“ਗੁਆਂਢੀਆਂ ਨੂੰ ਭਿਣਕ ਲੱਗੀ। ਉਹ ਬਾਹਰ ਆ ਗਏ। ਮੂੰਹ ਸਿਰ ਬੰਨ੍ਹ ਕੇ ਉਹ ...”
(24 ਨਵੰਬਰ 2020)
“ਧਰਮ ਦੇ ਨਾਂ ’ਤੇ ਜਿੰਨਾ ਮਰਜ਼ੀ ਲੁੱਟ ਲੈ ਲੋਕਾਂ ਨੂੰ …” ਮੇਰੇ ਮੋਬਾਇਲ ’ਤੇ ਰਿੰਗ ਵੱਜ ਰਹੀ ਸੀ। ਭਰਪੂਰ ਦਾ ਨਾਂ ਮੋਬਾਇਲ ਸਕਰੀਨ ’ਤੇ ਨਜ਼ਰ ਆ ਰਿਹਾ ਸੀ। ਸਵੇਰ ਦੇ ਸੱਤ ਵੱਜ ਚੁੱਕੇ ਸਨ। ਫ਼ੋਨ ਮੇਰੇ ਕੋਲ਼ ਕੱਲ੍ਹ ਦੇ ਹੀ ਬਹੁਤ ਆ ਰਹੇ ਸਨ। ਸਭ ਹਾਲਚਾਲ ਪੁੱਛ ਰਹੇ ਸੀ। ਜਿਹੋ ਜਿਹੇ ਦੇਸ਼ ਦੇ ਹਾਲਾਤ ਬਣੇ ਹੋਏ ਸਨ, ਲੋਕਾਂ ਦੇ ਮਨਾਂ ਵਿੱਚ ਨਿਊਜ਼ ਚੈਨਲਾਂ ਨੇ ਬਹੁਤ ਡਰ ਭਰ ਦਿੱਤਾ ਸੀ। ਜਿਵੇਂ ਬੱਸ ਦੁਨੀਆਂ ਤਾਂ ਹੁਣ ਖ਼ਤਮ ਹੋ ਜਾਵੇਗੀ। ਮੈਂ ਮੋਬਾਇਲ ਦੇ ਹਰੇ ਬਟਨ ’ਤੇ ਉਂਗਲੀ ਲਾਈ ਤੇ ‘ਹੈਲੋ!’ ਕਿਹਾ
“ਕੀ ਹਾਲ ਨੇ …।” ਭਰਪੂਰ ਨੇ ਮੇਰਾ ਹਾਲ-ਚਾਲ ਪੁੱਛਿਆ।
“ਠੀਕ ਹਾਂ …।” ਮੈਂ ਆਪਣੀ ਤੰਦਰੁਸਤੀ ਵਾਰੇ ਦੱਸਿਆ।
“ਮੈਨੂੰ ਤੇਰੇ ਗਵਾਂਢੀ ਸ਼ੇਰ ਸਿੰਘ ਦਾ ਫ਼ੋਨ ਆਇਆ ਸੀ …।”
“ਕੀ ਕਹਿੰਦਾ ਸੀ?”
“ਕਹਿੰਦਾ, ਸੁਣਿਆ ਤੇਰੇ ਦੋਸਤ, ਸਾਡੇ ਗਵਾਂਢੀ ਨੂੰ ਉਹ ਬਿਮਾਰੀ ਜਿਹੀ ਹੋ ਗਈ। ਭਲਾ ਸੱਚ ਐ ...?”
“ਕੈਂਸਰ ਹੋ ਗਿਆ …।” ਮੈਂ ਸ਼ੇਰ ਸਿੰਘ ਨੂੰ ਜਾਣ ਕੇ ਕਹਿ ਦਿੱਤਾ। ਮੈਂਨੂੰ ਪਤਾ ਤਾਂ ਸੀ ਉਹ ਕੀ ਕਹਿਣਾ ਚਾਹੁੰਦਾ ਸੀ, ਪਰ ਨਾਂ ਨਹੀਂ ਸੀ ਲੈ ਰਿਹਾ। ਮੈਂਨੂੰ ਵਿੰਗ ਵਲੇਵੇਂ, ਬੁਜ਼ਾਰਤਾਂ ਜਿਹੀਆਂ ਪਾਈ ਜਾਵੇ।
“ਨਹੀਂ! ਜਿਹੜੀ ਆ ਨਵੀਂ ਬਿਮਾਰੀ ਚੱਲੀ ਐ।”
“ਸ਼ੂਗਰ ਹੋ ਗਿਆ …।” ਮੈਂ ਫਿਰ ਜਾਣਕੇ ਕਹਿ ਦਿੱਤਾ।
“ਨਹੀਂ ਨਿੱਤ ਆਪਾਂ ਅਖ਼ਬਾਰਾਂ ਵਿੱਚ ਨੀਂ ਪੜ੍ਹਦੇ … ਨਾਲ਼ੇ ਟੈਲੀਵੀਜ਼ਨਾਂ ਉੱਤੇ ਖ਼ਬਰਾਂ ’ਚ ਘਸਮਾਣ ਪਾ ਰੱਖਦੇ ਨੇ …।”
“ਕਰੋਨਾ?” ਮੈਂ ਅੱਗੋਂ ਬੋਲਿਆ।
“ਹਾਂ! ਕਹਿੰਦੇ ਨੇ ਉਹਨੂੰ ਹੋ ਗਿਆ। ਘਰੇ ਪੁਲਿਸ ਤੇ ਹਸਪਤਾਲ ਵਾਲੇ ਆਏ ਸੀ। ਘਰ ਵਿੱਚੋਂ ਸਾਰਿਆਂ ਦਾ ਬਾਹਰ ਨਿਕਲਣਾ ਬੰਦ ਕਰ ਦਿੱਤਾ। ਭਲਾ ਹੁਣ ਸਾਰਿਆਂ ਨੂੰ ਚੱਕ ਕੇ ਲੈ ਜਾਣਗੇ। ਉਹਨੂੰ ਤਾਂ ਕਹਿੰਦੇ ਬਾਹਰੋਂ ਚੱਕ ਕੇ ਲੈ ਗਈ ਪੁਲਿਸ …।” ਸ਼ੇਰ ਸਿੰਘ ਗੱਲ ਦੀ ਲੜੀ ਨਹੀਂ ਸੀ ਟੁੱਟਣ ਦੇ ਰਿਹਾ ਸੀ। ਫਿਰ ਮੈਂ ਹੀ ਝਾੜਝੰਬ ਕੀਤੀ, “ਸਰਦਾਰ ਜੀ! ਤੁਸੀਂ ਸਿੱਧਾ ਨਾਂ ਨਹੀਂ ਸੀ ਲੈ ਸਕਦੇ, ਵੀ ਕਰੋਨਾ ਰਿਪੋਰਟ ਪਾਜ਼ਟਿਵ ਆਈ ਹੈ। ਜੇਕਰ ਹੋ ਵੀ ਗਿਆ ਕਿੱਡੀ ਕੁ ਗੱਲ ਆ, ਚਾਰ ਦਿਨਾਂ ਨੂੰ ਆ ਜਾਊ …। ਉਹ ਮਿਹਨਤ ਕਿੰਨੀ ਕਰਦਾ? ਸਵੇਰੇ ਸ਼ਾਮ ਪੰਦਰਾਂ ਕਿਲੋਮੀਟਰ ਭੱਜਦਾ ਐ …। ਜਵਾਕਾਂ ਨੂੰ ਲੈ ਕੇ ਜਾਂਦਾ। ਤੁਸੀਂ ਐਵੇਂ ਗੱਲਾਂ ਦਾ ਸਵਾਦ ਲੈਂਦੇ ਫਿਰਦੇ ਹੋ। ਤੁਹਾਨੂੰ ਸਭ ਨੂੰ ਪਤਾ ਐ। ਖ਼ਬਰਾਂ ਵਿੱਚ ਵੀ ਆਈ ਜਾਂਦਾ …। ਤੁਸੀਂ ਪੜ੍ਹੇ ਲਿਖੇ ਹੋ ਕੇ ਨਾਂ ਨਹੀਂ ਲੈ ਰਹੇ, ਜਿਵੇਂ ਅਨਪੜ੍ਹ ਬੁੜ੍ਹੀਆਂ ਕਰਦੀਆਂ ਹੁੰਦੀਆਂ ਨੇ। ਜੇ ਨਾਂ ਲੈ ਦਿੱਤਾ ਕਿਤੇ ਬਿਮਾਰੀ ਤੁਹਾਨੂੰ ਨਾ ਚਿੰਬੜ ਜਾਵੇ ਆਏਂ ਕਰਦੇ ਓਂ …। ਤੁਹਾਡੇ ਤਾਂ ਗਵਾਂਢੀ ਨੇ, ਪਤਾ ਕਰ ਆਉਣਾ ਸੀ …।” ਮੈਂ ਗਰਮ ਹੋ ਗਿਆ। ਸ਼ੇਰ ਸਿੰਘ ਨੇ ਫ਼ੋਨ ਕੱਟ ਦਿੱਤਾ।
ਭਰਪੂਰ ਨਾਲ਼ੇ ਹੱਸੀ ਜਾਵੇ, ਨਾਲ਼ੇ ਗੱਲ ਦੱਸੀ ਜਾਵੇਂ। ਮੈਂਨੂੰ ਵੀ ਹਾਸਾ ਆ ਰਿਹਾ ਸੀ। ਇੱਕ ਪੜ੍ਹਿਆ ਲਿਖਿਆ ਪਰਿਵਾਰ ਇਸ ਤਰ੍ਹਾਂ ਦਾ ਵਿਵਹਾਰ ਕਰੇ, ਸਮਝ ਤੋਂ ਪਰੇ ਦੀ ਗੱਲ ਹੈ। ਇਹੋ ਜਿਹੇ ਲੋਕ ਤਾਂ ਪਿੱਛ ਲੱਗ ਹੁੰਦੇ ਨੇ, ਥਾਲੀਆਂ ਖੜਕਾਉਣ ਤੇ ਮੋਮਬੱਤੀਆਂ ਜਗਾਉਣ ਜੋਗੇ ਨੇ …। ਕਰੋਨਾ ਦੇ ਚੱਲਦਿਆਂ ਜਿੰਨਾ ਪੜ੍ਹਿਆ ਲਿਖਿਆ ਵਰਗ ਮੂਰਖ ਬਣਿਆ, ਉੰਨਾ ਪਛੜੇ ਤੇ ਅਨਪੜ੍ਹ ਲੋਕ ਨਹੀਂ।
“ਤੂੰ ਕਿਵੇਂ ਚੱਕਰ ਵਿੱਚ ਪੈ ਗਿਆ। ਮੈਂਨੂੰ ਪਤਾ ਤਾਂ ਕੱਲ੍ਹ ਹੀ ਲੱਗ ਗਿਆ ਸੀ …।” ਭਰਪੂਰ ਨੇ ਗੱਲ ਅੱਗੇ ਤੋਰ ਲਈ।
“ਸਾਡੇ ਸਾਰੇ ਕੋਰਟ ਦੇ ਮੁਲਾਜ਼ਮਾਂ ਦਾ ਟੈਸਟ ਕੀਤਾ ਸੀ। ਮੇਰਾ ਪਾਜ਼ੇਟਿਵ ਆ ਗਿਆ …।” ਮੈਂ ਉਸ ਨੂੰ ਸਾਰੀ ਗੱਲ ਵਿਸਥਾਰ ਵਿੱਚ ਦੱਸ ਦਿੱਤੀ।
“ਇਹ ਕਿੱਟਾਂ ਹੀ ਡੁਪਲੀਕੇਟ ਨੇ, ਜੇ ਕਿਸੇ ਨੂੰ ਥੋੜ੍ਹਾ ਸਰਦੀ ਜੁਕਾਮ, ਬੁਖਾਰ ਹੈ ਫਿਰ ਵੀ ਪਾਜ਼ੇਟਿਵ ਆ ਜਾਂਦਾ ਹੈ। ਤੈਨੂੰ ਕੋਈ ਤਕਲੀਫ਼ ਤਾਂ ਨਹੀਂ …।”
“ਨਾ, ਮੈਂ ਜਮ੍ਹਾਂ ਠੀਕ ਹਾਂ …।” ਕਾਫ਼ੀ ਸਮਾਂ ਅਸੀਂ ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਰਹੇ। ਉਸਨੇ ਮੈਂਨੂੰ ਹੌਸਲਾ ਦਿੰਦੇ ਨੇ ਫ਼ੋਨ ਬੰਦ ਕਰ ਦਿੱਤਾ। ਭਰਪੂਰ ਮੇਰਾ ਵਧੀਆਂ ਮਿੱਤਰ ਹੈ। ਇਸਦੀ ਆਪਣੀ ਲੈਬੋਰੇਟਰੀ ਹੈ। ਟੈਸਟਾਂ ਦਾ ਮਾਹਿਰ ਹੈ। ਹਰ ਵਕਤ ਉਸ ਦੀ ਲੈਬ ’ਤੇ ਟੈਸਟ ਕਰਵਾਉਣ ਵਾਲਿਆਂ ਦੀ ਕਤਾਰ ਲੱਗੀ ਰਹਿੰਦੀ ਹੈ।
ਸ਼ਾਮ ਨੂੰ ਚਾਚੇ ਦੇ ਮੁੰਡੇ ਦਾ ਫ਼ੋਨ ਆਇਆ ਸੀ। ਉਸ ਨੇ ਨਵੀਂ ਹੀ ਗੱਲ ਦੱਸੀ ਸੀ। ਉਹ ਵੀ ਪੜ੍ਹੇ ਲਿਖੇ ਲਾਲਿਆਂ ਦੇ ਮਹੱਲੇ ਵਿੱਚ ਰਹਿੰਦੇ ਨੇ। ਉਨ੍ਹਾਂ ਦੇ ਸਾਰੇ ਮਹੱਲੇ ਵਿੱਚ ਕਹਿ ਦਿੱਤਾ, “ਬਾਹਮਣਾਂ ਦੇ ਮੁੰਡੇ ਨੂੰ ਕਰੋਨਾ ਹੋ ਗਿਆ। ਬਾਹਮਣਾਂ ਨੂੰ ਕੋਈ ਘਰੇ ਨਾ ਵੜਨ ਦਿਓ।”
ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਹਨ। ਮੇਰੀ ਮਾਂ ਹਰ ਰੋਜ਼ ਚਾਚੇ ਕੇ ਘਰ ਚਲੀ ਜਾਂਦੀ ਸੀ। ਚਾਚਾ ਚਾਚੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਚਾਚੇ ਦੀ ਨੂੰਹ ਨਾਲ ਮਾਂ ਦੀ ਥੋੜ੍ਹੀ ਮੱਤ ਮਿਲਦੀ ਸੀ। ਜਦੋਂ ਹਸਪਤਾਲ ਵਿੱਚ ਮੇਰੀ ਰਿਪੋਰਟ ਪਾਜ਼ੇਟਿਵ ਆਈ ਤਾਂ ਮੈਂ ਸਭ ਤੋਂ ਪਹਿਲਾਂ ਘਰ ਫ਼ੋਨ ਕਰਕੇ ਦੱਸਿਆ ਸੀ। ਕਿਸੇ ਦੇ ਘਰ ਨਹੀਂ ਜਾਣਾ ਘਰ ਹੀ ਬੈਠੇ ਰਹੋ। ਬਾਪੂ ਵੀ ਖੇਤੋਂ ਘਰ ਆ ਗਿਆ ਸੀ। ਪਰ ਮਾਂ ਕਦੋਂ ਟਿਕਣ ਵਾਲੀ ਸੀ। ਉਹ ਆਥਣੇ ਚਲੀ ਗਈ ਚਾਚੇ ਕੇ ਘਰੇ। ਉਦੋਂ ਤਕ ਤਾਂ ਇਹ ਗੱਲ ਕਣਕ ਦੇ ਨਾੜ ਨੂੰ ਲੱਗੀ ਅੱਗ ਵਾਂਗ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ। ਇਸ ਮਾਹੌਲ ਨੇ ਹਰ ਰੋਜ਼ ਦੀ ਆਪਸੀ ਭਾਈਚਾਰਕ ਸਾਂਝ ਨੂੰ ਪਲਾਂ ਵਿੱਚ ਤੋੜ ਦਿੱਤਾ। ਲੋਕਾਂ ਨੇ ਆਪਣੇ ਗਲੀ ਮੁਹੱਲੇ ਸੀਲ ਕਰ ਦਿੱਤੇ ਸਨ। ਜੇਕਰ ਕੋਈ ਬਾਹਰੋਂ ਆਉਂਦਾ ਤਾਂ ਉਸ ਨੂੰ ਵੜਨ ਨਾ ਦਿੱਤਾ ਜਾਂਦਾ। ਸਭ ਨਫ਼ਰਤ ਭਰੀਆਂ ਨਜ਼ਰਾਂ ਨਾਲ ਸਾਡੇ ਘਰਾਂ ਵੱਲ ਤਕ ਰਹੇ ਸਨ।
ਹਸਪਤਾਲ ਵਿੱਚ ਵੀ ਤਾਂ ਮੇਰੇ ਨਾਲ ਇੰਝ ਹੋਇਆ ਸੀ। ਪਹਿਲਾਂ ਅਸੀਂ ਸਭ ਇਕੱਠੇ ਗਏ। ਇਕੱਠਿਆਂ ਨੇ ਚਾਹ ਪਾਣੀ ਪੀਤਾ। ਜਦੋਂ ਮੇਰੀ ਰਿਪੋਰਟ ਪਾਜ਼ਟਿਵ ਆ ਗਈ। ਸਾਰਿਆਂ ਵਿੱਚ ਸਹਿਮ ਫੈਲ ਗਿਆ। ਉੱਪਰੋਂ ਚਾਹੇ ਉਹ ਹਮਦਰਦੀ ਦਿਖਾ ਰਹੇ ਸੀ ਪਰ ਅੰਦਰੋਂ ਡਰੇ ਹੋਏ ਸਨ। ਮੈਂ ਇਕੱਲਾ ਹੀ ਸੀ ਜਿਸ ਦੀ ਰਿਪੋਰਟ ਪਾਜ਼ਟਿਵ ਆਈ ਸੀ। ਪੰਦਰ੍ਹਾਂ ਮਿੰਟਾਂ ਦੇ ਵਿੱਚ ਸਾਡੇ ਨਮੂਨੇ ਲੈ ਕੇ ਰਿਪੋਰਟ ਦੇ ਦਿੱਤੀ ਸੀ। ਦਸ ਕੁ ਦਿਨ ਪਹਿਲਾਂ ਮੇਰੀ ਰਿਪੋਰਟ ਨੈਗਟਿਵ ਆਈ ਸੀ। ਉਹ ਮੈਂ ਆਪਣੀ ਮਰਜ਼ੀ ਨਾਲ ਕਰਵਾਈ ਸੀ। ਇਹ ਮਹਿਕਮੇ ਦੇ ਅਦੇਸ਼ਾਂ ਨਾਲ। ਹਸਪਤਾਲ ਦੇ ਅਮਲੇ ਨੇ ਮੈਂਨੂੰ ਵੱਖ ਕਰ ਕੇ ਇੱਕ ਪਾਸੇ ਖੜ੍ਹਾ ਕਰ ਦਿੱਤਾ। ਹਦਾਇਤਾਂ ਕੀਤੀਆਂ ਗਈਆਂ, ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ। ਦੋ ਜਣੇ ਇੱਕ ਵੱਡੀ ਉਮਰ ਦੀ ਮਾਤਾ ਤੇ ਉਸ ਦਾ ਪੁੱਤਰ ਵੀ ਸੀ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਮਾਤਾ ਇੱਟਾਂ ਦੀ ਬਣੀ ਕੰਧੋਲੀ ਉੱਤੇ ਪੈ ਗਈ। ਗਰਮੀ ਨੇ ਉਸਦਾ ਬੁਰਾ ਹਾਲ ਕਰ ਰੱਖਿਆ ਸੀ। ਮਾਤਾ ਕੁਰਲਾ ਰਹੀ ਸੀ। ਸ਼ਾਇਦ ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੀ।
ਹਸਪਤਾਲ ਵਿੱਚ ਕੋਈ ਅਜਿਹਾ ਵਾਰਡ ਨਹੀਂ ਸੀ ਜਿੱਥੇ ਸਾਨੂੰ ਅਲੱਗ ਰੱਖਿਆ ਜਾਂਦਾ। ਕੁਝ ਸਮੇਂ ਬਾਅਦ ਸਾਡੇ ਉੱਤੇ ਪੁਲਿਸ ਦੇ ਮੁਲਾਜ਼ਮ ਲਾ ਦਿੱਤੇ। ਉਹ ਆਪਣਾ ਰੋਹਬ ਝਾੜਨ ਲੱਗ ਪਏ ਜਿਵੇਂ ਅਸੀਂ ਕਰੋਨਾ ਦੇ ਮਰੀਜ਼ ਨਾ ਹੋ ਕੇ ਮੁਜਰਿਮ ਹੋਈਏ। ਜਿਵੇਂ ਸਾਡੇ ਤੋਂ ਭੂੱਕੀ ਦਾ ਟਰੱਕ ਫੜਿਆ ਗਿਆ ਹੋਵੇ, ਇਸ ਤਰ੍ਹਾਂ ਸਾਨੂੰ ਬਹਾ ਰੱਖਿਆ ਸੀ। ਜਿਹੜਾ ਆਵੇ ਉਹ ਹੀ ਸਵਾਲਾਂ ਦੀ ਝੜੀ ਲਾ ਦੇਵੇ। ਲੋਕ ਵੀ ਸਾਨੂੰ ਇੰਝ ਹੀ ਦੇਖ ਰਹੇ ਸੀ ਜਿਵੇਂ ਕਿਸੇ ਮੁਜਰਿਮ ਨੂੰ ਕਿਸੇ ਸੰਗੀਨ ਜੁਰਮ ਵਿੱਚ ਪੁਲਿਸ ਨੇ ਕਾਬੂ ਕਰ ਰੱਖਿਆ ਹੋਵੇ। ਸਾਨੂੰ ਸਰਕਾਰੀ ਹਸਪਤਾਲ ਮਾਨਸਾ ਲੈ ਜਾਣਾ ਸੀ। ਐਂਬੂਲੈਂਸ ਨਹੀਂ ਸੀ ਆ ਰਹੀ। ਇੱਕ ਘੰਟੇ ਤੋਂ ਵੱਧ ਸਮਾਂ ਹੋ ਚੁੱਕਿਆ ਸੀ। ਗਰਮੀ ਨੇ ਬੁਰਾ ਹਾਲ ਕਰ ਰੱਖਿਆ ਸੀ। ਆਖਿਰ ਅਸੀਂ ਕਹਿ ਸੁਣ ਕੇ, ਮਾਤਾ ਦੀ ਹਾਲਤ ਦਾ ਵਾਸਤਾ ਪਾ ਕੇ, ਉਨ੍ਹਾਂ ਦੀ ਕਾਰ ’ਤੇ ਹਸਪਤਾਲ ਨੂੰ ਚਾਲੇ ਪਾ ਦਿੱਤੇ। ਅੰਧੇ ਘੰਟੇ ਵਿੱਚ ਅਸੀਂ ਹਸਪਤਾਲ ਪਹੁੰਚ ਗਏ।
ਵਾਰਡ ਦੇ ਰੂਮ ਵਿੱਚ ਕੋਈ ਡਾਕਟਰ ਨਹੀਂ ਸੀ। ਇੱਕ ਨਰਸ ਮੋਬਾਇਲ ’ਤੇ ਗੱਲਾਂ ਕਰ ਰਹੀ ਸੀ। ਉਸ ਨੂੰ ਆਪਣੀ ਵਿੱਥਿਆ ਦੱਸੀ। ਉਹ ਗਰਦਨ ਵਿੱਚ ਮੋਬਾਇਲ ਫਸਾ ਕੇ ਸਾਡੇ ਵੱਲ ਦੇਖ ਰਹੀ ਸੀ, ਕੋਈ ਜਵਾਬ ਨਹੀਂ ਸੀ ਦੇ ਰਹੀ। ਬੱਸ ਹੱਥ ਨਾਲ ਇਸ਼ਾਰਾ ਕੀਤਾ, ਬਾਹਰ ਬੈਠ ਜਾਓ। ਅਸੀਂ ਬਰਾਂਡੇ ਵਿੱਚ ਬੈਠ ਗਏ।
ਗਰਮੀ ਨਾਲ ਬੁਰਾ ਹਾਲ ਸੀ। ਕੋਈ ਪੱਖਾ ਨਹੀਂ ਸੀ। ਮਾਤਾ ਇੱਕ ਪਾਸੇ ਪੱਥਰ ਦੇ ਬੈਂਚ ਉੱਤੇ ਪੈ ਗਈ। ਸਾਥੋਂ ਇਲਾਵਾ ਨੌਂ ਬੰਦੇ ਹੋਰ ਬੈਠੇ ਸਨ, ਜਿਨ੍ਹਾਂ ਵਿੱਚ ਦੋ ਮਾਂਵਾਂ-ਧੀਆਂ ਵੀ ਸ਼ਾਮਲ ਸਨ। ਕੁਝ ਦੇਰ ਬਾਅਦ ਨਰਸ ਆਪਣੇ ਕਮਰੇ ਵਿੱਚੋਂ ਬਾਹਰ ਆਈ। ਸਾਡਾ ਸਭ ਦਾ ਬਲੱਡ ਪ੍ਰੈੱਸ਼ਰ ਤੇ ਬੁਖਾਰ ਚੈੱਕ ਕੀਤਾ ਗਿਆ। ਆਪਸੀ ਦੂਰੀ ਬਣਾਈ ਰੱਖਣ ਲਈ ਕਿਹਾ। ਐਂਬੂਲੈਂਸ ਨੇ ਸਾਨੂੰ ਇੱਕ ਕਾਲਜ ਵਿਖੇ ਇਕਾਂਤਵਾਸ ਸੈਂਟਰ ਵਿੱਚ ਲੈ ਜਾਣਾ ਸੀ। ਪੈਂਹਠ ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਹਸਪਤਾਲ ਦੇ ਵਿੱਚ ਰੱਖ ਲੈਂਦੇ ਸਨ। ਅਸੀਂ ਨੌਂ ਬੰਦਿਆਂ ਨੇ ਇਕਾਂਤਵਾਸ ਸੈਂਟਰ ਵਿੱਚ ਜਾਣਾ ਸੀ। ਮਾਤਾ ਤੇ ਉਸ ਦੇ ਪੁੱਤਰ ਨੇ ਉੱਥੇ ਹੀ ਰੁਕਣਾ ਸੀ। ਸਾਨੂੰ ਬੈਠਿਆਂ ਨੂੰ ਡੇਢ ਘੰਟੇ ਤੋਂ ਉਪਰ ਹੋ ਗਿਆ। ਨਾ ਐਂਬੂਲੈਂਸ ਆਈ, ਨਾ ਸਾਨੂੰ ਕਿਸੇ ਵਾਰਡ ਵਿੱਚ ਭੇਜਿਆ ਗਿਆ। ਗਰਮੀ ਨੇ ਸਭ ਦਾ ਬੁਰਾ ਹਾਲ ਕਰ ਰੱਖਿਆ ਸੀ। ਦੁਪਹਿਰ ਦੇ ਢਾਈ ਵੱਜ ਚੁੱਕੇ ਸਨ …। ਉੱਪਰੋਂ ਭੁੱਖ ਵੀ ਡਾਢੀ ਲੱਗੀ ਹੋਈ ਸੀ। ਮੈਂ ਇੱਕ ਸਾਥੀ ਨੂੰ ਲੈ ਕੇ ਨਰਸ ਦੇ ਕਮਰੇ ਵਿੱਚ ਗਿਆ। ਉਸ ਨੇ ਮੋਬਾਇਲ ਨਾਲ ਫਿਰ ਦਿਲ ਦੀਆਂ ਤਾਰਾਂ ਜੋੜ ਰੱਖੀਆਂ ਸਨ।
“ਮੈਡਮ ਜੀ! ਕਦੋਂ ਐਂਬੂਲੈਸ ਆਊ? ਸਾਡਾ ਬਾਹਰ ਗਰਮੀ ਵਿੱਚ ਬੁਰਾ ਹਾਲ ਹੋ ਗਿਆ।” ਸਾਡੇ ਵੱਲ ਉਸ ਨੇ ਸਰਸਰੀ ਜਿਹੀ ਨਿਗਾਹ ਮਾਰੀ, ਮੋਬਾਇਲ ’ਤੇ ਮਸਤ ਹੋਈ ਗੱਲਾਂ ਵਿੱਚ ਰੁੱਝੀ ਰਹੀ। ਸਾਡਾ ਉਸ ਕੋਲ ਜਾਣ ਦਾ ਕੋਈ ਬਹੁਤਾ ਅਸਰ ਨਹੀਂ ਸੀ ਹੋਇਆ।
“ਬੈਠੋ ਦੋ ਮਿੰਟ, ਆਉਂਦੀ ਐ ਐਂਬੂਲੈਂਸ …।” ਉਸ ਨੇ ਮੋਬਾਇਲ ਦੇ ਸਪੀਕਰ ’ਤੇ ਹੱਥ ਰੱਖ ਕੇ ਕਿਹਾ। ਜਿਵੇਂ ਅਸੀਂ ਉਸ ਦੇ ਬਹੁਤ ਜ਼ਰੂਰੀ ਕੰਮ ਵਿੱਚ ਦਖਲ ਦੇ ਦਿੱਤਾ ਹੋਵੇ। ਅਸੀਂ ਕਮਰੇ ਤੋਂ ਬਾਹਰ ਆ ਗਏ। ਬਾਅਦ ਵਿੱਚ ਉਹ ਫ਼ੋਨ ’ਤੇ ਕਹਿ ਰਹੀ ਸੀ, ““ਉਹ ਯਾਰ! ਆਹ ਅੱਠ ਦਸ ਕਰੋਨਾ ਦੇ ਮਰੀਜ਼ ਆਏ ਨੇ। ਉਹ ਜਾਨ ਖਾਈ ਜਾਂਦੇ ਨੇ। ਪਤਾ ਨਹੀਂ ਕਿੱਥੋਂ ਆਪ ਬਿਮਾਰੀਆਂ ਸਹੇੜ ਲੈਂਦੇ ਨੇ। ਸਾਡੀ ਜਾਨ ਨੂੰ ਕਜ਼ੀਆ ਬਣਿਆ ਰਹਿੰਦਾ ਐ …।”
ਨਰਸ ਇਸ ਤਰ੍ਹਾਂ ਦੀ ਸ਼ਬਦਾਬਲੀ ਨਾਲ ਗੱਲਾਂ ਕਰ ਰਹੀ ਸੀ ਜਿਵੇਂ ਅਸੀਂ ਮਰੀਜ਼ ਨਹੀਂ, ਮੁਜਰਿਮ ਹੋਈਏ। ਮੈਂ ਉਹਦੇ ਕੋਲ਼ ਮੁੜਨ ਲੱਗਿਆ ਸੀ, ਸਾਥੀ ਨੇ ਰੋਕ ਦਿੱਤਾ। ਪਰ ਦਿਮਾਗ਼ ਉੱਤੇ ਇਸ ਗੱਲ ਦਾ ਗਹਿਰਾ ਅਸਰ ਹੋਇਆ। ਇਹ ਉਹ ਲੋਕ ਹੀ ਨੇ ਜਿਨ੍ਹਾਂ ਦੇ ਅਖ਼ਬਾਰਾਂ ਵਿੱਚ ਵੱਡੇ-ਵੱਡੇ ਬਿਆਨ ਛਪਦੇ ਨੇ - ਕਰੋਨਾ ਮਰੀਜ਼ਾਂ ਲਈ ਆਪਣੀ ਜਾਨ ਦੀ ਬਾਜ਼ੀ ਲਾ ਕੇ ਕਰ ਰਹੇ ਨੇ ਇਲਾਜ …।” ਮੈਂ ਆਪਣੇ ਇੱਕ ਪੱਤਰਕਾਰ ਮਿੱਤਰ ਤੋਂ ਉਸ ਡਾਕਟਰ ਦਾ ਮੋਬਾਇਲ ਨੰਬਰ ਲੈ ਲਿਆ ਜਿਹੜਾ ਜ਼ਿਲ੍ਹਾ ਪੱਧਰ ’ਤੇ ਕਰੋਨਾ ਦੇ ਮਰੀਜ਼ਾਂ ਦਾ ਇੰਚਾਰਜ ਸੀ। ਮੈਂ ਡਾਕਟਰ ਨੂੰ ਫ਼ੋਨ ਲਾਇਆ ਤੇ ਸਾਰੀ ਗੱਲ ਦੱਸ ਦਿੱਤੀ। ਦੋ ਕੁ ਮਿੰਟਾਂ ਵਿੱਚ ਨਰਸ ਸਾਡੇ ਕੋਲ਼ ਆ ਕੇ ਕਹਿਣ ਲੱਗੀ, ““ਚੱਲੋ ਤੁਸੀਂ ਵਾਰਡ ਦੇ ਅੰਦਰ ਬੈਠ ਜਾਓ …। ਜਦੋਂ ਤਕ ਐਂਬੂਲੈਂਸ ਨਹੀਂ ਆਉਂਦੀ …।”
ਨਰਸ ਦੇ ਬਦਲੇ ਹੋਏ ਵਿਵਹਾਰ ਨੂੰ ਦੇਖ ਸਭ ਦੰਗ ਰਹਿ ਗਏ। ਇਹ ਉਹ ਹੀ ਨਰਸ ਸੀ ਜਿਹੜੀ ਦੋ ਮਿੰਟ ਪਹਿਲਾਂ ਸਾਡੇ ਨਾਲ ਈਰਖਾ ਕਰਦੀ ਸੀ। ਵਾਰਡ ਪੂਰਾ ਖਾਲੀ ਸੀ। ਅਸੀਂ ਬੈੱਡਾਂ ਉੱਤੇ ਲੰਮੇ ਪੈ ਗਏ। ਕੁਝ ਸੁਖ ਦਾ ਸਾਹ ਆਇਆ। ਅੰਧੇ ਕੁ ਘੰਟੇ ਪਿੱਛੋਂ ਐਂਬੂਲੈਂਸ ਆ ਗਈ। ਸਾਨੂੰ ਨੌਂ ਜਣਿਆਂ ਲੈ ਕੇ ਐਂਬੂਲੈਂਸ ਕਾਲਜ ਦੇ ਰਾਹ ਮੈ ਗਈ। ਅਸੀਂ ਇੱਕ ਦੂਜੇ ਨਾਲ ਜੁੜ ਕੇ ਮਸਾਂ ਬੈਠੇ। ਉਹ ਨਾ ਦੀ ਹੀ ਐਂਬੂਲੈਂਸ ਸੀ, ਉਸ ਤੋਂ ਚੰਗਾ ਪੀਟਰ ਰੇੜਾ ਹੋਵੇਗਾ। ਉਸ ਵਿੱਚ ਗੰਦਗੀ ਤਾਂ ਨਹੀਂ ਹੁੰਦੀ। ਹਵਾ ਵੀ ਲਗਦੀ ਰਹਿੰਦੀ ਹੈ। ਗਿੱਠ-ਗਿੱਠ ਸੀਟਾਂ ਉੱਤੇ ਮਿੱਟੀ ਘੱਟਾ ਚੜ੍ਹਿਆ ਪਿਆ ਸੀ। ਰੇਤੇ ਦੇ ਵਾਵਰੋਲੇ ਉੱਡ ਸਾਡੇ ’ਤੇ ਪੈ ਰਹੇ ਸਨ।
ਕੁਝ ਕੁ ਸਮੇਂ ਬਾਅਦ ਐਂਬੂਲੈਂਸ ਕਾਲਜ ਦੇ ਗੇਟ ਅੰਦਰ ਦਾਖਲ ਹੋ ਗਈ। ਅਸੀਂ ਹੇਠਾਂ ਉੱਤਰ ਥੋੜ੍ਹਾ ਚੰਗਾ ਮਹਿਸੂਸ ਕੀਤਾ। ਸਾਹ ਵਿੱਚ ਸਾਹ ਆਇਆ। ਡਰਾਇਵਰ ਨੇ ਸਾਡੇ ਕਾਗਜ਼ ਉੱਥੇ ਜਮ੍ਹਾਂ ਕਰਵਾ ਦਿੱਤੇ। ਸਾਨੂੰ ਇੱਕ ਨਵੇਂ ਬਣਾਏ ਐਲੂਮਿਨੀਅਮ ਦੇ ਗੇਟ ਰਾਹੀਂ ਅੰਦਰ ਕਾਲਜ ਦੇ ਕਲਾਸ ਰੂਮਾਂ ਵਿੱਚ ਬਣਾਏ ਵਾਰਡਾਂ ਵਿੱਚ ਭੇਜ ਦਿੱਤਾ। ਅਸੀਂ ਸੱਤ ਜਣੇ ਇੱਕ ਵਾਰਡ ਦੇ ਵਿੱਚ ਚਲੇ ਗਏ। ਉਹ ਮਾਂਵਾਂ ਧੀਆਂ ਆਪਣੇ ਪਰਿਵਾਰ ਕੋਲ਼ ਪਹੁੰਚ ਗਈਆਂ। ਵਾਰਡ ਦੇ ਵਿੱਚ ਸੋਲਾਂ ਬੈਡ ਲੱਗੇ ਹੋਏ ਸਨ। ਉਨ੍ਹਾਂ ਉੱਪਰ ਹੋਰ ਕੋਈ ਨਹੀਂ ਸੀ। ਅਸੀਂ ਮਰਜ਼ੀ ਨਾਲ ਪੱਖਿਆਂ ਹੇਠ ਆਪਣੀ ਜਗ੍ਹਾ ਮੱਲ ਲਈ। ਪੱਖੇ ਸਾਰੇ ਚੱਲ ਰਹੇ ਸੀ। ਸ਼ਾਇਦ ਇਹ ਇਸ ਕਰਕੇ ਸੀ ਕਿ ਇਹ ਕਾਲਜ ਦੀ ਬਿਲਡਿੰਗ ਸੀ। ਜੇ ਹਸਪਤਾਲ ਦੀ ਹੁੰਦੀ, ਸਾਨੂੰ ਇਹ ਵੀ ਨਹੀਂ ਮਿਲਣੇ ਸੀ। ਸਰਕਾਰੀ ਹਸਪਤਾਲਾਂ ਦਾ ਹਾਲ ਸਭ ਨੂੰ ਪਤਾ ਹੀ ਹੈ।
ਮੈਂ ਅਜੇ ਲੰਮਾ ਪਿਆ ਹੀ ਸੀ ਕਿ ਐੱਸ.ਐੱਸ.ਪੀ. ਦਫਤਰ ਵਿੱਚੋਂ ਫ਼ੋਨ ਆਇਆ। ਉਸ ਸੱਜਣ ਨੇ ਸਿੱਧੀ ਸੰਬੋਧਨੀ ਵਿੱਚ ਹੀ ਦੱਸ ਦਿੱਤਾ ਸੀ। ਹਾਲ ਚਾਲ ਪੁੱਛਣ ਤੋਂ ਬਾਅਦ ਸਵਾਲਾਂ ਦੀ ਝੜੀ ਲਾ ਦਿੱਤੀ, “ਤੁਸੀਂ ਕੀ ਕੰਮ ਕਰਦੇ ਹੋਂ, ਤੁਸੀਂ ਕਿਸ ਦੇ ਸਪੰਰਕ ਵਿੱਚ ਆਏ, ਤੁਹਾਡੇ ਨਾਲ ਦੇ ਸਾਥੀ ਕਿਹੜੇ ਨੇ, ਕਿੱਥੇ-ਕਿੱਥੇ ਗਏ, ਘਰੇ ਕੌਣ-ਕੌਣ ਹਨ। ਸਾਨੂੰ ਇਹ ਜਾਣਕਾਰੀ ਸਹੀ ਤਰੀਕੇ ਨਾਲ ਦਿਓ …।”
ਅਜਿਹੇ ਅਨੇਕਾਂ ਸਵਾਲ ਉਸ ਨੇ ਮੇਰੇ ’ਤੇ ਦਾਗ਼ ਦਿੱਤੇ, ਜਿਵੇਂ ਕਿਸੇ ਮੁਜਰਿਮ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਬਹੁਤ ਸਾਰੀਆਂ ਮੋਬਾਇਲ ’ਤੇ ਇਸੇ ਤਰ੍ਹਾਂ ਦੀਆਂ ਕਦੇ ਥਾਣੇ’ ਚੋ, ਕਦੇ ਸਿਹਤ ਵਿਭਾਗ, ਕਦੇ ਸਾਡੇ ਪਿੰਡ ਦੇ ਸਿਵਲ ਹਸਪਤਾਲ ਵਿੱਚੋਂ ਕਦੇ ਕਿਤੋਂ, ਕਦੇ ਕਿਤੋਂ ਘੰਟੀਆਂ ਖੜਕੀਆਂ ਸਨ। ਮੈਂ ਤੰਗ ਆ ਕੇ ਇੱਕ ਗੱਲ ਹੀ ਕਹਿੰਦਾ ਸੀ, ““ਮੈਂ ਕੋਰਟ ਦਾ ਮੁਲਾਜ਼ਮ ਹਾਂ। ਮੇਰੇ ਸੰਪਰਕ ਵਿੱਚ ਜੱਜ ਤੋਂ ਲੈ ਕੇ ਸਾਰਾ ਸਟਾਫ ਹੀ ਰਹਿੰਦਾ ਹੈ। ਜਾਓ ਕਰ ਲਓ ਪੁੱਛ ਪੜਤਾਲ …।” ਅੱਗੋਂ ਕੋਈ ਜਵਾਬ ਦਿੱਤੇ ਬਿਨਾਂ ਅਗਲਾ ਫ਼ੋਨ ਕੱਟ ਦਿੰਦਾ ਸੀ।
ਮੈਂ ਮੇਰੇ ਨਜ਼ਦੀਕੀ ਮਿੱਤਰਾਂ ਦਾ ਨਾਂ ਨਾ ਲਿਆ। ਜਿਨ੍ਹਾਂ ਨਾਲ ਮੇਰੇ ਹਰ ਰੋਜ਼ ਦਾ ਮਿਲਣਾ ਸੀ। ਉਨ੍ਹਾਂ ਨੂੰ ਵੀ ਪ੍ਰੈਸ਼ਾਨ ਕਰ ਦੇਣਾ ਸੀ ਇਸ ਲਈ ਚੁੱਪ ਰਿਹਾ। ਇੱਕ ਦੋ ਮਿੱਤਰਾਂ ਨੇ ਮੇਰੇ ਘਰ ਨਾਲ ਰਾਵਤਾ ਰੱਖਿਆ ਬਾਕੀ ਮੁੱਖ ਮੋੜ ਗਏ ਸੀ। ਕਿਤੇ ਅਸੀਂ ਵੀ ਨਾ ਨਾਲ ਟੰਗੇ ਜਾਈਏ। ਇਕਾਂਤਵਾਸ ਸੈਂਟਰ ਵਿੱਚ ਵੀ ਸਾਨੂੰ ਇੰਝ ਲੱਗ ਰਿਹਾ ਸੀ, ਜਿਵੇਂ ਅਸੀਂ ਕਰੋਨਾ ਦੇ ਮਰੀਜ਼ ਨਾ ਹੋ ਕੇ ਕੈਦੀ ਹੋਈਏ। ਕਮਰਿਆਂ ਦੇ ਸਾਹਮਣੇ ਪੰਜਾਹ ਬਾਈ ਪੰਜਾਹ ਦਾ ਵਿਹੜਾ ਸੀ। ਤਿੰਨ ਪਾਸੇ ਕਮਰੇ ਬਣੇ ਹੋਏ ਸਨ। ਇੱਕ ਪਾਸਾ ਖੁੱਲ੍ਹਾ ਸੀ। ਉਸ ਉੱਤੇ ਅੱਠ ਫੁੱਟ ਉੱਚੀ ਕੰਡੇਦਾਰ ਤਾਰ ਲਾ ਰੱਖੀ ਸੀ। ਨਾ ਕੋਈ ਉਸ ਥਾਂਣੀ ਅੰਦਰ ਆ ਸਕਦਾ ਸੀ, ਨਾ ਬਾਹਰ ਜਾ ਸਕਦਾ ਸੀ। ਤਾਰ ਕੋਲ਼ ਤਿੰਨ ਗਾਰਡ ਤਾਇਨਾਤ ਕੀਤੇ ਹੋਏ ਸਨ। ਕੈਦੀਆਂ ਵਾਂਗ ਇਹ ਹੀ ਸਾਡੀਆਂ ਬੈਰਕਾਂ ਹਨ। ਅਸੀਂ ਲਗਭਗ ਪੈਂਤੀ ਚਾਲੀ ਮਰੀਜ਼ ਉੱਥੇ ਸੀ। ਸਭ ਠੀਕਠਾਕ ਸਨ। ਬਾਥਰੂਮਾਂ ਦਾ ਬੁਰਾ ਹਾਲ ਸੀ। ਲੇਡੀਜ਼ ਲਈ ਬਾਥਰੂਮ ਉੱਪਰ ਵਾਲੀ ਮੰਜ਼ਿਲ ’ਤੇ ਸੀ, ਮਰਦਾਂ ਲਈ ਹੇਠਾਂ। ਬਾਥਰੂਮਾਂ ਵਿੱਚ ਹਰ ਵਕਤ ਪਾਣੀ ਹੀ ਪਾਣੀ ਫਿਰਦਾ ਰਹਿੰਦਾ ਸੀ। ਛੱਤ ਤੋਂ ਪਾਣੀ ਟਪਕ-ਟਪਕ ਕਰਕੇ ਡਿਗਦਾ ਸੀ। ਜੇ ਕੋਈ ਟੱਟੀ ਬੈਠਾ ਹੁੰਦਾ, ਉਹ ਭਿੱਜ ਜਾਂਦਾ ਸੀ। ਇਸ ਲਈ ਹਰ ਕੋਈ ਸਿਰ ’ਤੇ ਤੌਲੀਆ ਲੈ ਕੇ ਜਾਂਦਾ ਸੀ। ਗੰਦਗੀ ਦਾ ਕੋਈ ਅੰਤ ਨਹੀਂ ਸੀ। ਮੱਛਰਾਂ ਦੀ ਭਰਮਾਰ। ਇੰਝ ਲੱਗ ਰਿਹਾ ਸੀ, ਇੱਥੇ ਕਰੋਨਾ ਤੋਂ ਠੀਕ ਨਹੀਂ ਕੀਤਾ ਜਾ ਰਿਹਾ, ਸਗੋਂ ਹੋਰ ਬਿਮਾਰੀਆਂ ਨੂੰ ਨਿਓਤਾ ਦਿੱਤਾ ਜਾ ਰਿਹਾ ਹੈ। ਲੋਕਲ ਰਹਿੰਦੇ ਆਪਣੇ ਇੱਕ ਸਾਹਿਤਕ ਮਿੱਤਰ ਅਮਨ ਨੂੰ ਫ਼ੋਨ ਕਰਕੇ ਸਾਬਣ, ਤੌਲੀਆਂ, ਕੱਛਾ, ਤੇਲ, ਟੂਥ-ਪੇਸਟ, ਬਰੱਸ਼ ਵਗੈਰਾ ਮੰਗਵਾਇਆ। ਘਰ ਮੈਂਨੂੰ ਉਨ੍ਹਾਂ ਜਾਣ ਨਹੀਂ ਦਿੱਤਾ, ਸਿੱਧਾ ਹਸਪਤਾਲ ਲੈ ਆਏ ਸੀ।
ਮੈਂਨੂੰ ਘਰ ਦੀ ਬਹੁਤ ਚਿੰਤਾ ਹੋ ਰਹੀ ਸੀ। ਘਰ ਬਜ਼ੁਰਗ ਮਾਂ-ਬਾਪ ਤੇ ਬੱਚੇ ਸਨ, ਉਨ੍ਹਾਂ ਨੂੰ ਵੀ ਲਪੇਟੇ ਵਿੱਚ ਲੈਣਾ ਸੀ। ਸਿਹਤ ਵਿਭਾਗ ਦੇ ਮੁਲਾਜ਼ਮ ਤੇ ਆਸ਼ਾ ਵਰਕਰ ਗੇੜੇ ਮਾਰਨ ਲੱਗ ਪਏ ਸਨ। ਕਰੋਨਾ ਟੈਸਟ ਕਰਵਾਉਣ ਬਾਰੇ ਜ਼ੋਰ ਪਾ ਰਹੇ ਸੀ। ਇੱਥੋਂ ਤਕ ਕਹਿ ਦਿੱਤਾ, “ਕੱਲ੍ਹ ਨੂੰ ਤੁਹਾਨੂੰ ਖਿਆਲੇ ਦੇ ਹਸਪਤਾਲ ਵਿਖੇ ਐਂਬੂਲੈਂਸ ਰਾਹੀਂ ਅਸੀਂ ਲੈ ਕੇ ਜਾਵਾਂਗੇ …।”
ਫਿਕਰ ਸੀ ਕਿ ਜੇਕਰ ਕਿਸੇ ਦੀ ਰਿਪੋਰਟ ਪਾਜ਼ੇਟਿਵ ਆ ਗਈ, ਖੱਜਲ-ਖੁਆਰੀ ਬਹੁਤ ਹੋਣੀ ਐ। ਇੱਕ ਤਰ੍ਹਾਂ ਸਾਰਾ ਪਰਿਵਾਰ ਸੂਲੀ ਉੱਤੇ ਟੰਗਿਆ ਜਾਣਾ ਸੀ। ਬਜ਼ੁਰਗਾਂ ਨੂੰ ਤਾਂ ਬਿਮਾਰੀਆਂ ਚਿੰਬੜੀਆਂ ਹੀ ਰਹਿੰਦੀਆਂ ਨੇ। ਬਾਕੀ ਬਿਮਾਰੀਆਂ ਪਿੱਛੇ ਛੱਡ ਕਰੋਨਾ ਨੂੰ ਅੱਗੇ ਲਿਆ ਖੜ੍ਹਾ ਕੀਤਾ ਸੀ, ਜਿਸ ਕਰਕੇ ਸੂਬੇ ਵਿੱਚ ਬਹੁਤੇ ਬਜ਼ੁਰਗਾਂ ਦੀ ਮੌਤ ਹੋ ਰਹੀ ਸੀ ਤੇ ਕਰੋਨਾ ਦੇ ਖਾਤੇ ਵਿੱਚ ਪਾ ਦਿੱਤਾ ਜਾਂਦਾ ਸੀ। ਇਹ ਗੱਲ ਸਭ ਨੂੰ ਪਤਾ ਲੱਗ ਚੁੱਕੀ ਹੈ। ਮੈਂ ਘਰਵਾਲੀ ਨੂੰ ਸਮਝਾਉਂਦਿਆਂ ਕਿਹਾ, ““ਤੁਸੀਂ ਪੈਰਾਸੀਟਾਮੋਲ ਦੀ ਗੋਲ਼ੀ, ਸਾਰੇ ਖਾਣੀ ਸ਼ੁਰੂ ਕਰ ਦਿਓ। ਗਰਮ ਪਾਣੀ ਪੀਣਾ ਸ਼ੁਰੂ ਕਰ ਦਿਓ ਤੇ ਗਰਮ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰਨ ਲੱਗ ਜਾਓ। ਕਾੜ੍ਹਾ ਬਣਾਕੇ ਪੀਓ ਜਿਸ ਨਾਲ ਸਿਹਤ ਠੀਕ ਰਹੇਗੀ।”
ਸਾਡੇ ਚੈੱਕ ਅੱਪ ਕਰਨ ਆਉਂਦੀਆਂ ਨਰਸਾਂ ਸਾਨੂੰ ਤਿੰਨ ਗੋਲ਼ੀਆਂ ਦੇ ਜਾਂਦੀਆਂ। ਇੱਕ ਮਲਟੀਵਿਟਾਮਨ, ਵਿਟਾਮਨ ਸੀ ਅਤੇ ਕੁਨੀਨ।
ਉਸ ਰਾਤ ਮੈਂਨੂੰ ਨੀਂਦ ਨਹੀਂ ਸੀ ਆਈ। ਸਾਰੀ ਰਾਤ ਪਾਸੇ ਮਾਰਦਿਆਂ ਲੰਘਾਈ। ਮੱਛਰ ਤੇ ਘਾਹ ਉੱਤੇ ਬੈਠਣ ਵਾਲੇ ਟਿੱਡੇ ਸਾਡੇ ਬੈਡਾਂ ’ਤੇ ਕੁਸ਼ਤੀ ਖੇਡਦੇ ਰਹੇ। ਮੈਂ ਨਾਲ ਦੇ ਸਾਥੀਆਂ ਨਾਲ ਗੱਲਾਂ ਕਰਕੇ ਸਮਾਂ ਲੰਘਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਦੋ ਬੰਦੇ ਸਾਡੇ ਵਿੱਚ ਉਹ ਸੀ, ਜਿਨ੍ਹਾਂ ਨੂੰ ਘਰ ਦੀ ਦਾਰੂ ਕੱਡਣ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਜ਼ਮਾਨਤ ’ਤੇ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਛੱਡ ਦਿੱਤਾ ਸੀ ਅਤੇ ਹਸਪਤਾਲ ਭੇਜਿਆ ਗਿਆ। ਇਸ ਤਰ੍ਹਾਂ ਸਾਡੀ ਸਭ ਨਾਲ ਜਾਣ ਪਹਿਚਾਣ ਹੋ ਗਈ। ਦਿਨ ਦੇ ਭੁੱਖੇ ਭਾਣਿਆਂ ਨੂੰ ਖਾਣਾ ਰਾਤ ਸਾਢੇ ਨੌਂ ਵਜੇ ਮਿਲਿਆ ਸੀ। ਸਵੇਰ ਹੋਣ ’ਤੇ ਸਭ ਅਰਾਮ ਨਾਲ ਉੱਠੇ।
ਮੈਂ ਸਭ ਤੋਂ ਪਹਿਲਾਂ ਸਵੇਰ ਦਾ ਕੰਮ ਨਿਬੇੜ ਕੇ ਨਹਾ ਕੇ ਤਿਆਰ ਹੋ ਗਿਆ। ਸੱਤ ਕੁ ਵਜੇ ਘਰੋਂ ਮੰਗਵਾਇਆ ਮੇਰਾ ਬੈਗ ਵੱਡਾ ਭਾਈ ਦਰਸ਼ਨ ਤੇ ਅਮਰੀਕ ਦੇ ਗਏ। ਮੈਂ ਕੁਝ ਕਿਤਾਬਾਂ ਵੀ ਮੰਗਵਾ ਲਈਆਂ ਸਨ। ਵਾਰਡ ਦੇ ਸਾਥੀ ਹੌਲ਼ੀ-ਹੌਲ਼ੀ ਸਾਰੇ ਤਿਆਰ ਹੋ ਗਏ। ਚਾਹ ਦੀ ਉਡੀਕ ਕਰਨ ਲੱਗੇ ਪਰ ਚਾਹ ਨਾ ਆਈ। ਸਾਢੇ ਨੌਂ ਵਜੇ ਦੇ ਲਗਭਗ ਸਾਡਾ ਨਾਸ਼ਤਾ ਆਇਆ। ਦੋ ਪਰੌਂਠੇ, ਅਚਾਰ ਤੇ ਪੰਜਾਹ ਕੁ ਗ੍ਰਾਮ ਦਹੀਂ ਸੀ। ਕੁਝ ਸਮੇਂ ਬਾਅਦ ਚਾਹ ਵੀ ਆ ਗਈ। ਨਾਸ਼ਤਾ ਕਰਕੇ ਅਸੀਂ ਫਿਰ ਬੈਡਾਂ ’ਤੇ ਪੈ ਗਏ। ਸਾਥੀ ਆਪਣੇ ਮੋਬਾਇਲਾਂ ਉੱਤੇ ਠੁੰਗਾਂ ਮਾਰਨ ਲੱਗ ਪਏ। ਮੈਂ ਬੈਗ ਵਿੱਚੋਂ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਲਈ ਕੱਢ ਦਿੱਤੀਆਂ। ਸਾਰਿਆਂ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਵੀ ਕਿਤਾਬ ਪੜ੍ਹਨ ਲੱਗ ਪਿਆ। ਮੇਰੇ ਲਈ ਇਹ ਬਹੁਤ ਵਧੀਆ ਮੌਕਾ ਸੀ। ਉਨ੍ਹਾਂ ਨੂੰ ਵੀ ਨਾਲ ਜੋੜ ਲਿਆ। ਜਦੋਂ ਉਨ੍ਹਾਂ ਨੂੰ ਮੈਂ ਆਪਣੀਆਂ ਲਿਖੀਆਂ ਕਿਤਾਬਾਂ ਦਿੱਤੀਆਂ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਦੀ ਮੇਰੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਵਧ ਗਈ। ਸਾਡੇ ਸਾਰੇ ਬੈੱਡ ਦੇ ਉੱਤੇ ਸਾਨੂੰ ਕਿਤਾਬਾਂ ਪੜ੍ਹਦਿਆਂ ਦੇਖ ਸਾਡੇ ਚੈੱਕਅੱਪ ਲਈ ਆਈਆਂ ਨਰਸਾਂ ਵੀ ਹੈਰਾਨ ਸਨ। ਜਿਵੇਂ ਅਸੀਂ ਸੱਚ-ਮੁੱਚ ਕਾਲਜ ਦੇ ਹੋਸਟਲ ਵਿੱਚ ਪੜ੍ਹਦੇ ਹੋਈਏ। ਸਾਰੇ ਹੀ ਪੜ੍ਹੀ ਜਾ ਰਹੇ ਸੀ। ਉਨ੍ਹਾਂ ਵਿਚਾਰੀਆਂ ਦਾ ਤਾਂ ਬਹੁਤ ਬੁਰਾ ਹਾਲ ਹੁੰਦਾ ਸੀ। ਉਨ੍ਹਾਂ ਦੀਆਂ ਪਾਈਆਂ ਕਿੱਟਾਂ ਵਿੱਚ ਹਵਾ ਵੀ ਨਹੀਂ ਸੀ ਲਗਦੀ। ਸਿਰ ਤੋਂ ਲੈ ਕੇ ਪੈਰਾਂ ਤਕ ਢਕੀਆਂ ਹੁੰਦੀਆਂ - ਪਸੀਨੇ ਨਾਲ ਭਿੱਜੀਆਂ ਹੁੰਦੀਆਂ। ਇਕੱਲੇ-ਇਕੱਲੇ ਮਰੀਜ਼ ਨੂੰ ਚੈੱਕ ਕਰਦੀਆਂ, ਦੋ ਢਾਈ ਘੰਟੇ ਲੱਗ ਜਾਂਦੇ। ਦਿਨ ਵਿੱਚ ਤਿੰਨ ਵਾਰ ਚੈੱਕ ਕਰਨਾ ਹੁੰਦਾ। ਇਹ ਨਿਗੂਣੀਆਂ ਤਨਖਾਹਾਂ ਅਤੇ ਕੱਚੀ ਨੌਕਰੀ ’ਤੇ ਜ਼ਿਆਦਾਤਰ ਕੰਮ ਕਰ ਰਹੀਆਂ ਸਨ। ਸਰਕਾਰ ਖਿਲਾਫ਼ ਇਨ੍ਹਾਂ ਦੇ ਸੰਘਰਸ਼ ਵੀ ਲਗਾਤਾਰ ਚਲਦੇ ਰਹਿੰਦੇ ਨੇ। ਪੁਲਿਸ ਦੀਆਂ ਡਾਂਗਾਂ ਨਾਲ ਸਰਕਾਰ ਸਵਾਗਤ ਕਰਦੀ ਹੈ। ਕਿਤਾਬਾਂ ਪੜ੍ਹਦਿਆਂ ਬਹੁਤ ਸਾਰੇ ਸਾਥੀ ਨੀਂਦ ਵੀ ਲੈ ਲੈਂਦੇ, ਫਿਰ ਪੜ੍ਹਨ ਲੱਗ ਜਾਂਦੇ। ਸਮੇਂ ਦਾ ਪਤਾ ਹੀ ਨਾ ਲੱਗਿਆ। ਢਾਈ ਵਜੇ ਦੇ ਤਕਰੀਬਨ ਸਾਡਾ ਖਾਣਾ ਆ ਗਿਆ। ਖਾਣਾ ਖਾ ਕੇ ਕੁਝ ਸਾਥੀ ਸੌਂ ਗਏ, ਕੁਝ ਕਿਤਾਬਾਂ ਦੇ ਵਿੱਚ ਖੁੱਭੇ ਰਹੇ। ਰਘਵੀਰ ਸਿੰਘ ਨੇ ਮੇਰੀ ਸਾਰੀ ਕਿਤਾਬ ਪੜ੍ਹ ਕੇ ਹੀ ਦਮ ਲਿਆ। ਸ਼ਾਮ ਦੇ ਸੱਤ ਵੱਜ ਚੁੱਕੇ ਹਨ। ਅਸੀਂ ਮੇਰੀਆਂ ਕਹਾਣੀਆਂ ’ਤੇ ਚਰਚਾ ਕਰਨ ਲੱਗ ਪਏ। ਬਹੁਤ ਸਾਰੀਆਂ ਗੱਲਾਂ ਹੋਈਆਂ। ਘਰੋਂ ਮੇਰੇ ਮੋਬਾਇਲ ’ਤੇ ਵੀਡੀਓ ਕਾਲ ਆ ਗਈ। ਬੇਟੀ ਜਸ਼ਨ ਦੀ ਤਸਵੀਰ ਸਕਰੀਨ ’ਤੇ ਆ ਗਈ।
“ਡੈਡੀ ਜੀ ਕਿਵੇਂ ਹੋ …?”
“ਠੀਕ ਹਾਂ …।”
“ਕੀ ਕਰਦੇ ਸੀ …।”
“ਗੱਲਾਂ ਕਰਦੇ ਸੀ! ਹੋਰ ਅਸੀਂ ਇੱਥੇ ਕਰਨਾ ਵੀ ਕੀ ਹੈ …।” ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਰਹੀ। ਨਾਲ਼ੇ ਮੈਂਨੂੰ ਦੇਖ ਕੇ ਹੱਸਦੀ ਰਹੀ।
ਫਿਰ ਘਰਵਾਲੀ ਗੱਲਾਂ ਕਰਨ ਲੱਗ ਪਈ। ਉਸ ਨੇ ਦੱਸਿਆ, ““ਅੱਜ ਸਾਡਾ ਟੈੱਸਟ ਨਹੀਂ ਹੋਇਆ। ਕੋਈ ਲੈਣ ਨਹੀਂ ਆਇਆ। ਫ਼ੋਨ ਆਇਆ ਸੀ। ਕਹਿੰਦੇ ਸ਼ੁੱਕਰਵਾਰ ਨੂੰ ਆਪਣੇ ਹਸਪਤਾਲ ਵਿੱਚ ਹੀ ਹੋ ਜਾਊ …।”
“ਚਲੋ ਠੀਕ ਹੈ, ਤੁਹਾਨੂੰ ਤਿੰਨ ਦਿਨ ਦਾ ਸਮਾਂ ਹੋਰ ਮਿਲ ਗਿਆ। ਗੋਲ਼ੀਆਂ ਖਾਂਦੇ ਰਹੋ, ਗਰਾਰੇ ਕਰਦੇ ਰਹੋ ਕਾਹੜਾ ਪੀਂਦੇ ਰਹੋ …।”
ਘਰਵਾਲੀ ਨੇ ਇੱਕ ਗੱਲ ਹੋਰ ਦੱਸੀ, “ਕਿਸੇ ਨੇ ਹਸਪਤਾਲ ਵਿੱਚ ਫ਼ੋਨ ਕਰਕੇ ਸ਼ਿਕਾਇਤ ਕੀਤੀ। ਉਨ੍ਹਾਂ ਦਾ ਫ਼ੋਨ ਆਇਆ ਸੀ - ਤੁਹਾਡੇ ਬੱਚੇ ਕਿਤੇ ਬਾਹਰ ਪੜ੍ਹਨ ਜਾਂਦੇ ਨੇ। ਤੁਹਾਡੇ ਘਰ ਵੀ ਕੁਝ ਬੱਚੇ ਆਉਂਦੇ ਨੇ। ਘਰ ਦੇ ਮੈਂਬਰ ਬਾਹਰ ਤੁਰੇ ਫਿਰਦੇ ਨੇ। ਜਿਨ੍ਹਾਂ ਨਾਲ ਉਨ੍ਹਾਂ ਦਾ ਤਾਲਮੇਲ ਬਣਿਆ ਸਭ ਦਾ ਨਾਂ ਦੱਸੋ …। - ਅਸੀਂ ਤਾਂ ਕੋਰੀ ਨਾਂਹ ਕਰ ਦਿੱਤੀ। ਸਾਡੇ ਕੋਈ ਆਉਂਦਾ ਨਹੀਂ। ਅਸੀਂ ਕਿਸੇ ਦੇ ਜਾਂਦੇ ਨਹੀਂ। ਉਹ ਵਾਰ-ਵਾਰ ਪੁੱਛ ਰਹੇ ਸੀ। ਫਿਰ ਮੈਂ ਕਹਿ ਦਿੱਤਾ, ਉਨ੍ਹਾਂ ਨਾਲ ਗੱਲ ਕਰ ਲਓ। ਤੁਹਾਡੇ ਕੋਲ਼ ਤਾਂ ਕੋਈ ਫ਼ੋਨ ਨਹੀਂ ਆਇਆ?”
“ਨਹੀਂ, ਇਸ ਤਰ੍ਹਾਂ ਦਾ ਤਾਂ ਕੋਈ ਫ਼ੋਨ ਨਹੀਂ ਆਇਆ। ਚੱਲ ਮੈਂ ਪਤਾ ਕਰਦਾ ਹਾਂ ਕਿਸ ਨੇ ਸ਼ਿਕਾਇਤ ਕੀਤੀ ਹੈ। ਤੁਸੀਂ ਠੀਕ-ਠਾਕ ਰਹੋ, ਮੇਰੀ ਚਿੰਤਾ ਕਰਨ ਦੀ ਲੋੜ ਨਹੀਂ।” ਮੈਂ ਜਵਾਬ ਦਿੱਤਾ।
ਘਰਵਾਲੀ ਨੇ ਨੇ ਇੱਕ ਗੱਲ ਹੋਰ ਦੱਸੀ, “ਸਵੇਰੇ ਜਦੋਂ ਮੈਂ ਬਾਹਰ ਝਾੜੂ ਮਾਰ ਰਹੀ ਸੀ, ਆਪਣੇ ਸਾਹਮਣੇ ਵਾਲੀ ਵੀ ਗੇਟ ਦੀ ਸਫ਼ਾਈ ਕਰਨ ਆਈ। ਮੈਂਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਤੱਕਿਆ। ਮੂੰਹ ’ਤੇ ਚੰਗੀ ਤਰ੍ਹਾਂ ਚੁੰਨੀ ਬੰਨ੍ਹ ਲਈ। ਮੂੰਹ ’ਚ ਬੁੜ-ਬੁੜ ਕਰਨ ਲੱਗ ਪਈ …। ਦੂਜੇ ਗੁਆਢੀਆਂ ਦੇ ਜਵਾਕ, ਜਦੋਂ ਆਪਣੇ ਜਵਾਕ ਛੱਤ ’ਤੇ ਖੜ੍ਹੇ ਸੀ, ਉਨ੍ਹਾਂ ਵੱਲ ਥੁੱਕ ਕੇ ਕਹਿ ਰਹੇ ਸੀ - ਕਰੋਨ ਵਾਲ਼ੇ ਥੂਹ, ਕਰੋਨਾ ਵਾਲ਼ੇ ਥੂਹ …।”
ਮੇਰੀ ਪਤਨੀ ਗੱਲਾਂ ਕਰਦੀ ਕਰਦੀ ਭਾਵੁਕ ਹੋ ਗਈ। ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ। ਮੇਰਾ ਵੀ ਮਨ ਖਰਾਬ ਹੋ ਗਿਆ। ਮਨ ਹੀ ਮਨ ਮੈਂ ਸੋਚਣ ਲੱਗਾ - ਲੋਕਾਂ ਦੀ ਭਾਈਚਾਰਕ ਸਾਂਝ ਨੂੰ ਕਿਵੇਂ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦੇ ਮਨਾਂ ਵਿੱਚ ਕਰੋਨਾ ਦੀ ਐਨੀ ਦਹਸ਼ਿਤ ਭਰ ਦਿੱਤੀ ਹੈ ਕਿ ਲੋਕ ਇੱਕ ਦੂਜੇ ਨੂੰ ਮਿਲਣੋ ਹਟ ਗਏ ਹਨ। ਨਫ਼ਰਤ ਕਰਨ ਲੱਗ ਪਏ। ਬੀਤੇ ਵਿੱਚ ਤਾਂ ਸ਼ਮਸ਼ਾਨ ਘਾਟ ਵਿੱਚ ਕਰੋਨਾ ਨਾਲ ਹੋਈ ਮੌਤ ਦਾ ਸਸਕਾਰ ਵੀ ਨਹੀਂ ਸੀ ਹੋਣ ਦੇ ਰਹੇ। ਜਿਵੇਂ ਆਮ ਲੋਕਾਂ ਨਾਲ ਕੋਈ ਵੱਡੀ ਖੇਡ ਖੇਡੀ ਜਾ ਰਹੀ ਹੋਵੇ। ਲੋਕਾਂ ਨੂੰ ਕਦੇ ਧਰਮ ਦੇ ਨਾਂ ’ਤੇ ਲੜਾਇਆ ਜਾਂਦਾ ਹੈ, ਕਦੇ ਜਾਤੀਵਾਦ ਦੇ ਨਾਂ ’ਤੇ। ਹੁਣ ਨਵਾਂ ਸੱਪ ਕੱਢ ਲਿਆ -ਕਰੋਨਾ ਦਾ। ਬੱਸ ਲੋਕਾਂ ਨੂੰ ਜਾਗਰੂਕ ਨਹੀਂ ਹੋਣ ਦੇਣਾ। ਟੀ.ਵੀ. ਦੇ ਨਿਊਜ਼ ਚੈਨਲ ਲੋਕਾਂ ਨੂੰ ਡਰਾਉਣ ਦਾ ਕੰਮ ਕਰ ਰਹੇ ਹਨ। ਹੁਣ ਤਾਂ ਇਹ ਹਾਲਾਤ ਹੋ ਗਏ ਸੀ ਕਿ ਕਿਸੇ ਵੀ ਬਿਮਾਰੀ ਨਾਲ ਮੌਤ ਹੋ ਜਾਂਦੀ, ਉਸ ਨੂੰ ਕਰੋਨੇ ਦੀ ਪੁੱਠ ਚੜ੍ਹਾਈ ਜਾਂਦੀ। ਜਿਵੇਂ ਬਾਕੀ ਬਿਮਾਰੀਆਂ ਉੱਤੇ ਸਰਕਾਰ ਨੇ ਜਿੱਤ ਪਾ ਲਈ ਹੋਵੇ।
ਅੱਜ ਮੈਂਨੂੰ ਚੌਥਾ ਦਿਨ ਸੀ। ਬਹੁਤ ਸਾਰੇ ਮਿੱਤਰ ਪਿਆਰਿਆਂ ਦੇ ਫ਼ੋਨ ਆਉਂਦੇ ਰਹੇ। ਹੌਸਲਾ ਦਿੰਦੇ ਰਹੇ। ਸਾਡੇ ਸਟਾਫ ਮੈਬਰਾਂ ਨਾਲ ਵੀ ਗੱਲ ਹੁੰਦੀ ਰਹੀ। ਜੱਜ ਸਾਹਬ ਨੇ ਵੀ ਗੱਲ ਕੀਤੀ। ਕੁਝ ਸਟਾਫ ਦੇ ਸਾਥੀ ਮੇਰਾ ਘਰ ਦੇ ਅੰਦਰ ਇਕਾਂਤਵਾਸ ਕਰਵਾਉਣ ਲਈ ਅਫਸਰਾਂ ’ਤੇ ਜ਼ੋਰ ਪਾ ਰਹੇ ਸੀ। ਰੀਡਰ ਮੁਕੇਸ਼ ਨੇ ਕਾਫ਼ੀ ਜ਼ੋਰ ਲਾ ਰੱਖਿਆ ਸੀ। ਉਸ ਨੇ ਫਾਰਮ ਲੈ ਕੇ ਰੱਖ ਲਿਆ ਤੇ ਮੈਂਨੂੰ ਘਰ ਦੇ ਕਿਸੇ ਮੈਂਬਰ ਤੋਂ ਪੈਰਵੀ ਕਰਵਾਉਣ ਲਈ ਕਿਹਾ, ਜਿਹੜਾ ਆਪਣੀ ਜ਼ਿੰਮੇਵਾਰੀ ਦੇਵੇ ਮੇਰਾ ਖ਼ਿਆਲ ਰੱਖਣ ਲਈ। ਮੈਂ ਘਰ ਦੇ ਮੈਂਬਰਾਂ ਨੂੰ ਪ੍ਰੇਸ਼ਾਨ ਕਰਨਾ ਮੁਨਾਸਿਬ ਨਾ ਸਮਝਿਆ। ਮੈਂ ਮੇਆਪਣੇ ਇੱਕ ਮਿੱਤਰ ਗੁਰਦੀਪ ਸਿੰਘ ਨੂੰ, ਜੋ ਲੋਕਲ ਰਹਿਣ ਵਾਲਾ ਸੀ, ਉਸ ਨੂੰ ਸਾਰੀ ਗੱਲ ਸਮਝਾ ਦਿੱਤੀ। ਉਸ ਨੇ ਫਾਰਮ ਲੈ ਲਿਆ, ਭਰ ਕੇ ਡਾਕਟਰ ਦੇ ਦਸਤਖ਼ਤ ਕਰਵਾ ਲਏ। ਉਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।
ਕਾਰਵਾਈ ਕਾਫੀ ਲੰਮੀ ਸੀ। ਪਹਿਲਾਂ ਐੱਸ.ਡੀ.ਐੱਮ. ਤੋਂ ਦਸਤਖ਼ਤ ਕਰਵਾਉਣੇ ਸਨ, ਫਿਰ ਤਹਿਸੀਲਦਾਰ, ਫਿਰ ਨਾਇਬ ਤਹਿਸੀਲਦਾਰ, ਕੰਨਗੋ ਤੋਂ ਬਾਅਦ ਲੋਕਲ ਪਟਵਾਰੀ ਦੀ ਰਿਪੋਰਟ ਕਰਵਾਉਣੀ ਸੀ। ਇੰਝ ਸੀ ਜਿਵੇਂ ਕਿਸੇ ਕੈਦੀ ਨੂੰ ਜੇਲ’ ਚੋਂ ਛੁੱਟੀ ਦਿਵਾਉਣੀ ਹੋਵੇ। ਇਹ ਵੀ ਜ਼ਰੂਰੀ ਨਹੀਂ ਸੀ ਸਾਰੇ ਅਫਸਰ ਦਫਤਰਾਂ ਵਿੱਚ ਹੀ ਬੈਠੇ ਮਿਲਣ। ਗੁਰਦੀਪ ਵਿਚਾਰਾ ਭੱਜ ਦੌੜ ਕਰ ਰਿਹਾ ਸੀ। ਐੱਸ.ਡੀ.ਐੱਮ.ਕੋਲ਼ ਗਿਆ। ਉਸ ਨੇ ਫਾਰਮ ’ਤੇ ਦਸਤਖ਼ਤ ਕਰਨ ਤੋਂ ਮਨ੍ਹਾ ਕਰ ਦਿੱਤਾ।
“ਪਹਿਲਾਂ ਦਰਖ਼ਾਸਤ ਲਿਖ ਕੇ ਦਿਓ। ਨਾਲ਼ੇ ਐਫੀਡੇਵਿਟ ਬਣਾ ਕੇ ਲਿਆਓ …।” ਗੁਰਦੀਪ ਨੇ ਸਾਰੀ ਕਾਰਵਾਈ ਕੀਤੀ। ਫਿਰ ਐੱਸ.ਡੀ.ਐੱਮ ਕੋਲ਼ ਪਹੁੰਚ ਗਿਆ। ਫਿਰ ਉਸ ਨੇ ਨਵਾਂ ਸੱਪ ਕੱਢ ਲਿਆ, “ਡਾਕਟਰ ਦੀ ਮੋਹਰ ਨਹੀਂ ਹੈਗੀ।”
ਗੁਰਦੀਪ ਫਿਰ ਡਾਕਟਰ ਕੋਲ਼ ਆ ਗਿਆ। ਉਨ੍ਹਾਂ ਸਾਫ ਕਹਿ ਦਿੱਤਾ, “ਸਾਡੇ ਕੋਲ਼ ਤਾਂ ਮੋਹਰ ਹੈ ਨਹੀਂ।” ਗੁਰਦੀਪ ਐੱਸ.ਡੀ.ਐੱਮ.ਕੋਲ਼ ਫਿਰ ਪਹੁੰਚ ਗਿਆ। ਉਨ੍ਹਾਂ ਸਾਫ਼ ਕਹਿ ਦਿੱਤਾ, “ਮੈਂ ਦਸਤਖ਼ਤ ਨਹੀਂ ਕਰਨੇ ਮੋਹਰ ਤੋਂ ਬਿਨਾ।”
ਗੁਰਦੀਪ ਦੀ ਉਸ ਨਾਲ ਥੋੜ੍ਹੀ ਤਕਰਾਰਬਾਜ਼ੀ ਵੀ ਹੋ ਗਈ। ਉਸਨੇ ਮੈਂਨੂੰ ਫ਼ੋਨ ਮਾਰਿਆ ਤੇ ਸਾਰੀ ਗੱਲ ਦੱਸੀ। ਮੈਂ ਅਗਾਂਹ ਰੀਡਰ ਮੁਕੇਸ਼ ਰੀਡਰ ਦੱਸਿਆ। ਉਸ ਨੇ ਜੱਜ ਸਾਹਬ ਤੋਂ ਐੱਸ.ਡੀ.ਐੱਮ.ਨੂੰ ਫ਼ੋਨ ਕਰਵਾ ਦਿੱਤਾ। ਫਿਰ ਕਿਤੇ ਜਾ ਕੇ ਉਸ ਨੇ ਦਸਤਖ਼ਤ ਕੀਤੇ। ਫਿਰ ਤਹਿਸੀਲਦਾਰ ਨਹੀਂ ਮਿਲਿਆ। ਗੁਰਦੀਪ ਦੀ ਸਾਰੀ ਦਿਹਾੜੀ ਇਸ ਕੰਮ ’ਤੇ ਹੀ ਲੰਘ ਗਈ। ਉਸ ਨੇ ਮੈਂਨੂੰ ਫ਼ੋਨ ਮਾਰਿਆ, “ਕੱਲ੍ਹ ਨੂੰ ਘਰੋਂ ਕਿਸੇ ਨੂੰ ਸੱਦ ਲਈਂ ਦਸ ਵਜੇ, ਮੈਂ ਤਹਿਸੀਲਦਾਰ ਤੋਂ ਦਸਤਖ਼ਤ ਕਰਵਾ ਦਿਆਂਗਾ। ਤੁਸੀਂ ਤੁਹਾਡੇ ਪਿੰਡ ਦੇ ਪਟਵਾਰੀ ਤੇ ਨਾਇਬ ਤਹਿਸੀਲਦਾਰ ਦੀ ਰਿਪੋਰਟ ਕਰਵਾ ਲਿਆਉਣੀ।”
ਮੈਂ ਘਰ ਵੱਡੇ ਭਰਾ ਦਰਸ਼ਨ ਨੂੰ ਫ਼ੋਨ ਮਾਰਿਆ। ਉਸ ਨੂੰ ਸਾਰੀ ਗੱਲ ਸਮਝਾ ਦਿੱਤੀ।
ਅਸੀਂ ਕਦੇ ਕਿਤਾਬ ਪੜ੍ਹ ਲੈਂਦੇ, ਕਦੇ ਮੋਬਾਇਲ ’ਤੇ ਸਮਾਂ ਕੱਢਦੇ, ਕਦੇ ਗੱਲਾਂ ਕਰਨ ਲੱਗ ਜਾਂਦੇ। ਹੋਰ ਵਾਰਡਾਂ ਦੇ ਵਿੱਚ ਤਾਂ ਤਾਸ਼ ਦੀ ਵੀ ਬਾਜ਼ੀ ਚੱਲਦੀ ਸੀ। ਇੱਕ ਦੋ ਵਾਰਡਾਂ ਵਿੱਚ ਟੀ.ਵੀ.ਲੱਗੇ ਹੋਏ ਸੀ। ਆਪਸੀ ਫਾਸਲੇ ਵਾਲੀ ਗੱਲ ਤਾਂ ਉੱਥੇ ਹੈ ਨਹੀਂ ਸੀ। ਕੀ ਪਤਾ ਸੀ ਕਿਸ ਨੂੰ ਕਿੰਨੇ ਪ੍ਰਤੀਸਤ ਲਾਗ ਲੱਗੀ ਹੋਈ ਐ, ਕੋਈ ਮਾਪ ਦੰਡ ਨਹੀਂ ਸੀ। ਉੱਥੇ ਗਧੇ ਘੋੜੇ ਦਾ ਮੁੱਲ ਇੱਕ ਸੀ। ਮੈਂ ਉੱਥੋਂ ਦੇ ਸੈਂਟਰ ਦੀਆਂ ਬਹੁਤ ਸਾਰੀਆਂ ਵੀਡੀਓ ਬਣਾ ਲਈਆਂ। ਜੋ ਨਰਸਾਂ ਸਾਡੇ ਚੈੱਕਅੱਪ ਲਈ ਆਉਂਦੀਆਂ, ਉਨ੍ਹਾਂ ਦੀ ਫ਼ੋਟੋ ਵੀ ਖਿੱਚ ਲੈਂਦਾ ਸੀ। ਖਾਣਾ ਸਮੇਂ ਸਿਰ ਨਾ ਆਉਣ ਦੀ ਮੈਂ ਰਿਪੋਰਟ ਕਰਦਾ ਰਹਿੰਦਾ ਸੀ। ਉਨ੍ਹਾਂ ਦਾ ਉੱਤਰ ਸੀ, “ਖਾਣੇ ਵਾਲ਼ੇ ਨੂੰ ਪੈਸੇ ਨਹੀਂ ਦਿੱਤੇ, ਇਸ ਲਈ ਦੇਰੀ ਹੁੰਦੀ ਹੈ।”
ਬਹੁਤ ਸਾਰੇ ਸਾਡੇ ਵਿੱਚ ਪੁਲਿਸ ਮੁਲਾਜ਼ਮ ਵੀ ਹਨ। ਸ਼ਾਮ ਨੂੰ ਇੱਕ ਨਜ਼ਾਰਾ ਦੇਖਣ ਨੂੰ ਮਿਲਿਆ। ਮੂੰਹ ਹਨੇਰਾ ਹੋਣ ਸਾਰ ਬਹੁਤਿਆਂ ਦੇ ਢਿੱਡ ਦੇ ਅੰਦਰਲੇ ਕੀੜੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੇ। ਉਨ੍ਹਾਂ ਨੂੰ ਸੈਨੀਟੇਜ਼ਰ ਕਰਨਾ ਪੈਣਾ ਸੀ। ਦਾਰੂ ਕਿਤੋਂ ਮਿਲਦੀ ਨਹੀਂ ਸੀ। ਉਹ ਕੀ ਕਰਦੇ, ਆਪਣੇ ਕਿਸੇ ਜਾਣਕਾਰ ਨੂੰ ਕਾਲਜ ਦੀ ਕੰਧ ਦੇ ਪਰਲੇ ਪਾਸੇ ਖੜ੍ਹਾ ਕਰ ਲੈਂਦੇ। ਜਦੋਂ ਗਾਰਡ ਥੋੜ੍ਹਾ ਇੱਧਰ ਉੱਧਰ ਹੋ ਜਾਂਦੇ। ਉਨ੍ਹਾਂ ਨਾਲ ਗੰਢਤੁੱਪ ਕਰਕੇ ਰੱਖੀ ਹੁੰਦੀ ਸੀ। ਬਾਹਰੋਂ ਦਾਰੂ ਦੀਆਂ ਬੋਤਲਾਂ ਪਲਾਸਟਿਕ ਵਾਲੀਆਂ ਵਗਾਹ ਮਾਰਦੇ। ਉਹ ਚੱਕ ਫਟਾਫਟ ਅੰਦਰ ਚਲੇ ਜਾਂਦੇ। ਥੋੜ੍ਹੀ ਦੇਰ ਬਾਅਦ ਗਾਰਡ ਆ ਜਾਂਦੇ। ਮੀਟ ਵਗੇਰਾ ਤਾਂ ਗੇਟ ਵਿੱਚ ਦੀ ਆ ਜਾਂਦਾ ਸੀ। ਸਪੀਕਰ ਵਿੱਚ ਅਨਾਊਂਸਮੈਂਟ ਕੀਤੀ ਜਾਂਦੀ, “ਫਲਾਣੇ ਸਿੰਘ ਦਾ ਸਮਾਨ ਆਇਆ ਹੇ, ਉਹ ਗੇਟ ਤੋਂ ਲੈ ਜਾਣ।” ਇਹ ਕਮਰਿਆਂ ਦੇ ਅੰਦਰਲਾ ਗੇਟ ਸੀ। ਸਮਾਨ ਚੈੱਕ ਕਰਕੇ ਗੇਟ ਖੋਲ੍ਹ ਕੇ ਰੱਖ ਦਿੱਤਾ ਜਾਂਦਾ। ਜਿਸਦਾ ਹੁੰਦਾ ਉਹ ਚੱਕ ਕੇ ਲੈ ਜਾਂਦਾ। ਬਾਹਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਸੀ, ਨਾ ਕੋਈ ਮਿਲ ਸਕਦਾ ਸੀ। ਪੁਲਿਸ ਵਾਲੇ ਮਿਲ ਕੇ ਫਿਰ ਕੀੜਿਆਂ ਨੂੰ ਸੈਨੀਟੇਜ਼ਰ ਕਰਦੇ ਰਹਿੰਦੇ।
ਅਗਲੇ ਦਿਨ ਦਸ ਕੁ ਵਜੇ ਭਾਈ ਦਰਸ਼ਨ ਤੇ ਅਮਰੀਕ ਆ ਗਏ। ਉਨ੍ਹਾਂ ਨੂੰ ਮੈਂ ਗੁਰਦੀਪ ਦਾ ਨੰਬਰ ਦੇ ਦਿੱਤਾ ਸੀ। ਤਹਿਸੀਲਦਾਰ ਕਿਤੇ ਦੌਰੇ ’ਤੇ ਗਿਆ ਹੋਇਆ ਸੀ। ਗਿਆਂਰਾ ਕੁ ਵਜੇ ਉਹ ਦਫਤਰ ਆਇਆ। ਗੁਰਦੀਪ ਨੇ ਦਸਤਖ਼ਤ ਕਰਵਾ ਕੇ ਉਨ੍ਹਾਂ ਨੂੰ ਫੜਾ ਦਿੱਤੇ। ਜਿੰਨਾ ਜਲਦੀ ਉਹ ਪਟਵਾਰੀ ਤੇ ਨਾਇਬ ਤਹਿਸੀਲਦਾਰ ਦੀ ਰਿਪੋਰਟ ਕਰਵਾ ਲਿਆਉਣ, ਮੈਂ ਉੰਨਾ ਜਲਦੀ ਨਿੱਕਲ ਸਕਦਾ ਸੀ। ਉਹ ਘੰਟੇ ਕੁ ਦੇ ਅੰਦਰ ਰਿਪੋਰਟ ਕਰਵਾ ਲਿਆਏ। ਹੁਣ ਮੁੜ ਤਹਿਸੀਲਦਾਰ ਤੇ ਐੱਸ.ਡੀ.ਐੱਮ ਦੀ ਰਿਪੋਰਟ ਹੋਣੀ ਸੀ। ਫਿਰ ਕਾਗ਼ਜ ਡਾਕਟਰ ਕੋਲ਼ ਇਕਾਂਤਵਾਸ ਸੈਂਟਰ ਵਿੱਚ ਜਮ੍ਹਾਂ ਕਰਵਾਉਣੇ ਸੀ। ਫਿਰ ਉਨ੍ਹਾਂ ਮੈਂਨੂੰ ਇਸ ਕੈਦ ਵਿੱਚੋਂ ਛੱਡਣਾ ਸੀ।
ਕੋਰਟ ਵਿੱਚੋਂ ਵੀ ਸਾਥੀਆਂ ਦੇ ਫ਼ੋਨ ਲਗਾਤਾਰ ਆ ਰਹੇ ਸੀ। ਉਹ ਪੁੱਛਦੇ, “ਕੀ ਬਣਿਆ?”
ਮੈਂ ਉਨ੍ਹਾਂ ਨੂੰ ਸਾਰੀ ਕਹਾਣੀ ਦੱਸਦਾ।
ਤਹਿਸੀਲਦਾਰ ਕਿਤੇ ਚਲਿਆ ਗਿਆ। ਉਹ ਦੋ ਘੰਟੇ ਬਾਅਦ ਆਇਆ। ਉਸ ਨੇ ਰਿਪੋਰਟ ਕਰ ਦਿੱਤੀ। ਐੱਸ.ਡੀ.ਐੱਮ.ਸਾਹਬ ਰੋਟੀ ਖਾਣ ਚਲੇ ਗਏ। ਤਿੰਨ ਵਜੇ ਦੇ ਲਗਭਗ ਉਹ ਵਾਪਸ ਆਏ। ਕਾਗ਼ਜ ਅੰਦਰ ਭੇਜੇ ਗਏ। ਟੇਬਲ ’ਤੇ ਘੰਟਾ ਭਰ ਕਾਗਜ਼ ਪਏ ਰਹੇ। ਕੜਕਦੀ ਧੁੱਪ ਵਿੱਚ ਬਾਹਰ ਉਹ ਭੁੱਖੇ ਭਾਣੇ ਉਡੀਕ ਕਰਦੇ ਰਹੇ। ਐੱਸ.ਡੀ.ਐੱਮ. ਉੱਠਕੇ ਡੀ.ਸੀ.ਸਾਹਬ ਦੇ ਦਫਤਰ ਚਲੇ ਗਏ। ਕਾਗ਼ਜਾਂ ’ਤੇ ਦਸਤਖ਼ਤ ਨਹੀਂ ਸੀ ਹੋਏ। ਸਵੇਰ ਤੋਂ ਮੁੜ ਸ਼ਾਮ ਹੋਣ ਨੂੰ ਆ ਗਈ। ਫਿਰ ਕਾਗ਼ਜਾਂ ਨੂੰ ਡੀ.ਸੀ. ਸਾਹਬ ਦੇ ਦਫਤਰ ਲੈ ਕੇ ਚਲੇ ਗਏ। ਗੁਰਦੀਪ ਨੇ ਕਿਸੇ ਜਾਣੂ ਨੂੰ ਕਾਗਜ਼ ਦੇ ਕੇ ਐੱਸ.ਡੀ.ਐੱਮ. ਕੋ ਪੁੱਜਦੇ ਕੀਤੇ। ਕਾਗ਼ਜ ਅੰਦਰੋਂ ਬਾਹਰ ਆ ਗਏ। ਦਸਤਖ਼ਤ ਨਹੀਂ ਕੀਤੇ। ਜਵਾਬ ਸੀ, “ਮੇਰੀ ਬਦਲੀ ਹੋ ਗਈ, ਮੈਂ ਚਾਰਜ ਛੱਡ ਦਿੱਤਾ …।”
ਇਸ ਨਵੀਂ ਬਿਪਤਾ ਨੇ ਸਭ ਨੂੰ ਘੇਰ ਲਿਆ। ਹੋਰ ਇੱਕ ਬੰਦੇ ਦੇ ਕਾਗ਼ਜ ਵੀ ਸੀ। ਉਹ ਵੀ ਚੱਕਰ ਕੱਢ ਰਿਹਾ ਸੀ। ਗੁਰਦੀਪ ਹੋਰੀਂ ਸੋਚਦੇ ਸੀ ਕਿ ਜੇਕਰ ਅੱਜ ਦਸਤਖ਼ਤ ਨਾ ਹੋਏ, ਫਿਰ ਮੂਹਰੇ ਦੋ ਛੁੱਟੀਆਂ ਸੀ। ਗੱਲ ਤਿੰਨ-ਚਾਰ ਦਿਨਾਂ ਤਕ ਪਹੁੰਚ ਜਾਣੀ ਸੀ। ਦੋ ਦਿਨਾਂ ਦੀ ਭੱਜ ਦੌੜ ’ਤੇ ਪਾਣੀ ਫਿਰ ਜਾਣਾ ਸੀ। ਗੁਰਦੀਪ ਹੋਰਾਂ ਨੇ ਮੈਂਨੂੰ ਸਾਰੀ ਕਹਾਣੀ ਫ਼ੋਨ ’ਤੇ ਦੱਸੀ। ਮੈਂ ਮੁਕੇਸ਼ ਨੂੰ ਫ਼ੋਨ ਮਾਰ ਕੇ ਕਹਿ ਦਿੱਤਾ, ““ਸੈਸ਼ਨ ਜੱਜ ਸਾਹਬ ਤੋਂ ਡੀ.ਸੀ. ਸਾਹਬ ਨੂੰ ਫ਼ੋਨ ਕਰਵਾਓ, ਫਿਰ ਗੱਲ ਬਣੂ।”
ਉਹ ਵਿਚਾਰੇ ਵੀ ਆਪਣੀ ਪੂਰੀ ਵਾਹ ਲਾ ਰਹੇ ਸਨ। ਹੁਣ ਐੱਸ.ਡੀ.ਐੱਮ. ਨੇ ਕੱਛ ’ਚੋਂ ਨਵਾਂ ਮੋਹਲਾ ਕੱਢ ਮਾਰਿਆ। ਮੁਕੇਸ਼ ਹੋਰੀਂ ਸੈਸ਼ਨ ਜੱਜ ਨੂੰ ਜਾ ਕੇ ਮਿਲੇ। ਫਿਰ ਉਨ੍ਹਾਂ ਡੀ.ਸੀ. ਸਾਹਬ ਨੂੰ ਫ਼ੋਨ ਕੀਤਾ। ਫਿਰ ਐੱਸ.ਡੀ.ਐੱਮ. ਨੇ ਦਸਤਖ਼ਤ ਕੀਤੇ, ਨਾਲ ਹੀ ਉਨ੍ਹਾਂ ਦੂਜੇ ਬੰਦਿਆਂ ਦੇ ਵੀ ਹੋ ਗਏ। ਉਨ੍ਹਾਂ ਨੂੰ ਪਤਾ ਲੱਗ ਗਿਆ ਸੀ, ਇਹ ਸਿਫਾਰਿਸ਼ ਲਾਉਂਦੇ ਫਿਰਦੇ ਨੇ, ਕੰਮ ਜ਼ਰੂਰ ਕਰਵਾਉਣਗੇ। ਲੱਕੜ ਨਾਲ ਲੋਹਾ ਵੀ ਤਰ ਗਿਆ। ਇਸ ਤਰ੍ਹਾਂ ਆਮ ਬੰਦਾ ਦਫਤਰਾਂ ਵਿੱਚ ਖੱਜਲ-ਖੁਆਰ ਹੁੰਦਾ ਰਹਿੰਦਾ ਹੈ। ਛੋਟੇ-ਛੋਟੇ ਕੰਮਾਂ ਲਈ ਕਈ ਕਈ ਦਿਨ ਗੇੜੇ ਕੱਢਦੇ ਰਹਿੰਦੇ ਨੇ ਲੋਕ।
ਸਵਾ ਪੰਜ ਵਜੇ ਤਕ ਉਨ੍ਹਾਂ ਨੇ ਡਾਕਟਰ ਕੋਲ਼ ਕਾਗਜ਼ ਜਮ੍ਹਾਂ ਕਰਵਾ ਦਿੱਤੇ। ਅੱਜ ਰਾਤ ਮੈਂ ਘਰ ਪਹੁੰਚ ਜਾਣਾ ਸੀ। ਉਡੀਕ ਕਰਦੇ-ਕਰਦੇ ਅੱਠ ਵੱਜ ਗਏ। ਮੈਂ ਆਸ ਛੱਡ ਦਿੱਤੀ ਕਿ ਹੁਣ ਨਹੀਂ ਜਾ ਸਕਦਾ। ਐੱਸ.ਐੱਮ.ਓ. ਤਕ ਮੈਂ ਫ਼ੋਨ ਕਰਵਾ ਦਿੱਤੇ ਸੀ। ਕੋਈ ਅਸਰ ਨਹੀਂ ਹੋਇਆ। ਐਂਬੂਲੈਂਸ ਨਾ ਹੋਣ ਦਾ ਬਹਾਨਾ ਬਣਾਇਆ ਗਿਆ। ਗੁਰਦੀਪ ਹਸਪਤਾਲ ਤਕ ਵੀ ਦੇਖ ਆਇਆ ਸੀ, ਦੋ ਐਂਬੂਲੈਸਾਂ ਸਰਕਾਰੀ ਖੜ੍ਹੀਆਂ ਸਨ। ਹੁਣ ਇਹ ਤਾਂ ਤੈਅ ਸੀ, ਮੈਂਨੂੰ ਅੱਜ ਇਨ੍ਹਾਂ ਨੇ ਰਿਹਾਅ ਨਹੀਂ ਕਰਨਾ।
ਅੱਜ ਢਾਈ ਕੁ ਵਜੇ ਜੇਲ ਦੇ ਦਸ ਮੁਲਾਜ਼ਮ ਨਵੇਂ ਆਏ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਆਉਣਾ ਜਾਣਾ ਇੱਥੇ ਬਣਿਆ ਹੀ ਰਹਿੰਦਾ ਸੀ। ਉਹ ਬੜੇ ਖ਼ੁਸ਼ ਸਨ। ਗੱਲਾਂ ਗੱਲਾਂ ਵਿੱਚ ਉਨ੍ਹਾਂ ਦੱਸਿਆ, “ਡਿਊਟੀ ਬਹੁਤ ਪੈ ਰਹੀ ਸੀ। ਬੇਅਰਾਮੀ ਵਿੱਚ ਭੱਜੇ ਫਿਰਦੇ ਰਹੇ। ਨੀਂਦ ਵੀ ਪੂਰੀ ਨਹੀਂ ਸੀ ਹੋ ਰਹੀ। ਚਲੋ ਹੁਣ ਪੰਦਰਾਂ ਦਿਨ ਅਰਾਮ ਤਾਂ ਕਰ ਲਵਾਂਗੇ।”
ਉਹ ਬੈਡਾਂ ਉੱਤੇ ਆਉਣ ਸਾਰ ਇਸ ਤਰ੍ਹਾਂ ਡਿਗ ਪਏ ਜਿਵੇਂ ਸਦੀਆਂ ਦੇ ਉਨੀਂਦਰੇ ਹੋਣ। ਸਾਡੇ ਨਾਲ ਜਿਹੜਾ ਸ਼ਰਾਬ ਦੇ ਕੇਸ ਵਾਲਾ ਬੰਦਾ ਸੀ, ਉਸ ਨੂੰ ਜਿਹੜਾ ਥਾਣੇਦਾਰ ਫੜਕੇ ਲਿਆਇਆ ਸੀ, ਉਹ ਵੀ ਪਰਿਵਾਰ ਸਮੇਤ ਪਹੁੰਚ ਗਿਆ। ਉਹ ਦੋਵੇਂ ਇੱਕ ਦੂਜੇ ’ਤੇ ਦੋਸ਼ ਲਾਈ ਜਾਣ।
“ਤੂੰ ਮੈਂਨੂੰ ਮਾਂਜਿਆਂ?” ਦੂਜਾ ਕਹੇ, “ਤੂੰ ਮੈਨੂੰ …।”
ਆਪਸ ਵਿੱਚ ਤਕਰਾਰਬਾਜ਼ੀ ਸ਼ੁਰੂ ਹੋ ਗਈ। ਅਜਿਹੇ ਬਹੁਤ ਕੁਝ ਦੇਖਣ ਨੂੰ ਮਿਲਦਾ ਸੀ।
ਘਰ ਵਾਲੇ ਮੈਂਨੂੰ ਵਾਰ-ਵਾਰ ਪੁੱਛ ਰਹੇ ਸੀ ਕਿ ਕਦੋਂ ਆਓਗੇ? ਮੈਂ ਹਾਲਾਤ ਅਤੇ ਹੋ ਰਹੇ ਹਨੇਰੇ ਨੂੰ ਦੇਖਕੇ ਉਨ੍ਹਾਂ ਨੂੰ ਕਹਿ ਦਿੱਤਾ, ““ਅੱਜ ਨਹੀਂ ਆਉਂਦਾ, ਤੜਕੇ ਆਊਂਗਾ।”
ਇੱਕ ਵਾਰ ਤਾਂ ਮਨ ਕੀਤਾ, ਪੰਜ ਦਿਨ ਲੰਘ ਗਏ, ਪੰਜ ਬਾਕੀ ਨੇ, ਲੰਘਾ ਕੇ ਹੀ ਚਲਿਆ ਜਾਵਾਂ। ਦੋ ਦਿਨਾਂ ਦੇ ਗੁਰਦੀਪ ਵਰਗੇ ਖੱਜਲ ਹੁੰਦੇ ਰਹੇ। ਹੁਣ ਵੀ ਉਹ ਹੀ ਹਾਲ ਸੀ।
ਜਿਵੇਂ ਥੋੜ੍ਹਾ ਹਨੇਰਾ ਹੋਇਆ, ਪੁਲਿਸ ਮੁਲਾਜ਼ਮਾਂ ਦਾ ਸਰਹੱਦ ਤੋਂ ਪਾਰ ਸੈਨੀਟੇਜ਼ਰ ਆਉਣਾ ਸ਼ੁਰੂ ਹੋ ਗਿਆ। ਅੱਜ ਉਨ੍ਹਾਂ ਨਾਲ ਕੁਝ ਕੁ ਜੇਲ ਮੁਲਾਜ਼ਮ ਵੀ ਸ਼ਾਮਲ ਹੋ ਗਏ। ਹਨੇਰਾ ਵਧਦਾ ਜਾ ਰਿਹਾ ਸੀ। ਖਾਣਾ ਅਜੇ ਨਹੀਂ ਸੀ ਆਇਆ। ਚੈੱਕਅਪ ਲਈ ਨਰਸਾਂ ਆ ਗਈਆਂ। ਅਸੀਂ ਵਾਰਡ ਦੇ ਵਿੱਚ ਚਲੇ ਗਏ। ਪਹਿਲਾਂ ਬਾਹਰ ਬੈਠੇ ਸੀ।
ਸਾਡਾ ਚੈੱਕਅੱਪ ਕਰਕੇ ਨਰਸਾਂ ਗੋਲ਼ੀਆਂ ਦੇ ਕੇ ਚਲੀਆਂ ਗਈਆਂ। ਅਸੀਂ ਆਪਣੇ ਬੈਡਾਂ ’ਤੇ ਪੈ ਕੇ ਕਿਤਾਬਾਂ ਪੜ੍ਹਨ ਲੱਗ ਗਏ। ਕੁਝ ਮੋਬਾਇਲ ਵਿੱਚ ਰੁੱਝ ਗਏ। ਸਾਢੇ ਨੌਂ ਵੱਜ ਗਏ। ਬਾਹਰ ਕੁਝ ਰੌਲਾ ਰੱਪ ਹੋਣ ਲੱਗ ਪਿਆ। ਜੇਲ ਦੇ ਮੁਲਾਜ਼ਮ ਖਾਣਾ ਨਾ ਆਉਣ ਕਰਕੇ ਹੰਗਾਮਾ ਕਰ ਰਹੇ ਸੀ। ਕਹਿੰਦੇ, “ਅਸੀਂ ਸਵੇਰ ਦੇ ਭੁੱਖੇ-ਤਿਹਾਏ ਹਾਂ, ਆਹ ਵੇਲਾ ਆ ਗਿਆ। ਦੁਪਹਿਰ ਦਾ ਖਾਣਾ ਵੀ ਨਹੀਂ ਮਿਲਿਆ। ਤਿੰਨ ਵਜੇ ਚਾਹ ਨਾਲ ਚਾਰ-ਚਾਰ ਬਿਸਕੁਟ ਮਿਲੇ। ਸਾਢੇ ਨੌਂ ਵੱਜ ਚੁੱਕੇ ਹਨ। ਅਸੀਂ ਕਦੋਂ ਦਾ ਦਰਵਾਜਾ ਖੜਕਾਈ ਜਾਨੇ ਆਂ, ਇਨ੍ਹਾਂ ਦਰਵਾਜਾ ਨਹੀਂ ਖੋਲ੍ਹਿਆ। ਜੇਕਰ ਕਿਸੇ ਮਰੀਜ਼ ਨੂੰ ਕੁਝ ਹੋ ਜਾਵੇ, ਕੌਣ ਜਿੰਮੇਵਾਰ ਐ? ਇਹ ਤਾਂ ਬੰਦੇ ਮਾਰ ਦੇਣਗੇ …। ਥਾਂ-ਥਾਂ ਗੰਦਗੀ ਪਈ ਐ। ਨਹਾਉਣ ਵਾਲੇ ਵਿੱਚ ਗਿੱਠ-ਗਿੱਠ ਪਾਣੀ ਫਿਰਦਾ ਰਹਿੰਦਾ …।”
ਉਹ ਇਸ ਤਰ੍ਹਾਂ ਦਾ ਉਹ ਰੌਲਾ ਪਾ ਰਹੇ ਸੀ। ਅਸੀਂ ਸਭ ਉਨ੍ਹਾਂ ਦੀਆਂ ਗੱਲਾਂ ਸੁਣ ਰਹੇ ਸੀ। ਹੋਰ ਮਰੀਜ਼ ਵੀ ਇਕੱਠੇ ਹੋ ਗਏ। ਅਸੀਂ ਵੀ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ।
“ਅਸੀਂ ਹਰ ਰੋਜ਼ ਰਿਪੋਰਟ ਕਰਦੇ ਹਾਂ, ਕੋਈ ਸੁਣਦਾ ਨਹੀਂ …।” ਉਨ੍ਹਾਂ ਨੇ ਆਪਣੇ ਅਫਸਰਾਂ ਨੂੰ ਵੀ ਫ਼ੋਨ ਕਰ ਦਿੱਤੇ। ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਗੇਟ ’ਤੇ ਡਿਊਟੀ ਦੇ ਰਹੇ ਮੁਲਾਜ਼ਮ ਕੰਡਾ ਤਾਰ ਵਾਲਿਓਂ ਪਾਸੇ ਗੱਲ ਕਰਨ ਲਈ ਆ ਗਏ। ਉਹ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਨਹੀਂ ਸੀ ਮੰਨ ਰਹੇ। ਕੁਝ ਦੇਰ ਬਾਅਦ ਡਾਕਟਰ ਵੀ ਆ ਗਏ। ਉਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਕਿੱਥੇ ਮੰਨਣ ਵਾਲੇ ਸੀ। ਸੈਨੇਟਾਈਜ਼ਰ ਜੋ ਅੰਦਰ ਗਿਆ ਹੋਇਆ ਸੀ। ਪੌਣੇ ਦਸ ਵਜੇ ਰੋਟੀ ਆ ਗਈ। ਉਨ੍ਹਾਂ ਨੇ ਰੋਟੀ ਖਾਣ ਤੋਂ ਮਨ੍ਹਾ ਕਰ ਦਿੱਤਾ। ਚਾਦਰਾਂ ਵਿਛਾ ਕੇ ਬਾਹਰ ਘਾਹ ’ਤੇ ਬੈਠ ਗਏ। ਉਨ੍ਹਾਂ ਸਾਰੇ ਸਾਥੀਆਂ ਨੇ ਮਿਲਕੇ ਮੋਬਾਇਲ ’ਤੇ ਵੀਡੀਓ ਬਣਾ ਲਈ ਤੇ ਬਾਥਰੂਮ ਦੀ ਵੀਡੀਓ ਸ਼ਾਮਲ ਕਰਕੇ ਸੋਸ਼ਲ ਮੀਡੀਏ ’ਤੇ ਵਾਇਰਲ ਕਰ ਦਿੱਤੀ। ਉਨ੍ਹਾਂ ਦੀ ਲੜਾਈ ਤਾਂ ਠੀਕ ਸੀ, ਪਰ ਸ਼ਰਾਬ ਪੀ ਕੇ ਬੋਲਣਾ ਹਮੇਸ਼ਾ ਗਲਤ ਹੋ ਜਾਂਦਾ ਹੈ। ਨਹੀਂ ਅਸੀਂ ਵੀ ਸਾਰੇ ਉਨ੍ਹਾਂ ਨਾਲ ਲੱਗ ਜਾਂਦੇ। ਪਰ ਮੈਂ ਆਪਣਾ ਕੰਮ ਕਰ ਦਿੱਤਾ। ਉਹ ਵੀਡੀਓ ਆਪਣੇ ਮਿੱਤਰ ਪੱਤਰਕਾਰ ਨੂੰ ਭੇਜ ਦਿੱਤੀ …।
ਉਹ ਸਾਰੇ ਬਾਹਰ ਪਏ ਰਹੇ। ਖਾਣਾ ਕਿਸੇ ਨਹੀਂ ਖਾਧਾ। ਸੈਂਟਰ ਵੱਲੋਂ ਉਨ੍ਹਾਂ ਉੱਪਰ ਡੀ.ਐੱਸ.ਪੀ. ਨੂੰ ਦਰਖਾਸਤ ਭੇਜ ਦਿੱਤੀ ਕਿ “ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਨੇ …।” ਥਾਣਾ ਇੰਚਾਰਜ ਵੀ ਆਇਆ। ਉਸ ਨੇ ਗੱਲ ਕਰਨੀ ਚਾਹੀ। ਉਨ੍ਹਾਂ ਇਨਕਾਰ ਕਰ ਦਿੱਤਾ। ਉਹ ਟੱਸ ਤੋਂ ਮੱਸ ਨਹੀਂ ਹੋਏ। ਸਾਰੀ ਰਾਤ ਖਾਣਾ ਟੇਬਲ ’ਤੇ ਪਿਆ ਰਿਹਾ, ਉਨ੍ਹਾਂ ਖਾਧਾ ਨਹੀਂ। ਉਲਟੀ ਰਿਪੋਰਟ ਉਨ੍ਹਾਂ ਦੇ ਅਫਸਰਾਂ ਤਕ ਪਹੁੰਚ ਗਈ। ਸੋਸ਼ਲ ਮੀਡੀਏ ’ਤੇ ਪਾਈ ਵੀਡੀਓ ਲੋਕਾਂ ਦੇ ਮੋਬਾਇਲਾਂ ਵਿੱਚ ਜ਼ੋਰ ਸ਼ੋਰ ਨਾਲ ਪਹੁੰਚੀ। ਪ੍ਰਸ਼ਾਸਨ ਤੇ ਸਰਕਾਰ ਦੇ ਪ੍ਰਬੰਧਾਂ ਦੇ ਮੂੰਹ ’ਤੇ ਚਪੇੜ ਵੱਜ ਰਹੀ ਸੀ।
ਸਵੇਰ ਹੋਈ। ਮੈਂ ਸਮੇਂ ਨਾਲ ਹੀ ਆਪਣੇ ਬੈਗ ਵਿੱਚ ਸਮਾਨ ਪਾ ਲਿਆ। ਅੱਠ ਵਜੇ ਤੋਂ ਗੇਟ ਵੱਲ ਤਕ ਰਿਹਾ ਸੀ, ਹੁਣ ਐਂਬੂਲੈਂਸ ਆਈ, ਹੁਣ ਆਈ। ਰਾਤ ਦੇ ਹੰਗਾਮੇ ਦਾ ਅਸਰ ਇਹ ਹੋਇਆ ਕਿ ਨਾਸ਼ਤਾ ਸਾਢੇ ਅੱਠ ਵਜੇ ਹੀ ਆ ਗਿਆ। ਪਰ ਉਨ੍ਹਾਂ ਮੁਲਾਜ਼ਮਾਂ ਨੂੰ ਡਰਾਇਆ ਧਮਕਾਇਆ ਗਿਆ। ਸਵੇਰੇ ਉਨ੍ਹਾਂ ਨੂੰ ਲਿਖ ਕੇ ਮੁਆਫ਼ੀ ਮੰਗਣੀ ਪਈ। ਇੱਕ ਹੋਰ ਵੀਡੀਓ ਗਲਤੀ ਮੰਨਦਿਆਂ ਹੋਇਆ ਦੀ ਪਾਈ। ਉਦੋਂ ਤਕ ਤਾਂ ਟੀ.ਵੀ. ਦੇ ਨਿਊਜ਼ ਚੈਨਲਾਂ ’ਤੇ ਹੰਗਾਮਾ ਮਚ ਗਿਆ ਸੀ। ਗਿਆਰਾਂ ਕੁ ਵਜੇ ਐਂਬੂਲੈਸ ਆ ਗਈ। ਸਪੀਕਰ ਵਿੱਚ ਸਾਡਾ ਦੋ ਜਣਿਆਂ ਦਾ ਨਾਂ ਬੋਲਿਆ ਗਿਆ, “ਆਪਣਾ ਸਮਾਨ ਲੈ ਕੇ ਗੇਟ ’ਤੇ ਪਹੁੰਚ ਜਾਣ …।”
ਮੇਰੇ ਵਾਰਡ ਦੇ ਸਾਰੇ ਸਾਥੀ ਮੈਂਨੂੰ ਗੇਟ ਤਕ ਛੱਡਣ ਆਏ। ਇੱਕ ਪਰਿਵਾਰ ਦੀ ਤਰ੍ਹਾਂ ਸਾਡੀ ਸਾਂਝ ਹੋ ਗਈ ਸੀ। ਮੈਂ ਉਨ੍ਹਾਂ ਨੂੰ ਜੋ ਕਿਤਾਬਾਂ ਸੀ ਵੰਡੀਆਂ ਸੀ, ਉਨ੍ਹਾਂ ਕੋਲ ਛੱਡ ਆਇਆ। ਉਨ੍ਹਾਂ ਨੇ ਬੜੇ ਨਿੱਘ ਨਾਲ ਮੈਂਨੂੰ ਵਿਦਾਇਗੀ ਦਿੱਤੀ। ਗੇਟ ਦੇ ਬਾਹਰ ਡਾ. ਸਾਹਬ ਆਪਣੇ ਅਮਲੇ ਨੂੰ ਲੈ ਕੇ ਖੜ੍ਹੇ ਸੀ, ਜਿਹੜਾ ਕਦੇ ਸਾਡੇ ਵਾਰਡ ਵਿੱਚ ਵੀ ਨਹੀਂ ਸੀ ਆਇਆ। ਇੱਕ ਨਰਸ ਮੋਬਾਇਲ ’ਤੇ ਵੀਡੀਓ ਬਣਾ ਰਹੀ ਸੀ। ਸਾਨੂੰ ਦੋਵਾਂ ਜਣਿਆਂ ਨੂੰ ਇੱਕ ਪੈਕਿਟ ਦਿੱਤਾ ਗਿਆ, ਜਿਸ ਵਿੱਚ ਗੋਲ਼ੀਆਂ, ਮਾਸਕ, ਸੈਨੇਟੇਜ਼ਰ ਅਤੇ ਸਾਡੇ ਕਾਗਜ਼ ਸਨ। ਡਾ. ਨੇ ਪੁੱਛਿਆ, “ਤੁਹਾਡੀ ਸਿਹਤ ਕਿਵੇਂ ਹੈ?”
“ਠੀਕ ਹੈ ਜੀ …।” ਅਸੀਂ ਦੋਵਾਂ ਨੇ ਇਕੱਠਿਆਂ ਜਵਾਬ ਦਿੱਤਾ। ਅਸੀਂ ਜਲਦੀ ਤੋਂ ਜਲਦੀ ਜਾਣਾ ਚਾਹੁੰਦੇ ਸੀ।
“ਤੁਸੀਂ ਬਾਹਰ ਨਹੀਂ ਜਾਣਾ, ਘਰ ਦੇ ਅੰਦਰ ਹੀ ਰਹਿਣਾ। ਜੇਕਰ ਕੋਈ ਤਕਲੀਫ਼ ਹੁੰਦੀ ਹੈ ਤਾਂ ਸਾਨੂੰ ਫ਼ੋਨ ਕਰ ਦਿਓ। ਅਸੀਂ ਆਪਣੇ-ਆਪ ਤੁਹਾਨੂੰ ਲੈ ਆਵਾਂਗੇ।” ਇਸ ਤਰ੍ਹਾਂ ਦੀਆਂ ਹਦਾਇਤਾਂ ਸਾਨੂੰ ਦਿੱਤੀਆਂ ਜਾ ਰਹੀਆਂ ਸੀ।
“ਇੱਥੇ ਕੋਈ ਮੁਸ਼ਕਲ ਆਈ ਹੋਵੇ?” ਉਨ੍ਹਾਂ ਸਵਾਲ ਕਰ ਦਿੱਤਾ।
ਮੈਂ ਫਿਰ ਬੋਲ ਪਿਆ, “ਨਹਾਉਣ ਧੋਣ ਦਾ ਪ੍ਰਬੰਧ ਠੀਕ ਨਹੀਂ ਹੈ। ਖਾਣਾ ਸਮੇਂ ਸਿਰ ਨਹੀਂ ਆਉਂਦਾ। ਮੱਛਰ ਬੁਰਾ ਹਾਲ ਕਰ ਦਿੰਦੇ ਨੇ। ਮੱਛਰਦਾਨੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ।”
ਸ਼ਿਕਾਇਤਾਂ ਤਾਂ ਹੋਰ ਬਥੇਰੀਆਂ ਸੀ ਕਰਨ ਨੂੰ, ਮੇਰੇ ਨਾਲ ਦੇ ਨੇ ਮੇਰਾ ਪੈਰ ਦੱਬ ਦਿੱਤਾ। ਮੈਂ ਚੁੱਪ ਕਰ ਗਿਆ। ਉਹਨੂੰ ਸੀ ਕਿਤੇ ਜਾਣ ਹੀ ਨਾ ਦੇਣ। ਡਾਕਟਰ ਮੇਰੇ ਮੂੰਹ ਵੱਲ ਦੇਖਦਾ ਰਹਿ ਗਿਆ। ਮੇਰੇ ਸਵਾਲਾਂ ਦੇ ਗੋਲ਼ ਮੋਲ਼ ਜਵਾਬ ਦਿੱਤੇ। ਸਾਡੇ ਲੀਡਰ ਤੇ ਉੱਚ ਅਧਿਕਾਰੀ ਆਪਣੇ-ਆਪ ਘਰ ਵਿੱਚ ਇਕਾਂਤਵਾਸ ਹੋ ਜਾਂਦੇ ਹਨ। ਉਨ੍ਹਾਂ ਨੂੰ ਨਹੀਂ ਅਜਿਹੇ ਸੈਂਟਰਾਂ ਵਿੱਚ ਲਿਆਉਂਦਾ। ਸਾਨੂੰ ਐਂਬੂਲੈਸ ਵਿੱਚ ਬਿਠਾ ਘਰ ਵੱਲ ਨੂੰ ਰਵਾਨਾ ਕਰ ਦਿੱਤਾ।
ਅੱਧੇ ਘੰਟੇ ਵਿੱਚ ਐਂਬੂਲੈਂਸ ਮੈਂਨੂੰ ਲੈ ਕੇ ਘਰ ਦੇ ਗੇਟ ’ਤੇ ਪਹੁੰਚ ਗਈ। ਗੁਆਂਢੀਆਂ ਨੂੰ ਭਿਣਕ ਲੱਗੀ। ਉਹ ਬਾਹਰ ਆ ਗਏ। ਮੂੰਹ ਸਿਰ ਬੰਨ੍ਹ ਕੇ ਉਹ ਮੈਂਨੂੰ ਇੱਝ ਦੇਖ ਰਹੇ ਸੀ ਜਿਵੇਂ ਕਰੋਨਾ ਸ਼ਹਿਦ ਦੀਆਂ ਮੱਖੀਆਂ ਵਾਂਗ ਉਨ੍ਹਾਂ ਦੇ ਭੱਜਕੇ ਲੜ ਜਾਵੇਗਾ। ਉਨ੍ਹਾਂ ਨੂੰ ਇਹ ਵੀ ਸੀ, ਇਹ ਐਨੀ ਜਲਦੀ ਕਿਵੇਂ ਆ ਗਿਆ? ਜਿਹੜੇ ਹਸਪਤਾਲ ਵਿੱਚ ਸ਼ਿਕਾਇਤਾਂ ਕਰਦੇ ਸੀ, ਉਹਨਾਂ ਦੇ ਮੂੰਹ ਬੰਦ ਹੋ ਗਏ। ਘਰ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਇਨ੍ਹਾਂ ਛੇਆਂ ਦਿਨਾਂ ਵਿੱਚ ਬਹੁਤ ਕੁਝ ਦੇਖ ਲਿਆ ਸੀ। ਆਪਣਿਆਂ ਨੇ ਵੀ ਮੋਹ ਦੀਆਂ ਤੰਦਾਂ ਤੋੜ ਲਈਆਂ ਸਨ, ਨਫ਼ਰਤ ਦੇ ਸਾਗਰਾਂ ਵਿੱਚ ਡੁੱਬ ਗਏ ਸਨ। ਰਾਜਨੀਤੀ ਵੱਲੋਂ ਲਾਈ ਤੀਲੀ ਕੰਮ ਕਰ ਰਹੀ ਸੀ।
ਘਰ ਅੰਦਰ ਮੈਂ ਵੱਖ ਕਮਰੇ ਵਿੱਚ ਆਪਣਾ ਆਸਣ ਲਾ ਲਿਆ। ਅਜੇ ਘਰ ਵਾਲਿਆਂ ਦੀ ਰਿਪੋਰਟ ਆਉਣੀ ਸੀ। ਅੱਜ ਉਨ੍ਹਾਂ ਦੇ ਵੀ ਸਵੇਰੇ ਹਸਪਤਲ ਵਿੱਚ ਨਮੂਨੇ ਲਏ ਗਏ ਸਨ। ਮੇਰੇ ਅੰਦਰ ਇਹ ਵੀ ਇੱਕ ਬਹੁਤ ਵੱਡਾ ਧੁੜਕੂ ਸੀ। ਰਿਪੋਰਟ ਤਿੰਨਾਂ ਦਿਨਾਂ ਬਾਅਦ ਆਉਣੀ ਸੀ। ਉਸ ਦਾ ਵੀ ਮੋਬਾਇਲ ’ਤੇ ਮੈਸਜ਼ ਆਉਂਦਾ ਹੈ। ਮੈਂ ਆਪਣਾ ਸਮਾਂ ਪੜ੍ਹਨ-ਲਿਖਣ, ਘਰ ਦੇ ਅੰਦਰ ਲਾਏ ਪੌਦਿਆਂ ਦੀ ਸਾਂਭ ਸੰਭਾਲ ਵਿੱਚ ਗੁਜ਼ਾਰਨ ਲੱਗ ਪਿਆ।
ਮੈਂਨੂੰ ਆਏ ਨੂੰ ਅੱਜ ਤੀਜਾ ਦਿਨ ਸੀ। ਰਾਤ ਦੇ ਦਸ ਵੱਜ ਚੁੱਕੇ ਸਨ। ਘਰਵਾਲੀ ਮੇਰੇ ਕੋਲ਼ ਕਮਰੇ ਵਿੱਚ ਭੱਜੀ ਭੱਜੀ ਆਈ, “ਸਾਡੀ ਰਿਪੋਰਟ ਆ ਗਈ …।”
ਮੈਂ ਇੱਕ ਦਮ ਸਹਿਮ ਗਿਆ। ਅੰਦਰਲਾ ਧੁੜਕੂ ਜਾਗ ਪਿਆ। ਇੱਕੋ ਦਮ ਮਨ ਅਤੇ ਅੱਖਾਂ ਸਾਹਮਣੇ ਕਰੋਨਾ ਇਕਾਂਤਵਾਸ ਸੈਂਟਰ ਮੂੰਹ ਅੱਡ ਖੜ੍ਹਾ ਹੋ ਗਿਆ। ਉਹ ਵਾਰ-ਵਾਰ ਮੋਬਾਇਲ ’ਤੇ ਮੈਸਿਜ਼ ਦੇਖ ਰਹੀ ਸੀ।
“ਸਾਡੀ ਸਾਰਿਆਂ ਦੀ ਰਿਪੋਰਟ ਨੈਗਟਿਵ ਆਈ ਹੈ …।” ਘਰਵਾਲੀ ਬੋਲੀ।
ਉਸ ਦੀਆਂ ਅੱਖਾਂ ਭਰ ਆਈਆਂ। ਮੈਂ ਉਸ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ। ਮੈਂ ਮੋਬਾਇਲ ’ਤੇ ਇੱਕ-ਇੱਕ ਰਿਪੋਰਟ ਨੂੰ ਚੰਗੀ ਤਰ੍ਹਾਂ ਨਿਹਾਰਿਆ। ਮੇਰੇ ਮੂੰਹੋਂ ਆਪ-ਮੁਹਾਰੇ ਨਿਕਲਿਆ, “ਥੂਹ ਕਰੋਨਾ …।”
*****
ਇਹ ਸ਼ਰਧਾਂਜਲੀ ਸਮਾਗਮ ਐਤਵਾਰ 22 ਨਵੰਬਰ ਨੂੰ ਸੀ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2429)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)