HarjinderSGulpur8“ਰਾਜਨੀਤੀ ਨੇ ਹਮੇਸ਼ਾ ਧਰਮ ਨੂੰ ਉਤਸ਼ਾਹਿਤ ਕੀਤਾ ਹੈ। ਜਦੋਂ ਤਖਤ ’ਤੇ ਖਤਰਾ ...”
(28 ਨਵੰਬਰ 2026)


ਜ਼ਿਆਦਾਤਰ ਜੀਵ ਲੰਬੀ ਅਤੇ ਖੁਸ਼ਹਾਲ ਜ਼ਿੰਦਗੀ ਬਸਰ ਕਰਨ ਲਈ ਜਨਮ ਲੈਂਦੇ ਹਨ
। ਇਹ ਜੀਵ ਜੰਤੂ ਜ਼ਿੰਦਗੀ ਜਿਊਣ ਲਈ ਪੂਰੀ ਵਾਹ ਲਾ ਦਿੰਦੇ ਹਨ। ਮਾੜੀਆਂ ਤੋਂ ਮਾੜੀਆਂ ਹਾਲਤਾਂ ਦਾ ਮੁਕਾਬਲਾ ਕਰਕੇ ਵੀ ਇਹ ਮਰਨ ਨਾਲੋਂ ਜਿਊਣ ਨੂੰ ਤਰਜੀਹ ਦਿੰਦੇ ਹਨ। ਘੁੱਗੀਆਂ ਕਾਵਾਂ ਦਾ ਮੁਕਾਬਲਾ ਇਸ ਲਈ ਕਰਦੀਆਂ ਹਨ ਕਿ ਉਨ੍ਹਾਂ ਦੀ ਨਸਲ ਅੱਗੇ ਚਲਦੀ ਰਹੇ। ਮਨੁੱਖ ਤੋਂ ਇਲਾਵਾ ਜੀਵ ਭੁੱਖ ਮਿਟਾਉਣ ਲਈ ਦੂਜੇ ਜੀਵਾਂ ਨੂੰ ਮਾਰਦੇ ਹਨ। ਜਦੋਂ ਪੇਟ ਭਰਿਆ ਹੁੰਦਾ ਹੈ ਤਾਂ ਚੁੱਪ ਚਾਪ ਅਰਾਮ ਕਰਦੇ ਹਨ। ਉਨ੍ਹਾਂ ਦਾ ਦੂਜਾ ਮੰਤਵ ਹੁੰਦਾ ਹੈ ਆਪਣੀ ਜਾਨ ਦੀ ਸੁਰੱਖਿਆ ਕਰਨਾ।

ਮਨੁੱਖ ਇੱਕ ਅਜਿਹਾ ਜੀਵ ਹੈ ਜੋ ਆਪਣੇ ਸ਼ੌਕ ਪੂਰੇ ਕਰਨ ਅਤੇ ਆਪਣਾ ਝੰਡਾ ਬੁਲੰਦ ਕਰਨ ਲਈ ਆਪਣੇ ਭਾਈਚਾਰੇ ਅਤੇ ਦੂਜੇ ਜੀਵਾਂ ਦਾ ਘਾਣ ਕਰਦਾ ਹੈ। ਨਾ ਇਹਦਾ ਪੇਟ ਭੋਜਨ ਨਾਲ ਭਰਦਾ ਹੈ ਨਾ ਵੱਡੀਆਂ ਵੱਡੀਆਂ ਕੋਠੀਆਂ ਅਤੇ ਕਾਰਾਂ ਨਾਲ। ਇਹ ਆਪਣਾ ਮਕਸਦ ਪੂਰਾ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਭੇਸ ਬਦਲਦਾ ਰਹਿੰਦਾ ਹੈ। ਕਦੇ ਇਹ ਧਾਰਮਿਕ ਅਧਿਕਾਰੀ ਵਾਲਾ ਚੋਲਾ ਪਾ ਲੈਂਦਾ ਹੈ ਕਦੇ ਨੇਤਾਵਾਂ ਵਾਲਾ। ਕਿਸੇ ਨੂੰ ਮਾਰ ਦੇਵੇ ਤਾਂ ਭੰਗੜੇ ਪਾਉਂਦਾ ਹੈ ਮਰ ਜਾਵੇ ਤਾਂ ਰੋਂਦਾ ਹੈ। ਲੇਕਿਨ ਮਰਨ ਮਾਰਨ ਨੂੰ ਆਪਣੀ ਸ਼ਾਨ ਸਮਝਦਾ ਹੈ। ਤਕੜੇ ਦੀ ਗੁਲਾਮੀ ਕਬੂਲ ਕਰ ਲੈਂਦਾ ਹੈ ਮਾੜੇ ਨੂੰ ਜਿਊਣ ਨਹੀਂ ਦਿੰਦਾ।

ਗੈਰ ਮਨੁੱਖੀ ਜੀਵਾਂ ਕੋਲ ਨਾ ਧਰਮ ਦਾ ਵਿਕਲਪ ਅਤੇ ਨਾ ਹੀ ਰਾਜਨੀਤੀ ਦਾ। ਉਨ੍ਹਾਂ ਕੋਲ ਰੋਣ ਦਾ ਵਕਤ ਹੀ ਨਹੀਂ ਹੈ। ਮਨੁੱਖ ਦੀ ਇਸ ਬਾਗੀਆਨਾ ਜੰਗਲੀ ਪ੍ਰਵਿਰਤੀ ਦੇ ਸੰਦਰਭ ਵਿੱਚ ਵਿਸ਼ਵ ਪੱਧਰ ’ਤੇ ਜੀਓ ਅਤੇ ਜਿਊਣ ਦਿਓ (Live and let live) ਦਾ ਸਿਧਾਂਤ ਸਾਹਮਣੇ ਆਇਆ ਸੀ। ਇਸਦਾ ਜ਼ਿਕਰ ਸਿੱਖ ਅਤੇ ਬੁੱਧ ਧਰਮ ਦੇ ਗ੍ਰੰਥਾਂ ਵਿੱਚ ਵੀ ਕੀਤਾ ਗਿਆ ਹੈ। ਇਸਦੇ ਬਾਵਯੂਦ ਇਸ ਸੰਕਲਪ ਤੋਂ ਉਲਟ ਅਮਲ ਕੀਤਾ ਜਾ ਰਿਹਾ ਹੈ। ਅਗਰ ਅਸੀਂ ਧਰਮੀਅਤ ਦੇ ਮੂਲ ਨੂੰ ਸਮਝਿਆ ਹੁੰਦਾ ਤਾਂ ਇਹ ਨੌਬਤ ਆਉਣੀ ਹੀ ਨਹੀਂ ਸੀ। ਅਸਲ ਵਿੱਚ ਮਨੁੱਖ ਅੱਜ ਨਹੀਂ ਹਲਕਿਆ, ਮੁੱਢ ਕਦੀਮ ਤੋਂ ਹਲਕਿਆ ਹੋਇਆ ਹੈ। ਇਸਦਾ ਕੋਈ ਵੀ ਧਰਮ ਨਹੀਂ ਹੈ। ਇਹ ਆਪਣੇ ਮਤਲਬ ਲਈ ਨੀਚ ਤੋਂ ਨੀਚ ਕੰਮ ਵੀ ਕਰ ਸਕਦਾ ਹੈ। ਸਾਵਾਂ ਪੱਧਰਾ ਜੀਵਨ ਜਿਊਣਾ ਇਸਦੇ ਹਿੱਸੇ ਹੀ ਨਹੀਂ ਆਇਆ। ਦੁਨੀਆ ਵਿੱਚ ਜਿੰਨੇ ਨਰ ਸੰਘਾਰ ਹੋਏ ਹਨ, ਉਹ ਗੈਰ ਮਨੁਖਾਂ ਨੇ ਨਹੀਂ ਕੀਤੇ, ਉਹ ਮਨੁੱਖ ਨੇ ਹੀ ਕੀਤੇ ਹਨ। ਉਹ ਭਾਵੇਂ ਪਸ਼ੂ ਪੰਛੀਆਂ ਦੇ ਹੋਣ ਜਾ ਮਨੁਖਾਂ ਦੇ। ਜਿਸਦੇ ਹੱਥ ਤਾਕਤ ਆ ਜਾਂਦੀ ਹੈ ਉਹ ਰੱਬ ਬਣ ਕੇ ਬੈਠ ਜਾਂਦਾ ਹੈ। ਜਿਨ੍ਹਾਂ ਹੱਥ ਤਾਕਤ ਨਹੀਂ ਆਉਂਦੀ ਉਹ ਆਲੋਚਕ ਬਣ ਜਾਂਦੇ ਹਨ।

ਅਕਸਰ ਸਵਾਲ ਉੱਠਦਾ ਹੈ ਕਿ ਧਰਮ ਵੱਡਾ ਹੈ ਜਾਂ ਰਾਜਨੀਤੀ? ਇਸਦਾ ਜਵਾਬ ਇਹ ਹੈ ਕਿ ਰਾਜਨੀਤੀ ਵੱਡੀ ਹੈ। ਧਰਮ ਦਾ ਕੰਮ ਅਸਿੱਧੇ ਰੂਪ ਵਿੱਚ ਰਾਜ ਸੱਤਾ ਦੀ ਰਾਖੀ ਕਰਨਾ ਹੈ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਬੰਦਾ ਤਾਂ ਮਾੜਾ ਨਹੀਂ ਪਰ ਉਸਦੇ ਕੰਮ ਮਾੜੇ ਹਨ। ਇਹ ਵਿਚਾਰ ਸਰਕਾਰਾਂ ਅਤੇ ਸੰਸਥਾਵਾਂ ਉੱਤੇ ਵੀ ਲਾਗੂ ਹੁੰਦੇ ਹਨ। ਦੋਸ਼ ਸਾਰਾ ਸਰਕਾਰਾਂ ਅਤੇ ਸੰਸਥਾਵਾਂ ਨੂੰ ਚਲਾਉਣ ਵਾਲਿਆਂ ’ਤੇ ਆਇਦ ਹੁੰਦਾ ਹੈ। ਅਸੀਂ ਭਾਵੁਕਤਾ ਵੱਸ ਬਹੁਤ ਦੂਰ ਚਲੇ ਜਾਂਦੇ ਹਾਂ। ਸ਼ੇਰ ਵਰਗੇ ਨਿਕੰਮੇ ਅਤੇ ਮਹਾਂ ਸੁਸਤ ਜਾਨਵਰ ਨੂੰ ਜੰਗਲ ਦਾ ਰਾਜਾ ਸਮਝਣ ਵਾਂਗ ਅਸੀਂ ਦੁਨੀਆ ਭਰ ਦੇ ਨਿਕੰਮੇ ਵਿਅਕਤੀ ਨੂੰ ਆਪਣਾ ਆਗੂ ਤਸਲੀਮ ਕਰ ਲੈਂਦੇ ਹਾਂ।

ਆਉ ਇਸ ਸੰਦਰਭ ਵਿੱਚ ਹੁਣ ਸਿਆਸਤ ਅਤੇ ਧਰਮ ਵਲ ਰੁੱਖ ਕਰੀਏ। ਇਹ ਦੋਵੇਂ ਵਿਸ਼ੇ ਮਨੁੱਖ ਨਾਲ ਸਬੰਧਤ ਹਨ। ਬਾਕੀ ਦੁਨੀਆ ਦਾ ਤਾਂ ਬਹੁਤਾ ਪਤਾ ਨਹੀਂ ਪ੍ਰੰਤੂ ਪੰਜਾਬ ਅਤੇ ਭਾਰਤ ਵਾਰੇ ਮੋਟੀ ਮੋਟੀ ਜਾਣਕਾਰੀ ਜ਼ਰੂਰ ਹੈ। ਇਸ ਵਰਤਾਰੇ ਵਾਰੇ ਪੰਜਾਬ ਦੀ ਇੱਕ ਕਹਾਵਤ ਬਹੁਤ ਪ੍ਰਸਿੱਧ ਹੈ। ਉਹ ਹੈ ਮੁੜ ਮੁੜ ਖੋਤੀ ਬੋਹੜ ਥੱਲੇ। ਬੋਹੜ ਨੂੰ ਜੇ ਸੱਤਾ ਦਾ ਪ੍ਰਤੀਕ ਮੰਨ ਲਿਆ ਜਾਵੇ ਤਾਂ ਅਤਿ ਕਥਨੀ ਨਹੀਂ ਹੋਵੇਗੀ। ਰਾਜਸੀ ਆਗੂ ਸਾਰਾ ਦਿਨ ਜਿੱਥੇ ਮਰਜ਼ੀ ਘੁੰਮੀ ਜਾਣ ਲੇਕਿਨ ਰਾਤ ਨੂੰ ਸੁਪਨੇ ਕੁਰਸੀ ਦੇ ਹੀ ਲੈਂਦੇ ਹਨ। ਇਸ ਕਥਨ ਨੂੰ ਰਾਜਸੀ ਨੇਤਾ ਪਹਿਲਾਂ ਵੀ ਸੱਚ ਸਾਬਤ ਕਰਦੇ ਆਏ ਹਨ ਅਤੇ ਅੱਜ ਵੀ ਸੱਚ ਸਾਬਤ ਕਰ ਰਹੇ ਹਨ। ਰਾਜਨੀਤੀ ਵਿੱਚ ਸਾਰੇ ਨੇਤਾ ਇੱਕ ਦੂਜੇ ਦੇ ਦੋਸਤ ਹੁੰਦੇ ਹਨ ਪ੍ਰੰਤੂ ਲੋਕਾਂ ਦੀ ਦੋਸਤੀ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ। ਇਸੇ ਲਈ ਉਹ ਗੁੜ ਨੂੰ ਬੁੱਕਲ ਵਿੱਚ ਭੋਰ ਕੇ ਖਾਂਦੇ ਹਨ ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗੇ।

ਰਾਜਨੀਤੀ ਵਿੱਚ ਜੋ ਦਿਸਦਾ ਹੈ ਉਹ ਹੁੰਦਾ ਨਹੀਂ। ਸਿਆਸਤ ਰਾਜ ਕਰਨ ਦੀ ਨੀਤੀ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਇਮਾਨ ਦਾ ਹੋਣਾ ਜ਼ਰੂਰੀ ਮੰਨਿਆ ਗਿਆ ਹੈ ਤਾਂ ਕਿ ਲੋਕਾਂ ਦੇ ਦੁੱਖਾਂ ਦਰਦਾਂ ਦਾ ਨਿਵਾਰਨ ਕੀਤਾ ਜਾ ਸਕੇ। ਇਸੇ ਤਰ੍ਹਾਂ ਧਰਮ ਦੀ ਉਤਪਤੀ ਲੋਕਾਂ ਨੂੰ ਮਾਨਸਿਕ ਸਕੂਨ ਦੇਣ ਲਈ ਕੀਤੀ ਗਈ ਸੀ ਜਿਸ ਨੂੰ ਦੀਨ ਕਿਹਾ ਜਾਂਦਾ ਹੈ। ਦੋਹਾਂ ਵਿਸ਼ਿਆਂ ’ਤੇ ਵੱਡੇ ਵੱਡੇ ਗ੍ਰੰਥ ਲਿਖੇ ਗਏ ਹਨ ਜਿਨ੍ਹਾਂ ਨੂੰ ਵਾਰ ਵਾਰ ਪੜ੍ਹਿਆ ਜਾਂਦਾ ਹੈ। ਇਨ੍ਹਾਂ ਗ੍ਰੰਥਾਂ ਦੇ ਬਹੁਤੇ ਹਿੱਸੇ ਲੋਕਾਂ ਨੂੰ ਜ਼ੁਬਾਨੀ ਯਾਦ ਹਨ। ਲੇਕਿਨ ਅਮਲੀ ਤੌਰ ਉੱਤੇ ਦੋਹਾਂ ਵਿਸ਼ਿਆਂ ਵਿੱਚ ਨਾ ਦੀਨ ਰਿਹਾ ਹੈ ਨਾ ਇਮਾਨ। ਅੱਜ ਹਾਲਾਤ ਇਹ ਬਣ ਗਏ ਹਨ ਕਿ ਬਹੁਤੇ ਕਾਂਗਰਸੀ ਭਾਜਪਾ ਦਾ ਹਿੱਸਾ ਬਣ ਗਏ ਹਨ। ਇਹੀ ਹਾਲ ਅਕਾਲੀਆਂ ਦਾ ਹੈ। ਪੰਜਾਬ ਅਤੇ ਦੇਸ਼ ਦੇ ਵਡੇਰੇ ਹਿਤਾਂ ਦੀ ਆੜ ਹੇਠ ਜਦੋਂ ਜੀਅ ਕਰਦਾ ਹੈ ਪਾਲਾ ਬਦਲ ਲੈਂਦੇ ਹਨ। ਅਪਵਾਦ ਨੂੰ ਛੱਡ ਕੇ ਕੋਈ ਵੀ ਅਜਿਹਾ ਨੇਤਾ ਨਹੀਂ ਹੈ ਜਿਸਨੇ ਦਲ ਬਦਲੀ ਨਾ ਕੀਤੀ ਹੋਵੇ। ਆਮ ਬੰਦੇ ਦੀ ਤ੍ਰਾਸਦੀ ਇਹ ਬਣ ਗਈ ਹੈ ਕਿ ਉਹ ਇਨ੍ਹਾਂ ਵਿੱਚੋਂ ਇੱਕ ਨੂੰ ਚੁਣਨ ਲਈ ਮਜਬੂਰ ਹਨ। ਬਿਨਾਂ ਕਿਸੇ ਰੋਡ ਮੈਪ ਦੇ ਸਹਾਰੇ ਉਹ ਸੱਤਾ ਉੱਤੇ ਕਾਬਜ਼ ਹੋਣ ਦੀ ਫਿਰਾਕ ਵਿੱਚ ਰਹਿੰਦੇ ਹਨ। ਇਸਦਾ ਵੱਡਾ ਕਸੂਰ ਸਾਡੀ ਥੋੜ੍ਹ ਚਿਰੀ ਕਮਜ਼ੋਰ ਮਾਨਸਿਕਤਾ ਵਿੱਚ ਪਿਆ ਹੈ। ਸਾਡੀ ਇਸ ਕਮਜ਼ੋਰੀ ਦਾ ਫਾਇਦਾ ਸਿਆਸੀ ਆਗੂਆਂ ਵੱਲੋਂ ਵੱਲੋਂ ਵਾਰ ਵਾਰ ਉਠਾਇਆ ਜਾ ਰਿਹਾ ਹੈ।

ਇਹੀ ਹਾਲ ਧਾਰਮਿਕ ਵਿਸ਼ੇ ਦਾ ਹੈ। ਧਰਮ ਲੋਕਾਂ ਨੂੰ ਸਕੂਨ ਦੇਣ ਦੀ ਥਾਂ ਵੱਡੇ ਵਿਉਪਾਰ ਦਾ ਰੂਪ ਧਾਰਨ ਕਰ ਗਿਆ ਹੈ ਜਿਸ ਨੂੰ ਕੰਟਰੋਲ ਮਨੁੱਖ ਹੀ ਕਰ ਰਿਹਾ ਹੈ। ਇਸੇ ਕਰਕੇ ਪੰਜਾਬ ਜਾਂ ਭਾਰਤ ਦੇ ਹਰ ਪਿੰਡ ਵਿੱਚ ਧਾਰਮਿਕ ਅਸਥਾਨਾਂ ਦੀ ਭਰਮਾਰ ਬਣੀ ਹੋਈ ਹੈ। ਬਹੁਤੇ ਅਸਥਾਨਾਂ ਨੇ ਤਾਂ ਰਿਆਸਤਾਂ ਦਾ ਰੂਪ ਇਖਤਿਆਰ ਕਰ ਲਿਆ ਹੈ। ਇਨ੍ਹਾਂ ਅਸਥਾਨਾਂ ਦੇ ਮੁਖੀ ਸਮਾਨਾਂਤਰ ਸਰਕਾਰਾਂ ਚਲਾ ਰਹੇ ਹਨ। ਰਾਜਨੀਤਕ ਮੁਖੀ ਅਤੇ ਧਾਰਮਿਕ ਮੁਖੀ ਇੱਕ ਦੂਜੇ ਨੂੰ ਪਾਸ ਦੇ ਕੇ ਲੋਕਾਈ ਦੇ ਖਿਲਾਫ ਗੇਮ ਖੇਡ ਰਹੇ ਹਨ। ਰੈਫਰੀ ਵੀ ਉਹ ਖੁਦ, ਗਰਾਊਂਡ ਵੀ ਉਨ੍ਹਾਂ ਦੀ ਅਤੇ ਨਿਯਮ ਵੀ ਉਨ੍ਹਾਂ ਦੇ ਹਨ। ਇਸ ਹਾਲਤ ਵਿੱਚ ਅਵਾਮ ਦਾ ਹਾਰਨਾ ਨਿਸ਼ਚਿਤ ਹੈ।

ਅਗਰ ਭਾਰਤ ਦੇ ਰਾਜਨੀਤਕ ਅਤੇ ਧਾਰਮਿਕ ਇਤਿਹਾਸ ਦੀ ਘੋਖ ਪੜਤਾਲ ਕਰੀ ਜਾਵੇ ਤਾਂ ਇਹ ਸਚਾਈ ਸਾਹਮਣੇ ਆਉਂਦੀ ਹੈ ਕਿ ਰਾਜਨੀਤੀ ਨੇ ਹਮੇਸ਼ਾ ਧਰਮ ਨੂੰ ਉਤਸ਼ਾਹਿਤ ਕੀਤਾ ਹੈ। ਜਦੋਂ ਤਖਤ ’ਤੇ ਖਤਰਾ ਬਣਦਾ ਹੈ ਤਾਂ ਧਰਮ ਉਸਦੀ ਰੱਖਿਆ ਕਰਦਾ ਹੈ। ਪੁਰਾਤਨ ਕਾਲ ਤੋਂ ਲੈ ਕੇ ਹੁਣ ਤਕ ਧਰਮ ਨੇ ਤਖਤ ਦੀ ਵਾੜ ਦਾ ਕੰਮ ਕੀਤਾ ਹੈ। ਧਰਮ ਨੂੰ ਸੱਤਾ ਧਿਰ ਵੀ ਵਰਤਦੀ ਹੈ ਅਤੇ ਵਿਰੋਧੀ ਧਿਰ ਵੀ। ਇਹ ਕਿਰਿਆ ਕਰਮ ਐਨੇ ਸੂਖਮ ਢੰਗ ਨਾਲ ਚਲਦਾ ਹੈ ਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ ਲਗਦਾ। ਲੋਕਾਂ ਦੀ ਆਸਥਾ ਧਾਰਮਿਕ ਕਰਮਕਾਂਡਾਂ ਵਿੱਚ ਹੁੰਦੀ ਹੈ ਅਤੇ ਧਰਮ ਅਧਿਕਾਰੀਆਂ ਦੀ ਆਸਥਾ ਆਪੋ ਆਪਣੇ ਰਾਜਨੀਤਕ ਨੇਤਾਵਾਂ ਵਿੱਚ। ਨਤੀਜਾ ਇਹ ਹੁੰਦਾ ਹੈ ਕਿ ਵੱਖ ਵੱਖ ਰੰਗਾਂ ਵਿੱਚ ਰੰਗੇ ਹੋਏ ਧਰਮ ਅਧਿਕਾਰੀ ਅਛੋਪਲੇ ਜਿਹੇ ਆਪਣੇ ਸ਼ਧਾਲੂਆਂ ਨੂੰ ਮਨ ਪਸੰਦ ਨੇਤਾਵਾਂ ਦੀ ਝੋਲੀ ਵਿੱਚ ਢੇਰੀ ਕਰ ਦਿੰਦੇ ਹਨ। ਮਨੁੱਖ ਆਪਣੀਆਂ ਖੁਸ਼ੀਆਂ ਖਰੀਦਦਾ ਵੀ ਹੈ ਅਤੇ ਵੇਚਦਾ ਵੀ ਹੈ। ਮੁੱਕਦੀ ਗੱਲ ਇਹ ਕਿ ਮਨੁੱਖ ਨੇ ਆਪਣਾ ਵਿਕਾਸ ਵੀ ਖੁਦ ਕੀਤਾ ਹੈ ਅਤੇ ਆਪਣਾ ਵਿਨਾਸ਼ ਵੀ ਖੁਦ ਕਰੇਗਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਹਰਜਿੰਦਰ ਸਿੰਘ ਗੁਲਪੁਰ

ਹਰਜਿੰਦਰ ਸਿੰਘ ਗੁਲਪੁਰ

WhatsApp: (Australia: 61 - 482 - 069 - 176)

Email: (h.gulpur@gmail.com)