“ਸਭ ਤੋਂ ਪਹਿਲਾਂ ਪ੍ਰਿੰਸੀਪਲ ਸਰਮੁੱਖ ਸਿੰਘ ਨੇ ਇੱਕ ਸਾਧ ਸੱਦ ਕੇ ਆਪਣੇ ਘਰ ਹਵਨ ਕਰਵਾਇਆ। ਫਿਰ ...”
(15 ਨਵੰਬਰ 2025)
ਉਸ ਕਾਲਜ ਵਿੱਚ ਪ੍ਰਿੰਸੀਪਲ ਜਦੋਂ ਵੀ ਸੇਵਾ ਮੁਕਤ ਹੁੰਦਾ ਸੀ, ਉਦੋਂ ਉੱਥੇ ਇਸ ਅਸਾਮੀ ਲਈ ਦੋ ਪ੍ਰੋਫੈਸਰ ਅਗਲੇ ਉਮੀਦਵਾਰ ਹੋਇਆ ਕਰਦੇ ਸਨ। ਇਵੇਂ ਹੁੰਦਾ ਮੈਂ ਪਿਛਲੇ 40 ਸਾਲ ਤੋਂ ਦੇਖ ਰਿਹਾ ਸਾਂ। ਇਹ ਕਾਲਜ 1960 ਵਿੱਚ ਖੁੱਲ੍ਹਿਆ ਸੀ। ਕਾਲਜ ਖੋਲ੍ਹਣ ਵਾਲੇ ਅਨਪੜ੍ਹ, ਅਰਧ ਪੜ੍ਹੇ ਲਿਖੇ ਅਤੇ ਅਣਭੋਲ ਜਿਹੇ ਜਿਮੀਂਦਾਰ ਸਨ। ਪਹਿਲਾਂ ਇਨ੍ਹਾਂ ਦੀ ਇੱਕ 51 ਮੈਂਬਰੀ ਕਮੇਟੀ ਬਣੀ। ਫਿਰ ਇਸ ਵਿੱਚੋਂ ਇੱਕ 11 ਮੈਂਬਰੀ ਕਾਰਜਕਾਰੀ ਕਮੇਟੀ ਨਿਕਲੀ। ਨਿਯਮਾਂ ਮੁਤਾਬਿਕ ਕਮੇਟੀ ਨੂੰ ਇੱਕ ਸੁਸਾਇਟੀ ਦੇ ਤੌਰ ’ਤੇ ਰਜਿਸਟਰ ਕਰਵਾ ਲਿਆ ਗਿਆ। ਇਸ ਕਾਰਜਕਾਰੀ ਕਮੇਟੀ ਦੇ ਤਿੰਨ ਚਾਰ ਸੂਝਵਾਨ ਮੈਂਬਰ ਪ੍ਰਧਾਨ, ਮੈਨੇਜਰ, ਸਕੱਤਰ ਤੇ ਵਿੱਤ ਸਕੱਤਰ ਬਣ ਗਏ। ਪ੍ਰਧਾਨ ਖਾਸ ਪੜ੍ਹਿਆ ਲਿਖਿਆ ਨਹੀਂ ਸੀ। ਹਾਂ, ਉਹ ਵੱਡਾ ਜਿਮੀਂਦਾਰ ਜ਼ਰੂਰ ਸੀ। ਇਲਾਕੇ ਵਿੱਚ ਉਸਦਾ ਰਸੂਖ ਵੀ ਚੰਗਾ ਸੀ।
ਕਾਰਜਕਾਰੀ ਕਮੇਟੀ ਦੇ ਅਹੁਦੇਦਾਰ ਵੀ ਵਿੱਦਿਅਕ ਢਾਂਚੇ ਨਾਲ ਸੰਬੰਧਤ ਕਾਇਦੇ ਕਾਨੂੰਨਾਂ ਦੇ ਬਹੁਤੇ ਵਾਕਿਫ ਨਹੀਂ ਸਨ। ਨੇੜੇ ਚਲਦੇ ਪੁਰਾਣੇ ਕਾਲਜ ਦੀ ਕਮੇਟੀ ਨਾਲ ਰਾਬਤਾ ਰੱਖਣ ਦੀ ਪੈਰ ਪੈਰ ’ਤੇ ਜ਼ਰੂਰਤ ਸੀ। ਇਸ ਨਾਲ ਲਗਦੇ ਕਾਲਜ ਨੇ ਜਿਹੜਾ ਪ੍ਰਿੰਸੀਪਲ ਲੱਭ ਕੇ ਦਿੱਤਾ, ਉਹੀ ਇਸ ਅਦਾਰੇ ਨੇ ਰੱਖ ਲਿਆ। ਇਹ ਪ੍ਰਿੰਸੀਪਲ 52 ਕੁ ਸਾਲ ਦਾ ਸੀ ਪ੍ਰੰਤੂ ਲਗਦਾ ਵੱਧ ਉਮਰ ਦਾ ਸੀ। ਦਾੜ੍ਹੀ ਬੰਨ੍ਹਦਾ ਸੀ, ਰੰਗਦਾ ਨਹੀਂ ਸੀ। ਰੰਗ ਦਾ ਗੋਰਾ ਸੀ। ਕਾਲਜ ਸ਼ਹਿਰ ਤੋਂ ਤਕਰੀਬਨ ਇੱਕ ਕਿਲੋਮੀਟਰ ਦੀ ਦੂਰੀ ’ਤੇ ਸੀ। ਪ੍ਰਿੰਸੀਪਲ ਕਾਲਜ ਨੂੰ ਪੈਦਲ ਹੀ ਜਾਂਦਾ ਹੁੰਦਾ ਸੀ। ਉਹ ਅੰਗਰੇਜ਼ੀ ਪੜ੍ਹਾਉਂਦਾ ਸੀ। ਉਸ ਉੱਤੇ ਅੰਗਰੇਜ਼ੀ ਕਵਿਤਾ ਦਾ ਇੰਨਾ ਅਸਰ ਸੀ ਕਿ ਉਹ ਤੁਰਿਆ ਜਾਂਦਾ ਵੀ ਇੰਜ ਲਗਦਾ ਹੁੰਦਾ ਸੀ ਜਿਵੇਂ ਅੰਗਰੇਜ਼ੀ ਦੇ ਰੋਮੈਂਟਿਕ ਕਵੀਆਂ ਵਾਂਗ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣ ਰਿਹਾ ਹੋਵੇ। ਉਹ ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਦੀਆਂ ਲੂਸੀ ਕਵਿਤਾਵਾਂ ਨੂੰ ਇੰਨਾ ਜ਼ੋਰ ਦੇ ਕੇ ਪੜ੍ਹਾਉਂਦਾ ਹੁੰਦਾ ਸੀ ਕਿ ਵਿਦਿਆਰਥੀ ਉਸ ਨੂੰ ਵਰਡਜ਼ਵਰਥ ਹੀ ਸੱਦਣ ਲੱਗ ਪਏ ਸਨ ਜਾਂ ਫਿਰ ਕਈ ਲੋਕ ਉਸ ਨੂੰ ‘ਬਾਬਾ’ ਕਹਿ ਕੇ ਮੁਖਾਤਿਬ ਹੋਇਆ ਕਰਦੇ ਸਨ। ਉਹ ਇੰਨਾ ਸਾਦੀ ਸੋਚ ਦਾ ਮਾਲਕ ਸੀ ਕਿ ਸਰਦੀਆਂ ਸ਼ੁਰੂ ਹੁੰਦੇ ਸਾਰ ਉਸਨੇ ਇੱਕ ਕਾਲਾ ਗਰਮ ਸੂਟ ਸਿਲਵਾਇਆ। ਜਦੋਂ ਸੂਟ ਦਰਜੀ ਤੋਂ ਮਿਲਿਆ ਤਾਂ ਕੋਟ ਉੱਪਰ ਹਲਕੀਆਂ ਹਲਕੀਆਂ ਚਾਕ ਦੀਆਂ ਲਾਈਨਾਂ ਵੱਜੀਆਂ ਹੋਈਆਂ ਸਨ। ਜ਼ਾਹਰ ਸੀ ਕਿ ਇਹ ਲਾਈਨਾਂ ਕੋਟ ਨੂੰ ਡਰਾਈਕਲੀਨ ਕਰਵਾਉਣ ਨਾਲ ਲੱਥਣੀਆਂ ਸਨ। ਠੰਢ ਸ਼ੁਰੂ ਹੋ ਚੁੱਕੀ ਸੀ। ਸ਼ਾਇਦ ਸਾਹਿਬ ਨੇ ਡਰਾਈ ਕਲੀਨ ਕਰਵਾਉਣ ਦੀ ਘੌਲ ਕੀਤੀ। ਉਹ ਇਵੇਂ ਲਾਈਨਾਂ ਵਾਲੇ ਕੋਟ ਨੂੰ ਪਹਿਨ ਕੇ ਹੀ ਕਈ ਦਿਨ ਕਾਲਜ ਨੂੰ ਆਉਂਦਾ ਰਿਹਾ। ਨਾ ਉਸ ਨੂੰ ਕੋਈ ਸ਼ਰਮ ਮਹਿਸੂਸ ਹੋਈ, ਨਾ ਹੀ ਵਿਦਿਆਰਥੀ ਉਸ ਉੱਤੇ ਹੱਸੇ। ਖੈਰ ਪੜ੍ਹਾਉਂਦਾ ਬਹੁਤ ਵਧੀਆ ਸੀ। ਕਾਲਜ ਨੂੰ ਸੰਵਾਰਨ ਦਾ ਕੰਮ ਉਸਨੇ ਪੂਰੀ ਤਨਦੇਹੀ ਨਾਲ ਕੀਤਾ। ਪੇੜ ਪੌਦੇ ਥਾਂ ਥਾਂ ਲਵਾ ਦਿੱਤੇ। ਕਾਲਜ ਦੀ ਛੋਟੀ ਜਿਹੀ ਇਮਾਰਤ ਦਾ ਉਜਾੜ ਆਲਾ ਦੁਆਲਾ ਚੰਦ ਕੁ ਮਹੀਨਿਆਂ ਵਿੱਚ ਹੀ ਹਰਾ ਭਰਾ ਹੋ ਗਿਆ। ਉਸਦਾ ਵਿਰੋਧੀ ਵੀ ਕੋਈ ਨਹੀਂ ਸੀ। ਉਸ ਨੂੰ ਸਰਬ ਸੰਮਤੀ ਨਾਲ ਜਾਂ ਕਿਸੇ ਦੇ ਕਹਿਣ ’ਤੇ ਕਿਸੇ ਕਾਲਜ ਤੋਂ ਲਿਆਂਦਾ ਗਿਆ ਸੀ। ਉਸਦਾ ਵਿਰੋਧ ਤਾਂ ਹੁੰਦਾ ਜੇ ਉਹ ਕਿਸੇ ਇੰਟਰਵਿਊ ਰਾਹੀਂ ਹੋਰ ਉਮੀਦਵਾਰਾਂ ਨਾਲ ਖਹਿ ਕੇ ਚੁਣ ਹੁੰਦਾ। ਇਸ ਨਵੇਂ ਅਦਾਰੇ ਨੇ ਪੜ੍ਹਾਈ ਦਾ ਮਾਹੌਲ ਪੂਰੀ ਤਰ੍ਹਾਂ ਸਿਰਜ ਕੇ ਰੱਖ ਦਿੱਤਾ। ਵਿਦਿਆਰਥੀ ਸਿਆਸਤ ਅਜੇ ਇਸ ਅਦਾਰੇ ਵੱਲ ਨੂੰ ਨਹੀਂ ਆਈ ਸੀ। ਪ੍ਰੋਫੈਸਰ ਵੀ ਸਿਆਸਤ ਤੋਂ ਅਣਭਿੱਜੇ ਸਨ। ਟਰੇਡ ਯੂਨੀਅਨ ਵਾਲੇ ਕਾਲਜ ਦੇ ਮਾਹੌਲ ਦੀ ਮਾੜੀ ਮਾੜੀ ਸੂਹ ਲੈ ਰਹੇ ਸਨ ਪਰ ਇਹ ਚਲਦੇ ਸਿਸਟਮ ਦਾ ਚੱਕਾ ਜਾਮ ਕਰਨ ਲਈ ਅਜੇ ਇੱਥੇ ਢੁੱਕੇ ਨਹੀਂ ਸਨ। ਵੈਸੇ ਵੀ ਉਦੋਂ ਦੇਸ਼ ਅਜੇ ਸਿਆਸੀ ਤੌਰ ’ਤੇ ਇੰਨਾ ਜਾਗਰਤ ਅਤੇ ਚੇਤਨ ਨਹੀਂ ਹੋਇਆ ਸੀ, ਜਿੰਨਾ ਜਲਦੀ ਬਾਅਦ ਵਿੱਚ ਸ਼ੁਰੂ ਹੋਈ ਨਕਸਲਵਾੜੀ ਲਹਿਰ ਨੇ ਕਰ ਦਿੱਤਾ ਸੀ।
ਇੰਝ ਚਾਰ ਕੁ ਸਾਲ ਬੀਤ ਗਏ। ਪ੍ਰੋਫੈਸਰਾਂ ਦੀ ਗਿਣਤੀ ਗਿਆਰਾਂ ਬਾਰਾਂ ਕੁ ਹੀ ਸੀ। ਕਾਲਜ ਨੂੰ ਯੂਨੀਵਰਸਿਟੀ ਦੀ ਮਾਨਤਾ ਮਿਲ ਗਈ ਸੀ। ਲੋਕ ਮਾੜੇ ਮਾੜੇ ਇਸ ਪ੍ਰਕਾਰ ਦੇ ਕਿਆਫੇ ਵੀ ਲਾਉਣ ਲੱਗ ਪਏ ਸਨ ਕਿ ਇਸ ਮੋਢੀ ਪ੍ਰਿੰਸੀਪਲ ਤੋਂ ਬਾਅਦ ਕੌਣ ਇਸਦੀ ਥਾਂ ਲਊ। ਇਹ ਥਾਂ ਲੈਣ ਲਈ ਕਾਲਜ ਦੇ ਦੋ ਲੈਕਚਰਾਰ ਤਿਆਰੀ ਕੱਸ ਰਹੇ ਲਗਦੇ ਸਨ। ਅੰਗਰੇਜ਼ੀ ਵਾਲਾ ਸਰਮੁੱਖ ਸਿੰਘ ਤੇ ਪੰਜਾਬੀ ਵਾਲਾ ਹਰਭਜਨ ਸਿੰਘ। ਅੰਗਰੇਜ਼ੀ ਵਾਲਾ ਐੱਮ.ਏ. ਦੇ ਦੋ ਵਾਰ ਪਰਚੇ ਦੇਣ ’ਤੇ ਵੀ ਐੱਮ.ਏ. ਦੀ ਸੈਕੰਡ ਡਿਵੀਜ਼ਨ ਨਹੀਂ ਬਣਾ ਸਕਿਆ ਸੀ। ਸ਼ੁਰੂ ਸ਼ੁਰੂ ਵਿੱਚ ਕਾਲਜ ਵਾਲਿਆਂ ਨੇ ਉਸ ਨੂੰ ਦੋ ਜਮਾਤਾਂ (ਪ੍ਰੈਪ ਅਤੇ ਬੀ.ਏ. ਭਾਗ ਪਹਿਲਾ) ਪੜ੍ਹਾਉਣ ਲਈ ਰੱਖ ਲਿਆ ਸੀ ਕਿਉਂਕਿ ਕਾਲਜ ਅਜੇ ਮਾਨਤਾ ਪ੍ਰਾਪਤ ਨਹੀਂ ਸੀ। ਉਨ੍ਹਾਂ ਸਾਲਾਂ ਵਿੱਚ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਵੀ ਸਭ ਤੋਂ ਹੇਠਲੀਆਂ ਦੋ ਜਮਾਤਾਂ ਨੂੰ ਅੰਗਰੇਜ਼ੀ ਪੜ੍ਹਾਉਣ ਲਈ ਥਰਡ ਡਿਵੀਜ਼ਨਰ ਐੱਮ.ਏ. ਪਾਸ ਵੀ ਯੋਗ ਸਮਝੇ ਜਾਂਦੇ ਸਨ। ਹੁਣ ਤੀਜੀ ਵਾਰੀ ਐੱਮ.ਏ. ਦੇ ਪਰਚੇ ਦੇ ਕੇ ਸਰਮੁੱਖ ਨੇ ਸਾਵੇਂ ਸਿੱਕੇ ਨੰਬਰਾਂ ਨਾਲ ਸੈਕੰਡ ਡਿਵੀਜ਼ਨ ਬਣਾ ਲਈ ਸੀ। ਇਸ ਪ੍ਰਕਾਰ ਹੁਣ ਉਹ ਪ੍ਰਿੰਸੀਪਲ ਦੀ ਅਸਾਮੀ ਲਈ ਅਰਜ਼ੀ ਪਾਉਣ ਦੇ ਯੋਗ ਹੋ ਗਿਆ ਸੀ। ਸਰਮੁੱਖ ਸਿੰਘ ਨੂੰ ਇੱਕ ਹੋਰ ਲਤ ਵੀ ਸੀ। ਉਹ ਸਾਧਾਂ ਸੰਤਾਂ ਦੇ ਡੇਰਿਆਂ ਨੂੰ ਬੜਾ ਮੰਨਦਾ ਸੀ। ਵਹਿਮਾਂ ਭਰਮਾਂ ਵਿੱਚ ਵੀ ਬੜਾ ਯਕੀਨ ਰੱਖਦਾ ਸੀ। ਪਹਿਲਾ ‘ਬਾਬਾ’ ਪ੍ਰਿੰਸੀਪਲ ਸੇਵਾ ਮੁਕਤ ਹੋ ਗਿਆ। ਨਵੀਂ ਨਿਯੁਕਤੀ ਲਈ ਅਰਜ਼ੀਆਂ ਦਾ ਇਸ਼ਤਿਹਾਰ ਅਖਬਾਰ ਵਿੱਚ ਆ ਗਿਆ। ਸੁਣਨ ਵਿੱਚ ਆਇਆ ਕਿ ਦਸ ਕੁ ਉਮੀਦਵਾਰਾਂ ਨੇ ਅਰਜ਼ੀਆਂ ਭੇਜੀਆਂ ਸਨ। ਇੰਟਰਵਿਊ ਕਮੇਟੀ ਹੀ ਕਰਦੀ ਹੁੰਦੀ ਸੀ, ਯੂਨੀਵਰਸਿਟੀ ਅਤੇ ਡੀ.ਪੀ.ਆਈ. ਦੇ ਨੁਮਾਇੰਦੇ ਇੰਟਰਵਿਊ ਪੈਨਲ ਵਿੱਚ ਨਹੀਂ ਵਹਿੰਦੇ ਸਨ। ਐੱਮ.ਏ. ਵਿੱਚ ਸੈਕੰਡ ਡਿਵੀਜ਼ਨ ਤੋਂ ਇਲਾਵਾ ਯੋਗਤਾ ਦੀ ਦੂਜੀ ਸ਼ਰਤ ਦਸ ਸਾਲ ਦਾ ਮਾਨਤਾ ਪ੍ਰਾਪਤ ਕਾਲਜ ਦੇ ਵਿੱਚ ਪੜ੍ਹਾਉਣ ਦਾ ਤਜਰਬਾ ਸੀ। ਸਰਮੁੱਖ ਤੇ ਹਰਭਜਨ ਸਿੰਘ ਦੋਹਾਂ ਦਾ ਦਸ ਦਸ ਸਾਲ ਦਾ ਪੜ੍ਹਾਉਣ ਦਾ ਤਜਰਬਾ ਹੈ ਹੀ ਸੀ, ਦੋਹਾਂ ਨੇ ਕਮੇਟੀ ਨੂੰ ਆਪਣੇ ਹੱਕ ਵਿੱਚ ਕਰਨ ਦੀ ਪੂਰੀ ਦੌੜ ਲਗਾ ਦਿੱਤੀ। ਇਹ ਖਾਲਸਾ ਕਾਲਜ ਸੀ ਪਰ ਸੀ ਕਾਂਗਰਸ ਪਾਰਟੀ ਦੇ ਹੱਥ। ਦੋਨੋਂ ਉਮੀਦਵਾਰ ਪਗੜੀਧਾਰੀ ਸਰਦਾਰ ਸਨ। ਲਗਦਾ ਸੀ ਕਿ ਪੰਜਾਬੀ ਵਾਲਾ ਹਰਭਜਨ ਸਿੰਘ ਮੱਲ ਮਾਰ ਜਾਊ ਪ੍ਰੰਤੂ ਹੋ ਗਿਆ ਇਸ ਤੋਂ ਉਲਟ। ਸਰਮੁੱਖ ਸਿੰਘ ਨੇ ਕਮੇਟੀ ਦੇ ਪ੍ਰਧਾਨ ਦੇ ਮੱਥੇ ਇੱਕ ਡੇਰੇ ਦਾ ਸਾਧ ਲਗਾ ਦਿੱਤਾ। ਇਸ ਪ੍ਰਕਾਰ ਆਪਣੀ ਚੋਣ ਕਰਵਾ ਲਈ।
ਕਾਰਜ ਭਾਗ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਰਮੁੱਖ ਸਿੰਘ ਨੇ ਇੱਕ ਸਾਧ ਸੱਦ ਕੇ ਆਪਣੇ ਘਰ ਹਵਨ ਕਰਵਾਇਆ। ਫਿਰ ਇੱਕ ਪੰਡਿਤ ਤੋਂ ਕਾਲਜ ਨੂੰ ਚਾਰੇ ਪਾਸਿਓਂ ਠੁਕਵਾਇਆ ਤਾਂ ਕਿ ਇਸ ਅੰਦਰ ਕੋਈ ਮਾੜੀਆਂ ਰੂਹਾਂ ਨਾ ਪ੍ਰਵੇਸ਼ ਕਰਨ। ਪ੍ਰਿੰਸੀਪਲ ਤਾਂ ਨਵਾਂ ਆ ਗਿਆ ਪ੍ਰੰਤੂ ਕਾਲਜ ਦੇ ਭਾਗ ਫੁੱਟ ਗਏ ਅਤੇ ਨਾਲ ਹੀ ਹਰਭਜਨ ਸਿੰਘ ਦੇ ਭਾਗ ਵੀ। ਹੁਣ ਕਾਲਜ ਵਿੱਚ ਚੌਧਰ ਵਾਲੇ ਕੰਮਾਂ ਲਈ ਜਿੰਨੀਆਂ ਵੀ ਡਿਊਟੀਆਂ ਲਗਦੀਆਂ, ਉਹਨਾਂ ਵਿੱਚ ਹਰਭਜਨ ਸਿੰਘ ਦਾ ਨਾਮ ਕਦੀ ਨਾ ਹੁੰਦਾ। ਕਾਲਜ ਵਿੱਚ ਕੋਈ ਨਵੀਂ ਪਾਲਸੀ ਘੜਨ ਵਿੱਚ ਹਰਭਜਨ ਸਿੰਘ ਦੀ ਸਲਾਹ ਕਦੀ ਨਾ ਲਈ ਜਾਂਦੀ। ਉਦੋਂ ਪੰਜਾਬ ਦਾ ਮਾਹੌਲ ਕਾਫੀ ਚੰਗਾ ਹੁੰਦਾ ਸੀ। ਕਾਲਜ ਦੇ ਕੰਮ ਕਰਕੇ ਲੈਕਚਰਾਰ ਫਖਰ ਮਹਿਸੂਸ ਕਰਦੇ ਹੁੰਦੇ ਸਨ। ਇਨ੍ਹਾਂ ਕੰਮਾਂ ਵਿੱਚ ਵਾਈਸ ਪ੍ਰਿੰਸੀਪਲ ਦੀ ਡਿਊਟੀ ਵੀ ਹੁੰਦੀ ਸੀ। ਭਾਵੇਂ ਇਹ ਅਹੁਦਾ ਨਿਸ਼ਚਿਤ ਅਤੇ ਨਿਰਧਾਰਿਤ ਨਹੀਂ ਹੁੰਦਾ ਸੀ ਫਿਰ ਵੀ ਜਦੋਂ ਪ੍ਰਿੰਸੀਪਲ ਕਿਸੇ ਕਾਰਨ ਕਰਕੇ ਗੈਰਹਾਜ਼ਰ ਹੁੰਦਾ ਸੀ ਤਾਂ ਉਹ ਆਪਣੀ ਥਾਂ ’ਤੇ ਕਿਸੇ ਸੀਨੀਅਰ ਲੈਕਚਰਾਰ ਨੂੰ ਬਿਠਾ ਕੇ ਹੀ ਜਾਂਦਾ ਹੁੰਦਾ ਸੀ। ਹੋਰ ਚੌਧਰ ਵਾਲੇ ਕੰਮ ਐੱਨ.ਸੀ.ਸੀ. ਅਫਸਰੀ, ਐੱਨ. ਐੱਸ. ਐੱਸ. ਇੰਚਾਰਜੀ, ਬਰਸਰੀ, ਟਾਈਮ ਟੇਬਲ ਇੰਚਾਰਜੀ, ਕਾਲਜ ਦੇ ਰਸਾਲੇ ਦੀ ਚੀਫ ਐਡੀਟਰੀ, ਪ੍ਰੀਖਿਆਵਾਂ ਕਰਵਾਉਣ ਸਮੇਂ ਸੈਂਟਰ ਸੁਪਰਡੈਂਟ ਆਦਿ ਹੁੰਦੇ ਸਨ। ਇਨ੍ਹਾਂ ਵਿੱਚੋਂ ਕਿਸੇ ਵੀ ਕੰਮ ਲਈ ਹਰਭਜਨ ਸਿੰਘ ਦੀ ਡਿਊਟੀ ਨਹੀਂ ਲਗਦੀ ਸੀ। ਇੱਥੋਂ ਤਕ ਕਿ ਕਾਲਜ ਦੇ ਰਸਾਲੇ ਵਿੱਚ ਉਹ ਤਸਵੀਰ ਵੀ ਨਹੀਂ ਲਗਦੀ ਸੀ ਜਿਸ ਵਿੱਚ ਹਰਭਜਨ ਸਿੰਘ ਸੋਹਣਾ ਅਤੇ ਭਰਵਾਂ ਦਿਸਦਾ ਹੋਵੇ। ਭਾਵ ਇਹ ਕਿ ਪ੍ਰਿੰਸੀਪਲ ਸਰਮੁੱਖ ਸਿੰਘ ਨੇ ਹਮੇਸ਼ਾ ਹਰਭਜਨ ਸਿੰਘ ਨੂੰ ਪੂਰੀ ਤਰ੍ਹਾਂ ਖੁੱਡੇ ਲਾਈਨ ਲਾ ਕੇ ਰੱਖਿਆ। ਸਮਾਂ ਬੀਤਦਾ ਗਿਆ, ਬੀਤਦਾ ਗਿਆ। ਕਾਲਜ ਵਧੀਆ ਤਾਂ ਨਹੀਂ ਚੱਲਿਆ, ਵੈਸੇ ਚੱਲਦਾ ਜ਼ਰੂਰ ਰਿਹਾ। ਸਿਆਸਤ ਵੀ ਕਾਲਜ ਵਿੱਚ ਪੈਰ ਪਸਾਰਦੀ ਗਈ। ਜਦੋਂ ਕਿਸੇ ਨੇ ਪ੍ਰਿੰਸੀਪਲ ਨਾਲ ਗੱਲ ਕਰਨੀ ਕਿ ਸਿਆਸਤ ਕਾਫੀ ਵਧਦੀ ਜਾ ਰਹੀ ਏ, ਹੜਤਾਲਾਂ ਵੀ ਹੋਣ ਲੱਗ ਪਈਆਂ ਹਨ, ਪ੍ਰੋਫੈਸਰਾਂ ਦੇ ਵਿਰੋਧੀ ਗੁੱਟ ਦਾ ਬੋਲਬਾਲਾ ਵੀ ਵਧਦਾ ਜਾ ਰਿਹਾ ਏ, ਤੁਹਾਨੂੰ ਕੋਈ ਖਤਰਾ ਤਾਂ ਨਹੀਂ? ਤਾਂ ਪ੍ਰਿੰਸੀਪਲ ਨੇ ਕਹਿਣਾ, “ਤੁਹਾਨੂੰ ਪਤਾ ਮੈਂ ਛੋਟਾ ਹੁੰਦਾ ਕਬੱਡੀ ਵੀ ਖੇਡਦਾ ਰਿਹਾ ਹਾਂ? ਮੇਰੇ ਤਾਂ ਹੁਣ ਤਿੰਨ ਕੁ ਸਾਲ ਹੀ ਰਹਿ ਗਏ। ਮੈਂ ਤਾਂ ਕਬੱਡੀ ਕਬੱਡੀ ਕਰਕੇ ਹੰਧਿਆਂ ਨੂੰ ਛੂਹ ਹੀ ਲਊਂ, ਮੈਥੋਂ ਬਾਅਦ ਆਉਣ ਵਾਲੇ ਦਾ ਕੀ ਬਣੂ, ਮੈਨੂੰ ਪਤਾ ਨਹੀਂ।”
ਜੇ ਕਿਸੇ ਚਮਚੇ ਨੇ ਪ੍ਰਿੰਸੀਪਲ ਪਾਸ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਂਦੇ ਨੇ ਹਰਭਜਨ ਸਿੰਘ ਦਾ ਨਾਂ ਲੈ ਦੇਣਾ ਤਾਂ ਉਸਨੇ ਕਹਿਣਾ, “ਉਹ ਭਾਵੇਂ ਮੈਨੂੰ ਖਰਾਬ ਕਰਨ ਲਈ ਅੱਡੀਆਂ ਤਕ ਜ਼ੋਰ ਲਗਾ ਲਏ, ਉਹਨੂੰ ਮੈਂ ਕਾਮਯਾਬ ਨਹੀਂ ਹੋਣ ਦਿੰਦਾ। ਇਹ ਮੈਂ ਲਲਕਾਰ ਕੇ ਕਹਿੰਦਾ ਹਾਂ। ਮੈਨੂੰ ਪਤਾ ਹੈ ਕਿ ਉਹ ਉਦੋਂ ਤੋਂ ਹੀ ਵਿਸ਼ ਘੋਲ ਰਿਹਾ ਏ ਜਦੋਂ ਦਾ ਮੈਂ ਇਸ ਕੁਰਸੀ ’ਤੇ ਬਿਰਾਜਮਾਨ ਹੋਇਆ ਹਾਂ। ਮੈਂ ਕੁਸ਼ਤੀ ਵੀ ਲੜਦਾ ਰਿਹਾ ਹਾਂ। ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣਾ ਕੈਰੀਅਰ ਪੁਲਿਸ ਮਹਿਕਮੇ ਤੋਂ ਸ਼ੁਰੂ ਕੀਤਾ ਸੀ। ਬੀ. ਏ ਕਰਕੇ ਪੁਲਿਸ ਵਿੱਚ ਚਲਾ ਗਿਆ ਸਾਂ। ਫਿਰ ਸ਼ਾਮ ਦੀਆਂ ਜਮਾਤਾਂ ਲਾ ਕੇ ਅੰਗਰੇਜ਼ੀ ਦੀ ਐੱਮ.ਏ. ਕੀਤੀ। ਫਿਰ ਐੱਮ.ਏ. ਨੂੰ ਸੁਧਾਰਿਆ। ਸਾਲਾ ਅੰਗਰੇਜ਼ੀ ਮਜ਼ਮੂਨ ਹੀ ਅਜਿਹਾ ਏ। ਸੈਕੰਡ ਡਿਵੀਜ਼ਨ ਬੜੀ ਔਖੀ ਆਉਂਦੀ ਏ। ਭਜਨੇ ਜਿਹਿਆਂ ਵਾਂਗ ਗੁਰਮੁਖੀ ਦੀ ਐੱਮ.ਏ. ਤਾਂ ਮੈਂ ਛੇ ਮਹੀਨੇ ਪੜ੍ਹ ਕੇ ਕਰ ਦਿਆਂ। ਭਜਨੇ ਦਾ ਤਾਂ ਉਹ ਹਾਲ ਏ- ਸੁੱਕੇ ਪੱਤੇ ਅੱਗ ਨਾਲ ਯਾਰੀ। ਮਾੜੀ ਮੇਖ ਮੱਖਣ ਵਿੱਚ ਕੀ ਮੋਰੀ ਕਰੂ?”
ਸਰਮੁੱਖ ਦੀ ਸੇਵਾ ਮੁਕਤੀ ਤੋਂ ਬਾਅਦ ਕਮੇਟੀ ਕਿਸੇ ਕਾਰਨ ਕਰਕੇ ਨਵੀਂ ਨਿਯੁਕਤੀ ਕਰਨ ਵਿੱਚ ਕੁਝ ਲੇਟ ਹੋਈ ਜਾ ਰਹੀ ਸੀ। ਸ਼ਾਇਦ ਪ੍ਰਧਾਨ ਸਾਹਿਬ ਇੰਗਲੈਂਡ ਗਏ ਹੋਏ ਸਨ। ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਮਿਲ ਰਹੇ ਸਨ ਤੇ ਸੰਸਥਾ ਵਾਸਤੇ ਉਗਰਾਹੀ ਵੀ ਕਰ ਰਹੇ ਸਨ। ਬਾਅਦ ਵਿੱਚ ਪਤਾ ਲੱਗਾ ਕਿ ਕਮੇਟੀ ਦੇ ਸਕੱਤਰ ਸਾਹਿਬ ਵੀ ਪ੍ਰਧਾਨ ਨਾਲ ਬਾਹਰਲੇ ਮੁਲਕ ਦੇ ਦੌਰੇ ’ਤੇ ਸੀ। ਪਿੱਛੇ ਦੋ ਅਹੁਦੇਦਾਰ ਮੈਨੇਜਰ ਅਤੇ ਵਿੱਤ ਸਕੱਤਰ ਹੀ ਸਨ। ਇਨ੍ਹਾਂ ਦੋਵਾਂ ਦੀਆਂ ਅੱਖਾਂ ਮੋਹਰੇ ਕਾਰਜਕਾਰੀ ਪ੍ਰਿੰਸੀਪਲ ਰੱਖਣ ਲਈ ਦੋ ਨਾਮ ਘੁੰਮ ਰਹੇ ਸਨ- ਰਾਜਨੀਤੀ ਸ਼ਾਸਤਰ ਵਾਲਾ ਰਾਜਿੰਦਰ ਸਿੰਘ ਤੇ ਇਤਿਹਾਸ ਵਾਲਾ ਸ਼ਾਮ ਸਿੰਘ। ਵੈਸੇ ਵੀ ਹੁਣ ਤਕ ਸਟਾਫ ਅਠਾਰਾਂ ਮੈਂਬਰ ਹੋ ਚੁੱਕਾ ਸੀ। ਕੰਪਿਊਟਰ ਸਾਇੰਸ ਦਾ ਮਜ਼ਮੂਨ ਵੀ ਚੰਗਾ ਜ਼ੋਰ ਫੜ ਗਿਆ ਸੀ। ਰਾਜਿੰਦਰ ਸਿੰਘ ਅਤੇ ਸ਼ਾਮ ਸਿੰਘ ਦੀ ਖਹਿਬਾਜ਼ੀ ਵੀ ਚਲਦੀ ਰਹਿੰਦੀ ਸੀ। ਹੁਣ ਪੱਕੀ ਚੋਣ ਕਰਨ ਲਈ ਯੂਨੀਵਰਸਿਟੀ ਅਤੇ ਡੀ.ਪੀ.ਆਈ ਦੇ ਨੁਮਾਇੰਦੇ ਹੋਣੇ ਵੀ ਜ਼ਰੂਰੀ ਹੋ ਗਏ ਸਨ। ਸੋਚ ਵਿਚਾਰ ਕਰਕੇ ਮੈਨੇਜਰ ਸਾਹਿਬ ਨੇ ਰਾਜਿੰਦਰ ਸਿੰਘ ਨੂੰ ਕਾਰਜਕਾਰੀ ਕੰਮ ਸੰਭਾਲਣ ਲਈ ਚਿੱਠੀ ਦੇ ਦਿੱਤੀ। ਇੰਝ ਹੋਣ ਨਾਲ ਰਾਜਿੰਦਰ ਸਿੰਘ ਦੇ ਖੇਮੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਚਾਰਜ ਸੰਭਾਲਣ ਸਾਰ ਹੀ ਰਾਜਿੰਦਰ ਸਿੰਘ ਨੇ ਸਾਰੇ ਸਿਸਟਮ ਵਿੱਚ ਵਿਆਪਕ ਤਬਦੀਲੀਆਂ ਕਰ ਦਿੱਤੀਆਂ। ਚੌਧਰ ਵਾਲੇ ਸਾਰੇ ਕੰਮ ਆਪਣੇ ਗੁੱਟ ਦੇ ਪ੍ਰੋਫੈਸਰਾਂ ਨੂੰ ਦੇ ਦਿੱਤੇ। ਹਲਕੇ ਦਰਜੇ ਦੇ ਕੰਮ ਸ਼ਾਮ ਸਿੰਘ ਵਾਲੇ ਗੁੱਟ ਨੂੰ ਦਿੱਤੇ ਜਾਣੇ ਸ਼ੁਰੂ ਹੋ ਗਏ। ਸ਼ਾਮ ਸਿੰਘ ਨੂੰ ਨਾ ਕੋਈ ਚੌਧਰ ਕਰਨ ਵਾਲਾ ਕੰਮ ਸੰਭਾਲਿਆ ਜਾਂਦਾ ਅਤੇ ਨਾ ਹੀ ਕੋਈ ਅਜਿਹਾ ਕੰਮ ਸੰਭਾਲਿਆ ਜਾਂਦਾ ਜਿਸਦੀ ਅਖਬਾਰਾਂ ਵਿੱਚ ਖਬਰ ਲੱਗਣੀ ਹੋਵੇ। ਸ਼ਾਮ ਸਿੰਘ ਚੰਗਾ ਵਕਤਾ ਸੀ। ਕਾਲਜ ਵਿੱਚ ਉਸ ਸਾਲ ਬਸੰਤ ਪੰਚਮੀ ਦੇ ਮੌਕੇ ’ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਇੱਕ ਪ੍ਰਸਿੱਧ ਕੀਰਤਨੀ ਜਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਸਾਰੇ ਪ੍ਰੋਗਰਾਮ ਵਿੱਚ ਚੌਧਰ ਪ੍ਰੋ. ਕਰਮ ਸਿੰਘ ਦੀ ਰਹੀ, ਭਾਵੇਂ ਪਹਿਲਾਂ ਸਰਮੁੱਖ ਸਿੰਘ ਦੇ ਵੇਲੇ ਇਸ ਪ੍ਰਕਾਰ ਦੇ ਕਾਰਜ ਦੀ ਸਾਂਭ ਸੰਭਾਲ ਅਤੇ ਸਟੇਜ ਸਕੱਤਰੀ ਸ਼ਾਮ ਸਿੰਘ ਕਰਦਾ ਹੁੰਦਾ ਸੀ। ਸੈਸ਼ਨ ਦੇ ਅੰਤ ਵਿੱਚ ਕਾਲਜ ਦੇ ਰਸਾਲੇ ਵਿੱਚ ਸ਼ਾਮ ਸਿੰਘ ਦੀ ਇੱਕ ਵੀ ਫੋਟੋ ਨਜ਼ਰ ਨਾ ਆਈ। ਸ਼ਾਮ ਸਿੰਘ ਦੀ ਸੇਵਾ ਮੁਕਤੀ ਦੇ ਛੇ ਸਾਲ ਰਹਿੰਦੇ ਸਨ ਤੇ ਰਾਜਿੰਦਰ ਸਿੰਘ ਦੇ ਅਜੇ 11 ਸਾਲ ਬਾਕੀ ਸਨ। ਰਾਜਿੰਦਰ ਸਿੰਘ ਨੂੰ ਆਸ ਸੀ ਕਿ ਉਹ ਪੱਕੇ ਤੌਰ ’ਤੇ ਹੀ ਪ੍ਰਿੰਸੀਪਲ ਦੀ ਕੁਰਸੀ ’ਤੇ ਬਿਰਾਜਮਾਨ ਹੋ ਜਾਵੇਗਾ। ਉਹ ਸੋਚਦਾ ਸੀ ਕਿ ਪ੍ਰਧਾਨ ਅਤੇ ਸਕੱਤਰ ਦੇ ਬਾਹਰੋਂ ਆਉਣ ਨਾਲ ਕਾਲਜ ਦੀ ਆਰਥਿਕ ਹਾਲਤ ਕਾਫੀ ਚੰਗੀ ਹੋ ਜਾਏਗੀ। ਉਹ ਇਸ ਖੁਸ਼ਹਾਲ ਅਦਾਰੇ ਵਿੱਚ ਸਾਰੀ ਉਮਰ ਪ੍ਰਿੰਸੀਪਲ ਰਹਿ ਕੇ ਇਲਾਕੇ ਵਿੱਚ ਆਪਣੀ ਨਰੋਈ ਸਾਖ ਕਾਇਮ ਕਰ ਲਵੇਗਾ। ਸੁਣਿਆ ਸੀ ਕਿ ਉਹ ਬੋਚ ਬੋਚ ਕੇ ਪੈਰ ਰੱਖਦਾ ਸੀ ਤੇ ਕਿਸੇ ਯੂਨੀਵਰਸਿਟੀ ਤੋਂ ਪੀ.ਐੱਚਡੀ. ਦੀ ਡਿਗਰੀ ਵਾਸਤੇ ਰਿਸਰਚ ਵੀ ਕਰ ਰਿਹਾ ਸੀ। ਉਹ ਪ੍ਰਧਾਨ ਦੇ ਗੁੱਟ ਵਿੱਚ ਆਪਣੀ ਮਜ਼ਬੂਤ ਸਾਖ ਵੀ ਕਾਇਮ ਕਰੀ ਜਾ ਰਿਹਾ ਸੀ।
ਪ੍ਰਧਾਨ ਅਤੇ ਸਕੱਤਰ ਅੱਛੇ ਖਾਸੇ ਪੈਸੇ ਉਗਰਾਹ ਕੇ ਵਾਪਸ ਆ ਗਏ। ਸਾਇੰਸ ਦੇ ਮਜ਼ਮੂਨ ਚਲਾਉਣ ਦੀ ਤਿਆਰੀ ਪੂਰੀ ਜ਼ੋਰਾਂ ’ਤੇ ਸੀ। ਖੇਡਾਂ ਦੇ ਖੇਤਰ ਵਿੱਚ ਵੀ ਕਾਲਜ ਨੇ ਚੰਗਾ ਨਾਮਣਾ ਖੱਟਿਆ ਸੀ। ਸਾਰਾ ਸਟਾਫ ਸੋਚਾਂ ਵਿੱਚ ਸੀ ਕਿ ਹੁਣ ਪ੍ਰਿੰਸੀਪਲ ਦੀ ਕੁਰਸੀ ’ਤੇ ਪੱਕੇ ਤੌਰ ’ਤੇ ਕੌਣ ਬੈਠੂ। ਰਾਜਿੰਦਰ ਸਿੰਘ ਨੇ ਆਪਣਾ ਪ੍ਰਭਾਵ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਉਸ ਨੂੰ ਕਾਰਜਕਾਰੀ ਮੁਖੀ ਦੇ ਤੌਰ ’ਤੇ ਦੋ ਵਾਰੀ ਸਮਾਂ ਦੇ ਦਿੱਤਾ ਗਿਆ ਸੀ। ਇੱਕ ਵਾਰ ਇੱਕ ਸਾਲ ਦਾ ਅਤੇ ਦੂਜੀ ਵਾਰ ਛੇ ਮਹੀਨੇ ਦਾ। ਹੁਣ ਪ੍ਰਧਾਨ ਅਤੇ ਸਕੱਤਰ ਨੇ ਮੀਟਿੰਗ ਬੁਲਾ ਕੇ ਕਮੇਟੀ ਤੋਂ ਪਾਸ ਕਰਵਾ ਲਿਆ ਸੀ ਕਿ ਪ੍ਰਿੰਸੀਪਲ ਦੀ ਪੱਕੇ ਤੌਰ ’ਤੇ ਨਿਯੁਕਤੀ ਲਈ ਪੈਨਲ ਬੁਲਾ ਲਿਆ ਜਾਵੇ। ਹੁਣ ਯੂ. ਜੀ. ਸੀ. ਨੇ ਪ੍ਰਿੰਸੀਪਲ ਲਈ ਯੋਗਤਾ ਪੀਐੱਚ. ਡੀ. ਵੀ ਕਰ ਦਿੱਤੀ ਸੀ। ਕਾਲਜ ਵਿੱਚ ਪੀਐੱਚ. ਡੀ. ਡਿਗਰੀ ਪ੍ਰਾਪਤ ਸਿਰਫ ਦੋ ਪ੍ਰੋਫੈਸਰ ਹੀ ਸਨ- ਕੰਪਿਊਟਰ ਸਾਇੰਸ ਵਾਲਾ ਉਜਾਗਰ ਸਿੰਘ ਭੰਗੂ ਤੇ ਸਰੀਰਕ ਸਿੱਖਿਆ ਵਾਲਾ ਜਗਤ ਸਿੰਘ ਵੜੈਚ। ਜ਼ਾਹਰ ਸੀ ਕਿ ਪ੍ਰਿੰਸੀਪਲ ਦੀ ਅਸਾਮੀ ਲਈ ਸਿਰਫ ਇਹ ਦੋਵੇਂ ਹੀ ਅਰਜ਼ੀ ਦੇ ਸਕਦੇ ਸਨ। ਰਾਜਿੰਦਰ ਸਿੰਘ ਦਾ ਥੀਸਿਸ ਤਾਂ ਤਿਆਰ ਸੀ ਪਰ ਅਜੇ ਵਾਈਵਾ ਰਹਿੰਦਾ ਸੀ। ਜ਼ਾਹਰ ਸੀ ਕਿ ਉਸ ਨੂੰ ਘੱਟ ਤੋਂ ਘੱਟ ਛੇ ਮਹੀਨੇ ਲੱਗ ਜਾਣੇ ਸਨ। ਯੂ. ਜੀ. ਸੀ. ਉਸ ਨੂੰ ਤੀਜੀ ਐਕਸਟੈਂਸ਼ਨ ਦੇਣ ਦੀ ਮਨਜ਼ੂਰੀ ਨਹੀਂ ਦੇ ਰਿਹਾ ਸੀ। ਦੇਖਣ ਪਾਖਣ ਵਿੱਚ ਸਭ ਤੋਂ ਯੋਗ ਵਿਅਕਤੀ ਡਾ. ਉਜਾਗਰ ਸਿੰਘ ਭੰਗੂ ਹੀ ਲਗਦਾ ਸੀ। ਜ਼ੋਰ ਸਭ ਤੋਂ ਵੱਧ ਸਰੀਰਕ ਸਿੱਖਿਆ ਵਾਲੇ ਡਾ. ਵੜੈਚ ਦਾ ਲੱਗਿਆ ਹੋਇਆ ਸੀ। ਵੜੈਚ ਭਾਵੇਂ ਡਾਕਟਰ ਸੀ ਪਰ ਸੀ ਪੂਰਾ ਧੂਸਮਾਰ।
ਦਫਤਰ ਨੇ ਪਹੁੰਚੀਆਂ ਅਰਜ਼ੀਆਂ ਕਮੇਟੀ ਮੋਹਰੇ ਰੱਖ ਦਿੱਤੀਆਂ। ਸ਼ਰਤ ਪੀਐੱਚ. ਡੀ. ਹੋਣ ਕਰਕੇ ਉਮੀਦਵਾਰ ਮਸਾਂ ਪੰਜ ਹੀ ਸਨ। ਦੋ ਤਾਂ ਕਾਲਜ ਦੇ ਹੀ ਸਨ। ਬਾਹਰਲਿਆਂ ਤਿੰਨਾਂ ਵਿੱਚੋਂ ਦੋ ਨੇ ਥੀਸਿਸ ਜਮ੍ਹਾਂ ਕਰਵਾਏ ਹੋਏ ਸਨ। ਉਹਨਾਂ ਦਾ ਵਾਈਵਾ ਹੋਣਾ ਅਜੇ ਬਾਕੀ ਸੀ। ਉਹਨਾਂ ਸੋਚਿਆ ਸੀ ਕਿ ਸ਼ਾਇਦ ਕੰਮ ਬਣ ਹੀ ਜਾਵੇ, ਸ਼ਾਇਦ ਪੈਨਲ ਕਹਿ ਦੇਵੇ ਕਿ ਛੇ ਮਹੀਨੇ ਵਿੱਚ ਆਪਣੀ ਡਿਗਰੀ ਪੂਰੀ ਕਰ ਲਓ। ਤੀਜਾ ਕਿਸੇ ਨੇੜੇ ਦੇ ਕਾਲਜ ਵਿੱਚੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੱਢਿਆ ਹੋਇਆ ਸੀ। ਲਾ ਪਾ ਕੇ ਅਸਲੀ ਮੁਕਾਬਲਾ ਤਾਂ ਡਾ. ਭੰਗੂ ਅਤੇ ਡਾ. ਵੜੈਚ ਵਿੱਚ ਹੀ ਸੀ। ਦੋਨੋਂ ਜਣੇ ਪੂਰੀ ਸਰਗਰਮੀ ਨਾਲ ਕਮੇਟੀ ਮੈਂਬਰਾਂ ਨੂੰ ਮਿਲ ਰਹੇ ਸਨ ਤੇ ਯੂਨੀਵਰਸਿਟੀ ਤੇ ਡੀ. ਪੀ. ਆਈ. ਦੇ ਨੁਮਾਇੰਦਿਆਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਵੀ ਕਰੀ ਰਹੇ ਸਨ। ਭੰਗੂ ਦੇ ਸੰਗੀ ਸਾਥੀ ਉਸ ਲਈ ਪੂਰਾ ਜ਼ੋਰ ਲਗਾ ਰਹੇ ਸਨ ਤੇ ਵੜੈਚ ਦਾ ਗੁੱਟ ਇੰਨਾ ਪੱਬਾਂ ਭਾਰ ਹੋਇਆ ਪਿਆ ਸੀ ਕਿ ਮੌਕਾ ਬਿਲਕੁਲ ਵੀ ਹੱਥੋਂ ਜਾਣ ਨਹੀਂ ਸੀ ਦੇਣਾ ਚਾਹੁੰਦਾ। ਇੰਟਰਵਿਊ ਦਾ ਦਿਨ ਨੇੜੇ ਆ ਰਿਹਾ ਸੀ। ਬੁਲਾਵਾ ਸਿਰਫ ਇਨ੍ਹਾਂ ਦੋਹਾਂ ਨੂੰ ਹੀ ਭੇਜਿਆ ਗਿਆ ਸੀ ਕਿਉਂਕਿ ਬਾਕੀ ਕਿਸੇ ਦੀ ਯੋਗਤਾ ਵੀ ਲੋੜੀਂਦੀ ਨਹੀਂ ਸੀ। ਕਾਲਜ ਦੇ ਦਫਤਰ ਵਿੱਚ ਇੰਟਰਵਿਊ ਹੋ ਗਈ। ਅੰਦਰੋਂ ਕਣਸੋ ਮਿਲਣੀ ਸ਼ੁਰੂ ਹੋ ਗਈ ਸੀ ਕਿ ਡਾ. ਵੜੈਚ ਕਾਮਯਾਬ ਹੋ ਰਿਹਾ ਸੀ। ਇਸ ਲਈ ਉਹ ਪੂਰਾ ਖੁਸ਼ ਸੀ। ਪ੍ਰੰਤੂ ਦੂਸਰੇ ਦਿਨ ਦੁਪਹਿਰੇ ਜਿਹੇ ਇੱਕ ਨਵੀਂ ਖਬਰ ਆ ਗਈ ਕਿ ਡਾ. ਭੰਗੂ ਨੂੰ ਬਰਕਲੇ ਯੂਨੀਵਰਸਿਟੀ ਯੂ. ਐੱਸ. ਏ. ਨੇ ਫੈਲੋਸ਼ਿੱਪ ਦੇ ਦਿੱਤੀ ਹੈ। ਡਾ. ਭੰਗੂ ਨੇ ਕੁਝ ਸਮਾਂ ਪਹਿਲਾਂ ਇਹਦੇ ਵਾਸਤੇ ਚੁੱਪਚਾਪ ਫਾਰਮ ਭਰਿਆ ਸੀ। ਜੇ ਉਹ ਕਾਲਜ ਵਿੱਚ ਰਹਿ ਜਾਂਦਾ ਤਾਂ ਉਸਦੀ ਹਾਲਤ ਉਦੋਂ ਤਕ ਹਰਭਜਨ ਸਿੰਘ ਅਤੇ ਸ਼ਾਮ ਸਿੰਘ ਜਿਹੀ ਹੀ ਰਹਿਣੀ ਸੀ ਜਦੋਂ ਤਕ ਡਾ. ਵੜੈਚ ਪ੍ਰਿੰਸੀਪਲ ਦੀ ਕੁਰਸੀ ਦੇ ਬਿਰਾਜਮਾਨ ਰਹਿਣਾ ਸੀ।
ਕੁਦਰਤ ਨੇ ਡਾ. ਉਜਾਗਰ ਸਿੰਘ ਭੰਗੂ ਨੂੰ ਯੂ. ਐੱਸ. ਏ. ਫੈਲੋਸ਼ਿੱਪ ਦੁਆ ਕੇ ਕਾਲਜ ਵਿੱਚ ਡਾ. ਵੜੈਚ ਦੀ ਲਗਾਤਾਰ ਅਧੀਨਗੀ ਤੋਂ ਬਚਾ ਲਿਆ ਸੀ। ਇੰਝ ਉਹ ਹਰਭਜਨ ਸਿੰਘ ਵਾਂਗ ਖੁੱਡੇ ਲਾਈਨ ਲੱਗਣੋ ਬਚ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (