RajinderSRajan7ਇੱਥੇ ਹੀ ਬੱਸ ਨਹੀਂ ਸ਼ਹਿਰ ਦੀਆਂ ਸੜਕਾਂ ’ਤੇ ਜਦੋਂ ਬੇਮੁਹਾਰੇ ਸਾਨ੍ਹ ਆਪਸ ਵਿੱਚ ਭਿੜ ...
(18 ਅਪਰੈਲ 2025)

 

ਅਵਾਰਾ ਪਸ਼ੂ ਕੇਵਲ ਫਸਲਾਂ ਲਈ ਹੀ ਨਹੀਂ ਸਗੋਂ ਸੜਕਾਂ ’ਤੇ ਚੱਲ ਰਹੀਆਂ ਜ਼ਿੰਦਗੀਆਂ ਲਈ ਵੀ ਲਗਾਤਾਰ ਖ਼ਤਰਾ ਬਣੇ ਹੋਏ ਹਨਇਹ ਮਾਮਲਾ ਹੁਣ ਕਿਸਾਨੀ ਦੀ ਹੱਦ ਤਕ ਸੀਮਿਤ ਨਹੀਂ ਰਿਹਾ, ਬਲਕਿ ਸਾਰਿਆਂ ਦੀ ਸੁਰੱਖਿਆ ਨਾਲ ਜੁੜੀ ਗੰਭੀਰ ਚੁਣੌਤੀ ਬਣ ਚੁੱਕਾ ਹੈਰੋਜ਼ਾਨਾ ਹਾਦਸੇ, ਜਾਨਾਂ ਦਾ ਨੁਕਸਾਨ ਅਤੇ ਆਵਾਜਾਈ ਵਿੱਚ ਰੁਕਾਵਟਾਂ ਦੀ ਇਹ ਦਾਸਤਾਨ ਹੁਣ ਪੰਜਾਬ ਤੋਂ ਇਲਾਵਾ ਬਾਹਰ ਗੁਆਂਢੀ ਸੂਬਿਆਂ ਤਕ ਵੀ ਫੈਲ ਚੁੱਕੀ ਹੈਜਿੱਥੇ ਵੀ ਜਾਓ, ਗਾਵਾਂ, ਮੱਝਾਂ, ਸਾਂਡ, ਵੱਛੇ ਮੌਤ ਵਾਂਗ ਰਸਤੇ ਰੋਕਦੇ ਮਿਲਦੇ ਹਨਅਵਾਰਾ ਪਸ਼ੂਆਂ ਦੀ ਭਰਮਾਰ ਨਾ ਸਿਰਫ਼ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਹੀ ਵਧ ਰਹੀ ਹੈ, ਬਲਕਿ ਨੈਸ਼ਨਲ ਹਾਈਵੇਅ ਅਤੇ ਪਹਾੜੀ ਰਾਜਾਂ ਦੀਆਂ ਮੁੱਖ ਸੜਕਾਂ ’ਤੇ ਵੀ ਵੱਡਾ ਖ਼ਤਰਾ ਬਣ ਚੁੱਕੀ ਹੈਕਈ ਪਸ਼ੂ-ਪਾਲਕ ਤਾਂ ਆਪਣੇ ਦੁਧਾਰੂ ਪਸ਼ੂਆਂ ਨੂੰ ਦਿਨ ਭਰ ਆਵਾਰਾ ਛੱਡਣ ਦੀ ਆਦਤ ਪਾ ਚੁੱਕੇ ਹਨਇਹ ਪਸ਼ੂ ਕਿਸਾਨਾਂ ਦੇ ਖੇਤਾਂ, ਸ਼ਹਿਰੀ ਬਾਜ਼ਾਰਾਂ ਅਤੇ ਨਵੇਂ ਵਿਕਾਸ ਅਧੀਨ ਖਾਲੀ ਪਲਾਟਾਂ ਵਿੱਚ ਵਿਨਾਸ਼ ਮਚਾਉਂਦੇ ਨਜ਼ਰ ਆਉਂਦੇ ਹਨ

ਸ਼ਹਿਰੀ ਇਲਾਕਿਆਂ ਵਿੱਚ ਇਹ ਪਸ਼ੂ ਗੰਦਗੀ ਅਤੇ ਰੋਗਾਂ ਦੇ ਫੈਲਾਅ ਦਾ ਕਾਰਨ ਬਣ ਰਹੇ ਹਨਕੁੜੇ ਵਿੱਚੋਂ ਖਾਣ ਦੀ ਆਦਤ ਕਰਕੇ ਇਹ ਅਕਸਰ ਬਿਮਾਰ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਬਿਮਾਰੀਆਂ ਹੋਰ ਪਸ਼ੂਆਂ ਅਤੇ ਇਨਸਾਨਾਂ ਤਕ ਵੀ ਪਹੁੰਚ ਸਕਦੀਆਂ ਹਨਕਈ ਵਾਰ ਗੁੱਸੇ ਵਿੱਚ ਆਏ ਪਸ਼ੂ ਸੜਕ ’ਤੇ ਦੌੜ ਪੈਂਦੇ ਹਨ, ਜਿਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਆਮ ਰਿਹੜੀਆਂ-ਫੜੀਆਂ ਵਾਲਿਆਂ ਲਈ ਸੰਕਟ ਪੈਦਾ ਹੋ ਜਾਂਦਾ ਹੈ

ਇਨ੍ਹਾਂ ਅਵਾਰਾ ਪਸ਼ੂਆਂ ਵਿੱਚ ਖ਼ਾਸ ਕਰਕੇ ਮੋਟੇ-ਤਕੜੇ ਸਾਂਡ ਬਹੁਤ ਖ਼ਤਰਨਾਕ ਸਾਬਤ ਹੁੰਦੇ ਹਨਇਹ ਅਕਸਰ ਬਿਨਾਂ ਕਿਸੇ ਚਿਤਾਵਣੀ ਦੇ ਹਮਲਾ ਕਰ ਦਿੰਦੇ ਹਨਬਹੁਤ ਵਾਰ ਕਾਰਾਂ, ਥ੍ਰੀ-ਵੀਲਰਾਂ ਦੇ ਸਵਾਰ ਅਤੇ ਮੋਟਰਸਾਈਕਲ, ਸਾਈਕਲ ਚਾਲਕ ਵੀ ਇਨ੍ਹਾਂ ਦੇ ਸ਼ਿਕਾਰ ਬਣ ਚੁੱਕੇ ਹਨਜੇਕਰ ਕਿਸੇ ਨੇ ਹੌਲੀ ਜਿਹਾ ਹੌਰਨ ਵਜਾ ਦਿੱਤਾ ਜਾਂ ਉਨ੍ਹਾਂ ਦੇ ਨੇੜੇ ਗੁਜ਼ਰਦੇ ਹੋਏ ਅਣਜਾਣੇ ਹੀ ਨਜ਼ਰ ਮਿਲਾ ਲਈ ਤਾਂ ਇਹ ਪਸ਼ੂ ਗੁੱਸੇ ਵਿੱਚ ਹਮਲਾ ਕਰ ਦਿੰਦੇ ਹਨਕਿੰਨੇ ਹੀ ਲੋਕ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਹਨਜੋ ਲੋਕ ਜ਼ਿੰਦਾ ਬਚਦੇ ਹਨ, ਉਹ ਵੀ ਗੰਭੀਰ ਜਖ਼ਮੀਆਂ ਹੋ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕੁਝ ਅਪਹਾਜ ਹੋ ਜਾਂਦੇ ਹਨਅਜਿਹੇ ਹਮਲਿਆਂ ਵਿੱਚ ਬਚਣ ਵਾਲੇ ਲੋਕ ਬੱਸ ਇਨ੍ਹਾਂ ਦੇ ਕਹਿਰ ਦੀ ਗਵਾਹੀ ਦੇ ਸਕਦੇ ਹਨਕਈ ਵਾਰ ਇਨ੍ਹਾਂ ਦੀ ਇੱਕੋ ਟੱਕਰ ਮੌਤ ਦਾ ਕਾਰਨ ਬਣ ਜਾਂਦੀ ਹੈਦਿਨ ਹੋਵੇ ਜਾਂ ਰਾਤ, ਇਹ ਪਸ਼ੂ ਅਕਸਰ ਹਾਈਵੇ ਉੱਤੇ ਜਾਂ ਰਹੀਆਂ ਗੱਡੀਆਂ ਦੇ ਅੱਗੇ ਆ ਜਾਂਦੇ ਹਨ। ਵਿਸ਼ੇਸ਼ ਤੌਰ ’ਤੇ ਕਾਲੇ ਰੰਗ ਦੇ ਪਸ਼ੂ ਤਾਂ ਰਾਤ ਦੇ ਹਨੇਰੇ ਵਿੱਚ ਡਰਾਈਵਰਾਂ ਨੂੰ ਅਣਦਿਖੇ ਰਹਿੰਦੇ ਹਨ, ਜਿਸ ਕਰਕੇ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ

ਇਹ ਵੀ ਸੋਚਣਯੋਗ ਹੈ ਕਿ ਜਦੋਂ ਕੋਈ ਦੁਧਾਰੂ ਪਸ਼ੂ ਵੱਡੇ ਵਾਹਨ ਹੇਠ ਆ ਕੇ ਮਰ ਜਾਂਦਾ ਹੈ ਤਾਂ ਉਸ ਦਾ ਮਾਲਿਕ ਤੁਰੰਤ ਆ ਕੇ ਆਪਣੀ ਨੁਕਸਾਨ ਦੀ ਭਰਪਾਈ ਮੰਗਣ ਲੱਗ ਪੈਂਦਾ ਹੈਪਰ ਜੇ ਕੋਈ ਬੰਦਾ ਪਸ਼ੂ ਨਾਲ ਟਕਰਾ ਕੇ ਗੰਭੀਰ ਜ਼ਖਮੀ ਹੋ ਜਾਂਦਾ ਹੈ, ਤੇ ਪੁੱਛਿਆ ਜਾਂਦਾ ਹੈ ਕਿ ਪਸ਼ੂ ਕਿਸਦਾ ਹੈ ਤਾਂ ਕੋਈ ਵੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੁੰਦਾਇਹ ਦੋਹਰੀ ਸੋਚ ਸਮਾਜ ਵਿੱਚ ਨੈਤਿਕਤਾ ਅਤੇ ਜ਼ਿੰਮੇਵਾਰੀ ਦੀ ਘਾਟ ਨੂੰ ਉਜਾਗਰ ਕਰਦੀ ਹੈ

ਦੁਧਾਰੂ ਪਸ਼ੂਆਂ ਨੂੰ ਆਵਾਰਾ ਬਣਾਕੇ, ਜਿਨ੍ਹਾਂ ਲੋਕਾਂ ਨੇ ਇਹ ਬੇਇਨਸਾਫ਼ੀ ਕੀਤੀ, ਉਨ੍ਹਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਹ ਪਸ਼ੂ, ਜੋ ਕਦੇ ਸਾਡੇ ਘਰਾਂ ਦਾ ਸਰਮਾਇਆ ਹੁੰਦੇ ਸਨ, ਅੱਜ ਗੰਦਗੀ ਦੇ ਢੇਰਾਂ ਵਿੱਚ ਆਪਣੀ ਜ਼ਿੰਦਗੀ ਦੀ ਤਲਾਸ਼ ਕਰ ਰਹੇ ਹਨਜਿਨ੍ਹਾਂ ਗਊਆਂ ਨੇ ਪੰਜਾਬ ਦੀ ਧਰਤੀ ਨੂੰ ਦੁੱਧ, ਮੱਖਣ, ਘਿਉ, ਦਹੀਂ, ਲੱਸੀ ਅਤੇ ਹੋਰ ਜ਼ਿੰਦਗੀ ਲਈ ਜ਼ਰੂਰੀ ਵਸਤਾਂ ਨਾਲ ਮਾਲਾਮਾਲ ਕੀਤਾ, ਉਹ ਅੱਜ ਨਾ ਸਿਰਫ਼ ਬੇਆਸਰਾ ਹਨ ਬਲਕਿ ਪੇਟ ਦੀ ਭੁੱਖ ਮਿਟਾਉਣ ਲਈ ਗੰਦਗੀ ਦੇ ਢੇਰਾਂ ਵਿੱਚ ਮੂੰਹ ਮਾਰਦੇ ਚਾਰੇ ਦੀ ਤਲਾਸ਼ ਕਰ ਰਹੇ ਹਨਸਵਾਲ ਇਹ ਨਹੀਂ ਕਿ ਇਨ੍ਹਾਂ ਪਸ਼ੂਆਂ ਦੀ ਜ਼ਿੰਮੇਵਾਰੀ ਕਿਸ ਦੀ ਸੀ ਜਾਂ ਹੈ, ਸਵਾਲ ਇਹ ਹੈ ਕਿ ਅਸੀਂ ਇਨਸਾਨ ਹੋਣ ਦੇ ਨਾਤੇ ਆਪਣੀ ਮਨੁੱਖਤਾ ਦੇ ਫਰਜ਼ ਨੂੰ ਕਿਉਂ ਭੁੱਲ ਗਏ? ਦੂਸਰਾ ਇਹ ਕਿ ਇਨ੍ਹਾਂ ਪਸ਼ੂਆਂ ਦਾ ਗੋਹਾ, ਜੋ ਕਦੇ ਖੇਤਾਂ ਦੀ ਖ਼ਾਦ ਬਣਦਾ ਸੀ, ਹੁਣ ਬਦਬੂਦਾਰ ਹੋ ਗਿਆ ਹੈ, ਜੋ ਵਾਤਾਵਰਣ ਨੂੰ ਵਿਗਾੜਨ ਵਿੱਚ ਵੀ ਇੱਕ ਭੂਮਿਕਾ ਨਿਭਾ ਰਿਹਾ ਹੈ

ਇਹ ਵੀ ਸੋਚਣਯੋਗ ਹੈ ਕਿ ਕੀ ਇੱਥੇ ਕੇਵਲ ਅਵਾਰਾ ਪਸ਼ੂ ਹੀ ਘੁੰਮ ਰਹੇ ਹਨ? ਜਵਾਬ ਹੈ ਨਹੀਂ, ਇਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਦੁਧਾਰੂ ਗਾਵਾਂ ਦੀ ਹੁੰਦੀ ਹੈ, ਜਿਨ੍ਹਾਂ ਦੇ ਕੁਝ ਮਾਲਕ ਤੇ ਕੁਝ ਦੁੱਧ ਦੀਆਂ ਡੇਰੀਆਆਂ ਵਾਲੇ ਪਸ਼ੂ ਪਾਲਕ ਆਪਣੇ ਪਸ਼ੂਆਂ ਦੀਆਂ ਪਹਿਲੇ ਪੈਰ ਦੀਆਂ ਧਾਰਾਂ ਕੱਢਕੇ ਉਨ੍ਹਾਂ ਨੂੰ ਦਿਨ ਭਰ ਆਵਾਰਾ ਛੱਡ ਦਿੰਦੇ ਹਨ ਤਾਂ ਜੋ ਉਹ ਖੁਦ ਹੀ ਖਾਣ-ਪੀਣ ਲਈ ਕੁਝ ਲੱਭਣਫਿਰ ਇਹ ਪਸ਼ੂ ਇੰਨੇ ਸਿਆਣੇ ਹਨ ਕਿ ਜਦੋਂ ਧਾਰਾਂ ਕੱਢਣ ਦਾ ਮੁੜ ਸਮਾਂ ਆਉਂਦਾ ਹੈ, ਇਹ ਆਪਣੇ ਆਪ ਆਪਣੇ ਮਾਲਕ ਦੇ ਘਰ ਵਾਪਸ ਪਰਤ ਆਉਂਦੇ ਹਨਪੈਸੇ ਦੀ ਦੌੜ ਵਿੱਚ ਕੁਝ ਪਸ਼ੂ-ਪਾਲਕ ਆਪਣੇ ਪਸ਼ੂਆਂ ਦੀ ਖੁਰਾਕ ਉੱਤੇ ਕੋਈ ਖਰਚਾ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਆਵਾਰਾ ਛੱਡ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਨ

ਪੰਜਾਬ ਵਿੱਚ ਤਾਂ ਅਵਾਰਾ ਪਸ਼ੂਆਂ ਦੀ ਭਰਮਾਰ ਲਗਭਗ ਹਰ ਸ਼ਹਿਰ ਅਤੇ ਪਿੰਡ ਵਿੱਚ ਵੇਖਣ ਨੂੰ ਮਿਲਦੀ ਹੈ, ਪਰ ਪਠਾਨਕੋਟ ਜ਼ਿਲ੍ਹੇ ਦੇ ਗੁਆਂਢੀ ਰਾਜ-ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀਆਂ ਮੁੱਖ ਸੜਕਾਂ ’ਤੇ ਇਹ ਸਮੱਸਿਆ ਇੱਕ ਵੱਡੇ ਖਤਰੇ ਵਾਂਗ ਉੱਭਰੀ ਹੋਈ ਹੈਪਠਾਨਕੋਟ-ਜੰਮੂ ਹਾਈਵੇ, ਪਠਾਨਕੋਟ-ਸ੍ਰੀਨਗਰ ਰੋਡ, ਪਠਾਨਕੋਟ-ਚੰਬਾ-ਡਲਹੌਜ਼ੀ ਰੋਡ, ਪਠਾਨਕੋਟ-ਕੁੱਲੂ-ਮਨਾਲੀ ਸੜਕਾਂ ’ਤੇ ਇਹ ਪਸ਼ੂ ਆਜ਼ਾਦੀ ਨਾਲ ਬੇ-ਰੋਕ ਟੋਕ ਘੁੰਮਦੇ ਦਿਖਾਈ ਦੇਣਗੇਇਹ ਅਵਾਰਾ ਪਸ਼ੂ ਕਈ ਵਾਰ ਅਚਾਨਕ ਗੱਡੀਆਂ ਦੇ ਅੱਗੇ ਆ ਜਾਂਦੇ ਹਨ, ਜਿਸ ਕਰਕੇ ਸੜਕਾਂ ’ਤੇ ਯਾਤਰਾ ਕਰ ਰਹੇ ਲੋਕ ਖਤਰੇ ਵਿੱਚ ਪੈਂਦੇ ਹਨ ਅਤੇ ਹਾਦਸਾ ਗ੍ਰਸਤ ਹਨ

ਇੱਥੇ ਹੀ ਬੱਸ ਨਹੀਂ ਸ਼ਹਿਰ ਦੀਆਂ ਸੜਕਾਂ ’ਤੇ ਜਦੋਂ ਬੇਮੁਹਾਰੇ ਸਾਨ੍ਹ ਆਪਸ ਵਿੱਚ ਭਿੜ ਪੈਂਦੇ ਹਨ ਤਾਂ ਇਹ ਕੋਈ ਆਮ ਲੜਾਈ ਨਹੀਂ ਹੁੰਦੀ, ਇਹ ਇੱਕ ਭਿਆਨਕ ਜੰਗ ਬਣ ਜਾਂਦੀ ਹੈਜਦੋਂ ਉਹ ਆਪਣੀ ਸ਼ਕਤੀ ਦਿਖਾਉਣ ਲਈ ਅੱਗੇ ਵਧਦੇ ਹਨ, ਰਾਹ ਵਿੱਚ ਆਉਣ ਵਾਲੀ ਹਰ ਚੀਜ਼- ਰੇਹੜੀਆਂ, ਕਾਰਾਂ, ਮੋਟਰਸਾਈਕਲ ਉਲਟ ਜਾਂਦੇ ਹਨ। ਲੋਕ ਭੈਬੀਤ ਹੋ ਕੇ ਪਾਸੇ ਲੱਗ ਜਾਂਦੇ ਹਨ, ਜਿਵੇਂ ਸ਼ਹਿਰ ਉੱਤੇ ਕਿਸੇ ਕਾਲੀ ਆਫ਼ਤ ਨੇ ਹਮਲਾ ਕਰ ਦਿੱਤਾ ਹੋਵੇ। ਅੰਤ ਵਿੱਚ ਜਦੋਂ ਇੱਕ ਸਾਨ੍ਹ ਹਾਰਨ ਲਗਦਾ ਹੈ, ਉਸ ਦੀ ਸ਼ਕਤੀ ਟੁੱਟ ਜਾਂਦੀ ਹੈ ਤਾਂ ਜਿੱਤਿਆ ਸਾਨ੍ਹ ਆਪਣੀ ਉੱਚੀ ਗਰਦਨ ਕਰਕੇ ਹਵਾ ਵਿੱਚ ਝੂਲਦੇ ਸਿੰਗਾਂ ਨਾਲ ਮਾਣ ਭਰੀ ਚਿਤਾਵਨੀ ਦਿੰਦਾ ਹੈ ਕਿ ਹੁਣ ਇਹ ਖੇਤਰ ਮੇਰਾ ਹੈ! ਹਾਰੇ ਹੋਏ ਨੂੰ ਪਿੱਛੇ ਹਟਣਾ ਪੈਂਦਾ ਹੈ, ਜਦੋਂ ਕਿ ਜਿੱਤਣ ਵਾਲਾ ਸਾਨ੍ਹ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਆਪਣਾ ਰਾਜ ਘੋਸ਼ਿਤ ਕਰਦਾ ਹੋਇਆ ਗੌਰਵ ਨਾਲ ਅੱਗੇ ਵਧਦਾ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਜਾਂਦਾ ਹੈ

ਕਿਸੇ ਸਮੇਂਚੌਣਿਆਂ ’ਤੇ ਜਾਣ ਵਾਲੀਆਂ ਗਊਆਂ ਦੇ ਗਲਾਂ ਵਿੱਚ ਘੰਟੀਆਂ ਦੀ ਛਣਕ ਹੁੰਦੀ, ਜਿਵੇਂ ਕੁਦਰਤ ਆਪਣੇ ਸਾਜ਼ ਵਜਾ ਰਹੀ ਹੋਵੇਪੁਰਾਣੇ ਸਮੇਂ ਦੀਆਂ ਮਾਵਾਂ ਆਪਣੇ ਹੱਥੀਂ ਰੋਟੀ ਦੇ ਟੁਕੜੇ ਜਾਂ ਗੁੜ ਬੰਨ੍ਹ ਕੇ ਗਊਆਂ ਲਈ ਭੇਜਦੀਆਂ ਸਨਇਹ ਇੱਕ ਰਿਵਾਇਤੀ ਰੂਹਾਨੀ ਰਿਸ਼ਤਾ ਸੀ, ਪਸ਼ੂ ਅਤੇ ਇਨਸਾਨ ਵਿਚਕਾਰ ਪਿਆਰ, ਪਰਵਾਹ ਤੇ ਸੰਵੈਦਨਸ਼ੀਲਤਾ ਦਾਚੌਣੇ ਸਿਰਫ਼ ਚਾਰਾ ਨਹੀਂ, ਇਹ ਇੱਕ ਢੰਗ ਸੀ ਪਸ਼ੂਆਂ ਦੀ ਜ਼ਿੰਦਗੀ ਨੂੰ ਕੁਦਰਤ ਨਾਲ ਜੋੜਨ ਦਾਜਿੱਥੇ ਪਾਣੀ ਚਮਕਦਾ ਹੋਇਆ ਬਹਿੰਦਾ, ਉੱਥੇ ਪਸ਼ੂ ਪਾਣੀ ਪੀਣ ਤੋਂ ਬਾਅਦ ਆਪਣੇ ਮੂੰਹ ਚੱਟਦੇ, ਰੌਣਕ ਵਾਲੀ ਧਰਤੀ ਉੱਤੇ ਲੰਬੇ ਲੰਬੇ ਸਾਹ ਲੈਂਦੇਕਿਤੇ ਗਊਆਂ ਇੱਕ-ਦੂਜੀ ਨਾਲ ਮੱਥੇ ਰਗੜਦੀਆਂ, ਕਿਤੇ ਛੋਟੀਆਂ ਵਛੜੀਆਂ ਮਾਂ ਦੇ ਪਿੱਛੇ-ਪਿੱਛੇ ਦੌੜਦੀਆਂਇਹ ਦ੍ਰਿਸ਼ ਗਮ ਭੁਲਾਉਂਦਾ ਸੀ, ਮਨ ਨੂੰ ਸ਼ਾਂਤ ਕਰ ਦਿੰਦਾ ਸੀ। ਪ੍ਰੰਤੂ ਅੱਜ ਦੀ ਹਕੀਕਤ ਇਸ ਸਭ ਤੋਂ ਉਲਟ ਹੈਪਸ਼ੂ ਆਜ਼ਾਦੀ ਦੀ ਥਾਂ ਕੈਦ ਵਿੱਚ ਹਨਗਾਹਕ ਲਈ ਦੁੱਧ ਦੀ ਮਾਤਰਾ ਤਾਂ ਵਧੀ, ਪਰ ਉਸ ਦੀ ਗੁਣਵੱਤਾ ਘਟ ਗਈਗੰਦਗੀ ਦੇ ਢੇਰਾਂ ਉੱਤੇ ਪੇਟ ਭਰਦੇ ਪਸ਼ੂਆਂ ਦੀ ਇਹ ਹਾਲਤ ਸਾਡੀ ਸਮਾਜਕ ਸੰਵੈਦਨਸ਼ੀਲਤਾ ਉੱਤੇ ਸਵਾਲ ਚੁੱਕਦੀ ਹੈਕੀ ਅਸੀਂ ਉਹੀ ਲੋਕ ਹਾਂ ਜੋ ਪਹਿਲਾਂ ਗਊਆਂ ਦੇ ਮੱਥੇ ਤੇ ਹੱਥ ਫਿਰ ਕੇ ਦੁੱਧ ਪੀਣ ਤੋਂ ਪਹਿਲਾਂ ਆਸ਼ੀਰਵਾਦ ਮੰਗਦੇ ਸੀ? ਜਾਂ ਹੁਣ ਉਹ, ਜੋ ਪਲਾਸਟਿਕ ਖਾਂਦੀਆਂ ਗਊਆਂ ਦੇ ਦੁੱਧ ਨੂੰ ਮਸ਼ੀਨ ਰਾਹੀਂ ਪੈਕੇਟ ਕਰਕੇ ਸਿਹਤਮੰਦ ਸਮਝ ਲੈਂਦੇ ਹਾਂ? ਇਹ ਸਿਰਫ ਪਸ਼ੂ ਪਾਲਣ ਦੀ ਬੇਹਾਲੀ ਨਹੀਂ, ਇਹ ਇੱਕ ਵੱਡੇ ਸਮਾਜਿਕ ਨਿਘਾਰ ਦੀ ਨਿਸ਼ਾਨੀ ਹੈਹਮੇਸ਼ਾ ਦੀ ਤਰ੍ਹਾਂ ਕੁਦਰਤ ਨੇ ਅੱਜ ਵੀ ਆਪਣੀ ਗੋਦ ਖੁੱਲ੍ਹੀ ਛੱਡੀ ਹੈ, ਪਰ ਅਸੀਂ ਹੀ ਉਸ ਗੋਦ ਤੋਂ ਮੂੰਹ ਮੋੜ ਲਿਆ ਹੈ

ਸਰਕਾਰ ਨੂੰ ਚਾਹੀਦਾ ਹੈ ਕਿ ਹਰ ਖੁੱਲ੍ਹੇ ਛੱਡੇ ਪਸ਼ੂ ਦੇ ਮਾਲਕ ਨੂੰ ਭਾਰੀ ਜੁਰਮਾਨਾ ਭਰਨ ਮਜਬੂਰ ਕਰੇ ਅਤੇ ਇਸ ਜੁਰਮਾਨੇ ਤੋਂ ਇਕੱਠਾ ਹੋਇਆ ਪੈਸਾ ਅਵਾਰਾ ਪਸ਼ੂਆਂ ਦੀ ਸੰਭਾਲ, ਖੁਰਾਕ ਲਈ ਵਰਤਿਆ ਜਾਵੇਹਾਈਵੇ ਅਤੇ ਸ਼ਹਿਰਾਂ ਵਿੱਚ ਟੀਮਾਂ ਤਾਇਨਾਤ ਕੀਤੀਆਂ ਜਾਣ ਜੋ ਅਵਾਰਾ ਪਸ਼ੂਆਂ ਨੂੰ ਕਾਬੂ ਵਿੱਚ ਰੱਖਣ ਲਈ ਕਾਰਵਾਈ ਕਰਨਹਰ ਪਸ਼ੂ ਨੂੰ ਮਾਲਕ ਦੇ ਨਾਮ ਨਾਲ ਰਜਿਸਟਰ ਕਰਨਾ ਲਾਜ਼ਮੀ ਹੋਵੇ ਤਾਂ ਜੋ ਕਿਸੇ ਵੀ ਹਾਦਸੇ ਦੀ ਸੂਰਤ ਵਿੱਚ ਉਸ ਦੇ ਮਾਲਕ ਦੀ ਪਛਾਣ ਹੋ ਸਕੇਪਸ਼ੂ ਸੰਭਾਲ ਕੇਂਦਰ ਹੋਰ ਬਣਾ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਪਸ਼ੂ ਆਵਾਰਾ ਨਾ ਘੁੰਮਣਲੋਕਾਂ ਵਿੱਚ ਜਾਗਰੂਕਤਾ ਵਧਾਉਣੀ ਪੈਣੀ ਹੈ ਤਾਂ ਜੋ ਉਹ ਸਮਝ ਸਕਣ ਕਿ ਅਵਾਰਾ ਪਸ਼ੂ ਸਾਡੇ ਸਿਆਂ ਲਈ ਹੀ ਜਾਨਲੇਵਾ ਖ਼ਤਰਾ ਹਨ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਦੇ ਉਸ ਸਮੇਂ ਵੱਲੋਂ ਝਾਤੀ ਮਾਰੀਏ ਤਾਂ ਯਾਦ ਆਉਂਦਾ ਹੈ ਕਿ ਜਦੋਂ ਪੰਜਾਬ ਵਿੱਚ ਕੋਈ ਅਵਾਰਾ ਪਸ਼ੂ ਨਜ਼ਰ ਆ ਜਾਂਦਾ ਤਾਂ ਪਸ਼ੂ-ਪਾਲਣ ਵਿਭਾਗ ਦੇ ਕਰਮਚਾਰੀ ਉਸ ਨੂੰ ਫੜ ਕੇ ਪਸ਼ੂ ਹਸਪਤਾਲ ਲੈ ਜਾਂਦੇ ਸਨਜੇ ਮਾਲਕ ਦਾ ਪਤਾ ਲਗਦਾ ਤਾਂ ਜੁਰਮਾਨਾ ਲਗਾਇਆ ਜਾਂਦਾ ਸੀਇਹ ਪ੍ਰਣਾਲੀ ਪਸ਼ੂ-ਪਾਲਕਾਂ ਲਈ ਡਰ ਬਣੀ ਹੋਈ ਸੀ ਜਿਸ ਕਰਕੇ ਉਹ ਆਪਣੇ ਪਸ਼ੂਆਂ ਨੂੰ ਆਵਾਰਾ ਨਹੀਂ ਛੱਡਦੇ ਸਨਅੱਜ ਇਹ ਪ੍ਰਣਾਲੀ ਮੁੜ ਲਾਗੂ ਕਰਨ ਦੀ ਲੋੜ ਹੈ

ਜਦੋਂ ਵੈਟਰਨਰੀ ਇੰਸਪੈਕਟਰ ਸੰਦੀਪ ਮਹਾਜਨ, ਜੋ ਕਿ ਵੈਟਰਨਰੀ ਇੰਸਪੈਕਟਰ ਯੂਨੀਅਨ ਪਠਾਨਕੋਟ ਪੰਜਾਬ ਦੇ ਬੁਲਾਰੇ ਤੇ ਜ਼ਿਲ੍ਹਾ ਪ੍ਰਧਾਨ ਵੀ ਹਨ, ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਹਰ ਜ਼ਿਲ੍ਹੇ ਵਿੱਚ ਕੈਟਲ ਪੌਂਡ ਸੈਂਟਰ ਚੱਲ ਰਹੇ ਹਨਜੇਕਰ ਕਿਸੇ ਪਿੰਡ ਜਾਂ ਸ਼ਹਿਰੀ ਵਾਰਡ ਵਿੱਚ ਅਵਾਰਾ ਪਸ਼ੂ ਮਿਲਦੇ ਹਨ ਤਾਂ ਸਰਪੰਚ ਜਾਂ ਐੱਮ.ਸੀ. ਵੱਲੋਂ ਲਿਖਤੀ ਰੂਪ ਵਿੱਚ ਜਾਣਕਾਰੀ ਦੇਣ ’ਤੇ ਉਹਨਾਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਭੇਜਿਆ ਜਾ ਸਕਦਾ ਹੈਇੱਥੇ ਉਹਨਾਂ ਦੀ ਐਂਟਰੀ ਮੁਫਤ ਹੁੰਦੀ ਹੈ। ਇਲਾਜ, ਚਾਰਾ ਅਤੇ ਟੀਕਾਕਰਨ ਵੀ ਮੁਫਤ ਮੁਹਈਆ ਕਰਵਾਇਆ ਜਾਂਦਾ ਹੈਪਸ਼ੂਆਂ ਦੀ ਦੇਖਭਾਲ ਕੀਤੀ ਜਾਂਦੀ ਹੈ ਤੇ ਰਿਹਾਇਸ਼ ਦੀ ਵੀ ਸੁਵਿਧਾ ਉਪਲਬਧ ਹੁੰਦੀ ਹੈਇਸ ਸਮੇਂ ਕੇਵਲ ਪਠਾਨਕੋਟ ਜ਼ਿਲ੍ਹੇ ਵਿੱਚ 500 ਤੋਂ ਵੱਧ ਪਸ਼ੂ ਕੈਟਲ ਪੌਂਡ ਸੈਂਟਰ ਵਿੱਚ ਰਜਿਸਟਰਡ ਹਨਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ‘ਸੈਕਸ ਸੀਮਨ ਪ੍ਰੋਜੈਕਟ’ ਨੇ ਵੀ ਅਵਾਰਾ ਵੱਛਿਆਂ ਦੀ ਜਨ ਸੰਖਿਆ ’ਤੇ ਕਾਬੂ ਪਾਉਣ ਵਿੱਚ ਲਾਭਦਾਇਕ ਭੂਮਿਕਾ ਨਿਭਾਈ ਹੈਇਸ ਪ੍ਰੋਜੈਕਟ ਤਹਿਤ ਕੀਤੇ ਜਾਣ ਵਾਲੇ ਟੀਕਾਕਰਨ ਰਾਹੀਂ 95% ਤਕ ਸੰਭਾਵਨਾ ਹੁੰਦੀ ਹੈ ਕਿ ਵੱਛੀਆਂ ਹੀ ਪੈਦਾ ਹੋਣ, ਜਿਸ ਕਾਰਨ ਅਵਾਰਾ ਵੱਛਿਆਂ ਦੀ ਸੰਖਿਆ ਵਿੱਚ ਭਾਰੀ ਕਮੀ ਆ ਰਹੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

Rajinder Singh Rajan

Rajinder Singh Rajan

Pathankot, Punjab, India.
Whatsapp: (91 - 94174 - 27656)
Email: (rajan_pathankot@yahoo.com)