“ਕੁਝ ਦਿਨਾਂ ਬਾਅਦ ਜਦੋਂ ਚੰਦਨ ਫਿਰਨ ਤੁਰਨ ਜੋਗਾ ਹੋ ਗਿਆ, ਉਸਨੇ ਹੌਲੀ ਹੌਲੀ ...”
(22 ਦਸੰਬਰ 2025)
ਸਵੇਰ ਦੀ ਹਲਕੀ ਹਲਕੀ ਰੌਸ਼ਨੀ ਖੇਤਾਂ ਵਿੱਚ ਪੈ ਰਹੀ ਸੀ। ਠੰਢੀ ਹਵਾ ਦੇ ਝੌਂਕੇ ਜੀਰੀ ਦੇ ਪੌਦਿਆਂ ਨੂੰ ਝੂਲਾ ਝੁਲਾਉਂਦੇ ਜਾਪ ਰਹੇ ਸਨ। ਖੇਤਾਂ ਵਿੱਚੋਂ ਟਰੈਕਟਰਾਂ ਦੀ ਗੂੰਜ ਸੁਣਾਈ ਦੇਣ ਲੱਗੀ। ਅਮਰੀਕ ਵੀ ਵਹਾਈ ਲਈ ਆਪਣਾ ਟਰੈਕਟਰ ਤਿਆਰ ਕਰਨ ਲੱਗਾ। ਨੱਠ-ਭੱਗ ਕਰਦਿਆਂ ਅਮਰੀਕ ਨੇ ਚੰਦਨ ਨੂੰ ਆਵਾਜ਼ ਮਾਰੀ, “ਚੰਦਨ! ਉੱਠ। ਉੱਠ ਕੇ ਧਾਰਾਂ ਕੱਢ ਲੈ!”
ਚੰਦਨ, ਜੋ ਬਹੁਤ ਹੀ ਧਾਰਮਿਕ ਬਿਰਤੀ ਵਾਲਾ ਤੇ ਸਿਆਣਾ ਪ੍ਰਵਾਸੀ ਬੰਦਾ ਸੀ, ਹਮੇਸ਼ਾ ਆਪਣੇ ਕੰਮ ਦੀ ਸ਼ੁਰੂਆਤ ਪੂਜਾ ਪਾਠ ਨਾਲ ਕਰਦਾ ਸੀ। ਉਸਦਾ ਸੁਭਾਉ ਬਹੁਤ ਨਿਮਰ ਅਤੇ ਸਾਫ ਦਿਲੀ ਵਾਲਾ ਸੀ। ਉਸਨੇ ਬਾਲਟੀ ਚੁੱਕੀ, ਬਾਲਟੀ ਵਿੱਚ ਪਾਣੀ ਪਾਇਆ ਤੇ ਮੱਝ ਦੇ ਹੇਠਾਂ ਬੈਠ ਕੇ ਉਸਦੇ ਥਣਾਂ ਨੂੰ ਧੋਣ ਲੱਗ ਪਿਆ। ਧਾਰਾਂ ਕੱਢ ਕੇ ਉਸਨੇ ਬਾਲਟੀ ਇੱਕ ਪਾਸੇ ਰੱਖੀ ਅਤੇ ਕੱਟੇ ਨੂੰ ਦੁੱਧ ਪਿਲਾਉਣ ਲਈ ਖੁਰ੍ਹਲੀ ਤੋਂ ਖੋਲ੍ਹ ਕੇ ਮੱਝ ਕੋਲ ਲਿਆਇਆ। ਜਦੋਂ ਕੱਟੇ ਨੇ ਮੱਝ ਨੂੰ ਚੁੰਘ ਲਿਆ ਤਾਂ ਚੰਦਨ ਉਸ ਨੂੰ ਕਿੱਲੇ ਨਾਲ ਬੰਨ੍ਹਣ ਲੈ ਜਾ ਰਿਹਾ ਸੀ। ਅਚਾਨਕ ਚੰਦਨ ਦਾ ਪੈਰ ਗੋਹੇ ਉੱਤੋਂ ਫਿਸਲ਼ ਗਿਆ। ਗੋਡੇ ਦੀ ਚੱਪਣੀ ’ਤੇ ਜ਼ੋਰ ਨਾਲ ਸੱਟ ਲੱਗੀ, ਉਹ ਦਰਦ ਨਾਲ ਚੀਕ ਉੱਠਿਆ। ਦਰਦ ਇੰਨਾ ਤਿੱਖਾ ਸੀ ਕਿ ਉਸਦੀਆਂ ਅੱਖਾਂ ਵਿੱਚ ਹੰਝੂ ਆ ਗਏ।
ਟਰੈਕਟਰ ਨੂੰ ਬੰਦ ਕਰਕੇ ਅਮਰੀਕ ਤੁਰੰਤ ਦੌੜਾ ਦੌੜਾ ਆਇਆ। ਉਸਨੇ ਚੰਦਨ ਨੂੰ ਚੁੱਕ ਕੇ ਮੰਜੇ ਉੱਤੇ ਬਿਠਾਇਆ। ਚੰਦਨ ਕਹਿੰਦਾ ਗਿਆ, “ਮਾਲਕ ਜੀ, ਤੁਸੀਂ ਮੇਰੀ ਲੱਤਾਂ ਨੂੰ ਹੱਥ ਨਾ ਲਾਓ, ਮੈਂ ਤਾਂ ਨੌਕਰ ਹਾਂ...।”
ਪਰ ਅਮਰੀਕ ਨੇ ਧੀਮੀ ਆਵਾਜ਼ ਵਿੱਚ ਕਿਹਾ, “ਚੰਦਨ, ਤੂੰ ਮੇਰੇ ਲਈ ਨੌਕਰ ਨਹੀਂ, ਮੇਰੇ ਪਰਿਵਾਰ ਦਾ ਹਿੱਸਾ ਹੈਂ। ਤੂੰ ਦੂਰ ਦੇਸ਼ ਤੋਂ ਪੈਸੇ ਕਮਾਉਣ ਆਇਆ ਹੈਂ, ਤੇਰਾ ਖਿਆਲ ਰੱਖਣਾ ਮੇਰੀ ਜ਼ਿੰਮੇਵਾਰੀ ਹੈ।”
ਇਹ ਸ਼ਬਦ ਸੁਣ ਕੇ ਚੰਦਨ ਦੀਆਂ ਅੱਖਾਂ ਵਿੱਚੋਂ ਹੰਝੂ ਟਪਕ ਪਏ। ਅਮਰੀਕ ਨੇ ਟਰੈਕਟਰ ਨੂੰ ਪਾਸੇ ਖੜ੍ਹਾ ਕਰਕੇ ਚੰਦਨ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਤੇ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਪੱਟੀ ਕਰ ਦਿੱਤੀ ਅਤੇ ਕਿਹਾ, “ਜੇਕਰ ਸੱਟ ਗੰਭੀਰ ਹੋਈ ਤਾਂ ਐਕਸਰੇ ਕਰਵਾਉਣਾ ਪਵੇਗਾ, ਸ਼ਾਇਦ ਪਲੱਸਤਰ ਲਾਉਣ ਦੀ ਲੋੜ ਵੀ ਪਵੇ।”
ਅਮਰੀਕ ਚੰਦਨ ਨੂੰ ਵਾਪਸ ਖੇਤਾਂ ਵਾਲੇ ਮਕਾਨ ਵਿੱਚ ਲੈ ਆਇਆ। ਉਸ ਨੂੰ ਮੰਜੇ ’ਤੇ ਪਾ ਕੇ ਕਹਿੰਦਾ, “ਤੂੰ ਆਰਾਮ ਕਰ, ਕੰਮ ਦੀ ਚਿੰਤਾ ਨਾ ਕਰ। ਸਿਹਤ ਸਭ ਤੋਂ ਵੱਡੀ ਦੌਲਤ ਹੈ।”
ਅਮਰੀਕ ਚੰਦਨ ਨਾਲ ਬੈਠ ਕੇ ਉਸ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ ਰਿਹਾ, ਤਾਂ ਜੋ ਚੰਦਨ ਆਪਣੇ ਦਰਦ ਨੂੰ ਭੁੱਲ ਜਾਵੇ।
ਸ਼ਾਮ ਨੂੰ ਜਦੋਂ ਅਮਰੀਕ ਘਰ ਆਇਆ, ਉਸਨੇ ਇਹ ਸਾਰੀ ਗੱਲ ਆਪਣੀ ਘਰਵਾਲੀ ਨੂੰ ਦੱਸੀ। ਅਮਰੀਕ ਦੀ ਘਰਵਾਲੀ ਦਿਲੋਂ ਬਹੁਤ ਕੋਮਲ ਅਤੇ ਹਮਦਰਦੀ ਵਾਲੀ ਔਰਤ ਸੀ। ਉਸਨੇ ਫੌਰਨ ਕਿਹਾ, “ਰਾਤ ਨੂੰ ਚੰਦਨ ਬਾਥਰੂਮ ਕਿਵੇਂ ਜਾਵੇਗਾ? ਖੇਤਾਂ ਵਿੱਚ ਤਾਂ ਕੋਈ ਨੇੜੇ ਬਾਥਰੂਮ ਨਹੀਂ ਹੈ?”
ਅਮਰੀਕ ਨੇ ਕੁਝ ਸੋਚਦਿਆਂ ਕਿਹਾ, “ਹਾਂ, ਆਪਾਂ ਉਸ ਲਈ ਵਾਕਰ ਲੈ ਆਉਂਦੇ ਹਾਂ ਤਾਂ ਜੋ ਉਹ ਸਹਾਰਾ ਲੈ ਕੇ ਚੱਲ ਸਕੇ...।”
ਦੋਵੇਂ ਪਤੀ-ਪਤਨੀ ਵਾਕਰ ਲੈਣ ਤੁਰ ਪਏ। ਰਸਤੇ ਵਿੱਚ ਅਮਰੀਕ ਦੀ ਘਰਵਾਲੀ, ਜੋ ਖੁਦ ਵੀ ਵੀਲਚੇਅਰ ’ਤੇ ਸੀ, ਕਹਿੰਦੀ ਹੈ, “ਮੈਨੂੰ ਪਤਾ ਹੈ ਚੱਲਣਯੋਗ ਨਾ ਹੋਣ ਦਾ ਦਰਦ ਕੀ ਹੁੰਦਾ ਹੈ। ਚਲੋ, ਵਾਕਰ ਹੁਣੇ ਹੀ ਦੇ ਆਈਏ, ਸਵੇਰ ਤਕ ਉਹ ਬਹੁਤ ਔਖਾ ਹੋ ਜਾਵੇਗਾ।”
ਰਾਤ ਦੇ 10 ਵਜੇ ਦੋਵੇਂ ਵਾਕਰ ਲੈ ਕੇ ਖੇਤਾਂ ਵਿੱਚ ਚੰਦਨ ਕੋਲ ਪਹੁੰਚੇ। ਚੰਦਨ ਨੇ ਜਦੋਂ ਉਹਨਾਂ ਨੂੰ ਦੇਖਿਆ, ਉਸਦੀਆਂ ਅੱਖਾਂ ਵਿੱਚੋਂ ਹੰਝੂ ਝਲਕ ਪਏ। ਉਹ ਬਾਰ-ਬਾਰ ਕਹਿੰਦਾ ਗਿਆ, “ਮਾਲਕ ਜੀ, ਮੈਂ ਕਿੰਨੀ ਦੁਆਵਾਂ ਦਿਆਂ ਤੁਹਾਨੂੰ! ਤੁਸੀਂ ਮੇਰੇ ਆਪਣੇ ਵਰਗੇ ਹੋ।”
ਅਮਰੀਕ ਨੇ ਹੌਲੀ ਜਿਹੇ ਕਿਹਾ, “ਚੰਦਨ, ਸਾਡੇ ਵਿੱਚ ਮਾਲਕ ਤੇ ਨੌਕਰ ਦਾ ਰਿਸ਼ਤਾ ਹੀ ਨਹੀਂ, ਇਨਸਾਨੀਅਤ ਦਾ ਰਿਸ਼ਤਾ ਵੀ ਹੈ।”
ਇਹ ਸ਼ਬਦ ਸੁਣ ਕੇ ਚੰਦਨ ਦਾ ਦਿਲ ਭਰ ਆਇਆ। ਉਸਨੇ ਅਮਰੀਕ ਅਤੇ ਉਸਦੀ ਘਰਵਾਲੀ ਨੂੰ ਅੱਖਾਂ ਭਰ ਕੇ ਅਸੀਸਾਂ ਦਿੱਤੀਆਂ।
ਅਗਲੇ ਕੁਝ ਦਿਨਾਂ ਵਿੱਚ ਅਮਰੀਕ ਚੰਦਨ ਲਈ ਖਾਣਾ, ਦਵਾਈ ਅਤੇ ਹਰ ਸਹੂਲਤ ਦਾ ਪੂਰਾ ਧਿਆਨ ਰੱਖਦਾ ਰਿਹਾ। ਜਦੋਂ ਤਕ ਚੰਦਨ ਪੂਰੀ ਤਰ੍ਹਾਂ ਠੀਕ ਨਹੀਂ ਹੋ ਗਿਆ, ਉਸਨੇ ਚੰਦਨ ਨੂੰ ਕੋਈ ਕੰਮ ਕਰਨ ਨਹੀਂ ਦਿੱਤਾ।
ਚੰਦਨ ਅਕਸਰ ਸੋਚਦਾ ਸੀ ਕਿ ਜਿੱਥੇ ਕੁਝ ਮਾਲਕ ਆਪਣੇ ਨੌਕਰਾਂ ਨੂੰ ਸਿਰਫ ਮਜ਼ਦੂਰ ਸਮਝਦੇ ਹਨ, ਉੱਥੇ ਅਮਰੀਕ ਵਰਗਾ ਇਨਸਾਨ ਇੱਕ ਮਿਸਾਲ ਹੈ, ਜੋ ਦਿਲੋਂ ਇਨਸਾਨੀਅਤ ਜਿਊਂਦਾ ਹੈ। ਉਸਦੇ ਮਨ ਵਿੱਚ ਇੱਕ ਹੀ ਖ਼ਿਆਲ ਘੁੰਮਦਾ ਰਿਹਾ, “ਦੁਨੀਆਂ ਵਿੱਚ ਪੈਸੇ ਵਾਲਾ ਹੋਣਾ ਵੱਡੀ ਗੱਲ ਨਹੀਂ, ਦਿਲ ਵਾਲਾ ਹੋਣਾ ਸਭ ਤੋਂ ਵੱਡੀ ਗੱਲ ਹੈ।”
ਕੁਝ ਦਿਨਾਂ ਬਾਅਦ ਜਦੋਂ ਚੰਦਨ ਫਿਰਨ ਤੁਰਨ ਜੋਗਾ ਹੋ ਗਿਆ, ਉਸਨੇ ਹੌਲੀ ਹੌਲੀ ਕੰਮ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਸਦੇ ਚਿਹਰੇ ’ਤੇ ਇੱਕ ਚਮਕ ਸੀ। ਉਸ ਚਮਕ ਵਿੱਚ ਧੰਨਵਾਦ ਵੀ ਸੀ ਤੇ ਖੁਸ਼ੀ ਵੀ। ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਇਨਸਾਨੀਅਤ ਅਜੇ ਵੀ ਜਿੰਦੀ ਹੈ।
ਅਮਰੀਕ ਦੀ ਘਰਵਾਲੀ ਵੀ ਮੁਸਕਰਾ ਰਹੀ ਸੀ। ਉਸਨੇ ਕਿਹਾ, “ਜੇ ਹਰ ਇਨਸਾਨ ਹਰ ਇਨਸਾਨ ਨੂੰ ਆਪਣੇ ਵਰਗਾ ਬਰਾਬਰ ਦਾ ਇਨਸਾਨ ਸਮਝਕੇ ਅਮਰੀਕ ਵਾਂਗ ਵਿਵਹਾਰ ਕਰੇ ਤਾਂ ਕਦੇ ਵੀ ਦਿਲਾਂ ਵਿੱਚ ਦਰਾੜਾਂ ਨਾ ਪੈਣ।”
ਸੱਚਮੁੱਚ! ਇਨਸਾਨੀਅਤ ਦੀ ਖੁਸ਼ਬੂ ਉਸ ਸਮੇਂ ਚੌਗਿਰਦੇ ਨੂੰ ਮਹਿਕਾ ਦਿੰਦੀ ਹੈ, ਜਦੋਂ ਹਰ ਮਨੁੱਖ ਦੂਸਰਿਆਂ ਨੂੰ ਆਪਣੇ ਵਰਗੇ ਮਨੁੱਖ ਸਮਝਦਾ ਹੈ!”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (