“ਜੱਜ ਸਾਹਿਬ ਨੇ ਉਨ੍ਹਾਂ ਨੂੰ ਕਿਹਾ, “ਇਹ ਤਾਂ ਵਿਆਹ ਪਹਿਲਾਂ ਹੀ ਕਰਵਾਈ ਫਿਰਦੇ ਨੇ, ਆਹ ਗੁਰਦੁਆਰੇ ਦਾ ...”
(20 ਦਸੰਬਰ 2024)
ਕੁਝ ਦਿਨ ਪਹਿਲਾਂ ਇੱਕ ਅਜਿਹੀ ਘਟਨਾ ਘਟੀ ਜਿਸ ਨੇ ਮੇਰੇ ਮਨ ਨੂੰ ਧੁਰ ਅੰਦਰ ਤਕ ਹਲੂਣ ਕੇ ਰੱਖ ਦਿੱਤਾ। ਮੈਂ ਸਾਰਾ ਦਿਨ ਇਹ ਹੀ ਸੋਚਦਾ ਰਿਹਾ ਕਿ ਇਹ ਕੀ ਹੋ ਰਿਹਾ ਹੈ? ਕਿੱਧਰ ਨੂੰ ਤੁਰ ਪਈ ਹੈ ਸਾਡੀ ਨਵੀਂ ਪੀੜ੍ਹੀ? ਪਲਾਂ ਵਿੱਚ ਸਾਰੇ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਕੌਣ ਹੈ ਇਸ ਸਭ ਲਈ ਜ਼ਿੰਮੇਵਾਰ? ਇਸੇ ਖਿੱਚ ਧੂਹ ਵਿੱਚ ਸਾਰੀ ਰਾਤ ਮੇਰੇ ਸੁੱਤੇ ਪਏ ਦੇ ਦਿਮਾਗ਼ ਵਿੱਚ ਕਈ ਸਵਾਲ ਹਥੌੜਿਆਂ ਵਾਂਗ ਵੱਜਦੇ ਰਹੇ। ਜਦੋਂ ਦਾ ਕਰੋਨਾ ਕਾਲ ਤੋਂ ਬੱਚਿਆਂ ਦੇ ਹੱਥ ਮੋਬਾਇਲ ਫੋਨ ਲੱਗਿਆ ਆਇਆ ਹੈ। ਅੱਜ ਸੋਸ਼ਲ ਮੀਡੀਏ ਦੀਆਂ ਅਨੇਕਾਂ ਐਪ ਹੋਂਦ ਵਿੱਚ ਆ ਗਈਆਂ ਹਨ, ਜਿਨ੍ਹਾਂ ਨੂੰ ਅੱਜ ਬੱਚੇ ਚੋਰੀ ਛੁਪੇ ਵਰਤ ਰਹੇ ਹਨ। ਮਾਂ-ਬਾਪ ਨੂੰ ਇਸ ਬਾਰੇ ਕੁਝ ਪਤਾ ਨਹੀਂ।
ਮੈਂ ਹਰ ਰੋਜ਼ ਕਿੰਨੇ ਹੀ ਲੋਕਾਂ ਨੂੰ ਕਚਹਿਰੀ ਵਿੱਚ ਦੇਖਦਾ ਹਾਂ। ਕੁਝ ਜਾਣੇ ਪਛਾਣੇ ਚਿਹਰੇ ਹੁੰਦੇ ਹਨ, ਕੁਝ ਕੁ ਨਵੇਂ। ਮੈਂ ਇੰਟਰੀਗੇਟ ’ਤੇ ਪੁਲਿਸ ਮੁਲਾਜ਼ਮਾਂ ਕੋਲ ਖੜ੍ਹਾ ਸੀ, ਲੋਕ ਆ ਜਾ ਰਹੇ ਸਨ। ਕੋਰਟ ਦੇ ਵਿੱਚ ਹਰ ਦਿਨ ਵਿਆਹ ਕਰਵਾ ਕੇ ਪ੍ਰੋਟੈਕਸ਼ਨ ਲੈਣ ਲਈ ਜੋੜੇ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਕੱਲ੍ਹ ਮੇਰੇ ਬੈਠਿਆਂ ਇੱਕ ਜੋੜਾ ਆਇਆ। ਉਨ੍ਹਾਂ ਦੇ ਮੂੰਹ ਰੁਮਾਲ ਨਾਲ ਬੰਨ੍ਹੇ ਹੋਏ ਸਨ, ਵਕੀਲ ਸਾਹਬ ਦਾ ਮੁਨਸ਼ੀ ਉਨ੍ਹਾਂ ਨਾਲ ਸੀ। ਪੁਲਿਸ ਮੁਲਾਜ਼ਮ ਨੇ ਉਸ ਜੋੜੇ ਨੂੰ ਮੂੰਹਾਂ ਤੋਂ ਰੁਮਾਲ ਉਤਾਰਨ ਲਈ ਕਿਹਾ। ਲੇਡੀ ਮੁਲਾਜ਼ਮ ਨੇ ਕੁੜੀ ਦੀ ਤਲਾਸ਼ੀ ਲਈ ਅਤੇ ਨਾਲ ਹੀ ਸਵਾਲ ਕਰ ਦਿੱਤਾ, “ਕਿਵੇਂ ਆਏ ਹੋ?”
“ਜੀ ਵਿਆਹ ਕਰਵਾਉਣ …।” ਕੁੜੀ ਨੇ ਦੱਬਵੀਂ ਜਿਹੀ ਅਵਾਜ਼ ਵਿੱਚ ਕਿਹਾ। ਮੈਂ ਇਹ ਸੁਣ ਕੇ ਦੰਗ ਰਹਿ ਗਿਆ। ਕੁੜੀ ਇੰਝ ਲੱਗ ਰਹੀ ਸੀ ਜਿਵੇਂ ਅੱਠਵੀਂ ਨੌਂਵੀ ਦੀ ਵਿਦਿਆਰਥਣ ਹੋਵੇ। ਉਸ ਦੇ ਨਾਲ ਜਿਹੜਾ ਮੁੰਡਾ ਸੀ, ਉਹ ਪੱਕੀ ਉਮਰ ਦਾ ਤੇ ਰੰਗ ਸਾਂਵਲਾ, ਜਿਵੇਂ ਛੱਬੀ-ਸਤਾਈ ਸਾਲ ਦਾ ਹੋਵੇ। ਮੁੰਡੇ ਦੀਆਂ ਅੱਖਾਂ ਅਤੇ ਝਾਕਣੀ ਤੋਂ ਇੰਝ ਲੱਗ ਰਿਹਾ ਸੀ ਜਿਵੇਂ ਉਹ ਕੋਈ ਨਸ਼ਾ ਕਰਦਾ ਹੋਵੇ। ਕੁੜੀ ਦਾ ਉਸ ਮੁੰਡੇ ਨਾਲ ਕੋਈ ਮੇਲ ਨਹੀਂ ਸੀ। ਕੁੜੀ ਕਿਸੇ ਚੰਗੇ ਘਰ ਦੀ ਸੋਹਣੀ ਸੁਨੱਖੀ ਲਗਦੀ ਸੀ। ਮੇਰੇ ਮਨ ਅੰਦਰ ਹਲਚਲ ਜਿਹੀ ਪੈਦਾ ਹੋ ਗਈ। ਕੁੜੀ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਕੋਰਟ ਵਿੱਚ ਵਿਆਹ ਨਹੀਂ ਹੁੰਦਾ, ਪ੍ਰੋਟੈਕਸ਼ਨ ਹੀ ਮਿਲਦੀ ਹੈ। ਉਹ ਅਨਜਾਣ ਇੱਥੇ ਵਿਆਹ ਕਰਵਾਉਣ ਆਈ ਸੀ। ਵਕੀਲ ਸਾਹਬ ਉਨ੍ਹਾਂ ਨੂੰ ਕੁਝ ਨਹੀਂ ਦੱਸਦੇ ਨਹੀਂ, ਉਨ੍ਹਾਂ ਨੇ ਤਾਂ ਬੱਸ ਮੋਟੀਆਂ ਰਕਮਾਂ ਵਸੂਲਣੀਆਂ ਹੁੰਦੀਆਂ ਹਨ।
ਅਨੇਕਾਂ ਸਵਾਲਾਂ ਨੇ ਮੇਰੇ ਦਿਮਾਗ਼ ਵਿੱਚ ਉਥਲ-ਪੁਥਲ ਮਚਾ ਦਿੱਤੀ। ਇਸ ਵਿਚਾਰੀ ਦੀ ਜ਼ਿੰਦਗੀ ਬਰਬਾਦ ਹੈ। ਇਸ ਉਮਰ ਦੀਆਂ ਬੱਚੀਆਂ ਕਦੇ ਵੀ ਸਹੀ ਫ਼ੈਸਲਾ ਨਹੀਂ ਲੈ ਸਕਦੀਆਂ, ਨਾ ਉਨ੍ਹਾਂ ਨੂੰ ਇੰਨੀ ਸਮਝ ਹੁੰਦੀ ਹੈ। ਅਨਭੋਲ ਜਿਹੀਆਂ ਜਲਦੀ ਝਾਂਸੇ ਦੇ ਵਿੱਚ ਆ ਜਾਂਦੀਆਂ ਹਨ। ਹਵਾ ਵਿੱਚ ਉਸਾਰੇ ਮਹਿਲਾਂ ਦੇ ਸੁਪਨੇ ਦੇਖਣ ਲੱਗ ਜਾਂਦੀਆਂ ਨੇ। ਉਨ੍ਹਾਂ ਨੂੰ ਸਭ ਕੁਝ ਸਹੀ ਦਿਖਾਈ ਦਿੰਦਾ ਹੈ। ਮਾਂ-ਬਾਪ ਦੀ ਇੱਜ਼ਤ ਨੂੰ ਪਲਾਂ ਵਿੱਚ ਰੋਲ ਦਿੰਦੀਆਂ ਹਨ। ਉਨ੍ਹਾਂ ਨੂੰ ਸਾਲ ਭਰ ਦੀ ਮੁਹੱਬਤ ਤਾਂ ਬਹੁਤ ਵੱਡੀ ਲਗਦੀ ਹੈ ਪਰ ਮਾਂ-ਬਾਪ ਦਾ ਪਿਆਰ ਬੌਣਾ ਤੇ ਕੋਬਰੇ ਸੱਪ ਵਰਗਾ ਦਿਖਾਈ ਦਿੰਦਾ ਹੈ। ਸਾਡੇ ਧਾਰਮਿਕ ਸਥਾਨਾਂ ’ਤੇ ਬੈਠਾ ਪੁਜਾਰੀ ਵਰਗ ਵੀ ਘੱਟ ਜ਼ਿੰਮੇਵਾਰ ਨਹੀਂ। ਉਹ ਪੈਸਿਆਂ ਦੇ ਲਾਲਚ ਵਿੱਚ ਕੁਝ ਵੀ ਨਹੀਂ ਦੇਖਦੇ, ਚਾਰ ਸ਼ਬਦ ਪੜ੍ਹ ਕੇ ਵਿਆਹ ਦਾ ਸਰਟੀਫਿਕੇਟ ਦੇ ਦਿੰਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਦੋਵਾਂ ਧਿਰਾਂ ਦੇ ਮਾਂ-ਬਾਪ ਦੀ ਸਹਿਮਤੀ ਤੋਂ ਬਿਨਾਂ ਅਜਿਹਾ ਕਾਰਜ ਕਰਨ ਦੀ ਮਨਾਹੀ ਕਰਨ। ਇਸੇ ਸਰਟੀਫਿਕੇਟ ਦੇ ਜ਼ਰੀਏ ਹੀ ਉਹ ਪ੍ਰੋਟੈਕਸ਼ਨ ਲਈ ਕੋਰਟ ਪਹੁੰਚ ਜਾਂਦੇ ਹਨ। ਫਿਰ ਵਕੀਲਾਂ ਵੱਲੋਂ ਬਣਾਈਆਂ ਮਨਘੜਤ ਕਹਾਣੀਆਂ ਵਿੱਚ ਕੁੜੀ ਦੇ ਮਾਪੇ ਉਨ੍ਹਾਂ ਦੇ ਸਭ ਤੋਂ ਵੱਡੇ ਦੁਸ਼ਮਣ ਪਾਤਰ ਬਣ ਜਾਂਦੇ ਹਨ। ਇਹ ਖਰੜਾ ਜੱਜ ਸਾਹਿਬ ਕੋਲ ਲੈ ਜਾਂਦੇ ਹਨ। ਜੱਜ ਨੂੰ ਮਜਬੂਰਨ ਪ੍ਰੋਟੈਕਸ਼ਨ ਦੇਣੀ ਪੈਂਦੀ ਹੈ। ਉਸ ਜੋੜੇ ਨੂੰ ਲਗਦਾ ਹੈ ਕਿ ਸਾਡਾ ਤਾਂ ਕੋਰਟ ਦੇ ਵਿੱਚ ਵਿਆਹ ਹੋ ਗਿਆ ਹੈ। ਆਮ ਭੋਲੀ-ਭਾਲੀ ਜਨਤਾ ਵੀ ਪ੍ਰੋਟੈਕਸ਼ਨ ਨੂੰ ਵਿਆਹ ਸਮਝ ਲੈਂਦੀ ਹੈ ਜਦੋਂ ਕਿ ਕੋਰਟ ਧਾਰਮਿਕ ਸਥਾਨਾਂ ’ਤੇ ਹੋਏ ਵਿਆਹ ਦੇ ਦਿੱਤੇ ਸਰਟੀਫਿਕੇਟ ਉੱਤੇ ਹੀ ਪ੍ਰੋਟੈਕਸ਼ਨ ਦਿੰਦਾ ਹੈ।
ਜਿਵੇਂ ਹੀ ਉਸ ਕੁੜੀ ਦੇ ਮਾਪਿਆਂ ਨੂੰ ਪਤਾ ਲੱਗਿਆ, ਉਹ ਕੁੜੀ ਦੀ ਭਾਲ ਵਿੱਚ ਕੋਰਟ ਪਹੁੰਚ ਗਏ। ਥੋੜ੍ਹਾ ਹੰਗਾਮਾ ਹੋਇਆ। ਕੁੜੀ ਤੇ ਮੁੰਡੇ ਨੂੰ ਕੋਰਟ ਦੇ ਅੰਦਰ ਬਿਠਾ ਦਿੱਤਾ ਗਿਆ। ਮਾਂ-ਬਾਪ ਤੇ ਦਾਦੀ ਜੱਜ ਸਾਹਿਬ ਦੇ ਪੇਸ਼ ਹੋ ਗਏ। ਜੱਜ ਸਾਹਿਬ ਨੇ ਉਨ੍ਹਾਂ ਨੂੰ ਕਿਹਾ, “ਇਹ ਤਾਂ ਵਿਆਹ ਪਹਿਲਾਂ ਹੀ ਕਰਵਾਈ ਫਿਰਦੇ ਨੇ, ਆਹ ਗੁਰਦੁਆਰੇ ਦਾ ਸਰਟੀਫਿਕੇਟ ਹੈ। ਮੇਰੇ ਕੋਲ ਤਾਂ ਇਹ ਪ੍ਰੋਟੈਕਸ਼ਨ ਲੈਣ ਲਈ ਆਏ ਹਨ, ਇਨ੍ਹਾਂ ਦੀ ਜਾਨ ਨੂੰ ਤੁਹਾਡੇ ਤੋਂ ਖ਼ਤਰਾ ਹੈ।”
ਕੁੜੀ ਮੁੰਡੇ ਦੀ ਜੱਜ ਸਾਹਿਬ ਕਾਫੀ ਝਾੜਝੰਬ ਵੀ ਕਰਦੇ ਹਨ, ਨਾਲ ਵਕੀਲ ਸਾਹਬ ਦੀ ਵੀ। ਕੁੜੀ ਨੇ ਮਾਪਿਆਂ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਪਲਾਂ ਵਿੱਚ ਮਾਪਿਆਂ ਦੇ ਲਾਡ-ਪਿਆਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਮਾਪੇ ਗੈਰ ਬਣ ਗਏ। ਉਹ ਰੋਂਦੇ ਹੋਏ ਕੋਰਟ ਰੂਮ ਵਿੱਚੋਂ ਬਾਹਰ ਨਿਕਲ ਗਏ।
ਮਾਪਿਆਂ ਦੇ ਇਸ ਦੁੱਖ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਨੂੰ ਦੇਖ ਕੇ ਮੇਰਾ ਵੀ ਮਨ ਭਰ ਆਇਆ, ਜਿਵੇਂ ਮੇਰੇ ਆਪਣੇ ਬੱਚੇ ਨੇ ਕੋਈ ਗਲਤੀ ਕਰ ਦਿੱਤੀ ਹੋਵੇ। ਉੱਥੋਂ ਕਈ ਗੱਲਾਂ ਹੋਰ ਵੀ ਨਿਕਲ ਕੇ ਸਾਹਮਣੇ ਆ ਗਈਆਂ। ਮੁੰਡੇ ਦੀ ਉਮਰ ਬੱਤੀ ਸਾਲ ਦੀ ਸੀ, ਕੁੜੀ ਦੀ ਉਮਰ ਸਾਢੇ ਅਠਾਰਾਂ ਸਾਲ। ਕੁੜੀ ਚੰਗੇ ਘਰ ਦੀ ਸੀ, ਬੀ.ਕੌਮ ਦਾ ਵਿੱਚ ਉਸ ਦਾ ਪਹਿਲਾ ਸਾਲ ਸੀ। ਮੁੰਡਾ ਸੱਤ ਜਮਾਤਾਂ ਪੜ੍ਹਿਆ, ਕਿਸੇ ਦੀ ਡਰਾਇਵਰੀ ਕਰਦਾ ਸੀ। ਇਨ੍ਹਾਂ ਦੇ ਇਹ ਪਿਆਰ-ਮੁਹੱਬਤ ਨੇ ਸੋਸ਼ਲ ਮੀਡੀਏ ’ਤੇ ਹੀ ਉਡਾਰੀ ਭਰੀ ਸੀ। ਉਸ ਕੁੜੀ ਦਾ ਮੁੰਡੇ ਨਾਲ ਕੋਈ ਮੇਲ ਨਹੀਂ ਸੀ, ਇਹ ਗੱਲ ਮੈਨੂੰ ਪਹਿਲਾਂ ਹੀ ਰੜਕ ਗਈ ਸੀ। ਪਰ ਮੈਂ ਕਰ ਕੁਝ ਨਹੀਂ ਸਕਦਾ ਸੀ।
ਮੈਂ ਇਹ ਵੀ ਦੇਖਿਆ ਹੈ ਕਿ ਅਜਿਹੇ ਰਿਸ਼ਤੇ ਬਹੁਤ ਘੱਟ ਪ੍ਰਵਾਨ ਚੜ੍ਹਦੇ ਹਨ। ਦੋ-ਚਾਰ ਮਹੀਨਿਆਂ ਬਾਅਦ ਫਿਰ ਇਹ ਕੋਰਟ ਦੇ ਦਰ ’ਤੇ ਦਸਤਕ ਦਿੰਦੇ ਹਨ ਜਾਂ ਮੌਤ ਗਲੇ ਲਗਾ ਲੈਂਦੇ ਹਨ। ਅੱਜਕੱਲ੍ਹ ਜਿਹੜੇ ਅਜਿਹੇ ਕੇਸ ਆ ਰਹੇ ਹਨ, ਇਨ੍ਹਾਂ ਵਿੱਚ ਕੁੜੀਆਂ ਅੱਲ੍ਹੜ ਉਮਰ ਦੀਆਂ ਹੁੰਦੀਆਂ ਹਨ, ਮੁੰਡੇ ਨਸ਼ੇੜੀ ਕਿਸ਼ਮ ਦੇ। ਮਾਪਿਆਂ ਨੂੰ ਬੱਚਿਆਂ ਨਾਲ ਬਹੁਤ ਬੈਠ ਕੇ ਹਰ ਪੱਖ ਤੋਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਸੋਸ਼ਲ ਮੀਡੀਏ ’ਤੇ ਹੁੰਦੇ ਝੂਠ-ਫਰੇਬ ਬਾਰੇ ਵੀ ਜਾਣਕਾਰੀ ਦੇਣੀ ਬਣਦੀ ਹੈ। ਮੋਬਾਇਲਾਂ ਦੇ ਵਿੱਚੋਂ ਆਪ ਨਿੱਕਲਕੇ ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਇਕੱਲਾਪਨ ਦੂਰ ਹੋ ਸਕੇ। ਹੁੰਦਾ ਇਹ ਹੈ ਕਿ ਜੇਕਰ ਘਰ ਦੇ ਚਾਰ ਮੈਂਬਰ ਹਨ, ਚੌਹਾਂ ਦੇ ਹੱਥ ਵਿੱਚ ਮੋਬਾਇਲ ਫੋਨ ਹੁੰਦੇ ਹਨ। ਸਭ ਆਪਣੇ-ਆਪਣੇ ਐਪ ਖੋਲ੍ਹਕੇ ਠੂੰਗੇ ਮਾਰ ਰਹੇ ਹੁੰਦੇ ਹਨ, ਜਿਵੇਂ ਮੋਬਾਇਲ ਹੀ ਹੁਣ ਉਨ੍ਹਾਂ ਦੇ ਰਿਸ਼ਤੇਦਾਰ ਹੋਣ। ਅੱਜਕੱਲ੍ਹ ਹਰ ਕਿਸੇ ਉੱਤੇ ਉੱਤੇ ਵੀਡੀਓ ਬਣਾਉਣ ਦਾ ਭੂਤ ਸਵਾਰ ਹੈ, ਜੋ ਹਾਦਸਿਆਂ ਦਾ ਕਾਰਨ ਵੀ ਬਣ ਰਿਹਾ ਹੈ। ਬੱਚਿਆਂ ਨੂੰ ਸਾਹਿਤਕ ਕਿਤਾਬਾਂ ਨਾਲ ਜੋੜਨਾ ਜ਼ਰੂਰੀ ਹੈ ਤਾਂ ਜੋ ਉਹ ਭਵਿੱਖ ਤੋਂ ਜਾਣੂ ਹੋ ਸਕਣ। ਸਾਨੂੰ ਆਪ ਨੂੰ ਵੀ ਕਿਤਾਬਾਂ ਨਾਲ ਜੁੜਨਾ ਪਵੇਗਾ ਤਾਂ ਹੀ ਬੱਚੇ ਕਿਤਾਬਾਂ ਨੂੰ ਹੱਥ ਪਾਉਣਗੇ।
ਬੱਚਿਆਂ ਨੂੰ ਖੇਡਾਂ ਦੇ ਮੈਦਾਨ ਵੱਲ ਵੀ ਲਿਜਾਣਾ ਜ਼ਰੂਰੀ ਬਣ ਗਿਆ ਹੈ, ਜਿੱਥੇ ਉਨ੍ਹਾਂ ਨੇ ਮੈਦਾਨ ਵਿੱਚ ਖੇਡਾਂ-ਖੇਡਣੀਆਂ ਹਨ। ਹੁਣ ਉਹ ਮੋਬਾਇਲ ’ਤੇ ਖੇਡਦੇ ਹਨ। ਮੋਬਾਇਲ ਦੀ ਗ੍ਰਿਫ਼ਤ ਤੋਂ ਬੱਚਿਆਂ ਨੂੰ ਅਜ਼ਾਦ ਕਰਵਾਉਣਾ ਹੁਣ ਮਜਬੂਰੀ ਬਣਦੀ ਜਾ ਰਹੀ ਹੈ। ਅਗਲੇ ਪਲ ਕੋਰਟ ਦੇ ਦਰ ’ਤੇ ਤੁਹਾਡੇ ਬੱਚੇ ਵੀ ਖੜ੍ਹੇ ਹੋ ਸਕਦੇ ਹਨ। ਸਾਡੀਆਂ ਸਰਕਾਰਾਂ ਨੂੰ ਵੀ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਆਸਟਰੇਲੀਆ ਦੀ ਤਰ੍ਹਾਂ ਸੋਲਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਪੂਰਨ ਤੌਰ ’ਤੇ ਪਾਬੰਦੀ ਲਾਉਣੀ ਚਾਹੀਦੀ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਹੋ ਸਕੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5545)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)