“ਤਿੰਨ ਸਾਲ ਬਾਦ ਅਦਾਲਤ ਨੇ ਬਾਬੇ ਨੂੰ ਨਜਾਇਜ਼ ਕਾਬਜ਼ਕਾਰ ਘੋਸ਼ਿਤ ਕਰ ਦਿੱਤਾ ...”
(26 ਦਸੰਬਰ 2025)
ਜਿਉਂ ਹੀ ਫੌਜੀ ਡਾਕਟਰ ਨੂੰ ਪਤਾ ਲੱਗਾ ਕਿ ਪੰਚਾਇਤ ਨੇ ਅਦਾਲਤੀ ਫੈਸਲੇ ਦੇ ਉਲਟ ਜਗ੍ਹਾ ਦਾ ਕਬਜ਼ਾ ਮੁਕੱਦਮਾ ਹਾਰਨ ਵਾਲੇ ਨੂੰ ਹੀ ਦੇ ਦਿੱਤਾ ਹੈ ਤਾਂ ਉਹ ਪੰਚਾਇਤ ਸਕੱਤਰ ਨੂੰ ਜਾ ਮਿਲਿਆ। ਪੰਚਾਇਤ ਸਕੱਤਰ ਕਹਿੰਦਾ, “ਇਸ ਸ਼ਾਮਲਾਤ ’ਤੇ ਕੋਈ ਕਬਜ਼ਾ ਨਾ ਕਰ ਲਵੇ, ਇਸ ਲਈ ਪੰਚਾਇਤ ਨੇ ਸਰਬ-ਸੰਮਤੀ ਨਾਲ ਮਤਾ ਪਾਸ ਕਰਕੇ ਬਾਬਾ ਜੀ ਨੂੰ ਕਿਰਾਏ ’ਤੇ ਦੇ ਦਿੱਤੀ ਆ।”
ਪੰਚਾਇਤ ਸਕੱਤਰ ਦੀ ਦਲੀਲ ਤਿੰਨ ਸਾਲ ਪਿੰਡ ਦੀ ਸਾਂਝੀ ਜਾਇਦਾਦ ਦੇ ਕਬਜ਼ੇ ਨੂੰ ਲੈ ਕੇ ਅਦਾਲਤ ਦੀਆਂ ਤਰੀਕਾਂ ਭੁਗਤਦੇ ਰਹੇ ਫੌਜੀ ਡਾਕਟਰ ਦਿਦਾਰ ਸਿੰਘ ਨੂੰ ‘ਪਿੱਠ’ ਵਿੱਚ ਗੋਲੀ ਵਾਂਗ ਲੱਗੀ।
ਫੌਜ ਦੀ ਮੈਡੀਕਲ ਕੋਰ ਤੋਂ ਰਿਟਾਇਰ ਹੋਣ ਤੋਂ ਬਾਅਦ ਦਿਦਾਰ ਸਿੰਘ ਨੇ ਪਿੰਡ ਵਿੱਚ ਇੱਕ ਪਲਾਟ ਰਿਹਾਇਸ਼ ਲਈ ਅਤੇ ਦੂਸਰਾ ਸੜਕ ਕਿਨਾਰੇ ਡਾਕਟਰੀ ਕਲੀਨਿਕ ਬਣਾਉਣ ਵਾਸਤੇ ਖਰੀਦੇ ਸਨ। ਫੌਜ ਵਿੱਚ ਨੌਕਰੀ ਕਰਦਾ ਰਿਹਾ ਹੋਣ ਕਰਕੇ ਲੋਕਾਂ ਵਿੱਚ ਉਹ ‘ਫੌਜੀ ਡਾਕਟਰ’ ਵਜੋਂ ਜਾਣਿਆ ਜਾਣ ਲੱਗਾ। ਪ੍ਰੈਕਟਿਸ ਦੇ ਨਾਲ-ਨਾਲ ਉਸਨੇ ਪਿੰਡ ਦੀ ਰਾਜਨੀਤੀ ਵਿੱਚ ਵੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਉਸਦੀ ਗਿਣਤੀ ਪਿੰਡ ਦੇ ਮੋਹਤਬਰਾਂ ਵਿੱਚ ਹੋਣ ਲੱਗ ਪਈ।
ਦਿਦਾਰ ਸਿੰਘ ਦੇ ਘਰ ਦੇ ਆਲੇ ਦੁਆਲੇ ਮਕਾਨ ਵਿਰਲੇ ਸਨ ਪਰ ਦਿਨਾਂ ਵਿੱਚ ਹੀ ਪਲਾਟਾਂ ਵਿੱਚ ਮਕਾਨ ਉਸਰਨ ਲੱਗੇ। ਉਸਦੇ ਘਰ ਦੇ ਸਾਹਮਣੇ ਦੋ ਮਰਲੇ ਪੰਚਾਇਤੀ ਸ਼ਾਮਲਾਤ ਖਾਲੀ ਪਈ ਸੀ, ਜਿਸਨੂੰ ਫੌਜੀ ਅਤੇ ਉਸਦਾ ਆਂਢ-ਗੁਆਂਢ ਲੋੜ ਵੇਲੇ ਵਰਤ ਲੈਂਦਾ ਸਨ। ਉਸਦੇ ਨਾਲ ਲਗਦਾ ਵੱਡਾ ਰਕਬਾ ਇੱਕ ਧਾਰਮਿਕ ਡੇਰੇਦਾਰ ‘ਬਾਬੇ’ ਨੇ ਮਾਰਕੀਟ ਬਣਾਉਣ ਲਈ ਖਰੀਦ ਲਿਆ, ਜਿਸਦੀ ਚਾਰ ਦੀਵਾਰੀ ਕਰਦਿਆਂ ‘ਬਾਬਿਆਂ’ ਨੇ ਸ਼ਾਮਲਾਤ ਵੀ ਵਿੱਚ ਹੀ ਘੇਰ ਲਈ। ਫੌਜੀ ਦਿਦਾਰ ਸਿੰਘ ਨੇ ਪੰਚਾਇਤ ਨੂੰ ਲਿਖਤੀ ਸ਼ਿਕਾਇਤ ਕੀਤੀ ਪਰ ਸਰਪੰਚ ਦੇ ਗੱਲਬਾਤ ਦੇ ਲਹਿਜੇ ਤੋਂ ਫੌਜੀ ਸਮਝ ਗਿਆ ਕਿ ਪੰਚਾਇਤ ਸਰਕਾਰੇ-ਦਰਬਾਰੇ ਪਹੁੰਚ ਰੱਖਣ ਵਾਲੇ ਬਾਬੇ ਖਿਲਾਫ ਨਹੀਂ ਜਾਣਾ ਚਾਹੁੰਦੀ। ਉਸਨੇ ਸਮਰੱਥ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਪਰ ਕੋਈ ਕਾਰਵਾਈ ਨਾ ਹੋਈ। ਅਖੀਰ ਫੌਜੀ ਨੇ ਵਕੀਲ ਰਾਹੀਂ ਪੰਚਾਇਤ ਨੂੰ ਵੀ ਧਿਰ ਬਣਾ ਕੇ ਬਾਬੇ ਖਿਲਾਫ ਜ਼ਿਲ੍ਹਾ ਵਿਕਾਸ ਅਧਿਕਾਰੀ ਦੀ ਅਦਾਲਤ ਵਿੱਚ ਨਜਾਇਜ਼ ਕਬਜ਼ੇ ਦਾ ਮੁਕੱਦਮਾ ਦਾਇਰ ਕਰਵਾ ਦਿੱਤਾ।
ਗਵਾਹੀਆਂ, ਸਬੂਤ ਪੇਸ਼ ਕੀਤੇ ਗਏ। ਤਿੰਨ ਸਾਲ ਬਾਦ ਅਦਾਲਤ ਨੇ ਬਾਬੇ ਨੂੰ ਨਜਾਇਜ਼ ਕਾਬਜ਼ਕਾਰ ਘੋਸ਼ਿਤ ਕਰ ਦਿੱਤਾ ਅਤੇ ਪੰਚਾਇਤ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਸ਼ਾਮਲਾਤ ਦਾ ਕਬਜ਼ਾ ਲੈਣ ਦਾ ਫੈਸਲਾ ਸੁਣਾ ਦਿੱਤਾ। ਫੌਜੀ ਦਿਦਾਰ ਸਿੰਘ ਦੀ ਇਖਲਾਕੀ ਜਿੱਤ ’ਤੇ ਪਿੰਡ ਵਾਸੀ ਉਸਨੂੰ ਵਧਾਈਆਂ ਦੇ ਰਹੇ ਸਨ।
ਦੋ ਮਹੀਨੇ ਬੀਤ ਗਏ ਪਰ ਪੰਚਾਇਤ ਨੇ ਕੋਈ ਕਾਰਵਾਈ ਨਾ ਕੀਤੀ। ਫੌਜੀ ਸਰਪੰਚ ਅਤੇ ਸਾਰੇ ਪੰਚਾਂ ਨੂੰ ਇਕੱਲੇ-ਇਕੱਲੇ ਨੂੰ ਮਿਲਿਆ ਪਰ ਸਾਰੇ “ਕਰਦੇ ਆਂ ਕੁਛ” ਦਾ ਰਟਿਆ ਰਟਾਇਆ ਜਵਾਬ ਦੇ ਕੇ ਮੂੰਹ ਦੂਜੇ ਪਾਸੇ ਕਰ ਲੈਂਦੇ। ਇੱਕ ਦਿਨ ਫੌਜੀ ਨੇ ਪੰਚਾਇਤ ਸਕੱਤਰ ਦੇ ਘਰ ਦਾ ਦਰਵਾਜ਼ਾ ਜਾ ਖੜਕਾਇਆ। ਪੰਚਾਇਤ ਸਕੱਤਰ ਦਾ ਜਵਾਬ ਸੁਣ ਕੇ ਫੌਜੀ ਦਾ ਦਿਮਾਗ ਸੁੰਨ ਹੋ ਗਿਆ। ਫੌਜੀ ਨੂੰ ਲੱਗਾ ਜਿਵੇਂ ਜੰਗ ਵਿੱਚ ਵਰ੍ਹਦੀਆਂ ਗੋਲੀਆਂ ਤੋਂ ਉਸਦੀ ਛਾਤੀ ਬਚ ਗਈ ਪਰ ਪੰਚਾਇਤ ਨੇ ਉਸਦੀ ਪਿੱਠ ਵਿੱਚ ਗੋਲੀ ਮਾਰ ਦਿੱਤੀ ਹੋਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































