“ਸ਼ਾਮ ਤਕ ਅਸਲਮ ਨੇ ਸਾਰੀਆਂ ਗੁਲੇਲਾਂ ਵੇਚ ਦਿੱਤੀਆਂ। ਬੇਸ਼ਕ ਅਸਲਮ ਨੂੰ ਪਟਾਕੇ ...”
(4 ਜੂਨ 2026)
ਸਕੂਲ ਵਿੱਚ ਪੜ੍ਹਦਿਆਂ ਨਤੀਜਾ ਆਉਣ ’ਤੇ ਜਦੋਂ ਮੈਂ ਅੱਠਵੀਂ ਜਮਾਤ ਵਿੱਚ ਹੋਇਆ ਤਾਂ ਮੈਂ ਆਪਣੀਆਂ ਪੁਰਾਣੀਆਂ ਕਾਪੀਆਂ ਕਿਤਾਬਾਂ ਰੱਦੀ ਵਿੱਚ ਵੇਚਣ ਲਈ ਇਕੱਠੀਆਂ ਕਰ ਲਈਆਂ। ਸਾਡੇ ਪਿੰਡ ਵਿੱਚ ਇੱਕ ਰੌਣਕੀ ਰਾਮ ਨਾਮ ਦਾ ਬ੍ਰਾਹਮਣ ਕਰਿਆਨੇ ਦੀ ਹੱਟੀ ਕਰਦਾ ਸੀ। ਉਸਦੀ ਹੱਟੀ ਵਿੱਚ ਕੋਈ ਜ਼ਿਆਦਾ ਸਮਾਨ ਨਹੀਂ ਸੀ, ਬੱਸ ਬੱਚਿਆਂ ਲਈ ਸੰਤਰੇ ਦੀਆਂ ਗੋਲੀਆਂ, ਨਮਕੀਨ ਪਕੌੜੀਆਂ, ਬਿਸਕੁਟ ਆਦਿ ਤੋਂ ਇਲਾਵਾ ਘਰਾਂ ਵਿੱਚ ਰੁਜ਼ਾਨਾ ਵਰਤੋਂ ਵਾਲੀਆਂ ਨਿੱਕੀਆਂ-ਮੋਟੀਆਂ ਚੀਜ਼ਾਂ ਹੀ ਸਨ। ਰੌਣਕੀ ਰਾਮ ਬਹੁਤ ਹੀ ਰਹਿਮ ਦਿਲ ਅਤੇ ਚੰਗਾ ਇਨਸਾਨ ਸੀ। ਉਹ ਗਾਹਕਾਂ ਨੂੰ ਕਾਗਜ਼ ਦੇ ਟੁਕੜਿਆਂ ਜਾਂ ਲਿਫਾਫਿਆਂ ਵਿੱਚ ਪਾਕੇ ਚੀਜ਼ਾਂ ਦਿਆ ਕਰਦਾ ਸੀ, ਇਸ ਲਈ ਪੁਰਾਣੀਆਂ ਕਿਤਾਬਾਂ ਅਤੇ ਕਾਪੀਆਂ ਦੀ ਰੱਦੀ ਉਹ ਅਕਸਰ ਲੈਂਦਾ ਸੀ। ਜਦੋਂ ਮੈਂ ਆਪਣੀਆਂ ਇਕੱਠੀਆਂ ਕੀਤੀਆਂ ਪੁਰਾਣੀਆਂ ਕਾਪੀਆਂ ਕਿਤਾਬਾਂ ਚੁੱਕਕੇ ਉਹਦੀ ਹੱਟੀ ਵੱਲ ਜਾਣ ਲੱਗਾ ਤਾਂ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਕਿਉਂ ਨਾ ਇਨ੍ਹਾਂ ਦੇ ਲਿਫਾਫੇ ਬਣਾਕੇ ਵੇਚੇ ਜਾਣ। ਰੱਦੀ ਵੇਚਣ ਨਾਲੋਂ ਲਿਫਾਫੇ ਬਣਾਕੇ ਵੇਚਣ ’ਤੇ ਕੁਝ ਵੱਧ ਪੈਸੇ ਮਿਲ ਜਾਣ ਦੀ ਆਸ ਵਿੱਚ ਮੈਂ ਲਿਫਾਫੇ ਬਣਾਉਣ ਦੀ ਵਿਉਂਤ ਬਣਾ ਲਈ। ਮੈਂ ਕੁਝ ਆਟਾ ਬਾਟੀ ਵਿੱਚ ਪਾ ਕੇ ਘੋਲ ਲਿਆ ਅਤੇ ਅੱਗ ਉੱਤੇ ਰੱਖ ਕੇ ਪਕਾ ਕੇ ਲੇਟੀ ਬਣਾ ਲਈ। ਕਾਪੀਆਂ ਕਿਤਾਬਾਂ ਉਧੇੜਕੇ ਉਸ ਲੇਟੀ ਨਾਲ ਲਿਫਾਫੇ ਤਿਆਰ ਕਰ ਲਏ। ਲਿਫਾਫੇ ਸੁੱਕਣ ਉਪਰੰਤ ਅਗਲੇ ਦਿਨ ਮੈਂ ਲਿਫਾਫੇ ਚੁੱਕਕੇ ਰੌਣਕੀ ਰਾਮ ਦੀ ਹੱਟੀ ਪੁੱਜ ਗਿਆ। ਜਦੋਂ ਮੈਂ ਉਸਨੂੰ ਲਿਫਾਫੇ ਦੇਣ ਲੱਗਾ ਤਾਂ ਉਹ ਪਹਿਲਾਂ ਤਾਂ ਮੇਰੇ ਬਣਾਏ ਲਿਫਾਫੇ ਦੇਖਕੇ ਹੱਸਿਆ ਅਤੇ ਫਿਰ ਉਸਨੇ ਲਿਫਾਫੇ ਫੜਕੇ ਰੱਖ ਲਏ ਅਤੇ ਆਪਣੇ ਲੋਹੇ ਦੇ ਗੱਲੇ ਵਿੱਚੋਂ ਪੰਜੀਆਂ, ਦਸੀਆਂ ਅਤੇ ਚਵਾਨੀਆਂ, ਦੁਆਨੀਆਂ ਇਕੱਠੀਆਂ ਕਰਕੇ ਕੁੱਲ ਡੇਢ ਰੁਪਈਆ ਮੇਰੀ ਤਲੀ ਉੱਤੇ ਧਰ ਦਿੱਤਾ। ਮੈਂ ਉਹ ਪੈਸਿਆਂ ਦੀ ਭਾਨ ਲੈ ਕੇ ਘਰ ਆ ਵੜਿਆ ਅਤੇ ਆਪਣੇ ਕਮਾਏ ਪੈਸਿਆਂ ਵਿੱਚੋਂ ਸ਼ਾਮ ਤਕ ਪੰਜਾਹ ਪੈਸੇ ਦੀਆਂ ਰੌਣਕੀ ਦੀ ਹੱਟੀ ਜਾਕੇ ਸੰਤਰੇ ਦੀਆਂ ਗੋਲੀਆਂ ਅਤੇ ਪਕੌੜੀਆਂ ਲੈਕੇ ਖਾ ਲਈਆਂ ਅਤੇ ਇੱਕ ਰੁਪਈਏ ਦੀ ਭਾਨ ਆਪਣੀ ਮਿੱਟੀ ਦੀ ਗੋਲਕ ਵਿੱਚ ਪਾ ਲਈ।
ਪਿੰਡ ਦਾ ਹੀ ਇੱਕ ਮੁਸਲਮਾਨਾਂ ਦਾ ਮੁੰਡਾ ਅਸਲਮ ਮੇਰਾ ਜਮਾਤੀ ਸੀ। ਉਸ ਨਾਲ ਮੇਰੀ ਦੋਸਤੀ ਸੀ। ਉਹ ਬਹੁਤ ਹੀ ਜਗਾੜੂ ਜਿਹਾ ਸੀ। ਉਨ੍ਹਾਂ ਆਪਣੇ ਘਰ ਮੱਝੀਆਂ ਰੱਖੀਆਂ ਹੋਈਆਂ ਸਨ। ਨਿੱਕੀ ਉਮਰੇ ਹੀ ਉਸਨੇ ਮੱਝਾਂ ਦੇ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਸਨ। ਉਹਦਾ ਅੱਬਾ ਸ਼ਰਾਬੀ ਸੀ ਅਤੇ ਉਹਦੀ ਅੰਮੀ ਵੀ ਬਹੁਤ ਹੀ ਬੜਬੋਲੀ ਜਿਹੀ ਸੀ, ਜਿਸ ਕਰਕੇ ਮੇਰੇ ਘਰ ਵਾਲੇ ਅਸਲਮ ਦੇ ਨਾਲ ਮੇਰੀ ਦੋਸਤੀ ਨੂੰ ਚੰਗਾ ਨਹੀਂ ਸਮਝਦੇ ਸਨ। ਮੇਰਾ ਬਾਪੂ ਤਾਂ ਜਦੋਂ ਕਦੇ ਮੈਨੂੰ ਅਸਲਮ ਨਾਲ ਘੁੰਮਦਿਆਂ ਦੇਖ ਲੈਂਦਾ ਸੀ ਤਾਂ ਮੈਨੂੰ ਬਹੁਤ ਕੁੱਟਦਾ ਸੀ। ਸ਼ਾਇਦ ਉਨ੍ਹਾਂ ਦੇ ਮਨ ਵਿੱਚ ਇਹ ਡਰ ਸੀ ਕਿ ਮਾੜੀ ਸੰਗਤ ਨਾਲ ਮੈਂ ਵਿਗੜ ਜਾਵਾਂਗਾ।
ਸਕੂਲ ਤੋਂ ਜਿਸ ਦਿਨ ਛੁੱਟੀ ਹੁੰਦੀ ਅਸਲਮ ਦੇ ਘਰਵਾਲੇ ਉਸਨੂੰ ਮੱਝੀਆਂ ਚਾਰਨ ਲਈ ਭੇਜ ਦਿੰਦੇ। ਅਸਲਮ ਨੂੰ ਮਿਲਣ ਦਾ ਬਹਾਨਾ ਬਣਾਉਂਦਿਆਂ ਮੈਂ ਵੀ ਆਪਣੀ ਮੱਝ ਚਾਰ ਲਿਆਉਣ ਲਈ ਆਪਣੇ ਘਰਦਿਆਂ ਦੀ ਸਹਿਮਤੀ ਲੈ ਲੈਂਦਾ। ਮੈਂ ਅਤੇ ਅਸਲਮ ਦੋਵੇਂ ਪਿੰਡ ਦੇ ਟੋਭੇ ਦੇ ਨੇੜੇ ਚਰਾਂਦ ਵਿੱਚ ਇਕੱਠੇ ਹੋਕੇ ਮੱਝਾਂ ਚਾਰਦੇ। ਜਦੋਂ ਕਦੇ ਮੱਝਾਂ ਚੁਗਦੀਆਂ ਚੁਗਦੀਆਂ ਦੂਰ ਚਲੀਆਂ ਜਾਂਦੀਆਂ ਤਾਂ ਅਸੀਂ ਵਾਰੀ ਵਾਰੀ ਮੱਝਾਂ ਦਾ ਮੋੜਾ ਲਾਉਂਦੇ ਨੇੜੇ ਕਰ ਲਿਆ ਕਰਦੇ ਅਤੇ ਟੋਭੇ ਦੇ ਕਿਨਾਰੇ ਖੜ੍ਹੇ ਪਿੱਪਲ ਅਤੇ ਬੋਹੜ ਥੱਲੇ ਬਹਿ ਕੇ ਗੱਲਾਂ ਕਰਦੇ ਰਹਿੰਦੇ। ਜਦੋਂ ਮੱਝਾਂ ਚਰਕੇ ਰੱਜ ਜਾਂਦੀਆਂ ਤਾਂ ਉਨ੍ਹਾਂ ਨੂੰ ਟੋਭੇ ਵਿੱਚ ਵਾੜ ਦਿੰਦੇ। ਗਰਮੀਆਂ ਦੀ ਰੁੱਤੇ ਮੱਝਾਂ ਨੂੰ ਟੋਭੇ ਵਿੱਚ ਬੈਠਕੇ ਬਹੁਤ ਆਰਾਮ ਮਿਲਦਾ ਸੀ, ਇਸ ਲਈ ਉਹ ਬਾਹਰ ਨਿਕਲਣ ਦਾ ਨਾਮ ਹੀ ਨਹੀਂ ਸੀ ਲੈਂਦੀਆਂ। ਅਸਲਮ ਦੇ ਹੱਥ ਵਿੱਚ ਇੱਕ ਲੱਕੜ ਦੀ ਛੋਟੀ ਜਿਹੀ ਗੁਲੇਲ ਹੁੰਦੀ ਅਤੇ ਉਹ ਗੁਲੇਲ ਨਾਲ ਨਿਸ਼ਾਨਾ ਲਾ ਕੇ ਮੱਝਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਅਤੇ ਜਦੋਂ ਕਦੇ ਸਫਲ ਨਾ ਹੁੰਦਾ ਤਾਂ ਝਟਪਟ ਆਪਣੇ ਕੱਪੜੇ ਲਾਹਕੇ ਪਾਣੀ ਵਿੱਚ ਕੁੱਦ ਜਾਂਦਾ ਅਤੇ ਮੱਝਾਂ ਨੂੰ ਮਲ-ਮਲਕੇ ਨਹਾਉਂਦਿਆਂ ਆਪ ਵੀ ਤਾਰੀਆਂ ਲਾ ਲੈਂਦਾ। ਪਰ ਮੈਨੂੰ ਪਾਣੀ ਨੂੰ ਦੇਖਕੇ ਬਹੁਤ ਹੀ ਡਰ ਆਉਂਦਾ ਸੀ। ਮੈਂ ਕਈ ਵਾਰ ਹੌਸਲਾ ਕਰਕੇ ਟੋਭੇ ਵਿੱਚ ਵੜਨ ਦੀ ਕੋਸ਼ਿਸ਼ ਕਰਦਾ ਪਰ ਥੋੜ੍ਹੀ ਕੁ ਪਾਣੀ ਵਿੱਚ ਜਾਕੇ ਵਾਪਸ ਮੁੜ ਆਉਂਦਾ।
ਇੱਕ ਦਿਨ ਮੱਝਾਂ ਚਾਰਦਿਆਂ ਹੋਇਆ ਜੁਗਾੜੀ ਸੁਭਾਅ ਦੇ ਮਾਲਕ ਅਸਲਮ ਨੇ ਟੋਭੇ ਦੇ ਕਿਨਾਰੇ ਖੜ੍ਹੇ ਅੱਕ ਦੇ ਕਾਫੀ ਸਾਰੇ ਮੋਟੇ ਅਤੇ ਦਰਮਿਆਨੇ ਜਿਹੇ ਡੰਡੇ ਤੋੜ ਲਏ। “ਇਨ੍ਹਾਂ ਦਾ ਕੀ ਕਰਨੈ?” ਮੈਂ ਪੁੱਛਿਆ।
“ਗੁਲੇਲਾਂ ਬਣਾਊਂਗਾ।” ਉਹ ਬੋਲਿਆ। ਉਹਨੇ ਪਿੰਡ ਦੀ ਹੀ ਇੱਕ ਸਾਈਕਲਾਂ ਵਾਲੀ ਦੁਕਾਨ ਦੇ ਬਾਹਰ ਖਿੰਡੀਆਂ ਹੋਈ ਸਾਈਕਲਾਂ ਦੇ ਚੱਕਿਆਂ ਦੀਆਂ ਪੁਰਾਣੀਆਂ ਤਾਰਾਂ ਇਕੱਠੀਆਂ ਕਰ ਲਈਆਂ ਅਤੇ ਸਾਈਕਲ ਦੀ ਪੁਰਾਣੀ ਟਿਊਬ ਨੂੰ ਕੱਟਕੇ ਰਬੜਾਂ ਬਣਾ ਲਈਆਂ। ਆਪਣੇ ਜੁਗਾੜ ਨਾਲ ਉਹਨੇ ਅੱਕ ਦੇ ਲਗਭਗ ਇੱਕ ਫੁੱਟ ਦੇ ਬਰਾਬਰ ਦੇ ਟੋਟੇ ਕਰ ਲਏ ਅਤੇ ਉਨ੍ਹਾਂ ਵਿੱਚ ਤਾਰ ਨਾਲ ਸੁਰਾਖ ਕਰਕੇ ਆਪਣੀ ਵਿਉਂਤਬੰਦੀ ਨਾਲ ਤਾਰ ਅਤੇ ਰਬੜ ਦੀ ਵਰਤੋਂ ਕਰਕੇ ਗੁਲੇਲ ਤਿਆਰ ਕਰ ਲਈ। ਸੱਚਮੁੱਚ ਇਹ ਉਹਦੀ ਅਜੀਬ ਕਾਰੀਗਰੀ ਸੀ।
ਉਸਨੇ ਮੈਨੂੰ ਦੱਸਿਆ ਕਿ ਇਸ ਵਾਰੀ ਮੈਂ ਪਿੰਡ ਦੇ ਮੇਲੇ ’ਤੇ ਆਪਣੀਆਂ ਬਣਾਈਆਂ ਗੁਲੇਲਾਂ ਵੇਚੂੰਗਾ, ਤੂੰ ਵੀ ਮੇਰੇ ਨਾਲ ਚੱਲੀ। ਉਹਦੀ ਗੱਲ ਮੈਨੂੰ ਭਾਅ ਗਈ। ਉਹਦੀ ਬਣਾਈ ਗੁਲੇਲ ਵਿੱਚ ਇੱਕ ਪਟਾਕਾ ਫਿੱਟ ਕਰਨਾ ਹੁੰਦਾ ਸੀ। ਸਾਈਕਲ ਦੀ ਪੁਰਾਣੀ ਟਿਊਬ ਨੂੰ ਕੱਟਕੇ ਬਣਾਈ ਰਬੜ ਦੇ ਨਾਲ ਤਾਰ ਨੂੰ ਖਿੱਚਣਾ ਹੁੰਦਾ। ਤਾਰ ਉੱਤੇ ਲੱਗਿਆ ਨਿੱਪਲ ਜਦੋਂ ਪਟਾਕੇ ਉੱਤੇ ਵੱਜਦਾ ਤਾਂ ਗੁਲੇਲ ਚੱਲਣ ’ਤੇ ਆਵਾਜ਼ ਆਉਂਦੀ। ਅਸਲਮ ਦਾ ਜੁਗਾੜ ਬਹੁਤ ਹੀ ਵਧੀਆ ਸੀ। ਉਸ ਵਿਚਾਰੇ ਕੋਲ ਪਟਾਕਿਆਂ ਜੋਗੇ ਪੈਸੇ ਨਹੀਂ ਸਨ। ਮੈਨੂੰ ਯਾਦ ਆਇਆ ਕਿ ਮੇਰੀ ਗੋਲਕ ਵਿੱਚ ਲਿਫਾਫਿਆਂ ਦੇ ਵੱਟੇ ਹੋਏ ਪੈਸੇ ਪਏ ਹਨ। ਘਰਦਿਆਂ ਤੋਂ ਚੋਰੀ ਹੌਲੀ-ਹੌਲੀ ਮੈਂ ਉਹ ਪੈਸੇ ਕੱਢਕੇ ਅਸਲਮ ਨੂੰ ਦੇ ਦਿੱਤੇ ਅਤੇ ਉਸਨੇ ਪਟਾਕੇ ਖਰੀਦ ਲਏ। ਉਸਨੇ ਮੈਨੂੰ ਆਪਣਾ ਭਾਈਵਾਲ ਬਣਾਉਂਦਿਆਂ ਕਿਹਾ ਕਿ ਆਪਾਂ ਰਲਕੇ ਵੇਚਾਂਗੇ ਗੁਲੇਲਾਂ, ਜੋ ਵੱਟਕ ਹੋਈ ਉਸ ਵਿੱਚੋਂ ਅੱਧ ਤੇਰਾ। ਬੇਸ਼ਕ ਅਸਲਮ ਦੇ ਨਾਲ ਮੇਲੇ ਵਿੱਚ ਗੁਲੇਲਾਂ ਵੇਚਣ ਦਾ ਮੈਨੂੰ ਵੱਖਰਾ ਹੀ ਚਾਅ ਸੀ ਪਰ ਮੈਂ ਸੋਚਦਾ, ਜੇਕਰ ਮੇਰੇ ਬਾਪੂ ਨੇ ਮੈਨੂੰ ਅਸਲਮ ਨਾਲ ਦੇਖ ਲਿਆ ਤਾਂ ਕੁੱਟ ਪਵੇਗੀ। ਬਾਪੂ ਦੀ ਕੁੱਟ ਦਾ ਡਰ ਮੇਰੇ ਗੁਲੇਲਾਂ ਵੇਚਣ ਦੇ ਚਾਅ ਨੂੰ ਫਿੱਕਾ ਪਾ ਦਿੰਦਾ।
ਖੈਰ! ਮੇਲੇ ਵਾਲੇ ਦਿਨ ਅਸਲਮ ਵੱਲੋਂ ਨਿਸ਼ਚਿਤ ਕੀਤੀ ਗਈ ਥਾਂ ’ਤੇ ਮੈਂ ਵੀ ਪੁੱਜ ਗਿਆ ਪਰ ਮੇਰੇ ਤੋਂ ਪਹਿਲਾਂ ਹੀ ਅਸਲਮ ਬੋਰੀ ਵਿਛਾਕੇ ਬੈਠਾ ਹੋਇਆ ਸੀ ਅਤੇ ਉੱਥੇ ਖੜ੍ਹੇ ਸਰਕੰਡਿਆਂ ਜਿਹਾਂ ਦੇ ਨਾਲ ਉਸਨੇ ਇੱਕ ਪੁਰਾਣੀ ਜਿਹੀ ਬਾਣ ਦੀ ਰੱਸੀ ਬੰਨ੍ਹਕੇ ਉਹਦੇ ਉੱਤੇ ਆਪਣੀਆਂ ਬਣਾਈਆਂ ਗੁਲੇਲਾਂ ਟੰਗੀਆਂ ਹੋਈਆਂ ਸਨ। ਅਸਲਮ ਪੂਰਾ ਦੁਕਾਨਦਾਰ ਬਣਿਆ ਬੈਠਾ ਸੀ। ਮੈਂ ਅਸਲਮ ਕੋਲ ਉਸਦਾ ਭਾਈਵਾਲ ਬਣਕੇ ਨਹੀਂ ਸਗੋਂ ਗਾਹਕਾਂ ਦੀ ਤਰ੍ਹਾਂ ਹੀ ਗੁਲੇਲਾਂ ਨੂੰ ਹੱਥ ਲਾ ਲਾਕੇ ਦੇਖਣ ਲੱਗਾ, ਇਸ ਡਰ ਤੋਂ ਕਿ ਕਿਤੇ ਕੋਈ ਮੇਲੇ ’ਤੇ ਆਇਆ ਮੇਰੇ ਪਰਿਵਾਰ ਦਾ ਮੈਂਬਰ ਜਾਂ ਜਾਣ-ਪਛਾਣ ਵਾਲਾ ਮੈਨੂੰ ਦੇਖ ਨਾ ਲਵੇ ਅਤੇ ਮੇਰੀ ਅਤੇ ਅਸਲਮ ਦੀ ਭਾਈਵਾਲੀ ਦਾ ਪਤਾ ਲੱਗਣ ’ਤੇ ਇਸ ਬਾਰੇ ਮੇਰੇ ਬਾਪੂ ਨੂੰ ਨਾ ਦੱਸ ਦੇਵੇ। ਆਪਣੇ ਇਸੇ ਡਰ ਕਰਕੇ ਮੈਂ ਥੋੜ੍ਹਾ ਜਿਹਾ ਚਿਰ ਅਸਲਮ ਕੋਲ ਖੜ੍ਹਕੇ ਗੁਲੇਲਾਂ ਨੂੰ ਹਿਲਾ ਹਿਲਾਕੇ ਦੇਖਦਾ ਅਤੇ ਆਪਣੀ ਭਾਈਵਾਲੀ ਵਾਲਾ ਪ੍ਰਭਾਵ ਦਿੰਦਾ ਹੋਇਆ ਮੁੜ ਬਾਪੂ ਦੇ ਡਰ ਨੂੰ ਯਾਦ ਕਰਕੇ ਮੇਲੇ ਦਾ ਚੱਕਰ ਲਾਉਣ ਤੁਰ ਜਾਂਦਾ। ਵਿਚਾਰਾ ਅਸਲਮ ਮੇਰੇ ਆਉਂਦੇ ਨੂੰ ਇੱਕ ਅੱਧ ਗੁਲੇਲ ਵੇਚ ਦਿਆ ਕਰਦਾ। ਸ਼ਾਮ ਤਕ ਅਸਲਮ ਨੇ ਸਾਰੀਆਂ ਗੁਲੇਲਾਂ ਵੇਚ ਦਿੱਤੀਆਂ। ਬੇਸ਼ਕ ਅਸਲਮ ਨੂੰ ਪਟਾਕੇ ਖਰੀਦਣ ਲਈ ਇੱਕ ਰੁਪਈਆ ਦੇਣ ਤੋਂ ਬਗੈਰ ਗੁਲੇਲਾਂ ਬਣਾਉਣ ਜਾਂ ਵੇਚਣ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਸੀ ਪਰ ਅਸਲਮ ਨੇ ਵੱਟੇ ਹੋਏ ਪੈਸਿਆਂ ਵਿੱਚੋਂ ਅੱਧੇ ਪੈਸੇ ਮੈਨੂੰ ਦੇਕੇ ਆਪਣੀ ਇਮਾਨਦਾਰੀ ਅਤੇ ਪੱਕੀ ਦੋਸਤੀ ਦੀ ਮਿਸਾਲ ਪੈਦਾ ਕਰ ਦਿੱਤੀ ਸੀ।
ਅਸਲਮ ਨੇ ਜੋ ਪੈਸੇ ਮੈਨੂੰ ਦਿੱਤੇ, ਉਹ ਭਾਵੇਂ ਮੈਂ ਗਿਣੇ ਨਹੀਂ ਸਨ ਪਰ ਮੇਰੇ ਵੱਲੋਂ ਅਸਲਮ ਨੂੰ ਪਟਾਕੇ ਖਰੀਦਣ ਲਈ ਦਿੱਤੇ ਇੱਕ ਰੁਪਈਆ ਤੋਂ ਕਈ ਗੁਣਾ ਜ਼ਿਆਦਾ ਸਨ। ਮੈਂ ਆਪਣੀ ਜੇਬ ਵਿੱਚ ਪੈਸੇ ਪਾਕੇ ਮੇਲੇ ਵਿੱਚ ਕੁਝ ਖਰਚ ਕੀਤੇ ਬਗੈਰ ਆਪਣੇ ਘਰ ਆ ਗਿਆ ਅਤੇ ਮੇਰੀ ਭਰੀ ਜੇਬ ਵਿੱਚ ਪੰਜੀਆਂ, ਦੱਸੀਆਂ, ਚਵਾਨੀਆਂ, ਅਠਿਆਨੀਆਂ ਖੜਕਦੀਆਂ ਦੇਖਕੇ ਮੇਰੀ ਬੇਬੇ ਨੇ ਪੁੱਛ ਲਿਆ,“ਐਨੇ ਪੈਸੇ ਕਿੱਥੋਂ ਲਏ ਨੇ।”
ਮੈਂ ਸਾਰੀ ਗੱਲ ਆਪਣੀ ਬੇਬੇ ਅਤੇ ਬਾਪੂ ਨੂੰ ਸੱਚੋ-ਸੱਚ ਦੱਸ ਦਿੱਤੀ। ਮੇਰੀ ਕਮਾਈ ਵਾਲੀ ਗੱਲ ਸੁਣਕੇ ਉਹ ਹੱਸ ਪਏ ਅਤੇ ਫਿਰ ਮੈਂ ਆਪਣੀ ਗੋਲਕ ਚੁੱਕਕੇ ਉਸ ਵਿੱਚ ਗਿਣ-ਗਿਣਕੇ ਪੈਸੇ ਪਾਉਣ ਲੱਗ ਪਿਆ। ਉਸ ਦਿਨ ਤੋਂ ਬਾਅਦ ਮੇਰੀ ਬੇਬੇ ਅਤੇ ਬਾਪੂ ਨੇ ਮੈਨੂੰ ਕਦੇ ਵੀ ਅਸਲਮ ਦੇ ਨਾਲ ਜਾਣ ਤੋਂ ਨਹੀਂ ਰੋਕਿਆ।
ਅਸਲਮ ਨਾਲ ਪਾਈ ਯਾਰੀ ਨੇ ਮੈਨੂੰ ਜਿੱਥੇ ਜ਼ਿੰਦਗੀ ਜਿਊਣ ਦਾ ਹੁਨਰ ਸਿਖਾਇਆ, ਉੱਥੇ ਬੱਚਤ ਕਰਨ ਦੀ ਆਦਤ ਵੀ ਪਾ ਦਿੱਤੀ। ਬੇਸ਼ਕ ਅਸਲਮ ਮੇਰੇ ਮੁਕਾਬਲੇ ਚੰਗੀ ਵਿੱਦਿਆ ਪ੍ਰਾਪਤ ਕਰਕੇ ਕਿਸੇ ਉੱਚੇ ਅਹੁਦੇ ’ਤੇ ਨਾ ਪੁੱਜ ਸਕਿਆ ਪਰ ਆਪਣੀ ਮਿਹਨਤ, ਇਮਾਨਦਾਰੀ ਅਤੇ ਚੰਗੇ ਵਿਵਹਾਰ ਦੇ ਬਲਬੂਤੇ ’ਤੇ ਉਹ ਮੱਝਾਂ ਦਾ ਇੱਕ ਨਾਮੀ ਅਤੇ ਅਮੀਰ ਵਪਾਰੀ ਬਣ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

















































































































