KulwantSSanghol7ਅਖੀਰ ਮੈਂ ਕਿਹਾ, “ਜੀ, ਮੈਂ ਉਹ ਜੰਕ ਡੀਲਰ ਵਾਲਾ ਹਾਂ। ...” ਇਹ ਸੁਣਦਿਆਂ ਹੀ ...
(13 ਜੂਨ 2026)


ਜਦੋਂ ਮੈਂ ਦਸਵੀਂ ਜਮਾਤ ਵਿੱਚ ਹੋਇਆ ਤਾਂ ਮੇਰੇ ਬਾਪੂ ਨੇ ਮੈਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਕੁਝ ਵੀ ਹੋਵੇ, ਤੇਰੀ ਫਸਟ ਡਵੀਜਨ ਜ਼ਰੂਰ ਆਉਣੀ ਚਾਹੀਦੀ ਹੈ
ਮੇਰੇ ਬਾਪੂ ਜੀ ਕਿੱਤੇ ਵਜੋਂ ਅਧਿਆਪਕ ਸਨ ਅਤੇ ਪੜ੍ਹਾਈ ਵਿੱਚ ਮੇਰੀ ਕਿਸੇ ਲਾਪਰਵਾਹੀ ਨੂੰ ਉਹ ਬਰਦਾਸ਼ਤ ਨਹੀਂ ਸੀ ਕਰਦੇਬਾਪੂ ਦੀ ਹਦਾਇਤ ਦੀ ਪਾਲਣਾ ਕਰਦਾ ਮੈਂ ਆਪਣਾ ਹੋਮ ਵਰਕ ਕਰਨ ਤੋਂ ਇਲਾਵਾ ਹੋਰ ਵਾਧੂ ਵੀ ਪੜ੍ਹਦਾ ਅਤੇ ਅਧਿਆਪਕਾਂ ਵੱਲੋਂ ਦਿੱਤੇ ਹਰ ਪਾਠ ਨੂੰ ਯਾਦ ਕਰਦਾ ਸਾਡੇ ਅੰਗਰੇਜ਼ੀ ਵਾਲੇ ਅਧਿਆਪਕ ਨੇ ਜੋ ਗਾਈਡ ਸਾਨੂੰ ਲਾਈ ਸੀ, ਉਸ ਵਿੱਚੋਂ ਉਨ੍ਹਾਂ ਨੇ ਕੁਝ ਚੋਣਵੇਂ ਜਿਹੇ ਲੇਖ ਦੱਸਦੇ ਹੋਏ ਤਿਆਰੀ ਕਰਵਾ ਦਿੱਤੀਮੈਂ ਸਾਰੇ ਲੇਖ ਯਾਦ ਕਰ ਲਏ ਜਦੋਂ ਦਸਵੀਂ ਦੇ ਸਲਾਨਾ ਪੇਪਰ ਸ਼ੁਰੂ ਹੋਏ ਤਾਂ ਹਰ ਪੇਪਰ ਤੋਂ ਪਹਿਲਾਂ ਮੇਰੇ ਬਾਪੂ ਜੀ ਮੇਰੇ ਕੋਲੋਂ ਪ੍ਰਸ਼ਨ/ਪਾਠ ਆਦਿ ਸੁਣਕੇ ਮੇਰੀ ਪੇਪਰਾਂ ਦੀ ਕੀਤੀ ਤਿਆਰੀ ਦਾ ਜਾਇਜ਼ਾ ਲੈ ਲੈਂਦੇਜਿਸ ਦਿਨ ਮੈਂ ਅੰਗਰੇਜ਼ੀ ਦਾ ਪੇਪਰ ਦੇਣ ਗਿਆ, ਸਕੂਲ ਵਿੱਚ ਸਾਡੇ ਅੰਗਰੇਜ਼ੀ ਦੇ ਅਧਿਆਪਕ ਨੇ ਜੋ ਤਿਆਰੀ ਕਰਵਾਈ ਗਈ ਸੀ, ਉਸ ਅਨੁਸਾਰ ਪੇਪਰ ਨਾ ਆਇਆਪੇਪਰ ਨੂੰ ਦੇਖਕੇ ਪ੍ਰੀਖਿਆ ਹਾਲ ਵਿੱਚ ਬੈਠੇ ਸਾਰੇ ਵਿਦਿਆਰਥੀ ਖਾਮੋਸ਼ ਹੋਏ ਇੱਕ ਦੂਜੇ ਦੇ ਮੂੰਹਾਂ ਵੱਲ ਦੇਖ ਰਹੇ ਸਨ ਤੇ ਮੈਂ ਚੁੱਪ-ਚਾਪ ਬੈਠਾ ਆਪਣਾ ਪੇਪਰ ਕਰ ਰਿਹਾ ਸੀਕਾਫੀ ਵਿਦਿਆਰਥੀ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਪੇਪਰ ਫੜਾ ਕੇ ਪ੍ਰੀਖਿਆ ਹਾਲ ਵਿੱਚੋਂ ਬਾਹਰ ਚਲੇ ਗਏ ਸਨ ਜਦੋਂ ਮੈਂ ਪੇਪਰ ਦੇਕੇ ਬਾਹਰ ਆਇਆ ਤਾਂ ਸਾਡੇ ਅੰਗਰੇਜ਼ੀ ਦੇ ਅਧਿਆਪਕ ਚਿੰਤਤ ਹੋਏ ਕੁਝ ਵਿਦਿਆਰਥੀਆਂ ਪਾਸੋਂ ਪੇਪਰ ਬਾਰੇ ਜਾਣਕਾਰੀ ਲੈ ਰਹੇ ਸਨ ਅਤੇ ਮੈਂ ਚੁੱਪ-ਚਾਪ ਸਕੂਲ ਤੋਂ ਬਾਹਰ ਆ ਗਿਆ ਸੀ

ਪੇਪਰਾਂ ਤੋਂ ਮਗਰੋਂ ਨਤੀਜਾ ਆਉਣ ’ਤੇ ਜਦੋਂ ਮੈਂ ਫਸਟ ਡਵੀਜਨ ਵਿੱਚ ਪਾਸ ਹੋਇਆ ਤਾਂ ਮੇਰੇ ਬਾਪੂ ਜੀ ਅਤੇ ਪਰਿਵਾਰ ਵਾਲੇ ਬਹੁਤ ਖੁਸ਼ ਹੋਏਕੁਝ ਦਿਨਾਂ ਮਗਰੋਂ ਜਦੋਂ ਮੈਂ ਨਤੀਜਾ ਕਾਰਡ ਲੈਣ ਲਈ ਆਪਣੇ ਸਕੂਲ ਵਿੱਚ ਗਿਆ ਤਾਂ ਅੰਗਰੇਜ਼ੀ ਵਾਲੇ ਅਧਿਆਪਕ, ਜੋ ਕਿ ਸਾਡੀ ਜਮਾਤ ਦੇ ਇੰਚਾਰਜ ਸਨ, ਵਿਦਿਆਰਥੀਆਂ ਨੂੰ ਨਤੀਜੇ ਕਾਰਡ ਵੰਡ ਰਹੇ ਸਨ। ਉਨ੍ਹਾਂ ਦੇ ਦੁਆਲੇ ਵਿਦਿਆਰਥੀਆਂ ਦੀ ਭੀੜ ਸੀ ਮੈਨੂੰ ਦੇਖਣ ਸਾਰ ਉਨ੍ਹਾਂ ਨੇ ਮੇਰਾ ਨਤੀਜਾ ਕਾਰਡ ਕੱਢਿਆ ਅਤੇ ਮੈਨੂੰ ਦਿੰਦਿਆਂ ਕਿਹਾ, “ਸ਼ਾਬਾਸ਼ ਬਈ! ਤੂੰ ਫਸਟ ਡਵੀਜਨ ਵਿੱਚ ਪਾਸ ਹੀ ਨਹੀਂ ਹੋਇਆ ਤੇਰੇ ਤਾਂ ਅੰਗਰੇਜ਼ੀ ਵਿੱਚ ਵੀ ਸਭ ਤੋਂ ਵੱਧ ਨੰਬਰ ਨੇ

ਜਦੋਂ ਉਨ੍ਹਾਂ ਨੇ ਮੈਨੂੰ ਇਸਦਾ ਰਾਜ਼ ਪੁੱਛਿਆ ਤਾਂ ਮੈਂ ਆਪਣੀ ਪੜ੍ਹਾਈ ਵਾਲੀ ਸਾਰੀ ਗੱਲ ਉਨ੍ਹਾਂ ਨੂੰ ਦੱਸ ਦਿੱਤੀਸੁਣਕੇ ਉਹ ਬਹੁਤ ਖੁਸ਼ ਹੋਏ ਅਤੇ ਖੜ੍ਹੇ ਹੋਕੇ ਮੈਨੂੰ ਥਾਪੀ ਦਿੰਦਿਆਂ ਨਤੀਜਾ ਕਾਰਡ ਮੇਰੇ ਹੱਥ ਵਿੱਚ ਫੜਾ ਦਿੱਤਾ

ਉਚੇਰੀ ਪੜ੍ਹਾਈ ਲਈ ਮੈਂ ਆਪਣੇ ਲਾਗਲੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਲੈ ਲਿਆਉਸ ਸਕੂਲ ਦੇ ਪ੍ਰਿੰਸੀਪਲ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨਉਹ ਬਹੁਤ ਹੀ ਸਖਤ ਸੁਭਾਅ ਵਾਲੇ ਸਨ ਅਤੇ ਹਰ ਵੇਲੇ ਇੱਕ ਬੈਂਤ ਦਾ ਡੰਡਾ ਆਪਣੇ ਹੱਥ ਵਿੱਚ ਰੱਖਦੇ ਸਨਉਨ੍ਹਾਂ ਦੀ ਸ਼ਖਸੀਅਤ ਦਾ ਬਹੁਤ ਹੀ ਰੋਹਬ ਸੀ। ਉਹ ਅਕਸਰ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਬਾਰੇ ਪ੍ਰੇਰਣਾ ਭਰਪੂਰ ਤਾੜਨਾ ਕਰਦੇ ਰਹਿੰਦੇ ਸਨਸਾਰੇ ਵਿਦਿਆਰਥੀ ਉਨ੍ਹਾਂ ਦਾ ਭੈਅ ਮੰਨਦੇ ਸਨਪਹਿਲੇ ਦਿਨ ਸਾਰੇ ਵਿਦਿਆਰਥੀਆਂ ਬਾਰੇ ਸੰਖੇਪ ਜਾਣਕਾਰੀ ਲੈਕੇ ਉਨ੍ਹਾਂ ਸਾਨੂੰ ਅੰਗਰੇਜ਼ੀ ਪੜ੍ਹਾਉਣੀ ਸ਼ੁਰੁ ਕਰ ਦਿੱਤੀ ਇੱਕ ਦਿਨ ਪੜ੍ਹਾਉਂਦੇ-ਪੜ੍ਹਾਉਂਦੇ ਉਹ ਪੁੱਛਣ ਲੱਗ ਪਏ, “ਬਈ! ਕਿਸੇ ਨੂੰ ਕਬਾੜੀਏ ਦੀ ਅੰਗਰੇਜ਼ੀ ਪਤਾ ਹੈ? ਸਾਰੀ ਜਮਾਤ ਨੇ ਨੀਵੀਂ ਪਾ ਲਈ ਅਤੇ ਮੈਂ ਵੀ ਆਪਣੀ ਜਮਾਤ ਵਿੱਚ ਪਿੱਛੇ ਬੈਠਾ ਹੋਇਆ ਸੀਉਹ ਆਪਣੇ ਹੱਥ ਵਿੱਚ ਫੜਿਆ ਡੰਡਾ ਲੈਕੇ ਅਜੇ ਖੜ੍ਹੇ ਹੀ ਹੋਣ ਲੱਗੇ ਸਨ ਕਿ ਹੌਲੀ ਦੇਕੇ ਮੇਰੇ ਮੂੰਹੋਂ ਨਿਕਲ ਗਿਆ, “ਜੰਕ ਡੀਲਰ।”

ਮੇਰੇ ਮੂੰਹੋਂ ਨਿਕਲੀ ਅਵਾਜ਼ ਸੁਣਕੇ ਸਾਰੀ ਜਮਾਤ ਗਰਦਨਾਂ ਘੁਮਾਕੇ ਮੇਰੇ ਵੱਲ ਨੂੰ ਦੇਖਣ ਲੱਗ ਪਈਖੜ੍ਹਾ ਹੋ ਬਈ! ਪ੍ਰਿੰਸੀਪਲ ਸਾਹਿਬ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਕਿਹਾਮੈਂ ਡਰਦਾ-ਡਰਦਾ ਖੜ੍ਹਾ ਹੋ ਗਿਆ ਅਤੇ ਉਹ ਹੱਥ ਵਿੱਚ ਫੜਿਆ ਡੰਡਾ ਲੈਕੇ ਮੇਰੇ ਕੋਲ ਨੂੰ ਆ ਗਏਸਾਰੀ ਕਲਾਸ ਡਰੀ ਹੋਈ ਚੁੱਪ-ਚਾਪ ਬੈਠੀ ਹੋਈ ਸੀਸਭ ਨੂੰ ਲਗਦਾ ਸੀ ਕਿ ਅੱਜ ਮੇਰੀ ਸ਼ਾਮਤ ਆਈਪਰ ਪ੍ਰਿੰਸੀਪਲ ਸਾਹਿਬ ਨੇ ਡੰਡੇ ਸਮੇਤ ਮੇਰੇ ਮੋਢੇ ’ਤੇ ਹੱਥ ਧਰਦਿਆਂ ਕਿਹਾ, “ਤੂੰ ਮੈਨੂੰ ਹੁਸ਼ਿਆਰ ਲੱਗਦੈਂ।”

ਮੇਰੇ ਬੋਲਾਂ ਨਾਲ ਆਪਣੀ ਸਹਿਮਤੀ ਦੇਕੇ ਉਨ੍ਹਾਂ ਮੈਨੂੰ ਸ਼ਾਬਾਸ਼ ਦਿੰਦਿਆਂ ਬੈਠਣ ਲਈ ਕਹਿ ਦਿੱਤਾਰੱਬ-ਸਬੱਬੀਂ ਪੜ੍ਹਾਈ ਕਰਦਿਆਂ ਹੀ ਮੇਰੀ ਦਸਵੀਂ ਵਿੱਚ ਆਈ ਫਸਟ ਡਵੀਜਨ ਸਦਕਾ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਅਤੇ ਮੈਂ ਨੌਕਰੀ ਦੇ ਨਾਲ-ਨਾਲ ਉੱਚੇਰੀ ਪੜ੍ਹਾਈ ਵੀ ਕਰਦਾ ਰਿਹਾ

ਕਾਫੀ ਲੰਮੇ ਸਮੇਂ ਮਗਰੋਂ ਇੱਕ ਦਿਨ ਅਚਾਨਕ ਪ੍ਰਿੰਸੀਪਲ ਸਾਹਿਬ ਮੇਰੇ ਦਫਤਰ ਚੰਡੀਗੜ੍ਹ ਵਿਖੇ ਕਿਸੇ ਕੰਮ ਲਈ ਆਏਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮੈਂ ਉਨ੍ਹਾਂ ਨੂੰ ਪਛਾਣ ਲਿਆ ਅਤੇ ਬਹੁਤ ਆਦਰ ਸਤਿਕਾਰ ਦਿੰਦਿਆਂ ਉਨ੍ਹਾਂ ਦੀ ਖਾਤਰਦਾਰੀ ਕੀਤੀ

ਲੰਮਾ ਸਮਾਂ ਬੀਤਣ ਕਰਕੇ ਮੇਰਾ ਮੁਹਾਂਦਰਾ ਕਾਫੀ ਬਦਲ ਗਿਆ ਸੀ। ਪ੍ਰਿੰਸੀਪਲ ਸਾਹਿਬ ਵੀ ਵਡੇਰੀ ਉਮਰ ਦੇ ਹੋ ਗਏ ਸਨ। ਉਹ ਮੈਨੂੰ ਪਛਾਣ ਨਾ ਸਕੇਮੈਂ ਖੁਦ ਆਪਣਾ ਤੁਆਰਫ ਉਨ੍ਹਾਂ ਨੂੰ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਸੀ ਆ ਰਿਹਾਅਖੀਰ ਮੈਂ ਕਿਹਾ, “ਜੀ, ਮੈਂ ਉਹ ਜੰਕ ਡੀਲਰ ਵਾਲਾ ਹਾਂ। ...” ਇਹ ਸੁਣਦਿਆਂ ਹੀ ਉਨ੍ਹਾਂ ਨੂੰ ਝੱਟ ਯਾਦ ਆ ਗਿਆ ਅਤੇ ਉਹ ਝਟਪਟ ਉੱਠੇ, ਆਪਣੀਆਂ ਬਾਹਾਂ ਨਾਲ ਮੇਰੇ ਮੋਢੇ ਨੂੰ ਘੁੱਟਕੇ ਜੱਫੀ ਪਾਉਂਦਿਆਂ ਉਨ੍ਹਾਂ ਕਿਹਾ, “ਬੱਲੇ ਉਏ ਸ਼ੇਰਾ!”

ਹੁਣ ਉਨ੍ਹਾਂ ਨੂੰ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ਸਨ

ਮੇਰੇ ਬਾਪੂ ਜੀ ਅਤੇ ਪ੍ਰਿੰਸੀਪਲ ਸਾਹਿਬ ਬੇਸ਼ਕ ਇਸ ਜਹਾਨੋਂ ਕੂਚ ਕਰ ਗਏ ਹਨ ਪਰ ਫਸਟ ਡਵੀਜਨ ਕਾਰਨ ਮਿਲੀ ਸਰਕਾਰੀ ਨੌਕਰੀ ਅਤੇ ਉਸ ਤੋਂ ਮਗਰੋਂ ਨਸੀਬ ਹੋਏ ਉੱਚੇ ਅਹੁਦੇ ’ਤੇ ਬੈਠਿਆਂ ਹੋਇਆਂ ਮੈਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਵਾਲੀਆਂ ਇਨ੍ਹਾਂ ਦੋਵਾਂ ਸ਼ਖਸੀਅਤਾਂ ਦੀ ਯਾਦ ਕਦੇ ਨਹੀਂ ਭੁੱਲੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕੁਲਵੰਤ ਸਿੰਘ ਸੰਘੋਲ

ਕੁਲਵੰਤ ਸਿੰਘ ਸੰਘੋਲ

Sanghol, Fatehgarh Sahib, Punjab, India.
WhataApp: (91 - 75289 - 26135)
Email: (singhkulwant2135@gmail.com)