“ਜ਼ਿੰਦਗੀ ਤੇ ਮੌਤ ਵਿਚਕਾਰ ਝੂਲਦੇ ਮਾਂ ਤੇ ਬੱਚਾ ਕਿਸੇ ਸਮੇਂ ਵੀ ਮੌਤ ਵੱਲ ਤਿਲ੍ਹਕ ਸਕਦੇ ਸਨ ...”
(29 ਦਸੰਬਰ 2016)
ਮੇਰੇ ਬਚਪਨ ਵੇਲੇ ਪਿੰਡਾਂ ਵਿਚ ਗਊਆਂ ਦੇ ਵੱਗ ਛਿੜਦੇ ਸਨ। ਉਸ ਜ਼ਮਾਨੇ ਵਿਚ ਪੇਂਡੂ ਘਰਾਂ ਵਿਚ ਤੰਦਰੁਸਤੀ ਦਾ ਮੁੱਖ ਆਧਾਰ ਦੁੱਧ, ਦਹੀਂ, ਮਖਣੀ ਤੇ ਘਿਓ ਹੀ ਸੀ। ਕੋਲੈਸਟਰੋਲ, ਜੋ ਹੁਣ, ਕੀ ਪੇਂਡੂ ਤੇ ਕੀ ਸ਼ਹਿਰੀ, ਹਰ ਬੰਦੇ ਦੀਆਂ ਲਹੂ-ਨਾੜੀਆਂ ਵਿਚ ਵੜੀ ਬੈਠੀ ਹੈ, ਸ਼ਹਿਰਾਂ ਵਿਚ ਤਾਂ ਭਾਵੇਂ ਮਾੜਾ-ਮੋਟਾ ਪ੍ਰਵੇਸ਼ ਕਰ ਚੁੱਕੀ ਹੋਵੇ, ਪਿੰਡਾਂ ਦੇ ਲੋਕਾਂ ਦੀ ਸਖ਼ਤ ਸਰੀਰਕ ਮਿਹਨਤ-ਮੁਸ਼ੱਕਤ ਤੇ ਸਰਗਰਮ ਰਹਿਤਲ ਤੋਂ ਡਰਦੀ ਫਿਰਨੀ ਦੇ ਅੰਦਰ ਨਹੀਂ ਸੀ ਆਉਂਦੀ। ਜਿਸ ਉਮਰ ਵਿਚ ਬੰਦੇ ਨੂੰ ਹੁਣ ਡਾਕਟਰ ਅਣਚੋਪੜੀ ਰੋਟੀ ਖਾਣ ਲਾ ਦਿੰਦੇ ਹਨ, ਉਸ ਉਮਰ ਨੂੰ ਪਹੁੰਚਿਆ ਹਰ ਪੇਂਡੂ ਬਜ਼ੁਰਗ ਆਪਣੇ ਪਰਿਵਾਰ ਨੂੰ ਆਖਦਾ, “ਬਈ ਸਿਆਲ ਆ ਗਿਆ। ਮੈਨੂੰ ਤਾਂ ਵੇਲੇ-ਸਿਰ ਪੰਸੇਰੀ ਘਿਓ ਵਿਚ ਅਲਸੀ, ਮੇਥੇ, ਜਮਾਇਣ ਤੇ ਹੋਰ ਸਭ ਸਮਗਰੀ ਪਾ ਕੇ ਪਿੰਨੀਆਂ ਬਣਾ ਦਿਓ।” ਉਹ ਗਰਮ ਗਰਮ ਅਣਘਾਲੇ ਦੁੱਧ ਨਾਲ ਪਿੰਨੀ ਛਕਦਾ ਤਾਂ ‘ਬਲੌਕੇਜ’ ਹੋਣ ਦੀ ਥਾਂ ਨਾੜਾਂ ਵਿਚ ਲਹੂ ਖੇਤ ਵਾਲੇ ਹਲਟ ਦੇ ਪਾਣੀ ਵਾਂਗ ਬੇਰੋਕ ਵਗ ਤੁਰਦਾ!
ਘਰ ਘਰ ਮੱਝਾਂ-ਗਊਆਂ ਹੁੰਦੀਆਂ ਸਨ। ਆਮ ਕਰਕੇ ਵੱਗ ਮੱਝਾਂ ਦੇ ਨਹੀਂ, ਗਊਆਂ ਦੇ ਹੀ ਛਿੜਦੇ। ਸ਼ਾਇਦ ਇਹਦਾ ਕਾਰਨ ਤੁਰਨ-ਫਿਰਨ ਦੇ ਪੱਖੋਂ ਗਊਆਂ ਦੇ ਮੁਕਾਬਲੇ ਮੱਝਾਂ ਦਾ ਬਹੁਤ ਸੁਸਤ ਚਾਲ ਵਾਲੀਆਂ ਹੋਣਾ ਸੀ। ਗਊਆਂ ਇਸ ਪੱਖੋਂ ਏਨੀਆਂ ਚੁਸਤ ਹੁੰਦੀਆਂ ਕਿ ਉਹਨਾਂ ਦੀ ਭੱਜ-ਭਜਾਈ ਨੂੰ ਤਾਂ ਲਲਕਾਰੇ ਮਾਰ ਕੇ ਤੇ ਡਾਂਗ ਦਿਖਾ ਕੇ ਮੱਠੀ ਕਰਨਾ ਪੈਂਦਾ।
ਪਿੰਡ ਦੇ ਬਾਹਰ ਕੋਈ ਖੁੱਲ੍ਹੀ ਥਾਂ ਗਊਆਂ ਇਕੱਠੀਆਂ ਕਰਨ ਲਈ ਮਿਥ ਲਈ ਜਾਂਦੀ। ਸਵੇਰੇ ਸਵੇਰੇ ਲੋਕ ਆਪਣੀਆਂ ਗਊਆਂ ਉੱਥੇ ਛੱਡ ਆਉਂਦੇ। ਰੋਜ਼ ਦੀ ਆਦਤ ਪਈ ਹੋਣ ਕਰਕੇ ਗਊਆਂ ਬਿਨਾਂ ਕਿਸੇ ਸੰਗਲ-ਰੱਸੇ ਤੋਂ ਆਰਾਮ ਨਾਲ ਖਲੋਤੀਆਂ ਰਹਿੰਦੀਆਂ। ਕੋਈ ਨਾ ਕੋਈ ਬੰਦਾ ਪੁੰਨ ਦਾ ਕੰਮ ਸਮਝ ਕੇ ਪਹਾੜੀ ਲੂਣ, ਜਿਸ ਨੂੰ ਉਹਦੀਆਂ ਸਭ ਖਾਣਾਂ ਪਾਕਿਸਤਾਨ ਦੇ ਇਲਾਕੇ ਵਿਚ ਹੋਣ ਕਾਰਨ ਹੁਣ ਪਾਕਿਸਤਾਨੀ ਲੂਣ ਕਿਹਾ ਜਾਂਦਾ ਹੈ, ਦਾ ਵੱਡਾ ਸਾਰਾ ਡਲਾ ਉੱਥੇ ਇਕ ਪਾਸੇ ਕਿਸੇ ਪਿੱਪਲ-ਬੋਹੜ ਦੀ ਜੜ ਕੋਲ ਰੱਖ ਦਿੰਦਾ। ਇਸ ਲੂਣ ਦੇ ਬਾਰਾਂ-ਪੰਦਰਾਂ ਸੇਰ ਦੇ ਡਲੇ ਮਿਲਣੇ ਆਮ ਗੱਲ ਸੀ। ਕੋਈ ਗਊ ਆਉਂਦੀ ਤੇ ਡਲੇ ਉੱਤੇ ਲੰਮੀ ਜੀਭ ਮਾਰ ਕੇ ਵਾਪਸ ਜਾ ਖਲੋਂਦੀ। ਕਹਿੰਦੇ ਸਨ, ਇਉਂ ਲੂਣ ਚੱਟਣ ਨਾਲ ਉਹਨਾਂ ਦਾ ਹਾਜ਼ਮਾ ਠੀਕ ਰਹਿੰਦਾ ਹੈ।
ਜਦੋਂ ਵਾਗੀ ਨੂੰ ਲਗਦਾ, ਗਊਆਂ ਲਗਭਗ ਸਭ ਆ ਗਈਆਂ ਹਨ, ਉਹ ਉਹਨਾਂ ਨੂੰ ਤੋਰ ਲੈਂਦਾ। ਹੁਣ ਵਾਂਗ ਇੰਚ ਇੰਚ ਭੋਇੰ ਉਦੋਂ ਵਾਹੀ ਹੇਠ ਨਹੀਂ ਸੀ ਆਈ। ਹਰੇਕ ਪਿੰਡ ਵਿਚ ਭੋਇੰ ਦੇ ਨਿੱਜੀ ਜਾਂ ਸਾਂਝੇ ਅਨੇਕ ਟੋਟੇ ਕੁਦਰਤੀ ਰੂਪ ਵਿਚ ਘਾਹ-ਬੂਟ ਦੇ ਭਰੇ ਹੋਏ ਹੁੰਦੇ। ਇਹਦੇ ਨਾਲ ਹੀ ਤੁਰਨ-ਫਿਰਨ ਤੇ ਮੂੰਹ ਮਾਰਨ ਵਾਸਤੇ ਅਗਲੀ ਫ਼ਸਲ ਬੀਜਣ ਖ਼ਾਤਰ ਖਾਲੀ ਛੱਡੇ ਹੋਏ ਖੇਤ ਹੁੰਦੇ। ਵਾਗੀ ਅਜਿਹੇ ਥਾਂਈਂ ਉਹਨਾਂ ਨੂੰ ਰੋਕਦਾ-ਚਾਰਦਾ ਪਿਛਲੇ ਪਹਿਰ ਤੱਕ ਲਈ ਫਿਰਦਾ। ਮੁੜਨ ਦਾ ਵੇਲਾ ਹੋਇਆ ਦੇਖ ਉਹ ਉਹਨਾਂ ਨੂੰ ਪਿੰਡ ਦੇ ਰਾਹ ਪਾ ਲੈਂਦਾ ਤੇ ਘਰੋ-ਘਰ ਪਹੁੰਚਦੀਆਂ ਕਰ ਦਿੰਦਾ। ਸਗੋਂ ਵਾਗੀ ਨੇ ਉਹਨਾਂ ਨੂੰ ਘਰ ਕੀ ਪੁੱਜਦੀਆਂ ਕਰਨਾ ਸੀ, ਪਿੰਡ ਦੇ ਨੇੜੇ ਆ ਕੇ ਉਹ ਵਾਗੀ ਦੀ ਡਾਂਗ ਤੇ ਲਲਕਾਰ ਭੁੱਲ ਕੇ ਆਪ ਹੀ ਘਰ ਵੱਲ ਭੱਜ ਲੈਂਦੀਆਂ। ਖਾਸ ਕਰਕੇ ਥੱਕਣ ਦੇ ਡਰੋਂ ਘਰ ਰੱਖੇ ਵੱਛੇ-ਵੱਛੀ ਵਾਲੀ ਗਾਂ ਦਾ ਭੱਜਣਾ ਤਾਂ ਮਸ਼ਹੂਰ ਸੀ। ਜੇ ਕੋਈ ਬੰਦਾ ਕਾਹਲੀ ਕਾਹਲੀ ਘਰ ਨੂੰ ਜਾ ਰਿਹਾ ਹੁੰਦਾ, ਕੋਈ ਨਾ ਕੋਈ ਟਿੱਚਰ ਕਰਦਾ, “ਕੀ ਗੱਲ? ਖ਼ੈਰ ਹੈ, ਵੱਗ ਵਾਲੀ ਗਾਂ ਵਾਂਗੂੰ ਘਰ ਨੂੰ ਭੱਜਿਆ ਜਾਨੈਂ?”
ਪਿੰਡਾਂ ਵਿਚ ਘੜੀਆਂ-ਘੰਟੇ ਆਮ ਨਹੀਂ ਸਨ ਹੁੰਦੇ। ਘੜੀ ਜਾਂ ਤਾਂ ਪੈਨਸ਼ਨੀਏ ਫੌਜੀਆਂ ਕੋਲ ਹੁੰਦੀ ਜਾਂ ਫੇਰ ਮੀਰਾਬ ਕੋਲ ਜੋ ਪਿੰਡ ਦਾ ਹੀ ਕੋਈ ਬੰਦਾ ਹੁੰਦਾ ਅਤੇ ਘੱਟ-ਵੱਧ ਜ਼ਮੀਨ ਦੇ ਹਿਸਾਬ ਨਾਲ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵੰਡ ਕਰਦਾ। ਆਮ ਕਰਕੇ ਸਮਾਂ ਕਿਸੇ ਨਾ ਕਿਸੇ ਘਟਨਾ ਨਾਲ ਜੋੜ ਕੇ ਦੱਸਿਆ ਜਾਂਦਾ। ਜਿਸ ਵੇਲੇ ਵੱਗ ਪਿੰਡ ਮੁੜਦਾ, ਉਹਨੂੰ ਵੱਗਾਂ ਵੇਲਾ ਆਖਦੇ। ਕੋਈ ਕੁੱਕੜ ਦੀ ਪਹਿਲੀ, ਦੂਜੀ ਬਾਂਗ ਦਾ ਵੇਲਾ ਹੁੰਦਾ। ਕੋਈ ਚਿੜੀਆਂ ਦੇ ਚੂਕਣ ਦਾ ਵੇਲਾ ਹੁੰਦਾ, ਜਿਸ ਦਾ ਜ਼ਿਕਰ ਆਪਣੇ ਵਾਰਿਸ ਸ਼ਾਹ ਨੇ ਕੀਤਾ ਹੈ। ਇਉਂ ਹੀ ਤੌੜੀਆਂ ਵੇਲਾ, ਭੱਠੀਆਂ ਵੇਲਾ, ਦੀਵੇ-ਬੱਤੀ ਦਾ ਵੇਲਾ ਤੇ ਹੋਰ ਵੇਲੇ ਹੁੰਦੇ।
ਸਮਾਜਕ-ਸਭਿਆਚਾਰਕ ਪੱਖੋਂ ਚੇਤੇ ਰੱਖਣ ਵਾਲੀ ਇਕ ਅਹਿਮ ਤੇ ਦਿਲਚਸਪ ਗੱਲ ਇਹ ਹੈ ਕਿ ਵਾਗੀ ਆਮ ਕਰਕੇ ਮੁਸਲਮਾਨ ਭਰਾ ਹੀ ਹੁੰਦੇ ਅਤੇ ਉਹ ਵੱਗ ਦੀਆਂ ਗਊਆਂ ਨੂੰ ਬੜੇ ਪਿਆਰ ਨਾਲ ਰੋਹੀਆਂ-ਬੰਨਿਆਂ ਵਿਚ ਫੇਰ-ਚਾਰ ਕੇ ਲਿਆਉਂਦੇ। ਭਾਵੇਂ ਇੰਨੇ ਡੰਗਰਾਂ ਨੂੰ ਕਾਬੂ ਵਿਚ ਰੱਖਣ ਅਤੇ ਕਿਸਾਨਾਂ ਦੀਆਂ ਪੈਲ਼ੀਆਂ ਵਿਚ ਵੜਨੋਂ ਰੋਕਣ ਵਾਸਤੇ ਉਹਨਾਂ ਕੋਲ ਡਾਂਗ ਹੁੰਦੀ, ਉਹ ਵਾਹ ਲਗਦੀ ਗਊਆਂ ਉੱਤੇ ਇਹਦੀ ਵਰਤੋਂ ਨਹੀਂ ਸਨ ਕਰਦੇ। ਪਸੂ ਵੀ ਉਹਨਾਂ ਦੀ ਲਲਕਾਰ ਅਤੇ ਝਾੜ-ਝੰਬ ਨੂੰ ਹੀ ਸਮਝ ਜਾਂਦੇ ਸਨ। ਸਾਡੇ ਪਿੰਡ ਨਿੱਕਾ ਵਾਗੀ ਹੁੰਦਾ ਸੀ। ਉਹਦਾ ਘਰ ਥੋੜ੍ਹਾ ਜਿਹਾ ਹਟਵਾਂ ਸਾਡੇ ਘਰ ਦੇ ਲਗਭਗ ਸਾਹਮਣੇ ਹੀ ਸੀ। ਉਹਦੀ ਮਾਂ, ਹਾਤੋ ਅੰਮਾ, ਬਹੁਤ ਸਿਆਣੀ ਤੇ ਅਨੁਭਵੀ ਦਾਈ ਸੀ। ਮੈਂ ਤੇ ਮੇਰੇ ਹਾਣੀ ਅਤੇ ਸਾਥੋਂ ਪਹਿਲੇ ਤੇ ਪਿਛਲੇ ਅਨੇਕ ਕੁੜੀਆਂ-ਮੁੰਡੇ ਉਹਦੀ ਦਾਈਗੀਰੀ ਨੇ ਹੀ ਇਸ ਸੰਸਾਰ ਵਿਚ ਲਿਆਂਦੇ ਸਨ।
ਹਰੇਕ ਵਾਗੀ ਨੂੰ ਗਊ ਸੁਆਉਣ ਦਾ ਤਜ਼ਰਬਾ ਹੋ ਜਾਣਾ ਕੁਦਰਤੀ ਸੀ। ਦਰਜਨਾਂ ਗਊਆਂ ਵਿੱਚੋਂ ਕਦੀ ਨਾ ਕਦੀ ਵੱਗ ਵਿਚ ਗਈ ਕਿਸੇ ਗਊ ਦੇ ਵੱਛਰੂ ਪੈਦਾ ਹੋ ਹੀ ਜਾਂਦਾ। ਇਹ ਕਾਰਜ ਵਾਗੀ ਹੀ ਨਿਭਾਉਂਦੇ। ਜਦੋਂ ਵੱਗ ਪਿੰਡ ਮੁੜਦਾ, ਨਵਾਂ ਜਨਮਿਆ ਵੱਛੀ-ਵੱਛਾ ਬੜੇ ਲਾਡ ਨਾਲ ਵਾਗੀ ਨੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੁੰਦਾ। ਘਰਵਾਲੇ ਖ਼ੁਸ਼ ਹੋ ਕੇ ਆਪਣੀ ਇੱਛਾ ਅਨੁਸਾਰ ਉਹਨੂੰ ਗੁੜ, ਆਟਾ, ਖੱਦਰ-ਖੇਸ ਤੇ ਰੁਪਈਆ-ਧੇਲੀ ਦੇ ਦਿੰਦੇ। ਕਈ ਵਾਰ ਵੱਛਰੂ ਆਪਣੇ ਹੀ ਨਾੜੂਏ ਵਿਚ ਉਲਝਿਆ ਹੋਇਆ ਹੁੰਦਾ। ਬਹੁਤੇ ਵਾਗੀ ਪੁਸ਼ਤ-ਦਰ-ਪੁਸ਼ਤ ਦੀ ਸਿਖਲਾਈ ਅਤੇ ਅਭਿਆਸ ਸਦਕਾ ਅਜਿਹੀ ਹਾਲਤ ਨਾਲ ਸਿੱਝਣ ਦੇ ਸਮਰੱਥ ਵੀ ਹੋ ਜਾਂਦੇ। ਉਹ ਗਊ ਦੇ ਸਰੀਰ ਦੇ ਅੰਦਰ ਹੱਥ ਪਾ ਕੇ ਸਹਿਜੇ ਸਹਿਜੇ ਵੱਛਰੂ ਦੁਆਲਿਉਂ ਨਾੜੂਆ ਲਾਹੁੰਦੇ ਤੇ ਗਾਂ-ਵੱਛੇ ਦੋਵਾਂ ਦੀ ਜਾਨ ਬਚਾ ਲੈਂਦੇ।
ਇਕ ਦਿਨ ਨਿੱਕੇ ਵਾਗੀ ਤੋਂ ਤੁਰੀ ਗੱਲ ਇਕ ਅਜਿਹੇ ਵਾਗੀ ਤੱਕ ਪੁੱਜ ਗਈ ਜਿਸ ਬਾਰੇ ਜਾਣ ਕੇ ਮੈਂ ਜਿੰਨਾ ਹੈਰਾਨ ਓਦੋਂ ਹੋਇਆ ਸੀ, ਉੰਨਾ ਹੀ ਅੱਜ ਵੀ ਹਾਂ। ਤੇ ਉਸ ਸਾਹਮਣੇ ਜਿੰਨਾ ਸਿਰ ਓਦੋਂ ਝੁਕਿਆ ਸੀ, ਅੱਜ ਵੀ ਉੰਨਾ ਹੀ ਝੁਕਦਾ ਹੈ। ਇਹ ਪਿੰਡ ਬੀਲ੍ਹਾ ਦਾ ਵਾਗੀ ਵਲੀ ਖਾਂ ਸੀ। ਨਹਿਰ ਸਰਹੰਦ ਦੇ ਕਿਨਾਰੇ ਸ਼ਹਿਣੇ ਤੋਂ ਉਤਾਂਹ ਦੇ ਇਸ ਪਿੰਡ ਵਿਚ ਮੇਰਾ ਵੱਡਾ ਭਾਈ ਵਿਆਹਿਆ ਹੋਇਆ ਸੀ ਅਤੇ ਵਲੀ ਖਾਂ ਦੀ ਇਹ ਅਨੋਖੀ ਕਹਾਣੀ ਮੇਰੀ ਭਾਬੀ ਨੇ ਸੁਣਾਈ ਸੀ।
ਵਾਗੀ ਹੋਣ ਕਰਕੇ ਉਹਨੂੰ ਵੱਛੀਆਂ-ਵੱਛੇ ਇਸ ਦੁਨੀਆ ਵਿਚ ਲਿਆਉਣ ਦਾ ਲੰਮਾ ਅਨੁਭਵ ਸੀ। ਸੁਭਾਵਿਕ ਸੀ ਕਿ ਇਸ ਵਿਚ ਜਨਮ ਸਮੇਂ ਨਾੜੂਏ ਵਿਚ ਉਲਝੇ ਵੱਛੀਆਂ-ਵੱਛੇ ਵੀ ਸ਼ਾਮਲ ਸਨ। ਮਨੁੱਖ ਅਤੇ ਪਸੂਆਂ ਦੀ ਸਰੀਰਕ ਬਣਤਰ ਤਾਂ ਆਖ਼ਰ ਇੱਕੋ ਹੀ ਹੈ। ਜਿਹੋ ਜਿਹੇ ਉਲਝੇਵੇਂ ਦੀ ਗੱਲ ਅਸੀਂ ਗਊਆਂ ਦੀ ਕੀਤੀ ਹੈ, ਕੁਦਰਤੀ ਹੈ, ਇਹੋ ਜਿਹੇ ਉਲਝੇਵੇਂ ਜ਼ੱਚਗੀ ਵੇਲੇ ਕੁਝ ਇਸਤਰੀਆਂ ਨੂੰ ਵੀ ਪੈ ਜਾਂਦੇ ਹਨ। ਹੁਣ ਅਜਿਹੀਆਂ ਮੁਸ਼ਕਿਲਾਂ ਵੇਲੇ ਸਹਾਈ ਹੋਣ ਲਈ ਉੱਚੀ ਤੋਂ ਉੱਚੀ ਸਿਖਲਾਈ ਅਤੇ ਜੋਗਤਾ ਵਾਲੀਆਂ ਗਾਇਨਾਕਾਲੋਜਿਸਟ ਡਾਕਟਰ ਹਨ। ਨੇੜੇ ਨੇੜੇ ਸਰਕਾਰੀ ਜਾਂ ਨਿੱਜੀ ਹਸਪਤਾਲ ਹਨ। ਪਿੰਡਾਂ ਨੂੰ ਉਹਨਾਂ ਨਾਲ ਜੋੜਨ ਵਾਸਤੇ ਸੜਕਾਂ ਹਨ ਅਤੇ ਮਰੀਜ਼ ਨੂੰ ਲੈ ਕੇ ਜਾਣ ਲਈ ਕਾਰਾਂ ਤੇ ਐਂਬੂਲੈਂਸਾਂ ਹਨ। ਜਿਸ ਜ਼ਮਾਨੇ ਦੀ ਗੱਲ ਮੈਂ ਕਰਨ ਲੱਗਿਆ ਹਾਂ, ਦੂਰ ਦੂਰ ਤੱਕ ਗਾਇਨਾਕਾਲੋਜਿਸਟ ਤਾਂ ਕੀ, ਸਾਧਾਰਨ ਡਾਕਟਰ ਵੀ ਨਹੀਂ ਸਨ ਹੁੰਦੇ। ਨਾ ਸੜਕਾਂ ਸਨ ਤੇ ਨਾ ਗੱਡੀਆਂ। ਮੈਨੂੰ ਵਿਗੜੀ ਹੋਈ ਬੀਮਾਰੀ ਵਾਲੇ ਮਰੀਜ਼ ਬਲ੍ਹਦ ਜੁੜੇ ਗੱਡਿਆਂ ਵਿਚ ਮੰਜਾ ਰੱਖ ਕੇ ਸ਼ਹਿਰ ਲਿਜਾਏ ਜਾਂਦੇ ਹੀ ਚੇਤੇ ਹਨ। ਪਿੰਡ ਬੀਲ੍ਹੇ ਤੋਂ ਵੀ ਸ਼ਹਿਰ ਬਹੁਤ ਦੂਰ ਦੂਰ ਸਨ।
ਇਕ ਵਾਰ ਭਾਣਾ ਕੀ ਵਰਤਿਆ, ਵਲੀ ਖਾਂ ਦੇ ਆਪਣਿਆਂ ਵਿਚ ਜ਼ਹਿਮਤ ਡਿੱਗੀ ਇਕ ਇਸਤਰੀ ਉਲਝ ਗਈ। ਜਿਵੇਂ ਮੈਂ ਦੱਸਿਆ ਹੈ, ਨੇੜੇ ਪਹੁੰਚ ਵਿਚ ਨਾ ਕੋਈ ਸ਼ਹਿਰ, ਨਾ ਹਸਪਤਾਲ ਤੇ ਨਾ ਡਾਕਟਰ। ਜ਼ਿੰਦਗੀ ਤੇ ਮੌਤ ਵਿਚਕਾਰ ਝੂਲਦੇ ਮਾਂ ਤੇ ਬੱਚਾ ਕਿਸੇ ਸਮੇਂ ਵੀ ਮੌਤ ਵੱਲ ਤਿਲ੍ਹਕ ਸਕਦੇ ਸਨ। ਬੇਵਸੀ ਤੇ ਬੇਚੈਨੀ ਵਿਚ ਹੱਥ ਮਲ਼ਦੇ ਘਰਵਾਲਿਆਂ ਨੇ ਕਿਹਾ, “ਵਲੀ, ਤੈਨੂੰ ਗਊਆਂ ਦਾ ਪਤਾ ਹੈ। ਤੂੰ ਹੀ ਦੇਖ ਭਾਈ, ਕਰ ਕੋਈ ਹੀਲਾ। ਕੀ ਪਤਾ ਅੱਲਾ ਨੇ ਇਹਨਾਂ ਦੋਵਾਂ ਦੀ ਜ਼ਿੰਦਗੀ ਤੇਰੇ ਹੱਥੋਂ ਹੀ ਲਿਖੀ ਹੋਈ ਹੋਵੇ!” ਪਹਿਲਾਂ ਵਲੀ ਦਾ ਝਿਜਕਣਾ ਸੁਭਾਵਿਕ ਸੀ। ਫੇਰ ਉਹਨੇ ਮਨ ਪੱਕਾ ਕੀਤਾ ਅਤੇ ਅੱਲਾ ਦੀ ਮਿਹਰ ਨਾਲ ਉਹਦੇ ਸਦਕਾ ਮਾਂ ਨੇ ਨਰਕੀ ਕਸ਼ਟ ਵਿੱਚੋਂ ਨਿੱਕਲ ਕੇ ਸੁਖ ਦਾ ਸਾਹ ਲਿਆ ਅਤੇ ਬੱਚੇ ਨੇ ਓਪਰੀ ਦੁਨੀਆ ਵਿਚ ਆ ਕੇ ਪਹਿਲੀ ਚੀਕ ਮਾਰੀ! ਸਭ ਨੇ ਖ਼ੁਸ਼ ਹੋ ਕੇ ਕਿਹਾ, “ਵਾਹ ਬਈ ਵਲੀ, ਵਾਹ! ਤੇਰੀਆਂ ਉਂਗਲਾਂ ਵਿਚ ਤਾਂ ਅੱਲਾ ਨੇ ਜ਼ਿੰਦਗੀ ਦੇਣ ਵਾਲੀ ਬਰਕਤ ਬਖ਼ਸ਼ੀ ਹੈ!”
ਗੱਲ ਹੀ ਫੈਲਣ ਵਾਲੀ ਸੀ, ਦੂਰ-ਨੇੜੇ ਫੈਲ ਗਈ। ਜਦੋਂ ਕੋਈ ਬਹੂ-ਬੇਟੀ ਉਲਝ ਜਾਂਦੀ, ਬੇਵੱਸ ਘਰਵਾਲੇ ਬੇਨਤੀ ਕਰਦੇ, “ਚੱਲ ਭਾਈ ਵਲੀ ਖਾਂ, ਸੰਕਟ ਦੂਰ ਕਰ!” ਅਜਿਹੇ ਵੇਲੇ ਜਣੇਪੇ ਵਾਲ਼ੇ ਘਰ ਪਹੁੰਚ ਕੇ ਉਹ ਅੱਖਾਂ ਉੱਤੇ ਪੱਟੀ ਬੰਨ੍ਹਾਉਂਦਾ ਤੇ ਆਖਦਾ, “ਮੈਨੂੰ ਮੰਜੇ ਕੋਲ ਲੈ ਚੱਲੋ।” ਫੇਰ ਉਹ ਜ਼ੱਚਾ ਨੂੰ ਆਖਦਾ, “ਧੀਏ, ਮੈਂ ਵੀ ਪਿਛਲੇ ਜਨਮ ਕੋਈ ਗੁਨਾਹ ਕੀਤਾ ਹੈ ਜੋ ਅੱਜ ਆਪਣੀ ਹੀ ਬੇਟੀ ਦੇ ਸਰੀਰ ਨੂੰ ਛੂਹਣਾ ਪੈ ਰਿਹਾ ਹੈ। ਤੇ ਤੂੰ ਵੀ ਪਿਛਲੇ ਜਨਮ ਕੋਈ ਗੁਨਾਹ ਕੀਤਾ ਹੈ ਜੋ ਤੈਨੂੰ ਆਪਣੇ ਅੱਬਾ ਸਮਾਨ ਵਲੀ ਤੋਂ ਸਰੀਰ ਨੂੰ ਹੱਥ ਲੁਆਉਣਾ ਪੈ ਰਿਹਾ ਹੈ। ਰੱਬ ਆਪਣਾ ਦੋਵਾਂ ਦਾ ਗੁਨਾਹ ਬਖ਼ਸ਼ੇ!” ਉਹ ਮਾਹਿਰ ਗਾਇਨਾਕਾਲੋਜਿਸਟ ਵਾਂਗ ਬੱਚੇ ਦੁਆਲਿਉਂ ਹੌਲ਼ੀ ਹੌਲ਼ੀ ਨਾੜੂਆ ਉਤਾਰਦਾ ਤੇ ਉਹਨੂੰ ਇਸ ਸੰਸਾਰ ਵਿਚ ਲੈ ਆਉਂਦਾ। ਬੱਚੇ ਨੂੰ ਦਾਈ ਦੇ ਹੱਥ ਸੌਂਪ ਕੇ ਉਹ ਉੱਥੇ ਹੀ ਗੋਡਣੀਏਂ ਹੁੰਦਾ, ਦੋਵੇਂ ਹੱਥ ਦੁਆ ਵਿਚ ਉੱਚੇ ਚੁੱਕਦਾ ਅਤੇ ਆਖਦਾ, “ਇਸ ਨਿੱਕੀ ਜਿਹੀ ਜਾਨ ਨੂੰ ਦੁਨੀਆ ਵਿਚ ਸਹੀ-ਸਲਾਮਤ ਲਿਆਉਣ ਦਾ ਸਬਾਬ ਦੇਖਦਿਆਂ ਇਹਦੀ ਮਾਂ ਦੇ ਅੰਗ ਛੂਹਣ ਦਾ ਮੇਰਾ ਗੁਨਾਹ ਮਾਫ਼ ਕਰੀਂ, ਮੇਰੇ ਅੱਲਾ!”
ਇਉਂ ਕਿੰਨੀਆਂ ਹੀ ਇਸਤਰੀਆਂ ਦੀਆਂ ਜਾਨਾਂ ਉਸ ਹੱਥੋਂ ਬਚੀਆਂ ਅਤੇ ਕਿੰਨੀਆਂ ਹੀ ਨਵੀਆਂ ਜਾਨਾਂ ਉਸ ਸਦਕਾ ਇਸ ਦੁਨੀਆ ਵਿਚ ਆ ਸਕੀਆਂ! ਦੇਸ ਦੀ ਵੰਡ ਵੇਲੇ ਜਦੋਂ ਪੰਜਾਬੀ ਆਪਣੇ ਹੀ ਕਹਿਰ ਦੇ ਸ਼ਿਕਾਰ ਹੋਏ, ਵਲੀ ਦੀ ਇਹੋ ਜੀਵਨ-ਦਾਤੀ ਸਿਫ਼ਤ ਉਹਦੀ ਤੇ ਉਹਦੇ ਪਰਿਵਾਰ ਦੀ ਢਾਲ਼ ਬਣੀ। ਪਤਾ ਲੱਗਿਆ ਹੈ, ਉਹ ਸੰਤਾਲੀ ਦੇ ਘੱਲੂਘਾਰੇ ਤੋਂ ਪੰਦਰਾਂ-ਵੀਹ ਸਾਲ ਮਗਰੋਂ ਤੱਕ ਜਿਉਂਦਾ ਰਿਹਾ। ਉਹਦਾ ਪਰਿਵਾਰ ਅੱਜ ਵੀ ਬੀਲ੍ਹੇ ਹੀ ਰਹਿੰਦਾ ਹੈ।
*****
(544)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)