“ਸਰਦਾਰਾ, ਲੜਕੀ ਲੈ ਜਾ। ਜੇ ਸੋਧਾਂ ਵਿੱਚ ਕੋਈ ਕਣ ਹੋਇਆ ਤਾਂ ਲੜਕੀ ਇੱਥੇ ਈ ਵਸੂ ...”
(4 ਅਪਰੈਲ 2022)
ਭੂਆ ਸੋਧਾਂ ਦਾ ਫ਼ੋਨ ’ਤੇ ਬੋਲਣਾ ਮੈਂਨੂੰ ਹੈਰਾਨ ਕਰ ਗਿਆ। ਭੂਆ ਸੋਧਾਂ ਫ਼ੋਨ ਵਾਲੇ ਦੌਰ ਦੀ ਉਪਜ ਵੀ ਨਹੀਂ ਸੀ। ਉਮਰ ਦੀਆਂ ਕਈ ਪਾਰੀਆਂ ਵਿੱਚ ਭੂਆ ਆਪਣੇ ਦੌਰ ਦੇ ਤੌਰ ਤਰੀਕੇ ਮੋਢੇ ਲੱਦੀ ਸਕੀਰੀਆਂ ਵਿੱਚ ਆਪਣੀ ਉੱਚੀ ਥਾਂ ਮੱਲੀ ਰੱਖਣ ਦੀ ਝੰਡੀ ਬਣਾਈ ਰੱਖਦੀ ਮੈਂ ਦੇਖੀ ਸੀ। ਜਿਸ ਦੌਰ ਵਿੱਚ ਕੱਚੇ ਰਾਹ ਸੀ, ਭੂਆ ਸੋਧਾਂ ਦੀ ਉਦੋਂ ਕਸੂਰੀ ਜੁੱਤੀ ਦੀ ਜਰਕ ਪੈਂਦੀ ਵੀ ਦੇਖੀ। ਜਦੋਂ ਸਰਕਾਰਾਂ ਦੀਆਂ ਪੱਕੀਆਂ ਸੜਕਾਂ ਬਣ ਗਈਆਂ, ਉਦੋਂ ਵੀ ਭੂਆ ਦੀ ਡੰਗੋਰੀ ਉਸੇ ਮੜ੍ਹਕ ਨਾਲ ਖੜਕਦੀ ਦੇਖੀ। ਭੂਆ ਦਾ ਫ਼ੋਨ ’ਤੇ ਆਖ਼ਰੀ ਵਾਕ ਮੈਂਨੂੰ ਪ੍ਰੇਸ਼ਾਨ ਕਰ ਗਿਆ, “ਐਥੇ ਘਰ ਬਹਿ ਕੇ ਗੱਲ ਕਰਨ ਵਾਲੀ ਆ ਭਾਈ।” ਵਾਕ ਮੈਂਨੂੰ ਇੰਝ ਅਚੰਭੇ ਵਿੱਚ ਪਾ ਗਿਆ ਜਿਵੇਂ ਖੁੱਲ੍ਹੀ ਕਿਤਾਬ ਨੇ ਆਪਣੀ ਜ਼ਿਲਦ ਮੋੜ ਗੁਪਤ ਦਸਤਾਵੇਜ਼ ਦਾ ਰੂਪ ਧਾਰ ਲਿਆ ਹੋਵੇ।
ਭੂਆ ਸੋਧਾਂ ਦਾ ਖੜਕਵਾਂ ਸੁਭਾਅ ਮੇਰੇ ਉਦੋਂ ਬੜਾ ਕੰਮ ਆਇਆ ਸੀ ਜਦੋਂ ਮੈਂਥੋਂ ਮੇਰਾ ਪ੍ਰਛਾਵਾਂ ਵੀ ਸਾਥ ਛੱਡਦਾ ਪ੍ਰਤੀਤ ਹੋ ਰਿਹਾ ਸੀ। ਕਬੀਲਦਾਰੀ ਦੀ ਬੇੜੀ ਐਨ ਮੰਝਧਾਰ ਵਿੱਚ ਛੱਡ ਬਾਪੂ ਅਸਤਕਾਲ ਨੂੰ ਤੁਰ ਗਿਆ ਸੀ। ਬਾਪੂ ਕਬੀਲਦਾਰੀ ਦੇ ਕਈ ਰਾਹ ਤਾਂ ਇੰਨੇ ਮੋਕਲੇ ਛੱਡ ਗਿਆ ਸੀ, ਜਿਹੜਿਆਂ ’ਤੇ ਮੈਂਨੂੰ ਇਹ ਵੀ ਪਤਾ ਨਹੀਂ ਲੱਗਦਾ ਸੀ, ਤੁਰਨਾ ਕਿਵੇਂ ਹੈ? ਜੇ ਤੁਰ ਵੀ ਪਿਆ, ਇਹ ਰਾਹ ਦੀ ਕੋਈ ਮੰਜ਼ਿਲ ਵੀ ਹੈ? ਬਾਪੂ ਦੇ ਤੁਰ ਜਾਣ ਬਾਅਦ ਮੈਂ ਇਕੱਲਤਾ ਵਿੱਚੋਂ ਮਿਲੀ ਸੁੰਨ ਵਿੱਚ ਭਟਕ ਰਿਹਾ ਸੀ। ਉਨ੍ਹੀਂ ਦਿਨੀਂ ਭੂਆ ਸੋਧਾਂ ਨੇ ਮੇਰੀ ਬਾਂਹ ਆ ਫੜੀ। ਭੂਆ ਵਿੱਚ ਇੱਕ ਵੱਡਾ ਗੁਣ ਸੀ। ਉਹ ਅਕਸਰ ਇਸ ਗੁਣ ਬਾਰੇ ਮਾਣ ਨਾਲ ਦੱਸਦੀ, “ਮੈਂ ਭਾਈ ਪਟਵਾਰੀ ਕਿਸ਼ਨ ਸੂੰ ਦੀ ਨੂੰਹ ਆਂ। ਜ਼ਮੀਨ ਦੇ ਤਰਮੀਮੇ ਕੱਢ ਦਿੰਨੀ ਆਂ।”
ਮੇਰੀ ਜ਼ਿੰਦਗੀ ਵੀ ਜ਼ਮੀਨ ਦੇ ਤਰਮੀਮਿਆਂ ਵਿੱਚ ਉਲਝ ਗਈ ਸੀ। ਪਟਵਾਰਖਾਨੇ ਵਿੱਚ ਮੈਂ ਜਮ੍ਹਾਂਬੰਦੀ ’ਤੇ ਬਣਿਆ ਇੱਕ ਰੁੱਖ ਦੇਖਿਆ ਸੀ, ਇਸ ਰੁੱਖ ਦੇ ਮੁੱਢ ਵਿੱਚ ਬਾਪੂ ਦਾ ਨਾਂ ਸੀ। ਉੱਪਰਲੇ ਪੱਤਿਆਂ ’ਤੇ ਮੇਰੀਆਂ ਪੰਜਾਂ ਭੈਣਾਂ, ਤਿੰਨਾਂ ਭੂਆ ਤੇ ਨੌਂਵੀਂ ਮੇਰੀ ਮਾਂ ਦਾ ਨਾਂ ਸੀ। ਪੱਤਿਆਂ ’ਤੇ ਲਿਖੇ ਨਾਂਵਾਂ ਵਿੱਚ ਬਾਪੂ ਦੇ ਚਲਾਣੇ ਕਾਰਨ ਮੇਰੇ ਨਾਂ ਚੜ੍ਹਨ ਵਾਲੀ ਜ਼ਮੀਨ ਦੀ ਵਿਰਾਸਤ ਸਾਰੀਆਂ ਜਾਣੀਆਂ ਦੇ ਨਾਂ ਚੜ੍ਹ ਗਈ ਸੀ। ਜਮ੍ਹਾਂਬੰਦੀ ’ਤੇ ਬਣਿਆ ਰੁੱਖ ਤੇ ਇਸਦੇ ਪੱਤੇ ਰਾਤ ਨੂੰ ਸੁਫ਼ਨਿਆਂ ਵਿੱਚ ਮੈਂਨੂੰ ਡਰਾਉਂਦੇ। ਜੇ ਇਨ੍ਹਾਂ ਵਿੱਚੋਂ ਇੱਕ ਵੀ ਪੱਤਾ ਬਾਗੀ ਹੋ ਗਿਆ ਤਾਂ ਜ਼ਿੰਦਗੀ ਮੇਰੇ ਲਈ ਪਹਾੜ ਬਣ ਜਾਣੀ ਸੀ। “ਚੱਲ ਵੇ ਭਾਈ। ਮੈਂ ਤੋਰਦੀ ਆਂ ਤੇਰੇ ਨਾਲ ਆਪਣੀਆਂ ਭੈਣਾਂ ਤੇ ਭਤੀਜੀਆਂ ਨੂੰ। ਕਰਵਾ ਡਿਗਰੀ ਵੱਡੇ ਜੱਜ ਤੋਂ ਆਪਣੇ ਨਾਂ।”
ਭੂਆ ਨੇ ਫਿਰ ਪਤਾ ਨਹੀਂ ਕਿਸ ਕਿਸ ਰਿਸ਼ਤੇਦਾਰ ਦੀ ਸਰਦਲ’ ਤੇ ਮਸਤਕ ਰਗੜਿਆ। ਜਿੰਨਾ ਚਿਰ ਵੱਡੇ ਜੱਜ ਦੇ ਸਨਮੁੱਖ ਡਿਗਰੀ ਮੇਰੇ ਨਾਂ ਨਹੀਂ ਹੋਈ, ਭੂਆ ਸੋਧਾਂ ਨੇ ਚੱਜ ਨਾਲ ਪਾਣੀ ਵੀ ਨਾ ਪੀਤਾ।
ਹੁਣ ਕ੍ਰਿਤਘਣ ਅਖਵਾਉਣ ਦਾ ਸਮਾਂ ਆਇਆ ਤਾਂ ਮੈਂ ਵੀ ਪੈਰ ਜੁੱਤੀ ਨਾ ਪਾਈ। “ਮੁੰਡਾ ਤੇ ਰੰਬਾ ਚੰਡੇ ਈ ਸੂਤ ਆਉਂਦੇ ਆ। ਮੇਰੇ ਪੁੱਤ ਬਚਿੱਤਰ ਤੋਂ ਆਹ ਗਲਤੀ ਹੋ ਗਈ।” ਮੇਰੇ ਪੁੱਜਣ ਤੇ ਭੂਆ ਨੇ ਭੇਤ ਵਾਲੀ ਗੱਲ ਦਾ ਖੁਲਾਸਾ ਕਰਦਿਆਂ ਕਿਹਾ। ਅਸਲ ਵਿੱਚ ਪਿਛਲੇ ਸਾਲ ਹੀ ਅਸੀਂ ਸਕੀਰੀਆਂ ਵਾਲੇ ਭੂਆ ਦੇ ਪੋਤੇ ਗੁਰਲਾਲ ਨੂੰ ਵਾਜਿਆਂ ਨਾਲ ਵਿਆਹ ਕੇ ਲਿਆਏ ਸੀ। ਮੁੰਡਾ ਗਲਤ ਸੰਗਤ ਵਿੱਚ ਪੈ ਕੇ ਚਿੱਟੇ ਦੀ ਲਤ ਲਾ ਬੈਠਾ। ਭੂਆ ਨੂੰ ਉਦੋਂ ਪਤਾ ਲੱਗਾ ਜਦੋਂ ਗੁਰਲਾਲ ਨੇ ਬਾਹਰਲੇ ਘਰ ਪਿਆ 50 ਮਣ ਕਣਕ ਦਾ ਢੋਲ ਚਿੱਟੇ ਦੀ ਪ੍ਰਾਪਤੀ ਲਈ ਖਾਲੀ ਕਰ ਦਿੱਤਾ। ਸਾਰਾ ਟੱਬਰ ਮੱਥਿਆਂ ’ਤੇ ਹੱਥ ਧਰੀ ਬੈਠਾ ਸੀ.ਪਰ ਭੂਆ ਸੋਧਾਂ ਦ੍ਰਿੜ੍ਹਤਾ ਨਾਲ ਕੁਝ ਸੋਚ ਰਹੀ ਸੀ। ਮੈਂਨੂੰ ਭੂਆ ਮਹਾਂ ਭਾਰਤ ਦੇ ਪਾਤਰ ਭੀਸ਼ਮ ਪਿਤਾਮਾ ਵਰਗੀ ਜਾਪੀ, ਜਿਹੜਾ ਕੁਨਬੇ ਨੂੰ ਰੁੜ੍ਹਨ ਤੋਂ ਬਚਾਉਣ ਲਈ ਬੜੀ ਦੂਰ ਤਕ ਸੋਚਦਾ ਰਿਹਾ, ਪਰ ਅਖ਼ੀਰ ਆਪਣੇ ਪੋਤੇ ਅਰਜਨ ਦੇ ਹੱਥੋਂ ਤੀਰਾਂ ਨਾਲ ਵਿੰਨ੍ਹਿਆ ਗਿਆ। ਮੈਂਨੂੰ ਭੂਆ ਦੇ ਚਿਹਰੇ ਉਤਲਾ ਜਲੌ ਦੇਖ ਕੇ ਲੱਗਿਆ, ਭੂਆ ਪੋਤੇ ਨੂੰ ਵੀ ਮਾਤ ਦੇ ਦੇਵੇਗੀ। ਭੂਆ ਦੀ ਪੋਤ ਨੂੰਹ ਵੀ ਇੱਕ ਬੰਨੇ ਉਦਾਸ ਬੈਠੀ ਸੀ। ਉਹ ਸੱਤ ਮਹੀਨਿਆਂ ਦੀ ਗਰਭਵਤੀ ਸੀ। ਉਸਦੇ ਪੇਕੇ ਅਤੇ ਸੇਲਬਰਾਹ ਵਾਲਾ ਮਾਮਾ ਵੀ ਨਸ਼ੇੜੀ ਸਹੇੜ ਸੁਣ ਆਏ ਬੈਠੇ ਸੀ। ਸੇਲਬਰਾਹ ਵਾਲਾ ਮਾਮਾ ਇਸ ਗੱਲੋਂ ਸਖ਼ਤ ਨਰਾਜ਼ ਸੀ ਕਿ ਭੂਆ ਦੇ ਪ੍ਰਵਾਰ ਨੇ ਨਸ਼ੇ ਵਾਲੀ ਗੱਲ ਲੁਕੋ ਕੇ ਉਨ੍ਹਾਂ ਨਾਲ ਧੋਖਾ ਕੀਤਾ। ਉਹ ਆਪਣੀ ਧੀ ਨੂੰ ਨਾਲ ਲੈ ਕੇ ਜਾਣ ਲਈ ਬਜ਼ਿੱਦ ਸਨ। ਅਸੀਂ ਕੋਈ ਵਿਚਕਾਰਲਾ ਰਾਹ ਲੱਭ ਹੀ ਰਹੇ ਸੀ ਜਦੋਂ ਭੂਆ ਦਾ ਫ਼ੈਸਲਾ ਆ ਗਿਆ, “ਸਰਦਾਰਾ, ਲੜਕੀ ਲੈ ਜਾ। ਜੇ ਸੋਧਾਂ ਵਿੱਚ ਕੋਈ ਕਣ ਹੋਇਆ ਤਾਂ ਲੜਕੀ ਇੱਥੇ ਈ ਵਸੂ।”
ਇੱਕ ਵਾਰੀ ਤਾਂ ਗਰਭਵਤੀ ਨੂੰ ਅਜਿਹੇ ਮੰਦਭਾਗੇ ਸਮੇਂ ਪੇਕੇ ਜਾਂਦੀ ਦੇਖ ਸਾਡੀਆਂ ਵੀ ਅੱਖਾਂ ਛਲਕ ਗਈਆਂ। ਜਾਪਿਆ, ਸਾਰਾ ਕੁਝ ਬਿਖਰਨ ਦੇ ਰਾਹ ਪੈ ਗਿਆ ਹੈ। ਪਰ ਭੂਆ ਨੇ ਜ਼ਿੰਦਗੀ ਦੇ ਉਤਰਾਵਾਂ ਚੜ੍ਹਵਾਂ ਵਿੱਚ ਪਤਾ ਨਹੀਂ ਅਜਿਹੇ ਕਿੰਨੇ ਹਾਦਸੇ ਦੇਖੇ ਸੀ। ਗੁਰਲਾਲ ਨੂੰ ਕਿਸੇ ਚੰਗੇ ਨਸ਼ਾ ਛੁਡਾਊ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪਤਾ ਨਹੀਂ ਭੂਆ ਸੋਧਾਂ ਨੇ ਕਿਸ ਸਰਦਲ ’ਤੇ ਫਿਰ ਮਸਤਕ ਰਗੜਿਆ. ਪੋਤ ਨੂੰਹ ਪੰਜਵੇਂ ਦਿਨ ਵਾਪਸ ਲੈ ਆਉਂਦੀ।
ਮਨੋ ਵਿਗਿਆਨਕ ਤਰੀਕੇ ਨਾਲ ਹਸਪਤਾਲ ਵਾਲਿਆਂ ਵੀ ਗੁਰਲਾਲ ਨੂੰ ਪੰਜ ਮਹੀਨਿਆਂ ਵਿੱਚ ਸਹੀ ਲੀਹ ’ਤੇ ਲਿਆ ਦਿੱਤਾ। ਇੱਕ ਦਿਨ ਕਿਸੇ ਰਿਸ਼ਤੇਦਾਰ ਨੇ ਫੇਸਬੁੱਕ ’ਤੇ ਭੂਆ ਸੋਧਾਂ ਦੀ ਆਪਣੇ ਪੜਪੋਤਰੇ ਨੂੰ ਲੋਰੀਆਂ ਦਿੰਦੀ ਦੀ ਫ਼ੋਟੋ ਪਾਈ। ਫ਼ੋਟੋ ਦੇਖ ਮੈਂਨੂੰ ਜਾਪਿਆ ਜਿਵੇਂ ਸਾਡੇ ਵੇਲਿਆਂ ਦੇ ਭੀਸ਼ਮ ਪਿਤਾਮੇ ਨੂੰ ਕੋਈ ਅਰਜਨ ਪੋਤਰਾ ਵੀ ਤੀਰਾਂ ਨਾਲ ਵਿੰਨ੍ਹ ਨਹੀਂ ਸਕਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3478)
(ਸਰੋਕਾਰ ਨਾਲ ਸੰਪਰਕ ਲਈ: