“ਜੇ ਤੁਹਾਡੇ ਇਸ ਟੂਣੇ ਨਾਲ ਮੇਰੀ ਭੂਆ ਮਰ ਗਈ, ਫਿਰ? ਤੁਸੀਂ ਪਤਾ ਨਹੀਂ ਨਹਿਰ ਵਿੱਚ ...”
(21 ਜੂਨ 2026)
ਪਿਛਲੇ ਦਿਨੀਂ ਗੜ੍ਹਸ਼ੰਕਰ ਤੋਂ ਆਦਮਪੁਰ ਵੱਲ ਜਾਂਦਿਆਂ ਇੱਕ ਨਹਿਰ ਦਾ ਕਿਨਾਰਾ ਮੈਨੂੰ ਇੱਕ ਅਜਿਹੇ ਦ੍ਰਿਸ਼ ਦਾ ਗਵਾਹ ਬਣਾ ਗਿਆ, ਜੋ ਸਾਡੇ ਆਧੁਨਿਕ ਸਮਾਜ ਦੇ ਚਿਹਰੇ ’ਤੇ ਲੱਗੇ ਅੰਧਵਿਸ਼ਵਾਸ ਦੇ ਦਾਗ ਨੂੰ ਬੇਨਕਾਬ ਕਰਦਾ ਹੈ। ਰਾਹ ਵਿੱਚ ਐਕਟਿਵਾ ’ਤੇ ਸਵਾਰ ਤਿੰਨ ਮਹਿਲਾਵਾਂ, ਦੋ ਨੌਜਵਾਨ ਅਤੇ ਇੱਕ ਵੱਡੀ ਉਮਰ ਦੀ, ਸ਼ੱਕੀ ਹਾਲਤ ਵਿੱਚ ਨਹਿਰ ਦੇ ਪੁਲ ਕੋਲ ਰੁਕੀਆਂ। ਉਨ੍ਹਾਂ ਦੇ ਹੱਥਾਂ ਵਿੱਚ ਫੜੇ ਲਿਫਾਫੇ ਅਤੇ ਉਨ੍ਹਾਂ ਦੀਆਂ ਘਬਰਾਹਟ ਭਰੀਆਂ ਨਜ਼ਰਾਂ ਇਹ ਦੱਸਣ ਲਈ ਕਾਫੀ ਸਨ ਕਿ ਉਹ ਕਿਸੇ ਗੈਰ-ਕਾਨੂੰਨੀ ਜਾਂ ਅਨੈਤਿਕ ਕੰਮ ਨੂੰ ਅੰਜਾਮ ਦੇਣ ਆਈਆਂ ਹਨ। ਜਦੋਂ ਉਹ ਨਹਿਰ ਵਿੱਚ ਕੋਈ ਵਸਤੂ ਸੁੱਟਣ ਦੀ ਤਿਆਰੀ ਕਰਨ ਲੱਗੀਆਂ ਤਾਂ ਮੇਰੇ ਅੰਦਰਲੇ ਤਰਕਸ਼ੀਲ ਨੇ ਮੈਨੂੰ ਚੁੱਪ ਨਹੀਂ ਰਹਿਣ ਦਿੱਤਾ। ਮੇਰੇ ਦੋਸਤ ਦੇ ਮਨ੍ਹਾਂ ਕਰਨ ਦੇ ਬਾਵਜੂਦ ਮੈਂ ਉਨ੍ਹਾਂ ਕੋਲ ਪਹੁੰਚ ਗਿਆ।
“ਰੁਕੋ! ਇਹ ਤੁਸੀਂ ਕੀ ਕਰ ਰਹੀਆਂ ਹੋ?” ਮੇਰਾ ਸਵਾਲ ਸਿੱਧਾ ਸੀ। ਉਨ੍ਹਾਂ ਦਾ ਜਵਾਬ ਤਿੱਖਾ ਅਤੇ ਉਲਝਿਆ ਹੋਇਆ ਸੀ, “ਤੂੰ ਆਪਣਾ ਕੰਮ ਕਰ, ਸਾਡੇ ਕੰਮ ਵਿੱਚ ਦਖਲ ਨਾ ਦੇ।”
ਪਰ ਮੈਂ ਜਾਣਦਾ ਸੀ ਕਿ ਤਰਕ ਹੀ ਅਜਿਹੀਆਂ ਸਥਿਤੀਆਂ ਦਾ ਸਭ ਤੋਂ ਵੱਡਾ ਹੱਲ ਹੁੰਦਾ ਹੈ। ਮੈਂ ਇੱਕ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ, “ਜੇ ਤੁਹਾਡੇ ਇਸ ਟੂਣੇ ਨਾਲ ਮੇਰੀ ਭੂਆ ਮਰ ਗਈ, ਫਿਰ? ਤੁਸੀਂ ਪਤਾ ਨਹੀਂ ਨਹਿਰ ਵਿੱਚ ਕੀ ਕੁਛ ਸੁੱਟ ਰਹੀਆਂ ਹੋ, ਇਹ ਪਾਣੀ ਅੱਗੇ ਜਾ ਕੇ ਲੋਕਾਂ ਦੇ ਘਰਾਂ ਵਿੱਚ ਪੀਣ ਲਈ ਵਰਤਿਆ ਜਾਂਦਾ ਹੈ। ਇਹੋ ਪਾਣੀ ਮੇਰੇ ਭੂਆ ਦੇ ਘਰ ਵੀ ਜਾਵੇਗਾ। ਇਸ ਨਹਿਰ ਦਾ ਪਾਣੀ ਲੋਕਾਂ ਨੇ ਪੀਣਾ ਹੈ, ਤੁਸੀਂ ਇਸ ਵਿੱਚ ਗੰਦ ਨਾ ਸੁੱਟੋ। ਇਹ ਟੂਣਾ ਨਹੀਂ, ਇਹ ਤਾਂ ਤੁਸੀਂ ਸਾਡੀ ਜ਼ਿੰਦਗੀ ਨਾਲ ਖੇਡ ਰਹੀਆਂ ਹੋ। ਤੁਹਾਨੂੰ ਪਤਾ ਨਹੀਂ ਕਿ ਸਰਫੇਸ ਵਾਟਰ ਪ੍ਰੋਜੈਕਟ ਤਹਿਤ ਇਹ ਪਾਣੀ ਹੁਣ ਲੋਕਾਂ ਦੇ ਪੀਣ ਲਈ ਘਰਾਂ ਨੂੰ ਫਿਲਟਰ ਕਰਕੇ ਭੇਜਿਆ ਜਾਵੇਗਾ? ਆਪਣਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਪਾਣੀ ਨੂੰ ਅਸੀਂ ਸਾਫ ਸੁਥਰਾ ਰੱਖੀਏ।”
ਮੇਰਾ ਇਹ ਵਿਅੰਗ ਉਨ੍ਹਾਂ ਦੀ ਸੋਚ ਨੂੰ ਇੱਕ ਵਾਰ ਤਾਂ ਝੰਜੋੜ ਗਿਆ। ਗੱਲਬਾਤ ਦੌਰਾਨ ਉਨ੍ਹਾਂ ਮੰਨਿਆ ਕਿ ਉਹ ਆਪਣੀ ਧੀ ਦੇ ਕਨੇਡਾ ਜਾਣ ਦੀ ਅਰਜ਼ੀ ਸਫਲ ਕਰਵਾਉਣ ਲਈ ਕਿਸੇ ‘ਪੰਡਿਤ’ ਦੇ ਕਹੇ ਅਨੁਸਾਰ ਇਹ ਉਪਰਾਲਾ ਕਰ ਰਹੀਆਂ ਸਨ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਕਾਮਯਾਬੀ ਦਾ ਰਾਹ ਮਿਹਨਤ, ਇਮਾਨਦਾਰੀ ਅਤੇ ਸਹੀ ਦਸਤਾਵੇਜ਼ਾਂ ਰਾਹੀਂ ਹੁੰਦਾ ਹੈ, ਨਾ ਕਿ ਨਹਿਰਾਂ ਵਿੱਚ ਚੀਜ਼ਾਂ ਸੁੱਟ ਕੇ।”
ਉਨ੍ਹਾਂ ਨੇ ਉਹ ਲਿਫਾਫੇ ਨਹਿਰ ਵਿੱਚ ਸੁੱਟਣ ਦਾ ਇਰਾਦਾ ਤਿਆਗ ਦਿੱਤਾ ਅਤੇ ਵਾਪਸ ਮੁੜ ਗਈਆਂ।
ਪਰ ਇਹ ਘਟਨਾ ਇੱਕ ਵੱਡੇ ਸਵਾਲ ਨੂੰ ਜਨਮ ਦਿੰਦੀ ਹੈ। ਅੱਜ ਦੇ ਵਿਗਿਆਨਕ ਯੁਗ ਵਿੱਚ ਅਸੀਂ ਕਿੱਥੇ ਖੜ੍ਹੇ ਹਾਂ? ਹਰ ਰੋਜ਼ ਨਹਿਰਾਂ, ਦਰਿਆਵਾਂ ਅਤੇ ਜਨਤਕ ਸਥਾਨਾਂ ’ਤੇ ਅਜਿਹੀਆਂ ਗਤੀਵਿਧੀਆਂ ਰਾਹੀਂ ਨਾ ਸਿਰਫ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ, ਸਗੋਂ ਇਹ ‘ਸੋਚ ਦਾ ਪ੍ਰਦੂਸ਼ਣ’ ਵੀ ਹੈ। ਇਹ ਲੋਕ ਮਾਨਸਿਕ ਤੌਰ ’ਤੇ ਡਰੇ ਹੋਏ ਹਨ, ਜਿਨ੍ਹਾਂ ਦਾ ਫਾਇਦਾ ਕੁਝ ਲੋਕ-ਵਿਰੋਧੀ ਤਾਕਤਾਂ ਅੰਧਵਿਸ਼ਵਾਸ ਫੈਲਾ ਕੇ ਉਠਾ ਰਹੀਆਂ ਹਨ।
ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ‘ਡਰੱਗਜ਼ ਐਂਡ ਮੈਜਿਕ ਰੈਮਡੀਜ਼ ਐਕਟ 1954’ ਅਤੇ ‘ਕੇਬਲ ਟੈਲੀਵਿਜ਼ਨ ਰੈਗੂਲੇਸ਼ਨ ਐਕਟ 1994’ ਵਰਗੇ ਕਾਨੂੰਨ ਸਿਰਫ ਕਾਗਜ਼ਾਂ ਤਕ ਹੀ ਸੀਮਿਤ ਨਹੀਂ ਰਹਿਣੇ ਚਾਹੀਦੇ। ਅਜਿਹੇ ਦਾਅਵੇ ਕਰਨ ਵਾਲੇ ਪਾਖੰਡੀਆਂ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਲੋਕਾਂ ਨੂੰ ਭਰਮਾਂ ਵਿੱਚ ਪਾ ਕੇ ਲੁੱਟ ਰਹੇ ਹਨ।
ਸਭ ਤੋਂ ਵੱਡੀ ਲੋੜ ਸਮਾਜ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਦੀ ਹੈ। ਜਦੋਂ ਤਕ ਅਸੀਂ ਅੰਧਵਿਸ਼ਵਾਸਾਂ ਦੇ ਇਸ ਹਨੇਰੇ ਜਾਲ਼ ਵਿੱਚੋਂ ਬਾਹਰ ਨਹੀਂ ਨਿਕਲਦੇ, ਸਾਡੀ ਤਰੱਕੀ ਸਿਰਫ ਇੱਕ ਖਵਾਬ ਬਣ ਕੇ ਰਹਿ ਜਾਵੇਗੀ। ਯਾਦ ਰੱਖੋ, ਸਮੱਸਿਆਵਾਂ ਦਾ ਹੱਲ ਨਹਿਰਾਂ ਵਿੱਚ ਸੁੱਟੇ ਲਿਫਾਫਿਆਂ ਵਿੱਚ ਨਹੀਂ, ਸਗੋਂ ਸਾਡੀ ਆਪਣੀ ਸੋਚ ਨੂੰ ਬਦਲਣ ਵਿੱਚ ਹੈ।
ਟੂਣੇ ਨਹਿਰਾਂ ਵਿੱਚ ਸੁੱਟਣ ਦੀ ਲੋੜ ਨਹੀਂ, ਸਾਨੂੰ ਆਪਣੀ ਮਾਨਸਿਕਤਾ ਵਿੱਚੋਂ ਕੱਢਣ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































