“ਦਾਦੇ ਦੀ ਹਦਾਇਤ ’ਤੇ ਮੈਂ ਰਾਤ ਦੀ ਰੋਟੀ ਖਾਕੇ ਹੱਥ ਵਿੱਚ ਸੋਟੀ ਅਤੇ ਬੈਟਰੀ ਲੈਕੇ ...”
(6 ਅਪਰੈਲ 2026)
ਇਹ ਗੱਲ ਉਸ ਸਮੇਂ ਦੀ ਹੈ, ਜਿਸ ਸਮੇਂ ਸਾਡਾ ਰੰਗਲਾ ਪੰਜਾਬ ਬਹੁਤ ਹੀ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਪੰਜਾਬ ਵਿੱਚ ਕਾਲਾ ਦੌਰ ਚੱਲ ਰਿਹਾ ਹੋਣ ਕਾਰਨ ਉਸ ਸਮੇਂ ਪਿੰਡਾਂ ਵਿੱਚ ਠੀਕਰੀ ਪਹਿਰੇ ਆਮ ਲਗਦੇ ਸਨ। ਹਰੇਕ ਗਲੀ-ਮੁਹੱਲੇ ਵਿੱਚੋਂ ਵਾਰੀ ਸਿਰ ਹਰ ਰੋਜ਼ ਪੰਜ-ਸੱਤ ਜਣਿਆਂ ਦੀ ਟੀਮ ਠੀਕਰੀ ਪਹਿਰੇ ’ਤੇ ਤਾਇਨਾਤ ਹੋਇਆ ਕਰਦੀ ਸੀ। ਸਾਡੇ ਪਿੰਡ ਠੀਕਰੀ ਪਹਿਰੇ ਵਿੱਚ ਸ਼ਾਮਲ ਹੋਣ ਵਾਲੇ ਮੈਂਬਰ ਪਿੰਡ ਦੇ ਖੂਹ ਦੀ ਮੌਣ ਦੇ ਨੇੜੇ ਬਣੇ ਚੌਂਤਰੇ ਉੱਤੇ ਬੈਠਕੇ ਹੱਥਾਂ ਵਿੱਚ ਬੈਟਰੀਆਂ ਅਤੇ ਸੋਟੀਆਂ ਫੜਕੇ ਪਹਿਰਾ ਦਿੰਦੇ। ਇਹ ਪਹਿਰੇਦਾਰ ਕਦੇ-ਕਦੇ ਰਾਤ ਨੂੰ ਸੋਟੀਆਂ ਨੂੰ ਖੜਕਾਉਂਦੇ ਹੋਏ ਅਤੇ ਬੈਟਰੀਆਂ ਮਾਰਦੇ ਹੋਏ ਗਲੀਆਂ ਦੀਆਂ ਫੇਰੀਆਂ ਵੀ ਲਾਇਆ ਕਰਦੇ ਸਨ। ਇਹ ਠੀਕਰੀ ਪਹਿਰਾ ਰਾਤ ਹੋਣ ਤੋਂ ਬਾਅਦ ਸਵੇਰੇ ਚਾਰ ਵਜੇ ਤਕ ਲੱਗਿਆ ਕਰਦਾ ਸੀ।
ਅਪਰੈਲ ਮਹੀਨਾ ਕਣਕਾਂ ਦੀ ਵਾਢੀ ਦਾ ਹੁੰਦਾ ਹੈ। ਇਸ ਮਹੀਨੇ ਕਣਕਾਂ ਦੀ ਵਢਾਈ ਜ਼ੋਰਾਂ ’ਤੇ ਹੁੰਦੀ ਹੈ। ਅੱਜ ਬੇਸ਼ਕ ਜ਼ਿਆਦਾਤਰ ਵਾਢੀ ਕੰਬਾਇਨਾਂ ਨਾਲ ਹੀ ਕੀਤੀ ਜਾਂਦੀ ਹੈ ਪਰ ਉਸ ਸਮੇਂ ਜ਼ਿਆਦਾਤਰ ਵਾਢੀ ਹੱਥਾਂ ਨਾਲ ਹੀ ਕੀਤੀ ਜਾਂਦੀ ਸੀ ਅਤੇ ਕਣਕ ਵੱਢਣ ਵਾਲੇ ਜਿਨ੍ਹਾਂ ਨੂੰ ਵਢਾਵੇ ਕਹਿੰਦੇ ਸਨ, ਕਣਕ ਦੀ ਵਾਢੀ ਕਰਕੇ ਵਾਣ ਦੀਆਂ ਰੱਸੀਆਂ ਨਾਲ ਭਰੀਆਂ ਬੰਨ੍ਹ ਦਿੰਦੇ ਸਨ ਅਤੇ ਉਸ ਤੋਂ ਬਾਅਦ ਥਰੈਸ਼ਰ ਨਾਲ ਕਣਕ ਅਤੇ ਤੂੜੀ ਕੱਢੀ ਜਾਇਆ ਕਰਦੀ ਸੀ। ਅਸੀਂ ਆਪਣੀ ਤਿੰਨ ਏਕੜ ਕਣਕ ਦੀ ਵਾਢੀ ਕਰਨ ਲਈ ਆਪਣੇ ਹੀ ਪਿੰਡ ਦੇ ਪੰਜ-ਸੱਤ ਵਢਾਵਿਆਂ ਪਾਸੋਂ ਕਣਕ ਦੀ ਵਾਢੀ ਕਰਵਾ ਲਈ ਸੀ। ਹੁਣ ਥਰੈਸ਼ਰ ਨਾਲ ਕਣਕ ਅਤੇ ਤੂੜੀ ਕੱਢਣ ਦਾ ਕੰਮ ਬਾਕੀ ਸੀ। ਮੇਰੇ ਬਾਪੂ ਨੇ ਇਸ ਕੰਮ ਲਈ ਐਤਵਾਰ ਦਾ ਦਿਨ ਰੱਖ ਲਿਆ ਕਿਉਂਕਿ ਉਸ ਦਿਨ ਮੇਰੀ ਸਕੂਲ ਦੀ ਛੁੱਟੀ ਸੀ। ਉਸ ਨੂੰ ਆਸ ਸੀ ਕਿ ਮੇਰੀ ਛੁੱਟੀ ਹੋਣ ਕਾਰਨ ਮੇਰੇ ਕੰਮ ਵਿੱਚ ਹੱਥ ਵਟਾਏ ਜਾਣ ’ਤੇ ਉਨ੍ਹਾਂ ਲਈ ਕੁਝ ਅਸਾਨੀ ਹੋ ਜਾਵੇਗੀ। ਸਵੇਰੇ ਹੀ ਕਿਰਾਏ ’ਤੇ ਕੀਤੇ ਗਏ ਥਰੈਸ਼ਰ ਦਾ ਮਾਲਕ ਆਪਣਾ ਟਰੈਕਟਰ ਅਤੇ ਥਰੈਸ਼ਰ ਲੈਕੇ ਆ ਗਿਆ। ਮੇਰੇ ਬਾਪੂ ਨੇ ਪਹਿਲਾਂ ਹੀ ਦੋ ਪਰਵਾਸੀ ਅਤੇ ਤਿੰਨ ਪੰਜਾਬੀ ਮਜ਼ਦੂਰ ਕੰਮ ਲਈ ਰੱਖ ਲਏ ਸਨ। ਮੇਰਾ ਬਾਪੂ ਮੈਨੂੰ ਖੇਤ ਵਿੱਚ ਚਾਹ ਅਤੇ ਹਾਜਰੀ (ਸਵੇਰੇ ਦੀ ਰੋਟੀ) ਲੈਕੇ ਆਉਣ ਦੀ ਹਦਾਇਤ ਦੇਕੇ ਥਰੈਸ਼ਰ ਅਤੇ ਕਾਮਿਆਂ ਨੂੰ ਲੈਕੇ ਖੇਤ ਚਲਾ ਗਿਆ।
ਮੈਂ ਆਪਣੇ ਸਾਈਕਲ ’ਤੇ ਚਾਹ ਅਤੇ ਰੋਟੀ ਲੈਕੇ ਜਦੋਂ ਖੇਤ ਪੁੱਜਿਆ ਤਾਂ ਥਰੈਸ਼ਰ ਇੱਕ ਥਾਂ ਫਿੱਟ ਕਰਕੇ ਕੰਮ ਚਾਲੂ ਕਰਨ ਦਾ ਪਲੈਨ ਬਣਾ ਲਿਆ ਗਿਆ ਸੀ। ਸਾਰੇ ਮਜ਼ਦੂਰਾਂ ਨੇ ਆਪਣੀ ਪੇਟ ਪੂਜਾ ਕਰਨ ਤੋਂ ਬਾਅਦ ਰੱਬ ਨੂੰ ਧਿਆਉਂਦੇ ਹੋਏ ਮੱਥਾ ਟੇਕਿਆ ਅਤੇ ਕੰਮ ਅਰੰਭ ਕਰ ਦਿੱਤਾ। ਕਣਕ ਦੀ ਗਹਾਈ ਕਰਨ ਵਾਲੇ ਥਰੈਸ਼ਰ, ਜਿਸਨੂੰ ਘੁੱਗੂ ਥਰੈਸ਼ਰ ਸੱਦਦੇ ਸਨ, ਜਲਦੀ ਹੀ ਧੂੜਾਂ ਪੱਟਦਾ ਹੋਇਆ ਕਣਕ ਅਤੇ ਤੂੜੀ ਬਣਾਉਣ ਲੱਗ ਪਿਆ। ਮੇਰੇ ਬਾਪੂ ਨੇ ਮੇਰੀ ਡਿਊਟੀ ਥਰੈਸ਼ਰ ਦੇ ਛਾਨਣੇ ਵਿੱਚੋਂ ਬਾਹਰ ਆ ਰਹੇ ਦਾਣਿਆਂ ਦੇ ਤਸਲੇ ਭਰ-ਭਰਕੇ ਕਣਕ ਇਕੱਠੀ ਕਰਨ ਲਈ ਵਿਛਾਈਆਂ ਹੋਈਆਂ ਪੱਲੀਆਂ ਉੱਤੇ ਸੁੱਟਣ ਲਈ ਲਾ ਦਿੱਤੀ। ਮੈਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਮੇਰੀ ਡਿਊਟੀ ਬਦਲਕੇ ਥਰੈਸ਼ਰ ਤੋਂ ਦੂਰ ਪਈਆਂ ਕਣਕ ਦੀਆਂ ਭਰੀਆਂ ਨੂੰ ਚੁੱਕਵਾਉਣ ਲਈ ਲਾ ਦਿੱਤੀ ਗਈ। ਅਚਾਨਕ ਕਿਸੇ ਗੱਲੋਂ ਦੋਵਾਂ ਪਰਵਾਸੀ ਮਜ਼ਦੂਰਾਂ ਦੀ ਆਪਸ ਵਿੱਚ ਬਹਿਸ ਹੋ ਗਈ। ਮੇਰੇ ਬਾਪੂ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹ ਲੜਦੇ-ਲੜਦੇ ਕੰਮ ਛੱਡਕੇ ਭੱਜ ਗਏ। ਹੁਣ ਕੇਵਲ ਤਿੰਨ ਪੰਜਾਬੀ ਮਜ਼ਦੂਰ, ਮੈਂ ਅਤੇ ਮੇਰਾ ਬਾਪੂ, ਅਸੀਂ ਪੰਜ ਜਣੇ ਰਹਿ ਗਏ। ਸਾਡੇ ਵਿੱਚੋਂ ਦੋ ਜਣੇ ਥਰੈਸ਼ਰ ’ਤੇ ਰੁੱਗ ਲਾਉਣ ਲੱਗੇ ਅਤੇ ਬਾਕੀ ਤਿੰਨ ਕਣਕ ਦੀਆਂ ਭਰੀਆਂ ਦੀ ਢੋਆ-ਢੁਆਈ ਅਤੇ ਹੋਰ ਕੰਮਾਂ ਦੀ ਡਿਊਟੀ ਕਰਨ ਲੱਗੇ। ਕਾਮਿਆਂ ਦੀ ਘਾਟ ਹੋ ਜਾਣ ਕਾਰਨ ਕੰਮ ਦਾ ਬੋਝ ਸਾਡੇ ਸਾਰਿਆਂ ਉੱਤੇ ਵਧ ਗਿਆ। ਕਾਫੀ ਦੇਰ ਤੋਂ ਥਰੈਸ਼ਰ ਉੱਤੇ ਰੁੱਗ ਲਾ ਰਹੇ ਮਜ਼ਦੂਰ ਥੋੜਾਂ ਆਰਾਮ ਚਾਹੁੰਦੇ ਸਨ, ਇਸ ਲਈ ਬਾਪੂ ਨੇ ਮੈਨੂੰ ਥਰੈਸ਼ਰ ’ਤੇ ਰੁੱਗ ਲਾਉਣ ਲਈ ਕਹਿ ਦਿੱਤਾ। ਅਤਿ ਦੀ ਗਰਮੀ ਵਿੱਚ ਮੈਂ ਰੁੱਗ ਲਾਉਣ ਲੱਗ ਪਿਆ। ਮੁੜ੍ਹਕੋ-ਮੁੜ੍ਹਕੀ ਹੋਕੇ ਕੰਮ ਕਰਦਾ ਰਿਹਾ। ਤਕਰੀਬਨ ਢਾਈ ਤਿੰਨ ਘੰਟੇ ਬਾਅਦ ਦੁਪਹਿਰ ਦੀ ਰੋਟੀ ਵੇਲੇ ਥਰੈਸ਼ਰ ਬੰਦ ਕੀਤਾ ਗਿਆ। ਦੁਪਹਿਰ ਦੀ ਰੋਟੀ ਖਾਕੇ ਥੋੜ੍ਹਾ ਆਰਾਮ ਕਰਨ ਤੋਂ ਬਾਅਦ ਮੁੜ ਸਾਰੇ ਕੰਮ ਵਿੱਚ ਜੁੱਟ ਗਏ।
ਸ਼ਾਮ ਨੂੰ ਛੇ ਕੁ ਵਜੇ ਮੈਨੂੰ ਥੱਕਿਆ ਦੇਖਕੇ ਬਾਪੂ ਨੇ ਮੈਨੂੰ ਘਰ ਜਾਕੇ ਆਰਾਮ ਕਰਨ ਲਈ ਕਹਿ ਦਿੱਤਾ।
ਘਰ ਪਹੁੰਚਕੇ ਮੈਂ ਨਹਾ ਧੋ ਕੇ ਅਜੇ ਮੰਜੀ ਉੱਤੇ ਆਰਾਮ ਕਰਨ ਲਈ ਲੇਟਿਆ ਹੀ ਸੀ ਕਿ ਪਿੰਡ ਦੇ ਚੌਕੀਦਾਰ ਨੇ ਸਾਡੇ ਘਰ ਦਾ ਬੂਹਾ ਆ ਖੜਕਾਇਆ।
“ਅੱਜ ਰਾਤ ਦਾ ਠੀਕਰੀ ਪਹਿਰਾ ਏ ਜੀ ਥੋਡਾ!” ਉੱਚੀ ਆਵਾਜ਼ ਵਿੱਚ ਇਹ ਕਹਿੰਦਿਆਂ ਝੱਟ ਹੀ ਚੌਕੀਦਾਰ ਅੱਗੇ ਤੁਰ ਗਿਆ। ਮੰਜੇ ਉੱਤੇ ਬੈਠੇ ਮੇਰੇ ਦਾਦੇ ਨੇ ਮੈਨੂੰ ਹਦਾਇਤ ਦਿੱਤੀ ਕਿ ਤੂੰ ਚਲੇ ਜਾਈਂ ਅੱਜ ਠੀਕਰੀ ਪਹਿਰਾ ਦੇਣ ਲਈ। ਦਾਦੇ ਦੀ ਹਦਾਇਤ ’ਤੇ ਮੈਂ ਰਾਤ ਦੀ ਰੋਟੀ ਖਾਕੇ ਹੱਥ ਵਿੱਚ ਸੋਟੀ ਅਤੇ ਬੈਟਰੀ ਲੈਕੇ ਠੀਕਰੀ ਪਹਿਰੇ ਲਈ ਨਿਸ਼ਚਿਤ ਕੀਤੀ ਹੋਈ ਥਾਂ ’ਤੇ ਪੁੱਜ ਗਿਆ। ਹੌਲੀ-ਹੌਲੀ ਸਾਰੇ ਪਹਿਰਾਦਾਰ ਇਕੱਠੇ ਹੁੰਦੇ ਗਏ ਅਤੇ ਜਦੋਂ ਸਾਰੇ ਇਕੱਠੇ ਹੋਏ ਤਾਂ ਆਪਸ ਵਿੱਚ ਗੱਲਾਂ ਮਾਰਨ ਲੱਗੇ। ਥੱਕਿਆ ਹੋਣ ਕਾਰਨ ਮੇਰੀ ਉਨ੍ਹਾਂ ਦੀਆਂ ਗੱਲਾਂ ਵੱਲ ਕੋਈ ਦਿਲਚਸਪੀ ਨਹੀਂ ਸੀ। ਮੈਨੂੰ ਕਦੇ-ਕਦੇ ਨੀਂਦ ਦੀ ਝਪਕੀ ਜਿਹੀ ਵੀ ਆਉਣ ਲਗਦੀ। ਇੱਕ ਬਜ਼ੁਰਗ ਪੰਡਤ ਜੀ, ਸਾਡਾ ਸਾਰਿਆਂ ਦਾ ਆਪੇ ਹੀ ਆਗੂ ਬਣਕੇ ਸਾਨੂੰ ਅਗਵਾਈ ਦੇਣ ਲੱਗੇ। ਥੋੜ੍ਹੀ ਦੇਰ ਬਾਅਦ ਉਹ ਕਹਿ ਦਿੰਦੇ, “ਚੱਲੋ ਉੱਠੋ ਬਈ! ਇੱਕ ਗੇੜਾ ਮਾਰ ਆਈਏ।” ਉਸਦੇ ਕਹਿਣ ’ਤੇ ਅਸੀਂ ਸਾਰੇ ਜਣੇ ਉੱਠਕੇ ਉਸਦੇ ਪਿੱਛੇ-ਪਿੱਛੇ ਤੁਰ ਪੈਂਦੇ ਅਤੇ ਸੋਟੀਆਂ ਖੜਕਾਉਂਦੇ, ਬੈਟਰੀਆਂ ਮਾਰਦੇ ਹੋਏ ਗਲੀਆਂ ਵਿੱਚ ਫੇਰੀ ਦੇਣ ਲੱਗ ਜਾਂਦੇ। ਗਲੀਆਂ ਵਿੱਚ ਤੁਰਦੇ-ਤੁਰਦੇ ਪੰਡਤ ਜੀ ਕਦੇ-ਕਦੇ ਖੰਘੂਰਾ ਵੀ ਮਾਰਦੇ, ਜਿਵੇਂ ਉਹ ਕਹਿ ਰਹੇ ਹੋਣ ਕਿ ਅੱਜ ਠੀਕਰੀ ਪਹਿਰਾ ਦੇਣ ਵਾਲਿਆਂ ਦਾ ਮੋਢੀ ਮੈਂ ਹੀ ਹਾਂ।
ਜਦੋਂ ਪੰਡਤ ਜੀ ਨੇ ਸਵੇਰੇ ਚਾਰ ਵਜੇ ਸਾਰਿਆਂ ਨੂੰ ਰਾਮ-ਰਾਮ ਕਹਿੰਦਿਆਂ ਘਰਾਂ ਨੂੰ ਚਲੇ ਜਾਣ ਦਾ ਫਰਮਾਨ ਸੁਣਾਇਆ ਤਾਂ ਸਾਰੇ ਆਪੋ-ਆਪਣੇ ਘਰਾਂ ਵੱਲ ਨੂੰ ਹੋ ਤੁਰੇ। ਵਾਪਸ ਪਰਤਕੇ ਮੈਂ ਆਪਣੇ ਘਰ ਦਾ ਬੂਹਾ ਖੜਕਾਇਆ। ਮੇਰਾ ਦਾਦਾ ਘਰ ਦੀ ਡਿਓੜ੍ਹੀ ਵਿੱਚ ਹੀ ਮੰਜਾ ਡਾਹਕੇ ਪਿਆ ਹੋਇਆ ਸੀ। ਜਦੋਂ ਉਸਨੇ ਕੁੰਡਾ ਖੋਲ੍ਹਿਆ ਤਾਂ ਮੈਂ ਉਸਦੇ ਨਾਲ ਹੀ ਮੰਜੇ ਉੱਤੇ ਲੇਟ ਗਿਆ। ਉਸਦੇ ਨੇੜੇ ਹੀ ਸਾਡੀ ਇੱਕ ਸੂਣ ਵਾਲੀ ਮੱਝ ਬੰਨ੍ਹੀ ਹੋਈ ਸੀ। ਜਦੋਂ ਮੱਝ ਕੋਈ ਖੜਕਾ ਕਰਦੀ ਤਾਂ ਦਾਦਾ ਝੱਟ ਉਸਨੂੰ ਦੇਖਣ ਲੱਗ ਪੈਂਦਾ।
ਠੀਕਰੀ ਪਹਿਰੇ ਤੋਂ ਪਰਤਕੇ ਮੰਜੇ ਉੱਤੇ ਲੇਟਦਿਆਂ ਮੈਂਨੂੰ ਅਜੇ ਨੀਂਦ ਆਈ ਹੀ ਸੀ ਕਿ ਦਾਦੇ ਨੇ ਝੱਟ ਆਵਾਜ਼ ਦਿੱਤੀ, “ਉੱਠ ਉਏ! ਆਪਣੀ ਮੱਝ ਸੂਣ ਲੱਗੀ ਆ।”
ਦਾਦੇ ਦੀ ਆਵਾਜ਼ ਸੁਣਕੇ ਮੈਂ ਉੱਭੜਵਾਹੇ ਉੱਠਿਆ ਅਤੇ ਆਪਣੀਆਂ ਅੱਖਾਂ ਨੂੰ ਮਲਦੇ ਹੋਏ ਦੇਖਿਆ ਕਿ ਮੇਰੇ ਦਾਦਾ ਜੀ ਮੱਝ ਦੇ ਦੁਆਲੇ ਗੇੜੇ ਕੱਢਦੇ ਹੋਏ ਓਹੜ-ਪੋਹੜ ਕਰਨ ਵਿੱਚ ਰੁੱਝੇ ਹੋਏ ਸਨ। ਮੰਜੇ ਤੋਂ ਉੱਠਕੇ ਮੈਂ ਵੀ ਉਨ੍ਹਾਂ ਦੀ ਸਹਾਇਤਾ ਲਈ ਜੁਟ ਗਿਆ।
ਬੇਸ਼ਕ ਇਸ ਘਟਨਾ ਨੂੰ ਕਈ ਦਹਾਕੇ ਬੀਤ ਚੁੱਕੇ ਹਨ ਪਰ ਮੇਰੀ ਜ਼ਿੰਦਗੀ ਦੇ ਇਸ ਸੰਘਰਸ਼ਮਈ ਸਮੇਂ ਨੇ ਮੈਨੂੰ ਦਿਨ-ਰਾਤ ਮਿਹਨਤ ਕਰਨ ਦਾ ਵੱਲ ਸਿਖਾ ਦਿੱਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































