“ਅੱਜ ਦੇ ਮਹਿੰਗਾਈ ਵਾਲੇ ਜ਼ਮਾਨੇ ਵਿੱਚ ਜਿੱਥੇ ਬੰਦੇ ਨੂੰ ਆਪਣਾ ਢਿੱਡ ਭਰਨਾ ਔਖਾ ...”
(22 ਫਰਵਰੀ 2020)
ਮਿਹਨਤ ਕਰਨਾ ਕੋਈ ਸ਼ਰਮ ਵਾਲੀ ਗੱਲ ਨਹੀਂ। ਮਿਹਨਤ ਕਰਕੇ ਹੀ ਇਨਸਾਨ ਵੱਡੀਆਂ-ਵੱਡੀਆਂ ਔਕੜਾਂ ਉੱਤੇ ਜਿੱਤ ਪ੍ਰਾਪਤ ਕਰਦਾ ਹੋਇਆ ਆਪਣੀ ਮੰਜ਼ਿਲ ਉੱਤੇ ਪਹੁੰਚ ਜਾਂਦਾ ਹੈ। ਜਦੋਂ ਮਿਹਨਤ ਕਰਨ ਉੱਤੇ ਵੀ ਮੰਜ਼ਿਲ ਨਹੀਂ ਮਿਲਦੀ ਫਿਰ ਉਹ ਇਨਸਾਨ ਮਾਨਸਿਕ ਤੌਰ ਉੱਤੇ ਟੁੱਟ ਜਾਂਦਾ ਹੈ। ਉਸ ਜ਼ਿੰਦਗੀ ਉਸ ਨੂੰ ਬੋਝ ਲੱਗਣ ਲੱਗ ਪੈਂਦੀ ਹੈ।ਜ਼ਿੰਦਗੀ ਤੋਂ ਨਿਰਾਸ ਹੋ ਕੋ ਕਈ ਵਾਰ ਗਲਤ ਕਦਮ ਚੁੱਕ ਲੈਂਦਾ ਹੈ। ਰੋਜ਼ੀ ਰੋਟੀ ਲਈ ਹੀਲੇ ਵਸੀਲੇ ਕਰਦਾ ਆਪਣੇ ਗ੍ਰਹਿਸਤੀ ਜੀਵਨ ਦਾ ਤੋਰਾ ਬੜੀ ਮੁਸ਼ਕਲ ਨਾਲ ਤੋਰਦਾ ਹੈ। ਅਜਿਹਾ ਹੀ ਇੱਕ ਮੇਰੇ ਪਿੰਡ ਦਾ ਸਕੂਲ ਅਧਿਆਪਕ ਹੈ ਸ਼ੰਕਰ ਦਾਸ।
ਪਿਛਲੇ ਛੇ ਸਾਲਾਂ ਤੋਂ ਸ਼ੰਕਰ ਦਾਸ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਤੌਰ ਈ.ਟੀ.ਟੀ. ਅਧਿਆਪਕ ਵਜੋਂ ਪੜ੍ਹਾ ਰਿਹਾ ਹੈ ਤੇ ਟੈਟ ਵੀ ਪਾਸ ਕੀਤਾ ਹੋਇਆ ਹੈ। ਉਸ ਨੇ ਉਚੇਰੀ ਸਿੱਖਿਆ ਅਤੇ ਅਧਿਆਪਕ ਦਾ ਕੋਰਸ ਕੀਤਾ ਹੋਇਆ ਹੈ। ਉਸ ਦਾ ਇੱਕ ਸੁਪਨਾ ਸੀ ਕਿ ਉਹ ਅਧਿਆਪਕ ਬਣੇ ਅਤੇ ਬੱਚਿਆਂ ਦਾ ਮਾਰਗ ਦਰਸ਼ਕ ਹੋਵੇ। ਕਾਫੀ ਸਮਾਂ ਉਹ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦਾ ਰਿਹਾ। ਫਿਰ ਸਰਕਾਰ ਦੀ ਇੱਕ ਸਕੀਮ ਤਹਿਤ ਉਹ ਸਰਕਾਰੀ ਸਕੂਲ ਵਿੱਚ ਜਾ ਲੱਗਿਆ। ਪਹਿਲਾਂ ਪ੍ਰਾਈਵੇਟ ਸਕੂਲ ਵਾਲੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਰਹੇ ਫਿਰ ਸਰਕਾਰ ਕਰਨ ਲੱਗ ਪਈ। ਉਸ ਨੂੰ ਇਸ ਵੇਲੇ ਕੇਵਲ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ, ਜਿਸ ਨਾਲ ਉਸ ਦੇ ਘਰ ਦਾ ਲੂਣ ਤੇਲ ਵੀ ਪੂਰਾ ਨਹੀਂ ਹੁੰਦਾ। ਸਰਕਾਰ ਦੀਆਂ ਸ਼ਰਤਾਂ ਮੁਤਾਬਿਕ ਟਿਊਸ਼ਨ ਉਹ ਪੜ੍ਹਾ ਨਹੀਂ ਸਕਦਾ। ਫਿਰ ਉਸ ਨੇ ਪਿਤਾ ਪੁਰਖੀ ਧੰਦੇ ਨੂੰ ਹੱਥ ਪਾਇਆ। ਸਕੂਲ ਸਮੇਂ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਪਕੌੜਿਆਂ ਦੀ ਰੇੜ੍ਹੀ ਲਾ ਕੇ ਆਪਣਾ ਘਰ ਚਲਾਉਂਦਾ ਹੈ। ਇਸ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਕਹੇ ਸ਼ਬਦ ਰੁਜ਼ਗਾਰ ਲਈ “ਪਕੌੜੇ ਤਲਿਆ ਕਰੋ” ਵੀ ਸ਼ੰਕਰ ਦਾਸ ਨੇ ਸੱਚ ਕਰ ਦਿਖਾਏ ਹਨ।
ਸ਼ੰਕਰ ਦੇ ਸਿਰ ਬਹੁਤ ਸਾਰਾ ਕਰਜ਼ਾ ਚੜ੍ਹਿਆ ਹੋਇਆ ਹੈ। ਅੱਜ ਦੇ ਮਹਿੰਗਾਈ ਵਾਲੇ ਜ਼ਮਾਨੇ ਵਿੱਚ ਜਿੱਥੇ ਬੰਦੇ ਨੂੰ ਆਪਣਾ ਢਿੱਡ ਭਰਨਾ ਔਖਾ ਹੋਇਆ ਪਿਆ ਹੈ, ਉੱਥੇ ਉਹ ਆਪਣੇ ਮਾਂ-ਬਾਪ ਅਤੇ ਬੱਚਿਆਂ ਨੂੰ ਸਾਂਭ ਰਿਹਾ ਹੈ, ਪੁਰਾਣੇ ਜਿਹੇ ਘਰ ਦੇ ਦੋ ਕੜੀਆਂ ਵਾਲੇ ਕਮਰਿਆਂ ਵਿੱਚ ਉਹ ਗੁਜਾਰਾ ਕਰ ਰਿਹਾ ਹੈ। ਘਰ ਵਿੱਚ ਬਿਮਾਰੀ-ਠਿਮਾਰੀ ਹੋਣ ਉੱਤੇ ਉਹ ਯਾਰਾਂ ਦੋਸਤਾਂ ਤੋਂ ਪੈਸੇ ਮੰਗ ਕੇ ਬੁੱਤਾ ਸਾਰਦਾ ਹੈ। ਵਾਰ-ਵਾਰ ਮੰਗਣ ਉੱਤੇ ਦੋਸਤਾਂ-ਰਿਸ਼ਤੇਦਾਰਾਂ ਨੇ ਵੀ ਮੂੰਹ ਫੇਰਨਾ ਸ਼ੁਰੂ ਕਰ ਦਿੱਤਾ ਹੈ। ਘਰ ਵਿੱਚ ਜੋ ਕਲੇਸ਼ ਰਹਿੰਦਾ ਉਸ ਦੀ ਤਾਂ ਗਿਣਤੀ ਸ਼ਬਦਾਂ ਵਿੱਚ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਜਦੋਂ ਸ਼ੰਕਰ ਰੇਹੜੀ ਉੱਤੇ ਪਕੌੜੇ ਵੇਚ ਰਿਹਾ ਹੁੰਦਾ ਤਾਂ ਉਸਦੇ ਸਕੂਲ ਦੇ ਬੱਚੇ ਆ ਕੇ ਕਹਿੰਦੇ ਨੇ “ਮਾਸਟਰ ਜੀ ਪਕੌੜੇ ਦੇ ਦਿਓ …।” ਤਾਂ ਉਸ ਅਧਿਆਪਕ ਉੱਤੇ ਕੀ ਬੀਤਦੀ ਹੋਵੇਗੀ?
ਬਾਦਲ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਅਧਿਆਪਕ ਲਾਉਣ ਲਈ ਕਈ ਵਾਰ ਵਾਅਦੇ ਕੀਤੇ, ਵੋਟਾਂ ਲੈ ਕੇ ਤੁਰਦੇ ਬਣੇ। ਕਾਂਗਰਸ ਦੀ ਸਰਕਾਰ ਦੀ ਕਾਰਰੁਜਗਾਰੀ ਵੀ ਬਹੁਤੀ ਵਧੀਆ ਨਹੀਂ ਨਿੱਕਲੀ। ਕਿੰਨੇ ਹੀ ਸ਼ੰਕਰਾਂ ਨੂੰ ਸੜਕਾਂ ਉੱਤੇ ਡੰਡੇ ਖਾਣੇ ਪੈ ਰਹੇ ਹਨ। ਇਸਦੀ ਮਿਸਾਲ ਸੰਗਰੂਰ ਜ਼ਿਲ੍ਹੇ ਵਿੱਚ ਆਏ ਦਿਨ ਦੇਖਣ ਨੂੰ ਮਿਲ ਜਾਂਦੀ ਹੈ। ਆਏ ਦਿਨ ਬੇਰੁਜ਼ਗਾਰ ਅਧਿਆਪਕਾਂ ਉੱਤੇ ਤਸ਼ੱਦਦ ਹੁੰਦਾ ਹੈ। ਪ੍ਰਸ਼ਾਸਨ ਵੱਲੋਂ ਕੁੱਟ-ਮਾਰ ਕਰਕੇ ਜੇਲਾਂ ਵਿੱਚ ਬੰਦ ਕੀਤਾ ਜਾਂਦਾ ਹੈ। ਸਾਡੇ ਮੁੱਖ ਮੰਤਰੀ ਨੇ ਦਿੱਲੀ ਵਿੱਚ ਦਿੱਤੇ ਭਾਸ਼ਣ “ਗਿਆਰਾਂ ਲੱਖ ਨੌਕਰੀਆਂ ਪੰਜਾਬ ਵਿੱਚ ਦਿੱਤੀਆਂ” ਤੇ ਸ਼ਹਿਰਾਂ ਵਿੱਚ ਲਾਏ ਵੱਡੇ ਵੱਡੇ ਬੋਰਡਾਂ ਉੱਤੇ ਅੱਜ ਪੂਰਾ ਪੰਜਾਬ ਹੱਸ ਰਿਹਾ ਹੈ। ਪਤਾ ਨਹੀਂ ਲੱਗਦਾ ਕੈਪਟਨ ਸਾਹਬ ਨੇ ਕਿਨ੍ਹਾਂ ਨੂੰ ਇਹ ਨੌਕਰੀਆਂ ਦੇ ਦਿੱਤੀਆਂ। ਸ਼ੰਕਰ ਦਾਸ ਵਰਗੇ ਤਾਂ ਲੱਖਾਂ ਅਧਿਆਪਕ/ਅਧਿਆਪਕਾਵਾਂ ਨੂੰ ਨੌਕਰੀਆਂ ਲਈ ਸੜਕਾਂ ਉੱਤੇ ਜ਼ਲੀਲ ਹੋਣਾ ਪੈ ਰਿਹਾ ਹੈ। ਬੱਸ ਦੋ ਕੁ ਸਾਲ ਰਹਿ ਗਏ ਹਨ, ਸ਼ੰਕਰ ਦਾਸ ਨੇ ਓਵਰੇਜ ਹੋ ਜਾਣਾ ਹੈ …। ਲੋੜ ਹੈ ਸਰਕਾਰ ਨੂੰ ਇਨ੍ਹਾਂ ਅਧਿਆਪਕਾਂ ਦੀ ਬਾਂਹ ਫੜਨ ਦੀ-ਜੇ ਪੱਕੇ ਨਹੀਂ ਕਰਨੇ ਤਾਂ ਘਰ ਚਲਾਉਣ ਲਈ ਬਣਦੀ ਤਨਖਾਹ ਜ਼ਰੂਰ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਅਧਿਆਪਕਾਂ ਦਾ ਸ਼ੋਸ਼ਣ ਨਾ ਹੋਵੇ ਤੇ ਉਹ ਆਪਣਾ ਗੁਜ਼ਾਰਾ ਕਰ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1950)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)