“ਮੈਂ ਬੱਸ ਇੰਨਾ ਕਿਹਾ, “ਤੁਹਾਡੀ ਪੁਸਤਕ ਚੰਗੀ ਹੈ। ਇੱਕ ਨਗ ‘ਪੰਜਾਬੀ ਟ੍ਰਿਬਿਊਨ’ ਨੂੰ ਭਿਜਵਾ ...”![]()
(14 ਜਨਵਰੀ 2026)
ਸੁਰਜੀਤ ਬੈਂਸ ਚਲੀ ਗਈ! ਨਾਲ ਹੀ ਚੰਡੀਗੜ੍ਹ-ਮੁਹਾਲੀ ਵਿੱਚ ਸਜਦੀ ਆਪਣੀ ਕਿਸਮ ਦੀ ਇੱਕੋ-ਇੱਕ ਸਾਹਿਤਕ ਮਹਿਫਲ ਦਾ ਵੀ ਅੰਤ ਹੋ ਗਿਆ। ਇਸ ਦੁਸ਼ਹਿਰ ਵਿੱਚ ਕਈ ਸਾਹਿਤਕ-ਸੱਭਿਆਚਾਰਕ ਸਭਾਵਾਂ ਸਰਗਰਮ ਹਨ, ਬੈਠਕਾਂ ਹੁੰਦੀਆਂ ਹਨ, ਗੋਸ਼ਟੀਆਂ ਹੁੰਦੀਆਂ ਹਨ, ਸਮਾਗਮ ਹੁੰਦੇ ਹਨ, ਪਰ ਮਹਿਫਲ ਸੁਰਜੀਤ ਦੇ ਘਰ ਹੀ ਸਜਦੀ ਸੀ। ਉਹ ਮਹੀਨੇ ਮਗਰੋਂ ਲੇਖਕਾਂ ਨੂੰ ਬੁਲਾਉਂਦੀ। ਪੱਚੀ-ਤੀਹ ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਦੀ ਰੌਣਕ ਹੋ ਜਾਂਦੀ। ਰਚਨਾਵਾਂ ਵੀ ਪੇਸ਼ ਹੁੰਦੀਆਂ, ਉਹਨਾਂ ਬਾਰੇ ਚਰਚਾ ਵੀ ਹੁੰਦੀ, ਵਿੱਚੇ ਅਪਣੱਤ-ਭਰੀਆਂ ਗੱਲਾਂ ਦਾ ਤੜਕਾ ਲਗਦਾ ਰਹਿੰਦਾ। ਖੁਸ਼ੀ ਦੀ ਕਿਣਮਿਣ ਵਰ੍ਹਦੀ ਰਹਿੰਦੀ ਅਤੇ ਅੰਤ ਵਿੱਚ ਵਿਆਹ ਵਰਗਾ ਭੋਜਨ ਪਰੋਸਿਆ ਜਾਂਦਾ। ਉਹ ਇਨ੍ਹਾਂ ਮਾਸਕ ਮਹਿਫਲਾਂ ਦੇ ਵਿੱਚ-ਵਿਚਾਲੇ ਵੀ ਮਿਲ ਬੈਠਣ ਲਈ ਬਹਾਨਾ ਭਾਲਦੀ ਰਹਿੰਦੀ। ਅਜਿਹੀ ਹੀ ਮਾਸਕ ਮਹਿਫਲਾਂ ਤੋਂ ਵਧੀਕ ਇੱਕ ਮਹਿਫਲ ਉਹਨੇ ਚੰਡੀਗੜ੍ਹ ਤੋਂ ਮੇਰੀ ਵਾਪਸੀ ਸਮੇਂ ਸਜਾਈ ਸੀ ਤੇ ਆਮ ਨਾਲੋਂ ਵੱਧ ਹੋਏ ਇਕੱਠ ਵਿੱਚ ਮੈਨੂੰ ਬੜੇ ਮੋਹ ਨਾਲ ਵਿਦਾਅ ਕੀਤਾ ਸੀ। ਉਸ ਸਮੇਂ ਤੋਂ ਸਾਡਾ ਨੇੜਲਾ ਸੰਪਰਕ ਬਣਿਆ ਰਿਹਾ। ਇੱਕ ਦਿਨ ਜਸਬੀਰ ਭੁੱਲਰ ਦੀਆਂ ਗੱਲਾਂ ਵਿੱਚੋਂ ਉਹਦੀ ਸਾਹਿਤਕ ਮਹਿਫਲ ਦਾ ਪਤਾ ਲੱਗਿਆ ਤਾਂ ਮੈਂ ਫੋਨ ਕੀਤਾ, “ਬੀਬੀ, ਕੱਲ੍ਹ ਹਵਾ ਮੁਹਾਲੀ ਵੱਲੋਂ ਵਗਦੀ ਸੀ, ਬੜੀਆਂ ਖ਼ੁਸ਼ਬੋਈਆਂ ਆ ਰਹੀਆਂ ਸਨ।”
ਉਹ ਖੁੱਲ੍ਹ ਕੇ ਹੱਸੀ, “ਭਰਾ, ਤੁਸੀਂ ਆਉਂਦੇ ਤਾਂ ਹੈ ਨਹੀਂ। ਖ਼ੁਸ਼ਬੋਈਆਂ ਖਾਣੇ ਦੀਆਂ ਨਹੀਂ ਸਨ, ਆਪਣੇ ਕਲਮਾਂ ਵਾਲਿਆਂ ਦੀਆਂ ਸਨ। …ਅੱਛਾ ਆਪਾਂ ਇਉਂ ਕਰਦੇ ਹਾਂ। ਤੁਸੀਂ ਜਿਸ ਦਿਨ ਵੀ ਆਉਣਾ ਹੋਵੇ, ਮੈਨੂੰ ਇੱਕ ਦਿਨ ਪਹਿਲਾਂ ਦੱਸ ਦੇਣਾ, ਉਸੇ ਦਿਨ ਸਭ ਨੂੰ ਬੁਲਾ ਲਵਾਂਗੇ। ਆਪਾਂ ਦਿਨਾਂ ਦੇ ਗ਼ੁਲਾਮ ਥੋੜ੍ਹੋ ਹਾਂ, ਦਿਨ ਆਪਣੇ ਗ਼ੁਲਾਮ ਨੇ!”
ਕੁਛ ਮਹੀਨੇ ਪਹਿਲਾਂ ਉਹਨੇ ਆਪਣੀ ਪੁਸਤਕ ‘ਮੈਂ ਤੇ ਮੇਰੇ’ ਭੇਜੀ। ਮਿੱਤਰ ਪਿਆਰਿਆਂ ਦੀਆਂ ਭੇਜੀਆਂ ਪੁਸਤਕਾਂ ਵੱਲ ਆਯੂ ਦੀ ਮਜਬੂਰੀ ਕਾਰਨ ਬਣੇ ਆਪਣੇ ਹੁਣ ਦੇ ਵਿਹਾਰ ਅਨੁਸਾਰ ਮੈਂ ਸਾਂਭਣ ਤੋਂ ਪਹਿਲਾਂ ਸਰਸਰੀ ਨਜ਼ਰ ਮਾਰਨ ਲੱਗਿਆ। ਕੁਛ ਸਤਰਾਂ ਪੜ੍ਹ ਕੇ ਨਜ਼ਰ ਪਹਿਲਾਂ ਅਟਕੀ, ਫੇਰ ਪੁੱਠੀ ਮੁੜੀ ਤੇ ਸ਼ੁਰੂ ਤੋਂ ਸ਼ਬਦ-ਸ਼ਬਦ ਪੜ੍ਹਨ ਲੱਗੀ। ਮੈਂ ਉਹਦੇ ਜੀਵਨ ਬਾਰੇ ਕਾਫ਼ੀ ਕੁਛ ਜਾਣਦਾ ਸੀ, ਪਰ ਬਹੁਤਾ ਕੁਛ ਜਾਣਨ ਦੀ, ਉਹਦੇ ਨਿੱਜ ਵਿੱਚ ਡੂੰਘਾ ਜਾਣ ਦੀ ਨਾ ਕਦੀ ਲੋੜ ਮਹਿਸੂਸ ਹੋਈ ਸੀ ਤੇ ਨਾ ਕਦੀ ਮੌਕਾ ਬਣਿਆ ਸੀ। ਹੁਣ ਉਹਦਾ ਸਾਰਾ ਆਪਾ ਪੁਸਤਕ ਦੇ ਪੰਨਿਆਂ ਉੱਤੇ ਉਜਾਗਰ ਹੋਇਆ ਪਿਆ ਸੀ। ਇੱਕ ਪਾਸੇ ਉਹ ਇੱਕ ਨਰਮ-ਦਿਲ, ਮੋਹਖੋਰੀ, ਦੁਖਿਆਰਿਆਂ ਦੀ ਹਮਦਰਦ ਅਤੇ ਮਦਦਗਾਰ, ਖ਼ੂਬਸੂਰਤ ਇਨਸਾਨ ਵਜੋਂ ਸਾਹਮਣੇ ਆਉਂਦੀ ਹੈ, ਦੂਜੇ ਪਾਸੇ ਉਹਦੀ ਆਪਣੀ ਜ਼ਿੰਦਗੀ ਵਿੱਚ ਵੱਡੇ ਦੁੱਖ ਲੜੀ ਬੰਨ੍ਹ ਕੇ ਆਉਂਦੇ ਹਨ। ਇਨ੍ਹਾਂ ਦੁੱਖਾਂ ਵਿੱਚ ਉਹਦੇ ਇਕਲੌਤੇ ਜਵਾਨ ਪੁੱਤਰ ਦੀ ਲੰਮੀ ਅਤੇ ਕਸ਼ਟਾਂ-ਭਰੀ ਮੌਤ ਵੀ ਸ਼ਾਮਲ ਸੀ। ਹਰ ਦੁੱਖ ਉਹਨੂੰ ਡੇਗਦਾ ਹੈ, ਨਿਰਾਸ ਕਰਦਾ ਹੈ, ਤੋੜਦਾ ਹੈ, ਪਰ ਉਹ ਖੜ੍ਹੀ ਹੁੰਦੀ ਹੈ, ਆਸ ਦਾ ਪੱਲਾ ਫੜਦੀ ਹੈ, ਟੁਕੜੇ ਝਾੜ-ਪੂੰਝ ਕੇ ਆਪਣੇ ਵਜੂਦ ਨੂੰ ਜੋੜਦੀ ਹੈ ਤੇ ਜੀਵਨ ਦੇ ਸਫਰ ਉੱਤੇ ਪਹਿਲਾਂ ਨਾਲੋਂ ਵਧੀਕ ਹਿੰਮਤ ਨਾਲ ਤੁਰ ਪੈਂਦੀ ਹੈ। ਹੋਰ ਤਾਂ ਹੋਰ, ਵੀਹ ਕੁ ਸਾਲ ਪਹਿਲਾਂ ਉਹਨੂੰ ਮੂੰਹ ਦਾ ਕੈਂਸਰ ਹੋ ਗਿਆ। ਸੁਣਨ ਵਾਲਾ ਉਦਾਸ ਹੋ ਜਾਂਦਾ, ਪਰ ਉਹਦੇ ਬੋਲਾਂ ਵਿੱਚੋਂ ਕਦੀ ਨਿਰਾਸਾ ਦੀ ਝਲਕ ਨਾ ਪਈ। ਆਖਰ ਉਹ ਇਸ ਬਿਮਾਰੀ ਨੂੰ, ਜਿਸਦਾ ਨਾਂ ਸੁਣ ਕੇ ਹੀ ਮਰੀਜ਼ ਦਿਲ ਛੱਡ ਬੈਠਦੇ ਹਨ, ਵੀ ਪਿਛਾੜਨ ਵਿੱਚ ਸਫਲ ਹੋ ਗਈ।
ਜਿਵੇਂ ਉਹਦੀ ਪੁਸਤਕ ਨੇ ਮੈਨੂੰ ਸੁਤੇਸਿਧ ਹੀ ਪੜ੍ਹਨ ਲਾ ਲਿਆ ਸੀ, ਉਹਦੀ ਜੀਵਨ-ਕਹਾਣੀ ਨੇ ਮੇਰੀਆਂ ਉਂਗਲਾਂ ਲੈਪਟਾਪ ਦੇ ਅੱਖਰਾਂ ਉੱਤੇ ਟਿਕਾ ਦਿੱਤੀਆਂ। ਲਿਖਤ ਮੈਂ ‘ਪੰਜਾਬੀ ਟ੍ਰਿਬਿਊਨ’ ਨੂੰ ਭੇਜ ਦਿੱਤੀ, ਪਰ ਇਹ ਭੇਤ ਉਹਨੂੰ ਨਹੀਂ ਦੱਸਿਆ। ਮੈਂ ਬੱਸ ਇੰਨਾ ਕਿਹਾ, “ਤੁਹਾਡੀ ਪੁਸਤਕ ਚੰਗੀ ਹੈ। ਇੱਕ ਨਗ ‘ਪੰਜਾਬੀ ਟ੍ਰਿਬਿਊਨ’ ਨੂੰ ਭਿਜਵਾ ਦਿਓ, ਉਹ ਚੰਗੀਆਂ ਪੁਸਤਕਾਂ ਬਾਰੇ ਜ਼ਰੂਰ ਲਿਖਵਾ ਦਿੰਦੇ ਹਨ।” ਜਦੋਂ ਉਹਨੇ ਮੇਰਾ ਲਿਖਿਆ ਪੜ੍ਹਿਆ, ਫੋਨ ਆਇਆ, “ਤੁਸੀਂ ਤਾਂ ਮੈਨੂੰ ਉੱਚੇ ਅੰਬਰੀਂ ਚਾੜ੍ਹ ਦਿੱਤਾ ਹੈ!”
ਕੁਛ ਦਿਨ ਲੰਘੇ ਤਾਂ ਫੇਰ ਫੋਨ ਆਇਆ, “ਪਰਸੋਂ ਮੈਂ ਆਪਣੇ ਨਾਲ ਸੁਰਿੰਦਰ ਅਤੈ ਸਿੰਘ ਨੂੰ ਲੈ ਕੇ ਤੁਹਾਨੂੰ ਮਿਲਣ ਆ ਰਹੀ ਹਾਂ।” ਬਹੁਤ ਗੱਲਾਂ ਹੋਈਆਂ ਤੇ ਦੁੱਖ-ਦੁੱਖ ਸਾਂਝੇ ਹੋਏ।
ਕਿਸੇ ਦੀ ਸਹਾਇਤਾ ਕਰਨ ਦੇ ਮੌਕੇ ਨੂੰ ਉਹ ਧੰਨਭਾਗ ਸਮਝਦੀ। ਇਸ ਸਹਾਇਤਾ ਦਾ ਤਰੀਕਾ ਵੀ ਅਜਿਹਾ ਹੁੰਦਾ ਕਿ ਅਗਲੇ ਨੂੰ ਅਹਿਸਾਨਮੰਦੀ ਮਹਿਸੂਸ ਨਾ ਹੋਵੇ। ਉਹ ਫੇਰ ਕਦੀ ਕਿਤੇ ਅਜਿਹੀ ਸਹਾਇਤਾ ਦਾ ਜ਼ਿਕਰ ਵੀ ਨਹੀਂ ਸੀ ਕਰਦੀ। ਜੇ ਕੋਈ ਨਿਓਟੀ-ਨਿਆਸਰੀ ਕਿਸੇ ਬਿਧ ਉਹਦੇ ਘਰ ਪਹੁੰਚ ਗਈ, ਇਹ ਉਹਦੀ ਓਟ ਅਤੇ ਆਸਰਾ ਬਣ ਗਈ। ਉਹਨੂੰ ਮਨੁੱਖ ਤੋਂ ਨੀਵੇਂ ਜੀਵਨ ਦੀ ਦਲਦਲ ਵਿੱਚੋਂ ਉਭਾਰ ਕੇ ਮਨੁੱਖੀ ਜੀਵਨ ਵਿੱਚ ਪ੍ਰਵੇਸ਼ ਕਰਵਾ ਦਿੱਤਾ। ਇੱਕ ਸਾਹਿਤਕ ਵਾਰਤਾ ਸੁਣੋ। ਕਵੀ ਸ਼ਿਵਨਾਥ ਫ਼ੱਕਰ-ਫਕੀਰ ਬੰਦਾ ਸੀ। ਉਹਦਾ ਕਾਵਿ-ਸੰਗ੍ਰਹਿ ਦੋਸਤਾਂ-ਮਿੱਤਰਾਂ ਅਤੇ ਪ੍ਰਸ਼ੰਸਕ ਪਾਠਕਾਂ ਸਦਕਾ ਛਪ ਜਾਂਦਾ। ਮੁਹਾਲੀ-ਚੰਡੀਗੜ੍ਹ ਵਿੱਚ ਕਈ ਲੇਖਕ-ਪਾਠਕ ਉਹਦੇ ਪ੍ਰਸ਼ੰਸਕ ਸਨ, ਜਿਨ੍ਹਾਂ ਨੂੰ ਉਹ ਆਪਣੀ ਹਰ ਪੁਸਤਕ ਹੱਥੀਂ ਦੇਣ ਜਾਂਦਾ। ਛਪੀ ਹੋਈ ਪੂਰੀ ਕੀਮਤ ਤਾਂ ਉਹ ਦਿੰਦੇ ਹੀ, ਕਈ ਵੱਧ ਵੀ ਦੇ ਦਿੰਦੇ। ਉਹਨਾਂ ਵਿੱਚ ਸੁਰਜੀਤ ਵੀ ਸੀ। ਨਾਲ ਹੀ ਉਹ ਆਖਦੀ, “ਮਿਲਣੀ ਵਾਲੇ ਦਿਨ ਕੁਛ ਪੁਸਤਕਾਂ ਲੈ ਆਉਣਾ।” ਉਹ ਪੁਸਤਕ ਮੇਜ਼ ਉੱਤੇ ਰੱਖਦੀ ਤੇ ਆਖਦੀ, “ਲਓ ਭਾਈ, ਸ਼ਿਵਨਾਥ ਦੀ ਨਵੀਂ ਕਿਤਾਬ ਆਈ ਹੈ। ਪੰਜ ਸੌ ਰੱਖ ਕੇ ਕਿਤਾਬ ਚੁੱਕ ਲਵੋ। ਨਹੀਂ ਫੇਰ ਜਿੰਨੇ ਮਰਜ਼ੀ ਰੱਖ ਦਿਓ, ਪਰ ਛਪੀ ਕੀਮਤ ਜਿੰਨੇ ਤਾਂ ਹੋਣ ਹੀ।” ਤੋਰ-ਤੁਰਾਈ ਵੇਲੇ ਉਹ ਪੈਸੇ ਸ਼ਿਵਨਾਥ ਦੀ ਜੇਬ ਵਿੱਚ ਪਾ ਦਿੰਦੀ ਤੇ ਬਚੀਆਂ ਪੁਸਤਕਾਂ ਉਹਦੇ ਥੈਲੇ ਵਿੱਚ।
ਸ਼ਿਵਨਾਥ ਦੇ ਚਲਾਣੇ ਮਗਰੋਂ ਮੈਨੂੰ ਉਹਦੀ ਨੂੰਹ ਦਾ ਫੋਨ ਆਇਆ, “ਅੰਕਲ ਜੀ, ਪਿਤਾ ਜੀ ਦੇ ਕਿਤਾਬਾਂ ਦੇ ਢੇਰ ਦਾ ਕੀ ਕਰੀਏ?”
ਮੈਂ ਕਿਹਾ, “ਜੋ ਹੋਰਾਂ ਦੀਆਂ ਲਿਖੀਆਂ ਹੋਈਆਂ ਨੇ, ਮੁੰਡਾ ਆ ਕੇ ਮੇਰੇ ਪਿੰਡ ਦੀ ਲਾਇਬਰੇਰੀ ਲਈ ਲੈ ਜਾਵੇਗਾ। ਜੋ ਸ਼ਿਵਨਾਥ ਦੀਆਂ ਆਪਣੀਆਂ ਲਿਖੀਆਂ ਹੋਈਆਂ ਨੇ, ਮੈਨੂੰ ਗਿਣਤੀ ਸਮੇਤ ਉਹਨਾਂ ਦੇ ਨਾਂ ਭੇਜ ਦੇ।”
ਮੈਂ ਸਾਰੀ ਗੱਲ ਦੱਸ ਕੇ ਸੱਤਪਾਲ ਭੀਖੀ ਨੂੰ ਕਿਹਾ, ਪਟਿਆਲਾ ਲਿਖਣ-ਪੜ੍ਹਨ ਵਾਲਿਆਂ ਦਾ ਸ਼ਹਿਰ ਹੈ, ਕੁਛ ਕਰ। ਉਹ ਪੈਸੇ ਦੇ ਕੇ ਗਠੜੀ ਬੰਨ੍ਹ ਲਿਆਇਆ। ਪਰ ਕੁਛ ਪੁਸਤਕਾਂ ਜ਼ਿਆਦਾ ਗਿਣਤੀ ਦੀਆਂ ਸਨ, ਜੋ ਬਚ ਰਹੀਆਂ। ਆਖਰੀ ਢੋਈ ਮੈਨੂੰ ਸੁਰਜੀਤ ਬੈਂਸ ਹੀ ਦਿਸੀ, ਭਾਵੇਂ ਕਿ ਮੈਨੂੰ ਅਹਿਸਾਸ ਸੀ ਕਿ ਇਹ ਪੁਸਤਕਾਂ ਉਹਦੇ ਘਰ ਪਹਿਲਾਂ ਹੀ ਮਿਲਣੀਆਂ ਵਿੱਚ ਰੱਖੀਆਂ ਜਾ ਚੁੱਕੀਆਂ ਹਨ। ਸਾਰੀ ਵਾਰਤਾ ਸੁਣ ਕੇ ਸੁਰਜੀਤ ਬੋਲੀ, ਉਹਨਾਂ ਨੂੰ ਕਹੋ, ਮੇਰੇ ਘਰ ਦੇ ਜਾਣ। ਮਿਲਣੀ ਮਗਰੋਂ ਉਹਦਾ ਫੋਨ ਆਇਆ, ਉਹਨਾਂ ਨੂੰ ਕਹੋ, ਪੈਸੇ ਤੇ ਕੁਛ ਬਚੀਆਂ ਕਿਤਾਬਾਂ ਲੈ ਜਾਣ।
ਜਦੋਂ ਸੁਰਜੀਤ ਸੁਰਿੰਦਰ ਨਾਲ ਮੈਨੂੰ ਮਿਲਣ ਆਈ, ਮੈਂ ਕਿਹਾ, “ਬੀਬੀ, ਤੁਹਾਡੀ ਸਿਹਤ ਠੀਕ ਪਈ ਹੈ, ਇਹਨੂੰ ਸੰਭਾਲ ਕੇ ਰੱਖੋ। ਤੁਹਾਡੇ ਵਰਗੇ ਇਨਸਾਨਾਂ ਦੀ ਸਮਾਜ ਨੂੰ ਬਹੁਤ ਲੋੜ ਹੈ।”
ਉਹ ਬੋਲੀ, “ਭਰਾ, ਸਮਾਜ ਦਾ ਤਾਂ ਮੈਂ ਕੀ ਸੰਵਾਰ ਦੇਣਾ ਹੈ, ਪਰ ਮੇਰੀ ਸਿਹਤ ਨੂੰ ਚੰਗੀ ਕਿਹਾ ਤਾਂ ਕੀ ਕਿਹਾ! ਮੈਂ ਤਾਂ ਪੁੱਠੀ ਤੁਰੀ ਹੋਈ ਹਾਂ, ਸਦਾ-ਬਹਾਰ ਜਵਾਨੀ ਵੱਲ। ਦਿਨੋ-ਦਿਨ ਜਵਾਨ ਹੁੰਦੀ ਜਾਂਦੀ ਹਾਂ, ਪਹਿਲਾਂ ਨਾਲੋਂ ਸੋਹਣੀ ਹੁੰਦੀ ਜਾਂਦੀ ਹਾਂ। ਸ਼ੀਸ਼ਾ ਦੇਖਦੀ ਹਾਂ ਤਾਂ ਲਗਦਾ ਹੈ, ਆਪਣੀ ਜਵਾਨੀ ਵੇਲੇ ਦੀ ਤਸਵੀਰ ਦੇਖ ਰਹੀ ਹਾਂ! ਜ਼ਿੰਦਗੀ ਦੇ ਕੁਤਕੁਤਾੜੀਆਂ ਕੱਢਦੀ ਫਿਰਦੀ ਹਾਂ, ਜਿਵੇਂ ਰੱਬ ਦੇ ਵਿਆਹ ਆਈ ਹੋਈ ਹੋਵਾਂ।”
ਫੇਰ ਹੱਸ ਕੇ ਹੌਲੀ ਜਿਹੀ ਕਹਿੰਦੀ, “ਮੇਰੇ ਤਾਂ ਖੰਭ ਨਿਕਲ ਆਏ ਨੇ। ਮੈਨੂੰ ਤਾਂ ਇਸ਼ਕ ਵੀ ਹੋ ਗਿਆ ਹੈ। ਉਹ ਵਾਲਾ ਇਸ਼ਕ ਨਹੀਂ, ਆਪਣੇ ਨਾਲ ਇਸ਼ਕ, ਆਪਣਿਆਂ-ਬਿਗਾਨਿਆਂ ਸਭਨਾਂ ਨਾਲ ਇਸ਼ਕ, ਜ਼ਿੰਦਗੀ ਨਾਲ ਇਸ਼ਕ, ਦੁਨੀਆ ਨਾਲ ਇਸ਼ਕ! ਜ਼ਿੰਦਗੀ ਜੋ ਵੀ ਹੈ, ਕਮਾਲ ਦਾ ਕ੍ਰਿਸ਼ਮਾ ਹੈ। ਹਰ ਪਲ ਮੇਰੇ ਲਈ ਅਣਮੁੱਲਾ ਹੈ। ਮੌਤ ਦਾ ਤਾਂ ਮੈਨੂੰ ਕਦੀ ਚੇਤਾ ਹੀ ਨਹੀਂ ਆਉਂਦਾ।”
ਅਜਿਹੇ ਦਿਲਦਾਰ ਇਨਸਾਨ ਘੱਟ ਹੀ ਹੁੰਦੇ ਹਨ। ਹਰ ਮੌਤ ਨੂੰ “ਪੂਰਾ ਨਾ ਹੋਣ ਵਾਲਾ ਘਾਟਾ” ਕਹਿਣਾ ਰਸਮੀ ਵਰਤਾਰਾ ਹੈ। ਕਈ ਬਦਕਿਸਮਤ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਘਾਟਾ ਪਰਿਵਾਰ ਨੂੰ ਵੀ ਮਹਿਸੂਸ ਨਹੀਂ ਹੁੰਦਾ। ਕਈਆਂ ਦਾ ਪਰਿਵਾਰ ਅਤੇ ਆਪਣਿਆਂ ਤਕ ਸੀਮਿਤ ਰਹਿੰਦਾ ਹੈ। ਜਿਨ੍ਹਾਂ ਭਲੇ ਲੋਕਾਂ ਦਾ ਚਲਾਣਾ ਵਡੇਰੇ ਸਮਾਜਿਕ ਅਤੇ ਸਾਹਿਤਕ ਹਲਕਿਆਂ ਲਈ ਚੀਸ ਬਣਦਾ ਹੈ, ਸੁਰਜੀਤ ਬੈਂਸ ਉਹਨਾਂ ਵਿੱਚੋਂ ਸੀ! ਉਹਦੇ ਵਰਗੇ ਚਲਾਣੇ ਬਾਰੇ ਹੀ ਤਾਂ ਕਬੀਰ ਜੀ ਨੇ ਕਿਹਾ ਸੀ: ਕਬੀਰਾ ਮਰਤਾ ਮਰਤਾ ਜਗ ਮੁਆ, ਮਰ ਭਿ ਨ ਜਾਨੈ ਕੋਇ। ਐਸੀ ਮਰਨੀ ਜੋ ਮਰੈ ਬਹੁਰਿ ਨਾ ਮਰਨਾ ਹੋਇ!
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































