DharamPalSahil7“ਇਸ ਵਰਤਾਰੇ ਨੂੰ ਸਮੁੱਚੇ ਰੂਪ ਵਿਚ ਸਮਝਣ ਲਈ ਪਾਠਕ ਬਲਰਾਜ ਸਿੰਘ ਸਿੱਧੂ ਦਾ 7 ਅਪਰੈਲ ਦਾ ਲੇਖ ‘ਕਸ਼ਮੀਰ ਵਾਦੀ ਦੇ ਪੱਥਰਬਾਜ਼’ ਵੀ ਪੜ੍ਹ ਲੈਣ --- ਸੰਪਾਦਕ”
(2 ਮਈ 2017)

 

ਰੋਜ਼ਾਨਾ ਵਾਂਗ ਸ਼ਾਮ ਨੂੰ ਸੈਰ ਲਈ ਪਾਰਕ ਵਿੱਚ ਗਿਆ ਤਾਂ ਇਕ ਦਿਨ 60 ਤੋਂ 85 ਸਾਲ ਤੱਕ ਦੀ ਸੈਰ ਕਰਨ ਆਈ ਬਜ਼ੁਰਗਾਂ ਦੀ ਟੋਲੀ ਨੇ ਮੈਨੂੰ ਘੇਰ ਲਿਆ। ਉਨ੍ਹਾਂ ਵਿੱਚੋਂ ਸਭ ਤੋਂ ਬਜ਼ੁਰਗਵਾਰ, ਉੱਚੇ ਅਹੁਦੇ ਤੋਂ ਰਿਟਾਇਰ ਹੋਏ, ਸਭ ਤੋਂ ਵੱਧ ਗੱਲਕਾਰ ਸਿਆਣੇ ਨੇ ਮੈਨੂੰ ਵੇਖਦਿਆਂ ਹੀ ਸੰਬੋਧਨ ਕੀਤਾ, “ਕੀ ਗੱਲ, ਤੁਹਾਡੀ ਕਲਮ ਵੀ ਸੌਂ ਗਈ ਏ ਪੱਤਰਕਾਰ ਸਾਬ੍ਹ? ਮੁਲਕ ਦੇ ਹੁਕਮਰਾਨਾਂ ਵਾਂਗ ਤੁਸੀਂ ਵੀ ਖਾਮੋਸ਼ ਹੋ ਗਏ ਹੋ?(ਉਨ੍ਹਾਂ ਲਈ ਅਖ਼ਬਾਰ ਵਿੱਚ ਲਿਖਣ ਵਾਲਾ ਹਰ ਕੋਈ ਪੱਤਰਕਾਰ ਹੀ ਹੁੰਦਾ ਹੈ!) ਮੈਂ ਹੈਰਾਨਕੁੰਨ ਨਜ਼ਰਾਂ ਨਾਲ ਉਨ੍ਹਾਂ ਵੱਲ ਵੇਖਦਿਆਂ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ, ਮਾਮਲਾ ਕੀ ਹੈ, ਤੁਸੀਂ ਸਾਰੇ ਇੰਨੇ ਗੁੱਸੇ ਵਿੱਚ ਕਿਉਂ ਹੋ?

ਤੁਸੀਂ ਖ਼ਬਰਾਂ ਨਹੀਂ ਸੁਣ ਰਹੇ, ਮੀਡੀਆ ਵਾਲੇ ਵਾਰ-ਵਾਰ ਤਾਂ ਉਸ ਕੈਪਸ਼ਨ ਨੂੰ ਵਿਖਾ ਰਹੇ ਹਨ, ਜਿਸ ਵਿੱਚ ਕਸ਼ਮੀਰ ਦੇ ਪਾਲਤੂ ਗੁੰਡੇ ਸਾਡੇ ਜਵਾਨਾਂ ਦੇ ਥੱਪੜ ਮਾਰ ਰਹੇ ਹਨ ਉਨ੍ਹਾਂ ਦੇ ਸਿਰ ਦੀ ਸ਼ਾਨ ਹੈਟ ਨੂੰ ਠੋਕਰਾਂ ਮਾਰ ਰਹੇ ਹਨ ਗ੍ਹਾਲਾਂ ਕੱਢ ਰਹੇ ਹਨ ਗੋ ਬੈਕ ਦੇ ਨਾਹਰੇ ਲਗਾ ਰਹੇ ਹਨ ਪਰ ਸਾਡੇ ਜਵਾਨਾਂ ਦੇ ਹੱਥ-ਪੈਰ, ਮੂੰਹ ਸਭ ਬੰਨ੍ਹੇ ਹੋਏ ਹਨ, ਸਬਰ ਦੀਆਂ ਜੰਜ਼ੀਰਾਂ ਨਾਲ। ਇਹ ਸਭ ਵੇਖ ਕੇ ਸਾਡਾ ਖੂਨ ਖੌਲ ਰਿਹਾ ਹੈ, ਸਾਨੂੰ ਨੀਂਦਰ ਨਹੀਂ ਆ ਰਹੀ।” ਉਸ ਟੋਲੀ ਵਿੱਚ ਕੁਝ ਫੌਜ ਦੇ ਰਿਟਾਇਰ ਅਫ਼ਸਰ ਵੀ ਸਨ। ਸਰੀਰੋਂ ਕਮਜ਼ੋਰ ਹੋਣ ਦੇ ਬਾਵਜੂਦ ਇਨ੍ਹਾਂ ਵਿੱਚ ਦੇਸ਼ ਭਗਤੀ ਅਤੇ ਅਣਖ ਦਾ ਜਜ਼ਬਾ ਠਾਠਾਂ ਮਾਰ ਰਿਹਾ ਸੀ। ਗੁੱਸੇ ਨਾਲ ਉਨ੍ਹਾਂ ਦੀਆਂ ਨਾਸਾਂ ਫੜਕ ਰਹੀਆਂ ਸਨ। ਉਹ ਵਾਰੋ-ਵਾਰੀ ਆਪਣਾ ਗੁਬਾਰ ਕੱਢ ਰਹੇ ਸਨ, “ਵੇਖੋ, ਸਾਰਾ ਮੁਲਕ ਗੁੱਸੇ ਨਾਲ ਉੱਬਲ ਰਿਹਾ ਹੈ, ਕਚੀਚੀਆਂ ਵੱਟ ਰਿਹਾ ਹੈ, ਪਰ ਸਾਡੇ ਹੁਕਮਰਾਨ ਦਿੱਲੀ ਦੇ ਬੰਦ ਏ.ਸੀ. ਕਮਰਿਆਂ ਵਿੱਚ ਫੈਸਲਾ ਹੀ ਨਹੀਂ ਲੈ ਪਾ ਰਹੇ ਕਿ ਇਨ੍ਹਾਂ ਪੱਥਰਬਾਜ਼ਾਂ ਨੂੰ ਜਵਾਬ ਕੀ ਤੇ ਕਿਵੇਂ ਦੇਣਾ ਹੈ?

ਲਾਹਨਤ ਹੈ ਸਾਡੀ 56 ਇੰਚ ਸੀਨੇ ਵਾਲੀ ਰਾਸ਼ਟਰਵਾਦੀ ਸਰਕਾਰ ਦੇ। ਗੱਲ-ਗੱਲ ਤੇ ਦੇਸ਼-ਧਰੋਹ ਦੇ ਮੁਕੱਦਮੇ ਦਰਜ ਕਰਨ ਵਾਲੀ, ਸਰਜੀਕਲ ਸਟ੍ਰਾਈਕ ਦੀ ਰੱਜ ਕੇ ਡੌਂਡੀ ਪਿੱਟਣ ਵਾਲੀ ਅਤੇ ਗੋ-ਰੱਖਿਆ ਦੇ ਨਾਂ ਤੇ ਹੱਤਿਆ ਵਾਲੇ ਬਹਾਦਰਾਂ ਦੇ ਸਦਕੇ ਜਾਈਏ ...

ਜਨਾਬ, ਇਹ ਥੱਪੜ ਸਾਡੇ ਜਵਾਨਾਂ ਦੇ ਮੂੰਹ ਤੇ ਨਹੀਂ, ਇਸ ਦੇਸ਼ ਨੂੰ ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦੀ ਦੁਆਉਣ ਵਾਲੇ ਸ਼ਹੀਦਾਂ ਦੇ ਮੂੰਹ ’ਤੇ ਹਨਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਜ ਲਾਜਪਤ ਰਾਏ, ਊਧਮ ਸਿੰਘ ਆਜ਼ਾਦ ਆਦਿ ਦੇ ਮੂੰਹ ਤੇ ਹਨ। ਗਾਂਧੀ ਦੇ ਮੂੰਹ ’ਤੇ ਹਨ ਪਰ ਗਾਂਧੀ ਤਾਂ ਥੱਪੜ ਮਾਰਨ ਵਾਲੇ ਅੱਗੇ ਦੂਸਰੀ ਗੱਲ੍ਹ ਕਰਨ ਦੀ ਸਲਾਹ ਦਿੰਦਾ ਸੀ।”

ਮੈਂ ਪੁੱਛਦਾ ਹਾਂ ਹੁਣ ਉਹ ਕਿੱਥੇ ਹਨ ਜਿਨ੍ਹਾਂ ਬੁੱਧੀਜੀਵੀਆਂ ਨੇ ਆਪਣੇ ਪੁਰਸਕਾਰ ਮੋੜ ਕੇ ਅਸਹਿਣਸ਼ੀਲਤਾ ਦੀ ਦੁਹਾਈ ਦਿੱਤੀ ਸੀ। ਜਿਨ੍ਹਾਂ ਨੂੰ ਭਾਰਤ ਵਿੱਚ ਰਹਿੰਦਿਆਂ ਖੌਫ ਆਉਂਦਾ ਹੈ, ਭਾਰਤ ਵਿੱਚ ਰਹਿੰਦਿਆਂ ਸ਼ਰਮ ਆਉਂਦੀ ਹੈ। ਹੁਣ ਉਹ ਮਾਈ ਦੇ ਲਾਲ ਕੁਸਕਦੇ ਕਿਉਂ ਨਹੀਂ?

ਮੈਂ ਪੁੱਛਦਾ ਹਾਂ ਕਿਉਂ ਪਾਲੇ ਹੋਏ ਹਨ ਇਹ ਸਪੋਲੀਏ? ਸਾਡੇ ਹੀ ਰਾਜਾਂ ਦਾ ਗਲਾ ਕੱਟ ਕੇ ਇਨ੍ਹਾਂ ਗੱਦਾਰਾਂ ਨੂੰ ਸਬਸਿਡੀਆਂ ਦੇ ਕੇ ਇਨ੍ਹਾਂ ਆਸਤੀਨ ਦੇ ਸੱਪਾਂ ਨੂੰ ਦੁੱਧ ਪਿਆ ਰਹੇ ਹਨ ਅਤੇ ਉਹ ਸਾਨੂੰ ਹੀ ਡੰਗ ਰਹੇ ਹਨ। ਸਾਡਾ ਹੀ ਅੰਨ ਖਾ ਕੇ, ਸਾਡੇ ਹੀ ਟੁਕੜਿਆਂ ’ਤੇ ਪਲਣ ਵਾਲੇ ਸਾਡੇ ਹੀ ਬੱਚਿਆਂ ਨੂੰ ਅਨਾਥ ਕਰ ਰਹੇ ਹਨ। ਸਾਡੀਆਂ ਹੀ ਧੀਆਂ ਭੈਣਾਂ ਨੂੰ ਵਿਧਵਾ ਬਣਾ ਰਹੇ ਹਨ, ਉਨ੍ਹਾਂ ਦੇ ਸੁਹਾਗ ਲੁੱਟ ਰਹੇ ਹਨ। ਕਸ਼ਮੀਰ ਦੇ ਹੁਕਮਰਾਨ ਤੇ ਸਿਆਸਤਦਾਨ, ਉਨ੍ਹਾਂ ਅੰਦਰੋਗਤੀ ਉਨ੍ਹਾਂ ਪੱਥਰਬਾਜ਼ ਦਹਿਸ਼ਤਗਰਦਾਂ ਨੂੰ ਸ਼ਹਿ ਦੇ ਕੇ ਸਾਡੇ ਹੀ ਪੁੱਤਰਾਂ ਦਾ ਲਹੂ ਪੀ ਰਹੇ ਹਨ, ਉਨ੍ਹਾਂ ਨੂੰ ਸ਼ਹੀਦ ਕਰ ਰਹੇ ਹਨ ਉੱਧਰ ਸਾਡੇ ਰਾਸ਼ਟਰਵਾਦੀ, ਹਰ ਸਮੇਂ ਟੀ.ਵੀ. ਚੈਨਲਾਂ ’ਤੇ ਰਾਸ਼ਟਰ ਪ੍ਰੇਮ ਦੀ ਦੁਹਾਈ ਦੇਣ ਵਾਲੇ ਚੁੱਪ ਵੱਟ ਕੇ 2019 ਦੀਆਂ ਚੋਣਾਂ ਜਿੱਤਣ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਮਜ਼ਾਲ ਹੈ ਇਸ ਬਹੁਮਤ ਵਾਲੀ ਸਰਕਾਰ ਦੇ ਕਿਸੇ ਮੰਤਰੀ ਦੇ ਮੂੰਹੋਂ ਉਨ੍ਹਾਂ ਦਹਿਸ਼ਤਗਰਦਾਂ ਖ਼ਿਲਾਫ ਸ਼ਖਤੀ ਲਈ ਇਕ ਵੀ ਲਫ਼ਜ਼ ਨਿਕਲਿਆ ਹੋਵੇ।”

ਵੇਖੋ, ਪੰਜਾਬ ਵਿੱਚ ਕਿਸੇ ਮੰਤਰੀ ਦਾ ਨਾਂ ਉਦਘਾਟਨੀ ਪੱਥਰ ’ਤੇ ਤੀਸਰੇ ਨੰਬਰ ਤੇ ਉੱਕਰਿਆ ਜਾਂਦਾ ਹੈ। ਉਸ ਦਾ ਖੂਨ ਖੌਲ ਉੱਠਦਾ ਹੈ, ਉਹ ਸਕੂਲ ਦੀ ਪ੍ਰਿੰਸੀਪਲਨੀ ਨੂੰ ਸਸਪੈਂਡ ਕਰਨ ਦੀ ਧਮਕੀ ਦੇਣ ਲਗਦਾ ਹੈ, ਮੀਡੀਆ ਸਾਹਮਣੇ ਪੂਰੀ ਬਿਸ਼ਰਮੀ ਨਾਲ ਮੁੱਕਰਨ ਲਗਦਾ ਹੈ। ਇੱਥੇ ਕਿਸੇ ਧਰਮ, ਜਾਤ, ਕਿਸੇ ਮਹਾਂਪੁਰਖ ਜਾਂ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ ਜਾਨੋਂ ਮਾਰਨ ਲਈ ਤਿਆਰ ਹੋ ਜਾਂਦੇ ਹਨ। ਬੰਦ ਦੀ ਕਾਲ, ਕਰਫਿਉ ਲੁਆ ਦਿੰਦੇ ਹਨ। ਮੁਲਕ ਦੀ ਕਰੋੜਾਂ-ਅਰਬਾਂ ਦੀ ਸੰਪਤੀ ਸਕਿੰਟਾਂ ਵਿੱਚ ਫੂਕ ਕੇ ਸੁਆਹ ਕਰ ਦਿੰਦੇ ਹਨ, ਗੁੱਸੇ ਵਿੱਚ ਆ ਕੇ। ਅਣਖ ਖ਼ਾਤਿਰ ਆਨਰ ਕਿਲਿੰਗ ਕਰ ਦਿੰਦੇ ਹਨ। ਘਰ-ਘਰ ਸਾਡੇ ਜਵਾਨ, ਜਿਨ੍ਹਾਂ ਕਰਕੇ ਅਸੀਂ ਸੁਰੱਖਿਅਤ ਹੋ ਕੇ ਚੈਨ ਦੀ ਨੀਂਦਰ ਸੌਂਦੇ ਹਾਂ, ਉਨ੍ਹਾਂ ਦੀ ਸ਼ਰੇਆਮ ਬੇਇਜ਼ਤੀ ਕੀਤੀ ਜਾਂਦੀ ਹੈ ਉਨ੍ਹਾਂ ’ਤੇ ਹੱਥ ਚੁੱਕਿਆ ਜਾਂਦਾ ਹੈ ਉਹ ਹੱਥ ਵਿੱਚ ਏ.ਕੇ. ਸੰਤਾਲੀ ਅਤੇ ਹੋਰ ਹਥਿਆਰ ਹੁੰਦਿਆਂ ਵੀ ਇਹ ਸਾਰੀ ਜ਼ਿੱਲਤ ‘ਸਹਿਣਸ਼ੀਲਤਾ’ ਦੇ ਨਾਂ ’ਤੇ ਸਹਾਰ ਜਾਂਦੇ ਹਨ, ਲਹੂ ਦਾ ਘੁੱਟ ਭਰ ਕੇ ਰਹਿ ਜਾਂਦੇ ਹਨ। ਸਾਰਾ ਮੁਲਕ ਅੱਖਾਂ ਟੱਡ ਕੇ ਵੇਖਦਾ ਹੈ। ਬੱਚਾ-ਬੱਚਾ ਰੋਹ ਵਿੱਚ ਆਉਂਦਾ ਹੈ, ਪਰ ਸਾਡੇ ਹੁਕਮਰਾਨਾਂ/ਰਹਿਬਰਾਂ ਦੀਆਂ ਮੀਸਣੀਆਂ ਅੱਖਾਂ ਵਿੱਚ ਇਹ ਘਨਾਉਣੀ ਹਰਕਤ ਮਿਰਚਾਂ ਵਾਂਗ ਨਹੀਂ ਲੜਦੀ। ਉਲਟ ਅਸੀਂ ਆਪਣੇ ਜਵਾਨਾਂ ਦੇ ਸਬਰ ਦਾ ਇਮਤਿਹਾਨ ਲੈਂਦੇ ਹਾਂ। ਉਨ੍ਹਾਂ ਦੀ ਸਹਿਣਸ਼ੀਲਤਾ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ। ਇੰਜ ਕਰਕੇ ਅਸੀਂ ਜ਼ੁਲਮ ਖਿਲਾਫ਼ ਆਪਣੀ ਕਮਜ਼ੋਰੀ ਦਾ ਪ੍ਰਦਰਸ਼ਨ ਨਹੀਂ ਕਰਦੇ? ਬੀਤੇ 70 ਸਾਲਾਂ ਤੋਂ ਅਸੀਂ ਅਜੇ ਆਪਣੇ ਦੁਸ਼ਮਣ ਦੀ ਰਗ਼ ਵੀ ਨਹੀਂ ਪਛਾਣ ਸਕੇ ਜਾਂ ਸਭ ਕੁਝ ਜਾਣਦਿਆਂ ਹੋਇਆ ਵੀ ਨਾਟਕ ਕਰਦੇ ਹਾਂ।”

ਇਨ੍ਹਾਂ ਹੁਕਮਰਾਨਾਂ ਨੂੰ ਕੋਈ ਪੁੱਛੇ, ਭਲਾ ਕੀ ਦੁਸ਼ਮਣੀ ਹੈ ਸਾਡੇ ਜਵਾਨਾਂ ਤੇ ਉਨ੍ਹਾਂ ਪੱਥਰਬਾਜ਼ਾਂ ਅਤੇ ਆਤੰਕਵਾਦੀਆਂ ਜਾਂ ਦੁਸ਼ਮਣ ਦੀ ਫੌਜ ਦੀ ਆਪਸ ਵਿੱਚ? ਦੇਸ਼ ਭਗਤੀ ਅਤੇ ਅਜ਼ਾਦੀ ਦੇ ਨਾਂ ’ਤੇ ਇਹ ਕਿਉਂ ਬੰਦੂਕਾਂ ਤੇ ਤੋਪਾਂ ਦੇ ਮੂੰਹ ਇੱਕ ਦੂਸਰੇ ਵੱਲ ਕਰੀ ਬੈਠੇ ਹਨ? ਕੀ ਇਨ੍ਹਾਂ ਨੇ ਆਪਸ ਵਿੱਚ ਕੋਈ ਜਮੀਨਾਂ ਵੰਡਣੀਆਂ ਹਨ? ਇਹ ਵਿਚਾਰੇ ਤਾਂ ਪਾਪੀ ਪੇਟ ਖ਼ਾਤਿਰ ਆਪਣੇ ਟੱਬਰ ਨੂੰ ਕੁੱਲੀ, ਗੁੱਲੀ ਤੇ ਜੁੱਲੀ ਮੁਹਈਆ ਕਰਾਉਣ ਖ਼ਾਤਿਰ ਇਨ੍ਹਾਂ ਹੁਕਮਰਾਨਾਂ ਦੀਆਂ ਸ਼ਤਰੰਜੀ ਚਾਲਾਂ ਹੇਠ ਆਪਣੀਆਂ ਜਾਨਾਂ ਵਾਰ ਰਹੇ ਹਨ।”

ਉਹ ਸਾਰੇ ਹੀ ਬਜ਼ੁਰਗ ਇਕ ਦੂਸਰੇ ਤੋਂ ਕਾਹਲੇ ਪਏ ਹੋਏ ਸਨ। ਆਪਣੇ ਮਨ ਦੀ ਭੜਾਸ ਕੱਢਣ ਲਈ, ਦੂਸਰਾ ਪਹਿਲੇ ਦੀ ਗੱਲ ਵਿਚਾਲੇ ਹੀ ਕੱਟ ਕੇ ਬੋਲਣ ਲਗਦਾ ਸੀ

ਪੱਤਰਕਾਰ ਸਾਬ੍ਹ, ਜ਼ਰਾ ਇਨ੍ਹਾਂ ਦੀ ਇਨਕੁਆਰੀ ਕਰਕੇ ਪਤਾ ਕਰਾਉ, ਇਨ੍ਹਾਂ ਕਿੰਨੇ ਹੁਕਮਰਾਨਾਂ ਦੇ ਪੁੱਤਰ ਫੌਜ ਵਿੱਚ ਭਰਤੀ ਹਨ, ਜਾਂ ਕਿੰਨੇ ਜਵਾਨ ਸ਼ਹੀਦ ਹੋਏ ਹਨ, 1962, 1965, 1972, ਕਾਲਗਿਲ ਜੰਗ ਜਾਂ ਬੀਤੇ ਪੰਜਾਹ ਸਾਲਾਂ ਵਿੱਚ ਕਸ਼ਮੀਰ ਦਹਿਸ਼ਤਗਰਦੀ ਹੇਠ?”

ਇਨਕੁਆਰੀ ਦੀ ਕੀ ਲੋੜ ਹੈ, ਕਿਸ ਨੂੰ ਨਹੀਂ ਪਤਾ, ਕੋਈ ਸ਼ਹੀਦ ਨਹੀਂ ਹੋਇਆ, ਅੱਜ ਤੀਕ ਇਨ੍ਹਾਂ ਦੇ ਟੱਬਰਾਂ ਵਿੱਚੋਂ। ਇਨ੍ਹਾਂ ਦੀ ਕਿਸੇ ਦੀ ਮਾਂ-ਧੀ-ਭੈਣ ਨੇ ਨਹੀਂ ਹੰਢਾਇਆ ਬਾਰਡਰ ’ਤੇ ਸ਼ਹੀਦ ਹੋਣ ਦਾ ਸੰਤਾਪ। ਇਨ੍ਹਾਂ ਨੂੰ ਕੀ ਪਤਾ ਸ਼ਹੀਦ ਹੋਣ ਦਾ ਮਤਲਬਇਹ ਤਾਂ ਦੇਸ਼ ਭਗਤੀ ਦੇ ਨਾਂ ’ਤੇ ਤਿਰੰਗਾ ਲਹਿਰਾ ਕੇ ਭਾਰਤ ਮਾਤਾ ਦੀ ਜੈ ਦੇ ਨਾਰ੍ਹੇ ਲਾਉਣੇ ਜਾਣਦੇ ਹਨ। ਲਾਲ ਕਿਲ੍ਹੇ ਦੀ ਫਸੀਲ ਤੋਂ ਲੰਮੀਆਂ ਚੌੜੀਆਂ ਤਕਰੀਰਾਂ ਕਰਨੀਆਂ ਜਾਣਦੇ ਹਨ। ਇੱਕ ਦੂਸਰੇ ਮੁਲਕ ਨੂੰ ਵੰਗਾਰਨਾ ਜਾਣਦੇ ਹਨ। ਲੋਕਾਂ ਨੂੰ ਭਾਵੁਕ ਕਰਕੇ ਦੇਸ਼ ਭਗਤੀ ਦੇ ਨਾਂ ’ਤੇ ਜਜ਼ਬਾਤੀ ਕਰਕੇ ਲੜਨ-ਮਰਨ ਲਈ ਤਿਆਰ ਕਰਨਾ ਜਾਣਦੇ ਹਨ।”

ਵੇਖਿਆ ਤੁਸੀਂ, ਉੱਧਰ ਕਸ਼ਮੀਰ ਜਲ ਰਿਹਾ ਹੈ। ਕਿਤੇ ਪੱਥਰਬਾਜ਼ ਫੌਜ ਦੀਆਂ ਟੁਕੜੀਆਂ ’ਤੇ ਹਮਲੇ ਕਰ ਰਹੇ ਹਨ ਤੇ ਕਸ਼ਮੀਰ ਦਾ ਸਾਬਕਾ ਹੁਕਮਰਾਨ ਪੂਰੀ ਬੇਸ਼ਰਮੀ ਤੇ ਮਸਤੀ ਨਾਲ ਜਸ਼ਨ ਵਿੱਚ ਡੁੱਬਾ ਹੋਇਆ ਹੈਉਹ ਔਰਤਾਂ ਨਾਲ ‘ਆਜ ਕਲ ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜ਼ੁਬਾਨ ਪੇ ...’ ਗੀਤ ਗਾਉਂਦਾ ਡਾਂਸ ਕਰ ਰਿਹਾ ਹੈ। ਉਹ ਸ਼ਰੇਆਮ ਪੱਥਰਬਾਜਾਂ ਅਤੇ ਦਹਿਸ਼ਤਗਰਦਾਂ ਦੀ ਹਮਾਇਤ ਕਰਦਾ ਹੈ। ਸਾਡੇ ਮੁਲਕ ਦਾ ਖਾ ਕੇ ਸਾਡੇ ਹੀ ਖਿਲਾਫ਼ ਜ਼ਹਿਰ ਉਗਲਦਾ ਹੈ ਤੇ ਸਾਡੇ ਰਹਿਬਰ, ਸਾਡੇ ਆਕਾ, ਸਾਡੇ ਹੁਕਮਰਾਨਾਂ ਨੂੰ ਇਹ ਦੇਸ਼ ਧਰੋਹ ਨਜ਼ਰ ਨਹੀਂ ਆਉਂਦਾ।”

ਜਨਾਬ, ਉਸ ਦਾ ਪੁੱਤਰ ਤਾਂ ਉਸ ਤੋਂ ਵੀ ਫਨੀਅਰ ਨਾਗ ਹੈ। ਵੇਖਿਆ ਨਹੀਂ ਜਦੋਂ ਸਾਡੇ ਜਵਾਨਾਂ ਨੇ ਸੁਰਖਿਅਤ ਲਾਂਘਾ ਲੈਣ ਲਈ, ਇੱਕ ਪੱਥਰਬਾਜ਼ ਨੂੰ ਜੀਪ ਤੇ ਬੰਨ੍ਹ ਕੇ ਲੰਘੇ ਤਾਂ ਉਹ ਸਪੋਲੀਆ ਕਿਵੇਂ ਉਸ ‘ਪੱਥਰਬਾਜ਼’ ਦੇ ਹੱਕ ਵਿੱਚ ਬੋਲਿਆ ਤੇ ਕਿਵੇਂ ਮਨੁੱਖੀ ਅਧਿਕਾਰਾਂ ਦੀ ਦੁਹਾਈ ਦਿੱਤੀ। ਜਦੋਂ ਇਹ ਦਹਿਸ਼ਤਗਰਦ ਨਿਰਦੋਸ਼ ਲੋਕਾਂ ਤੇ ਜਵਾਨਾਂ ਨੂੰ ਮਾਰਦੇ ਹਨ ਤਾਂ ਮਨੁੱਖੀ ਅਧਿਕਾਰ ਕਿਹੜੇ ਭਾਂਡੇ ਵਿੱਚ ਵੜ ਜਾਂਦੇ ਨੇ? ਇਹ ਗੱਲ ਹਰ ਕਿਸੇ ਦੀ ਸਮਝ ਤੋਂ ਪਰੇ ਹੈ ਕਿ ਸਾਡੀ ਸਰਕਾਰ ਇਸ ਗੰਭੀਰ ਤੋਂ ਗੰਭੀਰ ਹੁੰਦੇ ਜਾਂਦੇ ਮਸਲੇ ਤੇ ਸਖ਼ਤ ਰਵਈਆ ਕਿਉਂ ਨਹੀਂ ਅਪਣਾਉਂਦੀ? ਇਨ੍ਹਾਂ ਅੱਤਵਾਦੀਆਂ ਅਤੇ ਇਨ੍ਹਾਂ ਦੇ ਹਿਮਾਇਤੀਆਂ ਦੇ ਖ਼ਿਲਾਫ਼ ਕੋਈ ਫੈਸਲਾਕੁੰਨ ਕਦਮ ਕਿਉਂ ਨਹੀਂ ਚੁੱਕਦੀ? ਕੀ ਇਨ੍ਹਾਂ ਦੀ ਨੀਅਤ ਵਿੱਚ ਵੀ ਖੋਟ ਹੈ? ਕੀ ਇਹ ਜਾਣ ਬੁੱਝ ਕੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਚਾਹੁੰਦੇ? ਕੀ ਇਸ ਮਸਲੇ ਨੂੰ ਲਟਕਾ ਕੇ ਰੱਖਣ ਵਿੱਚ ਇਨ੍ਹਾਂ ਦਾ ਕੋਈ ਸਿਆਸੀ ਸਵਾਰਥ ਹੈ? ਕੀ ਇਹ ਅੰਦਰੋਂ ਡਰਪੋਕ ਹਨ? ਇਨ੍ਹਾਂ ਵਿੱਚ ਸਿਆਸੀ ਪ੍ਰਤੀਬੱਧਤਾ ਦੀ ਘਾਟ ਹੈ? ਸਾਡੇ ਹੁਕਮਰਾਨ ਅਮਰੀਕਾ ਅੱਗੇ ਦੁਹਾਈ ਦਿੰਦੇ ਹਨ ਕਿ ਉਹ ਪਾਕਿਸਤਾਨ ਨੂੰ ਅੱਤਵਾਦੀ ਮੁਲਕ ਗਰਦਾਨੇ, ਪਰ ਆਪ ਗਰਦਾਨਨ ਦੀ ਹਿੰਮਤ ਕਿਉਂ ਨਹੀਂ ਕਰਦੇ?

ਉਹ ਕੀ, ਸਾਡੀ ਸਰਕਾਰ ਤਾਂ ਜੋ ਕਰਦੀ ਪਈ ਹੈ, ਉਹ ਸਾਰਿਆਂ ਸਾਹਮਣੇ ਹੈ ਪਰ ਉਹ ਆਪੋਜੀਸ਼ਨ ਵਾਲੇ ਜਿਹੜੇ ਜੇ.ਐੱਨ.ਯੂ. ਵਿੱਚ ਦੇਸ਼ ਵਿਰੋਧੀ ਨਾਹਰੇ ਲਾਉਣ ਵਾਲਿਆਂ, ਦੇਸ਼ ਦੇ ਟੁਕੜੇ-ਟੁਕੜੇ ਕਰਨ ਵਾਲਿਆਂ ਦੀ ਹਿਮਾਇਤ ਲਈ ਭੱਜ-ਭੱਜ ਜੇ.ਐੱਨ.ਯੂ. ਜਾਣ ਵਾਲੇ ਰਾਹੁਲ, ਯੇਚਰੀ ਤੇ ਕੇਜਰੀ ਕਿੱਥੇ ਹਨ ਜਿਨ੍ਹਾਂ ਨੂੰ ਆਜ਼ਾਦ ਖ਼ਿਆਲ ਮੁੰਡਿਆਂ ਦੀ ਚਿੰਤਾ ਬਹੁਤ ਸਤਾਉਂਦੀ ਹੈ ਅਤੇ ਮੁਲਕ ਦੇ ਜਵਾਨਾਂ ’ਤੇ ਸਰੀਰਕ ਤੇ ਮਾਨਸਿਕ ਅੱਤਿਆਚਾਰ ਵਿਖਾਈ ਨਹੀਂ ਦਿੰਦਾ? ਹੁਣ ਕਿਉਂ ਨਹੀਂ ਕੁਸਕਦੇ? ਇਹ ਸਾਰੇ ਹੀ ਮੌਕਾ ਪ੍ਰਸਤ ਹਨ। ਸਿਆਸੀ ਰੋਟੀਆਂ ਸੇਕਣ ਵਾਲੇ ਇੱਕੋ ਥੈਲੀ ਦੇ ਚੱਟੇ-ਬੱਟੇ ਹਨ?

ਉੱਧਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਸੰਵੇਦਨਸ਼ੀਲਤਾ ਵੇਖੋ ਉਨ੍ਹਾਂ ਨੂੰ ਦੇਸ਼ ਧਰੋਹੀਆਂ, ਦੇਸ਼ ਦੇ ਖ਼ਿਲਾਫ ਬਗਾਵਤ ਕਰਨ ਵਾਲਿਆਂ ਨਾਲ ਹੁੰਦੀ ਵਧੀਕੀ ਤਾਂ ਝੱਟ ਵਿਖਾਈ ਦੇ ਜਾਂਦੀ ਹੈ, ਉਨ੍ਹਾਂ ਦਾ ਦਰਦਮੰਦ ਹਿਰਦਾ ਇਕਦਮ ਕੁਰਲਾਉਂਦਾ ਹੈ, ਹਮਦਰਦੀ ਵਿੱਚ ਪਰ ਉਨ੍ਹਾਂ ਦਹਿਸ਼ਤਗਰਦਾਂ-ਪੱਥਰਬਾਜ਼ਾਂ ਹੱਥੀਂ ਸ਼ਹੀਦ ਹੁੰਦੇ ਜਵਾਨਾਂ ਦੇ ਬੱਚਿਆਂ, ਯਤੀਮ-ਅਨਾਥ ਬੱਚਿਆਂ ਤੇ ਧੀਆਂ-ਭੈਣਾਂ ਦੇ ਵੈਣ ਸੁਣਾਈ ਨਹੀਂ ਦਿੰਦੇ। ਇਹ ਕਿਹੋ ਜਿਹਾ ਨਾਟਕ ਹੈ, ਜਿਹੜਾ ਅੰਤਰ-ਰਾਸ਼ਟਰੀ ਮੰਚ ’ਤੇ ਖੇਡਿਆ ਜਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ।”

ਇੱਕ ਹੋਰ ਸਾਬਕਾ ਫੌਜੀ ਅਫ਼ਸਰ ਨੇ ਚੁੱਪੀ ਤੋੜਦਿਆਂ ਕਿਹਾ, ਆਪ ਲੋਗੋਂ ਨੇ ਦੇਖਾ, ਕਿਸ ਤਰ੍ਹਾ ਹਮਾਰੇ ਜਵਾਨੋਂ ਕੇ ਹਿੱਸੇ ਕਾ ਰਾਸ਼ਨ ਬੜੇ ਅਧਿਕਾਰੀ ਹੜਪ ਕਰ ਜਾਤੇ ਹੈਂ? ਉਨ ਬੇਚਾਰੋਂ ਕੋ ਦਾਲ ਕੇ ਨਾਮ ਪਰ ਹਲਦੀ ਘੋਲ ਕੇ ਦੇ ਦਿੱਤੀ ਜਾਂਦੀ ਹੈ। ਕੈਸੇ ਹਮਾਰੇ ਜਵਾਨ ਉਨ ਅਫ਼ਸਰੋਂ ਕੇ ਬੱਚੇ ਔਰ ਕੁੱਤੇ-ਬਿੱਲੀਓ ਕੀ ਸੰਭਾਲ ਕਰਤੇ ਹੈਂ ਜੀ। ਉਨ ਜਵਾਨੋਂ ਕੋ ਫੌਜ ਮੇਂ ਦੇਸ਼ ਕੀ ਰਾਖੀ ਕੇ ਲਿਏ ਭਰਤੀ ਕੀਆ ਹੈ ਜਾਂ ਇੰਨ ਕਾਮੋਂ ਕੇ ਲਿਏ। ਦੁਖੀ ਜਵਾਨੋਂ ਨੇ ਸੋਸ਼ਲ ਮੀਡੀਆ ਕਾ ਸਹਾਰਾ ਲੀਆ। ਸਾਮ੍ਹਣੇ ਸਬੂਤ ਦੀਏ। ਫਿਰ ਉਨਹਾਂ ਦੇ ਖ਼ਿਲਾਫ ਹੀ ਐਕਸ਼ਨ-ਕੋਰਟ-ਮਾਰਸ਼ਲ ਕਿ ਤੂੰਨੇ ਫੌਜ ਕੀ ਬਦਨਾਮੀ ਕੀ ਹੈਦੇਖੋ ਬੇਚਾਰੋਂ ਕੋ ਆਪਣਾ ਦੁੱਖ, ਦਰਦ ਕਸ਼ਟ-ਬਤਾਨੇ ਕੀ ਭੀ ਆਜ਼ਾਦੀ ਨਹੀਂਇਨ੍ਹਾਂ ਵੱਡੇ ਅਫਸਰਾਂ ਨੇ ਵੀ ਗਦਰ ਮਚਾਇਆ ਹੂਆ ਹੈ। ਇਸ ਮੇਂ ਵੀ ਕਈ ਗੱਦਾਰ ਛੁਪੇ ਬੈਠੇ ਹੈਂ। ਮੀਡੀਆ ਵੀ ਕੁਝ ਦਿਨ ਸ਼ੋਰ ਮਚਾਤਾ ਹੈ। ਫਿਰ ਚੁੱਪ ਕਰ ਜਾਂਦਾ ਹੈ ਜਾਂ ਚੁੱਪ ਕਰਾ ਦਿੱਤਾ ਜਾਂਦਾ ਹੈ।” ਇਹ ਬਜ਼ੁਰਗ ਫੌਜੀ ਪੰਜਾਬੀ-ਹਿੰਦੀ ਮਿਸ਼ਰਤ ਕਰਕੇ ਬੋਲ ਰਹੇ ਸਨ।

ਮੈਂ ਤਾਂ ਕਹਿਨਾਂ ਜੀ, ਸਾਡੇ ਮੁਲਕ, ਸਾਡੀ ਕੌਮ ਦੀ ਅਣਖ ਹੀ ਖਤਮ ਹੋ ਗਈ ਹੈ। ਗੁਰੂ ਸਾਹਿਬਾਨ ਨੇ ਕਿਹਾ ਸੀ ਨਾ, ਜਬੈ ਬਾਣ ਲਗਿਉ, ਜਬੈ ਰੋਸ ਜਾਗਿਉ।’ ਇਹ ਮਹਾਂਵਾਕ ਵੀ ਹੁਣ ਬੇ ਮਾਇਨਾ ਹੋ ਗਿਆ ਲਗਦਾ ਹੈ। ਜੇ ਬਾਣ ਖਾ ਕੇ ਵੀ ਰੋਹ ਨਹੀਂ ਉਪਜਦਾ, ਇਸ ਦਾ ਮਤਲਬ ਹੈ ਕਿ ਸਾਡੀ ਕੌਮ ਮਰ ਗਈ ਹੈ। ਸਾਡੀ ਜ਼ਮੀਰ ਖ਼ਤਮ ਹੋ ਗਈ ਹੈਅਸੀਂ ਮੁਰਦੇ ਹੋ ਚੁੱਕੇ ਹਾਂ। ਇਨ੍ਹਾਂ ਜੀਉਂਦੀਆਂ ਲੋਥਾਂ ’ਤੇ ਰਾਸ਼ਟਰਵਾਦ ਦਾ ਝੰਡਾ ਲਹਿਰਾਇਆ ਜਾ ਰਿਹਾ ਹੈ। ਜਿਸ ਕੌਮ ਦੀ ਅਣਖ ਮਿਟ ਗਈ, ਸਮਝ ਲਵੋ ਉਹ ਕੌਮ, ਉਹ ਮੁਲਕ ਹੋਇਆ ਨਾ ਹੋਇਆ ਬਰਾਬਰ।”

ਵੇਖੋ ਜੀ, ਸਾਨੂੰ ਤਾਂ ਬੱਸ ਇਹੋ ਫਿਕਰ ਹੈ ਕਿ ਆਪਾਂ 2019 ਦੀ ਚੋਣ ਮੁੜ ਜਿੱਤ ਕੇ ਮੁਲਕ ਦੀ ਬਾਗਡੋਰ ਸੰਭਾਲਣੀ ਹੈ। ਮੁਲਕ ਦੇ ਵੱਧ ਤੋਂ ਵੱਧ ਰਾਜਾਂ ਵਿੱਚ ਕਮਲ ਖਿਡਾਉਣਾ ਹੈ। ਮਸਲਾ ਬਾਬਰੀ ਮਸਜਿਦ ਦਾ ਹੋਵੇ ਜਾਂ ਕਸ਼ਮੀਰ ਦਾ, ਜੇ ਹੱਲ ਹੋ ਗਏ ਤਾਂ ਫਿਰ ਸਾਡੇ ਪਾਸ ਮੁੱਦਾ ਕਿਹੜਾ ਬਚਣਾ ਹੈ। ਇਹ ਮੁੱਦੇ ਸਾਡੇ ਲਈ ਦੂਜੇ ਨੰਬਰ ’ਤੇ ਹਨ, ਪਹਿਲੋਂ ਸਾਡੀ ਕੁਰਸੀ। ਸਾਡੀ ਸੱਤਾ ਕਾਇਮ ਰਹਿਣੀ ਚਾਹੀਦੀ ਹੈ। ਸਾਡੀ ਪਸੰਦ ਦਾ ਰਾਸ਼ਟਰਪਤੀ ਬਣਨਾ ਚਾਹੀਦਾ ਹੈ। ਸਰਹੱਦਾਂ ਦੀ ਰਾਖੀ ਪਿਛਲੇ 70 ਸਾਲਾਂ ਤੋਂ ਹੋ ਹੀ ਰਹੀ ਹੈ, ਹੁੰਦੀ ਰਹੇਗੀ। ਜਿਸ ਮੁਲਕ ਵਿੱਚ ਕਬੂਤਰਬਾਜ਼ਾਂ, ਜੁਮਲੇਬਾਜ਼ਾਂ, ਘੋਟਾਲੇਬਾਜ਼ਾਂ ਦੀ ਚਾਂਦੀ ਹੈ, ਉੱਥੇ ਪੱਥਰਬਾਜ਼ਾਂ ਤੋਂ ਸਾਨੂੰ ਕੀ ਨੁਕਸਾਨ ਹੋ ਸਕਦਾ ਹੈ? ਆਪੇ ਹੀ ਇੱਕ ਦਿਨ ਥੱਕ ਹਾਰ ਕੇ ਬੈਠ ਜਾਣਗੇ।” ਇੱਕ ਬਜ਼ੁਰਗ ਨੇ ਵਿਅੰਗਮਈ ਸੁਰ ਵਿੱਚ ਆਪਣੇ ਮਨ ਦੀ ਗੱਲ ਕਹੀ।

ਬਜ਼ੁਰਗਾਂ ਵਲੋਂ ਆਪਣੇ ਮਨ ਦੀ ਭੜਾਸ ਕੱਢਣ ਦਾ ਸਿਲਸਿਲਾ ਜਾਰੀ ਸੀ। ਸਭ ਤੋਂ ਪਹਿਲੋਂ ਸਵਾਲ ਕਰਨ ਵਾਲੇ ਬਜ਼ੁਰਗ ਨੇ ਸੌ ਗਜ਼ ਰੱਸਾ ਸਿਰੇ ’ਤੇ ਗੰਢ ਬੰਨ੍ਹਦਿਆਂ ਉਸੇ ਰੋਹ ਭਰੀ ਅਵਾਜ਼ ਵਿੱਚ ਕਿਹਾ, “ਸੱਚਮੁੱਚ ਅਸੀਂ ਕਿੰਨੇ ਖ਼ੁਦਗਰਜ਼, ਸਵਾਰਥੀ, ਲਾਲਚੀ ਤੇ ਆਪਣੇ ਹੀ ਮੁਲਕ ਪ੍ਰਤੀ ਕਿੰਨੇ ਗੱਦਾਰ ਹੋ ਗਏ ਹਾਂ। ਸਾਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ, ਇਸ ਮੁਲਕ ਦਾ ਅੰਨਪਾਣੀ ਖਾ ਕੇ, ਇੱਥੋਂ ਦੀ ਆਬ-ਉ-ਹਵਾ ਵਿੱਚ ਸਾਹ ਲੈ ਕੇ, ਵਿਚਰ ਕੇ, ਇੱਥੋਂ ਦਾ ਨਮਕ ਹਰਾਮ ਕਰਦਿਆਂ। ਜੇ ਸਾਡੇ ਹੁਕਮਰਾਨ ਹੀ ਅੰਨ੍ਹੇ ਬੋਲੇ ਤੇ ਸੰਵੇਦਨਹੀਨ ਹੋ ਗਏ ਹਨ ਤਾਂ ਉਨ੍ਹਾਂ ਨੂੰ ਜਗਾਉਣ ਲਈ, ਝੰਝੋੜਣ ਲਈ, ਪੱਤਰਕਾਰ ਸਾਹਿਬ ਸਾਡੀ ਆਵਾਜ਼ ਉਨ੍ਹਾਂ ਦੇ ਕੰਨਾਂ ਤੀਕ ਪੁਜਾਓ।”

ਹਨੇਰਾ ਵਧ ਰਿਹਾ ਸੀ। ਗਰਮੀ ਕਾਰਣ ਪਾਰਕ ਦੀ ਹਰੀ ਘਾਹ ਵਿੱਚ ਲੁਕੇ ਕਸ਼ਮੀਰ ਦੇ ਪੱਥਰਬਾਜ਼ਾਂ ਵਾਂਗ ਹੀ ਮੋਟੇ-ਕਾਲੇ ਮੱਛਰਾਂ ਨੇ ਸਾਡੇ ’ਤੇ ਤਾਬੜ-ਤੋੜ ਹਮਲਾ ਕਰ ਦਿੱਤਾ ਸੀ। ਮੈਂ ਵੀ ਉਨ੍ਹਾਂ ਬਜ਼ੁਰਗਾਂ ਵਾਂਗ ਹੀ ਅੰਦਰੋਂ-ਅੰਦਰੀ ਕਿਸੇ ਜ਼ਖ਼ਮੀ ਸੱਪ ਵਾਂਗ ਜ਼ਹਿਰ ਘੋਲਦਾ, ਵੱਟ ਖਾਂਦਾ ਘਰ ਪਰਤ ਆਇਆ ਤੇ ਉਨ੍ਹਾਂ ਬਜ਼ੁਰਗਾਂ ਦੀ ਭੜਾਸ ਨੂੰ ਸ਼ਬਦਾਂ ਦਾ ਲਿਬਾਸ ਪੁਆਉਣ ਲਈ ਤਰਲੋਮੱਛੀ ਹੋਣ ਲੱਗਾ

ਭਾਰਤ ਦੇ ਹੁਕਮਰਾਨਾਂ ਅਤੇ ਨੌਜਵਾਨ ਪੀੜ੍ਹੀ ਤੱਕ ਉਨ੍ਹਾਂ ਦੇਸ਼-ਭਗਤ ਬਜੁਰਗਾਂ ਦੇ ਖੌਲਦੇ ਖੂਨ ਦੀ ਸਰਸਰਾਹਟ ਪੁਜਾਉਣ ਲਈ, ਕੁਝ ਲਿਖਣ ਲਈ, ਮੈਨੂੰ ਦੁਸ਼ਿਅੰਤ ਕੁਮਾਰ ਦਾ ਇਹ ਸ਼ੇਅਰ ਬਦੋਬਦੀ ਚੇਤੇ ਆ ਗਿਆ:

ਹੁਕਮਰਾਨੋਂ ਕੀ ਅਦਾਓਂ ਪਰ ਫਿਦਾ ਹੈ ਦੁਨੀਆ,
ਇਸ ਬਹਕਤੀ ਦੁਨੀਆ ਕੋ ਸੰਭਾਲੋ ਯਾਰੋ।

ਕੌਨ ਕਹਿਤਾ ਹੈ ਆਕਾਸ਼ ਮੇਂ ਸੁਰਾਖ ਹੋ ਨਹੀਂ ਸਕਤਾ,
ਏਕ ਪੱਥਰ ਤੋ ਤਬੀਯਤ ਸੇ ਉਛਾਲੋ ਯਾਰੋ।

ਉਹ ਪਾਲਤੂ ਪੱਥਰਬਾਜ਼ ਸਾਡੇ ਜਵਾਨਾਂ ’ਤੇ ਨਿੱਤ ਪੱਥਰਬਾਜ਼ੀ ਕਰ ਰਹੇ ਹਨ, ਉਨ੍ਹਾਂ ਦੀ ਬੇਹੁਰਮਤੀ ਕਰ ਰਹੇ ਹਨ। ਚਲੋਂ ਅਸੀਂ ਵੀ ਸਾਰੇ ਰਲ ਕੇ, ਜਵਾਬ ਵਿੱਚ ਇਕ ਅਜਿਹਾ ਪੱਥਰ ਉਛਾਲੀਏ ਕਿ ਰੋਜ਼-ਰੋਜ਼ ਦੀ ਇਹ ਪੱਥਰਬਾਜ਼ੀ ਬੰਦ ਹੋ ਜਾਏ ਅਤੇ ਦੁਸ਼ਮਣ ਨੂੰ ਮਾਕੂਲ ਜਵਾਬ ਵੀ ਮਿਲ ਜਾਵੇ।

*****

(688)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਧਰਮਪਾਲ ਸਾਹਿਲ

ਡਾ. ਧਰਮਪਾਲ ਸਾਹਿਲ

Hoshiarpur, Punjab, India.
Phone: (91 - 98761 - 56954)

Email: (dpsahil_panchvati@yahoo.com)

More articles from this author