲਵੀਰ ਦੀ ਗੱਲ ਪੱਲੇ ਬੰਨ੍ਹ ਲਈ ਸੀ।...
ਮੀਂਹ ਦੀ ਰੁੱਤ ਆ ਗਈ। ਪਥੇਰ ਰੁਕ ਗਈ। ਭਗਤੂ ਵਿਹਲਾ ਸੀ। ਉਸ ਨੇ ਦਲਵੀਰ ਲਈ ਬਿਸਕੁਟ ਬਣਵਾ ਲਿਆਂਦੇ। ਬਹਾਨੇ ਨਾਲ ਉਹ ਚੰਡੀਗੜ੍ਹ ਵੀ ਵੇਖਣਾ ਚਹੁੰਦਾ ਸੀ। ਨਵੇਂ ਕੱਪੜੇ ਪਾ ਕੇ ਉਸਨੇ ਸੱਥ ਵਿਚਦੀ ਲੰਘਣ ਦੀ ਸੋਚੀ। ਅਸਲ ਵਿਚ ਉਹ ਕੌਰ ਸਿੰਘ ਨੂੰ ਦੱਸਣਾ ਚਾਹੁੰਦਾ ਸੀ ਕਿ ਸਾਡੇ ਧੀ ਪੁੱਤ ਵੀ ਚੰਡੀਗੜ੍ਹ ਪੜ੍ਹ ਸਕਦੇ ਹਨ। ਇਕ ਛੋਟੇ ਕਿਸਾਨ ਨੇ ਸੱਥ ਵਿਚ ਪੈਰ ਮਲ਼ਦੇ ਭਗਤੂ ਵਲ ਦੇਖਕੇ ਕਿਹਾ, “ਅੱਜ ਤਾਂ ਬਈ ਭਗਤੂ, ਸਾਉਣ ਮਹੀਨੇ ਵਿਚ ਬਗਲੇ ਵਾਂਗ ਫੱਬਿਆ ਫਿਰਦਾ ...”
ਕਈ ਬੰਦੇ ਭਗਤੂ ਵਲ ਦੇਖਦੇ ਬੋਲੇ, “ਕਿੱਧਰ ਚੱਲਿਆਂ ਭਗਤੂ?”
“ਸਾਡਾ ਦਲਵੀਰ ਚੰਡੀਗੜ੍ਹ ਪ੍ਰੋਫੈਸਰ ਦੀ ਪੜ੍ਹਾਈ ਕਰਦੈ। ਉਹਦੇ ਲਈ ਕੁਛ ਖਾਣ ਪੀਣ ਦਾ ਸਮਾਨ ਲੈ ਕੇ ਚੱਲਿਆਂ। ਨਾਲੇ ਆਨੇ ਬਹਾਨੇ ਨਾਲ ਸ਼ਹਿਰ ਦੇਖਲਾਂ’ਗੇ। ਪਹਿਲੀ ਉਮਰ ਤਾਂ ਪੋਹਲੀ ਲਤਾੜਦਿਆਂ ਲੰਘ ਗਈ, ਹੁਣ ਚਾਰ ਦਿਨ ਸੈਲੇ ਬੈਲੇ ਕਰ ਲਈਏ।”
ਕੌਰ ਸਿੰਘ ਨੇ ਭਗਤੂ ਵਲੋਂ ਮੂੰਹ ਪਰੇ ਨੂੰ ਕਰ ਲਿਆ। ਜਦੋਂ ਭਗਤੂ ਤੁਰ ਗਿਆ, ਕਈ ਬੰਦੇ ਬੋਲਣ ਲੱਗ ਪਏ। “ਦੇਖ ਲਉ ਬਈ, ਕੁਦਰਤ ਦੇ ਰੰਗ ਐ, ਗੋਦੜੀਆਂ ’ਚ ਵੀ ਲਾਲ ਦਗਣ ਲੱਗ ਪੈਂਦੇ ਐ।”
ਕੌਰ ਸਿੰਘ ਨੇ ਨੱਕ ’ਤੇ ਪਰਨਾ ਲਪੇਟਦਿਆਂ ਕਿਹਾ, “ਕਿਉਂ ਯਾਰ ਗੱਲ ਚੁੱਕੀ ਜਾਨੇ ਓ। ਆਪਣੇ ਐਥੇ ਕਿੰਨੇ ਪੜ੍ਹੇ ਫਿਰਦੇ ਆ। ਉਹ ਪ੍ਰੋਫੈਸਰ ਲੱਗ ਗਏ? ਉਹ ਗੱਲ ਆ, ਜਾਤ ਦੀ ਕੋੜ੍ਹ ਕਿਰਲੀ ਸ਼ਤੀਰਾਂ ਨਾਲ ਜੱਫ਼ੇ।” ਸਰਦਾਰ ਵਾਹਵਾ ਚਿਰ ਬੋਲੀ ਗਿਆ।
ਚੰਡੀਗੜ੍ਹ ਦੇਖੇ ਦੀਆਂ ਗੱਲਾਂ ਭਗਤੂ ਕਈ ਦਿਨ ਬਿਸ਼ਨੀ ਨਾਲ ਵੀ ਕਰੀ ਗਿਆ। ਭਗਤੂ ਲੰਬੀ ਪੜ੍ਹਾਈ ਵਿਚ ਉਲਝੇ ਦਲਵੀਰ ਨੂੰ ਉਡੀਕਦਾ ਰਹਿੰਦਾ। ਚੰਡੀਗੜ੍ਹੋਂ ਫ਼ੋਨ ਆਉਂਦਾ ਤਾਂ ਭਗਤੂ ਉੱਚੀ ਉੱਚੀ ਗੱਲਾਂ ਕਰਦਾ ਵਿਹੜੇ ਵਿਚ ਭੱਜਿਆ ਫਿਰਦਾ। ਇਕ ਦਿਨ ਦਲਵੀਰ ਛੁਟੀਆਂ ਕਾਰਨ ਘਰ ਆ ਗਿਆ। ਭਗਤੂ ਇੱਟਾਂ ਥੱਪ ਕਾਹਲੀ ਨਾਲ ਪਰਤਦਾ ਅਤੇ ਅੱਧੀ ਰਾਤ ਤੱਕ ਦਲਵੀਰ ਨਾਲ ਗੱਲੀਂ ਲੱਗਿਆ ਰਹਿੰਦਾ। ਛੁੱਟੀ ਖਤਮ ਹੋਣ ’ਤੇ ਦਲਵੀਰ ਆਪਣਾ ਲੋੜੀਂਦਾ ਸਮਾਨ ਤਿਆਰ ਕਰ ਰਿਹਾ ਸੀ। ਭਗਤੂ ਖੱਚਰ ਨੂੰ ਧਲਿਆਰਾ ਪਾ ਪਥੇਰ ’ਤੇ ਜਾਣ ਲਈ ਤਿਆਰ ਖੜ੍ਹਾ ਸੀ। ਭਗਤੂ ਵਲ ਦੇਖ ਇਕ ਵਾਰੀ ਤਾਂ ਦਲਵੀਰ ਦੀਆਂ ਅੱਖਾਂ ਭਰ ਆਈਆਂ। ਭਗਤੂ ਦੀਆਂ ਕਰੜੇ ਕੰਮ ਕਾਰਨ ਖੁੱਚਾਂ ਦੀਆਂ ਨਾੜਾਂ ਕਿਰਲੇ ਵਾਂਗ ਆਕੜੀਆਂ ਦਿਖਾਈ ਦਿੰਦੀਆਂ ਸਨ। ਉਸ ਉਦਾਸੀ ਨਾਲ ਕਿਹਾ, “ਬਾਪੂ, ਇਹ ਸਹੀ ਹੈ, ਮੈਂਨੂੰ ਨੌਕਰੀ ਮਿਲ ਜਾਊ। ਪਰ ਵਕਤ ਬੜਾ ਲੱਗਣਾ ਏਂ। ਤੇਰਾ ਕੰਮ ਔਖਾ ਏ, ਕਿੰਨਾ ਚਿਰ ਇਵੇਂ ...”
ਭਗਤੂ ਨੇ ਮੁੱਕਾ ਤਣਦਿਆਂ ਕਿਹਾ, “ਬੱਸ, ਇਹੋ ਈ ਕਾਰਨ ਐ ਤੇਰੀ ਉਦਾਸੀ ਦਾ?” ਦਲਵੀਰ ਨੇ ਹਾਂ ਵਿਚ ਸਿਰ ਹਿਲਾਇਆ।
“ਪੁੱਤ, ਬਹੁਤਿਆਂ ਦੀ ਅਣਸ ਚਾਰ ਦਮੜਿਆਂ ਖਾਤਰ ਬਦੇਸ਼ਾਂ ’ਚ ਰੁਲ਼ਦੀ ਫਿਰਦੀ ਐ ... ਆਵਦੀਆਂ ਜੜ੍ਹਾਂ ਨਾਲੋਂ ਟੁੱਟੀ ਫਿਰਦੀ ਐ ... ਜੇ ਮੇਰੀ ਥੱਲੀ ਮਿੱਟੀ ਨਾਲ ਤੈਂਨੂੰ ਐਥੇ ਨੌਕਰੀ ਮਿਲਦੀ ਐ ਤਾਂ ਓਦੂੰ ਆਪਾਂ ਬਾਹਲੇ ਚੰਗੇ ਆਂ। ਤੂੰ ਬੇਫ਼ਿਕਰ ਹੋ ਕੇ ਜਾ। ਮੈਂ ਬਹੁਤ ਖ਼ੁਸ਼ ਆਂ।”
ਭਗਤੂ ਨੇ ਦਲਵੀਰ ਦਾ ਸਿਰ ਪਲੋਸਿਆ ਤੇ ਛਾਲ ਮਾਰ ਕੇ ਰੇੜ੍ਹੇ ਉੱਤੇ ਚੜ੍ਹ ਗਿਆ।
ਹੁਣ ਭਗਤੂ ਦਾ ਖਚਰਾ ਹਵਾ ਨਾਲ ਗੱਲਾਂ ਕਰ ਰਿਹਾ ਸੀ।
*****
(975)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)