“ਪਹਿਲਾਂ ਉਹਦਾ ਕਹਾਣੀ-ਸੰਗ੍ਰਹਿ ‘ਜੇਹਾ ਬੀਜੈ ਸੋ ਲੁਣੇ’ ਛਪਿਆ। ਉਹਦੀ ਦੂਜੀ ਪੁਸਤਕ ਵੱਖ-ਵੱਖ ਖੇਤਰਾਂ ਵਿੱਚ ...”
(3 ਜੁਲਾਈ 2024)
ਇਸ ਸਮੇਂ ਪਾਠਕ: 150.
ਕਵਿਤਾ ਸਾਹਿਤ ਦੀ ਉਹ ਵਿਧਾ ਹੈ, ਜਿਸ ਨਾਲ ਮਨੁੱਖਜਾਤੀ ਦਾ ਵਾਹ ਹਜ਼ਾਰਾਂ ਸਾਲ ਪਹਿਲਾਂ, ਉਦੋਂ ਪਿਆ ਜਦੋਂ ਹੋਰ ਕਿਸੇ ਵਿਧਾ ਦੀ ਸੋਚ ਜਾਂ ਕਲਪਨਾ ਅਜੇ ਨਿਆਣੀ ਮਨੁੱਖੀ ਬੁੱਧੀ ਦੇ ਕਲਾਵੇ ਵਿੱਚ ਨਹੀਂ ਸੀ ਆਈ। ਇਸ ਵਰਤਾਰੇ ਦਾ ਕਾਰਨ ਇਹ ਸੀ ਕਿ ਕਵਿਤਾ ਦਾ ਸੰਬੰਧ ਜਜ਼ਬਿਆਂ ਨਾਲ ਹੈ, ਜੋ ਮਨੁੱਖ ਦੇ ਦਿਲ ਵਿੱਚ ਉਦੋਂ ਵੀ ਲਗਰਾਂ ਛੱਡਣ ਲੱਗੇ ਸਨ। ਬਾਕੀ ਵਿਧਾਵਾਂ ਦਿਲ ਨਾਲ ਦਿਮਾਗ ਦੀ, ਭਾਵ ਜਜ਼ਬੇ ਨਾਲ ਬੁੱਧੀ ਦੀ ਜੁਗਲਬੰਦੀ ਲੋੜਦੀਆਂ ਹਨ ਜਿਸਦੀਆਂ ਅਜੇ ਪਹਿਲੀਆਂ ਪੱਤੀਆਂ ਹੀ ਫੁੱਟ ਰਹੀਆਂ ਸਨ।
ਸਮੇਂ ਨਾਲ ਜਦੋਂ ਮਨੁੱਖੀ ਬੁੱਧੀ ਦਾ ਵਿਕਾਸ ਹੋਇਆ, ਇੱਕ ਦੂਜੇ ਨਾਲ ਕੀਤੀ ਵਾਰਤਕੀ ਗੱਲਬਾਤ ਉਹਨੂੰ ਕਰਨ ਤੇ ਸੁਣਨ ਵਾਲੇ ਤਕ ਸੀਮਤ ਰਹਿ ਜਾਂਦੀ ਸੀ, ਕਿਉਂਕਿ ਉਹਨੂੰ ਚੇਤੇ ਰੱਖ ਕੇ ਅੱਗੇ ਤੋਰ ਸਕਣਾ ਸੰਭਵ ਨਹੀਂ ਸੀ। ਉਹਦਾ ਸਾਰ ਦੱਸਿਆ ਜਾ ਸਕਦਾ ਸੀ, ਹੂਬਹੂ ਗੱਲ ਨਹੀਂ। ਮਨੁੱਖ ਨੇ ਭਾਸ਼ਾ ਤਾਂ ਵਿਕਸਿਤ ਕਰ ਲਈ ਸੀ ਤੇ ਉਹ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਨ ਵੀ ਲੱਗ ਪਏ ਸਨ, ਪਰ ਲਿਪੀ ਅਜੇ ਹੋਂਦ ਵਿੱਚ ਨਹੀਂ ਸੀ ਆਈ, ਜਿਸ ਸਹਾਰੇ ਗੱਲ ਸਥਾਨ ਤੇ ਸਮੇਂ ਨੂੰ ਪਾਰ ਕਰ ਸਕਦੀ। ਇਸ ਮੁਸ਼ਕਿਲ ਨੇ ਮਨੁੱਖ ਤੇ ਕਵਿਤਾ ਦੀ ਸਾਂਝ ਹੋਰ ਪੱਕੀ ਕਰ ਦਿੱਤੀ ਜੋ ਸੁਰ-ਤਾਲ ਵਾਲੀ ਬਣਤਰ ਸਦਕਾ ਸੌਖਿਆਂ ਹੀ ਜ਼ਬਾਨੀ ਯਾਦ ਹੋ ਜਾਂਦੀ ਸੀ।
ਜਿਨ੍ਹਾਂ ਗਿਆਨਵਾਨਾਂ ਨੇ ਆਪਣੀ ਗੱਲ ਸਥਾਨ ਤੇ ਸਮੇਂ ਤੋਂ ਪਾਰ ਭੇਜਣੀ ਹੰਦੀ, ਉਹ ਕਵਿਤਾ ਵਿੱਚ ਕਹੀ ਹੋਈ ਗੱਲ ਸਰੋਤਿਆਂ ਨੂੰ ਕਈ ਵਾਰ ਦੇ ਅਭਿਆਸ ਨਾਲ ਕੰਠ ਕਰਵਾ ਦਿੰਦੇ ਸਨ। ਸੁਣ ਕੇ ਕੰਠ ਕਰਨ ਦਾ ਇਹ ਸਿਲਸਿਲਾ ਪੀੜ੍ਹੀ-ਦਰ-ਪੀੜ੍ਹੀ ਅੱਗੇ ਚਲਦਾ ਰਹਿੰਦਾ ਸੀ। ਇਸੇ ਕਰਕੇ ਪੁਰਾਤਣ ਸਾਹਿਤਕ ਗ੍ਰੰਥ ਹੀ ਨਹੀਂ, ਚਕਿਤਸਾ, ਤਾਰਾ-ਵਿਗਿਆਨ, ਜੋਤਿਸ਼ ਤੇ ਹੋਰ ਵਿਸ਼ਿਆਂ ਦੇ ਪੁਰਾਤਣ ਗ੍ਰੰਥ ਵੀ ਕਵਿਤਾ ਵਿੱਚ ਹੀ ਮਿਲਦੇ ਹਨ। ਆਖ਼ਰ ਸਮੇਂ ਨਾਲ ਸਿਆਣੇ ਹੋਏ ਮਨੁੱਖ ਦੀ ਲਿਪੀ ਦੀ ਕਾਢ ਨੇ ਕਵਿਤਾ ਉੱਤੇ ਗ਼ੈਰ-ਕਾਵਿਕ ਵਿਸ਼ਿਆਂ ਦੀ ਰਚਨਾਤਮਿਕ ਨਿਰਭਰਤਾ ਦਾ ਅੰਤ ਕੀਤਾ।
ਮਨੁੱਖਜਾਤੀ ਵਾਂਗ ਮਨੁੱਖ ਦਾ ਪਹਿਲਾ ਸਾਹਿਤਕ ਵਾਹ ਵੀ ਕਵਿਤਾ ਨਾਲ ਹੀ ਪੈਂਦਾ ਹੈ। ਜਨਮ ਤੋਂ ਮਗਰੋਂ ਬਾਲ ਦੇ ਕੰਨਾਂ ਵਿੱਚ ਜੋ ਪਹਿਲੀ ਆਵਾਜ਼ ਪੈਂਦੀ ਹੈ, ਉਹ ਲੋਰੀ ਦੀ ਆਵਾਜ਼ ਹੁੰਦੀ ਹੈ। ਤੇ ਲੋਰੀ ਨੂੰ ਦੁਨੀਆਂ ਦੀ ਸਭ ਤੋਂ ਖੂਬਸੂਰਤ ਕਵਿਤਾ ਕਿਹਾ ਤੇ ਮੰਨਿਆ ਗਿਆ ਹੈ। ਸਿਰਫ਼ ਸਰੋਤਾ ਹੋਣ ਦਾ ਬਚਪਨ ਦਾ ਪੜਾਅ ਪਾਰ ਕਰ ਕੇ ਜਦੋਂ ਉਹ ਉਮਰ ਆਉਂਦੀ ਹੈ, ਜਿਸ ਵਿੱਚ ਨੌਜਵਾਨ ਦਿਲ ਕੋਲ ਕਹਿਣ ਲਈ ਤੇ ਦੂਜਿਆਂ ਨੂੰ ਸੁਣਾਉਣ ਲਈ ਬਹੁਤ ਕੁਝ ਇਕੱਠਾ ਹੋਣ ਲਗਦਾ ਹੈ, ਤਦ ਜਿਨ੍ਹਾਂ ਵਿੱਚ ਰਚਨਾਤਮਿਕਤਾ ਦੇ ਅੰਕੁਰ ਫੁੱਟਦੇ ਹਨ, ਉਹਨਾਂ ਵਿੱਚੋਂ ਬਹੁਤੇ ਪਹਿਲਾਂ-ਪਹਿਲ ਕਵਿਤਾ ਨੂੰ ਹੀ ਵਸੀਲਾ ਬਣਾਉਂਦੇ ਹਨ।
ਵਿਗਿਆਨੀਆਂ ਦਾ ਇਸ ਸੰਬੰਧ ਵਿੱਚ ਕਹਿਣਾ ਹੈ ਕਿ ਮਨੁੱਖ ਆਪਣੇ ਜੀਵਨ ਵਿੱਚ ਮਨੁੱਖਜਾਤੀ ਦੇ ਇਤਿਹਾਸ ਦੇ ਪੜਾਵਾਂ ਨੂੰ ਦੁਹਰਾਉਂਦਾ ਹੈ ਤੇ ਇਸੇ ਕਰਕੇ ਮਨੁੱਖਜਾਤੀ ਦੇ ਮੁਢਲੇ ਦੌਰ ਵਾਂਗ ਚੜ੍ਹਦੀ ਉਮਰੇ ਕਵਿਤਾ ਹੀ ਗੁਣਗੁਣਾਉਂਦਾ ਹੈ। ਇਸੇ ਸਦਕਾ ਇਹ ਪ੍ਰਸਿੱਧ ਕਹਾਵਤ ਬਣੀ ਹੈ ਕਿ ਚੜ੍ਹਦੀ ਉਮਰ ਵਿੱਚ ਹਰ ਕੋਈ ਹੀ ਕਵੀ ਹੁੰਦਾ ਹੈ। ਜਿਨ੍ਹਾਂ ਵਿੱਚ ਰਚਨਾਤਮਿਕ ਸਮਰੱਥਾ ਉਜਾਗਰ ਹੋ ਜਾਂਦੀ ਹੈ, ਉਹ ਆਪਣੇ ਜਜ਼ਬਿਆਂ ਨੂੰ ਸ਼ਬਦਾਂ ਦੀ ਸਵਾਰੀ ਕਰਵਾ ਕੇ ਸੱਚਮੁੱਚ ਦੇ ਕਵੀ ਬਣ ਜਾਂਦੇ ਹਨ ਤੇ ਬਣੇ ਰਹਿੰਦੇ ਹਨ, ਬਾਕੀਆਂ ਦੇ ਜਜ਼ਬੇ ਦੂਜਿਆਂ ਨਾਲ ਸਾਂਝੇ ਹੋਏ ਬਿਨਾਂ ਉਹਨਾਂ ਦੇ ਆਪਣੇ ਤਕ ਹੀ ਸੀਮਤ ਰਹਿ ਜਾਂਦੇ ਹਨ। ਐੱਫ ਸਕਾਟ ਫ਼ਿਜ਼ਗਿਰਾਲਡ ਦੇ ਆਖਣ ਵਾਂਗ “ਲੇਖਕ ਇਸ ਲਈ ਨਹੀਂ ਲਿਖਦਾ ਕਿ ਉਹ ਕੁਛ ਆਖਣਾ ਚਾਹੁੰਦਾ ਹੈ, ਸਗੋਂ ਇਸ ਲਈ ਲਿਖਦਾ ਹੈ ਕਿ ਉਹਦੇ ਕੋਲ ਆਖਣ ਵਾਲੀ ਕੋਈ ਗੱਲ ਹੁੰਦੀ ਹੈ।”
ਰਚਨਾ ਦਾ ਇੱਕ ਸੱਚ ਇਹ ਵੀ ਹੈ ਕਿ ਬਹੁਤੀਆਂ ਸੂਰਤਾਂ ਵਿੱਚ ਲੇਖਕ ਸਮਾਂ ਪਾ ਕੇ ਆਪਣੀ ਮੁਢਲੀ ਵਿਧਾ ਤੋਂ ਬਾਹਰ ਫ਼ੈਲ ਜਾਂਦਾ ਹੈ। ਇੱਕ ਤੋਂ ਵੱਧ ਵਿਧਾਵਾਂ ਵਿੱਚ ਲਿਖਣਾ ਉਹਦੇ ਲਈ ਸਾਧਾਰਨ ਗੱਲ ਹੋ ਜਾਂਦੀ ਹੈ। ਆਖ਼ਰ ਹਾਲਤ ਇਹ ਬਣ ਜਾਂਦੀ ਹੈ ਕਿ ਰਚਨਾ ਕਰਨ ਸਮੇਂ ਵਿਧਾ ਦਾ ਫ਼ੈਸਲਾ ਲੇਖਕ ਨਹੀਂ ਕਰਦਾ, ਸਗੋਂ ਇਹ ਕਹਿਣਾ ਵਧੇਰੇ ਠੀਕ ਹੈ ਕਿ ਵਿਧਾ ਦਾ ਫ਼ੈਸਲਾ ਉਹਦੇ ਵੱਸ ਰਹਿ ਹੀ ਨਹੀਂ ਜਾਂਦਾ, ਇਹ ਫ਼ੈਸਲਾ ਰਚਨਾ ਆਪ ਕਰਨ ਲਗਦੀ ਹੈ। ਜਦੋਂ ਕੋਈ ਵਿਚਾਰ ਲਿਖੇ ਜਾਣ ਲਈ ਮਨ ਵਿੱਚ ਉੱਭਰਦਾ ਹੈ, ਉਹ ਆਪਣੇ ਆਪ ਆਪਣੀ ਵਿਧਾ ਦੀ ਦੱਸ ਵੀ ਪਾ ਦਿੰਦਾ ਹੈ।
ਬਲਵਿੰਦਰ ਸਿੰਘ ਭੁੱਲਰ ਦੀ ਰਚਨਾ ਵੀ ਇਸ ਗੱਲ ਦਾ ਪ੍ਰਮਾਣ ਹੈ। ਪਹਿਲਾਂ ਉਹਦਾ ਕਹਾਣੀ-ਸੰਗ੍ਰਹਿ ‘ਜੇਹਾ ਬੀਜੈ ਸੋ ਲੁਣੇ’ ਛਪਿਆ। ਉਹਦੀ ਦੂਜੀ ਪੁਸਤਕ ਵੱਖ-ਵੱਖ ਖੇਤਰਾਂ ਵਿੱਚ ਨਾਂ ਕਮਾਉਣ ਵਾਲੇ ਸੰਸਾਰ ਦੇ ਕੁਝ ਪ੍ਰਸਿੱਧ ਵਿਅਕਤੀਆਂ ਦੇ ਸ਼ਬਦ-ਚਿੱਤਰਾਂ ਦਾ ਸੰਗ੍ਰਹਿ ‘ਉਡਾਰੀਆਂ ਭਰਦੇ ਲੋਕ’ ਸੀ। ਤੀਜੀ ਪੁਸਤਕ ‘ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ’ ਵਿੱਚ ਉਹਨੇ ਆਪਣੀ ਪਾਕਿਸਤਾਨ ਯਾਤਰਾ ਦੇ ਪ੍ਰਭਾਵ ਦਿੱਤੇ ਹਨ। ਇਹਨਾਂ ਤਿੰਨਾਂ ਪੁਸਤਕਾਂ ਦੀ ਦੇਖਣ ਵਾਲੀ ਗੱਲ, ਜੋ ਉਹਨਾਂ ਦੀ ਸਾਂਝੀ ਤੰਦ ਹੈ, ਹਰ ਰਚਨਾ ਵਿੱਚ ਰਚਿਆ-ਵਸਿਆ ਹੋਇਆ ਮਾਨਵਵਾਦ ਹੈ। ਸੱਚੇ ਲੇਖਕ ਦਾ ਧਰਮ ਗੰਧਲੇ ਹੋਏ ਸਮਕਾਲੀ ਸਮਾਜਕ ਤੇ ਸਿਆਸੀ ਮਾਹੌਲ ਦੀਆਂ ਤੁੱਛਤਾਵਾਂ ਤੋਂ ਉੱਚਾ ਉੱਠ ਕੇ ਸਦਭਾਵਨਾ ਦੀ ਨਿਰਮਲ ਪੌਣ ਵਿੱਚ ਸਾਹ ਲੈਂਦਿਆਂ ਮਾਨਵਵਾਦ ਦਾ ਹੋਕਾ ਦੇਣਾ ਹੁੰਦਾ ਹੈ।
ਬਲਵਿੰਦਰ ਸਿੰਘ ਭੁੱਲਰ ਆਪਣੀ ਸਮੁੱਚੀ ਰਚਨਾ ਵਿੱਚ ਇਸ ਕਸਵੱਟੀ ਉੱਤੇ ਖਰਾ ਉੱਤਰਦਾ ਹੈ। ਮਿਸਾਲ ਵਜੋਂ ਹੁਣ ਜਦੋਂ ਸ਼ਬਦ ‘ਪਾਕਿਸਤਾਨ’ ਤੇ ‘ਪਾਕਿਸਤਾਨੀ’ ਗਾਲ੍ਹ ਬਣਾ ਦਿੱਤੇ ਗਏ ਹਨ ਅਤੇ ਜੀਹਨੂੰ ਦੇਸਧਰੋਹੀ ਕਹਿਣਾ ਹੋਵੇ, ਉਸ ਉੱਤੇ ਪਾਕਿਸਤਾਨ-ਪੱਖੀ ਹੋਣ ਦਾ ਠੱਪਾ ਲਾ ਕੇ। ਪਾਕਿਸਤਾਨ ਚਲੇ ਜਾਣ ਲਈ ਆਖਿਆ ਜਾਂਦਾ ਹੈ, ਬਲਵਿੰਦਰ ਸਿੰਘ ਭੁੱਲਰ ਮਾਨਵਵਾਦ ਪੱਖੋਂ ਅਡੋਲ ਰਹਿੰਦਿਆਂ ਭਾਰਤੀ-ਪਾਕਿਸਤਾਨੀ ਗਲਵੱਕੜੀਆਂ ਦੇ ਕਿੱਸੇ ਸੁਣਾਉਂਦਾ ਹੈ।
ਉਹਦੇ ਕਾਵਿ-ਸੰਗ੍ਰਹਿ ‘ਸ਼ਾਇਰ ਉਦਾਸ ਹੈ’ ਦੀਆਂ ਰਚਨਾਵਾਂ ਵੀ ਮਾਨਵਵਾਦ ਦੇ ਨਗ਼ਮੇ ਹਨ। ਮਹਾਨ ਫ਼ਲਸਤੀਨੀ ਕਵੀ ਤੇ ਲੇਖਕ ਮਹਿਮੂਦ ਦਰਵੇਸ਼ (1941-2008) ਨੇ ਠੀਕ ਹੀ ਕਿਹਾ ਸੀ, “ਕਵਿਤਾ ਅਤੇ ਖੂਬਸੂਰਤੀ ਸਦਾ ਅਮਨ ਦੇ ਪੱਖ ਵਿੱਚ ਭੁਗਤਦੀਆਂ ਹਨ। ਜਦੋਂ ਤੁਸੀਂ ਕੋਈ ਖੂਬਸੂਰਤ ਕਵਿਤਾ ਪੜ੍ਹਦੇ ਹੋ, ਤੁਸੀਂ ਸਹਿਹੋਂਦ ਦੇਖਦੇ ਹੋ, ਕੰਧਾਂ ਢਹਿ ਜਾਂਦੀਆਂ ਹਨ।” ਖਰੀ ਕਵਿਤਾ ਛੋਟੇ ਹਿਤਾਂ ਵਾਲਿਆਂ ਦੇ ਪੈਦਾ ਕੀਤੇ ਹਨੇਰੇ ਵਿੱਚੋਂ ਵੀ ਸਹਿਹੋਂਦ ਦੇ ਨੈਣ-ਨਕਸ਼ ਪਛਾਣ ਲੈਂਦੀ ਹੈ ਅਤੇ ਵੰਡੀਆਂ ਪਾਉਣ ਵਾਲੀਆਂ ਕੰਧਾਂ ਨੂੰ ਢਾਹੁੰਦੀ ਹੈ। ਪੁਸਤਕ ਦੀ ਪਹਿਲੀ ਕਵਿਤਾ ਦਾ ਆਰੰਭ ਹੀ ਉਹਦੀ ਕਾਵਿਕਤਾ ਦੀ ਅਤੇ ਵਿਸ਼ਿਆਂ ਦੀ ਪਛਾਣਨ ਤੇ ਚੁਣਨ ਸੰਬੰਧੀ ਸਮਝ ਦੀ ਦੱਸ ਪਾ ਦਿੰਦਾ ਹੈ। ਰੇਹ-ਪਾਣੀ ਦੀ ਗਾਚੀ ਨੂੰ ਸੁਹਾਗੇ ਨਾਲ ਪੋਚ ਕੇ ਖੇਤ ਦੀ ਫੱਟੀ ਤਿਆਰ ਕੀਤੀ ਜਾਂਦੀ ਹੈ। ਕਾਹਦੇ ਲਈ? ਜੇ ਫ਼ਸਲ ਬੀਜਣ ਲਈ ਕਿਹਾ ਜਾਂਦਾ, ਉਹ ਸਾਧਾਰਨ ਗੱਲ ਨੂੰ ਸਾਧਾਰਨ ਢੰਗ ਨਾਲ ਕਹਿਣਾ ਹੁੰਦਾ, ਪਰ ਇੱਥੇ ਉਹ ਪੋਚੀ ਹੋਈ ਫੱਟੀ ਸਾਹਿਤ ਰਚਣ ਲਈ ਤਿਆਰ ਕੀਤੀ ਗਈ ਹੈ। ਤੇ ਬੱਸ ਇਹੋ ਦੋ ਸ਼ਬਦਾਂ ਦਾ ਫ਼ਰਕ ਫ਼ਸਲ ਨੂੰ ਕਵਿਤਾ, ਸਾਧਾਰਨਤਾ ਨੂੰ ਸਾਹਿਤ ਬਣਾ ਦਿੰਦਾ ਹੈ ਜਿਸਦੀ ਰਚਨਾ ਲਈ ਪੋਰ ਕਲਮ ਹੈ, ਬੀਜ ਸਿਆਹੀ ਹਨ ਅਤੇ ਓਰੇ ਕਵਿਤਾ ਦੀਆਂ ਸਤਰਾਂ ਹਨ।
ਕਿਸਾਨ ਤੇ ਕਵੀ ਅਤੇ ਫ਼ਸਲ ਤੇ ਕਵਿਤਾ ਦੀ ਇਕਮਿਕਤਾ ਸੰਬੰਧੀ ਇਸ ਕਵਿਤਾ ਦੀਆਂ ਸਤਰਾਂ ਪੜ੍ਹਦਿਆਂ ਮੈਨੂੰ ਪਲੂਟਾਰਕ ਦੀ ਖੂਬਸੂਰਤ ਤੇ ਕਲਾਤਮਿਕ ਗੱਲ ਯਾਦ ਆ ਗਈ। ਉਹ ਕਹਿੰਦਾ ਹੈ, “ਚਿੱਤਰ ਅਬੋਲ ਕਵਿਤਾ ਹੁੰਦਾ ਹੈ ਅਤੇ ਕਵਿਤਾ ਬੋਲਦਾ ਹੋਇਆ ਚਿੱਤਰ ਹੁੰਦੀ ਹੈ।” ਇਹ ਕਵਿਤਾ ਪੜ੍ਹਦਿਆਂ ਪਾਠਕ ਸ਼ਬਦਾਂ ਤੋਂ ਪਾਰ ਜਾ ਕੇ ਖੇਤ ਬੀਜ ਰਹੇ ਕਿਸਾਨ ਦਾ ਚਿੱਤਰ ਦੇਖਣ ਲਗਦਾ ਹੈ, ਜੋ ਦੇਖਦਿਆਂ-ਦੇਖਦਿਆਂ ਕਾਗ਼ਜ ਉੱਤੇ ਕਵਿਤਾ ਲਿਖ ਰਹੇ ਕਵੀ ਵਿੱਚ ਬਦਲ ਜਾਂਦਾ ਹੈ। ਹਜ਼ਾਰਾਂ ਸਾਲ ਪਹਿਲਾਂ ਦਾ ਵਣਵਾਸੀ ਮਨੁੱਖ ਕਿਰਤ ਤੇ ਭਾਸ਼ਾ ਦੇ ਦੋ ਪੈਰਾਂ ਨਾਲ ਹੀ ਸਭਿਅਤਾ ਦੀ ਮਹਾਂ-ਯਾਤਰਾ ਉੱਤੇ ਤੁਰਿਆ ਸੀ। ਅੱਜ ਵੀ ਚੰਗਾ ਸਾਹਿਤ ਕਿਰਤ ਤੇ ਭਾਸ਼ਾ ਦੇ ਸੁਮੇਲ ਵਿੱਚੋਂ ਹੀ ਪੁੰਗਰ ਸਕਦਾ ਹੈ ਤੇ ਪੁੰਗਰਦਾ ਹੈ।
ਅੰਤ ਵਿੱਚ ਇੱਕ ਗੱਲ ਦੂਜੀਆਂ ਵਿਧਾਵਾਂ ਦੇ ਮੁਕਾਬਲੇ ਜਜ਼ਬਾਤ ਦੇ ਖੇਤਰ ਵਿੱਚ ਕਵਿਤਾ ਦੀ ਬੇਮਿਸਾਲ ਸ਼ਕਤੀ ਦੀ। ਸੂਰਜ ਨੂੰ ਉਦੈ ਹੋ ਕੇ ਸਵੇਰਾ ਕਰਦਿਆਂ ਚਹੁੰ ਕੂੰਟੀਂ ਚਾਨਣ ਹੀ ਚਾਨਣ ਬਖੇਰ ਦੇਣ ਵਾਲਾ ਸਭ ਤੋਂ ਨੂਰੀ ਸਾਧਨ ਮੰਨਿਆ ਜਾਂਦਾ ਹੈ। ਪਰ ਕਵਿਤਾ ਵਿੱਚ ਇਹ ਦਮ ਹੈ ਕਿ ਸੂਰਜ ਨੂੰ ਵੀ ਅੱਵਲ ਤੋਂ ਦੋਇਮ ਬਣਾ ਦੇਵੇ! ਕਿਸੇ ਸ਼ਾਇਰ ਦੇ ਬੋਲ ਹਨ: “ਯਿਹ ਮੁਹੱਬਤ ਦਾ ਸ਼ਹਿਰ ਹੈ ਜਨਾਬ/ ਜਹਾਂ ਸਵੇਰਾ ਸੂਰਜ ਸੇ ਨਹੀਂ/ ਕਿਸੀ ਕੇ ਦੀਦਾਰ ਸੇ ਹੋਤਾ ਹੈ!”
ਬਲਵਿੰਦਰ ਸਿੰਘ ਭੁੱਲਰ ਦੀਆਂ ਕਾਵਿ ਸੰਗ੍ਰਹਿ ਤੋਂ ਬਾਅਦ ਹੋਰ ਪੁਸਤਕਾਂ ਮਿੰਨੀ ਕਹਾਣੀ ਸੰਗ੍ਰਹਿ ‘ਕੁਸੈਲਾ ਸੱਚ’ ਅਤੇ ਆਸਟ੍ਰੇਲੀਆ ਸਫ਼ਰਨਾਮਾ ‘ਧਰਤ ਪਰਾਈ ਬੇਗਾਨੇ ਲੋਕ’ ਵੀ ਛਪ ਚੁੱਕਾ ਹੈ, ਪਰ ਗੱਲ ਕਾਵਿ ਸੰਗ੍ਰਹਿ ਦੀ ਚੱਲ ਰਹੀ ਹੈ, ਉਸਦੀ ਕਵਿਤਾ ਵਿੱਚ ਸਹਿਜਤਾ ਤੇ ਸਪਸ਼ਟਤਾ ਹੈ ਅਤੇ ਸਿੱਧੀ ਪਾਠਕ ਕੋਲ ਪੁੱਜਣ ਦੀ ਜੁਗਤ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5103)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.