MadanBangar7ਪੁੱਤ, ਕੱਫਣ ਅਤੇ ਹੋਰ ਸਮਾਨ ਲਿਆਉਣਾ ਪੈਣਾ… ਘੱਟੋ-ਘੱਟ ਹਜ਼ਾਰ ਰੁਪਈਏ ਦੀ ਲੋੜ ਹੈ ...
(13 ਜੁਲਾਈ 2026)


ਮੈਨੂੰ ਅੱਜ ਵੀ ਉਹ ਦਿਨ ਕੱਲ੍ਹ ਵਾਂਗ ਯਾਦ ਹਨ ਜਦੋਂ ਮੈਂ ਸਿਰਫ ਕਵਿਤਾਵਾਂ ਲਿਖਿਆ ਕਰਦਾ ਸੀ। ਹਰ ਰੋਜ਼ ਨਵੀਆਂ ਕਵਿਤਾਵਾਂ ਲਿਖ ਕੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਨੂੰ ਭੇਜਦਾ ਰਹਿੰਦਾ ਸੀ। ਘਰ ਦੀ ਹਾਲਤ ਬਹੁਤ ਮਾੜੀ ਸੀ। ਹਾਈ ਸਕੂਲ ਦੀ ਪੜ੍ਹਾਈ ਤੋਂ ਬਾਅਦ ਮੈਂ ਕਈ ਥਾਵਾਂ ’ਤੇ ਕੰਮ ਲੱਭਿਆ
, ਪਰ ਕਿਤੇ ਵੀ ਢੰਗ ਦਾ ਰੋਜ਼ਗਾਰ ਨਾ ਮਿਲਿਆ। ਪਰ ਮੇਰਾ ਹੌਸਲਾ ਕਦੇ ਨਹੀਂ ਟੁੱਟਿਆ। ਦਿਹਾੜੀ ਹੋਵੇ ਜਾਂ ਮਜ਼ਦੂਰੀ, ਜੋ ਵੀ ਕੰਮ ਮਿਲਦਾ, ਮੈਂ ਬਿਨਾਂ ਨਾਂਹ-ਨੁੱਕਰ ਕੀਤੇ ਕਰ ਲੈਂਦਾ। ਫਿਰ ਵੀ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਕਈ ਵਾਰ ਤਾਂ ਹਾਲਤ ਇਹ ਹੋ ਜਾਂਦੀ ਕਿ ਜੇ ਘਰ ਵਿੱਚ ਕੋਈ ਅਚਾਨਕ ਖਰਚਾ ਆ ਜਾਵੇ ਤਾਂ ਸਾਰੇ ਪਰਿਵਾਰ ਦੀ ਨੀਂਦ ਉੱਡ ਜਾਂਦੀ।

ਇੱਕ ਸਵੇਰ ਅਜੇ ਸੂਰਜ ਵੀ ਪੂਰਾ ਨਹੀਂ ਸੀ ਚੜ੍ਹਿਆ ਕਿ ਸਾਡੇ ਭੂਆ ਜੀ ਦੀ ਮਰਗ ਦਾ ਸੁਨੇਹਾ ਆ ਗਿਆ। ਇਹ ਸੁਣਦਿਆਂ ਹੀ ਮਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਸਾਡੇ ਭੂਆ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਘਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮਾਂ ਨੇ ਹਲਕੀ ਜਿਹੀ ਆਵਾਜ਼ ਵਿੱਚ ਕਿਹਾ, “ਪੁੱਤ, ਕੱਫਣ ਅਤੇ ਹੋਰ ਸਮਾਨ ਲਿਆਉਣਾ ਪੈਣਾ… ਘੱਟੋ-ਘੱਟ ਹਜ਼ਾਰ ਰੁਪਈਏ ਦੀ ਲੋੜ ਹੈ। ਮੈਂ ਆਂਢ-ਗੁਆਂਢ ਤੋਂ ਪੈਸੇ ਲੈ ਆਉਂਦੀ ਹਾਂ।”

ਮਾਂ ਸਵੇਰ ਤੋਂ ਹੀ ਘਰ-ਘਰ ਗਈ। ਉਹਨਾਂ ਲੋਕਾਂ ਕੋਲ ਵੀ ਗਈ, ਜਿਨ੍ਹਾਂ ਦੇ ਘਰਾਂ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਪਰ ਹਰ ਜਗ੍ਹਾ ਤੋਂ ਨਿਰਾਸ਼ਾ ਹੀ ਮਿਲੀ। ਕੋਈ ਕਹਿੰਦਾ ਹਾਲਾਤ ਠੀਕ ਨਹੀਂ, ਕੋਈ ਹੋਰ ਬਹਾਨਾ ਬਣਾ ਲੈਂਦਾ। ਜਦੋਂ ਮਾਂ ਵਾਪਸ ਘਰ ਆਈ, ਉਸਦੇ ਚਿਹਰੇ ’ਤੇ ਉਦਾਸੀ ਅਤੇ ਦਰਦ ਸਾਫ਼ ਦਿਸ ਰਿਹਾ ਸੀ। ਮੈਂ ਪੁੱਛਿਆ, “ਮਾਤਾ ਜੀ, ਕੁਝ ਬਣਿਆ?”

ਉਸਨੇ ਸਿਰ ਹਿਲਾਉਂਦਿਆਂ ਕਿਹਾ, ““ਪੁੱਤ, ਕਿਸੇ ਨੇ ਵੀ ਨਹੀਂ ਦਿੱਤੇ… ਜਿਨ੍ਹਾਂ ਦੇ ਘਰ ਤਿੰਨ-ਤਿੰਨ ਗੱਡੀਆਂ ਖੜੀਆਂ ਨੇ, ਉਹ ਵੀ ਹਜ਼ਾਰ ਰੁਪਈਆ ਦੇਣ ਤੋਂ ਕੰਨੀ ਕਤਰਾ ਗਏ।”

ਮੇਰੇ ਦਿਲ ’ਤੇ ਇਹ ਗੱਲ ਚੋਟ ਵਾਂਗ ਲੱਗੀ। ਮੈਂ ਚੁੱਪਚਾਪ ਸਾਈਕਲ ਚੁੱਕਿਆ। ਟਾਇਰਾਂ ਵਿੱਚ ਹਵਾ ਘੱਟ ਸੀ, ਮੈਂ ਪੰਪ ਲੈ ਕੇ ਹਵਾ ਭਰਨ ਲੱਗ ਪਿਆ।

ਉਸੇ ਵੇਲੇ ਦਰਵਾਜ਼ੇ ’ਤੇ ਖੜਖੜ ਹੋਈ। ਮਾਂ ਨੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਪਿੰਡ ਦਾ ਡਾਕੀਆ ਖੜ੍ਹਾ ਸੀ। ਉਹ ਬੋਲਿਆ, “ਚਾਚੀ ਜੀ, ਭਾਜੀ ਨੂੰ ਬੁਲਾਓ… ਉਹਨਾਂ ਦਾ ਮਨੀ ਆਰਡਰ ਆਇਆ ਹੈ।”

ਮੈਂ ਤੁਰੰਤ ਬਾਹਰ ਗਿਆ। ਡਾਕੀਏ ਨੇ ਕਿਹਾ, “ਦੋ ਦਿਨ ਤੋਂ ਤੁਹਾਡਾ ਮਨੀ ਆਰਡਰ ਪਿਆ ਸੀ, ਤੁਹਾਨੂੰ ਮੇਰਾ ਸੁਨੇਹਾ ਮਿਲਿਆ ਨਹੀਂ ਸ਼ਾਇਦ।”

ਉਸਨੇ ਫਾਰਮ ਕੱਢਿਆ, ਮੇਰੇ ਦਸਤਖਤ ਕਰਵਾਏ ਅਤੇ ਮੇਰੇ ਹੱਥ ਉੱਤੇ ਪੈਸੇ ਰੱਖ ਦਿੱਤੇ, ਲਗਭਗ ਗਿਆਰਾਂ ਸੌ ਰੁਪਏ।

ਉਸ ਪਲ ਮੇਰੇ ਮਨ ਵਿੱਚ ਅਜੀਬ ਜਿਹਾ ਸਕੂਨ ਆ ਗਿਆ। ਜਿਵੇਂ ਕੁਦਰਤ ਨੇ ਸਾਡੀ ਸੁਣ ਲਈ ਹੋਵੇ। ਮੈਂ ਦੌੜ ਕੇ ਅੰਦਰ ਗਿਆ ਅਤੇ ਮਾਂ ਦੇ ਹੱਥ ਵਿੱਚ ਪੈਸੇ ਫੜਾਉਂਦਿਆ ਕਿਹਾ, ““ਲੈ ਮਾਤਾ… ਸਵੇਰ ਤੋਂ ਹਜ਼ਾਰ ਰੁਪਏ ਲਈ ਫਿਰ ਰਹੇ ਸੀ, ਇਹ ਗਿਆਰਾਂ ਰੁਪਏ ਆ ਗਏ।”

ਮਾਂ ਹੈਰਾਨ ਰਹਿ ਗਈ, “ਪੁੱਤ, ਇਹ ਕਿੱਥੋਂ ਆਏ?”

ਮੈਂ ਮੁੁਸਕਰਾਇਆ ਅਤੇ ਕਿਹਾ, “ਮਾਂ, ਇਹ ਮੇਰੀਆਂ ਕਵਿਤਾਵਾਂ ਦੀ ਕਮਾਈ ਹੈ… ਜਿਹੜੀਆਂ ਮੈਂ ਅਖਬਾਰਾਂ ਨੂੰ ਭੇਜਦਾ ਹੁੰਦਾ ਹਾਂ।”

ਇਹ ਸੁਣਕੇ ਮਾਂ ਦੀਆਂ ਅੱਖਾਂ ਭਰ ਆਈਆਂ। ਉਸਨੇ ਪੈਸਿਆਂ ਨੂੰ ਆਪਣੇ ਸੀਨੇ ਨਾਲ ਲਾ ਲਿਆ ਅਤੇ ਮੇਰੇ ਸਿਰ ’ਤੇ ਹੱਥ ਰੱਖਦਿਆਂ ਕਿਹਾ, “ਪੁੱਤ, ਇਹ ਤੇਰੀ ਨੇਕ ਕਮਾਈ ਐ… ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ।”

ਉਸ ਦਿਨ ਮੈਂ ਉਨ੍ਹਾਂ ਹੀ ਪੈਸਿਆਂ ਨਾਲ ਭੂਆ ਜੀ ਲਈ ਕੱਫਣ ਅਤੇ ਹੋਰ ਸਮਾਨ ਖਰੀਦਿਆ। ਅਸੀਂ ਦੁੱਖ ਦੇ ਵੇਲੇ ਵੀ ਇਕ ਅਜੀਬ ਜਿਹੀ ਤਸੱਲੀ ਮਹਿਸੂਸ ਕਰ ਰਹੇ ਸੀ ਕਿ ਇਹ ਸਭ ਕੁਝ ਮੇਰੀ ਮਿਹਨਤ ਦੀ ਕਮਾਈ ਨਾਲ ਹੋ ਰਿਹਾ ਸੀ।

ਉਸ ਦਿਨ ਮੈਨੂੰ ਸਮਝ ਆ ਗਿਆ ਕਿ ਕੋਈ ਵੀ ਮਿਹਨਤ ਵਿਅਰਥ ਨਹੀਂ ਜਾਂਦੀ। ਕਈ ਵਾਰ ਜਿਹੜੀ ਚੀਜ਼ ਸਾਨੂੰ ਛੋਟੀ ਲੱਗਦੀ ਹੈ, ਉਹੀ ਇੱਕ ਦਿਨ ਸਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮਦਨ ਬੰਗੜ

ਮਦਨ ਬੰਗੜ

Village: Sikandarpur, Jalandhar, Punjab, India.
WhatsApp: (91 - 95015 - 75511)
Email: (madanbanger@gmail.com)