“ਇੱਕ ਵਾਰ ਮੈਂ ਆਪਣੇ ਕਾਲਜ ਦੇ ਨਵੇਂ ਬਣੇ ਪ੍ਰਿੰਸੀਪਲ ਦੇ ਘਰ ਗਿਆ। ਉਸਦੀ ...”
(3 ਨਵੰਬਰ 2026)
(ਮੇਰੀ ਅਣਛਪੀ ਸਵੈਜੀਵਨੀ: ‘… ਡਾਰਲਿੰਗ ਹਾਰਬਰ ਤੱਕ’ ਵਿੱਚੋਂ)
ਜਦੋਂ ਸੱਤਰਵਿਆਂ ਵਿੱਚ ਮੈਂ ਇੱਕ ਅਰਧ ਸ਼ਹਿਰੀ ਕਾਲਜ ਵਿੱਚ ਨਵਾਂ ਨਵਾਂ ਲੈਕਚਰਾਰ ਲੱਗਾ ਤਾਂ ਕਾਲਜ ਨੂੰ ਬਾਈਸਾਈਕਲ ’ਤੇ ਜਾਣਾ ਹੀਣਾ ਲੱਗਿਆ ਕਰੇ। ਉਦੋਂ ਬਾਜਾਜ ਚੇਤਕ ਸਕੂਟਰ ਅਤੇ ਮੋਟਰਸਾਈਕਲ ਸੜਕਾਂ ਤੇ ਟਾਵੇਂ ਟਾਵੇਂ ਨਜ਼ਰ ਆਉਣ ਲੱਗੇ ਸਨ। ਚੇਤਕ ਸਕੂਟਰ ਦੀ ਵਾਰੀ ਤਾਂ ਬਾਹਰਲੀ ਕਰੰਸੀ ਨਾਲ ਹੀ ਆਉਂਦੀ ਸੀ; ਭਾਰਤੀ ਕਰੰਸੀ ਨਾਲ ਤਾਂ ਇਹ ਮਿਲਦਾ ਹੀ ਨਹੀਂ ਸੀ। ਲੈਕਚਰਾਰ ਦਾ ਤਨਖਾਹ ਦਾ ਸਕੇਲ 300-600 ਹੁੰਦਾ ਸੀ। ਕੁੱਲ ਹੱਥ ਵਿੱਚ 446 ਰੁਪਏ ਆਇਆ ਕਰਦੇ ਸਨ।
ਅਰਧ ਸ਼ਹਿਰੀ ਕਾਲਜ ਇੱਕ ਅਜਿਹਾ ਸੰਵੇਦਨਸ਼ੀਲ ਖਿੱਤਾ ਹੈ ਜਿੱਥੇ ਵਿਦਿਆਰਥੀ ਕਿਸੇ ਪ੍ਰੋਫੈਸਰ ਦੀ ਲਿਆਕਤ ਅਤੇ ਪ੍ਰਭਾਵ ਦਾ ਕਿਆਫਾ ਉਸਦੇ ਕਾਲਜ ਨੂੰ ਆਉਣ ਦੇ ਸਾਧਨ ਤੋਂ ਲਾਉਂਦੇ ਹਨ। ਜਿਹੜਾ ਪ੍ਰੋਫੈਸਰ ਕਾਲਜ ਨੂੰ ਪੈਦਲ ਜਾਂ ਬਾਈਸਾਈਕਲ ’ਤੇ ਆਉਂਦਾ ਉਸਨੂੰ ਵਿਦਿਆਰਥੀ ਬਹੁਤਾ ਪ੍ਰਭਾਵਸ਼ਾਲੀ ਨਹੀਂ ਸਮਝਦੇ। ਇਸ ਪ੍ਰਕਾਰ ਦੇ ਬਹੁਤੇ ਕਾਲਜ ਸ਼ਹਿਰ ਤੋਂ ਅਕਸਰ ਥੋੜ੍ਹੇ ਦੂਰ ਹੀ ਹੁੰਦੇ ਸਨ। ਸ਼ਾਇਦ ਅੱਜ ਵੀ ਇਹ ਇਸ ਤਰ੍ਹਾਂ ਹੀ ਹਨ। ਸ਼ਹਿਰੀ ਕਾਲਜ ਦੀ ਗੱਲ ਹੋਰ ਹੁੰਦੀ ਏ। ਉਨ੍ਹਾਂ ਵਿੱਚ ਤਾਂ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਲਗਦਾ ਕਿ ਸਟਾਫ ਕਿਸ ਪਾਸਿਓਂ ਕਾਲਜ ਵਿੱਚ ਦਾਖਲ ਹੋ ਗਿਆ। ਸ਼ਹਿਰੀ ਕਾਲਜਾਂ ਵਿੱਚ ਤਾਂ ਅਕਸਰ ਬੱਸਾਂ ਹੀ ਕਾਲਸ ਮੋਹਰੇ ਖੜ੍ਹ ਕੇ ਮੁਸਾਫਰਾਂ ਨੂੰ ਉਤਾਰ ਦਿੰਦੀਆਂ ਹਨ। ਜਿਸ ਸਮੇਂ ਦੀ ਮੈਂ ਗੱਲ ਕਰ ਰਿਹਾ ਹਾਂ ਉਦੋਂ ਆਪਣੀਆਂ ਨਿੱਜੀ ਕਾਰਾਂ ਤਾਂ ਕਿਸੇ ਪਾਸ ਹੁੰਦੀਆਂ ਹੀ ਨਹੀਂ ਸਨ। ਸਕੂਟਰ ਭਾਵੇਂ ਟਾਵੇਂ ਟਾਵੇਂ ਸਨ। ਜਵਾਨ ਲੜਕੇ ਲੜਕੀਆਂ ਨਾਲ ਘਿਰੇ ਸੰਵੇਦਨਸ਼ੀਨ ਖਿੱਤੇ ਵਿੱਚੋਂ ਦੀ ਬਾਈਸਾਈਕਲ ’ਤੇ ਕਾਲਜ ਨੂੰ ਜਾਣਾ ਇਵੇਂ ਲਗਦਾ ਹੁੰਦਾ ਸੀ ਜਿਵੇਂ ਕੋਈ ਲੈਕਚਰਾਰ ਵੀ ਵਿਦਿਆਰਥੀ ਹੋਵੇ, ਭਾਵ ਇਹ ਕਿ ਉਸਦੀ ਕੋਈ ਅਲੱਗ ਪਛਾਣ ਨਾ ਹੋਵੇ। ਸਕੂਟਰ ਕਿਸੇ ਕਿਸੇ ਪਾਸ ਹੋਣ ਲੱਗ ਪਏ ਸਨ। ਬਾਈਸਾਈਕਲ ’ਤੇ ਕਾਲਜ ਨੂੰ ਜਾਣ ਨਾਲੋਂ ਪੈਦਲ ਜਾਣਾ ਥੋੜ੍ਹਾ ਚੰਗਾ ਸਮਝਿਆ ਜਾਂਦਾ ਸੀ। ਇੱਕ ਪ੍ਰੋਫੈਸਰ ਬਾਈਸਾਈਕਲ ਤੇ ਕਾਲਜ ਨੂੰ ਜਾਵੇ; ਇਹ ਥੋੜ੍ਹਾ ਬੇਇਜ਼ਤੀ ਵਾਲਾ ਪ੍ਰਚਲਨ ਵੀ ਸੀ ਅਤੇ ਹੀਣ ਭਾਵਨਾ ਵਾਲਾ ਵੀ। ਇਸਦਾ ਵੱਡਾ ਕਾਰਨ ਪ੍ਰੋਫੈਸਰ ਤਬਕੇ ਦੇ ਆਲੇ ਦੁਆਲੇ ਜਵਾਨ ਮੁੰਡੇ ਕੁੜੀਆਂ ਦਾ ਜਮਾਵੜਾ ਸੀ। ਇਸ ਉਮਰ ਦੇ ਵਿਦਿਆਰਥੀ ਬੜੀ ਜਲਦੀ ਅੱਖਾਂ ਚੁੱਕ ਕੇ ਦੇਖਦੇ ਹਨ ਕਿ ਕੋਈ ਅਧਿਆਪਕ ਕਾਲਜ ਨੂੰ ਕਿਵੇਂ ਆਉਂਦਾ ਹੈ। ਜੇ ਕੋਈ ਬੁਲਟ ਮੋਟਰਸਾਈਕਲ ’ਤੇ ਦੁੱਗ ਦੁੱਗ ਕਰਦਾ ਆਵੇ ਫਿਰ ਤਾਂ ਟੌਹਰ ਟੱਪੇ ਦੀਆਂ ਕਮਾਲਾਂ ਹੋ ਜਾਇਆ ਕਰਦੀਆਂ ਸਨ। ਜੇ ਕੋਈ ਸਿਰ ’ਤੇ ਹੈਲਮਟ ਪਾ ਕੇ ਬੁਲੇਟ ’ਤੇ ਆਵੇ, ਫਿਰ ਉਹ ਇਵੇਂ ਲਗਦਾ ਸੀ ਜਿਵੇਂ ਚੰਨ ਤੇ ਗੇੜਾ ਮਾਰ ਕੇ ਆਇਆ ਹੋਵੇ ਜਾਂ ਚੰਡੀਗੜ੍ਹ ਤੋਂ ਆਇਆ ਹੋਵੇ। ਭਾਵ, ਇੱਕ ਦਮ ਨੋਟ ਹੁੰਦਾ ਸੀ।
ਮੈਂ ਪਹਿਲਾਂ ਪਹਿਲ ਕਾਲਜ ਨੂੰ ਬਾਈਸਾਈਕਲ ’ਤੇ ਜਾਇਆ ਕਰਾਂ। ਜੇ ਕਾਲਜ ਦੇ ਨੇੜੇ ਅਧਿਆਪਕ ਸਾਥੀ ਪੈਦਲ ਕਾਲਜ ਨੂੰ ਜਾਂਦਾ ਹੋਵੇ ਤਾਂ ਕੋਸ਼ਿਸ਼ ਕਰਿਆ ਕਰਾਂ ਕਿ ਬਾਈਸਾਈਕਲ ਤੋਂ ਉੱਤਰ ਕੇ ਉਹਦੇ ਨਾਲ ਪੈਦਲ ਕਾਲਜ ਦੇ ਵਿੱਚ ਦਾਖਲ ਹੋਵਾਂ। ਬਾਈਸਾਈਕਲ ’ਤੇ ਹੀਣ ਭਾਵਨਾ ਵਾਲੇ ਕੰਪਲੈਕਸ ਤੋਂ ਛੁਟਕਾਰਾ ਪਾਉਣ ਲਈ ਕਈ ਵਾਰ ਪਿੱਛੋਂ ਪਿੰਡ ਤੋਂ ਤਾਂ ਬਾਈਸਾਈਕਲ ’ਤੇ ਆ ਜਾਣਾ ਪਰ ਕਾਲਜ ਦੇ ਨੇੜੇ ਜਾ ਕੇ ਸ਼ਹਿਰ ਵਿੱਚ ਕਿਸੇ ਦੁਕਾਨ ’ਤੇ ਬਾਈਸਾਈਕਲ ਰੱਖ ਦੇਣਾ ਤੇ ਫਿਰ ਪੈਦਲ ਤੁਰ ਕੇ ਕਾਲਜ ਦੇ ਵਿੱਚ ਦਾਖਲ ਹੋਣਾ। ਨੇੜੇ ਰਹਿੰਦੇ ਕਈ ਪ੍ਰੋਫੈਸਰ ਪੈਦਲ ਹੀ ਕਾਲਜ ਨੂੰ ਜਾਇਆ ਕਰਦੇ ਸਨ। ਇੱਥੋਂ ਤਕ ਕਿ ਉਦੋਂ ਦਾ ਸਾਡਾ ਪ੍ਰਿੰਸੀਪਲ ਵੀ ਆਲੇ ਦੁਆਲੇ ਕੁਦਰਤ ਦੇ ਨਜ਼ਾਰੇ ਦਾ ਅਨੰਦ ਮਾਣਦਾ ਹੋਇਆ ਫਿਲਾਸਫਰਾਂ ਵਾਂਗ ਪੈਦਲ ਹੀ ਕਾਲਜ ਨੂੰ ਆਇਆ ਕਰਦਾ ਸੀ। ਪ੍ਰਿੰਸੀਪਲ ਨੇ ਜਮਾਤਾਂ ਵਿੱਚ ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਪੜ੍ਹਾਉਣਾ ਤੇ ਪੈਦਲ ਤੁਰਿਆ ਹੋਇਆ, ਕੁਦਰਤ ਦੇ ਨਜ਼ਾਰੇ ਮਾਣਦਾ ਹੋਇਆ ਉਹ ਵਿਦਿਆਰਥੀਆਂ ਨੂੰ ਇਸ ਕੁਦਰਤ ਦੇ ਪੁਜਾਰੀ ਕਵੀ ਦਾ ਸਕਾ ਸੰਬੰਧੀ ਲੱਗਿਆ ਕਰਦਾ ਸੀ।
ਸ਼ਹਿਰ ਵਿੱਚ ਪੀ. ਡਬਲਿਊ. ਡੀ ਮਹਿਕਮੇ ਦਾ ਇੱਕ ਓਵਰਸੀਅਰ ਮੇਰੇ ਕਾਫੀ ਨੇੜੇ ਆ ਗਿਆ। ਉਸ ਪਾਸ ਬਜਾਜ ਸਕੂਟਰ ਹੁੰਦਾ ਸੀ। ਉਹ ਮੇਰੇ ਇਸ ਕਰਕੇ ਨੇੜੇ ਆਇਆ ਕਿਉਂਕਿ ਮੈਂ ਅੰਗਰੇਜ਼ੀ ਦਾ ਪ੍ਰੋਫੈਸਰ ਸਾਂ। ਅੰਗਰੇਜ਼ੀ ਵਾਲਿਆਂ ਦਾ ਉਦੋਂ ਪੰਜਾਬ ਵਿੱਚ ਆਪਣਾ ਹੀ ਰੋਹਬ ਹੁੰਦਾ ਸੀ। ਇੰਝ ਕਰਨ ਨਾਲ ਉਸਦਾ ਕਦੇ ਕਦੇ ਕਾਲਜ ਗੇੜਾ ਮਾਰਨ ਦਾ ਜੁਗਾੜ ਵੀ ਬਣ ਜਾਂਦਾ ਸੀ। ਸ਼ਹਿਰ ਦੇ ਜਵਾਨ ਕਰਮਚਾਰੀ ਭਾਵੇਂ ਉਹ ਵਕੀਲ ਹੋਣ, ਓਵਰਸੀਅਰ ਹੋਣ, ਬੈਂਕ ਮੁਲਾਜ਼ਮ ਹੋਣ, ਸਕੂਲਾਂ ਦੇ ਅਧਿਆਪਕ ਹੋਣ, ਬੀਮਾ ਮਹਿਕਮੇ ਦੇ ਹੋਣ - ਸਭ ਕਾਲਜ ਵਿੱਚ ਕੋਈ ਠਾਹਰ ਬਣਾ ਕੇ ਉਸ ਪਾਸ ਗੇੜਾ ਮਾਰਨ ਦੀ ਤਮੰਨਾ ਰੱਖਦੇ ਹੁੰਦੇ ਸਨ। ਇੱਕ ਹੋਰ ਤਬਕਾ ਕਾਲਜਾਂ ਵਿੱਚ ਅਕਸਰ ਗੇੜਾ ਮਾਰਦਾ ਹੁੰਦਾ ਸੀ। ਉਹ ਸਨ ਇੰਗਲੈਂਡ ਅਤੇ ਕੈਨੇਡਾ ਤੋਂ ਪੰਜਾਬ ਗੇੜਾ ਮਾਰਨ ਆਏ ਚੋਬਰ, ਜਿਹੜੇ ਸੋਹਣੇ ਸੋਹਣੇ ਕੱਪੜੇ ਪਾ ਕੇ, ਬਾਹਾਂ ਵਿੱਚ ਮੋਟੇ ਮੋਟੇ ਕੜੇ ਪਾ ਕੇ, ਗਲਾਂ ਵਿੱਚ ਸੋਨੇ ਦੀਆਂ ਭਾਰੀਆਂ ਚੈਨੀਆਂ ਪਾ ਕੇ ਕਾਲਜ ਵਿੱਚ ਕਿਸੇ ਨੂੰ ਮਿਲਣ ਆਉਣ ਦਾ ਜੁਗਾੜ ਲੱਭਿਆ ਕਰਦੇ ਸਨ। ਉਨ੍ਹਾਂ ਦਾ ਅਸਲ ਮਕਸਦ ਕੋਈ ਕੁੜੀ ਚਿੜੀ ਲੱਭ ਕੇ ਵਿਆਹ ਕਰਵਾਉਣਾ ਹੁੰਦਾ ਸੀ।
ਹਾਂ, ਮੈਂ ਓਵਰਸੀਅਰ ਦੀ ਗੱਲ ਕਰ ਰਿਹਾ ਸੀ। ਇਹ ਓਵਰਸੀਅਰ ਮੇਰੇ ਇੰਨਾ ਨੇੜੇ ਆ ਗਿਆ ਕਿ ਮੇਰੀ ਇੱਛਾ ਮੁਤਾਬਿਕ ਮੈਨੂੰ ਸਕੂਟਰ ਸਿਖਾਉਣ ਲੱਗ ਪਿਆ। ਉਸ ਤੋਂ ਨਿਰੰਤਰ ਸਿਖਲਾਈ ਲੈ ਕੇ ਜਿਸ ਦਿਨ ਮੈਂ ਸਕੂਟਰ ਚਲਾਉਣਾ ਸਿੱਖ ਗਿਆ, ਉਸ ਦਿਨ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਫਿਰ ਮੈਂ ਇੱਕ ਦਿਨ ਉਸ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਆਪਣਾ ਸਕੂਟਰ ਇੱਕ ਦਿਨ ਲਈ ਪਿੰਡ ਲੈ ਕੇ ਜਾਣ ਦੇਵੇ। ਮੈਂ ਚਾਹੁੰਦਾ ਸਾਂ ਮੇਰੇ ਪਿੰਡ ਦੇ ਲੋਕ (ਖਾਸ ਕਰਕੇ ਮੇਰੇ ਸ਼ਰੀਕ) ਮੈਨੂੰ ਸਕੂਟਰ ਚਲਾਉਂਦੇ ਨੂੰ ਦੇਖਣ। ਮੇਰਾ ਇਹ ਓਵਰਸੀਅਰ ਮਿੱਤਰ ਮੈਨੂੰ ਸਮਝਾਈ ਜਾਵੇ, “ਜਦੋਂ ਸਕੂਟਰ ਘਰ ਖੜ੍ਹਾ ਕਰੋਗੇ ਤਾਂ ਤੇਲ ਇਵੇਂ ਬੰਦ ਕਰੀਦਾ ਏ। ਜੇ ਤੇਲ ਬੰਦ ਨਾ ਕਰੋ ਤਾਂ ਇਹ ਮੇਰਾ ਪੁਰਾਣਾ ਸਕੂਟਰ ਕਈ ਵਾਰ ਸਵੇਰੇ ਓਵਰ ਵੀ ਹੋ ਜਾਂਦਾ ਏ। ਨਵਿਆਂ ਦੀ ਗੱਲ ਹੋਰ ਹੁੰਦੀ ਏ। ਇਹਦੀ ਕਲੱਚ ਦੀ ਤਾਰ ਕੁਝ ਕਮਜ਼ੋਰ ਏ। ਸਹਿਜੇ ਸਹਿਜੇ ਗੇਅਰ ਪਾ ਕੇ ਲੈ ਜਾਣਾ, ਕਿਤੇ ਤਾਰ ਹੀ ਟੁੱਟ ਨਾ ਜਾਵੇ। ਮੈਂ ਕੱਲ੍ਹ ਪਰਸੋਂ ਇਹ ਤਾਰ ਨਵੀਂ ਪੁਆਵਾਂਗਾ। ਤੇਲ ਇਹਦੇ ਵਿੱਚ ਹੈ। ਸ਼ਾਮ ਨੂੰ ਕਿਤੇ ਦੂਰ ਚਲਾਉਣ ਲੈ ਗਏ ਤਾਂ ਇਹ ਮੁੱਕ ਵੀ ਸਕਦਾ ਹੈ।”
ਮੈਂ ਉਹਨੂੰ ਯਕੀਨ ਦਿਵਾਇਆ ਕਿ ਮੈਂ ਸਿਰਫ ਪਿੰਡ ਤਕ ਪੰਜ ਕਿਲੋਮੀਟਰ ਹੀ ਜਾਣਾ ਹੈ, ਹੋਰ ਮੈਂ ਕਿਤੇ ਨਹੀਂ ਜਾਣਾ। ਮੇਰਾ ਸਕੂਟਰ ’ਤੇ ਇਕੱਲੇ ਅਤੇ ਆਜ਼ਾਦ ਤੌਰ ’ਤੇ ਪਿੰਡ ਨੂੰ ਜਾਣਾ ਮੈਨੂੰ ਇੰਨੀ ਖੁਸ਼ੀ ਦੇ ਗਿਆ ਜਿੰਨੀ ਮੈਨੂੰ ਬਾਅਦ ਵਿੱਚ ਕਿਸੇ ਵੀ ਵਾਹਨ ਚਲਾਉਣ ਨਾਲ ਨਹੀਂ ਮਿਲੀ। ਪਿੰਡ ਦੇ ਲੋਕ ਮੇਰੇ ਬਾਰੇ ਮਾੜਾ ਮਾੜਾ ਸੋਚਣ ਲੱਗ ਪਏ ਕਿ ਮੁੰਡਾ ਹੁਣ ਸ਼ਹਿਰੀ ਬਣਦਾ ਜਾ ਰਿਹਾ ਏ ਤੇ ਬੜੇ ਜੋੜਾਂ ਵਿੱਚ ਹੋ ਗਿਆ ਹੈ। ਪਿੰਡਾਂ ਵਿੱਚ ਉਦੋਂ ਬਹੁਤ ਘੱਟ ਸਕੂਟਰ ਸਨ। ਜਦੋਂ ਸੰਨ 58 ਦੇ ਕਰੀਬ ਬਾਈਸਾਈਕਲ ਪਿੰਡਾਂ ਵਿੱਚ ਪਹੁੰਚਿਆ ਤਾਂ ਮੇਰੇ ਪਿੰਡ ਦੇ ਗਿਆਨੀ ਟਹਿਲ ਸਿੰਘ ਨੇ ਪਹਿਲਾ ਬਾਈਸਾਈਕਲ ਲਿਆਂਦਾ ਸੀ। ਗਿਆਨੀ ਪੈਦਲ ਤੁਰਦਾ ਬਾਈਸਾਈਕਲ ਨੂੰ ਹੱਥਾਂ ਨਾਲ ਫੜ ਕੇ ਪਿੰਡ ਦੇ ਬਾਹਰ ਪੈਂਦੇ ਖੇਡ ਦੇ ਮੈਦਾਨ ਵਿੱਚ ਲਿਜਾਇਆ ਕਰਦਾ ਸੀ। ਉਸਦੇ ਪਿੱਛੇ ਪਿੱਛੇ ਤੁਰੀ ਜਾਂਦੀ ਪਿੰਡ ਦੀ ਮੰਡੀਰ ਬੜੀ ਹੈਰਾਨ ਹੁੰਦੀ ਸੀ ਤੇ ਕਹਿੰਦੀ ਹੁੰਦੀ ਸੀ, “ਗਿਆਨੀ ਲੋਹੇ ਦਾ ਘੋੜਾ ਲਿਆਇਆ ਹੈ।” ਗਿਆਨੀ ਪਿਛਲੀ ਸੀਟ ’ਤੇ ਬੈਠ ਕੇ ਉਸਨੂੰ ਚਲਾਉਣਾ ਸਿੱਖਦਾ ਹੁੰਦਾ ਸੀ। ਵਾਪਸ ਲਿਆ ਕੇ ਉਸਦੇ ਰਿੰਮਾਂ ਨੂੰ ਮਿੱਟੀ ਦਾ ਤੇਲ ਲਾ ਕੇ ਕਿੱਲੀ ਤੇ ਟੰਗ ਦਿਆ ਕਰਦਾ ਸੀ। ਉੱਪਰ ਚਾਦਰ ਦੇ ਦਿਆ ਕਰਦਾ ਸੀ ਤਾਂ ਕਿ ਇਸ ਤੇ ਕੱਚੇ ਘਰ ਦਾ ਘੱਟਾ ਨਾ ਪਵੇ। ਉਸਦੇ ਡੰਡਿਆਂ ਉੱਤੇ ਲਿਪਟੇ ਕਾਗਜ਼ ਨੂੰ ਉਸਨੇ ਕਈ ਮਹੀਨੇ ਉਤਾਰਿਆ ਹੀ ਨਹੀਂ ਸੀ।
ਫਿਰ ਮੈਂ ਆਪਣੇ ਓਵਰਸੀਅਰ ਦੋਸਤ ਨੂੰ ਵਿੱਚ ਪਾ ਕੇ ਪਹਿਲਾਂ ਬਜਾਜ ਸਕੂਟਰ ਖਰੀਦਿਆ। ਮੇਰੀ ਖੁਸ਼ੀ ਦੀ ਹੱਦ ਨਾ ਰਹੀ। ਮਿੱਤਰ ਕਹਿਣ ਲੱਗਾ, “ਬਜਾਜ ਪੁਰਾਣੇ ਵੀ ਠੀਕ ਹੀ ਰਹਿ ਜਾਂਦੇ ਹਨ। ਇਹ ਘੱਟ ਹੀ ਖਰਾਬ ਹੁੰਦੇ ਹਨ। ਤੇਰਾ ਕਾਲਜ ਜਾਣ ਦਾ ਕੰਮ ਅਰਾਮ ਨਾਲ ਸਾਰੀ ਜਾਊ।” ਕਾਲਜ ਨੂੰ ਸਕੂਟਰ ’ਤੇ ਜਾਣ ਨੇ ਮੇਰੀ ਹੀਣ ਭਾਵਨਾ ਜੜ੍ਹੋਂ ਪੁੱਟ ਦਿੱਤੀ। ਪਹਿਲਾਂ ਮੈਂ ਕਾਲਜ ਨੂੰ ਜਾਣ ਸਮੇਂ ਭਾਰਾ ਭਾਰਾ ਮਹਿਸੂਸ ਕਰਿਆ ਕਰਦਾ ਸੀ। ਉਦੋਂ ਚੈਨ ਆਉਣਾ ਜਦੋਂ ਸਟਾਫ ਰੂਮ ਤਕ ਪਹੁੰਚ ਜਾਣਾ। ਹੁਣ ਸਕੂਟਰ ਕੋਲ ਹੋਣ ਕਰਕੇ ਕਈ ਵਾਰ ਕਾਲਜ ਨੂੰ ਜਾਣ ਦਾ ਦਿਲ ਕਰਿਆ ਕਰੇ। ਇੱਥੋਂ ਤਕ ਕਿ ਵਿਹਲੇ ਪੀਰੀਅਡ ਵਿੱਚ ਸਕੂਟਰ ਚੁੱਕ ਕੇ ਸ਼ਹਿਰ ਵੱਲ ਗੇੜਾ ਮਾਰਨ ਚਲੇ ਜਾਣਾ।
ਕਾਲਜ ਵਿੱਚ ਮੁੰਡਿਆਂ ਦੇ ਟੌਹਰ ਵੀ ਦੇਖਣ ਵਾਲੇ ਹੁੰਦੇ ਸਨ। ਕਈ ਵਾਰ ਵੱਡੇ ਘਰਾਂ ਦੇ ਕਾਕੇ ਪ੍ਰੋਫੈਸਰਾਂ ਦੇ ਅਕਸਰ ਨੇੜੇ ਵੀ ਆ ਜਾਇਆ ਕਰਦੇ ਸਨ। ਐੱਨ. ਐੱਸ. ਐੱਸ ਦੇ ਮੁੰਡੇ ਕੁੜੀਆਂ ਦੇ ਸਾਂਝੇ ਕੈਂਪ ਦੌਰਾਨ ਇੱਕ ਮੁੰਡੇ ਗੁੱਡੂ ਨੇ ਪ੍ਰੋਫੈਸਰ ਇੰਚਾਰਜ ਦਾ ਮੋਟਰਸਾਈਕਲ ਮੰਗ ਕੇ ਇੱਕ ਅੱਧ ਵਾਰ ਜ਼ਰੂਰ ਬਜ਼ਾਰ ਲੈ ਕੇ ਜਾਣਾ ਤਾਂ ਕਿ ਕੁੜੀਆਂ ’ਤੇ ਪ੍ਰਭਾਵ ਪਾਇਆ ਜਾ ਸਕੇ। ਅੰਗਰੇਜ਼ੀ ਨਿਬੰਧ ਲੇਖਕ ਸਟੀਫਨ ਲੀਕਾਕ ਕਹਿੰਦਾ ਹੈ: ਖੇਡ ਦੇ ਮੈਦਾਨ ਵਿੱਚ ਖਿਡਾਰੀਆਂ ਦੇ ਖੇਡਣ ਦੇ ਤਰੀਕੇ ਵਿੱਚ ਕੁਦਰਤੀ ਸੁਧਾਰ ਅਤੇ ਜੋਸ਼ ਆ ਜਾਇਆ ਕਰਦਾ ਸੀ ਜੇ ਲੜਕੀਆਂ ਉਨ੍ਹਾਂ ਦੀ ਖੇਡ ਦੇਖ ਰਹੀਆਂ ਹੋਣ।
ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਪੜ੍ਹਦੇ ਸਮੇਂ ਮੈਨੂੰ ਇਹ ਹੀਣ ਭਾਵਨਾ ਪ੍ਰੋਫੈਸਰਾਂ ਵਿੱਚ ਨਜ਼ਰ ਨਹੀਂ ਆਈ। ਉੱਥੇ ਪ੍ਰੋਫੈਸਰ ਸਭਰਵਾਲ ਸਾਹਿਬ, ਪ੍ਰੋਫੈਸਰ ਹਰੀਸ਼ ਚੰਦਰ, ਪ੍ਰੋਫੈਸਰ ਬਲਦੇਵ ਰਾਜ ਆਦਿ ਅਕਸਰ ਸਾਈਕਲ ’ਤੇ ਡਿਪਾਰਟਮੈਂਟ ਨੂੰ ਆਇਆ ਕਰਦੇ ਸਨ। ਉੱਥੇ ਸਾਈਕਲਿੰਗ ਫੈਸ਼ਨ ਵੀ ਸੀ। ਜੇ ਕੋਈ ਪ੍ਰੋਫੈਸਰ ਦੋ ਤਿੰਨ ਵਾਰ ਕਾਰ ’ਤੇ ਆ ਜਾਵੇ ਤੇ ਫਿਰ ਦੋ ਕੁ ਦਿਨ ਬਾਈਸਾਈਕਲ ’ਤੇ ਆ ਜਾਵੇ ਤਾਂ ਇੰਜ ਲਗਦਾ ਸੀ ਜਿਵੇਂ ਉਹ ਮਨਮੌਜੀ ਹੋਵੇ। ਉਹ ਮਜਬੂਰੀ ਵੱਸ ਬਾਈਸਾਈਕਲ ਚਲਾਉਂਦਾ ਨਹੀਂ ਲਗਦਾ ਸੀ। ਅਮੀਰ ਵਿਦਿਆਰਥੀ ਕੰਨ ਚੁੱਕ ਕੇ ਵੀ ਨਹੀਂ ਦੇਖਦੇ ਸਨ ਕਿ ਕੋਈ ਅਧਿਆਪਕ ਕਿਵੇਂ ਆਉਂਦਾ ਹੈ। ਮੈਂ ਇੱਕ ਹੋਰ ਪ੍ਰਸਥਿਤੀ ’ਤੇ ਵੀ ਹੈਰਾਨ ਹੋਇਆ ਕਰਦਾ ਸਾਂ ਕਿ ਮੇਰੇ ਹੋਸਟਲ ਨੰਬਰ ਦੋ ਦੇ ਤਿੰਨ ਬਲਾਕ ਦੇ ਕਮਰਾ ਨੰਬਰ ਸੈਂਤੀ ਦੇ ਬਿਲਕੁਲ ਨੇੜਿਓਂ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਦੀ ਗੋਰੀ ਜਨਾਨੀ ਜੈਨੀ ਗਾਰਗੀ ਆਪਣੇ ਬਾਈਸਾਈਕਲ ਦੀ ਪਿਛਲੀ ਸੀਟ ’ਤੇ ਆਪਣੇ ਮੁੰਡੇ ਮਨੂ ਗਾਰਗੀ ਨੂੰ ਬਿਠਾ ਕੇ ਤਕਰੀਬਨ ਹਰ ਰੋਜ਼ ਯੂਨੀਵਰਸਿਟੀ ਵੱਲ ਨੂੰ ਜਾਇਆ ਕਰਦੀ ਸੀ। ਜੇ ਗਾਰਗੀ ਆਪ ਹਮੇਸ਼ਾ ਕਾਰ ’ਤੇ ਇੱਧਰ ਉੱਧਰ ਜਾਂਦਾ ਸੀ ਤਾਂ ਜੈਨੀ ਹਮੇਸ਼ਾ ਸਾਈਕਲਿੰਗ ਕਰਨਾ ਪਸੰਦ ਕਰਦੀ ਹੁੰਦੀ ਸੀ। ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਮਾਹੌਲ ਦਾ ਚੰਡੀਗੜ੍ਹ ਦੇ ਮਾਹੌਲ ਨਾਲੋਂ ਬਹੁਤ ਫਰਕ ਸੀ। ਜਿਹੜਾ ਵਾਹਨ ਛੋਟੇ ਕਸਬਿਆਂ ਵਿੱਚ ਮਨੁੱਖ ਵਿੱਚ ਹੀਣ ਭਾਵਨਾ ਪੈਦਾ ਕਰਦਾ ਸੀ ਉਹੀ ਵਾਹਨ ਚੰਡੀਗੜ੍ਹ ਵਿੱਚ ਅਕਸਰ ਫੈਸ਼ਨ ਹੁੰਦਾ ਸੀ ਜਾਂ ਕਸਰਤ ਦਾ ਸ੍ਰੋਤ ਹੁੰਦਾ ਸੀ।
ਇੱਕ ਵਾਰ ਮੈਂ ਹਰਿਆਣੇ ਦੇ ਕਰਨਾਲ ਇਲਾਕੇ ਵਿੱਚ ਆਪਣੇ ਇੱਕ ਮਿੱਤਰ ਨੂੰ ਮਿਲਣ ਗਿਆ। ਉਹ ਮਿੱਤਰ ਮੈਨੂੰ ਕਰਨਾਲ ਦੀਆਂ ਕਚਹਿਰੀਆਂ ਵੱਲ ਲੈ ਤੁਰਿਆ ਕਿਉਂਕਿ ਉਸਨੂੰ ਉੱਥੇ ਕੋਈ ਕੰਮ ਸੀ। ਜਾਂਦੇ ਜਾਂਦੇ ਪਿੱਛੋਂ ਇੱਕ ਕਾਰ ਆਈ ਤੇ ਸਾਡੇ ਪਾਸ ਆ ਕੇ ਰੁਕ ਗਈ।
“ਭਾਈ ਸਾਹਿਬ, ਮੈਨੂੰ ਮਿਲਣ ਜਾ ਰਹੇ ਹੋ? ਆਉ ਗੱਡੀ ਵਿੱਚ ਬੈਠੋ। ਪੈਦਲ ਕਿਉਂ ਤੁਰੇ ਜਾਂਦੇ ਹੋ?”
“ਆਏ ਤਾਂ ਤੁਹਾਨੂੰ ਮਿਲਣ ਹੀ ਹਾਂ। ਔਹ 500 ਮੀਟਰ ’ਤੇ ਤਾਂ ਕਚਹਿਰੀਆਂ ਹਨ। ਅਸੀਂ ਸੋਚਿਆ ਕਿਹੜਾ ਦੂਰ ਜਾਣਾ ਏ, ਪੈਦਲ ਹੀ ਤੁਰ ਚਲਦੇ ਹਾਂ। ਤੁਸੀਂ ਵੀ ਤਾਂ ਕਚਹਿਰੀਆਂ ਤੋਂ ਸੱਤ ਅੱਠ ਸੌ ਮੀਟਰ ਦੂਰ ਹੀ ਰਹਿੰਦੇ ਹੋ। ਇੰਨੀ ਘੱਟ ਦੂਰੀ ਤੈਅ ਕਰਨ ਲਈ ਕਾਰ ਖਿੱਚੀ ਫਿਰਦੇ ਹੋ? ਇੰਨਾ ਕੁ ਪੈਦਲ ਤਾਂ ਹਰ ਬੰਦੇ ਨੂੰ ਤੁਰਨਾ ਹੀ ਚਾਹੀਦਾ ਏ।” ਮੇਰੇ ਸਾਥੀ ਸੰਧੂ ਨੇ ਉਸਦੀ ਗੱਡੀ ਵਿੱਚ ਬੈਠਦਿਆਂ ਹੀ ਉਸ ਨੂੰ ਇਹ ਸਵਾਲ ਕਰ ਦਿੱਤਾ।
“ਸੰਧੂ ਸਾਹਿਬ, ਇਹ ਜ਼ਮੀਨਾਂ ਦੇ ਵੱਡੇ ਵੱਡੇ ਰਕਬਿਆਂ ਦੇ ਮਾਲਕ ਵਿਰਕਾਂ ਦਾ ਇਲਾਕਾ ਏ। ਜੇ ਮੈਂ ਪੈਦਲ ਤੁਰ ਕੇ ਕਚਹਿਰੀ ਜਾਵਾਂ ਤਾਂ ਇਹ ਭੈਣ ਦੇ ਦੀਨੇ ਝੱਟ ਮੂੰਹ ਪਾੜ ਕੇ ਤਾਹਨਾ ਮਾਰ ਦਿੰਦੇ ਹਨ, “ਔਹ ਦੇਖ ਲਓ ਨੰਗ ਵਕੀਲ ਕਚਹਿਰੀ ਨੂੰ ਪੈਦਲ ਤੁਰ ਕੇ ਜਾ ਰਿਹਾ ਏ। ਇਹ ਸਾਡੇ ਕੇਸ ਦੀ ਕੀ ਵਕਾਲਤ ਕਰੂ?” ਇਨ੍ਹਾਂ ਦੇ ਤਾਹਨਿਆਂ ਮਿਹਣਿਆਂ ਤੋਂ ਬਚਣ ਲਈ ਮੈਂ ਅੱਧਾ ਪੌਣਾ ਕਿਲੋਮੀਟਰ ਸਫਰ ਵੀ ਕਾਰ ’ਤੇ ਹੀ ਤੈਅ ਕਰਦਾ ਹਾਂ। ਸਾਡਾ ਕਿੱਤਾ ਹੀ ਤਾਂ ਚਲਦਾ ਏ ਜੇ ਪੂਰੀ ਟੌਹਰ ਨਾਲ ਅਦਾਲਤ ਨੂੰ ਜਾਈਏ। ਪੈਦਲ ਤੁਰ ਕੇ ਅਦਾਲਤ ਤੋਂ ਜਾਣ ਵਾਲੇ ਵਕੀਲਾਂ ਨੂੰ ਇਹ ਆਪਣੇ ਕੇਸ ਹੀ ਨਹੀਂ ਦਿੰਦੇ।”
ਸਿਡਨੀ ਵਿੱਚ ਮੇਰੇ ਘਰ ਦੇ ਨੇੜੇ ਪੈਸੇਫਿਕ ਮੈਡੀਕਲ ਸੈਂਟਰ ਹੈ। ਇਸ ਵਿੱਚ ਤਕਰੀਬਨ ਵੀਹ ਡਾਕਟਰ ਹਨ। ਇਹ ਸਾਰੇ ਦੇ ਸਾਰੇ ਏਸ਼ੀਅਨ ਦੇਸ਼ਾਂ ਦੇ ਹਨ। ਕੋਈ ਸ਼੍ਰੀ ਲੰਕਨ ਹੈ, ਕੋਈ ਭਾਰਤੀ ਹੈ, ਕੋਈ ਪਾਕਿਸਤਾਨੀ ਹੈ, ਕੋਈ ਅਫਗਾਨੀ ਹੈ, ਕੋਈ ਜਪਾਨੀ ਹੈ, ਕੋਈ ਮੀਆਂਮਾਰ ਦਾ ਹੈ, ਕੋਈ ਇਰਾਨ ਦਾ ਹੈ, ਕੋਈ ਮਲੇਸ਼ੀਆ ਦਾ ਹੈ। ਏਸ਼ੀਅਨ ਦੇਸ਼ਾਂ ਵਿੱਚ ਡਾਕਟਰ ਬਣਨਾ ਠੁੱਕ ਦਾ ਕੰਮ ਸਮਝਿਆ ਜਾਂਦਾ ਹੈ। ਭਾਰਤ ਜਿਹੇ ਦੇਸ਼ ਵਿੱਚ ਡਾਕਟਰਾਂ ਦੀ ਆਪਣੀ ਹੀ ਟੌਹਰ ਹੁੰਦੀ ਹੈ। ਮਾਪੇ ਸਾਰਾ ਜ਼ੋਰ ਲਾ ਕੇ ਬੱਚਿਆਂ ਨੂੰ ਡਾਕਟਰੀ ਦੇ ਕੋਰਸ ਕਰਵਾਉਣ ਲਈ ਤਿਆਰ ਕਰਦੇ ਹਨ। ਜੇ ਆਸਟ੍ਰੇਲੀਆ ਵਿੱਚ ਸਕੂਲਾਂ ਦੇ ਬੱਚਿਆਂ ਨੂੰ ਸਵਾਲ ਕਰੋ ਕਿ ਉਹ ਜ਼ਿੰਦਗੀ ਵਿੱਚ ਕੀ ਬਣਨਾ ਚਾਹੁੰਦੇ ਹਨ ਤਾਂ ਜਵਾਬ ਅਜੀਬ ਕਿਸਮ ਦੇ ਮਿਲਦੇ ਹਨ। ਮੈਂ ਸੰਨ 2009 ਵਿੱਚ ਇੱਕ ਸਕੂਲ ਵਿੱਚ ਦਸਵੀਂ ਜਮਾਤ ਦੇ ਬੱਚਿਆਂ ਨੂੰ ਪੁੱਛਿਆ ਕਿ ਉਹ ਜੀਵਨ ਵਿੱਚ ਕੀ ਬਣਨਾ ਚਾਹੁੰਦੇ ਹਨ? ਬੱਚਿਆਂ ਨੇ ਹੱਥ ਖੜ੍ਹੇ ਕਰ ਦਿੱਤੇ। ਮੈਂ ਸਭ ਤੋਂ ਲਾਇਕ ਦੋ ਬੱਚਿਆਂ, ਸਾਈਮਨ ਅਤੇ ਫਿਲਿਪ ਨੂੰ ਪੁੱਛਿਆ ਕਿ ਉਹ ਕੀ ਬਣਨਾ ਚਾਹੁੰਦੇ ਹਨ। ਇੱਕ ਦਾ ਜਵਾਬ ਸੀ, ‘ਪਲੰਬਰ’, ਦੂਜੇ ਦਾ ਜਵਾਬ ਸੀ ‘ਕਾਰਪੈਂਟਰ।’ ਜੇ ਭਾਰਤ ਵਿੱਚ, ਖਾਸ ਕਰਕੇ ਪੰਜਾਬ ਵਿੱਚ ਬੱਚੇ ਕਹਿ ਦੇਣ ਕਿ ਉਹ ਪਲੰਬਰ ਅਤੇ ਕਾਰਪੈਂਟਰ ਬਣਨਾ ਚਾਹੁੰਦੇ ਹਨ, ਮਾਪੇ ਉਨ੍ਹਾਂ ਦਾ ਜੀਣਾ ਦੁੱਭਰ ਕਰ ਦੇਣ।
ਮੈਂ ਦੇਖਿਆ ਹੈ ਕਿ ਗੋਰੇ ਹਰ ਕੰਮ ਨੂੰ ਹੀ ਟੌਹਰ ਟੱਪੇ ਵਾਲਾ ਬਣਾ ਲੈਂਦੇ ਹਨ। ਇੱਕ ਗੋਰਾ ਕਹਿੰਦਾ ਐੱਮ. ਬੀ. ਬੀ. ਐੱਸ ਕਰਨ ਲਈ ‘ਹੈਕਸ’ ਤੇ ‘ਪੈਲਜ਼’ ਸਕੀਮ ਤਹਿਤ ਵਿਦਿਆਰਥੀ ਨੂੰ ਸਰਕਾਰ ਤੋਂ ਕਈ ਲੱਖ ਡਾਲਰ ਕਰਜ਼ਾ ਲੈਣਾ ਪੈਂਦਾ ਹੈ। ਡਾਕਟਰ ਬਣ ਜਾਣ ਤੋਂ ਬਾਅਦ ਇਹ ਕਰਜ਼ਾ ਉਸਦੀ ਤਨਖਾਹ ਵਿੱਚੋਂ ਟੈਕਸ ਕੱਟਣ ਪਿੱਛੋਂ ਮਿਲਣ ਵਾਲੀ ਰਾਸ਼ੀ ਵਿੱਚੋਂ ਕੱਟ ਹੁੰਦਾ ਰਹਿੰਦਾ ਹੈ। ਕੀ ਫਾਇਦਾ ਐਡੇ ਵੱਡੇ ਕਰਜ਼ਾਈ ਹੋਣ ਦਾ? ਇਸ ਤੋਂ ਤਾਂ ਇਹ ਬਿਹਤਰ ਹੈ ਕਿ ਬਾਰ੍ਹਵੀਂ ਜਮਾਤ ਕਰਕੇ ਕਿਸੇ ਟੇਫ ਕਾਲਜ ਤੋਂ ਕੋਈ ਦੋ ਕੁ ਸਾਲਾ ਡਿਪਲੋਮਾ ਕਰਕੇ ਪੈਸੇ ਕਮਾਉਣ ਲੱਗ ਜਾਣਾ ਚਾਹੀਦਾ ਹੈ।“ ਗੋਰੇ ਦ੍ਰਖਤ ਕੱਟਣ, ਕੁੱਤਿਆਂ ਦਾ ਸ਼ਿੰਗਾਰ ਤੇ ਕੇਅਰ, ਡਾਕੀਆ ਬਣਨ, ਕੋਰੀਅਰ ਬੁਆਏ ਬਣਨ, ਟਰੱਕ ਚਾਲਕ ਬਣਨ, ਸਕਿਉਰਟੀ ਕਰਨ, ਰਾਜ ਮਿਸਤਰੀ ਬਣਨ, ਨਕਸ਼ਾ ਨਵੀਸ ਬਣਨ ਆਦਿ ਨੂੰ ਵੀ ਮਾੜੇ ਕਿੱਤੇ ਨਹੀਂ ਸਮਝਦੇ। ਕੀ ਭਾਰਤ ਜਿਹੇ ਦੇਸ਼ ਵਿੱਚ ਇੱਕ ਡਾਕਟਰ ਆਪਣੀ ਕੁਰਸੀ ਤੋਂ ਉੱਠ ਕੇ ਬਾਹਰ ਜਾ ਕੇ ਮਰੀਜ਼ ਨੂੰ ਅੰਦਰ ਲਿਆਉਂਦਾ ਹੈ? ਕੀ ਭਾਰਤ ਜਿਹੇ ਦੇਸ਼ਾਂ ਵਿੱਚ ਸਕੂਲ ਜਾਂ ਕਾਲਜ ਦਾ ਪ੍ਰਿੰਸੀਪਲ ਆਪਣੀ ਸੀਟ ਤੋੱ ਉੱਠ ਕੇ ਬਾਹਰ ਜਾ ਕੇ ਉਨ੍ਹਾਂ ਲੋਕਾਂ ਨੂੰ ਅੰਦਰ ਸੱਦ ਕੇ ਲਿਆਉਂਦਾ ਹੈ ਜੋ ਉਸਨੂੰ ਮਿਲਣ ਲਈ ਆਏ ਬੈਠੇ ਹੁੰਦੇ ਹਨ? ਭਾਰਤ ਵਿੱਚ ਇੰਜ ਕਰਨਾ ਅਫਸਰ ਦੇ ਟੌਹਰ ਟੱਪੇ ਦੇ ਖਿਲਾਫ ਸਮਝਿਆ ਜਾਂਦਾ ਹੈ ਪ੍ਰੰਤੂ ਆਸਟਰੇਲੀਆ ਵਿੱਚ ਇੰਜ ਕਰਨਾ ਕਸਟਮਰ ਸਰਵਿਸ ਦਾ ਹਿੱਸਾ ਮੰਨਿਆ ਜਾਂਦਾ ਹੈ।
ਇੱਕ ਵਾਰ ਮੈਂ ਆਪਣੇ ਕਾਲਜ ਦੇ ਨਵੇਂ ਬਣੇ ਪ੍ਰਿੰਸੀਪਲ ਦੇ ਘਰ ਗਿਆ। ਉਸਦੀ ਘਰਵਾਲੀ ਵੀ ਕਿਸੇ ਕਾਲਜ ਦੀ ਲੈਕਚਰਾਰ ਸੀ ਪਰ ਸੀ ਬੜੀ ਮੂੰਹ ਫੁੱਟ। ਮੈਂ ਦੋ ਹਫਤੇ ਲਈ ਦੁਬਈ ਜਾਣਾ ਸੀ, ਇਸ ਲਈ ਮੈਨੂੰ ਦੋ ਹਫਤੇ ਦੀ ਛੁੱਟੀ ਚਾਹੀਦੀ ਸੀ। ਮੈਂ ਸਾਹਿਬ ਦੇ ਘਰ ਬੈਠਾ ਛੁੱਟੀ ਲਈ ਬੇਨਤੀ ਕਰੀ ਜਾਵਾਂ ਉਹ ਮੈਨੂੰ ਕਹੀ ਜਾਵੇ- “ਇਸ ਵਾਰ ਆਪਾਂ ਯੁਵਕ ਮੇਲੇ ਦੇ ਮੇਜ਼ਬਾਨ ਹਾਂ। ਤੁਸੀਂ ਸੱਭਿਆਚਾਰ ਗਤੀਵਿਧੀ ਦੇ ਇੰਚਾਰਜ ਹੋ। ਤਿਆਰੀ ਜ਼ੋਰਾਂ ’ਤੇ ਚੱਲ ਰਹੀ ਏ। ਛੱਡੋ ਦੁਬਈ ਦਾ ਚੱਕਰ। ਮੇਲੇ ਤੋਂ ਬਾਅਦ ਦੇਖੀ ਜਾਊ।”
ਮੈਂ ਮਿੰਨਤ ਕੀਤੀ, “ਸਾਹਿਬ ਜੀ, ਦੁਬਈ ਵਿੱਚ ਅਗਲੇ ਮਹੀਨੇ ਇੱਕ ਮੇਲਾ ਲਗਦਾ ਹੈ। ਮੇਰਾ ਰਿਸ਼ਤੇਦਾਰ ਲੜਕਾ ਉੱਥੇ ਇੱਕ ਪੰਜ ਤਾਰਾ ਹੋਟਲ ਵਿੱਚ ਅਪਰੇਸ਼ਨ ਮੈਨੇਜਰ ਹੈ। ਉਸਨੇ ਦੋ ਹਫਤੇ ਦਾ ਵੀਜ਼ਾ ਭੇਜ ਦਿੱਤਾ ਹੈ। ਉਹ ਕਹਿੰਦਾ ਹੈ, “ਆ ਜਾਉ। ਕੁਝ ਸਮਾਨ ਖਰੀਦ ਕੇ ਲੈ ਜਾਓ। ਬੜਾ ਸਸਤਾ ਏ। ...ਇਸ ਲਈ ਮੇਰਾ ਜਾਣਾ ਬਹੁਤ ਜ਼ਰੂਰੀ ਹੈ।”
ਸਾਡੀ ਇੰਝ ਵਾਰਤਾਲਾਪ ਚੱਲ ਰਹੀ ਸੀ ਕਿ ਪ੍ਰਿੰਸੀਪਲ ਦੇ ਘਰ ਵਾਲੀ ਖੁਦ ਹੀ ਚਾਹ ਦੇ ਦੋ ਕੱਪ ਲੈ ਕੇ ਆ ਟਪਕੀ। ਕਹਿਣ ਲੱਗੀ, “ਕਿਨ੍ਹਾਂ ਵਿਚਾਰਾਂ ਵਿੱਚ ਪਏ ਹੋਏ ਹੋ? ਅਵਤਾਰ ਕੀ ਮਸਲਾ ਏ?”
ਮੈਂ ਕਿਹਾ, “ਮਸਾਂ ਦੋ ਹਫਤੇ ਦਾ ਵੀਜ਼ਾ ਮਿਲਿਆ ਹੈ। ਸਾਹਿਬ, ਛੁੱਟੀ ਦੇਣ ਲਈ ਨਹੀਂ ਮੰਨ ਰਹੇ?”
ਮੈਡਮ ਬੋਲੀ, “ਅਵਤਾਰ, ... ਤੂੰ ਜਾਹ। ਮੈਂ ਤੇਰੇ ਥਾਂ ਡਿਊਟੀ ਦੇ ਦੇਵਾਂਗੀ। ਮੈਂ ਜਾਣਦੀ ਹਾਂ ਤੇਰੇ ਸਾਹਿਬ ਨੂੰ। ਜਦੋਂ ਆਪਣੀ ਮਨਵਾਉਣੀ ਹੋਵੇ ਤਾਂ ਭਿੱਜੀ ਬਿੱਲੀ ਵਾਂਗ ਮਿਆਊਂ ਮਿਆਊਂ ਕਰਦੇ ਹੁੰਦੇ ਨੇ। ਪੰਜ ਮਹੀਨੇ ਪਹਿਲਾਂ ਤੁਹਾਡੇ ਕਾਲਜ ਵਿੱਚ ਪ੍ਰਿੰਸੀਪਲ ਬਣੇ। ਬੱਸ ’ਤੇ ਜਾਣ ਨੂੰ ਤਿਆਰ ਨਹੀਂ ਹਨ। ਰੋਜ਼ ਸ਼ਾਮ ਨੂੰ ਇਹੀ ਰਾਗ ਅਲਾਪਦੇ ਰਹਿੰਦੇ ਹਨ ਕਿ ਪ੍ਰਿੰਸੀਪਲ ਕਾਲਜ ਨੂੰ ਕਾਰ ’ਤੇ ਜਾਵੇ ਤਾਂ ਹੀ ਚੰਗਾ ਲਗਦਾ ਹੈ। ਹਾਰ ਕੇ ਔਖੇ ਹੋ ਕੇ ਪੈਸਿਆਂ ਦਾ ਪ੍ਰਬੰਧ ਕਰਕੇ ਕਾਰ ਖਰੀਦਣੀ ਪਈ। ਹੁਣ ਅਗਲੇ ਹਫਤੇ ਤੋਂ ਕਾਰ ’ਤੇ ਕਾਲਜ ਨੂੰ ਜਾਇਆ ਕਰਨਗੇ।”
ਘਰਵਾਲੀ ਦੀਆਂ ਕਰਾਰੀਆਂ ਕਰਾਰੀਆਂ ਸੁਣ ਕੇ ਪ੍ਰਿੰਸੀਪਲ ਸੁਸਰੀ ਵਾਂਗ ਸੌਂ ਗਿਆ। ਜ਼ਾਹਰ ਸੀ, ਮੇਰੀ ਛੁੱਟੀ ਮਨਜ਼ੂਰ ਹੋ ਗਈ ਸੀ।
ਮੇਰੇ ਇਲਾਕੇ ਦੇ ਇੱਕ ਹੋਰ ਕਾਲਜ ਦਾ ਇੱਕ ਨਵਾਂ ਬਣਿਆ ਪ੍ਰਿੰਸੀਪਲ ਬੱਸ ’ਤੇ ਕਾਲਜ ਨੂੰ ਜਾਇਆ ਕਰੇ। ਕਾਲਜ ਦੀ ਕਮੇਟੀ ਦਾ ਪ੍ਰਧਾਨ, ਬੜਾ ਅਮੀਰ ਬੰਦਾ ਸੀ। ਉਸਨੇ 1995 ਵਿੱਚ ਕਾਲਜ ਨੂੰ ਪੱਚੀ ਲੱਖ ਰੁਪਏ ਦਾਨ ਦਿੱਤੇ ਸਨ। ਪ੍ਰਧਾਨ ਨੂੰ ਪ੍ਰਿੰਸੀਪਲ ਦਾ ਬੱਸ ’ਤੇ ਕਾਲਜ ਨੂੰ ਆਉਣਾ ਚੰਗਾ ਨਾ ਲੱਗੇ। ਇੱਕ ਦਿਨ ਪ੍ਰਧਾਨ ਪ੍ਰਿੰਸੀਪਲ ਪਾਸ ਦਫਤਰ ਵਿੱਚ ਆਇਆ ’ਤੇ ਕਹਿਣ ਲੱਗਾ, “ਸਰ, ਅਸੀਂ ਨਹੀਂ ਚਾਹੁੰਦੇ ਕਿ ਸਾਡਾ ਪ੍ਰਿੰਸੀਪਲ ਕਾਲਜ ਨੂੰ ਬੱਸ ’ਤੇ ਆਵੇ। ਜਿਹਾ ਰੁਤਬਾ ਹੈ, ਉਹੋ ਜਿਹਾ ਰੋਹਬ ਦਾਅਬ ਵੀ ਚਾਹੀਦਾ ਹੈ। ਤੁਸੀਂ ਕਾਰ ਖਰੀਦ ਲਓ, ਤੇਲ ਕਮੇਟੀ ਪੁਆ ਦਿਆ ਕਰੂ।”
ਸ਼ਰਮਿੰਦੇ ਹੋਏ ਪ੍ਰਿੰਸੀਪਲ ਨੂੰ ਆਖਰ ਕੌੜਾ ਘੁੱਟ ਭਰਨਾ ਹੀ ਪਿਆ। ਜੇ ਟੌਹਰ ਟੱਪਾ ਮਨੁੱਖ ਦਾ ਰੋਹਬ ਵਧਾਉਂਦਾ ਹੈ ਤਾਂ ਇਹ ਕਈ ਵਾਰ ਝੁੱਗਾ ਚੌੜ ਵੀ ਕਰਵਾ ਦਿੰਦਾ ਏ। ਜ਼ਰਾ ਬਚ ਕੇ ਮੋੜ ਤੋਂ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































