“ਸੱਚ ਤਾਂ ਇਹ ਹੈ ਕਿ ਅਸੀਂ ਆਪਣੀਆਂ ਹੀ ਪੈਦਾ ਕੀਤੀਆਂ ਬੁਰਾਈਆਂ ਨੂੰ ਸੁਧਾਰਨ ...”
(17 ਅਕਤੂਬਰ 2026)


ਅੱਜ ਦੇ ਸਮੇਂ ਧਰਮ ਇੱਕ ਬਹੁਤ ਹੀ ਚਲਾਕੀ ਭਰਿਆ ਕਾਰੋਬਾਰ ਬਣ ਚੁੱਕਾ ਹੈ। ਉਹ ਇੱਕ ਅਦਿੱਖ ਉਤਪਾਦ ਵੇਚਦੇ ਹਨ; ਜੇਕਰ ਉਹ ਕੰਮ ਨਹੀਂ ਕਰਦਾ ਤਾਂ ਉਸਦਾ ਦੋਸ਼ ਖਪਤਕਾਰ ’ਤੇ ਮੜ੍ਹ ਦਿੱਤਾ ਜਾਂਦਾ ਹੈ। ਜੇਕਰ ਕਿਸੇ ਰੱਬ ਨੂੰ ਆਪਣੇ ਹੀ ਬਣਾਏ ਲੋਕਾਂ ਨਾਲ ਸੰਪਰਕ ਕਰਨ ਲਈ ਕਿਸੇ ਕਿਤਾਬ ਜਾਂ ਮੂਰਤੀ ਦੀ ਲੋੜ ਪੈਂਦੀ ਹੈ ਤਾਂ ਕੀ ਉਹ ਸੱਚਮੁੱਚ ਇੰਨਾ ਸ਼ਕਤੀਸ਼ਾਲੀ ਹੈ? ਅਸਲ ਗੱਲ ਇਹ ਹੈ ਕਿ ਜਿਸ ਰੱਬ ਨੂੰ ਪਰਿਭਾਸ਼ਿਤ ਕੀਤੇ ਜਾਣ ਅਤੇ ਉਸਦਾ ਪ੍ਰਚਾਰ ਕੀਤੇ ਜਾਣ ਦੀ ਲੋੜ ਹੈ, ਉਹ ਸਰਬ-ਸ਼ਕਤੀਮਾਨ ਹੋ ਹੀ ਨਹੀਂ ਸਕਦਾ।
ਧਰਮ ਇੱਕ ਅਜਿਹੇ ਅਣਘੋਸ਼ਿਤ ਵਪਾਰ ਦਾ ਨਾਮ ਹੈ ਜੋ ਦੁਨੀਆ ਦੇ ਸਾਰੇ ਘੋਸ਼ਿਤ ਅਤੇ ਕਾਨੂੰਨੀ ਕਾਰੋਬਾਰਾਂ ਤੋਂ ਵੱਡਾ ਹੈ। ਸਾਰੇ ਸਨਅਤੀ ਅਦਾਰੇ ਅਤੇ ਘਰਾਣੇ ਇਸਦੇ ਕੰਟਰੋਲ ਵਿੱਚ ਹਨ। ਇੱਕ ਪੂੰਜੀਪਤੀ ਵਿਵਸਥਾ ਵਿੱਚ ਇਨ੍ਹਾਂ ਸਨਅਤੀ ਘਰਾਣਿਆਂ ਦੀ ਪੂੰਜੀ ਦੀ ਮਾਰਫਤ ਧਰਮ ਰਾਜਨੀਤਿਕ ਕੰਟਰੋਲ ਹਾਸਲ ਕਰਦਾ ਹੈ। ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਰਾਜ-ਭਾਗ ਅਤੇ ਸੁਖ ਸਿਰਫ ਧਰਮ, ਸਨਅਤ ਅਤੇ ਰਾਜਨੀਤੀ ਦੇ ਸਿਖਰ ’ਤੇ ਬੈਠੇ ਲੋਕਾਂ ਦੇ ਹਿੱਸੇ ਆਉਂਦੇ ਹਨ ਅਤੇ ਤਿਆਗ ਦਾ ਬੋਝ ਹਮੇਸ਼ਾ ਆਮ ਜਨਤਾ ਦੇ ਹਿੱਸੇ ਸੁੱਟ ਦਿੱਤਾ ਜਾਂਦਾ ਹੈ। ਤੇ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਤੱਥ; ਧਰਮ ਦੇ ਧੰਦੇ ਵਿੱਚ ਕਦੇ ਮੰਦੀ ਨਹੀਂ ਆਉਂਦੀ। ਜਦੋਂ ਕੋਈ ਕਿਸੇ ਵੀ ਧਰਮ ਨਾਲ ਸਬੰਧਤ ਵਿਅਕਤੀ ਕਿਸੇ ਇਬਾਦਤ ਵਿੱਚ ਝੁਕਦਾ ਹੈ, ਤਾਂ ਉਹ ਵਿਅਕਤੀ ਨਹੀਂ ਝੁਕਦਾ, ਉਸ ਦੀਆਂ ਜ਼ਰੂਰਤਾਂ ਜਾਂ ਇੱਛਾਵਾਂ ਝੁਕਦੀਆਂ ਹਨ। ਜੇਕਰ ਜ਼ਰੂਰਤਾਂ, ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ “ਤੁਹਾਡਾ ਵਿਸ਼ਵਾਸ ਕਮਜ਼ੋਰ ਸੀ” ਕਹਿ ਕੇ ਟਾਲ ਦਿੱਤਾ ਜਾਂਦਾ ਹੈ।
ਦੁਨੀਆ ਦਾ ਕੋਈ ਪੀਰ-ਫਕੀਰ ਬਿਨਾਂ ਕਿਸੇ ਫਿਊਲ (ਪੈਟਰੋਲ, ਡੀਜ਼ਲ, ਬਿਜਲੀ, CNG, LPG, ਹਾਈਡ੍ਰੋਜਨ) ਤੋਂ ਬਿਨਾਂ ਗੱਡੀ ਨਹੀਂ ਚਲਾ ਸਕਦਾ। ਜ਼ਰਾ ਸੋਚੋ, ਉਨ੍ਹਾਂ ਦੇ ਦਿੱਤੇ ਹੋਏ ਧਾਗੇ-ਤਵੀਤ ਤੁਹਾਡੀ ਜ਼ਿੰਦਗੀ ਦੀ ਗੱਡੀ ਕਿਵੇਂ ਚਲਾ ਸਕਦੇ ਹਨ? ਅੰਧ-ਵਿਸ਼ਵਾਸ ਵੀ ਇਨ੍ਹਾਂ ਅਖੌਤੀ ਧਰਮਾਂ ਦਾ ਉਪ-ਉਤਪਾਦ (By-product) ਹੈ। ਜੇ ਗੱਡੀ ਅੱਗੇ ਜੁੱਤੀ ਲਟਕਾਉਣ ਨਾਲ ਗੱਡੀ ਦੁਰਘਟਨਾ ਤੋਂ ਬਚ ਸਕਦੀ ਹੈ, ਮਨੁੱਖੀ ਜੀਵਨ ਤਾਂ ਗੱਡੀ ਤੋਂ ਬਹੁਤ ਜ਼ਿਆਦਾ ਕੀਮਤੀ ਹੈ; ਇੱਕ ਜੁੱਤਾ ਗਲੇ ਵਿੱਚ ਲਟਕਾਉਣ ਦਾ ਕੀ ਹਰਜ ਹੈ? ਹੱਦ ਤਾਂ ਉਦੋਂ ਹੋ ਜਾਂਦੀ ਹੈ, ਜਦੋਂ ਕਿਤਾਬਾਂ ਲਿਖਣ ਵਾਲਿਆਂ ਨਾਲੋਂ ਤਾਵੀਜ਼ ਲਿਖਣ ਵਾਲੇ ਜ਼ਿਆਦਾ ਕਮਾ ਰਹੇ ਹੁੰਦੇ ਹਨ। ਮਲਾਲ ਇਹ ਨਹੀਂ ਕਿ ਜਹਾਲਤ ਤਖਤ ’ਤੇ ਬੈਠੀ ਹੈ, ਦੁੱਖ ਇਹ ਹੈ ਕਿ ਇਲਮ ਜੁੱਤੀਆਂ ਸਾਫ ਕਰ ਰਿਹਾ ਹੈ।
ਜੈਨ ਪਰੰਪਰਾ ਅਨੁਸਾਰ ਵਰਤਮਾਨ ਕਾਲ-ਚੱਕਰ ਦੇ 24 ਤੀਰਥੰਕਰਾਂ ਦਾ ਜਨਮ ਰਾਜਸੀ ਜਾਂ ਪ੍ਰਭਾਵਸ਼ਾਲੀ ਪਰਿਵਾਰਾਂ ਵਿੱਚ ਹੋਇਆ ਮੰਨਿਆ ਜਾਂਦਾ ਹੈ। ਕੀ ਗਰੀਬ ਦੇ ਘਰ ਗਿਆਨੀ ਪੈਦਾ ਨਹੀਂ ਹੁੰਦਾ? ਕੀ ਗਿਆਨ ਵੀ ਅਮੀਰੀ ਦੀ ਮਲਕੀਅਤ ਹੈ? ਲੇਕਿਨ ਸਚਾਈ ਇਹ ਵੀ ਹੈ ਕਿ ਤਿਆਗ ਉਦੋਂ ਤਕ ਦਿਖਾਈ ਨਹੀਂ ਦਿੰਦਾ, ਜਦੋਂ ਤਕ ਤਿਆਗਣ ਲਈ ਧਨ ਕੋਲ ਨਾ ਹੋਵੇ। ਜੇਕਰ ਇੱਕ ਗਰੀਬ ਘਰ-ਬਾਰ ਛੱਡ ਕੇ ਸੰਨਿਆਸੀ ਹੋਵੇਗਾ, ਤਾਂ ਦੁਨੀਆ ਹੱਸੇਗੀ ਕਿ “ਤੇਰੇ ਕੋਲ ਤਿਆਗਣ ਲਈ ਸੀ ਹੀ ਕੀ, ਜੋ ਤੂੰ ਛੱਡ ਕੇ ਆਇਆ ਹੈਂ?”
ਜੇ ਬੁੱਧ ਦਾ ਰਾਹ ਬਰਾਬਰੀ ਅਤੇ ਗਿਆਨ ਦਾ ਰਾਹ ਸੀ ਤਾਂ ਬੁੱਧ ਦੀਆਂ ਕਥਾਵਾਂ ਵਿੱਚ ਰਾਜਸੀ ਅਤੇ ਕੁਲੀਨ ਪਿਛੋਕੜਾਂ ਨੂੰ ਇੰਨੀ ਅਹਿਮੀਅਤ ਕਿਉਂ ਮਿਲਦੀ ਹੈ? ਕੀ ਗਿਆਨ ਦੀ ਰੌਸ਼ਨੀ ਗਰੀਬ ਦੀ ਝੌਂਪੜੀ ਵਿੱਚ ਨਹੀਂ ਜਗ ਸਕਦੀ? ਕੀ ਮਜ਼ਦੂਰ, ਦਲਿਤ ਜਾਂ ਲਤਾੜਿਆ ਹੋਇਆ ਮਨੁੱਖ ਬੁੱਧ ਬਣਨ ਦੇ ਯੋਗ ਨਹੀਂ? ਜੇ ਗਿਆਨ ਸਭ ਦਾ ਹੈ, ਤਾਂ ਬੁੱਧ ਬਣਨ ਦੀ ਕਲਪਨਾ ਵੀ ਕਿਸੇ ਖਾਸ ਸਮਾਜਿਕ ਰੁਤਬੇ ਦੀ ਮੁਥਾਜ ਕਿਉਂ ਜਾਪਦੀ ਹੈ? ਜਿਸ ਸਮਾਜ ਵਿੱਚ ਗਿਆਨ ਨੂੰ ਸਲਾਮ ਕਰਨ ਤੋਂ ਪਹਿਲਾਂ ਜਨਮ ਅਤੇ ਰੁਤਬਾ ਪੁੱਛਿਆ ਜਾਵੇ, ਉੱਥੇ ਬਰਾਬਰੀ ਦਾ ਦਾਅਵਾ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਬਣ ਜਾਂਦਾ ਹੈ।
ਹਿੰਦੂ ਧਰਮ ਦਾ ਦਾਅਵਾ ਹੈ ਕਿ ਜਦੋਂ ਵੀ ਧਰਤੀ ’ਤੇ ਅਧਰਮ ਵਧਦਾ ਹੈ ਤਾਂ ਭਗਵਾਨ ਪਾਪੀਆਂ ਦਾ ਸੰਹਾਰ ਕਰਨ ਅਤੇ ਧਰਮ ਦੀ ਸਥਾਪਨਾ ਲਈ ਅਵਤਾਰ ਲੈਂਦੇ ਹਨ। ਪਰ ਸਵਾਲ ਇਹ ਉੱਠਦਾ ਹੈ ਕਿ ਜੇ ਭਗਵਾਨ ਸਰਬ-ਵਿਆਪਕ ਅਤੇ ਸਰਬ-ਸ਼ਕਤੀਮਾਨ ਹਨ ਤਾਂ ਉਨ੍ਹਾਂ ਨੂੰ ਧਰਤੀ ’ਤੇ ਅਧਰਮ ਦਾ ਘੜਾ ਭਰਨ ਤਕ ਦੀ ਉਡੀਕ ਕਰਨ ਦੀ ਕੀ ਲੋੜ ਹੈ? ਲੱਖਾਂ ਮਾਸੂਮਾਂ ਦਾ ਖੂਨ ਵਹਿਣ, ਔਰਤਾਂ ਦੀ ਪੱਤ ਲੁੱਟੇ ਜਾਣ ਅਤੇ ਅਨਾਥ ਬੱਚਿਆਂ ਦੀਆਂ ਚੀਕਾਂ ਤੋਂ ਬਾਅਦ ਜੇਕਰ ਅਵਤਾਰ ਆਉਂਦਾ ਵੀ ਹੈ ਤਾਂ ਉਸ ਇਨਸਾਫ ਦਾ ਕੀ ਮਤਲਬ, ਜੋ ਬੇਗੁਨਾਹਾਂ ਦੀਆਂ ਬਲੀਆਂ ਲੈਣ ਤੋਂ ਬਾਅਦ ਮਿਲੇ? ਜੇਕਰ ਇਸ ਸਭ ਨੂੰ ‘ਕਰਮਾਂ ਦਾ ਫਲ਼’ ਜਾਂ “ਲੀਲ੍ਹਾ”‘ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਤਾਂ ਅਜਿਹਾ ਭਗਵਾਨ ਰਖਵਾਲਾ ਘੱਟ ਅਤੇ ਇੱਕ ਅਪਰਾਧਿਕ ਖੇਡ ਦਾ ਮੂਕ-ਦਰਸ਼ਕ ਜ਼ਿਆਦਾ ਜਾਪਦਾ ਹੈ। ਤੇ ਜੇ ਹਰ ਵਾਰ ਜਵਾਬ ਇਹੋ ਹੋਵੇ ਕਿ ਇਹ ਰੱਬ ਦੀ ਮਰਜ਼ੀ ਹੈ, ਇਹ ਕਰਮਾਂ ਦਾ ਫਲ ਹੈ, ਇਹ ਇਮਤਿਹਾਨ ਹੈ ਜਾਂ ਅਜੇ ਸਹੀ ਸਮਾਂ ਨਹੀਂ ਆਇਆ; ਤਾਂ ਫਿਰ ਉਸਦੀ ਹੋਂਦ ’ਤੇ ਸਵਾਲ ਹੋਰ ਵੀ ਤਿੱਖਾ ਹੋ ਜਾਂਦਾ ਹੈ।
ਇਸਾਈ ਧਰਮ ਦੇ ਪੈਰੋਕਾਰ ਵੀ ਸਦੀਆਂ ਤੋਂ ਇੱਕੋ ਹੋਕਾ ਦਿੰਦੇ ਆ ਰਹੇ ਹਨ ਕਿ ਯਿਸੂ ਮਸੀਹ ਵਾਪਸ ਆਉਣ ਵਾਲੇ ਹਨ ਅਤੇ ਮਨੁੱਖਤਾ ਨੂੰ ਸਾਰੇ ਦੁੱਖਾਂ ਤੋਂ ਮੁਕਤੀ ਦਿਵਾਉਣਗੇ। ਪਰ ਸਵਾਲ ਇਹ ਹੈ ਕਿ ਸਦੀਆਂ ਤੋਂ ਜੰਗਾਂ ਵਿੱਚ ਪਿਸ ਰਹੀ ਮਨੁੱਖਤਾ, ਭੁੱਖ ਨਾਲ ਤੜਫਦੇ ਮਾਸੂਮ ਅਤੇ ਧਰਮ ਦੇ ਨਾਂ ’ਤੇ ਹੁੰਦੇ ਕਤਲੇਆਮ ਕੀ ਅਜੇ ਵੀ ਉਸ ‘ਸਹੀ ਸਮੇਂ’ ਦੀ ਉਡੀਕ ਨੂੰ ਪੂਰਾ ਨਹੀਂ ਕਰ ਸਕੇ? ਜੇ ਪਰਮੇਸ਼ਰ ਅਥਾਹ ਪ੍ਰੇਮ ਅਤੇ ਰਹਿਮ ਦਾ ਸਰੋਤ ਹੈ, ਤਾਂ ਆਪਣੇ ਹੀ ਸਾਜੇ ਬੰਦਿਆਂ ਨੂੰ ਇਸ ਦੋਜ਼ਖ ਵਰਗੀ ਜ਼ਿੰਦਗੀ ਵਿੱਚ ਤੜਫਦਾ ਦੇਖ ਕੇ ਵੀ ਚੁੱਪ ਬੈਠਣਾ ਕਿਹੜਾ ਪ੍ਰੇਮ ਹੈ? ਜੇ ਦੈਵੀ ਇਨਸਾਫ ਲਈ ਆਖਰੀ ਦਿਨ ਤਕ ਬੰਦਿਆਂ ਦਾ ਪਿਸਣਾ ਲਾਜ਼ਮੀ ਹੈ ਤਾਂ ਅਜਿਹੀ ਰਹਿਮਤ ’ਤੇ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ।
ਇਹ ਇੱਕ ਇਤਿਹਾਸਕ ਵਿਰੋਧਾਭਾਸ ਹੈ ਕਿ ਇਸਾਈ, ਮੁਸਲਮਾਨ ਅਤੇ ਯਹੂਦੀ ਇੱਕੋ ਅਬਰਾਹਿਮੀ ਪਰੰਪਰਾ ਦੀਆਂ ਜੜ੍ਹਾਂ ਨਾਲ ਜੁੜੇ ਹੋਣ ਦੇ ਬਾਵਜੂਦ ਸਦੀਆਂ ਤੋਂ ਆਪਸੀ ਟਕਰਾਅ ਵਿੱਚ ਉਲਝੇ ਹੋਏ ਹਨ। ਇਤਿਹਾਸ ਗਵਾਹ ਹੈ ਕਿ ਜਿੱਥੇ ਇਨ੍ਹਾਂ ਧਰਮਾਂ ਦਾ ਮੂਲ ਸਾਂਝਾ ਹੈ, ਉੱਥੇ ਹੀ ‘ਰੱਬ’ ਦੀ ਆਪਣੀ-ਆਪਣੀ ਵਿਆਖਿਆ ਅਤੇ ਧਾਰਮਿਕ ਸਰਵਉੱਚਤਾ ਦੇ ਦਾਅਵਿਆਂ ਕਾਰਨ ਸਦੀਆਂ ਤਕ ਖੂਨ ਵਹਾਇਆ ਗਿਆ। ਜੇ ਰੱਬ ਸਰਬ-ਸ਼ਕਤੀਮਾਨ, ਸਰਬਗਿਆਨੀ ਅਤੇ ਨਿਆਂਪਸੰਦ ਹੈ ਤਾਂ ਉਹ ਆਪਣੇ ਨਾਂ ’ਤੇ ਹੁੰਦੇ ਕਤਲੇਆਮਾਂ ਨੂੰ ਰੋਕਦਾ ਕਿਉਂ ਨਹੀਂ? ਜੇ ਉਹ ਸਭ ਕੁਝ ਦੇਖਦਾ ਹੈ ਪਰ ਮਾਸੂਮਾਂ ਨੂੰ ਬਚਾਉਂਦਾ ਨਹੀਂ, ਤਾਂ ਉਸਦੀ ਰਹਿਮਦਿਲੀ ਅਤੇ ਨਿਆਂ ਦੇ ਦਾਅਵਿਆਂ ਦਾ ਕੀ ਅਰਥ ਹੈ?
ਅੱਜ ਗੁਰਦੁਆਰਿਆਂ ਅਤੇ ਸਿੱਖ ਧਾਰਮਿਕ/ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧ ਵਿੱਚ ਸੱਤਾ ਦੀ ਹਵਸ, ਰਾਜਨੀਤਿਕ ਦਖਲਅੰਦਾਜ਼ੀ ਅਤੇ ਚੌਧਰ ਦੀ ਲੜਾਈ ਬਾਰੇ ਗੰਭੀਰ ਸਵਾਲ ਉੱਠ ਰਹੇ ਹਨ। ਗੋਲਕਾਂ ਵਿੱਚ ਪੈਣ ਵਾਲੀ ਮਾਇਆ ਅਤੇ ਸ਼ਰਧਾਲੂਆਂ ਦੀ ਸੇਵਾ ਲਈ ਬਣੀਆਂ ਸਰਾਵਾਂ ਜੇਕਰ ਬੇਨਿਯਮੀਆਂ ਜਾਂ ਨਿੱਜੀ ਹਿਤਾਂ ਦੀ ਭੇਟ ਚੜ੍ਹ ਜਾਣ ਤਾਂ ਸਵਾਲ ਸਿਰਫ ਪ੍ਰਬੰਧਕਾਂ ਦੀ ਨੀਅਤ ’ਤੇ ਨਹੀਂ, ਉਸ ਰੱਬ ਦੀ ਸਰਬ-ਸ਼ਕਤੀਮਾਨਤਾ ’ਤੇ ਵੀ ਉੱਠਦਾ ਹੈ, ਜਿਸਦੇ ਨਾਮ ’ਤੇ ਇਹ ਸਭ ਕੁਝ ਕੀਤਾ ਜਾਂਦਾ ਹੈ। ਜੇ ਉਹ ਸਰਬ-ਸ਼ਕਤੀਮਾਨ ਹੈ ਤਾਂ ਉਹ ਆਪਣੇ ਹੀ ਘਰ ਵਿੱਚ ਲਾਲਚ, ਧੋਖੇ ਅਤੇ ਬੇਇਨਸਾਫੀ ਨੂੰ ਕਿਉਂ ਨਹੀਂ ਰੋਕਦਾ? ਜੇ ਉਹ ਸਭ ਕੁਝ ਦੇਖਦਾ ਹੈ, ਤਾਂ ਇਹ ਅਨਿਆਂ ਉਸਦੀਆਂ ਅੱਖਾਂ ਸਾਹਮਣੇ ਕਿਉਂ ਹੁੰਦਾ ਹੈ? ਅਤੇ ਜੇ ਉਹ ਇਸ ਨੂੰ ਰੋਕ ਨਹੀਂ ਸਕਦਾ ਤਾਂ ਫਿਰ ਉਸਦੀ ਸਰਬ-ਸ਼ਕਤੀਮਾਨਤਾ ਦਾ ਦਾਅਵਾ ਕਿਸ ਅਧਾਰ ’ਤੇ ਹੈ?
ਹਰ ਧਰਮ ਮਾਨਵਤਾ ਦੇ ਭਲੇ ਦਾ ਦਾਅਵਾ ਤਾਂ ਕਰਦਾ ਹੈ ਪਰ ਅਫਸੋਸ ਕਿ ਹਰ ਧਰਮ ਅਨੇਕਾਂ ਫਿਰਕਿਆਂ ਵਿੱਚ ਵੰਡਿਆ ਹੋਇਆ ਹੈ; ਜਿੱਥੇ ਹਰ ਫਿਰਕਾ ਦੂਜੇ ਨੂੰ ਗ਼ਲਤ ਮੰਨ ਕੇ ਜਹੰਨਮ ਦਾ ਭਾਗੀਦਾਰ ਸਮਝਦਾ ਹੈ।
ਸੱਚ ਤਾਂ ਇਹ ਹੈ ਕਿ ਅਸੀਂ ਆਪਣੀਆਂ ਹੀ ਪੈਦਾ ਕੀਤੀਆਂ ਬੁਰਾਈਆਂ ਨੂੰ ਸੁਧਾਰਨ ਦੀ ਥਾਂ, ਅੱਖਾਂ ਮੀਚ ਕੇ ਅਸਮਾਨ ਵੱਲ ਦੇਖਣ ਦੇ ਆਦੀ ਹੋ ਚੁੱਕੇ ਹਾਂ। ਜਦੋਂ ਤਕ ਇਨਸਾਨ ਆਪਣੇ ਅੰਦਰ ਦੇ ਇਲਮ, ਇਨਸਾਫ ਅਤੇ ਜ਼ਮੀਰ ਨੂੰ ਨਹੀਂ ਜਗਾਉਂਦਾ, ਉਦੋਂ ਤਕ ਕੋਈ ਅਵਤਾਰ ਜਾਂ ਮਸੀਹਾ ਅਸਮਾਨ ਤੋਂ ਉੱਤਰ ਕੇ ਸਾਡੇ ਦੁੱਖ ਦੂਰ ਕਰਨ ਨਹੀਂ ਆਵੇਗਾ।
ਆਉ ਸਾਰੇ ਮਿਲ ਕੇ ਇਸ ਅਗਿਆਨਤਾ ਤੋਂ ਪਰਦਾ ਚੁੱਕੀਏ ਅਤੇ ਇੱਕ ਨਰੋਏ ਅਤੇਤਰਕਸ਼ੀਲ ਸਮਾਜ ਦੀ ਸਿਰਜਣਾ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































