GurmitSBakhatpura7ਯੂਰੀਆ ਖਾਦ ਦਾ ਹੁਣ ਹੀ ਸੰਕਟ ਸਾਹਮਣੇ ਆ ਚੁੱਕਾ ਕਿਉਂਕਿ ਇਸਦੀ ਵੱਡੀ ਸਪਲਾਈ ...
(27 ਅਪਰੈਲ 2026)


ਇਰਾਨੀ
ਜੰਗ ਵਿੱਚ ਹੋਈ ਆਪਣੀ ਦੁਰਗਤੀ ਨੂੰ ਛਪਾਉਣ ਲਈ ਬੇਸ਼ਕ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੁਨੀਆ ਸਾਹਮਣੇ ਸੌ ਤਰ੍ਹਾਂ ਦਾ ਝੂਠ ਬੋਲੀ ਜਾਵੇ ਕਿ ਅਮਰੀਕਾ ਨੇ ਇਰਾਨ ਦੀ ਹਰ ਪੱਖੋਂ ਸਮੁੱਚੀ ਬਰਬਾਦੀ ਕਰਕੇ ਜੰਗ ਜਿੱਤ ਲਈ ਹੈ, ਅਮਰੀਕਾ ਨੇ ਇਸਲਾਮਾਬਾਦ ਦੀ ਗੱਲਬਾਤ ਟੁੱਟਣ ਤੋਂ ਬਾਅਦ ਫਿਰ ਜੰਗ ਜਿੱਤਣ ਦਾ ਫਰਮਾਨ ਦੁਹਰਾਇਆ ਹੈ ਅਤੇ ਫਿਰ ਇਰਾਨ ਨੂੰ ਧਮਕਾਇਆ ਹੈਪਰ ਸੱਚ ਇਹ ਹੈ ਕਿ ਇਰਾਨ ਅਮਰੀਕਾ-ਇਜਰਾਇਲ ਵਿਰੋਧੀ ਜੰਗ ਜਿੱਤ ਚੁੱਕਾ ਹੈ। ਇਸ ਜਿੱਤ ਦੇ ਅਰਥ ਬਹੁਤ ਵਿਸ਼ਾਲ ਅਤੇ ਵੱਡੇ ਹਨ। ਇਸ ਜੰਗ ਨੇ ਸਾਮਰਾਜੀਆਂ ਦੀਆਂ ਜੰਗੀ ਨੀਤੀਆਂ ਵਿਰੁੱਧ, ਜੈਸੇ ਨੂੰ ਤੈਸਾ, ਜਵਾਬ ਦੇਣ ਲਈ ਦੁਨੀਆ ਦੇ ਇਤਿਹਾਸ ਵਿੱਚ ਇੱਕ ਨਵਾਂ ਚੈਪਟਰ ਸ਼ਾਮਲ ਕਰ ਦਿੱਤਾ ਹੈਅਸਲ ਵਿੱਚ ਅਮਰੀਕੀ ਫਾਸ਼ਿਸਟ ਤਾਕਤਾਂ ਦਾ ਵੈਨਜ਼ੁਏਲਾ ਦੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਅਗਵਾ ਕਰਕੇ ਦੁਨੀਆਂ ਵਿੱਚ ਬੱਲੇ ਬੱਲੇ ਕਰਾਉਣ ਤੋਂ ਬਾਅਦ ਅੰਨ੍ਹੇ ਘਮੰਡ ਵਿੱਚ 28 ਫਰਵਰੀ ਨੂੰ ਇਰਾਨ ਵਿਰੁੱਧ ਇੱਕ ਵੱਡੀ ਤਿਆਰੀ ਨਾਲ ਭਿਅੰਕਰ ਹਮਲਾ ਕਰਨ ਦਾ ਇੱਕੋ ਇੱਕ ਮਨੋਰਥ ਸੀ ਕਿ ਦੁਨੀਆ ਨੂੰ ਇੱਕੋ ਇੱਕ ਅਮਰੀਕੀ ਮਹਾਂਸ਼ਕਤੀ ਹੋਣ ਦਾ ਜਲਵਾਦਿਖਾਉਣਾ, ਮਾਨਤਾ ਪੱਕੀ ਕਰਨਾ ਅਤੇ ਇਰਾਨ ਦੀ ਅਮਰੀਕਾ ਵਿਰੋਧੀ ਸੱਤਾ ਤਬਦੀਲ ਕਰਕੇ ਇਰਾਨ ਵਿੱਚ ਅਮਰੀਕਾ-ਇਜ਼ਰਾਇਲ ਦੀ ਦਾਦਾਗਰੀ ਸਥਾਪਿਤ ਕਰਨਾ। ਪਰ ਹੋ ਗਿਆ ਉਲਟਾ, ਅਮਰੀਕਾ ਅਤੇ ਉਸਦੇ ਖੇਤਰੀ ਥਾਣੇਦਾਰ ਇਜ਼ਰਾਇਲ ਨੂੰ 40 ਦਿਨਾਂ ਦੀ ਜੰਗ ਵਿੱਚ ਲੈਣੇ ਦੇ ਦੇਣੇ ਪੈ ਗਏ। ਅਮਰੀਕਾ ਸਾਮਰਾਜ ਦੀ ਇਸ ਜੰਗ ਵਿੱਚ ਹੋਈ ਥੂਹ ਥੂਹ ਅਤੇ ਜਲੀਲਤਾ ਨੂੰ ਸਾਰੀ ਦੁਨੀਆ ਨੇ ਤੱਕਿਆ ਹੈਅਮਰੀਕੀ ਰਾਸ਼ਟਰਪਤੀ ਟਰੰਪ ਜੰਗ ਵਿੱਚ ਆਪਣੀ ਹਾਰ ਨੂੰ ਦੇਖਦਿਆਂ ਇੰਨਾ ਬੁਖਲਾਹਟ ਅਤੇ ਡਰ ਵਿੱਚ ਹੈ ਕਿ ਉਹ ਇਰਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣ ਦੀਆਂ ਧਮਕੀਆਂ ਵੀ ਦਿੰਦਾ ਰਿਹਾ ਹੈ ਅਤੇ ਬਾਰ ਬਾਰ ਪਿੱਛੇ ਵੀ ਹਟਦਾ ਰਿਹਾ ਹੈਟਰੰਪ ਇੰਨਾ ਬੁਖਲਾਹਟ ਵਿੱਚ ਹੈ ਕਿ ਉਸਨੇ ਜੰਗ ਦੇ ਦੌਰਾਨ ਅਮਰੀਕੀ ਫੌਜੀ ਚੀਫ ਐੱਨ ਜੀ ਜਾਰਜ ਸਮੇਤ ਦਰਜਨ ਭਰ ਵੱਡੇ ਫੌਜੀ ਜਰਨੈਲਾ ਨੂੰ ਜਬਰੀ ਰਿਟਾਇਰ ਕਰ ਦਿੱਤਾ। ਇਸ ਅਮਰੀਕਾ ਫੌਜ ਮੁਖੀ ਨੇ ਖੁਦ ਕਿਹਾ ਹੈ ਕਿ ਅਮਰੀਕਾ ਦਾ ਪ੍ਰਸ਼ਾਸਨ ਇੱਕ ਪਾਗਲ ਵਿਅਕਤੀ ਦੇ ਹੱਥ ਆ ਚੁੱਕਾ ਹੈ, ਜੋ ਅਮਰੀਕਾ ਨੂੰ ਬਰਬਾਦ ਕਰ ਦੇਵੇਗਾ

ਸੱਚ ਇਹ ਹੈ ਕਿ ਇਰਾਨੀ ਸਰਕਾਰ ਅਤੇ ਇਰਾਨੀ ਜਨਤਾ ਨੇ ਅਮਰੀਕਾ ਵਿਰੋਧੀ 1979 ਦੀ ਇਸਲਾਮੀ ਕ੍ਰਾਂਤੀ ਕਰਨ ਦੇ 47 ਸਾਲਾਂ ਬਾਅਦ ਜਿਸ ਤਰ੍ਹਾਂ ਅਮਰੀਕਾ ਸਾਮਰਾਜ ਦੇ ਆਪੇ ਬਣੇ ਸੰਸਾਰ ਚੌਧਰੀ ਡੌਨਲਡ ਟਰੰਪ ਨੂੰ ਸਿਰ ਭਾਰ ਕੀਤਾ ਹੈ, ਉਸਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਤੁਹਾਡੇ ਸਾਹਮਣੇ ਦੇਸ਼ ਅਤੇ ਦੇਸ਼ ਦੇ ਲੋਕਾਂ ਦੇ ਹਿਤ ਵਿੱਚ ਖੜ੍ਹੇ ਰਹਿਣ ਦਾ ਜਜ਼ਬਾ, ਮਕਸਦ ਅਤੇ ਮਕਸਦ ਦੇ ਸੰਘਰਸ਼ ਦੀ ਦਰੁਸਤੀ ਭਰੀ ਤਿਆਰੀ ਜਾਰੀ ਰਹਿੰਦੀ ਹੈ ਅਤੇ ਤੁਸੀਂ ਕਦੇ ਵੀ ਆਪਣੇ ਸੰਕਲਪ ਤੋਂ ਪਾਸਾ ਨਹੀਂ ਵੱਟਦੇ ਤਾਂ ਤੁਸੀਂ ਅਤੇ ਤੁਹਾਡਾ ਦੇਸ਼ ਵੱਡੀ ਤੋਂ ਵੱਡੀ ਤਾਕਤ ਨੂੰ ਵੀ ਗੋਡਿਆ ਭਰਨੇ ਕਰ ਸਕਦਾ ਹੈਇਹ ਬੀਤੇ ਇਤਿਹਾਸ ਅਤੇ ਭਵਿੱਖ ਦਾ ਸਦਾ ਜਿੰਦਾ ਰਹਿਣ ਵਾਲਾ ਸੱਚ ਹੈ, ਜਿਸ ਸੱਚ ਰਾਹੀਂ ਇਰਾਨੀ ਖਲਕਤ ਨੇ ਦੁਨੀਆ ਭਰ ਦੇ ਸ਼ੰਘਰਸਸੀਲ ਲੋਕਾਂ ਨੂੰ ਦੁਸ਼ਮਣ ਤਾਕਤਾਂ ਵਿਰੁੱਧ ਲੜਨ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਹੈ

ਇਰਾਨ ਨੇ ਅਮਰੀਕਾ ਸਾਮਰਾਜ ਵਿਰੁੱਧ ਜੰਗ ਕੇਵਲ ਹਥਿਆਰਾਂ ਅਤੇ ਫੌਜ ਨਾਲ ਹੀ ਨਹੀਂ ਲੜੀ ਬਲਕਿ ਇਰਾਨ ਖੁਦ ਮੰਨਦਾ ਹੈ ਕਿ ਉਹ ਇਰਾਨੀ ਜਨਤਾ ਤੋਂ ਬਿਨਾਂ ਇਹ ਜੰਗ ਲੜ ਹੀ ਨਹੀਂ ਸੀ ਸਕਦਾ। ਇਰਾਨੀ ਜਨਤਾ ਦਾ ਕਹਿਣਾ ਹੈ ਕਿ ਅਸੀਂ ਜੰਗ ਜਾਂ ਮਰਨ ਤੋਂ ਨਹੀਂ ਡਰਦੇ, ਅਸੀਂ ਅਮਰੀਕਾ ਦੀ ਧੋਖੇ ਭਰੀ ਗੱਲਬਾਤ ਤੋਂ ਡਰਦੇ ਹਾਂਇਸ ਕਰਕੇ ਹੀ ਇਰਾਨੀ ਸਰਕਾਰ ਜੰਗਬੰਦੀ ਦੀ ਗੱਲਬਾਤ ਕਰਨ ਲਈ ਵੀ ਆਪਣੀ ਜਨਤਾ ਦੀ ਸਹਿਮਤੀ ਲੈ ਰਹੀ ਹੈ

ਅਮਰੀਕਾ-ਇਜ਼ਰਾਇਲ ਵੱਲੋਂ ਮਧ ਪੂਰਬੀ ਦੇਸ਼ਾਂ ਵਿਰੁੱਧ ਠੋਸੀ ਗਈ ਨਿਹੱਕੀ ਅਤੇ ਅਸਾਵੀਂ ਜੰਗ ਦਾ ਮੁਕਾਬਲਾ ਕਰ ਰਹੀ ਇਰਾਨੀ ਸਰਕਾਰ ਦੇ ਜੰਗੀ ਪੈਤੜਿਆਂ ਨੇ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਲੋਕਾਂ ਦਰਮਿਆਨ ਹੈਰਾਨੀਜਨਕ ਨਵੀਂ ਸੰਸਾਰ ਦੀ ਕਤਾਰਬੰਦੀ ਪੈਦਾ ਕਰ ਦਿੱਤੀ ਹੈਇਹੀ ਕਾਰਨ ਹੈ ਕਿ ਅਮਰੀਕਾ, ਜੋ ਵਧੇਰੇ ਇਸਾਈ ਵਸੋਂ ਵਾਲਾ ਦੇਸ਼ ਹੈ, ਵਿੱਚ ਅਮਰੀਕਾ ਦੀ ਸਰਕਾਰ ਵਿਰੁੱਧ 90 ਲੱਖ ਅਮਰੀਕੀਆਂ ਨੇ ਸੜਕਾਂ ’ਤੇ ਆ ਕੇ ਮੰਗ ਕੀਤੀ ਕਿ ਇਰਾਨ ਵਿਰੁੱਧ ਜੰਗ ਬੰਦ ਕਰੋ

ਯੂਰਪੀ ਅਤੇ ਉੱਤਰੀ ਅਮਰੀਕਾ ਅਧਾਰਿਤ 32 ਦੇਸ਼ਾਂ ਦੇ ਨਾਟੋ ਫੌਜੀ ਗੱਠਜੋੜ ਦੇ ਮੁੱਖ ਅਤੇ ਤਾਕਤਵਾਰ ਦੇਸ਼ਾਂ ਨੇ ਇਸ ਜੰਗ ਵਿੱਚ ਅਮਰੀਕਾ ਦੀ ਹਿਮਾਇਤ ਵਿੱਚ ਖੜ੍ਹਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜੰਗ ਕੇਵਲ ਇਰਾਨ ਦੀ ਤਬਾਹੀ ਅਤੇ ਮਧ ਪੂਰਬੀ ਦੇਸ਼ਾਂ ਵਿੱਚ ਇਜ਼ਰਾਇਲ ਦੀ ਸਰਦਾਰੀ ਬਣਾਈ ਰੱਖਣ ਲਈ ਲੜੀ ਜਾ ਰਹੀ ਹੈਨਾਟੋ ਦੇਸ਼ ਤੁਰਕੀ ਅਤੇ ਸਪੇਨ ਨੇ ਤਾਂ ਜੰਗ ਦੇ ਆਰੰਭ ਵਿੱਚ ਹੀ ਅਮਰੀਕਾ ਨੂੰ ਸਾਫ ਸਾਫ ਕਹਿ ਦਿੱਤਾ ਸੀ ਕਿ ਅਮਰੀਕਾ ਦੇ ਇਰਾਨ ਵਿਰੋਧੀ ਹਮਲਿਆਂ ਨੇ ਸੰਸਾਰ ਨੂੰ ਤੀਸਰੀ ਸੰਸਾਰ ਜੰਗ ਵੱਲ ਧਕੇਲ ਦਿੱਤਾ ਹੈ, ਅਸੀਂ ਉਸਦਾ ਸਾਥ ਨਹੀਂ ਦਿਆਂਗੇਅਮਰੀਕਾ ਦੇ ਸਦਾ ਜੰਗੀ ਭਾਈਵਾਲ ਰਹੇ ਯੂ ਕੇ ਸਮੇਤ ਫਰਾਂਸ, ਜਰਮਨ ਅਤੇ ਇਟਲੀ ਨੇ ਅਮਰੀਕਾ ਤੋਂ ਕਿਨਾਰਾ ਕਰੀ ਰੱਖਿਆ ਹੈ। ਯੂ ਐਨ ਓ ਦੇ ਵੀਟੋ ਦੇਸ ਫਰਾਂਸ ਨੇ ਤਾਂ ਹੋਰਮੂਜ਼ ਜਲਡਮਰੂ ਸਮੁੰਦਰੀ ਲਾਘਾਂ ਖੋਲ੍ਹਣ ਦੇ ਏਜੰਡੇ ਉੱਪਰ ਰੂਸ, ਚੀਨ ਨਾਲ ਮਿਲ ਕੇ ਪਹਿਲੀ ਵਾਰ ਇਰਾਨ ਦੇ ਹੱਕ ਵਿੱਚ ਵੋਟ ਪਾਈ ਹੈਅਮਰੀਕਾ ਦੁਆਰਾ ਚੀਨ ਨੂੰ ਘੇਰਨ ਲਈ ਅਮਰੀਕਾ, ਜਾਪਾਨ, ਭਾਰਤ ਅਤੇ ਆਸਟ੍ਰੇਲੀਆ ਅਧਾਰਿਤ ਬਣਾਇਆ ਗਿਆ ਚਹੁੰਪੱਖੀ ਗੱਠਜੋੜ (ਕੁਆਰਡੀ ਲੈਟਰਲ ਇਲਾਇੰਸ) ਦੇ ਦੇਸ਼ ਅਸਟ੍ਰੇਲੀਆ ਅਤੇ ਜਪਾਨ ਨੇ ਵੀ ਜੰਗ ਵਿੱਚ ਅਮਰੀਕਾ ਦਾ ਸਾਥ ਦੇਣ ਤੋਂ ਹੱਥ ਖੜ੍ਹੇ ਕਰ ਲਏ ਸਨ। ਖੁਦ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦੇ ਦੱਖਣੀ ਕੋਰੀਆ ਵਿੱਚ 45 ਹਜ਼ਾਰ ਅਤੇ ਜਪਾਨ ਵਿੱਚ 50 ਹਜ਼ਾਰ ਅਮਰੀਕੀ ਫੌਜੀ ਉਨ੍ਹਾਂ ਦੀ ਰਾਖੀ ਲਈ ਬੈਠੇ ਹਨ, ਪਰ ਉਨ੍ਹਾਂ ਵੀ ਸਾਡੇ ਹੱਕ ਵਿੱਚ ਹਾਅ ਦਾ ਨਾਹਰਾ ਨਹੀਂ ਮਾਰਿਆ

ਸਾਡੇ ਗੁਆਂਢੀ ਛੋਟੇ ਜਿਹੇ ਦੇਸ਼ ਸ੍ਰੀਲੰਕਾ ਨੇ ਵੀ ਅਮਰੀਕਾ ਦੇ ਜਹਾਜ਼ਾ ਨੂੰ ਆਪਣੇ ਹਵਾਈ ਅੱਡੇ ’ਤੇ ਉੱਤਰਨ ਤੋਂ ਰੋਕ ਦਿੱਤਾ ਸੀ। ਪਰ ਭਾਰਤ ਦੇਸ ਵਿੱਚ ‘ਮੁਸਲਿਮ ਦੁਸ਼ਮਣ, ਮੁਸਲਿਮ ਦੁਸ਼ਮਣ’ ਨਿੱਤ ਕੂਕਣ ਵਾਲੀ ਭਾਰਤ ਦੀ ਮੋਦੀ ਸਰਕਾਰ, ਅਮਰੀਕਾ ਸਾਮਰਾਜ ਤੋਂ ਇੰਨੀ ਡਰੀ ਹੋਈ ਹੈ ਕਿ ਮੋਦੀ ਸਰਕਾਰ ਨੇ ਇਰਾਨ ਦੇ ਸੁਪਰੀਮੋ ਖੋਮੇਨੇਆਈ ਦੀ ਮੌਤ ਅਤੇ ਇਰਾਨ ਦੇ 175 ਬੱਚਿਆਂ ਦਾ ਕਤਲੇਆਮ ਕਰਨ ’ਤੇ ਵੀ ਅਮਰੀਕਾ ਦੇ ਇਸ ਬੁਚੜਾਨਾ ਕਾਰੇ ਦੀ ਨਖੇਧੀ ਕਰਨਾ ਤਾਂ ਦੂਰ ਰਿਹਾ, ਦੁੱਖ ਦੇ ਦੋ ਸ਼ਬਦ ਵੀ ਨਹੀਂ ਬੋਲੇਸਾਫ ਲੱਗ ਰਿਹਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਨੂੰ ਟਰੰਪ ਦੀ ਨਵਬਸਤੀ ਦੀ ਤਰ੍ਹਾਂ ਚਲਾ ਰਹੀ ਹੈ

ਸਮੇਂ ਦੀ ਪਲਟੀ ਦੇਖੋ ਕਿ ਜਿਸ ਅਮਰੀਕਾ ਸਾਮਰਾਜ ਨੇ ਜੰਗ ਖਤਮ ਕਰਨ ਲਈ ਇਰਾਨ ਸਰਕਾਰ ਨੂੰ ਆਪਣੀਆਂ 15 ਸ਼ਰਤਾਂ ਭੇਜੀਆਂ ਸਨ, ਜਿਨ੍ਹਾਂ ਸ਼ਰਤਾਂ ਨੂੰ ਇਰਾਨੀ ਸਰਕਾਰ ਅਤੇ ਇਰਾਨੀ ਲੋਕਾਂ ਨੇ ਰੱਦ ਕਰਦਿਆਂ ‘ਜੰਗ ਸਾਡੀਆਂ 10 ਸ਼ਰਤਾਂ ’ਤੇ ਖਤਮ ਹੋਵੇਗੀ’ ਦਾ ਹੁਕਮ ਜਾਰੀ ਕਰ ਦਿੱਤਾ ਸੀ ਅਤੇ ਆਖਰ ਅਮਰੀਕਾ ਦੀ ਧੌਣ ਵਿੱਚੋਂ ਈਰਾਨੀਆ ਨੇ ਕਿੱਲਾ ਪੁੱਟ ਦਿੱਤਾ ਹੈ ਤਾਂ ਹੁਣ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਦਰਮਿਆਨ ਜੰਗ ਦੇ ਮੁਕੰਮਲ ਖਾਤਮੇ ਲਈ ਇਰਾਨ ਦੀਆਂ 10 ਸ਼ਰਤਾਂ ’ਤੇ ਹੀ ਗੱਲਬਾਤ ਸ਼ੁਰੂ ਹੋਈ ਸੀਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਇਰਾਨੀਆਂ ਨੇ ਬਹੁਤ ਲੰਬੇ ਸਮੇਂ ਤੋਂ ਅਮਰੀਕਾ ਦੁਆਰਾ 100 ਮਿਲੀਅਨ ਡਾਲਰ ਦੀਆਂ ਜ਼ਬਤ ਕੀਤੀਆਂ ਇਰਾਨੀ ਸੰਪਤੀਆਂ ਰੀਲੀਜ਼ ਕਰਨ ਸਮੇਤ ਅਮਰੀਕਾ ਤੋਂ ਇਜ਼ਰਾਇਲ ਦੇ ਲਿਬਨਾਨ ਉੱਪਰ ਹਮਲਿਆਂ ਨੂੰ ਰੋਕਣਾ ਮਨਵਾ ਕੇ ਹੀ ਗੱਲਬਾਤ ਸ਼ੁਰੂ ਕੀਤੀ ਇਹ ਭਵਿੱਖ ਤੈਅ ਕਰੇਗਾ ਕਿ ਇਸਲਾਮਾਬਾਦ ਦੀ ਅਸਫਲ ਗੱਲਬਾਤ ਤੋਂ ਬਾਅਦ ਅਮਰੀਕਾ ਦਾ ਭਵਿੱਖ ਕੀ ਹੋਵੇਗਾਪਰ ਇਹ ਤੈਅ ਹੈ ਕਿ ਅਮਰੀਕਾ ਨੂੰ ਜਲਦੀ ਇਰਾਨ ਨਾਲ ਇਰਾਨੀ ਸ਼ਰਤਾਂ ’ਤੇ ਦੁਬਾਰਾ ਗੱਲਬਾਤ ਸ਼ੁਰੂ ਕਰਨੀ ਪਵੇਗੀ ਅਤੇ ਆਖਰ ਇਸ ਜੰਗ ਵਿੱਚ ਅਮਰੀਕਾ ਇਜ਼ਰਾਇਲ ਦੀ ਮੁਕੰਮਲ ਹਾਰ ਹੋਵੇਗੀਆਪਣੀ ਹਾਰ ਨੂੰ ਲੁਕਾਉਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਹੜਬੜਾਹਟ ਵਿੱਚ ਬਾਰ ਬਾਰ ਪੈਂਤੜੇ ਬਦਲ ਰਿਹਾ ਹੈ। ਉਸਦਾ ਹਰ ਪੈਂਤੜਾ ਉਸ ਨੂੰ ਹੋਰ ਅਲੱਗ ਥਲੱਗ ਕਰ ਰਿਹਾ ਹੈ ਅਤੇ ਉਹ ਦੁਨੀਆਂ ਵਿੱਚ ਖੁਦ ਮਜ਼ਾਕ ਦਾ ਪਾਤਰ ਬਣ ਗਿਆ ਹੈਦੁਨੀਆ ਉਸਦੀ ਕਿਸੇ ਵੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ

ਜੇਕਰ ਭਾਰਤ ਦੀ ਵਿਦੇਸ਼ ਨੀਤੀ ਦੀ ਚਰਚਾ ਕੀਤੀ ਜਾਵੇ ਤਾਂ ਇਸ ਸਮੁੱਚੇ ਜੰਗੀ ਘਟਨਾਕਰਮ ਦੌਰਾਨ ਅਤੇ ਹੁਣ ਭਾਰਤ ਸਰਕਾਰ ਦੀ ਵਿਦੇਸ਼ ਅਤੇ ਡਿਪਲੋਮੇਸੀ ਨੀਤੀ ਦੀ ਮੋਦੀ ਸਰਕਾਰ ਨੇ ਫੱਟੀ ਪੋਚ ਦਿੱਤੀ ਹੈਇਰਾਨ ਸ਼ੁਰੂ ਤੋਂ ਹੀ ਭਾਰਤ ਦੇਸ਼ ਦਾ ਇੱਕ ਮਿੱਤਰ ਦੇਸ਼ ਰਿਹਾ ਹੈ। ਭਾਰਤ ਕੱਚੇ ਤੇਲ ਅਤੇ ਗੈਸ ਲਈ ਇਰਾਨ ’ਤੇ ਨਿਰਭਰ ਰਿਹਾ ਹੈ ਅਤੇ ਇਰਾਨ ਹੀ ਸੀ ਜੋ ਡਾਲਰਾ ਵਿੱਚ ਨਹੀਂ, ਭਾਰਤੀ ਰੁਪਏ ਵਿੱਚ ਭਾਰਤੀਆਂ ਨੂੰ ਤੇਲ ਸਪਲਾਈ ਕਰਦਾ ਰਿਹਾ ਹੈਪਰ ਜੰਗ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਅਤੇ ਆਰਐੱਸਐੱਸ ਦੀਆਂ ਇਜ਼ਰਾਇਲ ਨਾਲ ਮੇਲ ਖਾਦੀਆਂ ਨਸਲਵਾਦੀ, ਫਿਰਕਾਪ੍ਰਸਤ ਅਤੇ ਫਾਸ਼ਿਸਟ ਨੀਤੀਆਂ ਕਾਰਨ ਸਾਡਾ ਦੁਨੀਆ ਵਿੱਚ ਇਹ ਪ੍ਰਭਾਵ ਗਿਆ ਹੈ ਕਿ ਭਾਰਤ ਦੀ ਸਰਕਾਰ ਇਰਾਨ ਨਾਲ ਨਹੀਂ, ਇਜ਼ਰਾਇਲ ਅਮਰੀਕਾ ਨਾਲ ਖੜ੍ਹੀ ਹੋਈ ਹੈ। ਕੀ ਭਾਰਤ ਦੀ ਆਰ ਐੱਸ ਐੱਸ ਦੀਆਂ ਹਦਾਇਤਾਂ ਤਹਿਤ ਚੱਲ ਰਹੀ ਮੋਦੀ ਸਰਕਾਰ ਦੱਸ ਸਕਦੀ ਹੈ ਕਿ ਸਾਡੇ ਗੁਆਂਡ ਵਿੱਚ ਚੱਲ ਰਹੀ ਜੰਗ ਬਾਬਤ ਭਾਰਤ ਦਾ ਦੁਨੀਆਂ ਵਿੱਚ ਕੀ ਅਕਸ ਗਿਆ ਹੈ? ਜਦੋਂ ਕਿ ਆਰਐੱਸਐੱਸ ਵੱਲੋਂ ਘੋਸ਼ਿਤ ਭਾਰਤ ਦੇ ਵੱਡੇ ਦੁਸ਼ਮਣ ਪਾਕਿਸਤਾਨ ਦੇ ਰੋਲ ਅਤੇ ਡਿਪਲੋਮੇਸੀ ਦੀ ਚਰਚਾ ਸਾਰੇ ਸੰਸਾਰ ਵਿੱਚ ਹੋ ਰਹੀ ਹੈਭਾਰਤ ਸਰਕਾਰ ਜਾਣਦੀ ਹੈ ਕਿ ਅਮਰੀਕਾ ਵੱਲੋਂ ਇਰਾਨ ਵਿਰੁੱਧ ਲੜੀ ਗਈ ਜੰਗ ਦੇ ਭਾਰਤ ਦੀ ਆਰਥਿਕਤਾ ਉੱਪਰ ਵੱਡੇ ਪ੍ਰਭਾਵ ਪੈਣ ਵਾਲੇ ਹਨਦੇਸ਼ ਵਿੱਚ ਡਾਲਰ ਸਮੇਤ ਵਿਦੇਸ਼ੀ ਕਰੰਸੀ ਦਾ ਸੰਕਟ ਵਧੇਗਾ, ਜਿਸਦਾ ਭਾਰਤ ਦੀ ਕਰੰਸੀ ਅਤੇ ਵਪਾਰ ਉੱਪਰ ਵੀ ਗਹਿਰਾ ਅਸਰ ਪਵੇਗਾਬੇਸ਼ਕ ਮੋਦੀ ਸਰਕਾਰ ਨੇ ਪੰਜ ਰਾਜਾਂ ਵਿੱਚ ਹੋ ਰਹੀਆਂ ਚੋਣਾਂ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕ ਰੱਖਿਆ ਹੈ ਪਰ ਇਨ੍ਹਾਂ ਚੋਣਾਂ ਤੋਂ ਫੌਰੀ ਬਾਅਦ ਤੇਲ ਅਤੇ ਗੈਸ ਦੀਆਂ ਵੱਡੇ ਪੱਧਰ ’ਤੇ ਕੀਮਤਾਂ ਦਾ ਵਧਣਾ ਤੈਅ ਹੈ, ਜਿਸ ਨਾਲ ਸਮੁੱਚੇ ਖੇਤਰਾਂ ਵਿੱਚ ਮਹਿੰਗਾਈ ਵਿੱਚ ਵਾਧਾ ਹੋਵੇਗਾ ਯੂਰੀਆ ਖਾਦ ਦਾ ਹੁਣ ਹੀ ਸੰਕਟ ਸਾਹਮਣੇ ਆ ਚੁੱਕਾ ਕਿਉਂਕਿ ਇਸਦੀ ਵੱਡੀ ਸਪਲਾਈ ਇਰਾਨ ਤੋਂ ਹੁੰਦੀ ਹੈਇਸ ਤਰ੍ਹਾਂ ਦੇ ਕਈ ਹੋਰ ਸੰਕਟਾਂ ਵਿੱਚ ਭਾਰਤੀ ਆਰਥਿਕਤਾ ਦਾ ਘਿਰ ਜਾਣਾ ਸੰਭਵ ਹੈ, ਜਿਸ ਲਈ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਜਵਾਬਦੇਹ ਹੋਵੇਗੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਗੁਰਮੀਤ ਸਿੰਘ ਬਖਤਪੁਰਾ

ਗੁਰਮੀਤ ਸਿੰਘ ਬਖਤਪੁਰਾ

WhatsApp: (91 - 98142 - 90163)
Email: (gurmeet.bakhatpura@gmail.com)