“ਮੈਡਮ ਜੀ, ਤੁਸੀਂ ਕਹਿੰਦੇ ਹੋ ਕਰੋਨਾ ਦਿਸਦਾ ਨਹੀਂ, ਅਸੀਂ ਤਾਂ ਰੋਜ਼ ਦੇਖਦੇ ਆਂ। ਸਾਡੇ ਮੁਹੱਲੇ ...”
(9 ਜੂਨ 2026)
ਜਦੋਂ ਕਰੋਨਾ ਦਾ ਕਹਿਰ ਜ਼ੋਰਾਂ ’ਤੇ ਸੀ ਕਰੋਨਾ ਦੇ ਲੱਛਣ ਦੇਖ ਕੇ ਸਥਾਨਕ ਡਾਕਟਰ ਨੇ ਮੇਰੇ ਮਾਮੇ ਦੇ ਪਰਿਵਾਰ ਦੇ ਚਾਰ ਵਿੱਚੋਂ ਤਿੰਨ ਜੀਆਂ - ਮੇਰੀ ਮਾਮੀ, ਉਨ੍ਹਾਂ ਦੇ ਲੜਕੇ ਅਤੇ ਨੂੰਹ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਭੇਜ ਦਿੱਤਾ। ਤਿੰਨਾਂ ਨੂੰ ਅਲੱਗ-ਅਲੱਗ ਕਮਰਿਆਂ ਵਿੱਚ ਰੱਖਿਆ ਗਿਆ। ਅਗਲੀ ਸਵੇਰ ਇੱਕ ਰਿਸ਼ਤੇਦਾਰ ਨੇ ਫੋਨ ’ਤੇ ਮੇਰੇ ਮਾਮੇ ਦੇ ਲੜਕੇ ਦੀ ਮੌਤ ਦੀ ਮੰਦਭਾਗੀ ਖਬਰ ਸੁਣਾ ਦਿੱਤੀ। ਹਸਪਤਾਲ ਦੀ ਐਂਬੂਲੈਂਸ ਬੈਗ ਵਿੱਚ ਪੈਕ ਕੀਤੀ ਲਾਸ਼ ਲੈ ਕੇ ਆਈ ਤਾਂ ਕਿਸੇ ਨੂੰ ਮੂੰਹ ਵੀ ਨਹੀਂ ਦੇਖਣ ਦਿੱਤਾ। ਸਿਰਫ ਚਿਤਾ ਨੂੰ ਅਗਨੀ ਦਿਖਾਉਣ ਦੀ ਰਸਮ ਮ੍ਰਿਤਕ ਦੇ ਪੁੱਤਰ ਤੋਂ ਕਰਵਾਈ ਗਈ, ਹੋਰ ਕਿਸੇ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ। ਬਾਕੀ ਸਾਰੇ ਕੰਮ ਕਰੋਨਾ ਕਿੱਟਾਂ ਪਹਿਨੇ ਸਮਾਜ-ਸੇਵੀ ਵਲੰਟੀਅਰਾਂ ਨੇ ਹੀ ਕੀਤੇ।
ਸੰਸਕਾਰ ਤੋਂ ਬਾਅਦ ਘਰ ਪਹੁੰਚੇ ਹੀ ਸਾਂ ਕਿ ਮਾਮੀ ਦੇ ਚਲਾਣੇ ਦੀ ਖਬਰ ਮਿਲ ਗਈ। ਅਗਲੇ ਦਿਨ ਪੋਤਰੇ ਨੇ ਦਾਦੀ ਦੀ ਚਿਖਾ ਨੂੰ ਅਗਨੀ ਦਿੱਤੀ। ਘਰ ਵਿੱਚ ਚਾਰ ਵਿੱਚੋਂ ਦੋ ਜੀਅ ਰਹਿ ਗਏ। ਉਨ੍ਹਾਂ ਵਿੱਚੋਂ ਵੀ ਇੱਕ ਮਰ ਚੁੱਕੇ ਜੀਆਂ ਵਾਲੀ ਬਿਮਾਰੀ ਨਾਲ ਪੀੜਿਤ ਹਸਪਤਾਲ ਵਿੱਚ ਜੇਰੇ ਇਲਾਜ ਸੀ। ਜਦੋਂ ਉਹ ਬਚ ਕੇ ਦਸ ਕੁ ਦਿਨ ਬਾਅਦ ਘਰ ਆਈ ਤਾਂ ਮਾਂ-ਪੁੱਤ, ਦੋਵਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਮੁੱਕ ਚੁੱਕੇ ਸਨ।
ਕੋਵਿਡ-19 ਦੀ ਮਾਰ ਭਾਰਤ ਵਿੱਚ ਲੇਟ ਸ਼ੁਰੂ ਹੋਈ। ਵਿਦੇਸ਼ਾਂ ਵਿੱਚ ਕੋਵਿਡ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਭਾਰਤੀ ਮੀਡੀਏ ਨੇ ਬਹੁਤ ਵਧਾ ਚੜ੍ਹਾ ਕੇ ਦੱਸੀ ਪਰ ਭਾਰਤ ਵਿੱਚ ਹੋਈਆਂ ਮੌਤਾਂ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਸਨ। ਸ਼ੁਰੂ-ਸ਼ੁਰੂ ਵਿੱਚ ਪੰਜਾਬੀਆਂ ਨੇ ਇਸ ਵਾਇਰਲ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਜਦੋਂ ਛੋਟੇ ਪਿੰਡਾਂ ਵਿੱਚ ਹਰ ਦਿਨ ਕਈ-ਕਈ ਸਿਵੇ ਇਕੱਠੇ ਬਲਦੇ ਦੇਖੇ ਤਾਂ ਸਰਕਾਰ ਨੇ ਲੌਕ-ਡਾਊਨ ਲਾ ਕੇ ਲੋਕਾਂ ਨੂੰ ਘਰਾਂ ਅੰਦਰ ਡੱਕੇ ਰਹਿਣ ਅਤੇ ਮਾਸਕ ਬੰਨ੍ਹਣ ਲਈ ਮਜਬੂਰ ਕਰ ਦਿੱਤਾ। ਹੱਸਦੇ-ਵਸਦੇ ਘਰਾਂ ਵਿੱਚ ਸੁੰਨ ਪਸਰ ਗਈ। ਘਰ ਦੇ ਜੀਅ ‘ਆਪਣਿਆਂ’ ਦਾ ਹੀ ਸੰਸਕਾਰ ਕਰਨ ਤੋਂ ਡਰਨ ਲੱਗ ਪਏ।
ਸਾਡੇ ਮੁਹੱਲੇ ਦੇ ਇੱਕ ਹਰਬੰਸ ਸਿੰਘ ਨਾਂ ਦੇ ਸੇਵਾ-ਮੁਕਤ ਬੈਂਕ ਕਰਮਚਾਰੀ ਨੂੰ ਕਰੋਨਾ ਦੀ ਬਿਮਾਰੀ ਕਰਕੇ ਸ਼ਹਿਰ ਦੇ ਇੱਕ ਵੱਡੇ ਹਸਪਤਾਲ ਲੈ ਗਏ। ਹਸਪਤਾਲ ਵਾਲਿਆਂ ਦਾਖਲ ਕਰਕੇ ਉਸਦਾ ਬੈੱਡ ਕਰੋਨਾ ਵਾਰਡ ਦੇ ਇੱਕ ਖੂੰਜੇ ਲਵਾ ਦਿੱਤਾ। ਡਾਕਟਰ ਮਰੀਜ਼ ਦੇ ਨੇੜੇ ਜਾਣ ਤੋਂ ਕਤਰਾਉਂਦੇ ਸਨ। ਦੋ ਦਿਨ ਬਾਦ ਹਸਪਤਾਲ ਦੇ ਵੱਡੇ ਡਾਕਟਰ ਨੇ ਸਰਕਾਰੀ ਹਸਪਤਾਲ ਲਿਜਾਣ ਲਈ ਕਹਿ ਦਿੱਤਾ। ਸਰਕਾਰੀ ਹਸਪਤਾਲ ਦੇ ਵਾਰਡ ਵਿੱਚ ਸਿਰਫ ਚਾਰ ਮਰੀਜ਼ਾਂ ਦੇ ਬੈੱਡ ਚੌਹਾਂ ਖੂੰਜਿਆਂ ਵਿੱਚ ਲੱਗੇ ਹੋਏ ਸਨ। ਪੰਜ ਦਿਨਾਂ ਬਾਦ ਹਰਬੰਸ ਸਿੰਘ ਬਚ ਕੇ ਘਰ ਤਾਂ ਆ ਗਿਆ ਪਰ ਉਹ ਸਰਕਾਰੀ ਹਸਪਤਾਲ ਦੇ ਵਾਰਡ ਦੇ ਅੰਦਰ ਦੀ ਹੋਈ ਬੀਤੀ ਜਦੋਂ ਸੁਣਾਉਂਦਾ ਹੈ ਤਾਂ ਸੁਣਨ ਵਾਲੇ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਉਹਨੇ ਦੱਸਿਆ, “ਮੈਨੂੰ ਲੈ ਕੇ ਗਏ ਤਾਂ ਵਾਰਡ ਵਿੱਚ ਮੇਰੇ ਸਮੇਤ ਚਾਰ ਮਰੀਜ਼ ਸਾਂ। ਦਵਾਈ ਖਾਣ ਤੋਂ ਬਾਅਦ ਮੇਰੀ ਅੱਖ ਲੱਗ ਗਈ। ਉੱਠਿਆ ਤਾਂ ਵਾਰਡ ਦੇ ਚਾਰ ਵਿੱਚੋਂ ਤਿੰਨ ਬੈੱਡ ਖਾਲੀ ਸਨ। ਪਤਾ ਲੱਗਾ, ਉਹ ਚੱਲ ਵਸੇ ਹਨ। ਉਨ੍ਹਾਂ ਦੀ ਥਾਂ ਤਿੰਨ ਹੋਰ ਆ ਗਏ। ਅਗਲੀ ਸਵੇਰ ਉਨ੍ਹਾਂ ਦੀ ਥਾਂ ਵੀ ਹੋਰਾਂ ਨੇ ਲੈ ਲਈ। ਹਰ ਵਾਰ ਮੈਨੂੰ ਲੱਗਾ ਕਿ ਹੁਣ ਮੇਰੀ ਵਾਰੀ ਹੈ। ਮੇਰੇ ਦੇਖਦੇ-ਦੇਖਦੇ ਮੇਰੇ ਵਾਰਡ ਵਿੱਚੋਂ ਚਾਰ ਦਿਨਾਂ ਵਿੱਚ ਬਾਈ ਜਣੇ ਤੁਰ ਗਏ ਪਰ ਮੈਂ ਬਚ ਕੇ ਆ ਗਿਆ।” ਉਹਨੇ ਡੂੰਘਾ ਸਾਹ ਲੈਕੇ ‘ਵਾਹਿਗੁਰੂ’ ਕਹਿੰਦਿਆਂ ਧਰਤੀ ਨੂੰ ਮੱਥਾ ਟੇਕਿਆ। ਅੱਜ ਵੀ ਹਰ ਮਿਲਣ ਆਏ ਨੂੰ ਉਹ ਵਾਰਡ ਅੰਦਰਲੇ ਮੰਜ਼ਰ ਦੀ ਕਥਾ ਸੁਣਾਉਂਦਿਆਂ ਅੱਖਾਂ ਮੀਚ ਲੈਂਦਾ ਹੈ ਅਤੇ ‘ਹੇ ਵਾਹਿਗੁਰੂ’ ਤੋਂ ਬਿਨਾਂ ਉਸ ਤੋਂ ਕੁਝ ਬੋਲਿਆ ਨਹੀਂ ਜਾਂਦਾ।
ਕਰੋਨਾ ਤੋਂ ਬਚਣ ਲਈ ਦੇਸੀ ਨੁਸਖਿਆਂ ਦਾ ਕਾਫੀ ਪ੍ਰਚਾਰ ਹੋਇਆ। ਬੱਕਰੀ ਦਾ ਦੁੱਧ ਪੀਣ ਨਾਲ ਕਰੋਨਾ ਠੀਕ ਹੋ ਜਾਂਦਾ ਹੈ, ਬੜੇ ਜ਼ੋਰ-ਸ਼ੋਰ ਨਾਲ ਪਰਚਾਰਿਆ ਗਿਆ। ਆਮ ਘਰਾਂ ਵਿੱਚ ਤਾਂ ਬੱਕਰੀ ਪਾਲਦੇ ਹੀ ਨਹੀਂ। ਬੱਕਰੀ ਦੇ ਦੁੱਧ ਦੀ ਮੰਗ ਵਧ ਗਈ, ਬੱਕਰੀ ਦਾ ਦੁੱਧ ਅੱਠ ਸੌ ਰੁਪਏ ਕਿਲੋ ਤਕ ਵਿਕ ਗਿਆ। ਸਾਡੇ ਮੁਹੱਲੇ ਵਿੱਚ ਦੋ ਵਿਹਲੜ ਭਰਾ ਮਾਸਕ ਤੋਂ ਬਿਨਾਂ ਹੀ ਮੁਹੱਲੇ ਦੀ ਗੇੜੀ ਕੱਢਦੇ ਅਤੇ ਬਿਮਾਰ ਲੋਕਾਂ ਨੂੰ ਟਿੱਚਰਾਂ ਕਰ ਛੱਡਦੇ। ਇੱਕ ਦਿਨ ਉਹ ਬੱਕਰੀ ਲੈ ਆਏ ਅਤੇ ਛੱਪਰ ਹੇਠ ਬੰਨ੍ਹ ਲਈ। ਉਸ ਛੱਪਰ ਵਲ ਜਾਣ ਦੀ ਹਰ ਕਿਸੇ ਨੂੰ ਮਨਾਹੀ ਸੀ। ਉਨ੍ਹਾਂ ਅੱਠ ਸੌ ਰੁਪਏ ਕਿਲੋ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ। ਲੋਕ ਆਉਂਦੇ, ਇੱਕ ਭਰਾ ਭਾਂਡਾ ਫੜ ਕੇ ਬੱਕਰੀ ਵਾਲੇ ਕਮਰੇ ਵਿੱਚ ਜਾਂਦਾ ਅਤੇ ਦਸ ਕੁ ਮਿੰਟ ਬਾਦ ਦੁੱਧ ਲਿਆ ਕੇ ਦੇ ਦਿੰਦਾ। ਲੋਕ ਖੁਸ਼ ਸਨ ਕਿ ਨੇੜਿਉਂ ਹੀ ਦੁੱਧ ਮਿਲਣ ਲੱਗ ਪਿਆ। ਇੱਕ ਵਿਹਲੜ ਸਾਰਾ ਦਿਨ ਗਿਣਤੀ ਕਰਦਾ ਰਿਹਾ ਕਿ ਕਿੰਨੇ ਲੋਕ ਦੁੱਧ ਲੈ ਕੇ ਜਾਂਦੇ ਹਨ। ਉਹ ਸਾਰਾ ਦਿਨ ਸੋਚਦਾ ਰਿਹਾ ਕਿ ਇੱਕ ਬੱਕਰੀ ਅੱਠ-ਦਸ ਕਿਲੋ ਦੁੱਧ ਕਿਵੇਂ ਦੇ ਸਕਦੀ ਹੈ? ਕਈ ਦਿਨ ਇਹ ਸਿਲਸਿਲਾ ਚਲਦਾ ਰਿਹਾ। ਇੱਕ ਦਿਨ ਉਹ ਮੁਹੱਲੇ ਦੇ ਪੰਜ-ਛੇ ਬੰਦਿਆਂ ਨੂੰ ਨਾਲ ਲੈ ਕੇ ਬੱਕਰੀ ਵਾਲੇ ਛੱਪਰ ਵਿੱਚ ਜਬਰੀ ਜਾ ਵੜਿਆ। ਬੱਕਰੀ ਦੇ ਥਣਾਂ ਉੱਪਰ ਬੰਨ੍ਹਿਆ ਝੋਲਾ ਖੋਲ੍ਹਿਆ ਤਾਂ ਪਤਾ ਲੱਗਾ ਕਿ ਬੱਕਰੀ ਤਾਂ ਸੂਈ ਹੀ ਨਹੀਂ। ਸਖਤੀ ਨਾਲ ਪੁੱਛਣ ’ਤੇ ਉਹ ਮੰਨ ਗਏ ਕਿ ਬੱਕਰੀ ਦੇ ਦੁੱਧ ਦਾ ਭਾਅ ਵਧਣ ਕਰਕੇ ਉਹ ਬੱਕਰੀ ਚੋਰੀ ਕਰਕੇ ਲਿਆਏ ਹਨ। ਦੁੱਧ ਦੇ ਪੈਕਟ ਲਿਆ ਕੇ ਬੱਕਰੀ ਵਾਲੇ ਕਮਰੇ ਵਿੱਚ ਰੱਖਦੇ, ਜਦੋਂ ਕੋਈ ਗਾਹਕ ਆਉਂਦਾ ਤਾਂ ਉਸਨੂੰ ਦੂਰ ਬਿਠਾ ਕੇ ਦੁੱਧ ਚੋਣ ਦਾ ਡਰਾਮਾ ਕਰਕੇ ਪੈਕਟ ਵਾਲਾ ਦੁੱਧ ਲਿਆ ਦਿੰਦੇ। ਉਦੋਂ ਤਕ ਉਨ੍ਹਾਂ ਨੇ ਕਈ ਹਜ਼ਾਰ ਰੁਪਈਆ ਵੱਟ ਲਿਆ ਸੀ। ਐਹੋ ਜਿਹੇ ਲਾਹਣਤੀਆਂ ਨੂੰ ਲਾਹਣਤਾਂ ਪਾਉਣ ਤੋਂ ਬਿਨਾਂ ਕੋਈ ਕਰ ਵੀ ਕੀ ਸਕਦਾ ਸੀ।
ਲੌਕ ਡਾਊਨ ਖਤਮ ਹੋਣ ਤੋਂ ਬਾਅਦ ਛੋਟੇ ਬੱਚੇ ਸਕੂਲ ਗਏ ਤਾਂ ਉਨ੍ਹਾਂ ਦੀ ਅਧਿਆਪਕਾ ਨੇ ਕਰੋਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਸਾਨੂੰ ਦਿਸਦਾ ਨਹੀਂ ਪਰ ਹਵਾ ਵਿੱਚ ਇਸਦੇ ਕਿਟਾਣੂੰ ਹੁੰਦੇ ਹਨ, ਜੋ ਬਿਮਾਰੀ ਫੈਲਾਉਂਦੇ ਹਨ। ਇੱਕ ਬੱਚਾ ਖੜ੍ਹਾ ਹੋ ਕੇ ਕਹਿਣ ਲੱਗਾ, “ਮੈਡਮ ਜੀ, ਤੁਸੀਂ ਕਹਿੰਦੇ ਹੋ ਕਰੋਨਾ ਦਿਸਦਾ ਨਹੀਂ, ਅਸੀਂ ਤਾਂ ਰੋਜ਼ ਦੇਖਦੇ ਆਂ। ਸਾਡੇ ਮੁਹੱਲੇ ਵਿੱਚ ਪੰਜ ਕਰੋਨੇ ਰਹਿੰਦੇ ਆ।”
ਮੈਡਮ ਨੇ ਹੈਰਾਨਗੀ ਨਾਲ ਪੁੱਛਿਆ “ਉਹ ਕਿਹੜੇ?” ਤਾਂ ਬੱਚਾ ਕਹਿੰਦਾ “ਜੀ ਇੱਕ ਮੱਖਾ ਕਰੋਨਾ, ਦੂਜਾ ਭੁੰਡੀ ਕਰੋਨਾ, ਤੀਜਾ ਮਿੰਦੂ ਕਰੋਨਾ, ਚੌਥਾ ਪੱਪਾ ਕਰੋਨਾ, ਪੰਜਵਾਂ ਦੇਬੀ ਕਰੋਨਾ। ਇਹ ਸਵੇਰੇ ਘਰੋਂ ਨਿਕਲ ਕੇ ਬਿਨਾਂ ਮੂੰਹ ਢਕਿਆਂ ਪੁਲੀ ਉੱਤੇ ਬਹਿ ਕੇ ਤਾਸ਼ ਖੇਲਦੇ ਰਹਿੰਦੇ ਆ, ਪੁਲੀਸ ਦੀ ਗੱਡੀ ਦਾ ਹੌਰਨ ਸੁਣ ਕੇ ਅੰਦਰ ਲੁਕ ਜਾਂਦੇ ਆ। ਮੇਰੀ ਮੰਮੀ ਕਹਿੰਦੀ, ਇਨਾਂ ਕਰੋਨਿਆਂ ਦੇ ਮੱਥੇ ਨਹੀਂ ਲੱਗਣਾ, ਦੂਜੇ ਰਾਹ ਤੋਂ ਘੁੰਮ ਕੇ ਸਕੂਲ ਜਾਇਆ ਕਰੋ।”
ਇਸ ਮਹਾਂਮਾਰੀ ਦੌਰਾਨ ਸਕੂਲ-ਕਾਲਜ ਲਗਭਗ ਬੰਦ ਹੋ ਗਏ ਸਨ। ਛੋਟੇ-ਵੱਡੇ ਕਾਰੋਬਾਰ ਤਬਾਹ ਹੋ ਗਏ, ਦਿਹਾੜੀਦਾਰਾਂ ਦੇ ਭੁੱਖੇ ਮਰਨ ਤਕ ਦੀ ਨੌਬਤ ਆ ਗਈ, ਪਰ ਪੰਜਾਬ ਵਿੱਚ ਇੱਕ ਵੀ ਮੌਤ ਭੁੱਖ ਨਾਲ ਨਹੀਂ ਹੋਈ। ਸਮੇਂ ਦੀ ਸਰਕਾਰ ਨੇ ਆਪਣਾ ਫਰਜ਼ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਦੇਸ਼-ਵਿਦੇਸ਼ ਦੀਆਂ ਸਮਾਜ-ਸੇਵੀ ਸੰਸਥਾਵਾਂ ਨੇ ਲੋੜ ਤੋਂ ਵੀ ਵੱਧ ਰਾਸ਼ਣ ਲੋੜਵੰਦਾਂ ਦੇ ਘਰੀਂ ਪਹੁੰਚਾਇਆ। ਅੱਖੀਂ ਦੇਖੇ-ਹੰਢਾਏ ਅਜਿਹੇ ਦਿਨ, ਜਿਨ੍ਹਾਂ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ, ਕਦੇ ਵੀ ਮੁੜਕੇ ਨਾ ਆਉਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































