“ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦੋਹਾਂ ਧਿਰਾਂ ਵਿੱਚੋਂ ਕਿਹੜੀ ਧਿਰ ਨੇ ਅਮਰੀਕਾ ਕੋਲ ਪਹੁੰਚ ਕੀਤੀ ...”
(14 ਮਈ 2025)
ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਪਾਕਿਸਤਾਨ ਦਰਮਿਆਨ ਦੋਹਾਂ ਦੇਸ਼ਾਂ ਦੇ ਮੇਨ ਸਟਰੀਮ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਇੱਕ ਹਿੱਸੇ ਉੱਤੇ ਜੰਗ ਲੱਗ ਕੇ ਮਹਿਜ਼ ਚਾਰ ਦਿਨ ਚੱਲਣ ਤੋਂ ਬਾਅਦ ਖਤਮ ਹੋ ਗਈ ਹੈ। ਇਸ ਦੌਰਾਨ ਕੁਝ ਸੁਹਿਰਦ ਸਾਬਕਾ ਜਰਨੈਲਾਂ ਅਤੇ ਜੰਗਾਂ ਬਾਰੇ ਤਬਸਰੇ ਕਰਨ ਵਾਲੇ ਖੋਜੀ ਪੱਤਰਕਾਰਾਂ ਨੇ ਵਾਰ ਵਾਰ ਦਾਅਵਾ ਕੀਤਾ ਸੀ ਕਿ ਦੋਹਾਂ ਦੇਸ਼ਾਂ ਦਰਮਿਆਨ ਜੰਗ ਨਹੀਂ ਲੱਗੇਗੀ। ਉਹਨਾਂ ਦਾ ਤਰਕ ਸੀ ਕਿ ਨਾ ਤਾਂ ਦੋਹਾਂ ਦੇਸ਼ਾਂ ਦੀ ਆਰਥਿਕ ਹਾਲਤ ਇਸਦੀ ਇਜਾਜ਼ਤ ਦਿੰਦੀ ਹੈ ਅਤੇ ਨਾ ਹੀ ਕਿਸੇ ਵੱਡੀ ਤਾਕਤ ਨੂੰ ਇਸ ਜੰਗ ਦਾ ਫਾਇਦਾ ਹੈ। ਸਾਰੀ ਦੁਨੀਆਂ ਟਰੇਡ ਵਾਰ ਵਿੱਚ ਉਲਝੀ ਹੋਈ ਹੈ। ਇਸ ਦੇ ਬਾਵਯੂਦ ਦੋਵੇਂ ਦੇਸ਼ ਦਾਅਵਾ ਕਰ ਰਹੇ ਹਨ ਕਿ ਉਹਨਾਂ ਨੇ ਆਪੋ ਆਪਣੇ ਮਕਸਦ ਪੂਰੇ ਕਰ ਲਏ ਹਨ। ਦੋਵੇਂ ਦੇਸ਼ ਆਪੋ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਫਿਰ ਵੀ ਇਸ ਅੱਧੀ ਅਧੂਰੀ ਜੰਗਬੰਦੀ ਨਾਲ ਦੋਹਾਂ ਦੇਸ਼ਾਂ ਦਾ ਅਵਾਮ ਸੁੱਖ ਦਾ ਸਾਹ ਲਵੇਗਾ ਅਤੇ ਜੰਗ ਦੀ ਉਡੀਕ ਕਰਨ ਵਾਲਿਆਂ ਦੇ ਪੱਲੇ ਨਿਰਾਸ਼ਾ ਪਵੇਗੀ। ਇਸ ਨਿਹੱਕੀ ਜੰਗ ਦੌਰਾਨ ਜਿਹੜਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ, ਉਸ ਦੀ ਭਰਪਾਈ ਨਹੀਂ ਹੋਣੀ। ਅੱਤਵਾਦੀ ਹਮਲੇ ਤੋਂ ਬਾਅਦ ਪੂਰਾ ਭਾਰਤ ਬੇਚੈਨ ਸੀ। ਭਾਰਤ ਦੀ ਸਰਕਾਰ ਉੱਤੇ ਲੋਕਾਂ ਦਾ ਬਹੁਤ ਦਬਾਅ ਸੀ। ਭਾਰਤ ਸਰਕਾਰ ਦੁਚਿੱਤੀ ਵਿੱਚ ਫਸੀ ਹੋਈ ਸੀ। ਪੀ ਐੱਮ ਮੋਦੀ ਵਿਦੇਸ਼ ਦੌਰਾ ਛੱਡ ਕੇ ਵਾਪਸ ਆ ਗਏ ਸਨ। ਉਹਨਾਂ ਨੇ ਦਿੱਲੀ ਦੇ ਹਵਾਈ ਅੱਡੇ ਉੱਤੇ ਹੀ ਮੰਤਰੀ ਮੰਡਲ ਦੀ ਮੀਟਿੰਗ ਬੁਲਾ ਲਈ। ਇਸ ਨਾਲ ਦੇਸ਼ ਨੂੰ ਸੁਨੇਹਾ ਮਿਲ ਗਿਆ ਕਿ ਹੁਣ ਪਾਕਿਸਤਾਨ ਦੀ ਖੈਰ ਨਹੀਂ।
ਉੱਥੋਂ ਉਹ ਮੋਦੀ ਸਾਹਿਬ ਸਿੱਧੇ ਚੋਣ ਰੈਲੀ ਨੂੰ ਸੰਬੋਧਤ ਕਰਨ ਲਈ ਬਿਹਾਰ ਪਹੁੰਚ ਗਏ। ਉੱਥੇ ਉਹਨਾਂ ਨੇ ਪਾਕਿਸਤਾਨ ਦਾ ਨਾਂ ਲਏ ਬਗੈਰ ਅੱਤਵਾਦੀਆਂ ਅਤੇ ਉਹਨਾਂ ਦੇ ਪਾਲਣਹਾਰਿਆਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਚੀਫ ਆਫਫ ਸਟਾਫ ਸਮੇਤ ਤਿੰਨਾਂ ਫ਼ੌਜਾਂ ਦੇ ਮੁਖੀਆਂ ਨਾਲ ਮੀਟਿੰਗ ਦਰ ਮੀਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ। ਅਚਾਨਕ ਇੱਕ ਦਿਨ ਪ੍ਰਧਾਨ ਮੰਤਰੀ ਨੇ ਲੋਕਾਂ ਦੀ ਉਮੀਦ ਤੋਂ ਉਲਟ ਬਿਆਨ ਦਿੱਤਾ ਕਿ ਦੇਸ਼ ਵਿੱਚ ਜਾਤੀ ਜਨਗਣਨਾ ਕਰਵਾਈ ਜਾਵੇਗੀ। ਲੋਕ ਪੀ ਐੱਮ ਦੇ ਇਸ ਐਲਾਨ ਦਾ ਮਖੌਲ ਉਡਾਉਣ ਲੱਗ ਪਏ। ਜਨਤਾ ਦਾ ਦਬਾਅ ਹੋਰ ਵਧ ਗਿਆ। ਅਖੀਰ ਪੰਦਰਾਂ ਦਿਨਾਂ ਬਾਅਦ ਸੱਤ ਮਈ ਨੂੰ ਤਕਰੀਬਨ ਇੱਕ ਵਜੇ ਭਾਰਤੀ ਏਅਰ ਫੋਰਸ ਨੇ ਪਾਕਿਸਤਾਨ ਦੇ ਨੌਂ ਅੱਤਵਾਦੀ ਟਿਕਾਣਿਆਂ ਉੱਤੇ ਬਿਨਾਂ ਇੰਡੋ ਪਾਕ ਸਰਹੱਦ ਦੀ ਖਿਲਾਫਵਰਜ਼ੀ ਕੀਤੇ ਏਅਰ ਸਟਰਾਈਕ ਕਰ ਦਿੱਤੀ। ਇਸ ਦੌਰਾਨ ਕੁਝ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਅਜ਼ਹਰ ਮਸੂਦ ਦੇ ਕੁਝ ਨੇੜਲੇ ਲੋਕ ਵੀ ਮਾਰੇ ਗਏ। ਟਾਰਗਿਟ ਕੀਤੇ ਗਏ ਇਨ੍ਹਾਂ ਟਿਕਾਣਿਆਂ ਵਿੱਚ ਪੰਜ ਪੀ ਓ ਕੇ ਵਿੱਚ ਸਨ ਅਤੇ ਚਾਰ ਇਸ ਖਿੱਤੇ ਤੋਂ ਬਾਹਰ ਸਨ। ਇਸਦੇ ਜਵਾਬ ਵਿੱਚ ਪਾਕਿਸਤਾਨ ਆਰਮੀ ਵੱਲੋਂ ਕਸ਼ਮੀਰ ਤੋਂ ਲੈ ਕੇ ਗੁਜਰਾਤ ਤਕ ਡਰੋਨ ਅਤੇ ਮਿਜ਼ਾਇਲ ਹਮਲੇ ਕੀਤੇ ਗਏ। ਭਾਰਤੀ ਫ਼ੌਜ ਅਨੁਸਾਰ ਇਨ੍ਹਾਂ ਡਰੋਨਾ ਅਤੇ ਮਿਜ਼ਾਇਲਾਂ ਨੂੰ ਧਰਤੀ ’ਤੇ ਡਿਗਣ ਤੋਂ ਪਹਿਲਾਂ ਹੀ ਰੂਸ ਨਿਰਮਾਣਤ ਡਿਫੈਂਸ ਸਿਸਟਮ ਐੱਸ 400 ਦੀ ਮਦਦ ਨਾਲ ਨਸ਼ਟ ਕਰ ਦਿੱਤਾ ਗਿਆ। ਪਾਕਿਸਤਾਨ ਨੇ ਕਿਹਾ ਕਿ ਅਸੀਂ ਭਾਰਤ ਦੇ ਤਿੰਨ ਲੜਾਕੂ ਜਹਾਜ਼ ਤਬਾਹ ਕਰ ਦਿੱਤੇ ਹਨ।
ਇਨ੍ਹਾਂ ਹਮਲਿਆਂ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਮੀਡੀਆ ਨੇ ਇੱਕ ਤਰ੍ਹਾਂ ਨਾਲ਼ ਜੰਗ ਦਾ ਐਲਾਨ ਕਰ ਦਿੱਤਾ। ਦੋਹਾਂ ਦੇਸ਼ਾਂ ਵਿੱਚ ਸਥਿਤ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਜੰਗੀ ਉਨਮਾਦ ਫੈਲਾਉਣਾ ਸ਼ੁਰੂ ਕਰ ਦਿੱਤਾ। ਲੋਕ ਪਰੇਸ਼ਾਨ ਹੋ ਗਏ ਕਿ ਕਿਸਦੀ ਮੰਨੀਏ, ਕਿਸ ਦੀ ਨਾ ਮੰਨੀਏ। ਦੋਵੇਂ ਧਿਰਾਂ ਖੁਸ਼ ਸਨ ਕਿ ਉਹ ਆਪਣੇ ਆਪਣੇ ਦੇਸ਼ ਵਾਸੀਆਂ ਸਾਹਮਣੇ ਸੱਚੇ ਹੋ ਗਏ ਹਨ। ਇੱਕ ਪਾਕਿਸਤਾਨੀ ਯੂ ਟਿਊਬਰ ਅਨੁਸਾਰ ਟਰੰਪ ਨੇ ਕਿਹਾ ਹੈ ਕਿ ਚਲੋ ਟਿੱਟ ਫਾਰ ਟੈਟ ਹੋ ਗਿਆ ਹੈ, ਹੁਣ ਬੱਸ ਕਰੋ। ਪਾਕਿਸਤਾਨ ਦਾ ਤਾਂ ਪਤਾ ਨਹੀਂ ਪਰ ਭਾਰਤ ਦੀ ਸਰਕਾਰ ਨੇ ਛੱਬੀ ਅਪਰੈਲ ਨੂੰ ਪੱਤਰ ਲਿਖ ਕੇ ਮੀਡੀਆ ਲਈ ਨੌਰਮ ਤੈਅ ਕੀਤੇ ਸਨ। ਮੇਨ ਸਟਰੀਮ ਮੀਡੀਆ ਨੇ ਇਸ ਚਿੱਠੀ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ। ਉਸ ਨੇ ਇਹੋ ਜਿਹੀਆਂ ਖ਼ਬਰਾਂ ਨਸ਼ਰ ਕੀਤੀਆਂ, ਜਿਹੜੀਆਂ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਸਨ। ਰੱਖਿਆ ਮੰਤਰਾਲੇ ਨੂੰ ਇਸ ਤਰ੍ਹਾਂ ਦੇ ਮੀਡੀਆ ਦਾ ਸਖ਼ਤ ਨੋਟਿਸ ਲੈ ਕੇ ਨਵੀਂ ਐਡਵਾਇਜ਼ਰੀ ਜਾਰੀ ਕਰਨੀ ਪਈ ਸੀ। ਇਸ ਅਨੁਸਾਰ ਕਿਸੇ ਵੀ ਸੈਨਿਕ ਗਤੀਵਿਧੀ ਨੂੰ ਕਿਸੇ ਵੀ ਭਾਰਤੀ ਚੈਨਲ ’ਤੇ ਲਾਈਵ ਨਹੀਂ ਦਿਖਾਇਆ ਜਾ ਸਕੇਗਾ। ਜਾਣਕਾਰੀ ਅਨੁਸਾਰ ਅਜਿਹੇ ਚੈਨਲਾਂ ਵੱਲੋਂ ਮੁਆਫ਼ੀ ਵੀ ਮੰਗੀ ਗਈ ਹੈ।
ਹੈਰਾਨੀ ਉਦੋਂ ਹੋਈ ਜਦੋਂ ਭਾਰਤ ਪਾਕਿਸਤਾਨ ਦਰਮਿਆਨ ਚਾਰ ਦਿਨ ਚੱਲੀ ਜੰਗ ਦੀ ਜੰਗਬੰਦੀ ਦਾ ਐਲਾਨ ਡੌਨਲਡ ਟਰੰਪ ਨੇ ਅਮਰੀਕਾ ਤੋਂ ਕੀਤਾ। ਭਾਰਤ ਦੀ ਉਹ ਨੀਤੀ ਕਿੱਧਰ ਗਈ, ਜਿਸ ਅਨੁਸਾਰ ਦੋਹਾਂ ਦੇਸ਼ਾਂ ਦਰਮਿਆਨ ਕਿਸੇ ਤੀਜੀ ਧਿਰ ਨੂੰ ਹਮੇਸ਼ਾ ਰੱਦ ਕੀਤਾ ਜਾਂਦਾ ਰਿਹਾ ਹੈ। ਅਮਨ ਪਸੰਦ ਲੋਕਾਂ ਵੱਲੋਂ ਜੰਗਬੰਦੀ ਦਾ ਸਵਾਗਤ ਕਰਨਾ ਬਣਦਾ ਹੈ। ਲੇਕਿਨ ਇਸਦੇ ਨਾਲ ਬਹੁਤ ਸਾਰੇ ਸਵਾਲ ਉੱਠ ਖੜ੍ਹੇ ਹਨ, ਜਿਨ੍ਹਾਂ ਦਾ ਜਵਾਬ ਮੋਦੀ ਸਰਕਾਰ ਨੂੰ ਦੇਣਾ ਪਵੇਗਾ। 1971 ਦੀ ਜੰਗ ਤੋਂ ਬਾਅਦ ਪਾਕਿਸਤਾਨ ਦੀ ਫ਼ੌਜ ਦੇ 90 ਹਜ਼ਾਰ ਫ਼ੌਜੀਆਂ ਨੂੰ ਛੱਡਣ ਸਮੇਂ ਸਮਝੌਤਾ ਹੋਇਆ ਸੀ ਕਿ ਭਾਰਤ ਪਾਕਿਸਤਾਨ ਦਰਮਿਆਨ ਹੋਣ ਵਾਲੇ ਕਿਸੇ ਵੀ ਝਗੜੇ ਵਿੱਚ ਕਿਸੇ ਤੀਜੀ ਧਿਰ ਨੂੰ ਦਖ਼ਲ ਨਹੀਂ ਦੇਣ ਦਿੱਤਾ ਜਾਵੇਗਾ। ਜੰਗ ਸ਼ੁਰੂ ਹੋਣ ਸਮੇਂ ਅਮਰੀਕਾ ਦੀ ਜੰਗ ਨਾ ਕਰਨ ਦੀ ਅਪੀਲ ਨੂੰ ਭਾਰਤ ਨੇ ਦਰਕਿਨਾਰ ਕਿਉਂ ਕਰ ਦਿੱਤਾ ਸੀ। ਜਦੋਂ ਭਾਰਤ ਨੇ ਪਾਣੀਆਂ ਬਾਰੇ ਸੰਧੀ ਨੂੰ ਰੱਦ ਕੀਤਾ ਤਾਂ ਮੋੜਵੇਂ ਰੂਪ ਵਿੱਚ ਪਾਕਿਸਤਾਨ ਨੇ ਸ਼ਿਮਲਾ ਸਮਝੌਤਾ ਰੱਦ ਕਰ ਕਰ ਦਿੱਤਾ ਸੀ। ਕੀ ਸੀਜ਼ਫਾਇਰ ਕਰਨ ਸਮੇਂ ਇਨ੍ਹਾਂ ਸਮਝੌਤਿਆਂ ਬਾਰੇ ਕੋਈ ਫੈਸਲਾ ਹੋਇਆ ਜਾਂ ਇਹ ਫੈਸਲਾ ਨਿਰਾ ਅਮਰੀਕਾ ਦੇ ਦਬਾਅ ਹੇਠ ਆ ਕੇ ਕਰ ਲਿਆ ਗਿਆ? ਮੋਦੀ ਸਰਕਾਰ ਦਾ ਸਟੈਂਡ ਰਿਹਾ ਹੈ ਕਿ ਅੱਤਵਾਦ ਦੇ ਮਸਲੇ ਉੱਤੇ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਇਸ ਤੋਂ ਉਲਟ ਹਾਲ ਹੀ ਵਿੱਚ ਹੋਏ ਸਮਝੌਤੇ ਅਨੁਸਾਰ 12 ਮਈ ਨੂੰ ਦੋਹਾਂ ਫੌਜਾਂ ਦੇ ਡੀ ਜੀ ਐੱਮ ਓ (ਡਾਇਰੈਕਟਰ ਜਨਰਲ ਆਫ਼ ਮਿਲਟਰੀ ਓਪਰੇਸ਼ਨ) ਦਰਮਿਆਨ ਵਿਸਥਾਰ ਨਾਲ ਗੱਲਬਾਤ ਹੋਵੇਗੀ।
ਉਪਰੋਕਤ ਦੋਹਾਂ ਅਧਿਕਰੀਆਂ ਕੌਲ ਫ਼ੌਜੀ ਮਾਮਲਿਆਂ ਬਾਰੇ ਗੱਲਬਾਤ ਕਰਨ ਦੇ ਅਧਿਕਾਰ ਤਾਂ ਹੋ ਸਕਦੇ ਹਨ ਲੇਕਿਨ ਰਾਜਨੀਤਕ ਗੱਲਬਾਤ ਕਰਨ ਦੇ ਅਧਿਕਾਰ ਨਹੀਂ ਹਨ। ਪਾਣੀਆਂ ਅਤੇ ਸ਼ਿਮਲਾ ਸਮਝੌਤੇ ਬਾਰੇ, ਸੀਜ਼ਫਾਇਰ ਕਰਨ ਸਮੇਂ ਕੋਈ ਗੱਲ ਹੋਈ ਹੈ ਜਾਂ ਨਹੀਂ, ਇਸਦਾ ਜਵਾਬ ਭਾਰਤ ਸਰਕਾਰ ਨੂੰ ਦੇਰ ਸਵੇਰ ਦੇਣਾ ਪਵੇਗਾ। ਭਾਰਤ ਦਾ ਮੁੱਖ ਧਾਰਾ ਵਾਲਾ ਮੀਡੀਆ ਜਿਸ ਤਰ੍ਹਾਂ ਦੀ ਖਤਰਨਾਕ ਜਾਣਕਾਰੀ ਦੇਸ਼ ਵਾਸੀਆਂ ਸਾਹਮਣੇ ਪਰੋਸਦਾ ਰਿਹਾ, ਉਹ ਕਿਸ ਦੇ ਕਹਿਣ ’ਤੇ ਪਰੋਸਦਾ ਸੀ। ਇੱਕ ਪਾਸੇ ਭਾਰਤ ਸਰਕਾਰ ਆਪਣੇ ਪ੍ਰਤੀਨਿਧਾਂ ਜ਼ਰੀਏ ਵਿਸ਼ਵ ਨੂੰ ਦੱਸ ਰਹੀ ਸੀ ਕਿ ਭਾਰਤ ਨੇ ਅੱਤਵਾਦੀ ਅੱਡਿਆਂ ਤੋਂ ਬਿਨਾਂ ਕਿਸੇ ਹੋਰ ਪਾਸੇ ਪਾਕਿਸਤਾਨ ’ਤੇ ਹਮਲਾ ਨਹੀਂ ਕੀਤਾ ਪ੍ਰੰਤੂ ਦੂਜੇ ਪਾਸੇ ਭਾਰਤੀ ਮੀਡੀਆ ਦਾ ਸਰਕਾਰ ਹੇਠਲਾ ਮੀਡੀਆ ਦਾਅਵੇ ਕਰ ਰਿਹਾ ਸੀ ਕਿ ਭਾਰਤੀ ਫੌਜ ਨੇ ਕਰਾਚੀ, ਇਸਲਾਮਾਬਾਦ ਆਦਿ ਥਾਂਵਾਂ ’ਤੇ ਕਬਜ਼ਾ ਕਰ ਲਿਆ ਹੈ। ਅਗਰ ਸਰਕਾਰ ਦਾ ਇਸ ਮੀਡੀਆ ਦੇ ਸਿਰ ਉੱਤੇ ਹੱਥ ਨਹੀਂ ਸੀ ਤਾਂ ਕਿਸ ਦੇ ਇਸ਼ਾਰੇ ’ਤੇ ਅਜਿਹੀ ਬੇਸਿਰ ਪੈਰ ਜਾਣਕਾਰੀ ਨਸ਼ਰ ਕੀਤੀ ਗਈ? ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦੋਹਾਂ ਧਿਰਾਂ ਵਿੱਚੋਂ ਕਿਹੜੀ ਧਿਰ ਨੇ ਅਮਰੀਕਾ ਕੋਲ ਪਹੁੰਚ ਕੀਤੀ ਕਿ ਉਹਨਾਂ ਦੀ ਜੰਗਬੰਦੀ ਕਾਰਵਾਈ ਜਾਵੇ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)