“ਅਸਲ ਗਰੀਬੀ ਤਾਂ ਉਸ ਸਿਆਸੀ ਜਮਾਤ ਦੀ ਸੋਚ ਵਿੱਚ ਹੈ ਜੋ ਸਦੀਆਂ ਪੁਰਾਣੇ ...”
(10 ਅਕਤੂਬਰ 2026)
ਸਿਆਸਤਦਾਨਾਂ ਦੀ ਫਿਤਰਤ ਹਮੇਸ਼ਾ ਇਨਸਾਨਾਂ ਨੂੰ ਜਾਤਾਂ, ਨਸਲਾਂ ਅਤੇ ਭੂਗੋਲਿਕ ਖਿੱਤਿਆਂ ਵਿੱਚ ਵੰਡਣ ਦੀ ਰਹੀ ਹੈ, ਪਰ ਹੁਣ ਹਾਲਾਤ ਇੱਥੋਂ ਤਕ ਗਿਰ ਚੁੱਕੇ ਹਨ ਕਿ ਰੱਬ ਦੀ ਵੀ ਆਰਥਿਕ ਜਮਾਤਬੰਦੀ ਕੀਤੀ ਜਾਣ ਲੱਗੀ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਵੱਲੋਂ ਭਗਵਾਨ ਸ਼ਿਵ ਨੂੰ “ਗਰੀਬਾਂ ਦਾ ਰੱਬ” ਅਤੇ ਭਗਵਾਨ ਰਾਮ ਨੂੰ “ਅਮੀਰਾਂ ਦਾ ਰੱਬ” ਕਹਿ ਕੇ ਉੱਤਰ-ਦੱਖਣ ਤੇ ਆਰੀਅਨ-ਦ੍ਰਾਵਿੜ ਦੀ ਖਹਿਬਾਜ਼ੀ ਛੇੜਨਾ ਕਿਸੇ ਵਿਚਾਰਧਾਰਕ ਚਿੰਤਨ ਦਾ ਹਿੱਸਾ ਨਹੀਂ, ਸਗੋਂ ਸੌੜੀ ਵੋਟ-ਰਾਜਨੀਤੀ ਦਾ ਕੋਝਾ ਰੂਪ ਹੈ। ਕਿਸੇ ਨੂੰ ਅਮੀਰਾਂ ਦੇ ਰੱਬ ਜਾਂ ਦੇਵੀ ਦੇਵਤੇ ਦਾ ਲੇਬਲ ਦੇਣਾ ਅਤੇ ਕਿਸੇ ਦੂਜੇ ਨੂੰ ਗਰੀਬੀ ਦੀ ਚਾਦਰ ਵਲੇਟਣਾ ਲੋਕਾਂ ਦੀ ਧਾਰਮਿਕ ਆਸਥਾ ਦਾ ਅਪਮਾਨ ਹੈ।
ਰਾਮ ਅਤੇ ਸ਼ਿਵ, ਭਾਰਤੀ ਚਿੰਤਨ ਵਿੱਚ ਆਪਸ ਵਿੱਚ ਵਿਰੋਧੀ ਨਹੀਂ, ਸਗੋਂ ਪਰਸਪਰ ਸਤਿਕਾਰ ਦੇ ਪ੍ਰਤੀਕ ਮੰਨੇ ਗਏ ਹਨ। ਇਤਿਹਾਸਕ, ਧਾਰਮਿਕ ਜਾਂ ਮਿਥਿਹਾਸਕ ਹਵਾਲਿਆਂ ਨੂੰ ਤੋੜ-ਮਰੋੜ ਕੇ ਉਨ੍ਹਾਂ ਉੱਤੇ ਅਮੀਰ ਜਾਂ ਗਰੀਬ ਦਾ ਠੱਪਾ ਲਾਉਣਾ ਜਨਤਾ ਦੀ ਬੌਧਿਕ ਸਮਰੱਥਾ ਦਾ ਮਜ਼ਾਕ ਉਡਾਉਣਾ ਹੈ। ਜਦੋਂ ਕੋਈ ਸੱਤਾਧਾਰੀ, ਰੱਬ ਨੂੰ ਵੀ ਵਰਗ-ਸੰਘਰਸ਼ ਦਾ ਹਿੱਸਾ ਬਣਾਉਣ ਤੁਰ ਪਵੇ ਤਾਂ ਪੰਜਾਬੀ ਦੇ ਮਸ਼ਹੂਰ ਸ਼ਾਇਰ ਜਸਵੰਤ ਜ਼ਫਰ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਹਨ:
ਹਰ ਕੋਈ ਹਰਿ ਹੈ
ਹਰ ਇੱਕ ਦਾ ਇੱਕ ਹਰਿ ਹੈ
ਛੋਟੇ ਬੰਦੇ ਦਾ ਰੱਬ ਛੋਟਾ
ਵੱਡੇ ਦਾ ਰੱਬ ਵੱਡਾ
ਰੱਬ ਵੱਖਰਾ ਨਹੀਂ ਹੁੰਦਾ, ਸਗੋਂ ਬੰਦੇ ਦੀ ਆਪਣੀ ਨੀਅਤ ਅਤੇ ਉਸਦਾ ਕੱਦ-ਬੁੱਤ ਹੀ ਉਸਦੇ ਰੱਬ ਦਾ ਸਰੂਪ ਤੈਅ ਕਰਦਾ ਹੈ। ਜਿਨ੍ਹਾਂ ਦੀ ਸੋਚ ਛੋਟੀ ਹੈ, ਉਹ ਰੱਬ ਨੂੰ ਵੀ ਛੋਟਾ ਕਰਕੇ ਅਮੀਰ-ਗਰੀਬ ਦੇ ਦਾਇਰਿਆਂ ਵਿੱਚ ਕੈਦ ਕਰ ਲੈਂਦੇ ਹਨ। ਪੰਜਾਬ ਦੇ ਸੰਦਰਭ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਸਮੁੱਚਾ ਸੰਕਲਪ ਹੀ ਅਮੀਰੀ-ਗਰੀਬੀ, ਜਾਤ-ਪਾਤ ਅਤੇ ਧਾਰਮਿਕ ਅਸਮਾਨਤਾ ਦੇ ਪਰਖਚੇ ਉਡਾਉਣ ਵਾਲਾ ਸੀ। ਮਲਿਕ ਭਾਗੋ ਦੇ ਕੀਮਤੀ ਪਕਵਾਨਾਂ ਨੂੰ ਠੁਕਰਾ ਕੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਸਵੀਕਾਰ ਕਰਨਾ, ਕਿਸੇ ਰੱਬ ਦੀ ਜਮਾਤੀ ਵੰਡ ਨਹੀਂ ਸੀ, ਸਗੋਂ ਲੁੱਟ-ਖਸੁੱਟ ਵਿਰੁੱਧ ਬਗਾਵਤ ਸੀ। ਗੁਰੂ ਸਾਹਿਬ ਨੇ ਸਾਫ ਐਲਾਨ ਕੀਤਾ ਸੀ:
“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥”
ਹੇ ਵਾਹਿਗੁਰੂ! ਜਿੱਥੇ ਗਰੀਬਾਂ ਅਤੇ ਨਿਮਾਣਿਆਂ ਦੀ ਸੰਭਾਲ ਅਤੇ ਆਦਰ-ਸਤਿਕਾਰ ਕੀਤਾ ਜਾਂਦਾ ਹੈ, ਉੱਥੇ ਹੀ ਤੇਰੀ ਮਿਹਰ ਦੀ ਨਜ਼ਰ ਅਤੇ ਬਖਸ਼ਿਸ਼ ਹੁੰਦੀ ਹੈ।
ਪਰ ਅਫਸੋਸ, ਜਿਸ ਧਰਮ ਨੇ ‘ਸੰਗਤ ਅਤੇ ਪੰਗਤ’ ਰਾਹੀਂ ਰਾਜੇ ਅਤੇ ਰੰਕ ਨੂੰ ਇੱਕੋ ਕਤਾਰ ਵਿੱਚ ਬਿਠਾ ਦਿੱਤਾ ਸੀ, ਅੱਜ ਉਸੇ ਧਰਮ ਦੇ ਵਿਹੜੇ ਵਿੱਚ ਵੀ ਜਮਾਤੀ ਲਕੀਰਾਂ ਸਾਫ ਉੱਭਰ ਆਈਆਂ ਹਨ। ਗੁਰੂ ਸਾਹਿਬਾਨ ਨੇ ਜਿਸ ਜਾਤੀ ਅਤੇ ਆਰਥਿਕ ਵਖਰੇਵੇਂ ਨੂੰ ਖਤਮ ਕੀਤਾ ਸੀ, ਅੱਜ ਉਸਦੇ ਉਲਟ ਜਾਤੀ ਆਧਾਰਿਤ ਧਰਮ ਸਥਾਨ ਵੱਖਰੇ ਤੌਰ ’ਤੇ ਉਸਾਰ ਕੇ ਅਸਲ ਗੁਰਮਤਿ ਸਿਧਾਂਤਾਂ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ। ਵੱਡੇ ਵੱਡੇ ਧਰਮ ਸਥਾਨਾਂ ਵਿੱਚ ਆਮ ਸੰਗਤ ਘੰਟਿਆਂਬੱਧੀ ਧੁੱਪ-ਮੀਂਹ ਵਿੱਚ ਲਾਈਨਾਂ ਵਿੱਚ ਖੜ੍ਹਦੀ ਹੈ, ਜਦਕਿ ਸਿਆਸਤਦਾਨਾਂ, ਅਫਸਰਸ਼ਾਹਾਂ ਅਤੇ ਵੱਡੇ ਸਰਮਾਏਦਾਰਾਂ ਨੂੰ ਪਿਛਲੇ ਦਰਵਾਜ਼ਿਆਂ ਰਾਹੀਂ ‘ਵਿਸ਼ੇਸ਼ ਦਰਸ਼ਨ’ ਕਰਵਾਏ ਜਾਂਦੇ ਹਨ। ਸ਼ਰਧਾ ਦੀ ਕਦਰ ਵੀ ਚੜ੍ਹਾਵੇ ਦੇ ਆਕਾਰ ਮੁਤਾਬਿਕ ਤੈਅ ਹੋਣ ਲੱਗ ਪਈ ਹੈ।
ਦੇਸ਼ ਵਿੱਚ ਉੱਭਰੇ ਅਣਗਿਣਤ ਡੇਰਿਆਂ ਦੇ ‘ਸੰਤ ਬਾਬਿਆਂ’ ਨੇ ਸਾਦਗੀ ਨੂੰ ਛਿੱਕੇ ਟੰਗ ਕੇ ਅਰਬਾਂ ਦੀਆਂ ਜਾਇਦਾਦਾਂ, ਬੁਲੇਟਪਰੂਫ ਲਗਜ਼ਰੀ ਗੱਡੀਆਂ ਦੇ ਕਾਫਲੇ ਅਤੇ ਮਹਿਲਨੁਮਾ ਕਿਲ੍ਹੇ ਖੜ੍ਹੇ ਕਰ ਲਏ ਹਨ। ਪੂਜਾ-ਪਾਠਾਂ ਅਤੇ ਕਰਮਕਾਂਡਾਂ ਦੀਆਂ ਆਨਲਾਈਨ ਡਿਲੀਵਰੀਆਂ ਹੁੰਦੀਆਂ ਹਨ, ਸਾਲਾਂ-ਬੱਧੀ ਦੀ ਏਡਵਾਂਸ ਬੂਕਿੰਗ ਚਲਦੀ ਹੈ, ਪੈਸੇ ਨਾਲ ਦੁਆਵਾਂ ਅਤੇ ਅਰਦਾਸਾਂ ਖਰੀਦੀਆਂ ਜਾਂਦੀਆਂ ਹਨ।
ਇਹ ਵਰਤਾਰਾ ਸਿਰਫ ਹਿੰਦੂ ਧਰਮ ਜਾਂ ਭਾਰਤੀ ਸਿਆਸਤ ਤਕ ਸੀਮਿਤ ਨਹੀਂ ਹੈ; ਇਤਿਹਾਸ ਗਵਾਹ ਹੈ ਕਿ ਦੁਨੀਆ ਦੇ ਲਗਭਗ ਹਰ ਵੱਡੇ ਧਰਮ ਵਿੱਚ ਧਰਮ ਦੇ ਦਲਾਲਾਂ ਨੇ ਰੱਬ ਨੂੰ ਅਮੀਰ-ਗਰੀਬ ਦੇ ਪੈਮਾਨਿਆਂ ’ਤੇ ਤੋਲ ਕੇ ਵੇਚਿਆ ਹੈ:
ਪੱਛਮੀ ਮੁਲਕਾਂ ਅਤੇ ਅਮਰੀਕਾ ਵਿੱਚ ਟੈਲੀਵਿਜ਼ਨ ’ਤੇ ਪ੍ਰਚਾਰ ਕਰਨ ਵਾਲੇ ਪਾਦਰੀਆਂ ਨੇ “Prosperity Gospel” ਦਾ ਸਿਧਾਂਤ ਘੜਿਆ। ਕੇਨੇਥ ਕੋਪਲੈਂਡ ਅਤੇ ਜੈਸੀ ਡੁਪਲਾਂਟਿਸ ਵਰਗੇ ਪ੍ਰਚਾਰਕ ਸ਼ਰੇਆਮ ਦਾਅਵਾ ਕਰਦੇ ਹਨ ਕਿ ਜੋ ਜਿੰਨਾ ਜ਼ਿਆਦਾ ਚੰਦਾ ਦੇਵੇਗਾ, ਯਿਸੂ ਉਸਨੂੰ ਉੰਨਾ ਹੀ ਵੱਧ ਧਨਵਾਨ ਕਰੇਗਾ। ਇਹ ਪ੍ਰਚਾਰਕ ਖੁਦ ਅਰਬਾਂ ਡਾਲਰਾਂ ਦੀ ਜਾਇਦਾਦ ਅਤੇ ਨਿੱਜੀ ਹਵਾਈ ਜਹਾਜ਼ਾਂ ਵਿੱਚ ਉਡਾਰੀਆਂ ਲਾਉਂਦੇ ਹਨ, ਜਦਕਿ ਕੈਂਸਰ ਜਾਂ ਗਰੀਬੀ ਨਾਲ ਜੂਝਦੇ ਆਮ ਸ਼ਰਧਾਲੂਆਂ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਬਿਮਾਰੀ ਜਾਂ ਮੰਦਹਾਲੀ ਉਨ੍ਹਾਂ ਦੇ “ਕਮਜ਼ੋਰ ਵਿਸ਼ਵਾਸ” ਦਾ ਨਤੀਜਾ ਹੈ। ਯਿਸੂ ਮਸੀਹ, ਜਿਸਨੇ ਕਿਹਾ ਸੀ ਕਿ “ਊਠ ਦਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਸੌਖਾ ਹੈ ਪਰ ਧਨਾਢ ਦਾ ਪ੍ਰਭੂ ਦੇ ਰਾਜ ਵਿੱਚ ਦਾਖਲ ਹੋਣਾ ਔਖਾ” ਉਸੇ ਯਿਸੂ ਨੂੰ ਇਨ੍ਹਾਂ ਪ੍ਰਚਾਰਕਾਂ ਨੇ ਕਾਰਪੋਰੇਟ ਅਮੀਰੀ ਦਾ ਬ੍ਰਾਂਡ ਅੰਬੈਸਡਰ ਬਣਾ ਧਰਿਆ।
ਇਸਲਾਮ ਦੀ ਬੁਨਿਆਦ ‘ਮਸਾਵਤ’ ’ਤੇ ਰੱਖੀ ਗਈ ਸੀ - ਜਿੱਥੇ ਨਮਾਜ਼ ਦੀ ਇੱਕੋ ਸਫ ਵਿੱਚ ਬਾਦਸ਼ਾਹ ਮਹਿਮੂਦ ਅਤੇ ਗੁਲਾਮ ਅਯਾਜ਼ ਸਜਦੇ ਵਿੱਚ ਝੁਕਦੇ ਸਨ, ਅਤੇ ਜਿੱਥੇ ਸੂਫੀਆਂ ਨੇ ਸਾਦਗੀ ਤੇ ਦਰਵੇਸ਼ਪੁਣੇ ਨੂੰ ਇਲਾਹੀ ਇਬਾਦਤ ਮੰਨਿਆ ਸੀ। ਉੱਥੇ ਅੱਜ ਦਰਗਾਹਾਂ ਉੱਤੇ ਗੱਦੀਨਸ਼ੀਨ ਅਖੌਤੀ ਅਰਬਪਤੀ ਪੀਰ-ਫਕੀਰ, ਵੱਡੇ ਘਰਾਣਿਆਂ ਨਾਲ ਮਿਲੀਭੁਗਤ ਕਰਕੇ ਗਰੀਬਾਂ ਦੇ ਖੂਨ-ਪਸੀਨੇ ’ਤੇ ਆਯਾਸ਼ੀ ਕਰਦੇ ਹਨ। ਅਮੀਰ ਜ਼ਾਇਰੀਨਾਂ ਲਈ ਵਿਸ਼ੇਸ਼ ਦਰਵਾਜ਼ੇ, ਮਖਮਲੀ ਚਾਦਰਾਂ ਅਤੇ ਨਿੱਜੀ ਦੁਆਵਾਂ ਦਾ ਪ੍ਰਬੰਧ ਕਰਦੇ ਹਨ। ਹੱਜ ਅਤੇ ਉਮਰਾਹ ਦੇ ਮਹਿੰਗੇ ਪੈਕੇਜਾਂ ਨੇ ਇਬਾਦਤ ਨੂੰ ਵੀ ਅਮੀਰਾਂ ਦਾ ਸ਼ੌਕ ਬਣਾ ਕੇ ਰੱਖ ਦਿੱਤਾ ਹੈ।
ਜਿਸ ਬੁੱਧ ਨੇ ਮਹਿਲ-ਮੁਨਾਰੇ ਤਿਆਗ ਕੇ ਸਾਦਗੀ ਅਤੇ ਮੁਕਤੀ ਦਾ ਮਾਰਗ ਦਿਖਾਇਆ ਸੀ, ਅੱਜ ਉਸੇ ਦੇ ਨਾਂ ’ਤੇ ਵਪਾਰਕ ਸਾਮਰਾਜ ਖੜ੍ਹੇ ਹਨ। ਥਾਈਲੈਂਡ ਵਿੱਚ ‘ਧੰਮਕਾਇਆ’ ਵਰਗੇ ਅੰਦੋਲਨਾਂ ਨੇ “ਮੋਟਾ ਦਾਨ = ਅਗਲੇ ਜਨਮ ਵਿੱਚ ਵੱਡੀ ਦੌਲਤ” ਦਾ ਪਖੰਡੀ ਗਣਿਤ ਘੜ ਲਿਆ ਹੈ, ਜਿੱਥੇ ਨਿਰਵਾਣ (ਮੁਕਤੀ) ਵੀ ਅਮੀਰਾਂ ਦੀ ਜਾਇਦਾਦ ਬਣ ਕੇ ਰਹਿ ਗਿਆ ਹੈ।
ਭਾਰਤ ਵਿੱਚ ਧਰਮ ਦੇ ਨਾਂ ’ਤੇ ਦੋ ਸਮਾਨਾਂਤਰ ਮੰਡੀਆਂ ਚੱਲ ਰਹੀਆਂ ਹਨ ਜੋ ਸਮਾਜਿਕ ਤਾਣੇਬਾਣੇ ਨੂੰ ਅੰਦਰੋਂ ਖੋਖਲਾ ਕਰ ਰਹੀਆਂ ਹਨ। ਇੱਕ ਪਾਸੇ ਪੰਜ-ਤਾਰਾ ਆਸ਼ਰਮਾਂ ਵਿੱਚ ਬੈਠੇ ਜੱਗੀ ਵਾਸੂਦੇਵ ਵਰਗੇ ਗੁਰੂ ਲੱਖਾਂ ਰੁਪਏ ਦੀਆਂ ਫੀਸਾਂ ਬਦਲੇ ਪੂੰਜੀਪਤੀਆਂ ਅਤੇ ਨੇਤਾਵਾਂ ਨੂੰ “ਤਣਾਅ-ਮੁਕਤੀ” ਵੇਚ ਕੇ ਉਨ੍ਹਾਂ ਦੀ ਕਮਾਈ ਨੂੰ ਧਾਰਮਿਕ ਪ੍ਰਵਾਨਗੀ ਦਿੰਦੇ ਹਨ, ਅਤੇ ਦੂਜੇ ਪਾਸੇ ਜਾਤੀ ਵਿਤਕਰੇ ਅਤੇ ਆਰਥਿਕ ਮੰਦਹਾਲੀ ਦੇ ਸਤਾਏ ਲੋਕਾਂ ਦਾ ਰਾਮ ਰਹੀਮ, ਆਸਾਰਾਮ ਤੇ ਰਾਮਪਾਲ ਵਰਗੇ ਪਖੰਡੀ ਆਪਣੇ ਡੇਰਿਆਂ ਵਿੱਚ ਸ਼ੋਸ਼ਣ ਕਰਦੇ ਹਨ। ਸਸਤਾ ਰਾਸ਼ਨ, ਦਵਾਈਆਂ ਅਤੇ ਸਮਾਜਿਕ ਸੁਰੱਖਿਆ ਦਾ ਝਾਂਸਾ ਦੇ ਕੇ ਲੱਖਾਂ ਕਿਰਤੀਆਂ ਨੂੰ ਸ਼ਰਧਾਲੂ ਬਣਾਇਆ ਜਾਂਦਾ ਹੈ ਅਤੇ ਫਿਰ ਸਿਆਸੀ ਪਾਰਟੀਆਂ ਅੱਗੇ ਥੋਕ ਵੋਟ-ਬੈਂਕ ਵਜੋਂ ਵੇਚਿਆ ਜਾਂਦਾ ਹੈ। ਇਨ੍ਹਾਂ ਬਾਬਿਆਂ ਕੋਲੋਂ ਮਿਲੇ ਸੋਨੇ ਦੇ ਸਿੰਘਾਸਣ, ਵਿਦੇਸ਼ੀ ਗੱਡੀਆਂ ਅਤੇ ਹਥਿਆਰਾਂ ਦੇ ਜ਼ਖੀਰੇ ਸਾਬਤ ਕਰਦੇ ਹਨ ਕਿ ਗਰੀਬੀ ਸਿਰਫ ਪੈਰੋਕਾਰਾਂ ਦੇ ਹਿੱਸੇ ਆਈ ਸੀ, ਰੱਬ ਦੇ ਇਹ ਅਖੌਤੀ ਏਜੰਟ ਖੁਦ ਅੰਨ੍ਹੇ ਸਰਮਾਏਦਾਰ ਹਨ।
ਸਵਾਲ ਇਹ ਉੱਠਦਾ ਹੈ ਕਿ ਜਦੋਂ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਆਗੂ ਖੁਦ ਦੇਵਤਿਆਂ ਦੀ ਜਮਾਤੀ ਵੰਡ ਕਰਨ ਲੱਗ ਪੈਣ ਤਾਂ ਉਹ ਡੇਰੇਦਾਰਾਂ ਦੀ ਇਸ ਲੁੱਟ ਤੋਂ ਵੱਖਰੇ ਕਿਵੇਂ ਹਨ? ਰੇਵੰਤ ਰੈਡੀ ਦੀ ਇਹ ਦਲੀਲ ਕਿ ਭਾਜਪਾ ਨੇ ‘ਰਾਮ ਨੂੰ ਚੁਰਾ ਲਿਆ’ ਹੈ, ਅਸਲ ਵਿੱਚ ਖੁਦ ਦੀ ਵਿਚਾਰਧਾਰਕ ਕੰਗਾਲੀ ਨੂੰ ਉਜਾਗਰ ਕਰਦੀ ਹੈ। ਜੇ ਭਾਜਪਾ ’ਤੇ ਧਰਮ ਦੇ ਸਿਆਸੀਕਰਨ ਦਾ ਇਲਜ਼ਾਮ ਹੈ, ਤਾਂ ਉਸਦਾ ਤੋੜ ਦੇਵੀ-ਦੇਵਤਿਆਂ ਵਿੱਚ ਜਮਾਤੀ ਜਾਂ ਖਿੱਤੇਵਾਰ ਵੰਡੀਆਂ ਪਾਉਣਾ ਨਹੀਂ ਹੋ ਸਕਦਾ।
ਅਸਲ ਸਵਾਲ ਇਹ ਹੈ: ਜਦੋਂ ਹਸਪਤਾਲਾਂ ਵਿੱਚ ਵੈਂਟੀਲੇਟਰ ਨਹੀਂ, ਸਕੂਲਾਂ ਵਿੱਚ ਅਧਿਆਪਕ ਨਹੀਂ, ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਅਤੇ ਕਿਸਾਨ ਕਰਜ਼ੇ ਵਿੱਚ ਡੁੱਬੇ ਹੋਏ ਹਨ; ਤਾਂ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਫਿਕਰ ਕਿਉਂ ਪਿਆ ਹੈ ਕਿ ਕਿਹੜਾ ਰੱਬ ਅਮੀਰਾਂ ਦਾ ਹੈ ਅਤੇ ਕਿਹੜਾ ਗਰੀਬਾਂ ਦਾ? ਰੱਬ ਨਾ ਅਮੀਰ ਹੈ, ਨਾ ਗਰੀਬ; ਨਾ ਉੱਤਰ ਦਾ ਹੈ, ਨਾ ਦੱਖਣ ਦਾ। ਅਸਲ ਗਰੀਬੀ ਤਾਂ ਉਸ ਸਿਆਸੀ ਜਮਾਤ ਦੀ ਸੋਚ ਵਿੱਚ ਹੈ ਜੋ ਸਦੀਆਂ ਪੁਰਾਣੇ ਆਸਥਾ ਦੇ ਪ੍ਰਤੀਕਾਂ ਨੂੰ ਵੋਟਾਂ ਦੇ ਕੈਲਕੂਲੇਟਰ ’ਤੇ ਚੜ੍ਹਾ ਕੇ ਆਪਣੀ ਸੱਤਾ ਦੀ ਭੁੱਖ ਮਿਟਾਉਣਾ ਚਾਹੁੰਦੀ ਹੈ। ਲੋੜ ਹੈ ਕਿ ਆਮ ਲੋਕ ਇਸ ਢਕੌਂਸਲੇ ਨੂੰ ਪਛਾਣਨ ਅਤੇ ਆਗੂਆਂ ਨੂੰ ਦੇਵਤਿਆਂ ਦੀ ਵੰਡ ਕਰਨ ਦੀ ਥਾਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਲਈ ਮਜਬੂਰ ਕਰਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































