BaljinderKDhaliwal7“ਧੀ ਭਾਵੇਂ ਕਿੰਨੀ ਵੀ ਵੱਡੀ ਹੋ ਜਾਵੇ, ਪਿਤਾ ਦੇ ਹੁੰਦਿਆਂ ਉਸਦੇ ਅੰਦਰ ਇੱਕ ਨਿੱਕੀ ...”
(26 ਅਕਤੂਬਰ 2026)

 

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਮਰਨ ਆਪਣੇ ਬੇਟੇ ਨੂੰ ਨਾਲ ਲੈ ਕੇ ਜੂਨ ਦੀਆਂ ਛੁੱਟੀਆਂ ਵਿੱਚ ਆਪਣੇ ਪੇਕੇ ਪਿੰਡ ਗਈ। ਪਰ ਇਸ ਵਾਰ ਪੇਕੇ ਘਰ ਜਾਣ ਦੀ ਖੁਸ਼ੀ ਨਾਲੋਂ ਉਸਦੇ ਮਨ ਵਿੱਚ ਚਿੰਤਾ ਵਧੇਰੇ ਸੀ। ਉਸਦੇ ਪਾਪਾ ਪਿਛਲੇ ਛੇ ਮਹੀਨਿਆਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਘਰ ਪਹੁੰਚਦਿਆਂ ਹੀ ਉਹ ਆਪਣੇ ਪਾਪਾ ਕੋਲ ਗਈ। ਪਾਪਾ ਨੇ ਪਿਆਰ ਨਾਲ ਉਸਦਾ ਸਿਰ ਪਲੋਸਿਆ। ਸਿਮਰਨ ਨੇ ਆਪਣੇ ਅੰਦਰਲੇ ਦੁੱਖ ਨੂੰ ਲੁਕਾਉਂਦਿਆਂ ਚਿਹਰੇ ਉੱਤੇ ਮੁਸਕਰਾਹਟ ਲਿਆ ਕੇ ਪੁੱਛਿਆ, “ਪਾਪਾ, ਤੁਸੀਂ ਠੀਕ ਹੋ ਨਾ?”

ਪਾਪਾ ਨੇ ਵੀ ਹੌਲੀ ਜਿਹੀ ਮੁਸਕਰਾਹਟ ਨਾਲ ਜਵਾਬ ਦਿੱਤਾ। ਪਰ ਉਨ੍ਹਾਂ ਦੇ ਚਿਹਰੇ ਦੀ ਉਦਾਸੀ ਅਤੇ ਅੱਖਾਂ ਵਿੱਚ ਲੁਕਿਆ ਦਰਦ ਸਿਮਰਨ ਤੋਂ ਲੁਕਿਆ ਨਾ ਰਹਿ ਸਕਿਆ। ਦਿਨ ਬੀਤਦੇ ਗਏ। ਪਰਿਵਾਰ ਦੇ ਸਾਰੇ ਜੀਅ ਪਾਪਾ ਦੀ ਸੇਵਾ ਕਰਦੇ ਅਤੇ ਉਨ੍ਹਾਂ ਨੂੰ ਹੌਸਲਾ ਦਿੰਦੇ। ਕੁਝ ਦਿਨਾਂ ਬਾਅਦ ਸਿਮਰਨ ਦਾ ਵਿਦੇਸ਼ ਰਹਿੰਦਾ ਭਰਾ ਵੀ ਆ ਗਿਆ। ਆਪਣੇ ਪੁੱਤਰ ਨੂੰ ਸਾਹਮਣੇ ਦੇਖ ਕੇ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਸਿਮਰਨ ਦੇ ਭਰਾ ਨੇ ਆਪਣੇ ਮਨ ਦੇ ਦਰਦ ਨੂੰ ਲੁਕਾਉਂਦਿਆਂ ਪਾਪਾ ਨੂੰ ਕਿਹਾ, “ਟੈਨਸ਼ਨ ਨਾ ਲਓ, ਪਾਪਾ। ਤੁਸੀਂ ਠੀਕ ਹੋ ਜਾਓਗੇ।”

ਪਾਪਾ ਨੇ ਪੁੱਤਰ ਵੱਲ ਦੇਖਿਆ। ਉਸ ਪਲ ਕਿਸੇ ਕੋਲ ਵੀ ਆਪਣੇ ਹੰਝੂਆਂ ਨੂੰ ਰੋਕਣਾ ਸੌਖਾ ਨਹੀਂ ਸੀ। ਹਰ ਕੋਈ ਪਾਪਾ ਨੂੰ ਹੌਸਲਾ ਦੇ ਰਿਹਾ ਸੀ, ਪਰ ਅੰਦਰੋਂ ਸਾਰੇ ਇੱਕ ਅਣਜਾਣੇ ਡਰ ਨਾਲ ਜੂਝ ਰਹੇ ਸਨ। ਸਿਮਰਨ ਦੇ ਮਨ ਵਿੱਚ ਵੀ ਹਰ ਵੇਲੇ ਇੱਕੋ ਚਿੰਤਾ ਰਹਿੰਦੀ। ਉਹ ਰੱਬ ਅੱਗੇ ਅਰਦਾਸ ਕਰਦੀ, “ਹੇ ਰੱਬਾ! ਮੇਰੇ ਪਾਪਾ ਨੂੰ ਦੋ ਸਾਲ ਹੋਰ ਦੇ ਦੇ। ਮੈਂ ਹਾਲੇ ਉਨ੍ਹਾਂ ਤੋਂ ਬਿਨਾਂ ਰਹਿਣਾ ਨਹੀਂ ਸਿੱਖਿਆ।”

ਇੱਕ ਧੀ ਲਈ ਪਿਤਾ ਸਿਰਫ ਇੱਕ ਰਿਸ਼ਤਾ ਨਹੀਂ, ਸਗੋਂ ਉਹ ਛਾਂ ਹੁੰਦਾ ਹੈ ਜਿਸ ਹੇਠਾਂ ਉਹ ਆਪਣੇ ਆਪ ਨੂੰ ਦੁਨੀਆ ਦੀ ਹਰ ਮੁਸ਼ਕਿਲ ਤੋਂ ਸੁਰੱਖਿਅਤ ਮਹਿਸੂਸ ਕਰਦੀ ਹੈ। ਸਿਮਰਨ ਵੀ ਆਪਣੇ ਪਾਪਾ ਨੂੰ ਉਸੇ ਛਾਂ ਵਾਂਗ ਆਪਣੇ ਕੋਲ ਰੱਖਣਾ ਚਾਹੁੰਦੀ ਸੀ।

10 ਜੂਨ ਦੀ ਕਾਲ਼ੀ ਰਾਤ!

ਉਹ ਸ਼ਾਮ ਵੀ ਹੋਰਨਾਂ ਦਿਨਾਂ ਵਾਂਗ ਹੀ ਸੀ। ਸਾਰੇ ਜੀਆਂ ਨੇ ਇਕੱਠਿਆਂ ਰੋਟੀ ਖਾਧੀ। ਫਿਰ ਪਾਪਾ ਕੋਲ ਬੈਠ ਕੇ ਗੱਲਾਂ ਕੀਤੀਆਂ ਅਤੇ ਉਨ੍ਹਾਂ ਦੀਆਂ ਲੱਤਾਂ ਘੁੱਟੀਆਂ। ਹੌਲੀ-ਹੌਲੀ ਸਾਰੇ ਸੌਣ ਚਲੇ ਗਏ। ਰਾਤ ਦੇ ਦੋ ਵਜੇ ਦੇ ਕਰੀਬ ਪਾਪਾ ਨੇ ਸਿਮਰਨ ਦੀ ਮੰਮੀ ਨੂੰ ਅਵਾਜ਼ ਮਾਰੀ, “ਮੈਨੂੰ ਪਾਣੀ ਦੇ ਦਿਓ।”

ਸਿਮਰਨ ਦੀ ਮੰਮੀ ਨੇ ਪਾਣੀ ਦਿੱਤਾ ਤਾਂ ਪਾਪਾ ਕਹਿਣ ਲੱਗੇ, “ਮੇਰੀ ਛਾਤੀ ਵਿੱਚ ਦਰਦ ਹੋ ਰਿਹਾ ਹੈ। ਮੈਨੂੰ ਅਫੀਮ ਦੇ ਦਿਓ ਤੇ ਜਲਦੀ ਡਾਕਟਰ ਕੋਲ ਲੈ ਚੱਲੋ।”

ਇਹ ਸੁਣਦਿਆਂ ਹੀ ਘਰ ਵਿੱਚ ਹਲਚਲ ਮਚ ਗਈ। ਸਿਮਰਨ ਨੇ ਆਪਣੇ ਭਰਾ ਨੂੰ ਕਿਹਾ ਕਿ ਪਾਪਾ ਦਾ ਬੀ.ਪੀ. ਚੈੱਕ ਕਰ ਲਈਏ। ਬੀ.ਪੀ. ਠੀਕ ਸੀ, ਪਰ ਛਾਤੀ ਦੇ ਦਰਦ ਨੇ ਸਾਰਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ।

ਪਾਪਾ ਦੀ ਮੰਗ ਉੱਤੇ ਉਨ੍ਹਾਂ ਨੂੰ ਥੋੜ੍ਹੀ ਜਿਹੀ ਅਫੀਮ ਪਾਣੀ ਵਿੱਚ ਘੋਲ ਕੇ ਦਿੱਤੀ ਗਈ। ਮੰਮੀ ਨੇ ਫਟਾਫਟ ਜਾਣ ਲਈ ਸਮਾਨ ਇਕੱਠਾ ਕੀਤਾ। ਭਰਾ ਨੇ ਪਾਪਾ ਦੇ ਪਰਨਾ ਬੰਨ੍ਹਿਆ। ਸਾਰੇ ਭੈਣ-ਭਰਾ ਪਾਪਾ ਦੇ ਆਲੇ-ਦੁਆਲੇ ਬੈਠੇ ਸਨ। ਸਿਮਰਨ ਵਾਰ-ਵਾਰ ਆਪਣੇ ਭਰਾਵਾਂ ਨੂੰ ਕਹਿ ਰਹੀ ਸੀ, “ਪਾਪਾ ਨੂੰ ਚੁੱਕ ਕੇ ਲੈ ਜਾਓ, ਜਲਦੀ ਕਰੋ।”

ਪਰ ਪਾਪਾ ਨੇ ਕਿਹਾ, “ਨਹੀਂ, ਮੇਰੀ ਚੱਪਲ ਦਿਓ, ਮੈਂ ਤੁਰ ਕੇ ਜਾਵਾਂਗਾ।”

ਇਹ ਸ਼ਬਦ ਸਿਮਰਨ ਦੇ ਦਿਲ ਉੱਤੇ ਉੱਕਰ ਗਏ। ਬਿਮਾਰੀ ਨੇ ਪਾਪਾ ਦੇ ਸਰੀਰ ਨੂੰ ਭਾਵੇਂ ਕਮਜ਼ੋਰ ਕਰ ਦਿੱਤਾ ਸੀ, ਪਰ ਉਨ੍ਹਾਂ ਦੇ ਮਨ ਵਿੱਚ ਆਪਣੇ ਪੈਰਾਂ ਉੱਤੇ ਤੁਰਨ ਦੀ ਇੱਛਾ ਅਜੇ ਵੀ ਸੀ।

ਦੋਵਾਂ ਭਰਾਵਾਂ ਨੇ ਪਾਪਾ ਦੀਆਂ ਬਾਹਾਂ ਆਪਣੇ ਮੋਢਿਆਂ ਉੱਤੇ ਪਾਈਆਂ ਅਤੇ ਉਨ੍ਹਾਂ ਨੂੰ ਸਹਾਰਾ ਦੇ ਕੇ ਗੱਡੀ ਤਕ ਲੈ ਗਏ। ਪਾਪਾ ਨੂੰ ਸੰਗਰੂਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਔਕਸੀਜਨ ਲਾ ਦਿੱਤੀ ਗਈ।

ਘਰ ਰਹਿ ਗਏ ਪਰਿਵਾਰਕ ਮੈਂਬਰਾਂ ਦੀਆਂ ਨਜ਼ਰਾਂ ਫ਼ੋਨ ਉੱਤੇ ਟਿਕੀਆਂ ਹੋਈਆਂ ਸਨ। ਜਦੋਂ ਸਿਮਰਨ ਨੇ ਆਪਣੇ ਭਰਾ ਨੂੰ ਫ਼ੋਨ ਕੀਤਾ, ਉਹਨੇ ਦੱਸਿਆ ਕਿ ਪਾਪਾ ਠੀਕ ਹਨ। ਉਨ੍ਹਾਂ ਨੇ ਦਲੀਆ ਵੀ ਖਾ ਲਿਆ ਹੈ।

ਇਹ ਸੁਣ ਕੇ ਸਿਮਰਨ ਦੇ ਮਨ ਨੂੰ ਥੋੜ੍ਹਾ ਹੌਸਲਾ ਮਿਲਿਆ। ਉਸ ਨੂੰ ਲੱਗਿਆ ਕਿ ਪਾਪਾ ਠੀਕ ਹੋ ਕੇ ਘਰ ਵਾਪਸ ਆ ਜਾਣਗੇ। ਉਸਨੇ ਕਿੱਥੇ ਸੋਚਿਆ ਸੀ ਕਿ ਜਿਸ ਪਿਤਾ ਨੂੰ ਉਹ ਰਾਤ ਨੂੰ ਆਪਣੇ ਪੈਰਾਂ ਉੱਤੇ ਤੁਰ ਕੇ ਘਰੋਂ ਜਾਂਦਾ ਦੇਖ ਰਹੀ ਸੀ, ਉਹ ਹੁਣ ਕਦੇ ਵਾਪਸ ਨਹੀਂ ਆਉਣਗੇ।

ਸ਼ਾਮ ਹੋ ਗਈ। ਹਰ ਪਲ ਉਮੀਦ ਅਤੇ ਡਰ ਵਿਚਕਾਰ ਬੀਤ ਰਿਹਾ ਸੀ। ਫਿਰ ਰਾਤ ਦੇ ਨੌਂ ਵਜੇ ਉਹ ਖਬਰ ਆਈ, ਜਿਸਨੇ ਸਾਰੇ ਪਰਿਵਾਰ ਦੀ ਦੁਨੀਆ ਉਜਾੜ ਦਿੱਤੀ। ਪਾਪਾ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ।

ਇਹ ਖਬਰ ਸੁਣ ਕੇ ਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਿਸ ਪਿਤਾ ਲਈ ਉਸਨੇ ਰੱਬ ਤੋਂ ਦੋ ਸਾਲ ਹੋਰ ਮੰਗੇ ਸਨ, ਉਹੀ ਪਿਤਾ ਉਸ ਨੂੰ ਸਦਾ ਲਈ ਛੱਡ ਗਏ ਸਨ। ਸਿਮਰਨ ਦੇ ਮਨ ਵਿੱਚ ਵਾਰ-ਵਾਰ ਉਹੀ ਦ੍ਰਿਸ਼ ਘੁੰਮ ਰਿਹਾ ਸੀ- ਪਾਪਾ ਦਾ ਪਾਣੀ ਮੰਗਣਾ, ਛਾਤੀ ਵਿੱਚ ਦਰਦ ਹੋਣ ਦੀ ਗੱਲ ਕਰਨੀ, ਆਪਣੀਆਂ ਚੱਪਲਾਂ ਮੰਗਣੀਆਂ ਅਤੇ ਭਰਾਵਾਂ ਦੇ ਮੋਢਿਆਂ ਦਾ ਸਹਾਰਾ ਲੈ ਕੇ ਘਰੋਂ ਬਾਹਰ ਜਾਣਾ।

ਕਾਸ਼! ਉਸ ਨੂੰ ਪਤਾ ਹੁੰਦਾ ਕਿ ਇਹ ਆਖਰੀ ਮੁਲਾਕਾਤ ਹੈ ਤਾਂ ਉਹ ਪਾਪਾ ਨੂੰ ਹੋਰ ਘੁੱਟ ਕੇ ਗਲੇ ਲਾਉਂਦੀ। ਉਨ੍ਹਾਂ ਦਾ ਹੱਥ ਹੋਰ ਦੇਰ ਤਕ ਫੜੀ ਰੱਖਦੀ ਅਤੇ ਆਪਣੇ ਦਿਲ ਦੀ ਹਰ ਗੱਲ ਕਹਿ ਦਿੰਦੀ। ਪਰ ਜ਼ਿੰਦਗੀ ਵਿੱਚ ਕੁਝ ਪਲ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਕੀਮਤ ਦਾ ਅਹਿਸਾਸ ਉਨ੍ਹਾਂ ਦੇ ਲੰਘ ਜਾਣ ਤੋਂ ਬਾਅਦ ਹੁੰਦਾ ਹੈ।

ਪਾਪਾ ਦੇ ਜਾਣ ਨਾਲ ਘਰ ਉਹੀ ਰਿਹਾ, ਕੰਧਾਂ ਉਹੀ ਰਹੀਆਂ, ਵਿਹੜਾ ਵੀ ਉਹੀ ਰਿਹਾ, ਪਰ ਘਰ ਦੀ ਰੂਹ ਕਿਤੇ ਗੁਆਚ ਗਈ। ਮੰਮੀ ਦੇ ਸਿਰ ਤੋਂ ਜੀਵਨ ਭਰ ਦਾ ਸਾਥੀ ਵਿਛੜ ਗਿਆ ਅਤੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ।

ਹੁਣ ਪੇਕੇ ਘਰ ਵਿੱਚ ਪਾਪਾ ਦੀ ਥਾਂ ਖਾਲੀ ਸੀ। ਉਹ ਅਵਾਜ਼ ਹਮੇਸ਼ਾ ਲਈ ਖਾਮੋਸ਼ ਹੋ ਗਈ ਸੀ, ਜਿਸ ਵਿੱਚ ਧੀ ਨੂੰ ਆਪਣਾਪਨ ਮਹਿਸੂਸ ਹੁੰਦਾ ਸੀ। ਸਿਮਰਨ ਲਈ ਪੇਕੇ ਘਰ ਦੀਆਂ ਕੰਧਾਂ ਹੁਣ ਉਸਦੇ ਪਾਪਾ ਦੀਆਂ ਯਾਦਾਂ ਸੰਭਾਲਣ ਵਾਲੀਆਂ ਕੰਧਾਂ ਬਣ ਗਈਆਂ ਸਨ।

ਧੀ ਭਾਵੇਂ ਕਿੰਨੀ ਵੀ ਵੱਡੀ ਹੋ ਜਾਵੇ, ਪਿਤਾ ਦੇ ਹੁੰਦਿਆਂ ਉਸਦੇ ਅੰਦਰ ਇੱਕ ਨਿੱਕੀ ਜਿਹੀ ਬੱਚੀ ਜਿਊਂਦੀ ਰਹਿੰਦੀ ਹੈ। ਪਿਤਾ ਦਾ ਸਾਇਆ ਉੱਠ ਜਾਣ ਤੋਂ ਬਾਅਦ ਉਹ ਬੱਚੀ ਦੁਨੀਆ ਦੇ ਸਾਹਮਣੇ ਤਾਂ ਮਜ਼ਬੂਤ ਬਣ ਜਾਂਦੀ ਹੈ, ਪਰ ਅੰਦਰੋਂ ਹਮੇਸ਼ਾ ਆਪਣੇ ਪਿਤਾ ਨੂੰ ਲੱਭਦੀ ਰਹਿੰਦੀ ਹੈ।

10 ਜੂਨ ਦੀ ਉਹ ਰਾਤ ਸਿਮਰਨ ਦੇ ਪਰਿਵਾਰ ਲਈ ਸਿਰਫ ਇੱਕ ਰਾਤ ਨਹੀਂ ਸੀ। ਉਹ ਰਾਤ ਉਨ੍ਹਾਂ ਦੀ ਹੱਸਦੀ-ਵਸਦੀ ਦੁਨੀਆ ਵਿੱਚ ਅਜਿਹਾ ਹਨੇਰਾ ਕਰ ਗਈ, ਜਿਸ ਨੂੰ ਸਮਾਂ ਵੀ ਪੂਰੀ ਤਰ੍ਹਾਂ ਮਿਟਾ ਨਹੀਂ ਸਕਦਾ।

ਉਹ ਰਾਤ ਪਾਪਾ ਨੂੰ ਸਾਡੇ ਤੋਂ ਦੂਰ ਲੈ ਗਈ, ਪਰ ਉਨ੍ਹਾਂ ਦੀਆਂ ਯਾਦਾਂ ਨੂੰ ਸਾਡੇ ਦਿਲਾਂ ਵਿੱਚੋਂ ਕਦੇ ਨਹੀਂ ਲੈ ਜਾ ਸਕੀ।

ਕੁਝ ਰਾਤਾਂ ਸਿਰਫ ਹਨੇਰਾ ਨਹੀਂ ਲਿਆਉਂਦੀਆਂ, ਉਹ ਸਾਰੀ ਉਮਰ ਦਾ ਹਨੇਰਾ ਦੇ ਜਾਂਦੀਆਂ ਹਨ।

ਉਹ 10 ਜੂਨ ਦੀ ਰਾਤ ਵੀ ਅਜਿਹੀ ਹੀ ਸੀ - ਸਾਡੀ ਜ਼ਿੰਦਗੀ ਦੀ ਸਭ ਤੋਂ ਕਾਲੀ ਰਾਤ।

ਪਾਪਾ, ਤੁਹਾਡੇ ਜਾਣ ਨਾਲ ਸਾਡੇ ਸਿਰ ਤੋਂ ਪਿਓ ਦਾ ਸਾਇਆ ਤਾਂ ਉੱਠ ਗਿਆ, ਪਰ ਤੁਹਾਡਾ ਪਿਆਰ ਸਾਡੀ ਜ਼ਿੰਦਗੀ ਵਿੱਚ ਹਮੇਸ਼ਾ

ਜਿਊਂਦਾ ਰਹੇਗਾ।

(ਪਾਠਕ ਸਮਝ ਸਕਦੇ ਹਨ ਕਿ ਇਸ ਰਚਨਾ ਵਿੱਚ ਸਿਮਰਨ ਕੌਣ ਹੈ --- ਸੰਪਾਦਕ)

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਬਲਜਿੰਦਰ ਕੌਰ ਧਾਲੀਵਾਲ

ਬਲਜਿੰਦਰ ਕੌਰ ਧਾਲੀਵਾਲ

Whatsapp: (91 - 81461 - 45100)
Email: (baljindercivilline@gmail.com)