“ਇੰਜ ਮੇਰੇ ਹਕੀਕੀ ਪਰਿਵਾਰ ਤੋਂ ਇਲਾਵਾ ਵੀ ਮੇਰੇ ਪਾਤਰਾਂ ਦਾ ਇੱਕ ਆਭਾਸੀ ਸੰਸਾਰ ...”
(28 ਜੁਲਾਈ 2021)
ਮੇਰੇ ਆਪਣੇ ਘਰ ਵਿੱਚ ਮੇਰਾ ਇੱਕ ਛੋਟਾ ਜਿਹਾ ਸਟਡੀ ਰੂਮ ਹੈ, ਜਿਸ ਵਿੱਚ ਦੋ ਰੈਕਸ ਤੇ ਮੇਰੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ, ਹਰ ਵਿਸ਼ੇ ਨਾਲ ਸੰਬੰਧਤ ਤਾਬਾਂ ਹੀ ਕਿਤਾਬਾਂ ਹਨ। ਫਰਸ਼ ’ਤੇ ਵੀ ਕਿਤਾਬਾਂ ਟਿਕਾਈਆਂ ਹੋਈਆਂ ਹਨ। ਟੇਬਲ ਅਤੇ ਕਿਤਾਬਾਂ ਵਿਚਾਲੇ ਮਸਾਂ ਰਾਈਟਿੰਗ ਪੈਡ ਰੱਖਣ ਜੋਗੀ ਥਾਂ ਬਚੀ ਹੈ। ਉਂਜ ਮੈਂਨੂੰ ਤਖਤਪੋਸ਼ ਤੇ ਆਲੇ ਦੁਆਲੇ ਖਿੱਲਰੀਆ ਕਿਤਾਬਾਂ ਵਿਚਕਾਰ ਕੰਧ ਨਾਲ ਢਾਸਣਾ ਲਾ ਕੇ, ਪਾਲਥੀ ਮਾਰ ਕੇ ਪੱਟਾਂ ਤੇ ਰਾਈਟਿੰਗ ਬੋਰਡ ਰੱਖ ਕੇ ਲਿਖਣਾ-ਪੜ੍ਹਨਾ ਸੌਖਾ ਲੱਗਦਾ ਹੈ। ਇਸ ਕਮਰੇ ਦੀ ਸੱਜੀ ਕੰਧ ’ਤੇ ਬਣਵਾਇਆ ਵੱਡਾ ਰੈਕ, ਲਗਭਗ 35 ਵਰ੍ਹਿਆਂ ਦੇ ਸਾਹਿਤਕ ਸਫਰ ਦੌਰਾਨ ਉਪਲਬਧੀਆਂ ਵਜੋਂ ਮਿਲੇ ਮੋਮੈਂਟੋਜ਼, ਮੈਡਲਾਂ, ਕੱਪਾਂ ਅਤੇ ਸ਼ੀਲਡਾਂ ਨਾਲ ਨੱਕੋ ਨੱਕ ਭਰਿਆ ਪਿਆ ਹੈ। ਖੱਬੀ ਕੰਧ ’ਤੇ 26 ਜਨਵਰੀ 2007 ਨੂੰ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਅਬਦੁਲ ਕਲਾਮ ਜੀ ਨਾਲ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੀਆਂ ਚੋਣਵੀਆਂ ਸਿਰਜਣਸ਼ੀਲ ਹਸਤੀਆਂ ਨਾਲ ਮੁਲਾਕਾਤ ਦੀਆਂ ਯਾਦਗਾਰੀ ਤਸਵੀਰਾਂ ਹਨ। ਮੇਰੇ ਪ੍ਰੇਰਣਾ ਸਰੋਤ, ਮੇਰੇ ਆਦਰਸ਼ ਅਤੇ ਮਾਰਗਦਰਸ਼ਕ ਡਾ. ਕਲਾਮ ਜੀ ਦਾ ਹੰਸੂ-ਹੰਸੂ ਕਰਦਾ ਚਿਹਰਾ ਕਿਸੇ ਪੀਰ ਫਕੀਰ ਜਾਂ ਦਰਵੇਸ਼ ਦੀ ਦੁਆ ਵਾਂਗ ਮੇਰੇ ਅੰਦਰ ਨਿੱਤ ਨਵੀਂ ਊਰਜਾ ਅਤੇ ਤਾਜ਼ਗੀ ਭਰਦਾ ਹੈ।
ਆਪਣੇ ਸਟਡੀ ਰੂਮ ਅੰਦਰ ਪ੍ਰਵੇਸ਼ ਕਰਦਿਆਂ ਹੀ ਮੈਂ ਇੱਕ ਵਿਲੱਖਣ ਅਤੇ ਅਲੌਕਿਕ ਦੁਨੀਆ ਵਿੱਚ ਪ੍ਰਵੇਸ਼ ਕਰ ਜਾਂਦਾ ਹਾਂ। ਇੱਥੇ ਮੈਂ ਕਿਤਾਬਾਂ ਵਿਚਕਾਰ ਬੈਠ ਕੇ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਚੰਗੇ ਦੋਸਤਾਂ ਨਾਲ ਘਿਰਿਆ ਮਹਿਸੂਸ ਕਰਦਾ ਹਾਂ। ਇਹ ਕਮਰਾ ਮੇਰੀ ਸਾਹਿਤਕ ਕਰਮ ਭੂਮੀ ਹੈ। ਸਾਹਿਤ ਸਾਧਨਾ ਲਈ ਇੱਕ ਤਪ ਅਸਥਾਨ ਹੈ। ਇਸ ਕਮਰੇ ਦਾ ਸੰਨਾਟਾ ਵੀ ਮੇਰਾ ਹਮ ਸਫਰ ਹੈ। ਇੱਥੇ ਮੈਂ ਕਹਾਣੀ, ਨਾਵਲ ਲਿਖਦਾ ਆਪਣੇ ਪਾਤਰਾਂ ਨਾਲ ਬਹਿਸ ਵੀ ਪੈਂਦਾ ਹਾਂ। ਕਦੇ ਰੁੱਸ ਵੀ ਜਾਂਦਾ ਹਾਂ। ਉਨ੍ਹਾਂ ਨਾਲ ਦਲੀਲਬਾਜ਼ੀ ਵੀ ਕਰ ਲੈਂਦਾ ਹਾਂ। ਇਸ ਬਹਿਸ ਮੁਬਾਹਸੇ ਵਿੱਚ ਕਦੇ ਮੈਂ ਜਿੱਤ ਜਾਂਦਾ ਹਾਂ, ਕਦੇ ਉਹ ਜਿੱਤ ਜਾਂਦੇ ਹਨ। ਮੈਂਨੂੰ ਰੁੱਸੇ ਹੋਏ ਨੂੰ ਕਦੇ ਉਹ ਮਨਾ ਲੈਂਦੇ ਹਨ। ਕਦੇ ਮੈਂ ਆਪ ਹੀ ਮੰਨ ਜਾਂਦਾ ਹਾਂ। ਇੱਥੇ ਮੈਂ ਆਪਣੀਆਂ ਸਾਰੀਆਂ ਕਮਜ਼ੋਰੀਆਂ, ਘਾਟਾਂ ਅਤੇ ਆਪਹੁਦਰੀਆਂ ਦੇ ਰੂਬਰੂ ਹੁੰਦਾ ਹਾਂ। ਇੱਥੇ ਆਪਣੇ ਆਪ ਨਾਲ ਮੁਲਾਕਾਤ ਦਾ ਸਬੱਬ ਵੀ ਬਣ ਜਾਂਦਾ ਹੈ। ਇਸ ਕਮਰੇ ਵਿੱਚ ਬੈਠ ਕੇ ਮੈਂ ਉਹ ਕੁਝ ਵੀ ਸੁਣ ਲੈਂਦਾ ਹਾਂ ਜੋ ਕਿਸੇ ਹੋਰ ਨੂੰ ਸੁਣਾਈ ਨਹੀਂ ਦਿੰਦਾ। ਉਹ ਕੁਝ ਵੇਖ ਲੈਂਦਾ ਹਾਂ ਜੋ ਕਿਸੇ ਹੋਰ ਨੂੰ ਵਿਖਾਈ ਨਹੀਂ ਦਿੰਦਾ। ਇੱਥੇ ਬੈਠ ਕੇ ਮੈਂਨੂੰ ਉਹ ਕੁਝ ਵੀ ਸੁੱਝ ਜਾਂਦਾ ਹੈ ਜੋ ਕਿਸੇ ਆਮ ਨੂੰ ਨਹੀਂ ਸੁਝਾਈ ਦਿੰਦਾ। ਮੇਰਾ ਸਟਡੀ ਰੂਮ ਸਮਰਿਤੀਆਂ ਦੀ ਲਾਲਟੇਨ ਨਾਲ ਰੌਸ਼ਨ ਰਹਿੰਦਾ ਹੈ। ਇਹ ਮਿੱਠੀਆਂ-ਕੌੜੀਆਂ ਸਮਰਿਤੀਆਂ ਹੀ ਤਾਂ ਹਨ ਜਿਹੜੀਆਂ ਕਥਾ-ਕਹਾਣੀ, ਨਾਵਲ, ਕਵਿਤਾ ਆਦਿ ਵਿੱਚ ਢਲ ਕੇ, ਫਿਰ ਪੁਸਤਕਾਂ ਦਾ ਰੂਪ ਧਾਰਣ ਕਰਕੇ ਪਾਠਕਾਂ ਦੇ ਹੱਥਾਂ ਤੀਕ ਅੱਪੜਦੀਆਂ ਹਨ ਤੇ ਸਮਾਜ ਵਿੱਚ ਮੇਰੀ ਪਛਾਣ ਇੱਕ ਲੇਖਕ ਵਜੋਂ ਬਣੀ ਹੋਈ ਹੈ। ਆਪਣੇ ਸਟਡੀ ਰੂਮ ਦਾ ਬੂਹਾ ਢੋਅ ਕੇ ਮੈਂ ਆਪਣੇ ਦੁੱਖਾਂ, ਨਾਕਾਮਯਾਬੀਆਂ, ਆਪਣੇ ਨਾਲ ਹੋਈਆਂ ਬੇਵਫਾਈਆਂ, ਵਧੀਕੀਆਂ ਅਤੇ ਵਿਛੜੇ ਹੋਏ ਰਿਸ਼ਤੇਦਾਰਾਂ, ਸੱਜਣਾਂ-ਸਨੇਹੀਆਂ ਨੂੰ ਚੇਤੇ ਕਰ ਕੇ ਰੋ ਕੇ ਆਪਣਾ ਮਨ ਹਲਕਾ ਕਰ ਲੈਂਦਾ ਹਾਂ। ਕਿਓਂਕਿ ਮੈਂ ਆਪਣੇ ਬੱਚਿਆਂ ਅਤੇ ਪਰਿਵਾਰ ਸਾਹਮਣੇ ਅੱਖਾਂ ਭਰ ਕੇ ਆਪਣੇ ਆਪ ਨੂੰ ਕਮਜ਼ੋਰ ਤੇ ਬੁਜਦਿਲ ਸਾਬਿਤ ਨਹੀਂ ਕਰ ਸਕਦਾ। ਉਹ ਮੈਂਨੂੰ ਮਜ਼ਬੂਤ ਇੱਛਾ ਸ਼ਕਤੀ, ਵੱਡੇ ਜਿਗਰੇ ਤੇ ਹੌਸਲੇ ਵਾਲਾ ਆਦਮੀ ਸਮਝ ਕੇ ਆਪ ਦਲੇਰ ਬਣੇ ਰਹਿੰਦੇ ਹਨ। ਮੈਂ ਆਪਣੇ ਬਾਰੇ ਬਣਿਆ ਇਹ ਭਰਮ ਬਣਾਈ ਰੱਖਣਾ ਚਾਹੁੰਦਾ ਹਾਂ।
ਮੇਰੇ ਸਟਡੀ ਰੂਮ ਦੀ ਹਵਾ ਕਿਤਾਬਾਂ ਦੀ ਮਹਿਕ ਦੇ ਨਾਲ-ਨਾਲ ਮੇਰੇ ਹਉਕਿਆਂ, ਆਹਾਂ ਅਤੇ ਹੰਝੂਆਂ ਦੀ ਨਮੀ ਨਾਲ ਸਿੱਲ੍ਹੀ-ਸਿੱਲ੍ਹੀ ਰਹਿੰਦੀ ਹੈ। ਇਹ ਨਮੀ ਮੇਰੀ ਸੰਵੇਦਨਸ਼ੀਲਤਾ ਨੂੰ ਜਿਊਂਦਾ ਰੱਖਦੀ ਹੈ ਤੇ ਕੁਝ ਨਵਾਂ ਸਿਰਜਣ ਲਈ ਪ੍ਰੇਰਦੀ ਰਹਿੰਦੀ ਹੈ। ਇੱਥੇ ਮੈਂ ਪੜ੍ਹਦਿਆਂ-ਲਿਖਦਿਆਂ ਸਾਰੀ ਕਾਇਨਾਤ ਤੋਂ ਬੇਖਬਰ ਕਿਸੇ ਸੱਚ ਦੀ ਖੋਜ ਵਿੱਚ ਲੀਨ ਹੁੰਦਾ ਹਾਂ। ਕਿਸੇ ਧਿਆਨ ਵਿੱਚ ਗੋਤੇ ਲਾ ਰਿਹਾ ਹੁੰਦਾ ਹਾਂ। ਸ਼ਾਇਦ ਇਹ ਮੁਦਰਾ ਹੀ ਤਾਂ ਮੇਡੀਟੇਸ਼ਨ ਦੀ ਅਵਸਥਾ ਹੁੰਦੀ ਹੈ। ਇੱਥੇ ਬੈਠ ਕੇ ਮੈਂ ਬਾਕੀ ਸਾਰੀ ਦੁਨੀਆ ਤੋਂ ਟੁੱਟ ਕੇ ਆਪਣੇ ਅੰਦਰਲੇ ਦੀ ਤਲਾਸ਼ ਕਰਦਾ ਹਾਂ। ਸਾਹਿਤ ਸਿਰਜਣਾ ਵੀ ਤਾਂ ਅਸਲ ਸੱਚ ਦੀ ਖੋਜ ਹੀ ਹੈ। ਇਸ ਲਈ ਮੈਂਨੂੰ ਕਦੇ ਕਿਸੇ ਹੋਰ ਪੂਜਾ-ਪਾਠ ਜਾਂ ਧਿਆਨ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ। ਜਦੋਂ ਮੈਂ ਕੋਈ ਨਵੀਂ ਕਹਾਣੀ ਜਾਂ ਨਾਵਲ ਲਿਖਣਾ ਸ਼ੁਰੂ ਕਰਦਾ ਹਾਂ ਤਾਂ ਪਾਤਰਾਂ ਦੇ ਝੁਰਮਟ ਵਿੱਚ ਫਸਿਆ ਮੈਂ ਉਨ੍ਹਾਂ ਅੰਦਰ ਪਰਕਾਇਆ ਪ੍ਰਵੇਸ਼ ਕਰ ਜਾਂਦਾ ਹਾਂ। ਕਈ ਵਾਰੀ ਉਹ ਪਾਤਰ ਮੇਰੀ ਉਂਗਲੀ ਫੜ ਕੇ ਤੁਰਨ ਦੀ ਬਜਾਏ ਆਪ ਮੁਹਾਰੇ ਹੋ ਜਾਂਦੇ ਹਨ। ਮੇਰੀ ਸੋਚ ਨਾਲ ਬਗਾਵਤ ਕਰ ਜਾਂਦੇ ਹਨ। ਇੰਜ ਲੱਗਣ ਲਗਦਾ ਹੈ ਜਿਵੇਂ ਮੈਂ ਰਚਨਾ ਨੂੰ ਨਹੀਂ ਸਗੋਂ ਰਚਨਾ ਇੱਕ ਲੇਖਕ ਨੂੰ ਸਿਰਜ ਰਹੀ ਹੋਵੇ।। ਫਿਰ ਉਹ ਪਾਤਰ ਸਟਡੀ ਰੂਮ ਤੋਂ ਬਾਹਰ ਆਉਣ ਮਗਰੋਂ ਵੀ ਮੇਰੇ ਅੰਗ-ਸੰਗ ਬਣੇ ਰਹਿੰਦੇ ਹਨ। ਮੈਂ ਕੋਈ ਸ੍ਰਿਸ਼ਟੀ ਦਾ ਰਚਨਹਾਰਾ ਨਹੀਂ ਹਾਂ ਪਰ ਇਹ ਨਿਸ਼ਚਿਤ ਹੈ ਕਿ ਮੇਰੀ ਕਲਮ ਹੱਥੋਂ ਸਿਰਜੇ ਗਏ ਇਨ੍ਹਾਂ ਪਾਤਰਾਂ ਦੀ ਉਮਰ ਮੇਰੇ ਨਾਲੋਂ ਲੰਮੀ ਹੀ ਹੋਵੇਗੀ। ਇੰਜ ਮੇਰੇ ਹਕੀਕੀ ਪਰਿਵਾਰ ਤੋਂ ਇਲਾਵਾ ਵੀ ਮੇਰੇ ਪਾਤਰਾਂ ਦਾ ਇੱਕ ਆਭਾਸੀ ਸੰਸਾਰ ਮੇਰੇ ਸਟਡੀ ਰੂਮ ਵਿੱਚ ਵਸਦਾ ਹੈ, ਜਿਨ੍ਹਾਂ ਕਰਕੇ ਮੈਂ ਕਦੇ ਇੱਕਲਾਪਣ ਮਹਿਸੂਸ ਨਹੀਂ ਕਰਦਾ। ਮੈਂ ਆਪਣੇ ਸਟਡੀ ਰੂਮ ਵਿੱਚ ਜਿੱਥੇ ਕਈ ਪੁਸਤਕਾਂ ਦੇ ਜਨਮ ਦਾ ਜਸ਼ਨ ਮਨਾਇਆ ਹੈ, ਉੱਥੇ ਕਈ ਰਚਨਾਵਾਂ ਦੀ ਕੁੱਖ ਵਿੱਚ ਹੀ ਮੌਤ ਦਾ ਸੋਗ ਵੀ।
ਰੈਕ ’ਤੇ ਪਈਆਂ ਪੁਸਤਕਾਂ ਬਾਰ ਬਾਰ ਮੇਰੇ ਹੱਥਾਂ ਦੇ ਸਪਰਸ਼ ਲਈ ਲੋਚਦੀਆਂ ਹਨ। ਜਦੋਂ ਕਿਸੇ ਲੋੜੀਂਦੀ ਕਿਤਾਬ ਨੂੰ ਲੱਭਣ ਲਈ ਮੇਰੇ ਹੱਥ ਇਨ੍ਹਾਂ ਨੂੰ ਸਪਰਸ਼ ਕਰਦੇ ਹੋਣਗੇ, ਸਚਮੁਚ ਇਨ੍ਹਾਂ ਕਿਤਾਬਾਂ ਨੂੰ ਚੰਗਾ-ਚੰਗਾ ਮਹਿਸੂਸ ਹੁੰਦਾ ਹੋਵੇਗਾ। ਇਸ ਸਟਡੀ ਰੂਮ ਵਿੱਚ ਇਨ੍ਹਾਂ ਕਿਤਾਬਾਂ ਦੇ ਨਾਲ ਨਾਲ ਕਿਸੇ ਅਜਾਇਬਘਰ ਵਾਂਗ ਆਉਟਡੇਟਡ ਬਲੈਕ ਐਂਡ ਵਾਈਟ ਯਾਸ਼ੀਕਾ ਕੈਮਰਾ, ਸਿਆਹੀ ਵਾਲੇ ਫਾਊਂਟੇਨ ਪੈੱਨ, ਬਲੈਕ ਐਂਡ ਵਾਈਟ ਛੋਟਾ ਟੀ.ਵੀ., ਟੇਪ ਰਿਕਾਰਡਰ ਅਤੇ ਫੈਕਸ ਮਸ਼ੀਨ ਆਦਿ ਪਏ ਹੋਏ ਹਨ। ਕਦੇ ਇਹ ਮੇਰੀ ਲਿਖਣ ਯਾਤਰਾ ਦੌਰਾਨ ਸਭ ਤੋਂ ਚੰਗੇ, ਵਫਾਦਾਰ ਤੇ ਸੁਹਿਰਦ ਸਾਥੀ ਰਹੇ ਸਨ। ਹੁਣ ਇਨ੍ਹਾਂ ਸਾਰਿਆਂ ਦੀ ਥਾਂ ਇਕੱਲੇ ਮੁਬਾਈਲ ਨੇ ਲੈ ਲਈ ਹੈ। ਕੁਝ ਆਪ ਖਰੀਦੀਆਂ, ਕੁਝ ਲੇਖਕ ਮਿੱਤਰਾਂ ਵਲੋਂ ਭੇਂਟ ਕੀਤੀਆਂ, ਅਖਬਾਰਾਂ ਤੇ ਪੱਤਰਕਾਵਾਂ ਵਲੋਂ ਸਮੀਖਿਆ ਹਿਤ ਭੇਜੀਆਂ ਪੁਸਤਕਾਂ ਨਾਲ ਜਦੋਂ ਮੇਰਾ ਸੱਟਡੀ ਰੂਮ ਨੱਕੋ-ਨੱਕ ਭਰ ਜਾਂਦਾ ਹੈ ਤਾਂ ਮੈਂ ਉਨ੍ਹਾਂ ਵਿੱਚੋਂ ਚੋਣਵੀਆਂ ਪੁਸਤਕਾਂ ਸਾਂਭ ਕੇ ਬਾਕੀ ਦੀਆਂ ਕਿਸੇ ਸਕੂਲ ਜਾਂ ਕਾਲਿਜ ਨੂੰ ਭੇਂਟ ਕਰ ਦਿੰਦਾ ਹਾਂ। ਇਸ ਕਮਰੇ ਵਿੱਚ ਬੈਠਿਆਂ-ਬੈਠਿਆਂ ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਮੇਰੇ ਬਾਅਦ ਇਸ ਸਟਡੀ ਰੂਮ ਦਾ ਕੀ ਬਣੇਗਾ? ਮੇਰੇ ਪਰਿਵਾਰ ਵਿੱਚ ਤਾਂ ਕਿਸੇ ਹੋਰ ਨੂੰ ਪੜ੍ਹਨ-ਲਿਖਣ ਦਾ ਇਹ ਐਬ ਨਹੀਂ ਹੈ। ਇਹ ਸੋਚ ਕੇ ਮੈਂ ਕੁਝ ਪਲਾਂ ਲਈ ਉਦਾਸ ਜ਼ਰੂਰ ਹੋ ਜਾਂਦਾ ਹਾਂ। ਇਸ ਕਮਰੇ ਦੇ ਚੀਕਦੇ ਸੰਨਾਟੇ ਦੇ ਸ਼ੋਰ ਵਿੱਚ ਮੈਂਨੂੰ ਅਸੀਮ ਸ਼ਾਂਤੀ ਅਤੇ ਸਕੂਨ ਹਾਸਿਲ ਹੁੰਦਾ ਹੈ। ਮੇਰੀ ਇੱਛਾ ਹੈ ਕਿ ਅੰਤਿਮ ਸਮੇਂ ਵੀ ਮੈਂ ਆਪਣੇ ਸੱਟਡੀ ਰੂਮ ਵਿੱਚ ਹੀ ਹੋਵਾਂ ਅਤੇ ਕਿਤਾਬਾਂ ਰੂਪੀ ਸਭ ਤੋਂ ਚੰਗੇ ਦੋਸਤਾਂ ਦੀ ਹਾਜ਼ਰੀ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2922)
(ਸਰੋਕਾਰ ਨਾਲ ਸੰਪਰਕ ਲਈ: