Bhupinder Fauji7ਮਾਨਸਾ ਸੈਸ਼ਨ ਕੋਰਟ ਵਿੱਚ ਗਰੁੱਪ ਡੀ ਦੀਆਂ ਚੌਦਾਂ ਪੋਸਟਾਂ ਆ ਗਈਆਂ, ਜਿਨ੍ਹਾਂ ਵਿੱਚੋਂ ...
(9 ਜੂਨ 2026)


ਮੈਂ ਦੋ ਹਜ਼ਾਰ ਬਾਰਾਂ ਵਿੱਚ ਆਰਮੀ ਵਿੱਚੋਂ ਸੇਵਾ ਮੁਕਤ ਹੋ ਕੇ ਆ ਗਿਆ ਸੀ। ਚਾਰ ਸਾਲ ਤਕ ਲੋਕ ਸੰਘਰਸ਼ਾਂ ਵਿੱਚ ਬੜੀ ਦ੍ਰਿੜ੍ਹਤਾ ਨਾਲ ਹਿੱਸਾ ਲੈਂਦਾ ਰਿਹਾ। ਪੈਨਸ਼ਨ ਬਹੁਤ ਥੋੜ੍ਹੀ ਲੱਗੀ ਸੀ, ਉਸ ਨਾਲ ਮੁੜ ਗੁਜ਼ਾਰਾ ਨਹੀਂ ਸੀ ਹੋ ਸਕਦਾ। ਜੋ ਚਾਰ ਪੈਸੇ ਸੇਵਾ ਮੁਕਤੀ ਵੇਲੇ ਮਿਲੇ ਸਨ, ਉਹ ਵੀ ਖੁਰਨ ਲੱਗ ਪਏ। ਘਰ ਵਿੱਚ ਕਲੇਸ਼ ਅਲੱਗ ਰਹਿਣ ਲੱਗ ਪਿਆ। ਮਾਂ-ਬਾਪ ਘਰਵਾਲੀ ਨੂੰ ਕਹਿੰਦੇ, “ਇਸ ਨੂੰ ਸਮਝਾ, ਕਿਹੜੇ ਕੰਮਾਂ ’ਚ ਪੈ ਗਿਆ
ਸਾਰਾ ਦਿਨ ਕਾਮਰੇਡਾਂ ਨਾਲ ਤੁਰਿਆ ਫਿਰਦਾ ਧਰਨੇ ਲਾਉਂਦਾ

ਘਰਵਾਲੀ ਅਜਿਹੀ ਰੋਜ਼ ਦੀ ਕਿੱਚ-ਕਿੱਚ ਤੋਂ ਤੰਗ ਆ ਜਾਂਦੀ। ਉਹ ਮੇਰੇ ਨਾਲ ਗਿਲਾ ਕਰਦੀ। ਕਈ ਵਾਰ ਅਸੀਂ ਗੁੱਸੇ ਵੀ ਹੋ ਜਾਂਦੇ। ਇਸ ਦੌਰਾਨ ਮੈਂ ਘਰ ਵਿੱਚ ਪ੍ਰਚੂਨ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਕਾਊਂਟਰ ’ਤੇ ਕੰਪਿਊਟਰ ਰੱਖ ਲਿਆ। ਉਸ ਉੱਤੇ ਸਾਰਾ ਦਿਨ ਠੂੰਗੇ ਮਾਰਦਾ ਰਹਿੰਦਾ ਤੇ ਹੌਲੀ-ਹੌਲੀ ਪੰਜਾਬੀ ਲਿਖਣੀ ਸਿੱਖ ਲਈ। ਫਿਰ ਪੱਤਰਕਾਰਾਂ ਕੋਲ ਜੋ ਵੀ ਸੰਘਰਸ਼ ਦੀਆਂ ਖਬਰਾਂ ਹੁੰਦੀਆਂ, ਮੈਂ ਭੇਜ ਦਿੰਦਾ। ਨਾਲ ਹੀ ਅਖਬਾਰਾਂ ਨੂੰ ਆਰਟੀਕਲ, ਕਵਿਤਾ, ਛੋਟੀ ਕਹਾਣੀ ਭੇਜਦਾ, ਉਹ ਸਭ ਛਪ ਜਾਂਦੀਆਂ। ਬਾਪੂ ਨੂੰ ਦੁਕਾਨ ਉੱਤੇ ਬਿਠਾ ਆਪ ਫਿਰ ਧਰਨਿਆਂ ਵਿੱਚ ਹਾਜ਼ਰ।

ਪਰਨਾਲਾ ਉੱਥੇ ਦਾ ਉੱਥੇ ਹੀ ਖੜ੍ਹਾ ਰਿਹਾਮਨ ਵਿੱਚ ਫੁਰਨਾ ਫੁਰਿਆ, ਕਿਉਂ ਨਾ ਕਵਿਤਾਵਾਂ ਦੀ ਕਿਤਾਬ ਤਿਆਰ ਕਰ ਲਵਾਂ? ਫ਼ੌਜ ਦੀ ਨੌਕਰੀ ਦੌਰਾਨ ਬਹੁਤ ਸਾਰੀਆਂ ਕਵਿਤਾਵਾਂ ਲਿਖ-ਲਿਖ ਮੈਂ ਡਾਇਰੀਆਂ ਭਰ ਰੱਖੀਆਂ ਸਨ। ਉਨ੍ਹਾਂ ਕਵਿਤਾਵਾਂ ਦਾ ਖਰੜਾ ਤਿਆਰ ਕਰ ਲਿਆ। ਮੇਰੇ ਅਜ਼ੀਜ਼ ਮਿੱਤਰ ਸਤਪਾਲ ਭੀਖੀ ਨਾਲ ਇਸ ਬਾਰੇ ਗੱਲ ਕੀਤੀ। ਉਸਨੇ ਮੇਰੀ ਇਸ ਸਲਾਹ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। “ਤੂੰ ਕਹਾਣੀ ਬਹੁਤ ਵਧੀਆ ਲਿਖਦਾ ਐਂ, ਕਹਾਣੀਆਂ ਲਿਖ ਫ਼ੌਜੀ ਜੀਵਨ ਬਾਰੇ।”

ਪਹਿਲੀ ਬਾਰ ਤਾਂ ਉਸਦੀ ਗੱਲ ਮੈਨੂੰ ਠੀਕ ਨਾ ਲੱਗੀ, ਫਿਰ ਸੋਚ ਵਿਚਾਰ ਤੋਂ ਬਾਅਦ ਮੈਂ ਕਹਾਣੀਆਂ ਲਿਖਣ ਵੱਲ ਨੂੰ ਤੁਰ ਪਿਆ। ਮੈਂ ਕਈ ਕਹਾਣੀਆਂ ਫ਼ੌਜੀ ਜੀਵਨ ਬਾਰੇ ਫ਼ੌਜ ਵਿੱਚ ਰਹਿੰਦਿਆਂ ਲਿਖ ਚੁੱਕਿਆ ਸੀਸਤਪਾਲ ਭੀਖੀ ਨੂੰ ਉਹ ਮੈਂ ਡਾਕ ਰਾਹੀਂ ਪੋਸਟ ਕਰ ਦਿੰਦਾ ਸੀ। ਉਸ ਨੂੰ ਉਹ ਚੰਗੀਆਂ ਲਗਦੀਆਂ ਸਨਮੈਂ ਵੀ ਫ਼ੌਜੀ ਜਵਾਨਾਂ ਦੇ ਨਾਲ ਹੁੰਦੇ ਵਿਤਕਰੇ ਬਾਰੇ ਲਿਖਣਾ ਚਾਹੁੰਦਾ ਸੀ। ਮੈਂ ਆਪ ਬਹੁਤ ਕੁਝ ਤਨ ’ਤੇ ਹੰਢਾਇਆ ਸੀ। ਸਤਪਾਲ ਭੀਖੀ ਦੀ ਇਸ ਹੱਲਾਸ਼ੇਰੀ ਨੇ ਮੇਰੇ ਅੰਦਰ ਇੱਕ ਹੋਰ ਸੰਘਰਸ਼ ਛੇੜ ਦਿੱਤਾਮੈਂ ਕਹਾਣੀਆਂ ਲਿਖਣ ਵੱਲ ਮੋੜ ਕੱਟ ਲਿਆ। ਫਿਰ ਦਿਨ ਰਾਤ ਇਸ ਪਾਸੇ ਲੱਗਿਆ ਰਹਿੰਦਾ। ਘਰਵਾਲੀ ਤੇ ਮੇਰਾ ਨੇੜਲਾ ਮਿੱਤਰ ਮਾਸਟਰ ਅਮਰੀਕ ਮੇਰੀਆਂ ਕਹਾਣੀਆਂ ਦੇ ਪਹਿਲੇ ਪਾਠਕ ਹੁੰਦੇ ਤੇ ਹੋਰ ਯਾਰਾਂ-ਦੋਸਤਾਂ ਨੂੰ ਪੜ੍ਹਨ ਲਈ ਦਿੰਦਾ। ਸੋਧ-ਸੁਧਾਈ ਵਾਲਾ ਕੰਮ ਸਤਪਾਲ ਭੀਖੀ ਕਰਦਾ।

ਮੇਰੇ ਲਿਖਣ ਪੜ੍ਹਨ ’ਤੇ ਵੀ ਮਾਂ-ਬਾਪ ਨੂੰ ਇਤਰਾਜ਼ ਹੁੰਦਾ। “ਵਿਹਲੇ ਕੰਮਾਂ ਵਿੱਚ ਪੈ ਗਿਆ …” ਅਜਿਹਾ ਬਹੁਤ ਕੁਝ ਸੁਣਨ ਨੂੰ ਮਿਲਦਾ ਪਰ ਮੈਂ ਆਪਣੀ ਤੋਰ ਤੁਰਦਾ ਗਿਆ। ਵੀਹ ਸੌ ਪੰਦਰਾਂ ਵਿੱਚ ਫ਼ੌਜੀ ਜੀਵਨ ਨਾਲ ਸੰਬੰਧਿਤ ਮੇਰੀ ਕਹਾਣੀਆਂ ਦੀ ਕਿਤਾਬ ਛਪ ਕੇ ਆ ਗਈ ਉਸ ’ਤੇ ਖੂਬ ਚਰਚਾ ਹੋਈ।

ਜਿੱਥੇ ਵੀ ਕੋਈ ਨੌਕਰੀ ਲਈ ਪੋਸਟਾਂ ਨਿਕਲਦੀਆਂ, ਫ਼ੌਜੀ ਕੋਟਾ ਹੁੰਦਾ, ਮੈਂ ਅਪਲਾਈ ਕਰ ਦਿੰਦਾ। ਇੱਕ ਦਿਨ ਮਾਨਸਾ ਸੈਸ਼ਨ ਕੋਰਟ ਵਿੱਚ ਗਰੁੱਪ ਡੀ ਦੀਆਂ ਚੌਦਾਂ ਪੋਸਟਾਂ ਆ ਗਈਆਂ, ਜਿਨ੍ਹਾਂ ਵਿੱਚ ਚਾਰ ਸਾਬਕਾ ਫ਼ੌਜੀਆਂ ਲਈ ਸਨ। ਘਰਵਾਲੀ ਦੇ ਕਹਿਣ ’ਤੇ ਮੈਂ ਫਾਰਮ ਭਰ ਦਿੱਤਾ। ਫਾਰਮ ਭਰਨ ਦੀ ਮਿਤੀ ਚਾਰ ਕੁ ਦਿਨ ਬਾਕੀ ਸੀ। ਮਾਨਸਾ ਅਸੀਂ ਦਵਾਈ ਲੈਣ ਗਏ ਫਾਰਮ ਭਰਕੇ ਮੈਂ ਸਾਰੇ ਕਾਗਜ਼ ਪੱਤਰ ਨਾਲ ਲੈ ਗਿਆ। ਦਵਾਈ ਲੈਣ ਤੋਂ ਬਾਅਦ ਸੈਸ਼ਨ ਕੋਰਟ ਦੀ ਇੰਗਲਿਸ਼ ਬ੍ਰਾਂਚ ਵੱਲ ਨੂੰ ਤੁਰ ਪਏ, ਜਿੱਥੇ ਕਾਗਜ਼ ਜਮ੍ਹਾਂ ਕਰਨੇ ਸੀ। ਖੱਬੇ ਹੱਥ ਤਾਰੀਖ ਉੱਤੇ ਆਏ ਲੋਕ ਬੈਠੇ ਸਨਦਰਵਾਜ਼ੇ ਦੇ ਬਾਹਰ ਨੇਮ ਪਲੇਟ ’ਤੇ ਲਿਖਿਆ ਸੀ: ਜ਼ਿਲ੍ਹਾ ਅਤੇ ਸੈਸ਼ਨ ਜੱਜ “ਅਰਚਨਾ ਪੁਰੀ” ਇੱਕ ਵਡੇਰੀ ਉਮਰ ਦਾ ਬੰਦਾ ਤਾਰੀਖ ’ਤੇ ਆਏ ਹੋਏ ਬੰਦਿਆਂ ਨੂੰ ਅਵਾਜ਼ ਮਾਰ ਰਿਹਾ ਸੀ, “ਫਲਾਣਾ ਸਿੰਘ ...  ਬਨਾਮ ਫਲਾਣਾ…।” ਬ੍ਰਾਂਚ ਵਾਲਿਆਂ ਨੇ ਮੇਰੇ ਕਾਗਜ਼ ਦੇਖ ਕੇ ਮੈਨੂੰ ਵਾਪਸ ਮੋੜ ਦਿੱਤਾ, “ਇਸ ਵਿੱਚ ਪੰਜਾਬੀ ਪਾਸ ਵਾਲਾ ਸਰਟੀਫਿਕੇਟ ਨਹੀਂ ਹੈ।”

ਮੈਂ ਉਹ ਸਰਟੀਫਿਕੇਟ ਲਾਇਆ ਨਹੀਂ ਸੀ ਕੇਵਲ ਡਿਗਰੀ ਵਾਲਾ ਲਾਇਆ ਸੀ। ਮੈਂ ਵਾਪਸ ਪਰਤ ਆਇਆ

ਘਰ ਜਾਕੇ ਮੈਂ ਘਰਵਾਲੀ ਨੂੰ ਸਾਰੀ ਗੱਲ ਦੱਸੀ। ਉਹ ਕਹਿੰਦੀ, “ਤੁਸੀਂ ਡਾਕ ਰਾਹੀਂ ਭੇਜ ਦਿਓ ਫਾਰਮ…।”

“ਰਹਿਣ ਦਿਓ... ਇੱਥੇ ਸ਼ਿਫਾਰਿਸ਼ ਤੋਂ ਬਿਨਾਂ ਨੌਕਰੀ ਨਹੀਂ ਮਿਲਦੀ। ਉਹ ਵੀ ਹਾਈ ਕੋਰਟ ਦੀ ਸ਼ਿਫਾਰਿਸ਼ ਚਾਹੀਦੀ ਐ।” ਜਿਵੇਂ ਮੈਂ ਕਿਸੇ ਪਾਸੋਂ ਸੁਣਿਆ ਸੀ, ਉਵੇਂ ਹੀ ਕਹਿ ਦਿੱਤਾ

“ਕੀ ਨੁਕਸਾਨ ਹੋ ਜਾਊ, ਤੁਸੀਂ ਕਾਗਜ਼ ਤਾਂ ਭੇਜ ਦਿਓ …

ਮੈਂ ਕਾਗਜ਼ ਪੂਰੇ ਕਰਕੇ ਡਾਕ ਰਾਹੀਂ ਪੋਸਟ ਕਰ ਦਿੱਤੇ। ਪੰਦਰ੍ਹਾਂ ਕੁ ਦਿਨਾਂ ਬਾਅਦ ਹੋਣ ਵਾਲੀ ਇੰਟਰਵਿਊ ਦੀ ਚਿੱਠੀ ਆ ਗਈਮੇਰੀ ਇੰਟਰਵਿਊ ਪਹਿਲੇ ਦਿਨ ਹੀ ਸੀ। ਪੰਜ ਹਜ਼ਾਰ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੇ ਫਾਰਮ ਭਰੇ ਸਨਮੈਂ ਇੱਕ ਦਿਨ ਪਹਿਲਾਂ ਦੁਕਾਨ ਤੋਂ ਫਾਇਲ ਲੈ ਕੇ ਤਿਆਰ ਕੀਤੀ, ਜਿਸ ਵਿੱਚ ਮੈਂ ਅਖਬਾਰਾਂ ਵਿੱਚ ਛਪੇ ਆਪਣੇ ਲੇਖ, ਕਵਿਤਾਵਾਂ, ਕਹਾਣੀ ਅਤੇ ਉਹ ਮੈਗਜ਼ੀਨ ਜਿਨ੍ਹਾਂ ਵਿੱਚ ਮੇਰੀ ਕੋਈ ਨਾ ਕੋਈ ਰਚਨਾ ਛਪੀ ਸੀ, ਇਕੱਠੇ ਕਰ ਕੇ ਫਾਇਲ ਵਿੱਚ ਲਾ ਲਏ ਤੇ ਨਾਲ ਹੀ ਆਪਣੀ ਕਿਤਾਬ ‘ਕੋਰਟ-ਮਾਰਸ਼ਲ’ ਰੱਖ ਲਈ।

ਅਗਲੇ ਦਿਨ ਇੰਟਰਵਿਊ ਲਈ ਘਰੋਂ ਤੁਰ ਪਿਆਉੱਥੇ ਜਾ ਕੇ ਦੇਖਿਆ, ਨੌਜਵਾਨਾਂ ਦਾ ਇਕੱਠ ਕਾਫੀ ਹੋ ਰਿਹਾ ਸੀ। ਵੱਡੀਆਂ-ਵੱਡੀਆਂ ਡਿਗਰੀਆਂ ਦੇ ਥੱਬੇ ਲੈ ਕੇ ਬੇਰੁਜ਼ਗਾਰ ਮੁੰਡੇ ਕੁੜੀਆਂ ਪਹੁੰਚੇ ਹੋਏ ਸਨ। ਪਹਿਲੇ ਦਿਨ ਏ ਅਤੇ ਬੀ ਨਾਲ ਜਿਨ੍ਹਾਂ ਦੇ ਨਾਂ ਸ਼ੁਰੂ ਹੁੰਦੇ ਸਨ, ਕੇਵਲ ਉਨ੍ਹਾਂ ਦੀ ਹੀ ਇੰਟਰਵਿਊ ਸੀ। ਇਸੇ ਤਰ੍ਹਾਂ ਅਗਲੇ ਦਿਨਾਂ ਵਿੱਚ ਸੀ। ਨੋਟਿਸ ਬੋਰਡ ’ਤੇ ਰੋਲ ਨੰਬਰ ਲੱਗੇ ਹੋਏ ਸਨ। ਉਸੇ ਹਿਸਾਬ ਨਾਲ ਕਾਗਜ਼ ਚੈੱਕ ਕਰਕੇ ਵੱਡੇ ਹਾਲ ਵਿੱਚ ਬਿਠਾ ਦਿੱਤਾ ਜਾਂਦਾ। ਦੋਂਹ ਕਮਰਿਆਂ ਵਿੱਚ ਜੱਜ ਸਾਹਿਬਾਨ ਇੰਟਰਵਿਊ ਲੈ ਰਹੇ ਸਨ। ਬਾਹਰ ਖੜ੍ਹਾ ਅਰਦਲੀ ਇੱਕ-ਇੱਕ ਕਰਕੇ ਅੰਦਰ ਭੇਜ ਰਿਹਾ ਸੀ। ਅਸੀਂ ਅੱਜ ਤਕਰੀਬਨ ਪੰਜਾਹ ਤੋਂ ਸੱਠ ਸੇਵਾ ਮੁਕਤ ਫ਼ੌਜੀ ਸੀ। ਕੁਝ ਸਮੇਂ ਬਾਅਦ ਮੇਰਾ ਵੀ ਨੰਬਰ ਆਉਣ ਵਾਲਾ ਸੀ। ਹਾਲ ਦੇ ਅੰਦਰ ਉੱਚੇ ਲੰਮੇ ਕੱਦ ਦੀ ਇੱਕ ਸਿਲਕ ਦੀ ਸਾੜੀ, ਉੱਪਰ ਕਾਲਾ ਕੋਟ ਪਹਿਨੀ ਔਰਤ ਅਫਸਰ ਪੁਲਿਸ ਕਰਮੀਆਂ ਨਾਲ ਦਾਖਲ ਹੋਈ ਉਸ ਨੂੰ ਦੇਖ ਕੇ ਸਾਰੇ ਖੜ੍ਹੇ ਹੋ ਗਏਰੀਸ ਨਾਲ ਅਸੀਂ ਵੀ ਖੜ੍ਹੇ ਹੋ ਗਏ ਪਤਾ ਲੱਗਿਆ ਇਹ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਨ। ਉਹ ਇੰਟਰਵਿਊ ਵਾਲੇ ਕਮਰੇ ਵਿੱਚ ਚਲੇ ਗਏ।

ਕੁਝ ਦੇਰ ਬਾਅਦ ਮੇਰਾ ਨੰਬਰ ਆ ਗਿਆ। ਮੈਨੂੰ ਅਰਦਲੀ ਨੇ ਅੰਦਰ ਭੇਜ ਦਿੱਤਾ। ਸਾਹਮਣੇ ਕੁਰਸੀਆਂ ’ਤੇ ਦੋ ਜੱਜ ਬੈਠੇ ਸਨ, ਇੱਕ ’ਤੇ ਮੈਡਮ, ਜੋ ਹੁਣੇ ਲੰਘ ਕੇ ਗਏ ਸਨ ਅਤੇ ਨਾਲ ਉਨ੍ਹਾਂ ਦੇ ਇੱਕ ਹੋਰ ਜੱਜ ਸਾਹਿਬਾਨ ਬੈਠੇ ਸਨ। ਉਨ੍ਹਾਂ ਚਿੱਟੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਮੈਂ ਜਾਦਿਆਂ ਹੀ ਸਲੂਟ ਮਾਰ ਦਿੱਤਾ। ਉਨ੍ਹਾਂ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ। ਨਾਲ ਹੀ ਬੋਲੇ, “ਕਦੋਂ ਆਏ ਸੀ ਫ਼ੌਜ ਵਿੱਚੋਂ?”

ਜੀ ਇਕੱਤੀ ਬਾਰਾਂ ਨੂੰ ...।”

ਹੁਣ ਕੀ ਕਰਦੇ ਹੋ?”

ਜੀ ਵਿਹਲਾ ਹਾਂ” ਨਾਲ ਹੀ ਮੈਂ ਆਪਣੀ ਤਿਆਰ ਕੀਤੀ ਫਾਇਲ ਟੇਬਲ ’ਤੇ ਰੱਖ ਦਿੱਤੀ ਅਤੇ ਦੱਸਿਆ, “ਜੀ ਮੈਨੂੰ ਪੜ੍ਹਨ ਲਿਖਣ ਦਾ ਸ਼ੌਕ ਐ, ਮੇਰੀ ਇੱਕ ਕਿਤਾਬ ਵੀ ਛਪੀ ਹੈ ਤੇ ਅਖਬਾਰਾਂ ਵਿੱਚ ਲੇਖ, ਕਹਾਣੀ ਛਪਦੇ ਰਹਿੰਦੇ ਹਨ ...।”

ਮੈਡਮ, ਜਿਹੜਾ ਸਵਾਲ ਪੁੱਛਦੇ ਨੇ, ਉਸਦਾ ਜਵਾਬ ਦਿਓ।” ਨਾਲ ਬੈਠੇ ਜੱਜ ਸਾਹਿਬਾਨ ਨੇ ਕਿਹਾ।

ਜੀ ਪੁੱਛੋ

ਜਿਹੜਾ ਕੰਮ ਦਿਆਂਗੇ ਉਹ ਕਰੋਂਗੇ?”

“ਜੈੱਸ ਸਰ …” ਮੈਂ ਫ਼ੌਜ ਵਿੱਚ ਸਿਖਾਈ ‘ਜੈੱਸ ਸਰ’ ਨੂੰ ਜ਼ੋਰ ਦੇ ਕੇ ਕਿਹਾ।

“ਠੀਕ ਐ, ਤੁਸੀਂ ਜਾਓ…।”

ਮੈਂ ਸਲੂਟ ਮਾਰ ਕੇ ਬਾਹਰ ਆ ਗਿਆ।

ਬਾਅਦ ਵਿੱਚ ਇੱਕ ਚਰਚਾ ਛਿੜ ਪਈ ਕਿ ਇੱਕ ਫ਼ੌਜੀ ਨੇ ਸੈਸ਼ਨ ਜੱਜ ਦੇ ਮੋਹਰੇ ਆਪਣੀਆਂ ਲਿਖੀਆਂ ਕਿਤਾਬਾਂ ਰੱਖ ਦਿੱਤੀਆਂ ਹਨਉਹ ਫ਼ੌਜੀ ਕਿਤਾਬਾਂ ਲਿਖਦਾ …ਇਸ ਗੱਲ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਮੇਰੇ ਪਿੰਡ ਦੇ ਇੱਕ ਮੰਡੇ ਨੇ ਦੱਸਿਆ, ਜਿਹੜਾ ਕੋਰਟ ਵਿੱਚ ਨੌਕਰੀ ਕਰਦਾ ਸੀ।

ਕੁਝ ਦਿਨ ਇੰਟਰਵਿਊ ਚਲਦੀ ਰਹੀ। ਉਸ ਤੋਂ ਕੁਝ ਦਿਨਾਂ ਬਾਅਦ ਨਤੀਜਾ ਆਉਣਾ ਸੀ। ਮੈਨੂੰ ਕੋਈ ਉਮੀਦ ਨਹੀਂ ਸੀ ਕਿਉਂਕਿ ਮੈਥੋਂ ਕੋਈ ਉਸ ਤਰ੍ਹਾਂ ਦਾ ਸਵਾਲ ਨਹੀਂ ਸੀ ਪੁੱਛਿਆ ਗਿਆ ਜਿਸ ਤਰ੍ਹਾਂ ਦੇ ਬਾਕੀਆਂ ਤੋਂ ਪੁੱਛੇ ਗਏ ਸਨ। ਦੋ ਦਿਨਾਂ ਬਾਅਦ ਮੈਨੂੰ ਕੋਰਟ ਦੇ ਦਫਤਰ ਵਿੱਚੋਂ ਫ਼ੋਨ ਆ ਗਿਆ, “ਵਧਾਈਆਂ ... ਤੁਹਾਡੀ ਨਿਯੁਕਤੀ ਹੋ ਗਈ ਹੈ। ਤੁਸੀਂ ਆ ਕੇ ਨਿਯੁਕਤੀ ਪੱਤਰ ਲੈ ਜਾਓ

ਮੈਨੂੰ ਯਕੀਨ ਨਹੀਂ ਸੀ ਹੋ ਰਿਹਾਮੈਨੂੰ ਲੱਗਿਆ, ਕੋਈ ਮਜ਼ਾਕ ਕਰ ਰਿਹਾ ਹੋਣਾ ਹੈਫਿਰ ਮੇਰੇ ਪਿੰਡ ਵਾਲੇ ਮੁੰਡੇ ਦਾ ਫ਼ੋਨ ਆਇਆ ਤਾਂ ਯਕੀਨ ਹੋਇਆ। ਮੈਂ ਸੋਚਣ ਲੱਗਾ, ਜਿਹੜੀ ਗੱਲ ਉੱਡੀ ਸੀ ਮੇਰੀ ਕਿਤਾਬਾਂ ਬਾਰੇ... ਉਹ ਸਹੀ ਸੀ “ਕਿਤਾਬਾਂ ਰੋਟੀ ਵੀ ਦਿੰਦੀਆਂ ਹਨ …!” ਸੈਸ਼ਨ ਜੱਜ ਮੈਡਮ ਅਰਚਨਾ ਪੁਰੀ ਨੇ ਮੇਰੇ ਵਿੱਚ ਕੁਝ ਤਾਂ ਦੇਖਿਆ ਹੋਣਾ ਹੈ, ਤਾਂ ਹੀ ਮੈਨੂੰ ਇਹ ਨੌਕਰੀ ਦਿੱਤੀ। ਇਹ ਚੰਗੇ ਇਨਸਾਨ ਦੇ ਗੁਣ ਹੁੰਦੇ ਹਨ।

ਅੱਜ ਕੱਲ੍ਹ ਮੈਡਮ ਅਰਚਨਾ ਪੁਰੀ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹਨ। ਇਹ ਘਟਨਾ ਹਮੇਸ਼ਾ ਲਈ ਮੇਰੇ ਚੇਤਿਆਂ ਵਿੱਚ ਬੱਸ ਗਈ, ਜਿਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Bhupinder Fauji

Bhupinder Fauji

Bhikhi, Mansa, Punjab, India.
Email: (bhinderfauji77@gmail.com)
Phone: (91 - 98143 - 98762)