“ਕੱਦੂ ਬਾਬੇ ਦਾ ਸਾਡੀ ਬੈਂਕ ਬਰਾਂਚ ਵਿੱਚ ਕਾਫੀ ਆਉਣ-ਜਾਣ ਸੀ। ਤਿੰਨ ਮੁੰਡੇ ਅਤੇ ਦੋ ਕੁੜੀਆਂ ਉਹਦੀ ...”
(4 ਜੂਨ 2026)
ਜਿਊਂਦੇ ਹੋਣ ਦਾ ਪਰਮਾਣ ਦੇਣ ਮਗਰੋਂ ਉਹ ਬਜ਼ੁਰਗ ਪੈਨਸ਼ਨਰ ਮੇਰੇ ਸਾਹਮਣੇ ਚੁੱਪ-ਚਾਪ ਕੁਰਸੀ ’ਤੇ ਬੈਠਾ ਰਿਹਾ। ਦੋ-ਤਿੰਨ ਹੋਰ ਗਾਹਕ ਭੁਗਤਾਉਣ ਤੋਂ ਬਾਅਦ ਮੈਂ ਵਿਹਲਾ ਹੋਇਆ ਤਾਂ ਉਹ ਕਹਿਣ ਲੱਗਾ, “ਸਰ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆਂ।”
ਮੇਰੇ “ਦੱਸੋ” ਦੇ ਜਵਾਬ ਵਿੱਚ ਉਹ ਕਹਿਣ ਲੱਗਾ, “ਪੈਨਸ਼ਨ ਲੋਨ ਤਾਂ ਮੈਂ ਪਹਿਲਾਂ ਹੀ ਲਿਆ ਹੋਇਆ ਆ, ਮੈਨੂੰ ਹੋਰ ਪੈਸਿਆਂ ਦੀ ਲੋੜ ਆ।”
ਮੇਰੇ ਕਿਸ ਕੰਮ ਲਈ ਅਤੇ ਕਿੰਨੇ ਕੁ ਪੁੱਛਣ ’ਤੇ ਉਹ ਮੇਰੇ ਨੇੜੇ ਹੋ ਕੇ ਕਹਿਣ ਲੱਗਾ “ਮੈਂ ਝੂਠ ਨਹੀਂ ਬੋਲਣਾ, ਸੱਚੀ ਗੱਲ ਇਹ ਆ ਕਿ ਮੇਰੀ ਰਿਸ਼ਤੇਦਾਰੀ ਵਿੱਚ ਲੜਕੀ ਦੀ ਸ਼ਾਦੀ ਆ। ਇੱਕ ਲੱਖ ਰੁਪਈਆ ਸ਼ਗਨ ਦੇਣਾ ਪੈਣਾ। ਹੋਰ ਲੋਨ ਦੇ ਸਕੋ ਤਾਂ ਤੁਹਾਡੀ ਮਿਹਰਬਾਨੀ ਹੋਊਗੀ, ਕਿਸ਼ਤ ਹਰ ਮਹੀਨੇ ਪੈਨਸ਼ਨ ਵਿੱਚੋਂ ਕੱਟ ਲੈਣਾ।”
ਮੈਂ ਹੈਰਾਨਗੀ ਨਾਲ ਕਿਹਾ, “ਬਜ਼ੁਰਗੋ, ਸ਼ਗਨ ਘੱਟ ਦੇ ਦਿਉ, ਕਰਜ਼ਾ ਸਿਰ ਕਾਹਨੂੰ ਚੜ੍ਹਾਉਣਾ?”
ਬਜ਼ੁਰਗ ਕਹਿੰਦਾ, “ਘੱਟੋ-ਘੱਟ ਇੱਕ ਲੱਖ ਦੇਣਾ ਤਾਂ ਸਾਡੀ ਮਜਬੂਰੀ ਆ, ਵੱਧ ਭਾਵੇਂ ਜਿੰਨੇ ਮਰਜ਼ੀ ਦੇ ਦੇਈਏ। ਤੁਹਾਨੂੰ ਸ਼ਾਇਦ ਪਤਾ ਨਹੀਂ, ਸਾਡੇ ਭਾਈਚਾਰੇ ਵਿੱਚ ਰਵਾਇਤ ਆ ਕਿ ਸਾਡੇ ਬੱਚਿਆਂ ਦੇ ਵਿਆਹਾਂ ’ਤੇ ਜਿੰਨਾ ਸ਼ਗਨ ਕੋਈ ਰਿਸ਼ਤੇਦਾਰ ਜਾਂ ਸ਼ਰੀਕ ਦੇ ਗਿਆ, ਉਨ੍ਹਾਂ ਦੇ ਧੀਆਂ-ਪੁੱਤਾਂ ਦੇ ਵਿਆਹਾਂ ਵੇਲੇ ਸਾਨੂੰ ਦੁੱਗਣਾ ਦੇਣਾ ਪੈਂਦਾ।”
ਬਜ਼ੁਰਗ ਦੀਆਂ ਗੱਲਾਂ ਸੁਣਕੇ ਮੇਰੇ ਮਨ ਵਿੱਚ ਇਲਾਕੇ ਵਿੱਚ ਬਹੁ-ਗਿਣਤੀ ਬਰਾਦਰੀ ਦੇ ਰੀਤੀ-ਰਿਵਾਜ਼ਾਂ ਬਾਰੇ ਜਾਣਨ ਦੀ ਉਤਸੁਕਤਾ ਜਾਗ ਪਈ। ਸਾਡੀ ਬੈਂਕ ਬਰਾਂਚ ਵਿੱਚ ਉਸ ਬਰਾਦਰੀ ਦਾ ਇੱਕ ਸੰਦੀਪ ਸਿੰਘ ਨਾਂ ਦਾ ਨੌਜਵਾਨ ਸੇਵਾਦਾਰ ਵਜੋਂ ਕੰਮ ਕਰਦਾ ਸੀ। ਇੱਕ ਦਿਨ ਡਿਊਟੀ ਟਾਈਮ ਵਿੱਚ ਉਹ ਕਹਿੰਦਾ, “ਸਾਬ੍ਹ ਜੀ, ਮੇਰੀ ਮਾਸੀ ਪੂਰੀ ਹੋ ਗਈ ਆ। ਉਹਦੇ ਸੰਸਕਾਰ ’ਤੇ ਜਾਣਾ, ਦੋ-ਤਿੰਨ ਘੰਟੇ ਲੱਗ ਜਾਣੇ ਆਂ। ਜਾ ਆਵਾਂ?” ਦਸਾਂ-ਪੰਦਰ੍ਹਾਂ ਦਿਨ ਬਾਦ ਕਦੇ ਚਾਚੀ, ਕਦੇ ਭੂਆ, ਕਦੇ ਮਾਮੇ, ਕਦੇ ਨਾਨੇ ਦੇ ਸੰਸਕਾਰ ਜਾਂ ਭੋਗ ’ਤੇ ਜਾਣ ਦਾ ਕਹਿ ਕੇ ਉਹ ਚਲੇ ਜਾਂਦਾ ਅਤੇ ਭੋਗ ਤੋਂ ਆਉਣ ਦਾ ਯਕੀਨ ਦਿਵਾਉਣ ਲਈ ਜਲੇਬੀਆਂ ਦਾ ਲਿਫਾਫਾ ਸਟਾਫ ਅੱਗੇ ਰੱਖ ਦਿੰਦਾ। ਇੱਕ ਦਿਨ ਸੰਸਕਾਰ ’ਤੇ ਜਾਣ ਦੇ ਪੱਜ ਦਾ ਝੂਠ ਫੜਿਆ ਗਿਆ ਜਦੋਂ ਪਹਿਲਾਂ ਹੀ ਆਪਣੇ ਨਾਨੇ ਦੇ ਸੰਸਕਾਰ ’ਤੇ ਗਏ ਹੋਣ ਦਾ ਚੇਤਾ ਭੁਲਾ ਕੇ ਦੂਜੀ ਵਾਰ ਨਾਨੇ ਦੇ ਸੰਸਕਾਰ ’ਤੇ ਜਾਣ ਲਈ ਛੁੱਟੀ ਮੰਗੀ। ਸੰਦੀਪ ਦੀ ਗੈਰ-ਹਾਜ਼ਰੀ ਵਿੱਚ ਦੂਸਰੇ ਸੇਵਾਦਾਰ ਨੇ ਮੈਨੂੰ ਸਚਾਈ ਦੱਸ ਦਿੱਤੀ। ਸੰਸਕਾਰ ਦੇ ਪੱਜ ਜਾ ਕੇ ਉਹ ਬਰਾਦਰੀ ਦੇ ਮੁੰਡੇ-ਕੁੜੀਆਂ ਦੇ ਰਿਸ਼ਤੇ ਕਰਵਾਉਂਦਾ ਸੀ। ਦੋ-ਤਿੰਨ ਘੰਟੇ ਵਿੱਚ ਮੁੰਡੇ-ਕੁੜੀ ਦਾ ਦੇਖ-ਦਿਖਾਲਾ ਕਰਵਾ ਕੇ ਵਾਪਸ ਆਉਂਦਾ ਹੋਇਆ ਹਲਵਾਈ ਤੋਂ ਕਿਲੋ ਜਲੇਬੀਆਂ ਖਰੀਦ ਕੇ ਸੱਚੀ-ਮੁੱਚੀ ਭੋਗ ਤੋਂ ਆਉਣ ਦਾ ਯਕੀਨ ਕਰਵਾ ਦਿੰਦਾ। ਰਿਸ਼ਤਾ ਕਰਵਾਉਣ ਦੀ ਫੀਸ ਵਜੋਂ ਦੋਹਾਂ ਪਾਸਿਆਂ ਤੋਂ ਉਂਗਲੀਆਂ ਪੀਲੀਆਂ ਕਰਵਾਉਂਦਾ। ਸਾਰੀ ਗੱਲ ਖੁੱਲ੍ਹਣ ਤੇ ‘ਸੰਦੀਪ ਵਿਚੋਲਾ’ ਵੀ ਸਾਰੇ ਸਟਾਫ ਨਾਲ ਖੁੱਲ੍ਹ ਕੇ ਹੱਸਿਆ।
ਇਲਾਕੇ ਦੇ ਰੀਤੀ-ਰਿਵਾਜ਼ਾਂ ਬਾਰੇ ਜਾਣਨ ਲਈ ਮੈਨੂੰ ਸਰੋਤ ਮਿਲ ਗਿਆ। ਇੱਕ ਦਿਨ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬਰਾਦਰੀ ਵਿੱਚ ਮਾਣਤਾ-ਪ੍ਰਾਪਤ ਵਿਚੋਲੇ ਹਨ ਜੋ ਸਾਰੇ ਇਲਾਕੇ ਵਿੱਚ ਬਰਾਦਰੀ ਦੇ ਘਰ-ਘਰ ਦੀ ਜਾਣਕਾਰੀ ਰੱਖਦੇ ਹਨ। ਕੁੜੀ ਜਾਂ ਮੁੰਡੇ ਦੇ ਵਿਆਹ ਦੀ ਤਰੀਕ ਮਿਥਣ ਵੇਲੇ ਵਿਆਹ ਲਈ ਖਰਚੇ ਜੋਗੇ ਪੈਸੇ ਨਾ ਵੀ ਹੋਣ ਤਾਂ ਵੀ ਵਿਆਹ ਗੱਜ-ਵੱਜ ਕੇ ਹੁੰਦਾ ਹੈ। ਜਿਨ੍ਹਾਂ ਦੇ ‘ਨਿਉਂਦਾ’ ਪਾਇਆ ਹੁੰਦਾ ਹੈ, ਉਹ ਦੁੱਗਣਾ ਕਰਕੇ ਮੋੜ ਦਿੰਦੇ ਹਨ। ਬਰਾਤ ਦੀ ਸੇਵਾ ਦਾ ਮਿਆਰ ‘ਕਿੰਨੇ ਬੱਕਰੇ ਪਾਏ’ ਦੀ ਗਿਣਤੀ ਨਾਲ ਸੰਬੰਧ ਰੱਖਦਾ ਹੈ। ਮਿਲਣੀ ਵੇਲੇ ਸਮਰੱਥਾ ਤੋਂ ਵੱਧ ਉਂਗਲੀਆਂ ਪੀਲੀਆਂ ਕੀਤੀਆਂ ਜਾਂਦੀਆਂ ਹਨ। ਦੋਵੇਂ ਪਾਸੇ ਵਿਚੋਲੇ ਨੂੰ ਮੁੰਦਰੀ ਪਾਉਣੀ ਨਹੀਂ ਭੁੱਲਦੇ। ਅੱਜ ਕੱਲ੍ਹ ਟੁੰਬ ਦੀ ਜਗ੍ਹਾ ਨਕਦ ਰਾਸ਼ੀ ਦੇਣ ਦਾ ਰਿਵਾਜ਼ ਹੋ ਗਿਆ ਹੈ।
ਇਲਾਕੇ ਵਿੱਚ ਵਿਚੋਲੇ ਵਜੋਂ ‘ਕੱਦੂ ਬਾਬੇ’ ਦੀ ਬੜੀ ਮਸ਼ਹੂਰੀ ਸੀ। ਕੱਦੂ ਬਾਬੇ ਦਾ ਸਾਡੀ ਬੈਂਕ ਬਰਾਂਚ ਵਿੱਚ ਕਾਫੀ ਆਉਣ-ਜਾਣ ਸੀ। ਤਿੰਨ ਮੁੰਡੇ ਅਤੇ ਦੋ ਕੁੜੀਆਂ ਉਹਦੀਆਂ ਅਮਰੀਕਾ-ਕਨੇਡਾ ਸੈੱਟ ਸਨ। ਫੌਜ ਦੀ ਪੈਨਸ਼ਨ ਆਉਂਦੀ ਸੀ। ਵਿਚੋਲਪੁਗਿਰੀ ਦੀ ਵੀ ਚੋਖੀ ਖੱਟੀ ਸੀ। ਜ਼ਮੀਨ ਦਾ ਠੇਕਾ ਵੀ ਕਾਫੀ ਆ ਜਾਂਦਾ ਸੀ। ਦੋਵੇਂ ਤੀਵੀਂ-ਆਦਮੀ ਪਿੰਡ ਰਹਿੰਦੇ ਸਨ। ਬੈਂਕ ਵਿੱਚ ਜਮ੍ਹਾਂ ਪੂੰਜੀ ਵਾਲੇ ਖਾਤਿਆਂ ਵਿੱਚ ਪੁੱਤਰਾਂ-ਧੀਆਂ ਨੂੰ ਬਰਾਬਰ ਦੇ ਵਾਰਸ ਬਣਾਇਆ ਹੋਇਆ ਸੀ। ਕੱਦੂ ਬਾਬਾ ਚੜ੍ਹਾਈ ਕਰ ਗਿਆ ਤਾਂ ਸਾਰੇ ਧੀਆਂ ਪੁੱਤਰ ਅਤੇ ਉਸਦੀ ਪਤਨੀ ਬੈਂਕ ਆਏ। ਖਾਤੇ ਫਰੋਲਣ ’ਤੇ ਪਤਾ ਲੱਗਾ ਕਿ ਸਭ ਖਾਤਿਆਂ ਵਿੱਚ ਵਾਰਸ ਦਾ ਨਾਂ ਲਿਖਵਾਇਆ ਹੋਇਆ ਸੀ ਪਰ ਲਾਕਰ ਖਾਤੇ ਵਿੱਚ ਕਿਸੇ ਵਾਰਸ ਦਾ ਨਾਂ ਨਹੀਂ ਲਿਖਵਾਇਆ ਸੀ। ਕਾਨੂੰਨੀ ਵਾਰਸਾਂ ਨੂੰ ਲਾਕਰ ਵਿਚਲਾ ਸਮਾਨ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਨਾਲ ਲਾਕਰ ਤੁੜਵਾਇਆ ਗਿਆ ਤਾਂ ਉਸ ਵਿੱਚੋਂ ਲਗਭਗ ਦੋ ਕਿਲੋ ਸੋਨੇ ਦੇ ਗਹਿਣੇ ਨਿਕਲੇ, ਜਿਨ੍ਹਾਂ ਵਿੱਚ ਕੜੇ, ਮੁੰਦਰੀਆਂ, ਵਾਲੀਆਂ, ਕਾਂਟੇ, ਝੁਮਕੇ, ਚੇਨੀਆਂ ਦੀ ਗਿਣਤੀ ਕੀਤੀ ਗਈ ਤਾਂ ਤਿੰਨ ਸੌ ਤੋਂ ਉੱਪਰ ਸੀ। ਇਹ ਸਭ ਵਿਚੋਲਗਿਰੀ ਦੀ ਖੱਟੀ ਸੀ। ਸੌਖਿਆਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਉਸਨੇ ਤਿੰਨ ਸੌ ਤੋਂ ਉੱਪਰ ਰਿਸ਼ਤੇ ਜੋੜੇ ਹੋਣਗੇ।
ਸੰਦੀਪ ਵਿਚੋਲੇ ਦੀ ਚੜ੍ਹਤ ਤੋਂ ਅਸੀਂ ਹੈਰਾਨ ਸਾਂ। ਬੈਂਕ ਦੇ ਅਫਸਰ, ਕਲਰਕ ਦੋ-ਤਿੰਨ ਬੱਸਾਂ ਬਦਲ ਕੇ ਧੱਕੇ ਖਾਂਦੇ ਬਰਾਂਚ ਪਹੁੰਚਦੇ ਪਰ ਸੰਦੀਪ ਵਿਚੋਲੇ ਨੇ ਗੱਡੀ ਲੈ ਲਈ ਸੀ। ਉਹ ਸੁਭਾਨਪੁਰ ਨੇੜੇ ਨੰਗਲ ਲੁਬਾਣਾ ਤੋਂ ਆਉਂਦਾ ਸੀ। ਸਵੇਰੇ ਸਾਨੂੰ ਉਹ ਸੁਭਾਨਪੁਰ ਅੱਡੇ ਤੋਂ ਲੈ ਜਾਂਦਾ ਅਤੇ ਕਦੇ-ਕਦੇ ਸ਼ਾਮ ਨੂੰ ਸੁਭਾਨਪੁਰ ਤੋਂ ਜਲੰਧਰ ਵਾਲੀ ਬੱਸ ਚੜ੍ਹਵਾ ਦਿੰਦਾ। ਹੁਣ ਉਸਨੂੰ ਵਿਚੋਲਗਿਰੀ ਦੇ ਕੰਮ ਲਈ ਸੰਸਕਾਰ ’ਤੇ ਜਾਣ ਦਾ ਪੱਜ ਨਹੀਂ ਸੀ ਲਾਉਣਾ ਪੈਂਦਾ।
ਮੈਂ ਦਸੰਬਰ 2015 ਵਿੱਚ ਰਿਟਾਇਰ ਹੋ ਗਿਆ। ਚਾਰ-ਪੰਜ ਸਾਲ ਬਾਅਦ ਬੈਂਕ ਬਰਾਂਚ ਜਾਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਾ ਕਿ ਸੰਦੀਪ ਸਿੰਘ ਕਲਰਕ ਬਣ ਗਿਆ ਸੀ ਪਰ ਬੈਂਕ ਦੀ ਨੌਕਰੀ ਛੱਡ ਕੇ ਉਹ ਹੁਣ ਕੁੱਲਵਕਤੀ-ਵਿਚੋਲਾ ਬਣ ਗਿਆ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

















































































































