“ਓਏ, ਅਸੀਂ ਤੈਨੂੰ ਪੈਸੇ ਦਿੱਤੇ ਨੇ, ਜਿੱਥੇ ਅਸੀਂ ਕਹਾਂਗੇ, ਉੱਥੇ ਹੀ ਖੜ੍ਹਨਾ ਪਵੇਗਾ। ਹਿੱਲ ਕੇ ਤਾਂ ...”
(12 ਜੂਨ 2026)
ਕੁਝ ਸਾਲ ਪੁਰਾਣੀ ਗੱਲ ਹੈ। ਗਰਮੀਆਂ ਦੇ ਦਿਨ ਸਨ, ਹਵਾ ਵਿੱਚ ਹਲਕੀ ਗਰਮੀ ਅਤੇ ਪਿੰਡੇ ’ਤੇ ਥਕਾਵਟ ਦਾ ਅਹਿਸਾਸ ਸੀ। ਮੈਂ ਹੁਸ਼ਿਆਰਪੁਰ ਦੇ ਆਪਣੇ ਕੁਝ ਸਾਥੀਆਂ ਨਾਲ ਲੁਧਿਆਣਾ ਵਿੱਚ ਇੱਕ ਸੈਮੀਨਾਰ ਵਿੱਚ ਸ਼ਾਮਲ ਹੋ ਕੇ ਪਰਤ ਰਿਹਾ ਸੀ। ਇਹ ਸੈਮੀਨਾਰ ਪੰਜਾਬੀ ਭਵਨ ਵਿਖੇ ਹੋਇਆ ਸੀ, ਜਿਸਦਾ ਮੁੱਖ ਵਿਸ਼ਾ ਫਾਸ਼ੀਵਾਦ ਸੀ। ਦਿੱਲੀ ਤੋਂ ਆਏ ਵਿਦਵਾਨ ਪ੍ਰੋਫੈਸਰਾਂ ਨੇ ਲੋਕਤੰਤਰ, ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਬਾਰੇ ਬਹੁਤ ਹੀ ਗੰਭੀਰ ਅਤੇ ਡੂੰਘੇ ਵਿਚਾਰ ਸਾਂਝੇ ਕੀਤੇ। ਉਸ ਵੇਲੇ ਸਾਰੇ ਸਾਥੀ ਇਨ੍ਹਾਂ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਨਜ਼ਰ ਆ ਰਹੇ ਸਨ। ਮੈਂ ਹੁਸ਼ਿਆਰਪੁਰ ਤਕ ਮੋਟਰਸਾਈਕਲ ’ਤੇ ਗਿਆ ਸੀ। ਵਾਪਸੀ ਦੇ ਸਫਰ ਦੌਰਾਨ ਗੱਡੀ ਦਾ ਮਾਹੌਲ ਹੌਲੀ-ਹੌਲੀ ਬਦਲਣਾ ਸ਼ੁਰੂ ਹੋ ਗਿਆ। ਸਾਥੀਆਂ ਨੇ ਆਪਣੀ ਪਹਿਲਾਂ ਤੋਂ ਮਿਥੀ ਯੋਜਨਾ ਮੁਤਾਬਿਕ ਸੜਕ ਕਿਨਾਰੇ ਇੱਕ ਥਾਂ ਗੱਡੀ ਰੁਕਵਾ ਲਈ। ਉਹ ਇੱਕ ਸਧਾਰਨ ਜਿਹਾ ਪੇਂਡੂ ਢਾਬਾ ਸੀ। ਮਿੱਟੀ ਦੀ ਮਹਿਕ, ਮੇਜ਼ਾਂ ’ਤੇ ਜੰਮੀ ਧੂੜ ਅਤੇ ਆਲੇ ਦੁਆਲੇ ਚਲਦੀ ਲੂ, ਗੱਡੀ ਰੁਕਦਿਆਂ ਹੀ ਸਾਥੀਆਂ ਨੇ ਆਪਣੀਆਂ ਕਿੱਟਾਂ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਕੱਢ ਲਈਆਂ ਅਤੇ ਮੇਜ਼ ਦੁਆਲੇ ਜੁੜ ਕੇ ਬੈਠ ਗਈ। ਮੈਂ ਹਮੇਸ਼ਾ ਵਾਂਗ ਸਾਦੇ ਪਾਣੀ ਦਾ ਗਲਾਸ ਲਿਆ ਅਤੇ ਇੱਕ ਪਾਸੇ ਕੁਰਸੀ ’ਤੇ ਬੈਠ ਗਿਆ। ਉਨ੍ਹਾਂ ਨੇ ਇੱਕ ਗਲਾਸ ਮੇਰੇ ਮੋਹਰੇ ਵੀ ਸਰਕਾਇਆ ਪਰ ਮੈਂ ਨਿਮਰਤਾ ਨਾਲ ਨਾਂਹ ਕਰ ਦਿੱਤੀ। ਸ਼ੁਰੂਆਤ ਹਾਸੇ ਮਜ਼ਾਕ ਅਤੇ ਹਲਕੀਆਂ ਫੁਲਕੀਆਂ ਗੱਲਾਂ ਨਾਲ ਹੋਈ। ਪਰ ਜਿਉਂ ਜਿਉਂ ਪੈੱਗ ਅੰਦਰ ਲੰਘਦੇ ਗਏ, ਗੱਲਾਂ ਦਾ ਰੁਖ ਅਤੇ ਲਹਿਜਾ ਬਦਲਦਾ ਗਿਆ। ਕੁਝ ਹੀ ਦੇਰ ਵਿੱਚ ਹਰ ਕੋਈ ਖੁਦ ਨੂੰ ਵੱਡਾ ਫਿਲਾਸਟਰ ਸਮਝਣ ਲੱਗ ਪਿਆ। ਸਮਾਜ, ਸਿਸਟਮ ਅਤੇ ਇਨਸਾਫ ਵਰਗੇ ਵੱਡੇ ਵੱਡੇ ਦਾਅਵਿਆਂ ਦੇ ਓਹਲੇ ਅੰਦਰਲਾ ਗੁਬਾਰ ਕਾਬੂ ਤੋਂ ਬਾਹਰ ਹੋ ਰਿਹਾ ਸੀ। ਇਸੇ ਦੌਰਾਨ ਸਾਡੀ ਗੱਡੀ ਦਾ ਡਰਾਈਵਰ ਉੱਥੇ ਆ ਗਿਆ। ਉਹ ਇੱਕ ਸਧਾਰਨ ਜਿਹਾ ਇਨਸਾਨ ਸੀ, ਜਿਸਦੇ ਚਿਹਰੇ ’ਤੇ ਚਿੰਤਾ ਦੀਆਂ ਲਕੀਰਾਂ ਸਾਫ ਦਿਖਾਈ ਦੇ ਰਹੀਆਂ ਸਨ। ਉਸਨੇ ਬੇਨਤੀ ਨਾਲ ਕਿਹਾ, “ਸਰ ਜੀ, ਕਿਰਪਾ ਕਰਕੇ ਥੋੜ੍ਹਾ ਜਲਦੀ ਕਰ ਲਓ, ਮੈਂ ਅੱਗੇ ਇੱਕ ਹੋਰ ਸਵਾਰੀ ਚੁੱਕਣੀ ਹੈ।”
ਸੈਮੀਨਾਰ ਤੋਂ ਪਰਤੇ ਮੇਰੇ ਮਿੱਤਰਾਂ ਨੇ ਉਸਦੀ ਮਜਬੂਰੀ ਸਮਝਣ ਦੀ ਬਜਾਏ ਉਸ ਉੱਤੇ ਰੋਹਬ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਬੋਲ ਤਿੱਖੇ ਅਤੇ ਹੰਕਾਰੀ ਹੋ ਗਏ, “ਓਏ, ਅਸੀਂ ਤੈਨੂੰ ਪੈਸੇ ਦਿੱਤੇ ਨੇ, ਜਿੱਥੇ ਅਸੀਂ ਕਹਾਂਗੇ, ਉੱਥੇ ਹੀ ਖੜ੍ਹਨਾ ਪਵੇਗਾ। ਹਿੱਲ ਕੇ ਤਾਂ ਵਿਖਾ ...” ਗੱਲ ਮਾਮੂਲੀ ਬਹਿਸ ਤੋਂ ਵਧਦੀ ਹੋਈ ਤਲਖ ਕਲਾਮੀ ਤਕ ਜਾ ਪਹੁੰਚੀ। ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ। ਇਹ ਦੇਖ ਕੇ ਮੇਰੇ ਮਨ ਨੂੰ ਜ਼ੋਰਦਾਰ ਝਟਕਾ ਲੱਗਿਆ, ਇਹ ਉਹੀ ਲੋਕ ਹਨ ਜੋ ਕੁਝ ਘੰਟੇ ਪਹਿਲਾਂ ਫਾਸ਼ੀਵਾਦ ਖਿਲਾਫ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਹੁੰਗਾਰਾ ਭਰ ਰਹੇ ਸਨ, ਪਰ ਹੁਣ ਖੁਦ ਇੱਕ ਨਿਮਾਣੇ ਕਿਰਤੀ ਨੂੰ ਆਪਣੀ ਤਾਕਤ ਦਿਖਾ ਰਹੇ ਹਨ। ਮੈਂ ਹੋਰ ਚੁੱਪ ਨਾ ਰਹਿ ਸਕਿਆ ਅਤੇ ਤੁਰੰਤ ਦੋਵਾਂ ਧਿਰਾਂ ਦੇ ਵਿਚਾਲੇ ਜਾ ਕੇ ਖੜ੍ਹ ਗਿਆ। ਮੈਂ ਧੀਮੇ ਪਰ ਠੋਸ ਲਹਿਜੇ ਵਿੱਚ ਪੁੱਛਿਆ, “ਇੱਕ ਗੱਲ ਦੱਸੋ ਮਿੱਤਰੋ, ਅਸੀਂ ਹੁਣੇ ਹੁਣੇ ਕਿੱਥੋਂ ਆ ਰਹੇ ਹਾਂ?”
ਉਨ੍ਹਾਂ ਖਿਝ ਕੇ ਜਵਾਬ ਦਿੱਤਾ, “ਲੁਧਿਆਣੇ ਤੋਂ... ਸੈਮੀਨਾਰ ਵਿੱਚੋਂ।”
ਮੈਂ ਬੜੀ ਸੰਜੀਦਗੀ ਨਾਲ ਆਖਿਆ, “ਸੈਮੀਨਾਰ ਫਾਸ਼ੀਵਾਦ ’ਤੇ ਸੀ, ਪਰ ਅਫਸੋਸ ਕਿ ਅਸੀਂ ਉੱਥੋਂ ਕੁਝ ਵੀ ਨਹੀਂ ਸਿੱਖਿਆ। ਅੱਜ ਅਸੀਂ ਖੁਦ ਉਹੀ ਕੁਝ ਕਰ ਰਹੇ ਹਾਂ, ਜਿਸ ਮਾਨਸਿਕਤਾ ਦਾ ਵਿਰੋਧ ਕਰਨ ਅਸੀਂ ਉੱਥੇ ਗਏ ਸੀ।”
ਮੇਰੀ ਗੱਲ ਸੁਣਦਿਆਂ ਕੁਝ ਪਲਾਂ ਲਈ ਗੂੜ੍ਹੀ ਚੁੱਪ ਪਸਰ ਗਈ। ਹਵਾ ਵਿੱਚ ਇੱਕ ਅਜੀਬ ਜਿਹਾ ਸੰਕੋਚ ਅਤੇ ਨਮੋਸ਼ੀ ਘੁਲ਼ ਗਈ। ਸ਼ਾਇਦ ਸੱਚੀ ਗੱਲ ਸਿੱਧੀ ਕਾਲਜੇ ਵੱਜ ਗਈ ਸੀ। ਹੌਲੀ-ਹੌਲੀ ਮਹਿਫਿਲ ਦਾ ਰੌਂ ਬਦਲਣ ਲੱਗਾ ਅਤੇ ਹੰਕਾਰ ਦੀ ਜਗ੍ਹਾ ਸ਼ਰਮ ਨੇ ਲੈ ਲਈ। ਉਨ੍ਹਾਂ ਨੇ ਡਰਾਈਵਰ ਨੂੰ ਆਪਣੇ ਕੋਲ ਬੁਲਾਇਆ ਅਤੇ ਆਖਿਆ, “ਭਰਾਵਾ, ਸਾਨੂੰ ਮੁਆਫ ਕਰ ਦੇ, ਸਾਡੇ ਤੋਂ ਸੱਚਮੁੱਚ ਵੱਡੀ ਭੁੱਲ ਹੋ ਗਈ ਹੈ।”
ਇਸੇ ਦੌਰਾਨ ਕੁਝ ਸਾਥੀ ਮੇਰੇ ਵੱਲ ਵਧੇ ਅਤੇ ਹੱਥ ਜੋੜ ਕੇ ਕਹਿਣ ਲੱਗੇ, “ਯਾਰ, ਇਸ ਘਟਨਾ ਨੂੰ ਅਗਾਂਹ ਕਿਤੇ ਕਹਾਣੀ ਨਾ ਬਣਾ ਦੇਵੀਂ, ਅਸੀਂ ਅੰਦਰੋਂ ਬਹੁਤ ਸ਼ਰਮਿੰਦੇ ਹਾਂ।”
ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਾਮਾਨ ਸਮੇਟਿਆ ਅਤੇ ਗੱਡੀ ਵਿੱਚ ਜਾ ਬੈਠੇ। ਮੈਂ ਆਪਣੇ ਮੋਟਰਸਾਈਕਲ ਕੋਲ ਖੜ੍ਹਾ ਉਨ੍ਹਾਂ ਨੂੰ ਰਵਾਨਾ ਹੁੰਦਿਆਂ ਦੇਖ ਰਿਹਾ ਸੀ। ਗੱਡੀ ਦੀਆਂ ਖਿੜਕੀਆਂ ਵਿੱਚੋਂ ਹੱਥ ਬਾਹਰ ਕੱਢ ਕੇ ਉਹ ਅਜੇ ਵੀ ਉੱਚੀ ਅਵਾਜ਼ ਵਿੱਚ ਕਹਿ ਰਹੇ ਸਨ, “ਸਾਨੂੰ ਮੁਆਫ ਕਰ ਦੇਵੀਂ ...।”
ਉਸ ਦਿਨ ਮੈਂ ਇੱਕ ਗੱਲ ਜ਼ਰੂਰ ਸਿੱਖੀ ਕਿ ਗਿਆਨ ਸਿਰਫ ਸੁਣਨ ਨਾਲ ਸਾਰਥਿਕ ਨਹੀਂ ਹੁੰਦਾ, ਉਸ ਨੂੰ ਅਮਲ ਵਿੱਚ ਲਿਆਉਣਾ ਹੀ ਅਸਲ ਸਿੱਖਿਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































