“ਸਾਰੀਆਂ ਬਰਾਂਚਾਂ ਵਿੱਚ ਐਹੋ ਜਿਹੇ ਭਗਤ ਬੰਦੇ ਨਹੀਂ ਹੁੰਦੇ, ਅਸੀਂ ਕਰਮਾਂ ਵਾਲੇ ਆਂ ਜਿਹੜੇ”
(18 ਮਈ 2026)
ਮੈਂ ਇੱਕ ਬੈਂਕ ਵਿੱਚ ਮੁਲਾਜ਼ਮ ਸੀ। ਛੁੱਟੀ ਹੋਣ ਤੋਂ ਪੰਦਰਾਂ ਕੁ ਮਿੰਟ ਪਹਿਲਾਂ ਸੀਨੀਅਰ ਮੈਨੇਜਰ ਨੇ ਸਟਾਫ ਮੀਟਿੰਗ ਸੱਦ ਲਈ। ਨਵੇਂ ਆਏ ਅਫਸਰ ਦੀ ਸਟਾਫ ਨਾਲ ਜਾਣ-ਪਛਾਣ ਕਰਵਾਉਣੀ ਸੀ। ਦੱਸਿਆ ਗਿਆ ਕਿ ਉਨ੍ਹਾਂ ਦਾ ਅਹੁਦਾ ਮੈਨੇਜਰ ਦਾ ਹੈ ਅਤੇ ਗਿਆਰਾਂ ਮਹੀਨੇ ਬਾਅਦ ਉਨ੍ਹਾਂ ਨੇ ਸੇਵਾ-ਮੁਕਤ ਹੋ ਜਾਣਾ ਹੈ। ਨਵੇਂ ਆਏ ਮੈਨੇਜਰ ਸਾਹਿਬ ਨੇ ਸਵੈਜਾਣਕਾਰੀ ਦਿੰਦਿਆਂ ਕਿਹਾ, “ਨਾਂ ਮੇਰਾ ਮਦਨ ਮੋਹਨ ਚਾਵਲਾ ਆ ਪਰ ਸਾਰੇ ਮੈਨੂੰ ਐੱਮ ਐੱਮ ਸੀ ਕਹਿ ਕੇ ਬੁਲਾਂਦੇ ਨੇ। ਮੈਂ ਜ਼ਰਾ ਵੱਖਰੀ ਕਿਸਮ ਦਾ ਬੰਦਾ ਆਂ। ਥੋੜ੍ਹਾ ਬੋਲਣਾ, ਵਧੀਆ ਖਾਣਾ-ਪੀਣਾ, ਸਹਿਜੇ-ਤੁਰਨਾ ਅਤੇ ਨਿੱਠ ਕੇ ਕੰਮ ਕਰਨਾ ਮੇਰੀ ਆਦਤ ਹੈ। ਅਨੁਸ਼ਾਸਨਹੀਣਤਾ ਮੈਨੂੰ ਪਸੰਦ ਨਹੀਂ।”
ਅਗਲੇ ਦਿਨ ਆਉਂਦਿਆਂ ਹੀ ਚਾਵਲਾ ਜੀ ਨੇ ਬੈਗ ਵਿੱਚੋਂ ਟਿਫਨ ਕੱਢ ਕੇ ਸੇਵਾਦਾਰ ਨੂੰ ਹੌਟਕੇਸ ਵਿੱਚ ਰੱਖਣ ਲਈ ਦਿੱਤਾ ਤਾਂ ਉਹ ਹਾਲ ਵਿੱਚ ਸਾਰੇ ਕਰਮਚਾਰੀਆਂ ਨੂੰ ਦਿਖਾ ਕੇ ਮੁਸਕਰਾਉਂਦਾ ਹੋਇਆ ਲੰਘ ਗਿਆ। ਦੁਪਹਿਰ ਦਾ ਖਾਣਾ ਸਾਰੇ ਕਰਮਚਾਰੀ ਇੱਕੋ ਟੇਬਲ ’ਤੇ ਬੈਠ ਕੇ ਖਾਂਦੇ ਸਨ। ਖਾਣ ਬੈਠੇ ਤਾਂ ਦੇਖਿਆ ਕਿ ਸਾਰਿਆਂ ਦੇ ਟਿਫਨ ਚਾਵਲਾ ਜੀ ਦੇ ਟਿਫਨ ਪਿੱਛੇ ਲੁਕੇ ਹੋਏ ਸਨ। ਇੰਜ ਲੱਗਾ ਜਿਵੇਂ ਚਾਵਲਾ ਜੀ ਚਾਰ ਖਾਨਿਆਂ ਵਾਲੇ ਡੇਢ ਫੁੱਟ ਉੱਚੇ ਟਿਫਨ ਵਿੱਚ ਸਾਰੇ ਕਰਮਚਾਰੀਆਂ ਲਈ ਖਾਣਾ ਲੈ ਕੇ ਆਏ ਹੋਣ, ਪਰ ਉਹ ਤਾਂ ਸਿਰਫ ਉਨ੍ਹਾਂ ਜੋਗਾ ਹੀ ਸੀ।
ਪਿੰਡ ਦੀ ਬਰਾਂਚ ਸੀ, ਨੇੜੇ-ਤੇੜੇ ਕੋਈ ਚਾਹ-ਪਾਣੀ ਦੀ ਦੁਕਾਨ ਨਹੀਂ ਸੀ। ਦੋ ਕੁ ਸੌ ਗਜ਼ ਦੂਰ ਬੱਸ-ਸਟਾਪ ਦੇ ਸਾਹਮਣੇ ਇੱਕ ਹਲਵਾਈ ਦੀ ਦੁਕਾਨ ਤੋਂ ਮਿਥੇ ਸਮੇਂ ’ਤੇ ਦਿਨ ਵਿੱਚ ਦੋ ਵਾਰੀ ਚਾਹ ਆ ਜਾਂਦੀ। ਪੇਂਡੂ ਬਰਾਂਚਾਂ ਵਿੱਚ ਉਨ੍ਹੀਂ ਦਿਨੀਂ ਵੀਰਵਾਰ ਨੂੰ ਗਾਹਕ-ਸੇਵਾ ਬੰਦ ਸੀ, ਬੈਂਕ ਦੇ ਲਮਕਦੇ ਕੰਮ ਮੁਕਾਏ ਜਾਂਦੇ ਸਨ। ਵੀਰਵਾਰ ਵਾਲੇ ਦਿਨ ਚਾਵਲਾ ਜੀ ਕਹਿੰਦੇ, “ਬਈ ਮੁੰਡਿਓ, ਬਾਕੀ ਦਿਨ ਤਾਂ ਖਾਲੀ ਚਾਹ ਨਾਲ ਢਿੱਡ ਫੂਕਦੇ ਓਂ, ਵੀਰਵਾਰ ਨੂੰ ਚਾਹ ਨਾਲ ਪਕੌੜੇ-ਛਕੌੜੇ ਮੰਗਵਾ ਲਿਆ ਕਰੋ।”
ਸਾਰਿਆਂ ਨੇ ਮੁਸਕਰਾ ਕੇ ਹਾਮੀ ਭਰ ਦਿੱਤੀ ਤਾਂ ਚਾਵਲਾ ਜੀ ਨੇ ਸੇਵਾਦਾਰ ਰਾਹੀਂ ਪਕੌੜਿਆਂ ਦਾ ਆਰਡਰ ਭੇਜ ਦਿੱਤਾ। ਇਹ ਸਿਲਸਿਲਾ ਚਲਦਾ ਰਿਹਾ। ਹਰ ਵੀਰਵਾਰ ਚਾਹ ਨਾਲ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਮੰਗਵਾਉਂਦੇ। ਜੂਨ ਮਹੀਨੇ ਦੇ ਇੱਕ ਵੀਰਵਾਰ ਮੁੰਡਾ ਸਵੇਰ ਦੀ ਚਾਹ ਦੇਣ ਆਇਆ ਤਾਂ ਚਾਵਲਾ ਜੀ ਨੇ ਦੁਪਹਿਰ ਦੀ ਚਾਹ ਨਾਲ ਪਾਲਕ ਦੇ ਪਕੌੜੇ ਲਿਆਉਣ ਦਾ ਹੁਕਮ ਚਾੜ੍ਹ ਦਿੱਤਾ। ਹਲਵਾਈ ਨੇ ਬਥੇਰਾ ਕਿਹਾ ਕਿ ਇੰਨੀ ਗਰਮੀ ਵਿੱਚ ਪਾਲਕ ਨਹੀਂ ਮਿਲਣੀ ਪਰ ਚਾਵਲਾ ਜੀ ਕਹਿੰਦੇ, “ਜਿੱਥੋਂ ਮਰਜ਼ੀ ਲਿਆ, ਅਸੀਂ ਤਾਂ ਅੱਜ ਪਾਲਕ ਦੇ ਪਕੌੜੇ ਹੀ ਖਾਵਾਂਗੇ।”
ਦੁਪਹਿਰੋਂ ਬਾਅਦ ਮੁੰਡਾ ਚਾਹ ਨਾਲ ਪਕੌੜੇ ਲੈ ਕੇ ਆਇਆ ਤਾਂ ਚਾਵਲਾ ਜੀ ਖਿੜ ਗਏ। ਇਮਲੀ ਦੀ ਖੱਟੀ-ਮੱਠੀ ਚਟਣੀ ਨਾਲ ਚਾਵਲਾ ਜੀ ਨੇ ਕਰਾਰੇ ਪਕੌੜੇ ਚਟਕਾਰੇ ਲੈ ਲੈ ਕੇ ਖਾਧੇ। ਬਾਕੀਆਂ ਨੇ ਇੱਕ-ਇੱਕ, ਦੋ-ਦੋ ਖਾ ਲਏ ਪਰ ਅਜੀਬ ਜਿਹੇ ਸੁਆਦ ਬਾਰੇ ਘੁਸਰ-ਮੁਸਰ ਹੋਣ ਲੱਗ ਪਈ।
ਦੂਸਰੇ ਦਿਨ ਹਲਵਾਈ ਸਵੇਰੇ ਚਾਹ ਲੈ ਕੇ ਆਇਆ ਤਾਂ ਮੈਂ ਪੁੱਛ ਲਿਆ, “ਕੱਲ੍ਹ ਤਾਂ ਕਹਿੰਦਾ ਸੀ ਪਾਲਕ ਨਹੀਂ ਮਿਲਣੀ, ਫਿਰ ਪਾਲਕ ਦੇ ਪਕੌੜੇ ਕਿੱਥੋਂ ਲੈ ਆਇਆ?”
ਉਹ ਮੁਸਕਰਾਈ ਜਾਵੇ, ਬੋਲੇ ਕੁਝ ਨਾ। ਮੇਰੇ ਵਾਰ-ਵਾਰ ਪੁੱਛਣ ’ਤੇ ਉਹ ਮੇਰੇ ਕੰਨ ਵਿੱਚ ਕਹਿੰਦਾ, “ਐਨੀ ਗਰਮੀ ਵਿੱਚ ਇਸ ਛੋਟੇ ਜਿਹੇ ਪਿੰਡ ਵਿੱਚੋਂ ਪਾਲਕ ਕਿੱਥੋਂ ਮਿਲਣੀ ਸੀ, ਮੈਂ ਤਾਂ ਚਾਵਲਾ ਜੀ ਦੀ ਜ਼ਿਦ ਪੁਗਾਉਣ ਲਈ ਰਲਦਾ-ਮਿਲਦਾ ਕੁਝ ਪਾ ਕੇ ‘ਪਾਲਕ ਦੇ ਪਕੌੜੇ’ ਬਣਾ ਦਿੱਤੇ। ਮੇਰੇ ‘ਕੁਝ ਪਾ ਕੇ’ ਬਾਰੇ ਪੁੱਛਣ ’ਤੇ ਉਹ ਕਹਿੰਦਾ, “ਕੱਲ੍ਹ ਸਵੇਰੇ ਜਦੋਂ ਮੈਂ ਚਾਹ ਦੇ ਕੇ ਵਾਪਸ ਗਿਆ ਤਾਂ ਮੇਰੀ ਦੁਕਾਨ ਦੇ ਬਾਹਰ ਇੱਕ ਅਣਜਾਣ ਬੰਦਾ ਬੈਠਾ ਸੀ। ਮੈਂ ਆਪਣੇ ਮੁੰਡੇ ਨਾਲ ਪਾਲਕ ਬਾਰੇ ਗੱਲ ਕਰ ਰਿਹਾ ਸੀ ਤਾਂ ਉਸ ਬੰਦੇ ਨੇ ਸਾਹਮਣੇ ਤੂਤ ਦੇ ਦਰਖਤ ਵਲ ਇਸ਼ਾਰਾ ਕੀਤਾ। ਤੂਤ ਦੇ ਨਰਮ ਪੱਤੇ ਦੇਖ ਕੇ ਮੈਂ ਜੁਗਤ ਲੜਾਈ। ਮੈਂ ਟਾਹਣੀਆਂ ਨਾਲੋਂ ਪੱਤੇ ਭਰੂ ਲਏ ’ਤੇ ਕੁੜੱਤਣ ਹਟਾਉਣ ਲਈ ਚੰਗੀ ਤਰ੍ਹਾਂ ਉਬਾਲ ਕੇ ਚਾਵਲਾ ਜੀ ਲਈ ‘ਪਾਲਕ ਦੇ ਕਰਾਰੇ ਪਕੌੜੇ’ ਬਣਾ ਦਿੱਤੇ।”
ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬਰਾਂਚ ਦੇ ਮੁਲਾਜ਼ਮ ਬਾਹਰ ਲੱਤਾਂ ਸਿੱਧੀਆਂ ਕਰਨ ਜ਼ਰੂਰ ਜਾਂਦੇ ਸਨ, ਸਿਰਫ ਸਕਿਉਰਟੀ ਗਾਰਡ ਅਤੇ ਸੀਨੀਅਰ ਮੈਨੇਜਰ ਹੀ ਅੰਦਰ ਰਹਿ ਜਾਂਦੇ। ਇੱਕ ਦਿਨ ਸੀਨੀਅਰ ਮੈਨੇਜਰ ਛੁੱਟੀ ’ਤੇ ਸੀ। ਲੰਚ ਵੇਲੇ ਬੈਂਕ ਦੇ ਸਰਕਲ ਦਫਤਰ ਤੋਂ ਫੋਨ ਆਇਆ ਤਾਂ ਗਾਰਡ ਨੇ ਚੁੱਕਿਆ। ਫੋਨ ਕਰਨ ਵਾਲੇ ਨੇ ਸੁਨੇਹਾ ਦਿੱਤਾ ਕਿ ਅੱਜ ਹੀ ਐੱਮ ਐੱਮ ਸੀ ਭੇਜੋ। ਚਾਵਲਾ ਜੀ ਆਏ ਤਾਂ ਗਾਰਡ ਨੇ ਦੱਸਿਆ ਕਿ ਤੁਹਾਨੂੰ ਹੁਣੇ ਸਰਕਲ ਦਫਤਰ ਬੁਲਾਇਆ ਹੈ। ਚਾਵਲਾ ਜੀ ਉਸੇ ਵੇਲੇ ਚਲੇ ਗਏ। ਸਰਕਲ ਦਫਤਰ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਤਾਂ ਐੱਮ ਐੱਮ ਸੀ ਸਟੇਟਮੈਂਟ ਭਾਵ ‘ਮੈਨੇਜਰ ਮੰਥਲੀ ਸਰਟੀਫੀਕੇਟ’ ਭੇਜਣ ਲਈ ਕਿਹਾ ਸੀ। ਗਾਰਡ ਨੇ ਐੱਮ ਐੱਮ ਸੀ ਭਾਵ ਮਦਨ ਮੋਹਨ ਚਾਵਲਾ ਨੂੰ ਭੇਜ ਦਿੱਤਾ।
ਦਿਵਾਲੀ ਤੋਂ ਕੁਝ ਦਿਨ ਪਹਿਲਾਂ ਚਾਵਲਾ ਜੀ ਨੇ ਇੱਕ ਕਿਸਾਨ ਦਾ ਮੱਝਾਂ ਲਈ ਕਰਜ਼ਾ ਪਾਸ ਕੀਤਾ। ਕਿਸਾਨ ਨੂੰ ਕਹਿੰਦੇ, “ਚੈੱਕ ਤੈਨੂੰ ਫਿਰ ਦਿਆਂਗਾ, ਪਹਿਲਾਂ ਮੈਨੂੰ ਸਰ੍ਹੋਂ ਦਾ ਸਾਗ ਲਿਆ ਕੇ ਦੇ।”
ਉਨ੍ਹੀਂ ਦਿਨੀਂ ਬਰਸੀਮ ਅਜੇ ਫੁੱਟਿਆ ਹੀ ਸੀ, ਵਿੱਚ ਕਿਤੇ-ਕਿਤੇ ਸਰ੍ਹੋਂ ਦੇ ਪੱਤੇ ਵੀ ਦਿਸਦੇ ਸਨ। ਕਿਸਾਨ ਨੇ ਦੂਸਰੇ ਦਿਨ ਸਾਗ ਰਿੰਨ੍ਹ ਦਾ ਬਾਲਟਾ ਭਰ ਕੇ ਲਿਆ ਦਿੱਤਾ। ਅਗਲੇ ਦਿਨ ਚਾਵਲਾ ਜੀ ‘ਸਾਗ’ ਦੀਆਂ ਸਿਫਤਾਂ ਕਰਨੋ ਨਾ ਹਟਣ। ਪਿੱਛੋਂ ਪਤਾ ਲੱਗਾ ਕਿ ਕਿਸਾਨ ਨਰਮ-ਨਰਮ ਬਰਸੀਮ ਵਿੱਚ ਥੋੜ੍ਹੇ ਜਿਹੇ ਸਰ੍ਹੋਂ ਦੇ ਪੱਤੇ ਰਿੰਨ੍ਹ ਕੇ ਦੇ ਗਿਆ ਸੀ।
ਪਹਿਲੇ ਦਿਨ ਜਾਣ-ਪਛਾਣ ਵੇਲੇ ਚਾਵਲਾ ਜੀ ਦੇ ਕਹੇ ਵਚਨ ਇੱਕ-ਇੱਕ ਕਰਕੇ ਪ੍ਰਤੱਖ ਹੋਈ ਜਾ ਰਹੇ ਸਨ। ਸਹਿਜੇ ਤੁਰਨਾ ਤਾਂ ਉਨ੍ਹਾਂ ਦੀ ਮਜਬੂਰੀ ਸੀ ਕਿਉਂਕਿ ਉਨ੍ਹਾਂ ਦੀ ਇੱਕ ਲੱਤ ਛੋਟੀ ਸੀ। ਉਹ ਨਿੱਠ ਕੇ ਕੰਮ ਤਾਂ ਨਹੀਂ ਸਨ ਕਰਦੇ ਪਰ ਨਿੱਠ ਕੇ ਸੌਂਦੇ ਜ਼ਰੂਰ ਸਨ। ਸਰਦੀਆਂ ਦੇ ਦਿਨਾਂ ਵਿੱਚ ਸਵੇਰੇ ਆਉਣ ਸਾਰ ਉਹ ਦੋ ਡਿਸਪ੍ਰੀਨ ਦੀਆਂ ਗੋਲੀਆਂ ਪਾਣੀ ਵਿੱਚ ਘੋਲ ਕੇ ਪੀਂਦੇ ਅਤੇ ਬੈਂਕ ਦੇ ਪਿਛਵਾੜੇ ਧੁੱਪ ਵਿੱਚ ਰੱਖੇ ਬੈਂਚ ਉੱਪਰ ਸੌਂ ਜਾਂਦੇ। ਸੇਵਾਦਾਰ ਦਸਤਖਤ ਕਰਵਾਉਣ ਲਈ ਡਾਕੂਮੈਂਟ ਲੈ ਕੇ ਜਾਂਦਾ ਅਤੇ ਘੁਰਾੜਿਆਂ ਦੇ ਸ਼ੋਰ ਵਿੱਚ ਉਨ੍ਹਾਂ ਦੇ ਸਿਰਹਾਣੇ ਰੱਖ ਕੇ ਪਰਤ ਆਉਂਦਾ। ਕੁੰਭਰਰਨੀ ਨੀਂਦ ਟੁੱਟਣ ’ਤੇ ਐੱਮ ਐੱਮ ਸੀ ਦੇ ਬੈਂਕ ਹਾਲ ਵਿੱਚ ਆਉਂਦਿਆਂ ਹੀ ਕੁੰਭਕਰਨੀ ਗਰਜ਼ ਨਾਲ ਸਾਰਾ ਹਾਲ ਗੂੰਜ ਉੱਠਦਾ।
ਸੀਨੀਅਰ ਮੈਨੇਜਰ ਵਰਮਾ ਜੀ ਰਿਟਾਇਰਮੈਂਟ ਦੇ ਨੇੜੇ ਸਨ। ਉਨ੍ਹਾਂ ਸਾਨੂੰ ਕਹਿਣਾ, “ਸਾਰੀਆਂ ਬਰਾਂਚਾਂ ਵਿੱਚ ਐਹੋ ਜਿਹੇ ਭਗਤ ਬੰਦੇ ਨਹੀਂ ਹੁੰਦੇ, ਅਸੀਂ ਕਰਮਾਂ ਵਾਲੇ ਆਂ ਜਿਹੜੇ ਐਹੋ ਜਿਹੇ ਨਮੂਨੇ ਦੇ ਨਿੱਤ ਦਰਸ਼ਣ ਕਰਦੇ ਆਂ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































