“ਇੱਕ ਦਿਨ ਛੁੱਟੀ ਵਾਲੇ ਦਿਨ ਮੈਂ ਬੈਠਾ ਅਖਬਾਰ ਪੜ੍ਹ ਰਿਹਾ ਸੀ ਤਾਂ ਮੇਰੀ ਖੁਸ਼ੀ ਦਾ ...”
(28 ਮਈ 2026)
ਜਦੋਂ ਮੇਰਾ ਇੱਕ ਨਜ਼ਦੀਕੀ ਰਿਸ਼ਤੇਦਾਰ ਪਾਕਿਸਤਾਨ ਵਿਖੇ ਸਥਿਤ ਸਿੱਖ ਗੁਰਧਾਮਾਂ ਦੀ ਯਾਤਰਾ ਕਰਕੇ ਪਰਤਿਆ ਤਾਂ ਉਸਨੂੰ ਮਿਲਕੇ ਪਾਕਿਸਤਾਨ ਦੇ ਮਾਹੌਲ ਬਾਰੇ ਜਾਣਨ ਦੀ ਮੇਰੇ ਅੰਦਰ ਕਾਫੀ ਉਤਸੁਕਤਾ ਬਣੀ ਹੋਈ ਸੀ। ਇੱਕ ਦਿਨ ਅਚਾਨਕ ਉਸਦਾ ਸੁਨੇਹਾ ਆਇਆ ਕਿ ਉਹ ਛੁੱਟੀ ਵਾਲੇ ਦਿਨ ਮੇਰੇ ਕੋਲ ਆਵੇਗਾ। ਜਿਸ ਸਮੇਂ ਉਹ ਮੇਰੇ ਕੋਲ ਆਇਆ, ਮੈਂ ਉਸ ਨਾਲ ਇਕਾਂਤ ਵਿੱਚ ਬੈਠਕੇ ਢੇਰ ਸਾਰੀਆਂ ਗੱਲਾਂ ਕੀਤੀਆਂ। ਗੱਲਬਾਤ ਦੌਰਾਨ ਉਸਨੇ ਲਾਹੌਰ ਦੀਆਂ ਗਲੀਆਂ, ਅਨਾਰਕਲੀ ਬਜ਼ਾਰ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਬਾਰੇ ਜਾਣਕਾਰੀ ਮੇਰੇ ਨਾਲ ਸਾਂਝੀ ਕੀਤੀ। ਉਸਨੇ ਇਹ ਵੀ ਦੱਸਿਆ ਕਿ ਉਹ ਆਪਣੇ ਪੁਰਖਿਆਂ ਦੇ ਪਿੰਡ ਵੀ ਹੋ ਆਇਆ ਹੈ।
ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਸਨੂੰ ਲਾਹੌਰ ਦੇ ਨੇੜਲੇ ਇੱਕ ਪਿੰਡ ਦੇ ਵਸਨੀਕ ਨੇ ਆਪਣੇ ਘਰ ਚਾਹ ਪੀਣ ਦਾ ਸੱਦਾ ਦਿੱਤਾ। ਸੱਦਾ ਦੇਣ ਵਾਲਾ ਬੰਦਾ ਭਾਵੇਂ ਦਿੱਖ ਤੋਂ ਗਰੀਬ ਜਾਪਦਾ ਸੀ ਪਰ ਉਸਦੀ ਮੋਹ ਭਰੀ ਜੋਦੜੀ ਸੁਣਕੇ ਮੇਰਾ ਰਿਸ਼ਤੇਦਾਰ ਉਸਦੇ ਘਰ ਚਲਾ ਗਿਆ। ਉਸਦਾ ਘਰ ਬਿਲਕੁਲ ਕੱਚਾ ਸੀ। ਛੱਤ ਉੱਤੇ ਕੜੀਆਂ ਅਤੇ ਸਰਕੜਾ ਪਾਇਆ ਹੋਇਆ ਸੀ। ਸਰਕੜੇ ਦੀਆਂ ਛੱਤਾਂ ਹੋਣ ਕਾਰਨ ਉੱਥੇ ਦੇਸੀ ਚਿੜੀਆਂ ਵੀ ਆ ਜਾ ਰਹੀਆਂ ਸਨ। ਮੇਰੇ ਰਿਸ਼ਤੇਦਾਰ ਨੇ ਦੱਸਿਆ ਕਿ ਉਸਨੂੰ ਇਹ ਸਾਰਾ ਵਰਤਾਰਾ ਦੇਖਕੇ ਭਾਰਤੀ ਪੰਜਾਬ ਦੇ ਪੁਰਾਣੇ ਦਿਨਾਂ ਦੀ ਯਾਦ ਆ ਗਈ, ਜਦੋਂ ਘਰਾਂ ਵਿੱਚ ਚਿੜੀਆਂ ਦੇ ਆਲ੍ਹਣੇ ਆਮ ਹੁੰਦੇ ਸਨ।
ਉਸਦੀਆਂ ਗੱਲਾਂ ਸੁਣਨ ਤੋਂ ਬਾਅਦ ਮੇਰੇ ਅੰਦਰ ਵੀ ਪਾਕਿਸਤਾਨ ਦੇ ਸਿੱਖ ਗੁਰਧਾਮਾਂ ਅਤੇ ਉੱਥੋਂ ਦੇ ਪਿੰਡ ਦੇਖਣ ਦੀ ਉਤਸੁਕਤਾ ਪੈਦਾ ਹੋ ਗਈ। ਮੈਂ ਆਪਣਾ ਪਾਸਪੋਰਟ ਬਣਵਾਇਆ ਅਤੇ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਨਾਲ ਪਾਕਿਸਤਾਨ ਜਾਣ ਲਈ ਆਪਣਾ ਪਾਸਪੋਰਟ ਸਬੰਧਿਤ ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਪ੍ਰੰਤੂ ਮੇਰਾ ਵੀਜ਼ਾ ਨਾ ਲੱਗਿਆ। ਉਸ ਤੋਂ ਬਾਅਦ ਵੀ ਮੈਂ ਕੋਸ਼ਿਸ਼ ਜਾਰੀ ਰੱਖੀ। ਅਖੀਰ ਇੱਕ ਦਿਨ ਮੈਨੂੰ ਵੀ ਪਾਕਿਸਤਾਨ ਵਿਖੇ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਵੀਜ਼ਾ ਮਿਲ ਗਿਆ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।
ਰਵਾਨਗੀ ਸਮੇਂ ਪਾਕਿਸਤਾਨ ਦੀ ਧਰਤੀ ’ਤੇ ਪੈਰ ਧਰਦੇ ਸਾਰ ਮੇਰੇ ਅੰਦਰ ਅਜੀਬ ਜਿਹੀ ਹਰਕਤ ਪੈਦਾ ਹੋਈ। ਮੈਨੂੰ ਬੇਸ਼ਕ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਭਾਗ ਤਾਂ ਪ੍ਰਾਪਤ ਹੋ ਗਿਆ ਪ੍ਰੰਤੂ ਖੁੱਲ੍ਹਾ ਵੀਜ਼ਾ ਨਾ ਮਿਲਣ ਕਾਰਨ ਮੇਰੀ ਪਾਕਿਸਤਾਨ ਦੇ ਪਿੰਡ ਦੇਖਣ ਦੀ ਚਾਹਤ ਅਧੂਰੀ ਰਹਿ ਗਈ। ਪਰ ਬੱਸਾਂ ਵਿੱਚ ਸਫਰ ਦੌਰਾਨ ਮੈਂ ਸੜਕਾਂ ਦੇ ਨੇੜਲੇ ਪਿੰਡਾਂ ਦੇ ਕੱਚੇ ਘਰਾਂ ਵੱਲ ਝਾਤੀ ਮਾਰਦਾ ਹੋਇਆ ਪੁਰਾਤਨ ਸੱਭਿਆਚਾਰ ਅਤੇ ਚੌਗਿਰਦੇ ਦਾ ਅਨੰਦ ਜ਼ਰੂਰ ਮਾਣਦਾ ਰਿਹਾ। ਖੈਰ! ਸ੍ਰੀ ਨਨਕਾਣਾ ਸਾਹਿਬ ਵਿਖੇ ਜਦੋਂ ਅਸੀਂ ਨਨਕਾਣੇ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਸੀ ਤਾਂ ਸੱਚੀ-ਮੁੱਚੀ ਦੇਸੀ ਚਿੜੀਆਂ ਘਰਾਂ ਦੇ ਇਰਦ-ਗਿਰਦ ਆਮ ਘੁੰਮ ਰਹੀਆਂ ਸਨ ਅਤੇ ਇਸ ਤੋਂ ਇਲਾਵਾ ਭਾਈ ਲਾਲੋ ਜੀ ਨਾਲ ਸਬੰਧਿਤ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਵੀ ਕਾਫੀ ਚਿੜੀਆਂ ਦੇਖਣ ਨੂੰ ਮਿਲੀਆਂ। ਜਦੋਂ ਅਸੀਂ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਵਿਖੇ ਗਏ ਤਾਂ ਲਾਹੌਰ ਦੇ ਦਿੱਲੀ ਗੇਟ ਦੇ ਨੇੜੇ ਇੱਕ ਵਿਅਕਤੀ ਇੱਕ ਜਾਲੀਦਾਰ ਛਾਬੜੇ ਵਿੱਚ ਚਿੜੀਆਂ ਨੂੰ ਪਾਕੇ ਲੰਘ ਰਿਹਾ ਸੀ। ਪਤਾ ਲੱਗਾ ਕਿ ਕੁਝ ਲੋਕ ਚਿੜੀਆਂ ਨੂੰ ਆਜ਼ਾਦ ਕਰਵਾਉਣ ਬਹੁਤ ਹੀ ਸ਼ੁਭ ਮੰਨਦੇ ਹਨ ਅਤੇ ਕਈ ਲੋਕ ਉਸ ਵਿਅਕਤੀ ਵੱਲੋਂ ਫੜੀਆਂ ਹੋਈਆਂ ਚਿੜੀਆਂ ਨੂੰ ਪੈਸੇ ਦੇਕੇ ਆਜ਼ਾਦ ਕਰਵਾਕੇ ਪੁੰਨ ਵੀ ਖੱਟ ਰਹੇ ਸਨ।
ਪਾਕਿਸਤਾਨ ਤੋਂ ਵਾਪਸੀ ਸਮੇਂ ਮੇਰੇ ਸੀਨੇ ਅੰਦਰ ਵੀ ਪੁਰਾਣਾ ਸੱਭਿਆਚਾਰ ਅਤੇ ਮਾਹੌਲ ਪੈਦਾ ਕਰਨ ਦੀ ਇੱਛਾ ਪ੍ਰਬਲ ਹੋ ਗਈ। ਇਸੇ ਇੱਛਾ ਅਧੀਨ ਮੈਂ ਆਪਣੇ ਘਰ ਦੇ ਵਿਹੜੇ ਦੇ ਅੰਦਰ ਅਤੇ ਬਾਹਰ ਖਾਲੀ ਪਈ ਥਾਂ ਉੱਤੇ ਨਿੰਮ, ਆਵਲਾਂ, ਜਾਮਣ, ਨਿੰਬੂ, ਆੜੂ ਅਤੇ ਕਈ ਹੋਰ ਫਲਦਾਰ ਅਤੇ ਫੁੱਲਦਾਰ ਬੂਟੇ ਲਾ ਦਿੱਤੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਘਰ ਦੇ ਵਰਾਂਡੇ ਵਿੱਚ ਲੱਕੜ ਅਤੇ ਜੂਟ ਦੇ ਕਈ ਆਲ੍ਹਣੇ ਲਿਆਕੇ ਟੰਗ ਦਿੱਤੇ। ਘਰ ਦੇ ਵਿਹੜੇ ਵਿੱਚ ਜਿਹੜੀ ਥਾਂ ਕੱਚੀ ਪਈ ਸੀ, ਉਸ ਥਾਂ ਦੇ ਇੱਕ ਕੋਨੇ ਵਿੱਚ ਇੱਕ ਪੱਕਾ ਚੌਂਤਰਾ ਬਣਵਾ ਕੇ ਉਸ ਉੱਪਰ, ਚਾਵਲ, ਬਾਜਰਾ ਅਤੇ ਦੇਣ ਆਦਿ ਪਾਉਣ ਅਤੇ ਮਿੱਟੀ ਦੇ ਬਰਤਨਾਂ ਵਿੱਚ ਪਾਣੀ ਭਰਕੇ ਰੱਖਣਾ ਆਪਣਾ ਨਿਤਨੇਮ ਬਣਾ ਲਿਆ। ਇਹ ਸਾਰਾ ਕਾਰਜ ਸਿਰੇ ਚਾੜ੍ਹਦਿਆਂ ਲਗਭਗ ਦੋ ਸਾਲ ਲੱਗ ਗਏ ਅਤੇ ਹੌਲੀ-ਹੌਲੀ ਘਰ ਦਾ ਮਾਹੌਲ ਕੁਦਰਤੀ ਰੰਗ ਵਿੱਚ ਰੰਗਿਆ ਦਿਸਣ ਲੱਗ ਪਿਆ। ਕਈ ਵਾਰ ਮੇਰੇ ਵਰਤਾਰੇ ਨੂੰ ਦੇਖ ਕੇ ਪਰਿਵਾਰਕ ਮੈਂਬਰ ਮੈਨੂੰ ਸਹਿਯੋਗ ਵੀ ਦਿੰਦੇ ਅਤੇ ਕਈ ਵਾਰ ਟਕੋਰਾਂ ਵੀ ਮਾਰ ਜਾਂਦੇ, ਪਰ ਮੈਂ ਆਪਣੀ ਧੁਨ ਵਿੱਚ ਮਸਤ ਰਿਹਾ। ਘਰ ਵਿੱਚ ਹੌਲੀ-ਹੌਲੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ। ਇੱਕ ਕਾਟੋ ਨੇ ਪੱਕਾ ਆਲ੍ਹਣਾ ਸੰਭਾਲ ਲਿਆ ਅਤੇ ਉੱਥੇ ਰਹਿਣ ਲੱਗ ਪਈ ਅਤੇ ਬੱਚੇ ਵੀ ਦੇ ਦਿੱਤੇ। ਕਾਂ, ਘੁੱਗੀਆਂ, ਤੋਤੇ, ਕਬੂਤਰ ਆਦਿ ਸਾਰੇ ਪੰਛੀ ਚੋਗਾ ਚੁਗਣ ਲਈ ਆ ਜਾਂਦੇ ਅਤੇ ਉਡਾਰੀ ਭਰਕੇ ਚਲੇ ਜਾਂਦੇ ਪਰ ਚਿੜ੍ਹੀਆਂ ਨਹੀਂ ਆਈਆਂ।
ਦਿਨ ਬੀਤਦੇ ਗਏ। ਇੱਕ ਦਿਨ ਛੁੱਟੀ ਵਾਲੇ ਦਿਨ ਮੈਂ ਬੈਠਾ ਅਖਬਾਰ ਪੜ੍ਹ ਰਿਹਾ ਸੀ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਮੈਂ ਦੋ ਤਿੰਨ ਘੁੱਗੀਆਂ ਅਤੇ ਤੋਤਿਆਂ ਦੇ ਵਿਚਕਾਰ ਇੱਕ ਪੁਰਾਣਾ ਦੇਸੀ ਚਿੜਾ ਵੀ ਬੈਠਾ ਚੋਗਾ ਚੁਗ ਰਿਹਾ ਦੇਖਿਆ। ਉਹ ਬਹੁਤ ਹੀ ਕਾਹਲੀ ਵਿੱਚ ਨਜ਼ਰ ਆਇਆ। ਜਿਉਂ ਹੀ ਮੈਂ ਉਸਦੇ ਨੇੜੇ ਗਿਆ ਤਾਂ ਉਹ ਤੁਰੰਤ ਉਡਾਰੀ ਮਾਰ ਗਿਆ। ਅਗਲੇ ਦਿਨ ਉਹ ਆਪਣੇ ਨਾਲ ਇੱਕ ਮਾਦਾ ਨੂੰ ਲੈਕੇ ਆਇਆ। ਫਿਰ ਇੱਕ ਹੋਰ ਜੋੜਾ ਆਉਣ ਲੱਗਾ। ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰਾ ਮਿਸ਼ਨ ਕਾਮਯਾਬ ਹੋ ਗਿਆ ਹੈ। ਹੁਣ ਚਿੜੀਆਂ ਦੀ ਆਮਦ ਸ਼ੁਰੂ ਹੋ ਗਈ ਸੀ।
ਚਿੜੀਆਂ ਸਮੇਤ ਹੋਰ ਪੰਛੀਆਂ ਦੀ ਪੂਰਾ ਦਿਨ ਸਾਡੇ ਵਿਹੜੇ ਅਤੇ ਕੋਠੇ ਉੱਤੇ ਮੌਜੂਦਗੀ ਨੇ ਮੇਰੇ ਪਰਿਵਾਰ ਨੂੰ ਵੀ ਮੇਰੇ ਮਿਸ਼ਨ ਵਿੱਚ ਸਹਿਯੋਗੀ ਬਣਾ ਦਿੱਤਾ ਹੈ। ਪਹੁ-ਫੁਟਾਲੇ ਸਮੇਂ ਜਦੋਂ ਵੀ ਮੇਰੀ ਅੱਖ ਖੁੱਲ੍ਹਦੀ ਹੈ ਤਾਂ ਚਿੜੀਆਂ ਦੀ ਚੀਂ ਚੀਂ ਮੇਰੇ ਕੰਨੀ ਪੈਂਦੀ ਹੈ ਅਤੇ ਨਾਲ ਹੀ ਮੈਨੂੰ ਗੁਰਬਾਣੀ ਦੀ ਪੰਕਤੀ: ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥ ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥ ਯਾਦ ਆਉਣ ਲੱਗ ਜਾਂਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































