“ਇਸ ਇਲਾਕੇ ਦੇ ਭੇਤੀ ਵਸਨੀਕ ਵੀ ਅੱਜ ਕੱਲ੍ਹ ਫੂਕ-ਫੂਕ ਕੇ ਕਦਮ ਰੱਖ ਰਹੇ ਹਨ ਤਾਂ ਬਾਹਰੋਂ ...”![]()
(31 ਦਸੰਬਰ 2025)

ਡਲਹੌਜ਼ੀ, ਖਜਿਆਰ ਅਤੇ ਚੰਬਾ ਭਾਰਤ ਦੇ ਉਹ ਚੋਟੀ ਦੇ ਹਿੱਲ ਸਟੇਸ਼ਨਾਂ ਵਿੱਚੋਂ ਇੱਕ ਹੈ, ਜਿਸਦੀ ਠੰਢੀ ਟੀਸੀ, ਚਾਰੇ ਪਾਸੇ ਫੈਲੀ ਹਰਿਆਵਲ, ਸ਼ਾਂਤ ਅਤੇ ਦਿਲਕਸ਼ ਵਾਤਾਵਰਣ, ਵੱਖ-ਵੱਖ ਕਿਸਮਾਂ ਦੇ ਪੰਛੀਆਂ ਦੀ ਸੁਰੀਲੀ ਚਹਿਕ ਅਤੇ ਕੁਦਰਤ ਦੇ ਅਨੇਕਾਂ ਮਨਮੋਹਕ ਨਜ਼ਾਰੇ ਹਰ ਸਾਲ ਦੇਸ਼-ਵਿਦੇਸ਼ ਤੋਂ ਆਉਂਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ। ਉੱਥੇ ਖਾਣ-ਪੀਣ ਦੀਆਂ ਵਿਸ਼ੇਸ਼ ਚੀਜ਼ਾਂ ਅਤੇ ਖ਼ਰੀਦੋ-ਫਰੋਖ਼ਤ ਨਾਲ ਸਜੇ ਰੌਣਕਮਈ ਬਜ਼ਾਰ ਇਸ ਖੇਤਰ ਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਂਦੇ ਹਨ, ਖ਼ਾਸ ਕਰਕੇ ਬੱਚਿਆਂ ਲਈ ਦਿੱਖ ਦੇ ਪ੍ਰਤੀਕ ਬਣੇ ਬਾਂਦਰ ਅਤੇ ਲੰਗੂਰ ਦਿਲ ਪ੍ਰਚਾਵਾ ਕਰਦੇ ਹਨ ਅਤੇ ਦੋਸਤਾਨਾ ਹੱਥ ਵਧਾਉਂਦੇ ਹਨ।
“ਨਵੇਂ ਸਾਲ 2026” ਦੀ ਆਮਦ ਨਾਲ ਹੀ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਹਿਮਾਚਲ ਪ੍ਰਦੇਸ਼ ਦੇ ਸੁਹਾਵਣੇ ਪਹਾੜੀ ਇਲਾਕਿਆਂ - ਡਲਹੌਜ਼ੀ, ਖਜਿਆਰ ਅਤੇ ਚੰਬਾ ਆਦਿ ਖੇਤਰਾਂ ਵੱਲ ਰੁਖ ਕਰਦੇ ਹਨ। ਬਰਫ਼ੀਲੇ ਨਜ਼ਾਰੇ, ਸ਼ਾਂਤ ਵਾਤਾਵਰਣ ਅਤੇ ਕੁਦਰਤੀ ਸੁੰਦਰਤਾ ਨਵੇਂ ਸਾਲ ਦੇ ਜਸ਼ਨਾਂ ਨੂੰ ਯਾਦਗਾਰ ਬਣਾਉਣ ਦਾ ਵਾਅਦਾ ਕਰਦੇ ਹਨ ਪਰ ਜਿਵੇਂ ਹੀ ਸੈਲਾਨੀ ਇਨ੍ਹਾਂ ਮੰਜ਼ਿਲਾਂ ਵੱਲ ਜਾਣ ਵਾਲੀਆਂ ਸੜਕਾਂ ’ਤੇ ਪੈਰ ਰੱਖਦੇ ਹਨ, ਤਸਵੀਰ ਦਾ ਦੂਜਾ ਪਾਸਾ ਸਾਹਮਣੇ ਆ ਜਾਂਦਾ ਹੈ। ਅਨੇਕਾਂ ਰਸਤਿਆਂ ਵਿੱਚ ਸੜਕਾਂ ਦੇ ਕਿਨਾਰੇ ਖੂਹਾਂ ਵਰਗੇ ਖਤਰਨਾਕ ਦ੍ਰਿਸ਼ ਨਾ ਸਿਰਫ ਯਾਤਰਾ ਦੀ ਰੌਣਕ ਖੋਹ ਲੈਂਦੇ ਹਨ, ਸਗੋਂ ਸੈਲਾਨੀਆਂ ਨੂੰ ਡਰ ਅਤੇ ਚਿੰਤਾ ਵਿੱਚ ਵੀ ਪਾ ਦਿੰਦੇ ਹਨ। ਕਈ ਵਾਰ ਤਾਂ ਇਹ ਖਤਰਨਾਕ ਹਾਲਾਤ ਦੇਖ ਕੇ ਲੋਕ ਕੰਨਾਂ ਨੂੰ ਹੱਥ ਲਾਉਣ ਲਈ ਮਜਬੂਰ ਹੋ ਜਾਂਦੇ ਹਨ। ਇਹ ਵੱਡੀ ਵਿਡੰਬਨਾ ਹੈ ਕਿ ਇੱਕ ਪਾਸੇ ਸਰਕਾਰ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਦੇ ਦਾਅਵੇ ਕਰਦੀ ਹੈ, ਦੂਜੇ ਪਾਸੇ ਬੁਨਿਆਦੀ ਢਾਂਚੇ ਖ਼ਾਸ ਕਰਕੇ ਸੜਕਾਂ ਦੀ ਇਹ ਹਾਲਤ ਸੈਲਾਨੀ ਤਜਰਬੇ ’ਤੇ ਸਵਾਲ ਖੜ੍ਹੇ ਕਰਦੀ ਹੈ।
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਪਠਾਨਕੋਟ ਤੋਂ ਵਾਇਆ ਜੁਗਿਆਲ-ਧਾਰਕਲਾਂ ਹੋਕੇ ਡਲਹੌਜ਼ੀ ਨੂੰ ਜਾਂਦੀ ਮੁੱਖ ਸੜਕ ਪਿਛਲੀਆਂ ਭਾਰੀ ਬਰਸਾਤਾਂ ਦੀ ਮਾਰ ਨਾਲ ਬੁਰੀ ਤਰ੍ਹਾਂ ਟੁੱਟ ਭੱਜ ਚੁੱਕੀ ਹੈ। ਇਸ ਰਸਤੇ ਦੇ ਅਨੇਕਾਂ ਹਿੱਸਿਆਂ ਵਿੱਚ ਸੜਕਾਂ ਅੱਧੀਆਂ ਪਹਾੜਾਂ ਹੇਠਾਂ ਵਹਿ ਗਈਆਂ ਹਨ, ਜਿੱਥੇ ਮੌਤ ਦੇ ਡੂੰਘੇ ਖੂਹਾਂ ਵਰਗੇ ਡਰਾਉਣੇ ਦ੍ਰਿਸ਼ ਨਜ਼ਰ ਆਉਂਦੇ ਹਨ। ਕਈ ਥਾਂਵਾਂ ’ਤੇ ਸੜਕ ਦਾ ਇੱਕ ਪਾਸਾ ਪੂਰੀ ਤਰ੍ਹਾਂ ਗਾਇਬ ਹੈ ਅਤੇ ਦੂਜੇ ਪਾਸੇ ਵਾਹਨ ਲੰਘਾਉਣਾ ਜਾਨ ਨੂੰ ਜੋਖਮ ਵਿੱਚ ਪਾਉਣ ਦੇ ਬਰਾਬਰ ਹੈ। ਇਸ ਤੋਂ ਇਲਾਵਾ ਮੁੱਖ ਸੜਕਾਂ ਅਤੇ ਪਹਾੜਾਂ ਦੀ ਮਿੱਟੀ ਦਾ ਮਲਬਾ ਛੋਟੇ ਛੋਟੇ ਪਹਾੜਾਂ ਵਾਂਗ ਸੜਕ ਦੇ ਅੱਧੇ ਹਿੱਸੇ ਵਿੱਚ ਡਿਗੇ ਪਏ ਹਨ। ਫਿਰ ਹਾਸੋਹੀਣੀ ਗੱਲ ਉਸ ਸਮੇਂ ਦੇਖਣ ਨੂੰ ਮਿਲਦੀ ਹੈ ਜਦੋਂ ਇਹ ਡਿਗੇ ਪਹਾੜਾਂ ਦੀ ਮਿੱਟੀ ਦੇ ਮਲਬੇ ਵਾਲੇ ਛੋਟੇ ਛੋਟੇ ਪਹਾੜਾਂ ਨੂੰ ਹੋਰ ਅੱਗੇ ਜਾਣ ਤੋਂ ਰੋਕਣ ਲਈ ਲੋਹੇ ਦੇ ਗਾਡਰ ਦੀ ਜਗ੍ਹਾ ਕਾਨਿਆਂ ਵਰਗੀਆਂ ਸੋਟੀਆਂ ਦਾ ਸਹਾਰਾ ਦਿੱਤਾ ਹੋਇਆ ਹੈ, ਜੋ ਕਿਸੇ ਸਮੇਂ ਵੀ ਸੈਲਾਨੀ ਦੇ ਚਾਰ ਪਹੀਆਂ ਵਾਹਨਾਂ ਲਈ ਖਤਰੇ ਦਾ ਅਲਾਰਮ ਬਣ ਸਕਦੇ ਹਨ। ਇੱਥੇ ਇਹ ਵੀ ਧਿਆਨਯੋਗ ਹੈ ਕਿ ਜਦੋਂ ਵਾਹਨ ਪਹਾੜੀ ਸੜਕਾਂ ਤੋਂ ਹੇਠਾਂ ਵੱਲ ਉੱਤਰਦੀਆਂ ਹਨ, ਸੁਭਾਵਿਕ ਗੱਲ ਹੈ ਕਿ ਵਾਹਨਾਂ ਦੀ ਰਫਤਾਰ ਆਪਣੇ ਆਪ ਤੇਜ਼ ਹੋ ਜਾਂਦੀ ਹੈ, ਪਰ ਦੂਜੇ ਪਾਸੇ ਤਿੱਖੇ ਮੋੜ, ਅਚਾਨਕ ਆਉਂਦੇ ਟੋਏ ਅਤੇ ਸੜਕ ਦੇ ਕਿਨਾਰਿਆਂ ’ਤੇ ਬਣੇ ਮੌਤ ਦੇ ਖੂਹ ਆਉਣ-ਜਾਣ ਵਾਲਿਆਂ, ਖ਼ਾਸ ਕਰਕੇ ਸੈਲਾਨੀਆਂ ਨੂੰ ਸਹਿਮ ਸਹਿਮ ਕੇ ਯਾਤਰਾ ਕਰਨ ਲਈ ਮਜਬੂਰ ਕਰ ਰਹੇ ਹਨ। ਇਹ ਸਥਿਤੀ ਬਹੁਤ ਹੀ ਗੰਭੀਰ ਹੈ ਅਤੇ ਅਣਦੇਖੀ ਕੀਤੇ ਜਾਣ ਦੇ ਯੋਗ ਨਹੀਂ, ਫਿਰ ਕਿੱਥੇ ਅਤੇ ਕਦੋਂ ਚੰਗੀ-ਭਲੀ ਸੜਕ ਵਿੱਚ ਅਚਾਨਕ ਟੋਏ ਆ ਜਾਣ, ਇਸ ਬਾਰੇ ਕੋਈ ਭਰੋਸਾ ਨਹੀਂ।
ਸੜਕਾਂ ਭਾਵੇਂ ਪਠਾਨਕੋਟ ਤੋਂ ਡਲਹੌਜ਼ੀ ਤਕ ਚੌੜੀਆਂ, ਚਮਕਦਾਰ ਅਤੇ ਪਹਿਲੀ ਨਜ਼ਰ ਵਿੱਚ ਬਹੁਤ ਹੀ ਸਾਫ-ਸੁਥਰੀਆਂ ਕਿਉਂ ਨਾ ਲੱਗਣ, ਪਰ ਇਨ੍ਹਾਂ ਦੀ ਹਕੀਕਤ ਅਕਸਰ ਡਰਾਉਣੀ ਸਾਬਤ ਹੁੰਦੀ ਹੈ। ਸਾਫ ਅਤੇ ਵਧੀਆ ਦਿਸਦੀਆਂ ਸੜਕਾਂ ਉੱਤੇ ਵਾਹਨ ਜਦੋਂ ਪੂਰੀ ਰਫਤਾਰ ਨਾਲ ਆਪਣੀ ਮੰਜ਼ਿਲ ਵੱਲ ਦੌੜ ਪੈਂਦੇ ਹਨ ਤਾਂ ਅਚਾਨਕ ਸਾਹਮਣੇ ਆਉਂਦੀਆਂ ਹਨ ਖੂਹ ਵਰਗੀਆਂ ਖੱਡਾਂ ਅਤੇ ਟੋਏ। ਇਹ ਅਚਾਨਕ ਆਈਆਂ ਸਥਿਤੀਆਂ ਪਲ ਭਰ ਵਿੱਚ ਸਫਰ ਨੂੰ ਸੁਰੱਖਿਅਤ ਤੋਂ ਅਸੁਰੱਖਿਅਤ ਬਣਾ ਦਿੰਦੀਆਂ ਹਨ। ਇਹ ਦ੍ਰਿਸ਼ ਸਿਰਫ ਸੜਕਾਂ ਦੀ ਬਦਹਾਲੀ ਨਹੀਂ ਦੱਸਦੇ, ਸਗੋਂ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਜਿੰਦਾ-ਜਾਗਦਾ ਸਬੂਤ ਹਨ। ਚਾਲਕ ਜਦੋਂ ਇਨ੍ਹਾਂ ਅਚਾਨਕ ਆਏ ‘ਮੌਤ ਦੇ ਜਾਲਾਂ’ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਕਸਰ ਵਾਹਨ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਦੁਰਘਟਨਾ ਦਾ ਖ਼ਦਸ਼ਾ ਕਈ ਗੁਣਾ ਵਧ ਜਾਂਦਾ ਹੈ। ਖ਼ਾਸ ਕਰਕੇ ਅੱਜ-ਕੱਲ੍ਹ ਦੀ ਅੰਨ੍ਹੀ ਧੁੰਦ, ਰਾਤ ਦੇ ਸਮੇਂ ਜਾਂ ਮੀਂਹ ਦੌਰਾਨ ਇਹ ਖੱਡੇ ਮੌਤ ਨੂੰ ਸੱਦਾ ਦੇਣ ਵਰਗੇ ਸਾਬਤ ਹੁੰਦੇ ਹਨ। ਸਵਾਲ ਇਹ ਨਹੀਂ ਕਿ ਸੜਕਾਂ ਕਿੰਨੀ ਚਮਕਦਾਰ ਦਿਸਦੀਆਂ ਹਨ, ਸਵਾਲ ਇਹ ਹੈ ਕਿ ਕੀ ਉਹ ਸਫਰ ਲਈ ਸੁਰੱਖਿਅਤ ਵੀ ਹਨ? ਜਦੋਂ ਤਕ ਸੜਕਾਂ ਦੀ ਨਿਯਮਿਤ ਜਾਂਚ, ਮੁਰੰਮਤ ਅਤੇ ਜਵਾਬਦੇਹੀ ਯਕੀਨੀ ਨਹੀਂ ਬਣਾਈ ਜਾਂਦੀ, ਤਦ ਤਕ ਹਰ ਯਾਤਰਾ ਇੱਕ ਅਣਜਾਣ ਖ਼ਤਰੇ ਨਾਲ ਭਰੀ ਰਹੇਗੀ।
ਜਦੋਂ ਇਹ ਲੇਖਕ ਖੁਦ ਇਸ ਰਸਤੇ ’ਤੇ ਆਪਣੀ ਕਾਰ ਵਿੱਚ ਸਫਰ ਕਰ ਰਿਹਾ ਸੀ ਤਾਂ ਨਾ ਜਾਣੇ ਕਿੰਨੀ ਵਾਰ ਮੁੱਖ ਸੜਕ ਦੇ ਟੋਇਆਂ ਨਾਲ ਦੋ-ਚਾਰ ਹੋਣਾ ਪਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਇਸ ਇਲਾਕੇ ਦੇ ਭੇਤੀ ਵਸਨੀਕ ਵੀ ਅੱਜ ਕੱਲ੍ਹ ਫੂਕ-ਫੂਕ ਕੇ ਕਦਮ ਰੱਖ ਰਹੇ ਹਨ ਤਾਂ ਬਾਹਰੋਂ ਆ ਰਹੇ ਸੈਲਾਨੀਆਂ ਲਈ ਇਹ ਡਰ ਹੋਰ ਵੀ ਵਧ ਜਾਣਾ ਸੁਭਾਵਿਕ ਹੈ। ਲੋਕ ਇਹ ਵੀ ਦੱਸਦੇ ਹਨ ਕਿ ਪਠਾਨਕੋਟ ਤੋਂ ਵਾਇਆ ਜੁਗਿਆਲ-ਧਾਰਕਲਾਂ ਰਾਹੀਂ ਡਲਹੌਜ਼ੀ ਜਾਣ ਲਈ ਸੈਲਾਨੀ ਇਸ ਰਸਤੇ ਦੀ ਚੋਣ ਇਸ ਲਈ ਕਰਦੇ ਹਨ ਕਿਉਂਕਿ ਇਸ ਦਰਮਿਆਨ ਦੇਸ਼ ਦਾ ਬਹੁਮੁੱਲਾ ਰਣਜੀਤ ਸਾਗਰ ਡੈਮ ਅਤੇ ਕਈ ਮਨਮੋਹਕ ਅਥਾਨ ਦੇਖਣ ਨੂੰ ਮਿਲਦੇ ਹਨ। ਪਾਂਡਵਾਂ ਨਾਲ ਸੰਬੰਧਤ ਮਸ਼ਹੂਰ ਗੁਫ਼ਾਵਾਂ ਵਾਲਾ ਧਾਰਮਿਕ ਅਸਥਾਨ ਮੁਕਤੇਸ਼ਵਰ ਧਾਮ, ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਅਤੇ ਵਜ਼ੀਰ ਸ਼ਹੀਦ ਰਾਮ ਸਿੰਘ ਪਠਾਣੀਆ ਦਾ ਮੰਦਰ, ਅਤੇ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਵਸਿਆ ‘ਮਿਨੀ ਗੋਆ’ ਵੀ ਇਸ ਰਸਤੇ ਦੀ ਖ਼ਾਸ ਪਛਾਣ ਹਨ, ਜਿੱਥੋਂ ਦੇ ਮਨਮੋਹਕ ਨਜ਼ਾਰੇ ਲੈਕੇ ਸੈਲਾਨੀ ਬਾਗ਼ੋ ਬਾਗ ਹੋ ਜਾਂਦੇ ਹਨ।
ਭਾਵੇਂ ਪਠਾਨਕੋਟ-ਡਲਹੌਜੀ ਜਰਨੈਲੀ ਸੜਕ ਦਾ ਦੋ ਤਿੰਨ ਥਾਂਵਾਂ ’ਤੇ ਕੰਮ ਚੱਲ ਰਿਹਾ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਪਿੱਛੇ ਆਏ ਹੜ੍ਹਾਂ ਨੂੰ ਪੰਜ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪ੍ਰੰਤੂ ਅੱਜੇ ਤਕ ਸੜਕ ਦਾ ਕੰਮ ਨੇਪਰੇ ਨਹੀਂ ਚੜ੍ਹ ਸਕਿਆ ਜੋ ਪ੍ਰਸ਼ਾਸਨ ਦੀ ਸਿੱਧੀ ਸਿੱਧੀ ਲਾਪ੍ਰਵਾਹੀ ਨਹੀਂ ਤਾਂ ਹੋਰ ਕੀ ਹੈ?
ਦੂਜੇ ਪਾਸੇ ਪਠਾਨਕੋਟ ਤੋਂ ਵਾਇਆ ਜੁਗਿਆਲ-ਧਾਰਕਲਾਂ ਹੋ ਕੇ ਡਲਹੌਜ਼ੀ ਨੂੰ ਜਾਂਦਾ ਕਰਮਾਂ ਦਾ ਮਾਰਾ ਮੁੱਖ ਰੋਡ ਨਿਰਮਾਣ ਪੱਖੋਂ ਮੂੰਹ ਚੁੱਕੀ ਦੇਖ ਰਿਹਾ ਹੈ ਕਿ ਕਦ ਕਿਸਮਤ ਦੇ ਦਰਵਾਜ਼ੇ ਖੁੱਲ੍ਹਣਗੇ?
ਇਸ ਲਈ ਪੰਜਾਬ ਸਰਕਾਰ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਚਾਹੀਦਾ ਹੈ ਕਿ ਸੈਲਾਨੀਆਂ ਦੀ ਵਧਦੀ ਆਮਦ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਬਹੁਤ ਹੀ ਮਹੱਤਵਪੂਰਨ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਖ਼ਤਰਨਾਕ ਥਾਂਵਾਂ ’ਤੇ ਮਜ਼ਬੂਤ ਗਾਰਡ, ਸਪਸ਼ਟ ਚਿਤਾਵਣੀ ਬੋਰਡ ਅਤੇ ਵਿਗਿਆਨਿਕ ਢੰਗ ਨਾਲ ਢਿੱਗਾਂ ਰੋਕੂ ਪ੍ਰਬੰਧ ਕੀਤੇ ਜਾਣ, ਨਹੀਂ ਤਾਂ ਇਹ ਕੁਦਰਤੀ ਸੁੰਦਰਤਾ ਦਾ ਰਸਤਾ ਕਦੇ ਵੀ ਕਿਸੇ ਵੱਡੇ ਦੁਖਾਂਤ ਦਾ ਕਾਰਨ ਬਣ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































