“ਇਤਿਹਾਸ ਗਵਾਹ ਹੈ ਕਿ ਉਨ੍ਹਾਂ ਬੰਦਿਆਂ ਨੇ ਹੀ ਰਾਜ ਪਲਟੇ ਕੀਤੇ ਹਨ ਜੋ ਦੇਖਣ ਨੂੰ ...”
(8 ਅਕਤੂਬਰ 2026)
ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਮਨੋ ਸਰੀਰਕ (Psycho Physical) ਵਿਵਹਾਰ ਵਿੱਚ ਆਇਆ ਵਿਗਾੜ ਹੈ; ਬਾਕੀ ਸਾਰੀਆਂ ਸਮੱਸਿਆਵਾਂ ਇਸ ਮੁੱਖ ਸਮੱਸਿਆ ਦਾ ਉਪ ਉਤਪਾਦ (Bi products) ਹਨ। ਜਦੋਂ ਤਕ ਸਾਡਾ ਮਨੋ ਸਰੀਰਕ ਵਿਕਾਸ ਨਹੀਂ ਹੁੰਦਾ ਉਦੋਂ ਤਕ ਅਸੀਂ ਸੁੰਨੀਆਂ ਖੱਡਾਂ ਵਿੱਚ ਹੱਥ ਪਾਉਂਦੇ ਹੀ ਰਹਿਣਾ ਹੈ ਭਾਵੇਂ ਪਤਾ ਵੀ ਹੋਵੇ ਕਿ ਇਨ੍ਹਾਂ ਖੱਡਾਂ ਵਿੱਚ ਨਾਗ ਅਤੇ ਬਿੱਛੂ ਰਹਿੰਦੇ ਹਨ। ਇਹੀ ਕਾਰਨ ਹੈ ਕਿ ਅਸੀਂ ਵਾਰ ਵਾਰ ਆਪਣਾ ਨੁਕਸਾਨ ਕਰਵਾ ਰਹੇ ਹਾਂ। ਯੂਨਾਨੀਆਂ ਨੇ ਇਸ ਸਮੱਸਿਆ ਨੂੰ ਤਕਰੀਬਨ ਤਿੰਨ ਸਦੀਆਂ ਪਹਿਲਾਂ ਸਮਝ ਲਿਆ ਸੀ। ਲੇਕਿਨ ਅਫਸੋਸ ਹੈ ਕਿ ਅਸੀਂ ਇਸ ਮਾਮਲੇ ਵਿੱਚ ਹੁਣ ਤਕ ਪੂਣੀ ਵੀ ਨਹੀਂ ਕੱਤੀ। ਅਸੀਂ ਸਿਰੇ ਦੇ ਗਾਲੜੀ ਨੂੰ ਤੇਜ਼ ਤਰਾਰ ਵਿਅਕਤੀ ਅਤੇ ਸਿਆਣਾ ਸਮਝ ਲੈਂਦੇ ਹਾਂ; ਪੱਲੇ ਭਾਵੇਂ ਉਹਦੇ ਡੱਕਾ ਵੀ ਨਾ ਹੋਵੇ। ਮੋਟੇ ਅਤੇ ਭਲਵਾਨ ਟਾਈਪ ਬੰਦੇ ਨੂੰ ਜ਼ੋਰਾਵਰ ਸਮਝ ਲੈਂਦੇ ਹਾਂ ਭਾਵੇਂ ਉਹ ਸਿਰੇ ਦਾ ਡਰਪੋਕ ਹੋਵੇ। ਇਹ ਉਸੇ ਤਰ੍ਹਾਂ ਦੀ ਅਭਿਆਸ ਹੈ ਜਿਸ ਤਰ੍ਹਾਂ ਸਾਰੇ ਕੰਮ ਛੱਡ ਕੇ ਕਿਤਾਬਾਂ ਪੜ੍ਹਨ ਵਾਲੇ ਵਿਅਕਤੀ ਨੂੰ ਕਿਤਾਬੀ ਕੀੜਾ (Book worm) ਮੰਨਿਆ ਜਾਂਦਾ ਹੈ ਅਤੇ ਗਿਆਨ ਵਿਹੂਣੇ ਬੰਦੇ ਨੂੰ ਡੱਫਰ।
ਅਸੀਂ ਅੱਧੇ ਅਧੂਰੇ ਬਣ ਕੇ ਵੀ ਆਪਣੇ ਆਪ ਨੂੰ ਪੂਰਨ ਸਮਝ ਰਹੇ ਹਾਂ। ਭਲਵਾਨ ਅਤੇ ਮੁੱਕੇਬਾਜ਼ ਆਪਣੇ ਆਪ ਨੂੰ ਫਿੱਟ ਸਮਝਦੇ ਹਨ ਅਤੇ ਲੇਖਕ ਆਪਣੇ ਆਪ ਨੂੰ ਵਿਦਵਾਨ। ਅਸਲ ਵਿੱਚ ਦੋਵੇਂ ਅਧੂਰੇ ਹਨ। ਇਹ ਸਾਰੀ ਗੱਲ ਸਮਝਣ ਲਈ ਮੈਂ ਇੱਥੇ ਇੱਕ ਇਤਿਹਾਸਕ ਕਹਾਣੀ ਪੇਸ਼ ਕਰ ਰਿਹਾ ਹਾਂ। ਪੱਕਾ ਤਾਂ ਪਤਾ ਨਹੀਂ ਪਰ ਇੰਨਾ ਜ਼ਰੂਰ ਪਤਾ ਹੈ ਕਿ ਇਹ ਬਾਤ ਘੱਟੋ ਘੱਟ ਤਿੰਨ ਸਦੀਆਂ ਪੁਰਾਣੀ ਹੈ। ਉਸ ਵੇਲੇ ਯੂਨਾਨ ਨਾਂ ਦਾ ਇੱਕ ਦੇਸ਼ ਹੁੰਦਾ ਸੀ ਜਿੱਥੋਂ ਦੇ ਲੋਕ ਬਹੁਤ ਬੁੱਧੀਮਾਨ ਸਨ। ਉਸ ਸਮੇਂ ਯੂਨਾਨ ਵੀਹ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਸਪਾਰਟਾ ਅਤੇ ਐਥਨ ਦੋ ਤਾਕਤਵਰ ਰਿਆਸਤਾਂ ਸਨ। ਫਰਕ ਇਹ ਸੀ ਕਿ ਸਪਾਰਟਾ ਵਿੱਚ ਤਾਨਾਸ਼ਾਹੀ ਸੀ ਅਤੇ ਏਥਨ ਵਿੱਚ ਤਤਕਾਲੀ ਡੈਮੋਕਰੇਸੀ ਸੀ। ਸਪਾਰਟਾ ਦਾ ਰਾਜਾ ਸਰੀਰਕ ਫਿੱਟਨੈੱਸ ’ਤੇ ਜ਼ੋਰ ਦਿੰਦਾ ਸੀ ਅਤੇ ਏਥਨ ਦੀ ਸਰਕਾਰ ਸਰੀਰਕ ਅਤੇ ਮਾਨਸਿਕ ਫਿਟਨੈੱਸ ’ਤੇ ਜ਼ੋਰ ਦਿੰਦੀ ਸੀ। ਏਥਨ ਸਰਕਾਰ ਦਾ ਸਲੋਗਨ ਸੀ- ਇੱਕ ਤੰਦਰੁਸਤ ਦਿਮਾਗ ਲਈ ਇੱਕ ਤੰਦਰੁਸਤ ਸਰੀਰ ਦੀ ਜ਼ਰੂਰਤ ਹੈ (A sound mind in a sound body)। ਦੂਜੇ ਪਾਸੇ ਸਪਾਰਟਾ ਦਾ ਰਾਜਾ ਕੇਵਲ ਸਰੀਰਕ ਪੱਖ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦਾ ਹੁੰਦਾ ਸੀ। ਇੱਥੋਂ ਤਕ ਕਿ ਉਹ ਅਸਾਧਾਰਨ ਜੰਮੇ ਬੱਚਿਆਂ ਨੂੰ ਮਰਵਾ ਦਿੰਦਾ ਸੀ। ਇਤਿਹਾਸ ਅਨੁਸਾਰ ਇਹੀ ਕਾਰਨ ਸੀ ਕਿ ਸਪਾਰਟਾ ਵਿੱਚ ਕੇਵਲ ਬਲਸ਼ਾਲੀ ਯੋਧੇ ਪੈਦਾ ਹੋਏ ਅਤੇ ਯੂਨਾਨ ਵਿੱਚ ਬਲਸ਼ਾਲੀ ਯੋਧਿਆਂ ਦੇ ਨਾਲ ਨਾਲ ਦਾਰਸ਼ਨਿਕ ਵੀ ਪੈਦਾ ਹੋਏ। ਇਨ੍ਹਾਂ ਦਾਰਸ਼ਨਿਕਾਂ ਵੱਲੋਂ ਰਾਜਨੀਤੀ, ਭੂਗੋਲ ਅਤੇ ਖਗੋਲ ਵਿੱਚ ਐਨੀਆਂ ਖੋਜਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਅੱਜ ਤਕ ਝੁਠਲਾਇਆ ਨਹੀਂ ਜਾ ਸਕਦਾ।
ਹੈਰਾਨੀ ਇਸ ਗੱਲ ਦੀ ਹੈ ਕਿ ਦੁਨੀਆ ਵਰਤਮਾਨ ਵਿੱਚ ਜੀਅ ਰਹੀ ਹੈ, ਅਸੀਂ ਭੂਤਕਾਲ ਵਿੱਚ ਜੀਅ ਰਹੇ ਹਾਂ। ਅਜੇ ਤਕ ਅਸੀਂ ਇਹ ਹੀ ਨਹੀਂ ਸਮਝ ਸਕੇ ਕਿ ਸਾਡਾ ਵਿਅਕਤਤਵ ਮਨ ਅਤੇ ਸਰੀਰ ਦਾ ਜਮ੍ਹਾਂ ਜੋੜ ਹੈ। ਜਦੋਂ ਅਸੀਂ ਕੋਈ ਕਿਰਿਆ ਕਰਦੇ ਹਾਂ ਤਾਂ ਮਨ ਅਤੇ ਸਰੀਰ ਨੂੰ ਜੋੜ ਕੇ ਕੀਤੀ ਕਿਰਿਆ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਉਦਾਹਰਨ ਵਜੋਂ ਕੁਝ ਵਿਦਿਆਰਥੀ ਕਲਾਸ ਵਿੱਚ ਤਾਂ ਬੈਠੇ ਹੁੰਦੇ ਹਨ ਪਰ ਉਨ੍ਹਾਂ ਦਾ ਮਨ ਕਲਾਸ ਤੋਂ ਬਾਹਰਲੀ ਕਿਸੇ ਸਮੱਸਿਆ ਵਿੱਚ ਉਲਝਿਆ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਖਿਡਾਰੀ ਖੇਡ ਮੈਦਾਨ ਵਿੱਚ ਕੋਈ ਖੇਡ ਖੇਡਦਾ ਹੁੰਦਾ ਹੈ ਤਾਂ ਜੇ ਉਹ ਸਰੀਰ ਨਾਲ ਆਪਣੇ ਮਨ ਨੂੰ ਜੋੜ ਕੇ ਨਹੀਂ ਖੇਡਦਾ ਤਾਂ ਉਸਦੀ ਪਰਦਰਸ਼ਨ ਵਧੀਆ ਨਹੀਂ ਹੁੰਦਾ। ਇਸਦਾ ਕਾਰਨ ਇਹ ਹੈ ਕਿ ਉਨ੍ਹਾਂ ਦਾ ਅੱਧਾ ਸਰੀਰ ਕਲਾਸ ਅਤੇ ਖੇਡ ਮੈਦਾਨ ਵਿੱਚੋਂ ਕਰਮਵਾਰ ਗੈਰਹਾਜ਼ਰ ਹੁੰਦਾ ਹੈ। ਸਰੀਰਕ ਮਾਹਿਰਾਂ ਨੇ ਤਜਰਬਿਆਂ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਮਨ ਅਤੇ ਸਰੀਰ ਇੱਕ ਦੂਜੇ ਦੇ ਪੂਰਕ ਹਨ। ਜਦੋਂ ਮਨ ਉਦਾਸ ਹੁੰਦਾ ਹੈ ਤਾਂ ਸਰੀਰ ਇਕਾਗਰ ਨਹੀਂ ਹੁੰਦਾ ਅਤੇ ਜਦੋਂ ਸਰੀਰ ਕਿਸੇ ਬਿਮਾਰੀ ਜਾ ਸੱਟ ਚੋਟ ਕਾਰਨ ਤੰਦਰੁਸਤ ਨਹੀਂ ਹੁੰਦਾ ਤਾਂ ਮਨ ਇਕਾਗਰ ਨਹੀਂ ਹੁੰਦਾ। ਜਦੋਂ ਤਕ ਮਨ ਅਤੇ ਸਰੀਰ ਦਾ ਤਾਲਮੇਲ ਨਹੀਂ ਬੈਠਦਾ ਉਦੋਂ ਤਕ ਕੋਈ ਵੀ ਕਾਰਜ ਸਹੀ ਢੰਗ ਨਾਲ ਨੇਪਰੇ ਨਹੀਂ ਚੜ੍ਹਦਾ। ਕੰਮ ਭਾਵੇਂ ਸਰੀਰਕ ਹੋਵੇ ਜਾ ਮਾਨਸਿਕ।
ਸਰੀਰਕ ਵਿਗਿਆਨੀਆਂ ਵੱਲੋਂ ਕੀਤੇ ਇੱਕ ਤਜਰਬੇ ਦੀ ਉਦਾਹਰਨ ਪੇਸ਼ ਹੈ- ਇੱਕ ਵਿਅਕਤੀ ਨੂੰ ਇੱਕ ਕੰਡਾ ਨੁਮਾ ਫੱਟੇ ਜਾਂ ਝੂਲੇ ਉੱਤੇ ਇਸ ਤਰ੍ਹਾਂ ਸਿੱਧਾ ਲਿਟਾ ਦਿੱਤਾ ਗਿਆ ਕਿ ਸਿਰ ਅਤੇ ਪੈਰਾਂ ਵਲ ਦਾ ਹਿੱਸਾ ਇੱਕ ਸਿੱਧੀ ਰੇਖਾ ਵਿੱਚ ਰਹੇ। ਉਸ ਵਿਅਕਤੀ ਨੂੰ ਕਿਹਾ ਗਿਆ ਕਿ ਤੂੰ ਸੋਚ ਕਿ ਉਹ 100 ਮੀਟਰ ਦੀ ਸਪਰਿੰਟ ਲਾ ਰਿਹਾ ਹੈ। ਜਦੋਂ ਉਸ ਵਿਅਕਤੀ ਨੇ ਇਸ ’ਤੇ ਅਮਲ ਕੀਤਾ ਤਾਂ ਪੈਰਾਂ ਵਾਲਾ ਫੱਟਾ ਥੋੜ੍ਹਾ ਜਿਹਾ ਝੁਕ ਗਿਆ। ਫਿਰ ਉਸ ਨੂੰ ਕਿਹਾ ਗਿਆ ਕਿ ਤੂੰ ਸੋਚ ਕੇ ਦੱਸ ਕਿ ਗੋਲ ਧਰਤੀ ਉੱਤੇ ਸਮੁੰਦਰ ਕਿਵੇਂ ਟਿਕਿਆ ਹੋਇਆ ਹੈ? ਜਦੋਂ ਉਹ ਵਿਅਕਤੀ ਸੋਚਣ ਲੱਗਾ ਤਾਂ ਉਸਦੇ ਸਿਰ ਵਾਲਾ ਪਾਸਾ ਝੁਕ ਗਿਆ। ਇਹਦਾ ਕਾਰਨ ਇਹ ਹੈ ਕਿ ਸਾਡਾ ਬਲੱਡ ਸਰਕੂਲੇਸ਼ਨ ਕਿਰਿਆਸ਼ੀਲ ਅੰਗਾਂ ਵਲ ਝੁਕ ਜਾਂਦਾ ਹੈ। ਰੋਟੀ ਖਾਣ ਤੋਂ ਬਾਅਦ ਸਰੀਰ ਦਾ ਜ਼ੋਰ ਮਿਹਦੇ ਵਿੱਚ ਕੇਂਦਰਤ ਹੋ ਜਾਂਦਾ ਹੈ। ਖੇਡਾਂ ਦੇ ਖੇਤਰ ਵਿੱਚ ਸਰੀਰਕ ਫਿਟਨੈੱਸ ਹੀ ਕਾਫੀ ਨਹੀਂ ਹੁੰਦੀ; ਇਸ ਲਈ ਖਿਡਾਰੀਆਂ ਨੂੰ ਮਨੋਵਿਗਿਆਨਕ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਸੰਨ 1992, 93 ਦੀ ਗੱਲ ਹੈ। ਮੇਰੇ ਇੱਕ ਵਿਦਿਆਥੀ ਨੇ ਸਟੇਟ ਐਥਲੈਟਿਕ ਮੀਟ ਵਿੱਚ ਹਿੱਸਾ ਲੈਣਾ ਸੀ। ਮੈਨੂੰ ਭਰੋਸਾ ਸੀ ਕਿ ਉਸਦੀ ਪਰਫਾਰਮੈਂਸ ਅਨੁਸਾਰ ਉਹਦੀ ਕੋਈ ਨਾ ਕੋਈ ਪੁਜ਼ੀਸ਼ਨ ਜ਼ਰੂਰ ਆਵੇਗੀ ਜੋ ਬਾਅਦ ਵਿੱਚ ਆਈ ਵੀ। ਅਸੀਂ ਇੱਕ ਦਿਨ ਪਹਿਲਾਂ ਜਲੰਧਰ ਦੇ ਸਪੋਰਟਸ ਕਾਲਜ/ਸਕੂਲ ਪਹੁੰਚ ਗਏ। ਉੱਥੇ ਅਥਲੀਟ ਅਜਿਹੇ ਟਰੈਕ ਸੂਟ ਪਾਈ ਫਿਰਦੇ ਸਨ ਜਿਨ੍ਹਾਂ ਦੀ ਪਿੱਠ ’ਤੇ ਇੰਡੀਆ ਲਿਖਿਆ ਹੋਇਆ ਸੀ। ਮੇਰਾ ਵਿਦਿਆਰਥੀ ਮੈਨੂੰ ਕਹਿਣ ਲੱਗਾ ਸਰ ਜੀ ਇਹ ਤਾਂ ਬਹੁਤ ਵੱਡੇ ਐਥਲੀਟ ਹਨ, ਲਗਦਾ ਮੇਰਾ ਨੰਬਰ ਨਹੀਂ ਲੱਗਣਾ। ਮੇਰਾ ਵਿਦਿਆਰਥੀ ਨਿਰੋਲ ਪੇਂਡੂ ਖੇਤਰ ਨਾਲ ਸੰਬੰਧਿਤ ਸੀ। ਮੈਂ ਸਮਝ ਗਿਆ ਕਿ ਉਹ ਦਿਲ ਛੱਡ ਗਿਆ ਹੈ। ਮੈਂ ਉਸ ਨੂੰ ਰਾਤ ਸਮੇਂ ਸਮਝਾਉਂਦਾ ਰਿਹਾ ਕਿ ਇਹ ਵਿਦਿਆਰਥੀ ਮੰਗਵੇਂ ਟਰੈਕ ਸੂਟ ਪਾਈ ਫਿਰਦੇ ਹਨ, ਤੂੰ ਆਪਣੀ ਖੇਡ ਨੂੰ ਸਾਹਮਣੇ ਰੱਖ। ਲੇਕਿਨ ਉਹ ਇਸ ਵਰਤਾਰੇ ਨਾਲ ਡੋਲ ਗਿਆ ਸੀ। ਆਖਰ ਉਹੀ ਹੋਇਆ ਜਿਸਦਾ ਡਰ ਸੀ। ਉਹ ਆਪਣੀ ਔਸਤ ਪਰਫਾਰਮੈਂਸ ਤਕ ਵੀ ਨਾ ਪੁੱਜ ਸਕਿਆ। ਇਹ ਨਿੱਕਾ ਜਿਹਾ ਨੁਕਤਾ ਮੇਰੇ ਯਾਦ ਚਿੱਤ ਵੀ ਨਹੀਂ ਸੀ।
ਮਨੋ ਸਰੀਰਕ ਵਿਕਾਸ ਨੂੰ ਜੇ ਸਮਾਜਿਕ ਪਰਿਪੇਖ ਵਿੱਚ ਰੱਖ ਕੇ ਦੇਖੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਤਕ ਸਾਡਾ ਪੂਰਨ ਵਿਕਾਸ ਨਹੀਂ ਹੁੰਦਾ ਉਦੋਂ ਤਕ ਨਰੋਏ ਸਮਾਜ ਦੀ ਸਿਰਜਣਾ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਇਸੇ ਲਈ ਰਾਜਨੀਤੀ ਅਤੇ ਧਰਮ ਸਮੇਤ ਹਰ ਸਮਾਜਿਕ ਖੇਤਰ ਵਿੱਚ ਮੱਸਲ ਪਾਵਰ ਦਾ ਬੋਲਬਾਲਾ ਹੈ। ਕੋਈ ਗੰਨਾਂ ਲੈ ਕੇ ਫਿਰਦਾ ਹੈ ਅਤੇ ਕੋਈ ਬਾਊਂਸਰ। ਬੁੱਧੀਮਤਾ ਹਾਸ਼ੀਏ ’ਤੇ ਧੱਕ ਦਿੱਤੀ ਗਈ ਹੈ। ਸਰੀਰਕ ਪੱਖੋਂ ਤਾਕਤਵਰ ਅਤੇ ਬੜਬੋਲੇ ਬੰਦੇ ਸਮਾਜ ਦੇ ਰਾਖੇ ਬਣੇ ਹੋਏ ਹਨ। ਆਮ ਲੋਕ ਇਸ ਸਚਾਈ ਨੂੰ ਨਹੀਂ ਜਾਣਦੇ ਕਿ ਬਿਨਾਂ ਮਨ ਦੀ ਮਜ਼ਬੂਤੀ ਦੇ ਸਰੀਰਕ ਪੱਖੋਂ ਮਜ਼ਬੂਤ ਦਿਸਦੇ ਬੰਦੇ ਉਦੋਂ ਤਕ ਹੀ ਬਹਾਦਰ ਹੁੰਦੇ ਹਨ ਜਦੋਂ ਤਕ ਉਨ੍ਹਾਂ ਦੇ ਸਾਹਮਣੇ ਕੋਈ ਨਹੀਂ ਖੜ੍ਹਦਾ। ਇਤਿਹਾਸ ਗਵਾਹ ਹੈ ਕਿ ਉਨ੍ਹਾਂ ਬੰਦਿਆਂ ਨੇ ਹੀ ਰਾਜ ਪਲਟੇ ਕੀਤੇ ਹਨ ਜੋ ਦੇਖਣ ਨੂੰ ਭਾਵੇਂ ਭਰਵੇਂ ਜੁੱਸੇ ਵਾਲੇ ਨਹੀਂ ਲਗਦੇ ਲੇਕਿਨ ਉਹ ਮਨੋ ਸਰੀਰਕ ਤੌਰ ’ਤੇ ਪੂਰੀ ਤਰ੍ਹਾਂ ਤੰਦਰੁਸਤ ਸਨ। ਦੁਨੀਆ ਭਰ ਦੀਆਂ ਸਫਲ ਲਹਿਰਾਂ ਦੇ ਆਗੂ ਛੋਟੇ ਛੋਟੇ ਕਦਾਂ ਅਤੇ ਘੱਟ ਭਾਰ ਵਾਲੇ ਵਿਅਕਤੀ ਹੀ ਹੋਏ ਹਨ। ਇੱਥੋਂ ਤਕ ਕਿ ਸਾਡੇ ਜ਼ਿਆਦਾਤਰ ਪੰਜਾਬੀਆਂ ਦਾ ਆਈਕੌਨ ਮਹਾਰਾਜਾ ਰਣਜੀਤ ਸਿੰਘ ਵੀ ਸਰੀਰਕ ਪੱਖੋਂ ਪੂਰਾ ਸੂਰਾ ਨਹੀਂ ਸੀ। ਇਸਦੇ ਬਾਵਜੂਦ ਪੰਜਾਬੀਆਂ ਦੇ ਮਨਾਂ ਵਿੱਚ ਦਿਓ ਕੱਦ ਡੀਲ ਡੌਲ ਵਾਲੇ ਆਗੂਆਂ ਨੇ ਆਪਣਾ ਘਰ ਬਣਾ ਲਿਆ ਹੈ ਜੋ ਇਤਿਹਾਸਕ ਅਤੇ ਵਿਗਿਆਨਕ ਤੌਰ ’ਤੇ ਸਹੀ ਨਹੀਂ ਹੈ। ਸਾਡਾ ਸਾਵਾਂ ਪੱਧਰਾ ਵਿਕਾਸ ਹੀ ਸਾਡੇ ਆਲੇ ਦੁਆਲੇ ਦੇ ਵਿਕਾਸ ਦਾ ਜ਼ਾਮਨ ਬਣ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































