“ਕਿਸੇ ਨੇ ਚਾਚਾ ਜੀ ਨੂੰ ਸਵਾਲ ਪੁੱਛਿਆ ਕਿ ਜਿਸ ਤਰ੍ਹਾਂ ਤੁਹਾਡੇ ਘਰ ਵਿੱਚ ਵਿੱਦਿਆ ...”
(19 ਫਰਵਰੀ 2025)
ਉਹ ਪੀੜ੍ਹੀ ਹੁਣ ਖਤਮ ਹੋਣ ਦੀ ਕਗਾਰ ਉੱਤੇ ਹੈ, ਜਿਹੜੀ ਉਸ ਨੂੰ ਜਾਣਦੀ ਸੀ। ਉਹ ਸਕੂਲ ਟਾਈਮ ਤੋਂ ਹੀ ਮਰਹੂਮ ਹੈਡਮਾਸਟਰ ਸ. ਮਹਿੰਗਾ ਸਿੰਘ ਸਿੰਬਲ ਮਜਾਰਾ ਦੇ ਸੰਪਰਕ ਵਿੱਚ ਆ ਕੇ ਸੀ ਪੀ ਆਈ ਦਾ ਕੁੱਲ ਵਕਤੀ ਮੈਂਬਰ ਬਣ ਗਿਆ ਸੀ। ਦੂਜੀ ਵਿਸ਼ਵ ਜੰਗ ਬਾਅਦ ਇਹ ਉਹ ਸਮਾਂ ਸੀ ਜਦੋਂ ਸਾਮਰਾਜੀ ਤਾਕਤਾਂ ਖਿਲਾਫ ਸੰਘਰਸ਼ ਜ਼ੋਰਾਂ ’ਤੇ ਸੀ। ਐਡੌਲਫ ਹਿਟਲਰ ਦੀ ਹਿਟਲਰਸ਼ਾਹੀ ‘ਮਿੱਤਰ ਦੇਸ਼ਾਂ’ ਹੱਥੋਂ ਹਾਰ ਚੁੱਕੀ ਸੀ। ਬਹੁਤ ਸਾਰੇ ਦੇਸ਼ਾਂ ਵਿੱਚ ਰਾਜਨੀਤਕ ਉਥਲ ਪੁਥਲ ਹੋ ਰਹੀ ਸੀ। ਸਾਮਰਾਜੀ ਕੈਂਪ ਦੇ ਵਿਰੁੱਧ ਸਮਾਜਵਾਦੀ ਕੈਂਪ ਹੋਂਦ ਵਿੱਚ ਆ ਚੁੱਕਾ ਸੀ। ਇਸਦਾ ਅਸਰ ਕਬੂਲਣ ਤੋਂ ਭਾਰਤ ਕਿਵੇਂ ਬਚ ਸਕਦਾ ਸੀ। ਪਰਿਵਾਰਕ ਜਾਣਕਾਰੀ ਅਨੁਸਾਰ ਸ਼ਰੀਕੇ ਵਿੱਚੋਂ ਲਗਦੇ ਸਾਡੇ ਚਾਚੇ ਦਾ ਜਨਮ 1930 ਵਿੱਚ ਹੋਇਆ ਸੀ। ਪਰ ਜਦੋਂ ਉਹਦਾ ਵਿਆਹ ਹੋਇਆ, ਉਦੋਂ ਮੈਂ ਸੁਰਤ ਸੰਭਾਲੀ ਹੀ ਸੀ। ਉਸ ਸਮੇਂ ਉਹ ਕਰਨਾਲ ਦੇ ਕਿਸੇ ਸਕੂਲ ਵਿੱਚ ਪੜ੍ਹਾਉਂਦਾ ਹੁੰਦਾ ਸੀ ਅਤੇ ਕਦੇ ਕਦੇ ਪਿੰਡ ਆਉਂਦਾ ਸੀ। ਚਾਚੇ ਦੇ ਵਿਆਹ ਦੀ ਮੈਨੂੰ ਪੂਰੀ ਸੁਰਤ ਹੈ। ਮੈਂ ਪਹਿਲੀ ਵਾਰ ਦੇਖਿਆ ਕਿ ਉਦੋਂ ਬਰਾਤ ਨੂੰ ਕੁਰਸੀਆਂ ਮੇਜਾਂ ਉੱਤੇ ਬਿਠਾਲ ਕੇ ਖਾਣਾ ਖਵਾਇਆ ਗਿਆ ਸੀ, ਜਿਸ ਵਿੱਚ ਬੱਕਰੇ ਦਾ ਮੀਟ ਸ਼ਾਮਲ ਸੀ। ਚਾਚੇ ਦੀ ਸੋਚ ਸਾਡੇ ਨਾਲੋਂ ਬਹੁਤ ਅੱਗੇ ਸੀ। ਇਹੀ ਕਾਰਨ ਸੀ ਕਿ ਸਾਡੀਆਂ ਕੱਚੀਆਂ ਸਵਾਤਾਂ ਵਿੱਚ ਵੀ ਵਿਆਹ ਵਾਲੀ ਰਾਤ ਨੂੰ ਕੋਰਿਆਂ ਉੱਤੇ ਬਿਠਾ ਕੇ ਮਹਾਂ ਪਰਸ਼ਾਦ ਵਰਤਾਇਆ ਗਿਆ ਸੀ, ਜਿਸ ਨੂੰ ਲੋਕ ਖਾਣਾ ਤਾਂ ਚਾਹੁੰਦੇ ਸਨ ਪਰ ਓਪਰੇ ਦਿਲੋਂ ਚੰਗਾ ਨਹੀਂ ਸਮਝਦੇ ਸਨ। ਹੌਲੀ ਹੌਲੀ ਦਿਨ ਲੰਘਦੇ ਗਏ ਅਤੇ ਉਹਨਾਂ ਦੀ ਭਰਤੀ ਵੱਖ ਹੋਏ ਪੰਜਾਬ ਦੇ ਸਰਕਾਰੀ ਸਕੂਲ ਵਿੱਚ ਹੋ ਗਈ ਅਤੇ ਉਹਨਾਂ ਦਾ ਪੱਕਾ ਡੇਰਾ ਪਿੰਡ ਗੁਲਪੁਰ ਵਿੱਚ ਲੱਗ ਗਿਆ। ਇਸ ਸਮੇਂ ਤਕ ਮੈਂ ਨੌਂਵੀਂ ਵਿੱਚ ਹੋ ਗਿਆ ਸੀ।
‘ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ’ ਦੇ ਨਾਅਰੇ ਮਾਰਦੇ ਵਾਹਨ ਸਾਡੇ ਬਲਾਚੌਰ ਸਕੂਲ ਅੱਗਿਓਂ ਲੰਘਦੇ ਅਸੀਂ ਅਕਸਰ ਦੇਖਦੇ ਹੁੰਦੇ ਸੀ। ਉਦੋਂ ਗੌਰਮਿੰਟ ਟੀਚਰ ਯੂਨੀਅਨ ਦਾ ਪੰਜਾਬ ਦੀ ਸਿਆਸਤ ਵਿੱਚ ਵੱਡਾ ਬੋਲਬਾਲਾ ਸੀ। ਸੀ ਪੀ ਆਈ ਅਤੇ ਸੀ ਪੀ ਐੱਮ ਨਾਲ ਸੰਬੰਧਿਤ ਦੋ ਅਧਿਆਪਕ ਜਥੇਬੰਦੀਆਂ ਇਸ ਜਥੇਬੰਦੀ ਉੱਤੇ ਕਾਬਜ਼ ਸਨ। ਬਕਾਇਦਾ ਚੋਣਾਂ ਹੁੰਦੀਆਂ ਸਨ। ਕਦੇ ਇੱਕ ਜਿੱਤ ਜਾਂਦੀ, ਕਦੇ ਦੂਜੀ। ਚਾਚਾ ਜੀ ਜਲਦੀ ਹੀ ਆਪਣੀ ਪਾਰਟੀ ਦੀ ਅਧਿਆਪਕ ਯੂਨੀਅਨ ਦੇ ਸਰਕਲ ਪ੍ਰਧਾਨ ਚੁਣੇ ਗਏ। ਸੀਮਤ ਸਾਧਨਾਂ ਦੇ ਬਾਵਯੂਦ ਉਹਨਾਂ ਨੇ ਸਾਰੀ ਜ਼ਿੰਦਗੀ ਬੱਚਿਆਂ ਨੂੰ ਸਕੂਲਾਂ ਨਾਲ ਜੋੜਨ ਦੇ ਯਤਨ ਕੀਤੇ। ਵਾਹ ਲਗਦੀ ਕਦੇ ਕਿਸੇ ਵਿਦਿਆਰਥੀ ਨੂੰ ਸਕੂਲ ਛੱਡ ਕੇ ਘਰੇ ਨਹੀਂ ਬਹਿਣ ਦਿੱਤਾ। ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਤੋਂ ਇਲਾਵਾ ਉਹਨਾਂ ਦਾ ਦੂਜਾ ਵੱਡਾ ਮਕਸਦ ਬੱਚਿਆਂ ਨੂੰ ਹਰ ਤਰ੍ਹਾਂ ਦੇ ਅੰਧ ਵਿਸ਼ਵਾਸ ਤੋਂ ਮੁਕਤ ਕਰਨਾ ਸੀ। ਆਪਣੇ ਬੱਚਿਆਂ ਦੇ ਰੌਸ਼ਨ ਭਵਿੱਖ ਲਈ ਇਲਾਕੇ ਭਰ ਦੇ ਲੋਕ ਉਹਨਾਂ ਦੀ ਸਲਾਹ ਪੁੱਛਣ ਸਾਡੇ ਸਾਂਝੇ ਘਰ ਵਿੱਚ ਆਉਂਦੇ ਰਹਿੰਦੇ ਸਨ। ਸਾਡਾ ਪਰਿਵਾਰ ਉਦੋਂ ਵਿੱਦਿਅਕ ਹੱਬ ਵਜੋਂ ਜਾਣਿਆ ਜਾਂਦਾ ਸੀ। ਇਸਦਾ ਕਾਰਨ ਇਹ ਸੀ ਕਿ ਮੇਰੇ ਬਾਬਾ ਮਰਹੂਮ ਬੰਤਾ ਰਾਮ ਜੀ ਦੀ ਸੇਵਾ ਮੁਕਤੀ (1952) ਤੋਂ ਤਿੰਨ ਸਾਲ ਬਾਅਦ ਜੰਮਿਆ ਸੀ। ਨੇੜਲੇ ਪਿੰਡਾਂ ਦੇ ਤਤਕਾਲੀਨ ਵਿਦਿਆਰਥੀ ਸਰਕਾਰੀ ਸਕੂਲ ਸਾਹਿਬਾ ਵਿਖੇ ਜਾਣ ਲਈ ਸੁਬ੍ਹਾ ਸਵੇਰੇ ਸਾਡੇ ਪਿੰਡ ਆ ਜਾਂਦੇ ਸਨ। ਇੱਥੋਂ ਦਰਜਨਾਂ ਵਿਦਿਆਰਥੀਆਂ ਦਾ ਟੋਲਾ ਉਪਰੋਕਤ ਸਕੂਲ ਵਲ ਪੈਦਲ ਕੂਚ ਕਰਦਾ ਸੀ। ਇਨ੍ਹਾਂ ਵਿੱਚ ਮੇਰਾ ਬਾਪ ਅਤੇ ਪਿੰਡ ਦੇ ਹੋਰ ਚਾਚੇ ਤਾਏ ਵੀ ਸ਼ਾਮਲ ਹੁੰਦੇ ਸਨ। ਮੇਰਾ ਬਾਬਾ ਅਧਿਆਪਕ ਨਾਲੋਂ ਵੱਧ ਅੱਖੜ ਅਤੇ ਗੰਭੀਰ ਕਿਸਮ ਦਾ ਧਾਰਮਿਕ ਵਿਅਕਤੀ ਸੀ। ਉਹ ਪਰਿਵਾਰ ਨਾਲ ਇੱਕ ਵਿਸ਼ੇਸ਼ ਦੂਰੀ ਬਣਾ ਕੇ ਰੱਖਦਾ ਹੁੰਦਾ ਸੀ। ਘੋੜੀ ਰੱਖਣ ਦਾ ਪੂਰਾ ਸ਼ੌਕੀਨ ਸੀ। ਉਹਨੇ ਕਦੇ ਬਹੁਤੇ ਦੋਸਤ ਨਹੀਂ ਬਣਾਏ। ਬਾਅਦ ਵਿੱਚ ਪਤਾ ਲਗਾ ਕਿ ਉਹ ਆਰੀਆ ਸਮਾਜੀ ਵਿਚਾਰਧਾਰਾ ਤੋਂ ਪ੍ਰਭਾਵਤ ਸੀ। ਇਸ ਵਿਚਾਰਧਾਰਾ ਨੂੰ ਉਸ ਜ਼ਮਾਨੇ ਵਿੱਚ ਅਗਾਂਹ ਵਧੂ ਸਮਝਿਆ ਜਾਂਦਾ ਸੀ। ਇਹੀ ਕਾਰਨ ਹੈ ਕਿ ਅਸੀਂ ਜਾਤੀ-ਪਾਤੀ ਦਕਿਆਨੂਸੀ ਤੋਂ ਕੋਹਾਂ ਦੂਰ ਰਹੇ। ਬਾਬਾ ਜੀ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਚਾਚਾ ਗੁਰਦੇਵ ਸਿੰਘ ਸਾਡੇ ਪਰਿਵਾਰ ਦਾ ਇੱਕ ਤਰ੍ਹਾਂ ਨਾਲ ਬੁਲਾਰਾ ਬਣ ਕੇ ਸਾਹਮਣੇ ਆਇਆ।
ਪੁਰਾਤਨ ਰਵਾਇਤਾਂ ਤੋਂ ਬਾਗੀ ਹੋਣ ਦਾ ਉਹਨੇ ਬੀੜਾ ਉਠਾ ਲਿਆ ਸੀ। ਛੇਤੀ ਹੀ ਉਸਦੀ ਮਕਬੂਲੀਅਤ ਆਪਣੇ ਅਧਿਆਪਕ ਸਰਕਲ ਦੇ ਅੰਦਰ ਅਤੇ ਬਾਹਰ ਤੇਜ਼ੀ ਨਾਲ ਵਧਣ ਲੱਗ ਪਈ। ਲਿਖੀ ਤਾਂ ਉਸ ਦੇ ਜੀਵਨ ਉੱਤੇ ਪੂਰੀ ਸੂਰੀ ਕਿਤਾਬ ਜਾ ਸਕਦੀ ਹੈ ਪਰ ਲੇਖ ਦੀ ਸੀਮਤਾਈ ਕਾਰਨ ਮੈਂ ਉਹਨਾਂ ਬਾਰੇ ਇੰਨਾ ਹੀ ਲਿਖਾਂਗਾ, ਜਿੰਨਾ ਮੈਂ ਖੁਦ ਦੇਖਿਆ ਹੈ। ਮੈਨੂੰ ਉਹਨਾਂ ਦੀ ਬਦੌਲਤ ਅਨੇਕਾਂ ਵੱਡੇ ਵਡੇ ਜਥੇਬੰਦਕ ਅਤੇ ਰਾਜਸੀ ਆਗੂਆਂ ਦੀ ਸੰਗਤ ਕਰਨ ਦਾ ਸੁਭਾਗ ਹਾਸਲ ਹੈ। ਇਸ ਪਿੱਛੇ ਉਸ ਸਮੇਂ ਤਿੰਨ ਕਿੱਲੇ ਵਿੱਚ ਲੱਗੇ ਸਾਡੇ ਸਾਂਝੇ ਅੰਬਾਂ ਦੇ ਬਾਗ਼ ਦੀ ਬਹੁਤ ਵੱਡੀ ਭੂਮਿਕਾ ਹੈ। ਦੁਆਬੇ ਦੇ ਰਿਵਾਜ਼ ਅਨੁਸਾਰ ਉਸ ਸਮੇਂ ਕਹਿੰਦੇ ਕਹਾਉਂਦੇ ਰਾਜਸੀ ਨੇਤਾ ਅਤੇ ਅਧਿਕਾਰੀ ਬਰਸਾਤ ਦੇ ਮੌਸਮ ਵਿੱਚ ਅੰਬ ਚੂਪਣ ਸਾਡੇ ਬਾਗ਼ ਵਿੱਚ ਆਉਂਦੇ ਹੁੰਦੇ ਸਨ। ਰਾਹੋਂ ਤੋਂ ਲੈਕੇ ਲੁਧਿਆਣਾ ਦੀਆਂ ਮੰਡੀਆਂ ਤਕ ਸਾਡੇ ਬਾਗ਼ ਦੇ ਅੰਬਾਂ ਦੇ ਹੋਕੇ ਲੱਗਣ ਦੇ ਗਵਾਹ ਅਜੇ ਵੀ ਸਾਡੇ ਇਲਾਕੇ ਵਿੱਚ ਜਿਊਂਦੇ ਜਾਗਦੇ ਹਨ। ਅਸੀਂ ਨਾ ਬਹੁਤੀ ਗਰੀਬੀ ਦੇਖੀ ਹੈ, ਨਾ ਬਹੁਤੀ ਅਮੀਰੀ। ਜਿਸ ਤਰ੍ਹਾਂ ਦੇ ਪਹਿਲਾਂ ਸੀ, ਉਸੇ ਤਰ੍ਹਾਂ ਦੇ ਅੱਜ ਹਾਂ।
ਇੱਕ ਵਾਰ ਮੇਰੇ ਸਾਹਮਣੇ ਕਿਸੇ ਨੇ ਚਾਚਾ ਜੀ ਨੂੰ ਸਵਾਲ ਪੁੱਛਿਆ ਕਿ ਜਿਸ ਤਰ੍ਹਾਂ ਤੁਹਾਡੇ ਘਰ ਵਿੱਚ ਵਿੱਦਿਆ ਆਈ ਨੂੰ ਸੌ ਸਾਲ ਤੋਂ ਵੱਧ ਹੋ ਗਏ ਹਨ, ਉਸ ਹਿਸਾਬ ਨਾਲ ਤਾਂ ਤੁਹਾਡੇ ਨਿਆਣੇ ਆਈ ਪੀ ਐੱਸ ਅਤੇ ਆਈ ਏ ਐੱਸ ਵਰਗੇ ਅਹੁਦਿਆਂ ਉੱਤੇ ਤਾਇਨਾਤ ਹੋਣੇ ਚਾਹੀਦੇ ਸਨ। ਚਾਚਾ ਜੀ ਨੇ ਨਿਰਛਲ ਚਿੱਟਾ ਹਾਸਾ ਹੱਸਦਿਆਂ ਜਵਾਬ ਦਿੱਤਾ ਕਿ ਕੁਦਰਤ ਨੇ ਸਾਡੇ ਪਰਿਵਾਰ ਦੀ ਡਿਊਟੀ ਪੈਸਾ ਕਮਾਉਣ ਦੀ ਨਹੀਂ ਗਿਆਨ ਵੰਡਣ ਦੀ ਲਾਈ ਹੋਈ ਹੈ। ਉਹਨਾਂ ਦੇ ਇਹ ਬੋਲ ਸਾਡੇ ਪਰਿਵਾਰ ’ਤੇ ਸਟੀਕ ਬੈਠਦੇ ਹਨ। ਅੱਜ ਪੰਜਵੀਂ ਛੇਵੀਂ ਪੀੜ੍ਹੀ ਦੌਰਾਨ ਵੀ ਸਾਡੇ ਘਰ ਦੇ ਬੱਚੇ ਬੱਚੀਆਂ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਹਨ। ਕੋਈ ਟੀਚਰ ਹੈ, ਕੋਈ ਲੈਕਚਰਾਰ ਅਤੇ ਕੋਈ ਪ੍ਰਿੰਸੀਪਲ।
1970 ਦੇ ਲਾਗੇ ਉੱਠੀ ਨਕਸਲਬਾੜੀ ਲਹਿਰ ਕਾਰਨ ਮੇਰਾ ਰੁਝਾਨ ਉੱਧਰ ਨੂੰ ਹੋ ਗਿਆ। ਮੈਂ ਆਪਣੇ ਚਾਚੇ ਦੀਆਂ ਕਈ ਗੱਲਾਂ ਦੀ ਆਲੋਚਨਾ ਕਰਨ ਲੱਗ ਪਿਆ। ਸਾਡੇ ਰਿਸ਼ਤੇ ਵਿਚਾਰਧਾਰਕ ਪੱਖੋਂ ਖਟ-ਮਿਠੇ ਹੋ ਗਏ। ਮੈਨੂੰ ਮੇਰੀ ਮਾਂ, ਚਾਚਾ ਜੀ ਦੀ ਮਾਂ ਰਾਮ ਕੌਰ ਅਤੇ ਮੇਰਾ ਬਾਪ ਅਕਸਰ ਕਹਿੰਦੇ ਹੁੰਦੇ ਸਨ ਕਿ ਇਹਨੇ ਗੁਰਦੇਵ ਦਾ ਜੂਠਾ ਖਾਧਾ ਹੋਇਆ ਹੈ। ਬਾਅਦ ਵਿੱਚ ਪੰਜਾਬ ਦੇ ਹਾਲਾਤ ਇੱਕ ਤਿੱਖੇ ਮੋੜ ਵਲ ਖਿਸਕਣੇ ਸ਼ੁਰੂ ਹੋ ਗਏ। ਨਾਲ ਨਾਲ ਮੈਂ ਵੀ ਆਪਣੀ ਵਿਚਾਰਧਾਰਾ ਵੱਲੋਂ ਖਿਸਕਣ ਲੱਗ ਪਿਆ। ਪਰ ਚਾਚਾ ਜੀ ਆਪਣੇ ਵਿਚਾਰਾਂ ’ਤੇ ਅਡੋਲ ਰਹਿੰਦੇ ਹੋਏ ਲਗਾਤਾਰ ਮੈਨੂੰ ਸਮਝਾਉਂਦੇ ਰਹੇ ਸਨ। ਉਹਨਾਂ ਦੀਆਂ ਗੱਲਾਂ ਨੂੰ ਦਰ ਕਿਨਾਰ ਕਰਨ ਦੀ ਮੈਨੂੰ ਇੱਕ ਸਮੇਂ ਬਹੁਤ ਵੱਡੀ ਕੀਮਤ ਤਾਰਨੀ ਪਈ ਸੀ।
ਮੈਨੂੰ 1977 ਦੇ ਉਹ ਦਿਨ ਯਾਦ ਹਨ ਜਦੋਂ ਉਹਨਾਂ ਨੇ ਕੰਧਾਂ ਉੱਤੇ ਲਿਖਵਾਇਆ ਸੀ ਕਿ ਜਨਤਾ ਪਾਰਟੀ ਡਾਕੂਆਂ ਅਤੇ ਲੁਟੇਰਿਆਂ ਦੀ ਪਾਰਟੀ ਹੈ। ਲਿਖਣ ਵਾਲਿਆਂ ਵਿੱਚ ਉਹਨਾਂ ਦੀ ਛੋਟੀ ਬੇਟੀ ਰੋਜ਼ੀ ਵੀ ਸ਼ਾਮਲ ਸੀ। ਉਹਨਾਂ ਦਾ ਇਸ਼ਾਰਾ ਉਸ ਸਮੇਂ ਹਿੰਦੂਤਵੀ ਤਾਕਤਾਂ ਵਲ ਸੀ। ਅੱਜ ਦੇਸ਼ ਦੇ ਹਾਲਾਤ ਦੇਖ ਕੇ ਉਹਨਾਂ ਦੀ ਦੂਰ ਅੰਦੇਸ਼ੀ ’ਤੇ ਮਾਣ ਮਹਿਸੂਸ ਹੁੰਦਾ ਹੈ। ਜੋ ਸਾਨੂੰ ਅੱਜ ਪਤਾ ਲੱਗਾ, ਉਹਨਾਂ ਨੂੰ 50 ਸਾਲ ਪਹਿਲਾਂ ਹੀ ਪਤਾ ਸੀ।
1988 ਦੇ ਮਾਰਚ ਮਹੀਨੇ ਦੀ 14 ਤਾਰੀਖ਼ ਸੀ, ਸ਼ਾਮ ਦਾ ਵੇਲਾ ਸੀ। ਸੂਰਜ ਆਪਣੀ ਢਲਾਣ ਵਲ ਵਧ ਰਿਹਾ ਸੀ। ਚਾਚਾ ਗੁਰਦੇਵ ਸਿੰਘ ਅਤੇ ਪਰਮਜੀਤ ਦੇਹਲ ਆਪਣੇ ਸਾਥੀਆਂ ਨਾਲ ਸਾਈਕਲਾਂ ਉੱਤੇ ਦੂਸਰੇ ਦਿਨ ਦਿੱਤੀ ਭਾਰਤ ਬੰਦ ਕਰਨ ਦੀ ਕਾਲ ਸੰਬੰਧੀ ਕਨਵੈਸਿੰਗ ਕਰਕੇ ਜਦੋਂ ਮਜਾਰੀ ਕਸਬੇ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਸਾਹਿਬਾ ਮੋੜ ਉੱਤੇ ਸਾਡੇ ਪਿੰਡ ਦਾ ਉਹਨਾਂ ਦਾ ਪੱਕਾ ਮਿੱਤਰ ਪਰਸ ਰਾਮ ਮਿਲ ਗਿਆ। ਉਹ ਅਜੇ ਉਸ ਕੋਲ ਖੜ੍ਹੇ ਹੀ ਸਨ ਕਿ ਲਹਿੰਦੇ ਪਾਸਿਓਂ ਏ ਕੇ 47 ਦੇ ਬਰਸਟ ਚੱਲਣੇ ਸ਼ੁਰੂ ਹੋ ਗਏ। ਚਾਚਾ ਗੁਰਦੇਵ ਸਿੰਘ ਇਨ੍ਹਾਂ ਦੀ ਲਪੇਟ ਵਿੱਚ ਆ ਕੇ ਮੌਕੇ ਉੱਤੇ ਹੀ ਦਮ ਤੋੜ ਗਏ। ਚਾਨਣ ਵੰਡਦਾ ਸੂਰਜ ਇਸ ਮਹਾਨ ਸਿੱਖਿਆ ਸ਼ਾਸਤਰੀ ਦੇ ਨਾਲ ਹੀ ਦਫ਼ਨ ਹੋ ਗਿਆ ਅਤੇ ਚਾਰ ਚੁਫੇਰੇ ਹਨੇਰਾ ਪਸਰ ਗਿਆ। ਇੱਕ ਬੱਚੇ ਕੀਰਤੀ ਸਮੇਤ ਤਕਰੀਬਨ ਦਰਜਨ ਭਰ ਹੋਰ ਨਿਹੱਥੇ ਅਤੇ ਮਾਸੂਮ ਗਰੀਬ ਗੁਰਬੇ ਇਸ ਗੋਲੀ ਕਾਂਡ ਦੌਰਾਨ ਮਾਰੇ ਗਏ ਜਾਂ ਜ਼ਖਮੀ ਹੋ ਗਏ। ਬਜ਼ੁਰਗ ਪਰਸ ਰਾਮ ਦੇ ਇੱਕ ਹੱਥ ਵਿੱਚ ਗੋਲੀ ਲੱਗੀ, ਜੋ ਉਸ ਨੇ ਆਪਣੇ ਸਿਰ ਉੱਤੇ ਰੱਖਿਆ ਹੋਇਆ ਸੀ। ਉਸ ਦੀਆਂ ਇੱਕ ਜਾਂ ਦੋ ਉਂਗਲਾਂ ਉਡ ਗਈਆਂ ਸਨ। ਉਹਦੀ ਢਿੱਲੀ ਜਿਹੀ ਪਗ਼ ਦੇ ਇੱਕ ਪਾਸਿਓਂ ਆਰ ਪਾਰ ਹੋਈਆਂ ਗੋਲੀਆਂ ਨਾਲ ਛਲਣੀ ਹੋਈ ਪਗ਼ ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖੀ ਸੀ। ਭਾਵੇਂ ਯੋਜਨਾਬੱਧ ਕੀਤੀ ਗਈ ਟਾਰਗਿਟ ਕਿਲਿੰਗ ਨਹੀਂ ਸੀ ਪਰ ਇਸ ਨੂੰ ਨਿਰੀਪੁਰੀ ਬੁਰਛਾਗਰਦੀ ਅਤੇ ਆਮ ਲੋਕਾਂ ਨੂੰ ਭੈਅ ਭੀਤ ਕਰਨ ਵਾਲੀ ਘਟਨਾ ਤਾਂ ਆਖਿਆ ਹੀ ਜਾ ਸਕਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)