“ਚਾਰ ਮਹੀਨਿਆਂ ਨੂੰ ਪਤਾ ਲਈਂ,ਜੇ ਚਾਰ ਕਿਤਾਬਾਂ ਵਿਕ ਗਈਆਂ ਤਾਂ ਚਾਰ ਪੈਸੇ ਤੈਂਨੂੰ ਵੀ ਦੇ ਦੇਵਾਂਗੇ। ਉਂਜ ...”
(26 ਮਾਰਚ 2022)
ਮਹਿਮਾਨ: 502.
ਅਕਤੂਬਰ 1980 ਦੀ ਗੱਲ ਹੈ। ਹੋਰਨਾਂ ਬੱਸ ਅੱਡਿਆਂ ਵਾਂਗ ਸਾਡੀ ਮੌੜ ਮੰਡੀ ਦੇ ਬੱਸ ਅੱਡੇ ’ਤੇ ਵੀ ਕਿਤਾਬਾਂ ਵੀ ਵੱਡੀ ਦੁਕਾਨ ਸੀ। ਲਾਲਾ ਸੱਭਰਵਾਲ ਰੈਕਾਂ ਵਿੱਚ ਚਿਣ ਕਿਤਾਬਾਂ ਦੇ ਕਵਰ ਸ਼ੀਸ਼ੇ ਵਾਂਗ ਚਮਕਾ ਕੇ ਰੱਖਦਾ। ਇਹ ਕਿਤਾਬਾਂ ਸਕੂਲੀ ਨਹੀਂ, ਸਾਹਿਤ ਦੀਆਂ ਹੁੰਦੀਆਂ। ਅੱਡੇ ’ਤੇ ਬੱਸ ਪੈਰ ਮਲ਼ਦੀ ਤਾਂ ਕੋਈ ਤੱਤਾ ਗਾਹਕ ਸੱਭਰਵਾਲ ਨੂੰ ਅਵਾਜ਼ ਮਾਰਦਾ, “ਚਾਚਾ ਸੱਭਰਵਾਲਾ, ਬੂਟਾ ਸਿੰਘ ਸ਼ਾਦ ਦਾ ਕੋਈ ਨਵਾਂ ਨਾਵਲ ਆਇਐ?” ਕੋਈ ਹੋਰ ਬੋਲਦਾ, “ਮੋਹਨ ਕਾਹਲੋਂ ਦਾ ਕੋਈ ਨਾਵਲ ਦੇ ਸੱਭਰਵਾਲਾ।” ਐਨਕਾਂ ਸੂਤ ਕਰਦਾ ਸੱਭਰਵਾਲ ਨਾਵਲ ਵੀ ਕੱਢੀ ਜਾਂਦਾ ਤੇ ਨਾਲ ਹੀ ਲੇਖਕਾਂ ਬਾਰੇ ਚਟਖਾਰੇ ਲੈ ਲੈ ਗੱਲਾਂ ਵੀ ਸੁਣਾਈ ਜਾਂਦਾ। ਸੱਭਰਵਾਲ ਸ਼ਾਦ ਦਾ ਕੋਈ ਨਵਾਂ ਨਾਵਲ ਆਉਣ ਤੋਂ ਪਹਿਲਾਂ ਹੀ ਉਹ ਗੱਤੇ ਉੱਤੇ ਮੋਟੇ ਅੱਖਰਾਂ ਵਿੱਚ ਇਹ ਜ਼ਰੂਰ ਲਿਖਦਾ, “ਲੰਬੀ ਚੁੱਪ ਮਗਰੋਂ ਬੂਟਾ ਸਿੰਘ ਸ਼ਾਦ ਦਾ ਇੱਕ ਹੋਰ ਧਮਾਕਾ।”
ਮੈਂ ਪਾਸੇ ਖੜ੍ਹਾ ਸੱਭਰਵਾਲ ਦੀਆਂ ਗੱਲਾਂ ਦਿਸਚਪਸੀ ਨਾਲ ਸੁਣੀ ਜਾਂਦਾ। ਸੱਭਰਵਾਲ ਸਿਆਣੇ ਪਾਠਕਾਂ ਨੂੰ ਇਹ ਵੀ ਕਹਿੰਦਾ, “ਦੇਖੋ ਜੀ, ਪਹਿਲਾਂ ਪਹਿਲ ਪਾਠਕ ਹਲਕੇ ਸਾਹਿਤ ਨੂੰ ਮੂੰਹ ਮਾਰਦਾ, ਫਿਰ ਹੌਲੀ ਹੌਲੀ ਗੰਭੀਰ ਸਾਹਿਤ ਵੱਲ ਮੁੜ ਆਉਂਦਾ। ਇਸ ਤਰ੍ਹਾਂ ਦੇ ਬਹੁਤ ਪਾਠਕਾਂ ਨੂੰ ਮੈਂ ਜਾਣਦਾ ਹਾਂ।”
ਸੱਭਰਵਾਲ ਨਾਲ ਹੋਰ ਨੇੜਤਾ ਲਈ ਮੈਂ ਉਸ ਤੋਂ ਸਾਹਿਤ ਦੀਆਂ ਕਈ ਕਿਤਾਬਾਂ ਮੁੱਲ ਲਈਆਂ। ਜਦੋਂ ਉਹ ਮੇਰੇ ਚਿਹਰੇ ਦਾ ਸਿਆਣੂ ਹੋ ਗਿਆ ਤਾਂ ਮੈਂ ਝਿਜਕ ਲਾਹ ਕੇ ਸੱਭਰਵਾਲ ਨੂੰ ਦੱਸਿਆ, “ਚਾਚਾ, ਮੈਂ ਵੀ ਲੇਖਕ ਹਾਂ। ਮੇਰਾ ਨਾਵਲ ਵੀ ਦਿੱਲੀ ਦਾ ਪ੍ਰਾਕਸ਼ਕ ਛਾਪ ਰਿਹਾ।”
ਸੱਭਰਵਾਲ ਮੇਰੇ ਵੱਲ ਫਟੀਆਂ ਫਟੀਆਂ ਅੱਖਾਂ ਨਾਲ ਦੇਖਣ ਲੱਗਾ। ਇੰਨੀ ਛੋਟੀ ਉਮਰ ਵਿੱਚ ਜਦੋਂ ਮੇਰੇ ਥੋੜ੍ਹੀ ਥੋੜ੍ਹੀ ਦਾੜ੍ਹੀ ਫੁੱਟ ਗਈ ਸੀ, ਨਾਵਲ ਲਿਖਣ ਵਾਲੀ ਗੱਲ ਸੱਭਰਵਾਲ ਨੂੰ ਅਚੰਭੇ ਵਾਲੀ ਲੱਗੀ। ਮੈਂ ਸੱਭਰਵਾਲ ਨੂੰ ਛਪ ਰਹੇ ਨਾਵਲ ਦਾ ਕਵਰ ਦਿਖਾਇਆ। ਕਵਰ ਦੇਖ ਸੱਭਰਵਾਲ ਨੇ ਇੱਕ ਗੱਤਾ ਚੁੱਕਿਆਂ ਤੇ ਹੋਰਨਾਂ ਲੇਖਕਾਂ ਦੇ ਨਾਲ ਮੇਰੇ ਨਾਂ ਵਾਲਾ ਗੱਤਾ ਵੀ ਸੁੰਦਰ ਲਿਖਾਈ ਵਿੱਚ ਲਿਖ ਕੇ ਚਿਪਕਾ ਦਿੱਤਾ।
ਕੁਝ ਦਿਨ ਮਗਰੋਂ ਮੇਰੇ ਨਾਵਲ ਦਾ ਦਿੱਲੀ ਵਾਲਾ ਪ੍ਰਕਾਸ਼ਕ ਮੇਰਾ ਨਵਾਂ ਛਪਿਆ ਨਾਵਲ ਲੈ ਕੇ ਆ ਗਿਆ। ਨਾਵਲ ਤੇ ਪ੍ਰਕਾਸ਼ਕ ਨੂੰ ਦੇਖ ਸੱਭਰਵਾਲ ਬੜਾ ਖੁਸ਼ ਹੋਇਆ। ਉਸ ਨਾਵਲ ਦੀ 400 ਕਾਪੀ ਲੈ ਲਈ। ਸੱਭਰਵਾਲ ਨੇ ਪ੍ਰਕਾਸ਼ਕ ਦੇ ਬੈਠਿਆਂ ਹੀ ਦਸ ਕਾਪੀਆਂ ਵੇਚ ਦਿੱਤੀਆਂ। ਇੰਝ ਨਾਵਲ ਵਿਕਦਾ ਦੇਖ ਪ੍ਰਕਾਸ਼ਕ ਨੂੰ ਵੀ ਮੇਰੇ ਵਿੱਚੋਂ ਭਵਿੱਖ ਦਾ ਕੋਈ ਵਧੀਆ ਨਾਵਲਕਾਰ ਦਿਸਣ ਲੱਗ ਪਿਆ। ਉਸਨੇ ਨੰਦ ਹਲਵਾਈ ਦੇ ਹੋਟਲ ਤੋਂ ਮੈਂਨੂੰ ਚਾਹ ਨਾਲ ਬਰਫੀ ਵੀ ਖਵਾਈ ਤੇ ਭਵਿੱਖ ਵਿੱਚ ਲਿਖਣ ਲਈ ਵਿਸ਼ੇ ਵੀ ਦੱਸੇ।
ਸੱਭਰਵਾਲ ਰੋਜ਼ ਹੀ ਸਵੇਰੇ ਮੈਂਨੂੰ ਕੁਰਸੀ ’ਤੇ ਬਹਾ ਲਿਆ ਕਰੇ। ਜਦੋਂ ਕੋਈ ਪਾਠਕ ਨਾਵਲ ਲੈਣ ਆਇਆ ਕਰੇ ਤਾਂ ਸੱਭਰਵਾਲ ਪੂਰੀ ਗੰਭੀਰਤਾ ਨਾਲ ਮੇਰੀ ਪਾਠਕ ਨਾਲ ਜਾਣ ਪਛਾਣ ਕਰਾਇਆ ਕਰੇ। ਮੇਰੀ ਊਠਕ ਬੈਠਕ ਸੱਭਰਵਾਲ ਕੋਲ਼ ਜਾਰੀ ਰਹੀ। ਸੱਭਰਵਾਲ ਨੇ ਤਿੰਨ ਮਹੀਨਿਆਂ ਵਿੱਚ ਸਾਰੀ ਕਿਤਾਬ ਵੇਚ ਲਈ।
ਵਕਤ ਬਦਲਦਾ ਗਿਆ। ਸੱਭਰਵਾਲ ਦੁਕਾਨ ’ਤੇ ਜੰਮਿਆ ਰਿਹਾ।
ਪਿੱਛੇ ਜਿਹੇ ਮੈਂ ਬਜ਼ੁਰਗ ਹੋ ਚੁੱਕੇ ਸੱਭਰਵਾਲ ਨੂੰ ਆਪਣਾ ਨਵਾਂ ਛਪਿਆ ਨਾਵਲ ‘ਟਿਕੀ ਹੋਈ ਰਾਤ’ ਦੁਕਾਨ ਵਿੱਚ ਰੱਖਣ ਲਈ ਦੇਣ ਗਿਆ। ਉਸ ਨਾਵਲ ਮੈਂਥੋਂ ਫੜ ਕੇ ਰੱਖ ਲਿਆ। ਸੱਭਰਵਾਲ ਦਾ ਚਿਹਰਾ ਝਮਿਆ ਹੋਇਆ ਸੀ। ਸੱਭਰਵਾਲ ਬੀਤੇ ਵਕਤ ਦੀਆਂ ਗੱਲਾਂ ਕਰਨ ਲੱਗਾ ਜਦੋਂ ਪਾਠਕ ਕਿਤਾਬਾਂ ਨੂੰ ਉਡੀਕਿਆ ਕਰਦੇ ਸੀ। ਹੁਣ ਕਿਤਾਬ ਪਾਠਕ ਨੂੰ ਉਕੀਡਣ ਲੱਗੀ ਹੈ। ਇਸ ਵਰਤਾਰੇ ਦਾ ਭਾਂਡਾ ਮੁਬਾਈਲ ਕਲਚਰ ਸਿਰ ਭੰਨਦਿਆਂ ਸੱਭਰਵਾਲ ਕਹਿੰਦਾ, “ਚਾਰ ਮਹੀਨਿਆਂ ਨੂੰ ਪਤਾ ਲਈਂ,ਜੇ ਚਾਰ ਕਿਤਾਬਾਂ ਵਿਕ ਗਈਆਂ ਤਾਂ ਚਾਰ ਪੈਸੇ ਤੈਂਨੂੰ ਵੀ ਦੇ ਦੇਵਾਂਗੇ। ਉਂਜ ਹਾਲਤ ਕਿਤਾਬਾਂ ਦੀ ਮਾੜੀ ਬਹੁਤ ਆ।”
ਕਈ ਮਹੀਨਿਆਂ ਬਾਅਦ ਮੈਂ ਅੱਡੇ ’ਤੇ ਗਿਆ ਤਾਂ ਉੱਥੇ ਸੱਭਰਵਾਲ ਦੀ ਦੁਕਾਨ ਹੀ ਨਹੀਂ ਸੀ। ਸੱਭਰਵਾਲ ਦੀ ਇਸ ਦੁਕਾਨ ਦੀ ਥਾਂ ਕਮੇਟੀ ਵਾਲਿਆਂ ਵੱਡਾ ਲਵਲੀ ਸਵੀਟ ਸਟੋਰ ਉਸਾਰ ਦਿੱਤਾ ਸੀ। ਜਦੋਂ ਮੈਂ ਸਟੋਰ ਦੇ ਮਾਲਕ ਨੂੰ ਸੱਭਰਵਾਲ ਦੀ ਹੋਣੀ ਬਾਰੇ ਪੁੱਛਿਆ ਤਾਂ ਉਹ ਕਹਿੰਦਾ, “ਚਾਚਾ ਕਹਿੰਦਾ, ਹੁਣ ਕਿਤਾਬਾਂ ਦੀਆਂ ਦੁਕਾਨਾਂ ਕਮੇਟੀ ਦੇ ਵਧੇ ਹੋਏ ਕਿਰਾਏ ਦਾ ਭਾਰ ਨਹੀਂ ਚੱਕ ਸਕਦੀਆਂ। ਬਠਿੰਡੇ ਅੱਡੇ ਵਾਲਾ ਵਰਮਾ ਅੱਡੇ ਦੀ ਮਗਲਰੀ ਗਲੀ ਵਿੱਚ ਚਲਾ ਗਿਆ। ਰਾਮਪੁਰੇ ਵਾਲਾ ਸ਼ਰਮਾ ਵੀ ਉੱਥੇ ਹੀ। ਇਹੀ ਹਾਲ ਆਪਣੇ ਸੱਭਰਵਾਲ ਦਾ ਹੋਇਆ। ਇਹ ਅੱਡੇ ਦੀ ਮਗਰਲੀ ਗਲੀ ਵਿੱਚ ਹੈ।”
ਲਵਲੀ ਦੀ ਦੁਕਾਨ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨਾਲ ਭਰੀ ਪਈ ਸੀ। ਪਰ ਸੱਭਰਵਾਲ ਦੀ ਦੁਕਾਨ ਤੋਂ ਬਗੈਰ ਅੱਡਾ ਮੈਂਨੂੰ ਬਹੁਤ ਸੁੰਨੀ ਥਾਂ ਜਾਪ ਰਿਹਾ ਸੀ। ਹੁਣ ਵੀ ਮਨ ਲੋਚਦਾ ਹੈ ਕਿ ਉਹ ਦਿਨ ਪਰਤਣਗੇ ਜਦੋਂ ਨਵੀਂ ਪੀੜ੍ਹੀ ਦੇ ਮੋਢੇ ’ਤੇ ਤਬਦੀਲੀ ਦਾ ਝੰਡਾ ਅਤੇ ਹੱਥ ਵਿੱਚ ਕਿਤਾਬ ਤੇ ਜ਼ਰੂਰੀ ਲੋੜ ਲਈ ਮੁਬਾਈਲ ਜੇਬ ਵਿੱਚ ਹੋਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3459)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)