DharamPalSahil7ਗੜ੍ਹਸ਼ੰਕਰ ਤੋਂ ਦਸੂਹਾ ਤਕ ਸੜਕਾਂ ਦੇ ਦੋਵੇਂ ਪਾਸੇ ਅਤੇ ਆਲੇ-ਦੁਆਲੇ ਅੰਬਾਂ ਦੇ ਬਾਗ ਹੀ ਬਾਗ ਸਨ ...
(30 ਦਸੰਬਰ 2021)

 

ਚੋਆਂ, ਅੰਬਾਂ ਦੇ ਬਾਗਾਂ ਅਤੇ ਸੰਤਾਂ ਲਈ ਮਸ਼ਹੂਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਦੇ ਪ੍ਰਾਚੀਨਤਮ ਜ਼ਿਲ੍ਹਿਆਂ ਵਿੱਚੋਂ ਸ਼ੁਮਾਰ ਹੋਣ ਦਾ ਮਾਣ ਪ੍ਰਾਪਤ ਹੈਪੰਜਾਬ ਦੇ ਉੱਤਰ ਪੂਰਬ ਵੱਲ ਸ਼ਿਵਾਲਿਕ ਦੀਆਂ ਹਰੀਆਂ-ਭਰੀਆਂ ਪਹਾੜੀਆਂ ਅਤੇ ਸਤਲੁਜ ਤੇ ਬਿਆਸ ਦਰਿਆ ਵਿਚਾਲੇ ਸਥਿਤ ਜ਼ਿਲ੍ਹਾ ਹੁਸ਼ਿਆਰਪੁਰ, ਦਸੰਬਰ 2021 ਵਿੱਚ ਆਪਣੀ ਸਥਾਪਨਾ ਦੀ 175 ਵੀਂ ਵਰ੍ਹੇਗੰਢ ਮਨਾ ਰਿਹਾ ਹੈਸਰਕਾਰੀ ਗਜ਼ਟੇਅਰ ਮੁਤਾਬਕ ਬ੍ਰਿਟਿ ਸਰਕਾਰ ਵੱਲੋਂ ਮਾਰਚ ਸੰਨ 1846 ਨੂੰ ਹੁਸ਼ਿਆਰਪੁਰ ਨੂੰ ਜਲੰਧਰ ਦੋਆਬ ਤੋਂ ਅਲੱਗ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀ ਅਤੇ ਮਿਸਟਰ ਜੇ. ਲਾਰੇਂਸ ਨੂੰ ਇਸ ਜ਼ਿਲ੍ਹੇ ਦਾ ਦੋ ਸਾਲਾਂ ਲਈ ਪ੍ਰਥਮ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀਇਤਿਹਾਸ ਮੁਤਾਬਕ ਹੁਸ਼ਿਆਰਪੁਰ ਦਾ ਜ਼ਿਕਰ ਬਾਦਸ਼ਾਹ ਅਕਬਰ ਦੇ ਸਮੇਂ ਅਬੁਲ ਫਜ਼ਲ ਵੱਲੋਂ ਲਿਖੀ ਗਈ ਵਿਸ਼ਵ ਪ੍ਰਸਿੱਧ ਪੁਸਤਕ ਆਈਨ-ਏ-ਅਕਬਰੀ ਵਿੱਚ ਵੀ ਦਰਜ਼ ਹੈਉਸ ਸਮੇਂ ਇਹ ਖੇਤਰ ਚੋਆਂ ਵਾਲਾ ਸ਼ਹਿਰ ਕਰਕੇ ਜਾਣਿਆ ਜਾਂਦਾ ਸੀਉਸ ਸਮੇਂ ਹੁਸ਼ਿਆਰਪੁਰ ਵਿੱਚ ਲਗਭਗ 914 ਚੋਅ (ਤਹਿਸੀਲ ਹੁਸ਼ਿਆਰਪੁਰ ਵਿੱਚ 442, ਤਹਿਸੀਲ ਗੜ੍ਹਸ਼ੰਕਰ ਵਿੱਚ 310 ਅਤੇ ਦਸੂਹਾ ਵਿੱਚ 162 ਛੋਟੇ-ਵੱਡੇ ਚੋਅ ਸਨ) ਇਨ੍ਹਾਂ ਚੋਆਂ ਦੀ ਮਾਰ ਹੇਠ ਆਉਣ ਕਰਕੇ ਹੁਸ਼ਿਆਰਪੁਰ ਦੀ ਲਗਭਗ 30, 000 ਹੈਕਟੇਅਰ ਉਪਜਾਉ ਜ਼ਮੀਨ ਬੇਕਾਰ ਸਮਝੀ ਜਾਂਦੀ ਸੀਗੜ੍ਹਸ਼ੰਕਰ ਤੋਂ ਦਸੂਹਾ ਤਕ ਸੜਕਾਂ ਦੇ ਦੋਵੇਂ ਪਾਸੇ ਅਤੇ ਆਲੇ-ਦੁਆਲੇ ਅੰਬਾਂ ਦੇ ਬਾਗ ਹੀ ਬਾਗ ਸਨਇਹ ਅੰਬਾਂ ਦੇ ਦਰਖਤ ਇੰਨੇ ਸੰਘਣੇ ਸਨ ਕਿ ਸਿਖਰ ਦੁਪਹਿਰੇ ਵੀ ਸੂਰਜ ਦੀ ਧੁੱਪ ਸੜਕ ਨੂੰ ਛੂਹ ਨਾ ਸਕਦੀਇਨ੍ਹਾਂ ਅੰਬਾ ਕਰਕੇ “ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾਵਰਗੇ ਲੋਕ ਗੀਤ ਪ੍ਰਚਲਤ ਹੋਏ

ਉਸ ਸਮੇਂ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਪੰਜ ਤਹਿਸੀਲਾਂ ਸਨਮੁਕੇਰੀਆਂ, ਹਰਿਆਣਾ, ਹੁਸ਼ਿਆਰਪੁਰ, ਊਨਾ ਅਤੇ ਗੜ੍ਹਸ਼ੰਕਰਇੱਕ ਨੰਵਬਰ 1966 ਨੂੰ ਪੰਜਾਬ ਵਿੱਚੋਂ ਹਿਮਾਚਲ ਪ੍ਰਦੇਸ਼ ਅਲੱਗ ਕਰ ਦਿੱਤਾ ਗਿਆਹਸ਼ਿਆਰਪੁਰ ਤੋਂ ਊਨਾ ਤਹਿਸੀਲ ਖੋਹ ਕੇ ਜ਼ਿਲ੍ਹਾ ਊਨਾ ਬਣਾ ਦਿੱਤਾ ਗਿਆ175 ਵਰ੍ਹੇ ਪਹਿਲਾਂ ਮਿਸਟਰ ਆਰ ਐੱਨ ਕਸਟ ਨੇ ਇਸ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਵਜੋਂ ਕਮਾਨ ਸਾਂਭੀ ਸੀਉਨ੍ਹੀਂ ਦਿਨੀਂ ਹਸ਼ਿਆਰਪੁਰ ਅਤੇ ਭੁੰਗਾ ਮਾਰਕੀਟ ਅਨਾਜ ਅਤੇ ਦਾਲਾਂ ਨੂੰ ਆਯਾਤ ਕਰਦੀਆਂ ਸਨਹੁਸ਼ਿਆਰਪੁਰ ਦੇ ਬਾਕੀ ਹਿੱਸੇ ਗੰਨਾ, ਤੰਬਾਕੂ, ਕਪਾਹ ਅਤੇ ਹੋਰ ਫਸਲਾਂ ਇੰਪੋਰਟ ਕਰਿਆ ਕਰਦੇ ਸਨ

ਸੰਨ 1881 ਵਿੱਚ ਹਸ਼ਿਆਰਪੁਰ ਦੀ ਪਹਿਲੀ ਜਨਗਣਨਾ ਅਨੁਸਾਰ ਇੱਥੇ ਹਿੰਦੂ 5334, ਸਿੱਖ-5721 ਮੁਸਲਮਾਨ-5291 ਅਤੇ ਜੈਨ- 5416 ਗਿਣਤੀ ਵਿੱਚ ਸਨਇੰਜ ਹੀ ਇਸਤਰੀ-ਪੁਰੁਖ ਅਨੁਪਾਤ 949: 1000 ਸੀਪੁਸਤਕ “ਆਈਨ-ਏ- ਅਕਬਰੀ” ਵਿੱਚ ਹੁਸ਼ਿਆਰਪੁਰ ਦੇ ਕਮਾਹੀ ਦੇਵੀ ਮੰਦਿਰ, ਵਿਰਾਟ ਨਗਰੀ, ਦਾਤਾਰਪੁਰ. ਬਜਵਾੜਾ, ਸ਼੍ਰੀ ਪੰਡਾਇਣ, ਕੁੰਤੀ ਪੁਰ ਅਤੇ ਜੇਜੋਂ ਆਦਿ ਦਾ ਜ਼ਿਕਰ ਮਿਲਦਾ ਹੈਇੰਜ ਹੁਸ਼ਿਆਰਪੁਰ ਦਾ ਅਸਤਿਤਵ ਮਹਾਭਾਰਤ ਕਾਲ ਨਾਲ ਵੀ ਜੁੜਦਾ ਹੈਭੰਗਾਲਾ ਦੇ ਰਾਏ ਮੁਰਾਦ ਨੇ ਬਿਆਸ ਦਰਿਆ ਕੰਢੇ ’ਤੇ ਵਸੇ ਪਿੰਡ ਚੰਗੜਵਾਂ ਲਾਗਿਉਂ ਸ਼ਾਹ ਨਹਿਰ ਖੁਦਵਾਈ ਸੀਜੇਜੋਂ ਨੂੰ ਪਹਾੜੀ ਰਾਜਿਆਂ ਦੀ ਰਿਆਸਤ ਦੱਸਿਆ ਗਿਆ ਹੈਦਸੂਹਾ ਦਾ ਕਿਲ੍ਹਾ 1848 ਵਿੱਚ ਢਾਹ ਦਿੱਤਾ ਗਿਆ ਸੀਜਦੋਂ ਕਿ ਇਹ ਕਿਲ੍ਹਾ 14 ਵਰ੍ਹੇ ਤਕ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਵਿੱਚ ਰਿਹਾ ਸੀਹੁਣ ਉਸ ਥਾਂ ’ਤੇ ਖੰਡਰ ਹੋਇਆ ਇੱਕ ਟਾਵਰ ਮਿਲਦਾ ਹੈਉੱਥੇ ਹੁਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਲ ਰਿਹਾ ਹੈਅੱਜ ਤੋਂ 175 ਵਰ੍ਹੇ ਪਹਿਲਾਂ ਹੁਸ਼ਿਆਰਪੁਰ ਵਿੱਚ ਕਰੇਵਾ ਯਾਨੀ ਵਿਧਵਾ ਵਿਆਹ ਦਾ ਰਿਵਾਜ ਸੀਇਸ ਇਲਾਕੇ ਵਿੱਚ ਵਿਧਵਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਸੀਜੱਟ ਅਤੇ ਰਮਦਾਸੀਏ ਸਿੱਖ ਵਿਧਵਾ ਵਿਆਹ ਖੁੱਲ੍ਹ ਕੇ ਕਰਦੇ ਸਨ ਪਰ ਬ੍ਰਾਹਮਣ ਵਿਧਵਾ ਵਿਆਹ ਦਾ ਵਿਰੋਧ ਕਰਦੇ ਸਨ

ਅਨਪੜ੍ਹਤਾ, ਅੰਧਵਿਸ਼ਵਾਸ, ਵਹਿਮ ਭਰਮ ਜ਼ੋਰਾਂ ’ਤੇ ਸਨਸਕੂਲਾਂ, ਸੜਕਾਂ, ਆਵਾਜਾਈ ਦੇ ਸਾਧਨਾਂ, ਹਸਪਤਾਲਾਂ, ਬਿਜਲੀ ਆਦਿ ਦੀ ਨਾਮਾਤਰ ਵਿਵਸਥਾ ਸੀਲੜਕੀਆਂ ਨੂੰ ਪੜ੍ਹਾਉਣ ਦਾ ਰਿਵਾਜ ਬਹੁਤ ਹੀ ਘੱਟ ਸੀਲੋਕ ਪੈਦਲ ਹੀ ਲੰਮੀਆਂ-ਲੰਮੀਆਂ ਯਾਤਰਾਵਾਂ ਸਮੂਹਾਂ ਵਿੱਚ ਕਰਿਆ ਕਰਦੇ ਸਨਬਰਾਤਾਂ ਵੀ ਪੈਦਲ ਜਾਂ ਘੋੜਿਆਂ ਆਦਿ ਤੇ ਆਉਂਦੀਆਂ-ਜਾਂਦੀਆਂ ਸਨਲੜਕੀ ਵਾਲਿਆਂ ਦੇ ਕਈ-ਕਈ ਦਿਨ ਠਹਿਰਦੀਆਂ ਹੁੰਦੀਆਂ ਸਨਖਾਸ ਕਰਕੇ ਲੜਕੀ ਦੇ ਵਿਆਹ ਨੂੰ ਸਾਰੇ ਪਿੰਡ ਵਾਲੇ ਹੀ ਰਲ-ਮਿਲ ਕੇ ਨੇਪਰੇ ਚੜ੍ਹਾਉਂਦੇ ਸਨ

ਉਸ ਸਮੇਂ ਕਿਸੇ ਦੇ ਘਰ ਲੜਕਾ ਪੈਦਾ ਹੋਣ ’ਤੇ ਉਸਦੇ ਪਿਤਾ ਨੂੰ ਖੱਬਲ ਘਾਹ ਦੇ ਤਿਨਕੇ ਦੇ ਕੇ ਵਧਾਈ ਦਿੱਤੀ ਜਾਂਦੀ ਸੀਉਹ ਘਾਹ ਦੇ ਤਿਨਕੇ ਆਪਣੀ ਪਗੜੀ ’ਤੇ ਸਜ਼ਾ ਲੈਂਦਾ ਸੀਉਹ ਖੁਸ਼ੀ ਨਾਲ ਗੁੜ-ਪਤਾਸੇ ਵੰਡਦਾ ਸੀ ਅਤੇ ਔਰਤਾਂ ਗੀਤ ਗਾਉਂਦੀਆਂ ਸਨਲੇਕਿਨ ਲੜਕੀ ਪੈਦਾ ਹੋਣ ’ਤੇ ਅਜਿਹਾ ਕੋਈ ਸ਼ਗਨ ਨਹੀਂ ਸੀ ਮਨਾਇਆ ਜਾਂਦਾਇਸ ਇਲਾਕੇ ਵਿੱਚ ਖੂਹ ਬਹੁਤ ਘੱਟ ਸਨਪੀਣ ਵਾਲੇ ਪਾਣੀ ਦੀ ਜਬਰਦਸਤ ਕਿੱਲਤ ਸੀਲੋਕ ਚੋਆਂ, ਟੋਭਿਆਂ ਅਤੇ ਦਰਿਆਵਾਂ ਦੇ ਪਾਣੀ ਨੂੰ ਹੀ ਖਾਣ-ਪੀਣ ਲਈ ਵਰਤਦੇ ਸਨਇਸ ਵਗਦੇ-ਠਹਿਰੇ ਪਾਣੀ ਵਿੱਚ ਗੁਨੀਆ ਨਾਂ ਦਾ ਕੀੜਾ ਵਧੇਰੇ ਮਿਲਦਾ ਸੀ ਜਿਸ ਕਰਕੇ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਸਨ

ਲੋਕੀਂ ਮੁੱਖ ਤੌਰ ’ਤੇ ਗਰਮੀਆਂ ਵਿੱਚ ਕਣਕ ਅਤੇ ਚਨੇ ਮਿਕਸ ਕਰਕੇ ਅਤੇ ਸਰਦੀਆਂ ਵਿੱਚ ਮੱਕੀ ਦੇ ਆਟੇ ਦੀਆਂ ਰੋਟੀਆਂ ਖਾਂਦੇ ਸਨਬੱਚੇ ਚੋਆਂ ਦੀ ਰੇਤੜ ਜ਼ਮੀਨ ’ਤੇ ਦੇਸੀ ਖੇਡਾਂ ਨਾਲ ਮਨ ਪਰਚਾਵਾ ਕਰਿਆ ਕਰਦੇ ਸਨਲੋਕਾਂ ਨੇ ਸਮੇਂ ਨੂੰ ਦੇਸੀ ਢੰਗ ਨਾਲ ਵੰਡਿਆ ਹੋਇਆ ਸੀਤੜਕੇ ਜਾਂ ਬੜਾਵੇਲਾ, ਮੂੰਹ ਹਨੇਰਾ ਜਾਂ ਨਮਾਜ਼ ਵੇਲਾ, ਸਵੇਰਾ (ਫਜ਼ਰ)-ਸੂਰਜ ਨਿਕਲਣ ਤੇ, ਸ਼ਾਹ ਵੇਲਾ (ਸਵੇਰੇ 8 ਤੋਂ 9 ਵਜੇ ਤਕ), ਰੋਟੀ ਵੇਲਾ (11 ਵਜੇ ਸਵੇਰੇ), ਦੁਪਹਿਰ (ਸਿਖਰ), ਲੌਢਾਵੇਲਾ (3 ਤੋਂ 5 ਵਜੇ ਦੁਪਹਿਰ ਬਾਅਦ), ਤਰਕਾਲਾਂ (ਸੂਰਜ ਅਸਤ), ਖਾਪਰਿਆ (7 ਵਜੇ ਸ਼ਾਮ ਗਰਮੀਆਂ, 8 ਵਜੇ ਸ਼ਾਮ ਸਰਦੀਆਂ) ਅਤੇ ਅਧਰੈਤ (ਅੱਧੀ ਰਾਤ)ਉਪਰੋਕਤ ਇਤਿਹਾਸਕ ਅਸਥਾਨਾਂ ਤੋਂ ਇਲਾਵਾ ਅੱਜ ਦਾ ਹਸ਼ਿਆਰਪੁਰ ਕਈ ਡੈਮਾਂ, ਢੋਲਵਾਹਾ ਡੈਮ, ਸਲੇਰਨ ਡੈਮ, ਮੈਲੀ ਡੈਮ, ਚੋਹਾਲ ਡੈਮ, ਥਾਨਾ ਡੈਮ, ਸ਼ੀਸ਼ ਮਹਿਲ, ਸ਼ਿਮਲਾ ਪਹਾੜੀ, ਵੀਵੀਆਰਆਈ ਸਾਧੂ ਆਸ਼ਰਮ, ਇਨਾਮੀ ਬਾਗ, ਬਜਵਾੜੇ ਦਾ ਸ਼ੇਰਸ਼ਾਹ ਸੂਰੀ ਦਾ ਕਿਲ੍ਹਾ, ਸੰਗੀਤ ਸਮਰਾਟ ਬੈਜੂ ਬਾਵਰਾ, ਆਰੀਆ ਸਮਾਜੀ ਹੰਸਰਾਜ, ਮਾਤਾ ਸੁੰਦਰੀ ਦੇ ਜਨਮ ਅਸਥਾਨ, ਤੱਖਣੀ ਰਹੀਮਪੁਰ ਵਾਈਲਡ ਲਾਈਫ ਸੇਂਚੁਰੀ, ਗੁਰਦਵਾਰਾ ਗਰਨਾ ਸਾਹਿਬ, ਗੁਰਦਵਾਰਾ ਹਰੀਆਂ ਵੇਲਾਂ, ਸਾਈਰਸ ਸਟੇਟ, ਤਪ ਅਸਥਾਨ ਖੁਰਾਲਗੜ੍ਹ, ਡੇਰਾ ਸੰਤ ਗੜ੍ਹ, ਮਾਤਾ ਰਾਗਿਨੀ ਦੇਵੀ ਮੰਦਿਰ, ਠਾਕੁਰ ਦੁਆਰਾ ਬਾਬਾ ਲਾਲ ਦਿਆਲ, ਰਾਮਟਟਵਾਲੀ ਮੰਦਿਰ, ਬਾਬਾ ਦਯਾਲੂ ਅਤੇ ਬਾਬਾ ਜੰਬੂਜੀਤ ਆਦਿ ਧਾਰਮਕ ਅਸਥਾਨਾਂ ਕਰਕੇ ਮਸ਼ਹੂਰ ਹੈਉੱਥੇ ਹੁਸ਼ਿਆਰਪੁਰ ਠੇਡੂ ਵਾਲਾ ਅੰਬ ਨਾਂ ਦੇ ਪੀਕ ਪੁਆਇੰਟ, ਜਿੱਥੋਂ ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਅਤੇ ਲਹੌਰ ਨੂੰ ਵੀ ਦੂਰਬੀਨ ਦੀ ਮਦਦ ਨਾਲ ਵੇਖਿਆ ਜਾ ਸਕਦਾ ਹੈ, ਕਰਕੇ ਵੀ ਵਿਲੱਖਣ ਹੈ

ਹੁਸ਼ਿਆਰਪੁਰ ਨੂੰ ਗਿਆਨੀ ਜ਼ੈਲ ਸਿੰਘ, ਕਾਸ਼ੀਰਾਮ, ਅੰਬਿਕਾ ਸੋਨੀ ਅਵਿਨਾਸ਼ ਰਾਏ ਖੰਨਾ ਵਰਗੇ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਿਆਸੀ ਨੇਤਾਵਾਂ, ਪ੍ਰੋ. ਪ੍ਰੇਮ ਕੁਮਾਰ ਨਜ਼ਰ, ਡਾ. ਤਿਰਲੋਕ ਤੁਲਸੀ, ਪ੍ਰੋ. ਬ੍ਰਿਜ ਬਿਹਾਰੀ ਚੌਬੇ, ਮੇਹਰ ਗੇਰਾ, ਮਹਿੰਦਰ ਸਿੰਘ ਰੰਧਾਵਾ, ਮੁਨੀਰ ਨਿਯਾਜੀ, ਜਗਦੀਸ਼ ਚੰਦਰ, ਸੰਤ ਰਾਮ ਬੀ.ਏ ਵਰਗੇ ਵਿਸ਼ਵ ਪ੍ਰਸਿੱਧ ਸ਼ਾਇਰਾਂ ਲੇਖਕਾਂ, ਅਮਰੀਸ਼ ਪੁਰੀ, ਮੋਨਿਕਾ ਬੇਦੀ, ਉਪਾਸ਼ਨਾ ਸਿੰਘ, ਕੁਲਬੀਰ ਬਡੇਸਰੋਂ, ਗੌਰੀ ਖਾਨ, ਅਵਿਨਾਸ਼ ਵਧਾਵਨ ਵਰਗੇ ਫਿਲਮੀ ਸਿਤਾਰਿਆਂ, ਅਮਾਨਤ ਅਲੀ ਖਾਨ, ਸ਼ਾਮ ਚੁਰਾਸੀ ਸੰਗੀਤ ਘਰਾਨਿਆਂ, ਮਨਮੋਹਨ ਵਾਰਿਸ, ਦੇਬੀ ਮਖਸੂਸਪੁਰੀ, ਕਮਲ ਹੀਰ ਅਤੇ ਸਤਿੰਦਰ ਸਰਤਾਜ ਆਦਿ ਗਾਇਕਾਂ, ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦ ਪੁਰੀ ਜਿਹੇ ਫੌਜੀ ਜਰਨੈਲਾਂ, ਪੰਡਿਤ ਜਗਤ ਰਾਮ ਅਜ਼ਾਦੀ ਘੁਲਾਟੀਏ, ਮੰਗੂਰਾਮ ਮੁਗੋਵਾਲੀਆ ਗਦਰੀ, ਉਲੰਪੀਅਨ ਜਰਨੈਲ ਸਿੰਘ ਤੇ ਗੁਰਦੇਵ ਸਿੰਘ ਜਿਹੇ ਫੁੱਟਬਾਲ ਖਿਡਾਰੀਆਂ ਆਦਿ ਕਰਕੇ ਜਾਣਿਆ ਜਾਂਦਾ ਹੈਅੰਤਰਰਾਸ਼ਟਰੀ ਮੁਸ਼ਾਰਿਆਂ ਲਈ ਮਸ਼ਹੂਰ ਹੁਸ਼ਿਆਰਪੁਰ ਵਿਖੇ ਹਾਲ ਵਿੱਚ ਇੱਥੋਂ ਦੀ ਸੱਭਿਆਚਾਰ ਸੰਭਾਲ ਸੁਸਾਇਟੀ ਵੱਲੋਂ ਹੁਸ਼ਿਆਰਪੁਰ ਦੀ 175 ਵੀਂ ਵਰ੍ਹੇਗੰਢ ਦੇ ਮੌਕੇ “ਜਸ਼ਨ-ਏ-ਹੁਸ਼ਿਆਰਪੁਰ” ਮਨਾ ਕੇ ਇਸ ਸ਼ਹਿਰ ਦੀ ਪੁਰਾਤਨਤਾ ਨੂੰ ਚੇਤੇ ਕੀਤਾ ਗਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3241)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਧਰਮਪਾਲ ਸਾਹਿਲ

ਡਾ. ਧਰਮਪਾਲ ਸਾਹਿਲ

Hoshiarpur, Punjab, India.
Phone: (91 - 98761 - 56954)

Email: (dpsahil_panchvati@yahoo.com)

More articles from this author