“ਜੇਕਰ ਅਸੀਂ ਸੱਚਮੁੱਚ “ਯੁਵਾ ਸ਼ਕਤੀ” ਨੂੰ ਦੇਸ਼ ਦੀ ਤਾਕਤ ਮੰਨਦੇ ਹਾਂ ਤਾਂ ਇਹ ਸਮਾਂ ਹੈ ਕਿ ਨੌਜਵਾਨਾਂ ...”
(15 ਨਵੰਬਰ 2025)
ਬੇਰੁਜ਼ਗਾਰੀ ਅੱਜ ਦੇ ਨੌਜਵਾਨਾਂ ਦੇ ਸੁਪਨਿਆਂ ’ਤੇ ਛਾਈ ਸਿਰਫ ਇੱਕ ਕਾਲੀ ਛਾਂ ਨਹੀਂ ਰਹੀ, ਸਗੋਂ ਇਹ ਇੱਕ ਐਸੀ ਸਮਾਜਿਕ ਬਿਮਾਰੀ ਬਣ ਚੁੱਕੀ ਹੈ ਜੋ ਸਿਰਫ ਰੋਟੀ ਦਾ ਟੁਕੜਾ ਹੀ ਨਹੀਂ ਖੋਂਹਦੀ, ਸਗੋਂ ਮਨ ਦੀ ਸ਼ਾਂਤੀ, ਆਤਮ-ਵਿਸ਼ਵਾਸ ਅਤੇ ਜੀਣ ਦੀ ਇੱਛਾ ਤਕ ਨਿਗਲ ਜਾਂਦੀ ਹੈ। ਇਹ ਬਿਮਾਰੀ ਕਿਸੇ ਇੱਕ ਘਰ ਦੀ ਨਹੀਂ, ਪੂਰੇ ਸਮਾਜ ਦੀ ਚਿੰਤਾ ਬਣ ਗਈ ਹੈ। ਇਹ ਦੁਖਾਂਤਕ ਦਾਸਤਾਨ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਜਦੋਂ ਵਿਦਿਆਰਥੀ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਕਰਦੇ ਹਨ, ਪ੍ਰੋਜੈਕਟਾਂ, ਰਿਸਰਚਾਂ ਅਤੇ ਮੁਕਾਬਲਿਆਂ ਰਾਹੀਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹਨ, ਉਹ ਸਮੇਂ ਉਹਨਾਂ ਨੂੰ “ਭਵਿੱਖ ਦੇ ਵਿਦਵਾਨ”, “ਦੇਸ਼ ਦੇ ਨਿਰਮਾਤਾ” ਕਹਿ ਕੇ ਮੰਚਾਂ ’ਤੇ ਤਾਲੀਆਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਜਦੋਂ ਉਹਨਾਂ ਦੇ ਹੱਥ ਵਿੱਚ ਡਿਗਰੀ ਆਉਂਦੀ ਹੈ ਤਾਂ ਰੁਜ਼ਗਾਰ ਮਿਲਣ ਦੀ ਜਗ੍ਹਾ ਉਹਨਾਂ ਦੇ ਜੀਵਨ ’ਤੇ ਬੇਰੁਜ਼ਗਾਰੀ ਦਾ ਠੱਪਾ ਲੱਗ ਜਾਂਦਾ ਹੈ। ਫਿਰ ਨੌਜਵਾਨਾਂ ਨੂੰ ਕਾਬਲੀਅਤ ਅਤੇ ਮਿਹਨਤ ਦੇ ਬਾਵਜੂਦ ਰੋਜ਼ਗਾਰ ਦੇ ਦਰਵਾਜ਼ੇ ਬੰਦ ਮਿਲਦੇ ਹਨ। ਨੌਜਵਾਨ ਕਦੇ ਇੰਟਰਵਿਊ ਦੀ ਲਾਈਨ ਵਿੱਚ ਘੰਟਿਆਂ ਬੱਧੀ ਖੜ੍ਹਾ ਰਹਿੰਦਾ ਹੈ, ਕਦੇ ਰੋਜ਼ਗਾਰ ਮੇਲੇ ਦੀ ਉਮੀਦ ਵਿੱਚ ਦਫਤਰਾਂ ਦੇ ਚੱਕਰ ਲਾਉਂਦਾ ਹੈ। ਪਰ ਜਦੋਂ ਹਰ ਵਾਰ ਨਿਰਾਸ਼ਾ ਹੀ ਹੱਥ ਲਗਦੀ ਹੈ ਤਾਂ ਉਸਦੀ ਅੱਖਾਂ ਦੀ ਚਮਕ ਹੌਲੀ-ਹੌਲੀ ਮੱਧਮ ਪੈ ਜਾਂਦੀ ਹੈ, ਜੋਸ਼ ਨਿਰਾਸ਼ਾ ਦੇ ਬੋਝ ਹੇਠਾਂ ਕੁਚਲਿਆ ਜਾਂਦਾ ਹੈ। ਉਹੀ ਵਿਦਿਆਰਥੀ ਜੋ ਕਦੇ ਮੰਚਾਂ ’ਤੇ ਇਨਾਮ ਪ੍ਰਾਪਤ ਕਰਦਿਆਂ ਦੇਸ਼-ਨਿਰਮਾਣ ਦੇ ਸੁਪਨੇ ਦੇਖਦਾ ਸੀ, ਹੁਣ ਸੜਕਾਂ ’ਤੇ ਧਰਨਿਆਂ ਵਿੱਚ ਬੈਠਾ ਇਨਸਾਫ ਦੀ ਮੰਗ ਕਰਦਾ ਲਾਠੀਆਂ ਖਾਂਦਾ ਹੈ, ਅੱਥਰੂ ਗੈਸ ਦੇ ਗੋਲਿਆਂ ਵਿੱਚੋਂ ਲੰਘਦਾ ਹੈ ਅਤੇ ਕਈ ਵਾਰ ਤਾਂ ਨਿਰਾਸ਼ਾ ਦੀ ਹੱਦ ਪਾਰ ਕਰਕੇ ਪਾਣੀ ਦੀ ਟੈਂਕੀ ਉੱਤੇ ਚੜ੍ਹ ਕੇ ਆਪਣੀ ਜ਼ਿੰਦਗੀ ਨੂੰ ਹੀ ਦਾਅ ’ਤੇ ਲਾਉਣ ਦਾ ਮਨ ਬਣਾ ਬੈਠਦਾ ਹੈ।
ਸਰਕਾਰਾਂ ਸਿਰਫ ਵਾਅਦੇ ਕਰਦੀਆਂ ਹਨ ਕਿ ਬੱਸ “ਜਲਦ ਭਰਤੀ ਹੋਵੇਗੀ, ਯੋਜਨਾਵਾਂ ਬਣ ਰਹੀਆਂ ਹਨ” ਪਰ ਹਕੀਕਤ ਵਿੱਚ ਹਰੇਕ ਵਾਰ ਖਾਲੀ ਹੱਥ ਹੀ ਵਾਪਸੀ ਹੁੰਦੀ ਹੈ।
ਅਸਲ ਸਵਾਲ ਇਹ ਹੈ ਕਿ ਕੀ ਸਾਡੀ ਸਿੱਖਿਆ ਦਾ ਮਕਸਦ ਸਿਰਫ ਕਾਗ਼ਜ਼ੀ ਡਿਗਰੀਆਂ ਤਕ ਸੀਮਿਤ ਰਹਿਣਾ ਹੈ, ਜੇਕਰ ਪੜ੍ਹਿਆ-ਲਿਖਿਆ ਨੌਜਵਾਨ ਵੀ ਆਪਣੀ ਇੱਜ਼ਤ ਨਾਲ ਰੋਜ਼ੀ ਨਹੀਂ ਕਮਾ ਸਕਦਾ ਤਾਂ ਇਹ ਸਿਰਫ ਉਸਦੀ ਨਹੀਂ, ਸਾਰੇ ਸਿਸਟਮ ਦੀ ਹਾਰ ਹੈ। ਬੇਰੁਜ਼ਗਾਰੀ ਨੂੰ ਸਿਰਫ ਅੰਕੜਿਆਂ ਦੀ ਸਮੱਸਿਆ ਨਾ ਸਮਝਿਆ ਜਾਵੇ, ਇਹ ਨੌਜਵਾਨਾਂ ਦੀਆਂ ਅਧੂਰੀਆਂ ਕਹਾਣੀਆਂ, ਮਰਦੇ ਸੁਪਨਿਆਂ ਅਤੇ ਟੁੱਟਦੀ ਆਸਾਂ ਦੀ ਕਹਾਣੀ ਹੈ। ਇਹ ਸਿਰਫ ਇੱਕ ਵਿਅਕਤੀ ਦੀ ਕਹਾਣੀ ਨਹੀਂ ਬਲਕਿ ਸਾਡੇ ਸਮਾਜ ਅਤੇ ਪ੍ਰਣਾਲੀ ਦੋਵਾਂ ਦੀ ਅਸਲ ਹਕੀਕਤ ਬਿਆਨ ਕਰਦੀ ਹੈ, ਜਿੱਥੇ ਸਿੱਖਿਆ ਨੂੰ ਰੋਜ਼ਗਾਰ ਨਾਲ ਜੋੜਨ ਦੀ ਥਾਂ ਸਿਰਫ ਡਿਗਰੀਆਂ ਵੰਡਣ ਦਾ ਕਾਰੋਬਾਰ ਚੱਲ ਰਿਹਾ ਹੈ। ਸਵਾਲ ਇਹ ਹੈ ਕਿ ਜਦੋਂ ਸਿੱਖਿਆ ਦਾ ਅੰਤ ਰੋਜ਼ਗਾਰ ਨਹੀਂ, ਬਲਕਿ ਬੇਰੁਜ਼ਗਾਰੀ ਹੋਵੇ, ਤਾਂ ਇਹ ਕਿਹੋ ਜਿਹੀ ਤਰੱਕੀ ਹੈ? ਇਹੋ ਜਿਹੇ ਕਈ ਨੌਜਵਾਨ ਹਨ ਜੋ ਨੌਕਰੀਆਂ ਦੀ ਉਡੀਕ ਕਰਦੇ ਕਰਦੇ ਉਮਰ ਦੀ ਹੱਦ ਪਾਰ ਕਰ ਗਏ। ਜਿਹੜੇ ਕਦੇ ਕਲਮ ਨਾਲ ਭਵਿੱਖ ਲਿਖਣ ਦੇ ਸੁਪਨੇ ਦੇਖਦੇ ਸਨ, ਉਹ ਅੱਜ ਰੇੜ੍ਹੀਆਂ ਅਤੇ ਫੜ੍ਹੀਆਂ ਲਾ ਕੇ ਜੀਵਨ ਦਾ ਪਾਠ ਪੜ੍ਹ ਰਹੇ ਹਨ। ਕੋਈ ਮਜ਼ਦੂਰੀ ਕਰਕੇ ਆਪਣਾ ਘਰ ਚਲਾ ਰਿਹਾ ਹੈ, ਕੋਈ ਪ੍ਰਾਈਵੇਟ ਨੌਕਰੀ ਵਿੱਚ ਮਹਿੰਗਾਈ ਨਾਲ ਜੰਗ ਲੜਦਾ ਹੋਇਆ ਨਿਗੂਣੀਆਂ ਤਨਖ਼ਾਹ ’ਤੇ ਧੱਕੇ ਖਾਣ ਲਈ ਮਜਬੂਰ ਹੈ। ਪਰ ਸਭ ਤੋਂ ਵੱਡਾ ਅੰਦਰਲਾ ਦੁੱਖ ਤਾਂ ਉਹ ਘਰ ਹਨ ਜਿੱਥੇ ਅੱਜ ਵੀ ਚੁੱਪ ਦਾ ਸੋਗ ਪਸਰਿਆ ਹੋਇਆ ਹੈ। ਉਹ ਮਾਪੇ ਜਿਨ੍ਹਾਂ ਦੇ ਬੱਚੇ ਰੁਜ਼ਗਾਰ ਦੀ ਉਡੀਕ ਕਰਦੇ ਕਰਦੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਸੰਨ 1977 ਦੀ ਇੱਕ ਸੱਚੀ ਘਟਨਾ ਅੱਜ ਵੀ ਮੇਰੇ ਦਿਲ ’ਤੇ ਉਵੇਂ ਹੀ ਤਾਜ਼ਾ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ। ਮੇਰਾ ਇੱਕ ਪਿਆਰਾ ਦੋਸਤ ਮੇਰੇ ਨਾਲ ਸਪੋਰਟਸ ਵਿੰਗ ਵਿੱਚ ਪੜ੍ਹਦਾ ਸੀ। ਉਹ ਬਾਸਕਟਬਾਲ ਦਾ ਬੇਹਤਰੀਨ ਖਿਡਾਰੀ, ਪੰਜਾਬ ਦਾ ਮਾਣ, ਜਿਸਨੇ ਨੈਸ਼ਨਲ ਅਤੇ ਇੰਟਰਵਰਸਿਟੀ ਪੱਧਰ ’ਤੇ ਚੈਂਪੀਅਨ ਬਣ ਕੇ ਰਾਜ ਦਾ ਨਾਮ ਰੌਸ਼ਨ ਕੀਤਾ ਸੀ। ਉਸਦਾ ਸੁਪਨਾ ਸੀ ਕਿ ਉਹ ਆਪਣੇ ਤਜਰਬੇ ਅਤੇ ਹੁਨਰ ਨਾਲ ਪੰਜਾਬ ਵਿੱਚ ਬਾਸਕਟਬਾਲ ਦੇ ਚੰਗੇ ਖਿਡਾਰੀ ਤਿਆਰ ਕਰੇਗਾ, ਜਿਨ੍ਹਾਂ ਨਾਲ ਭਾਰਤ ਦਾ ਝੰਡਾ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਉੱਚਾ ਲਹਿਰਾਏਗਾ। ਇਹੀ ਜਜ਼ਬਾ ਲੈ ਕੇ ਉਸਨੇ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐੱਨ.ਆਈ.ਐੱਸ.) ਤੋਂ ਬਾਸਕਟਬਾਲ ਕੋਚ ਦਾ ਕੋਰਸ ਪੂਰਾ ਕੀਤਾ। ਪਰ ਨੌਕਰੀ ਦੀ ਉਡੀਕ ਦੀਆਂ ਲੰਮੀਆਂ ਲਕੀਰਾਂ ਨੇ ਉਸਦੇ ਚਿਹਰੇ ’ਤੇ ਵਿਰਾਨੀ ਦੀਆਂ ਛਾਵਾਂ ਪਾ ਦਿੱਤੀਆਂ। ਸਾਲ ਬੀਤਦੇ ਗਏ, ਉਮੀਦਾਂ ਮੁੱਕਦੀਆਂ ਗਈਆਂ। ਆਖ਼ਰ ਉਹ ਓਵਰਏਜ ਹੋ ਗਿਆ। ਨਾ ਸਰਕਾਰੀ ਨੌਕਰੀ ਮਿਲੀ, ਨਾ ਉਸਦਾ ਸੁਪਨਾ ਸਾਕਾਰ ਹੋਇਆ। ਜ਼ਿੰਦਗੀ ਦੀ ਜੰਗ ਹਾਰ ਕੇ ਇੱਕ ਪ੍ਰਾਈਵੇਟ ਸਕੂਲ ਵਿੱਚ ਥੋੜ੍ਹੀ ਤਨਖ਼ਾਹ ’ਤੇ ਖੇਡਾਂ ਦਾ ਅਧਿਆਪਕ ਬਣ ਗਿਆ। ਪਿਤਾ ਜੀ ਫੌਜੀ ਅਫਸਰ ਤੋਂ ਸੇਵਾ ਮੁਕਤ ਸਨ। ਆਪਣੀ ਨਾ ਮਾਤਰ ਤਨਖਾਹ ਤੋਂ ਇਲਾਵਾ ਆਪਣੇ ਪਿਤਾ ਦੀ ਪੈਨਸ਼ਨ ਨਾਲ ਉਨ੍ਹਾਂ ਦੀ ਮਾਤਾ, ਧਰਮ ਪਤਨੀ ਅਤੇ ਦੋਂਹ ਬੱਚਿਆਂ ਦਾ ਗੁਜ਼ਾਰਾ ਤਾਂ ਚੱਲਦਾ ਰਿਹਾ, ਪਰ ਅੰਦਰੋਂ ਉਹ ਪੂਰੀ ਤਰ੍ਹਾਂ ਟੁੱਟ ਗਿਆ ਸੀ। ਜਿਹੜਾ ਨੌਜਵਾਨ ਕਦੇ ਮੈਦਾਨ ਵਿੱਚ ਜੋਸ਼ ਦਾ ਪ੍ਰਤੀਕ ਸੀ, ਉਹ ਹੁਣ ਚੁੱਪ ਦਾ ਪਹਿਰਾ ਬਣ ਗਿਆ। ਬੇਰੁਜ਼ਗਾਰੀ ਦੀ ਅੱਗ ਨੇ ਉਸਦੇ ਸੁਪਨਿਆਂ ਨੂੰ ਸੁਆਹ ਕਰ ਦਿੱਤਾ। ਸਿਗਰਟ ਅਤੇ ਸ਼ਰਾਬ ਉਸਦੇ ਸਾਥੀ ਬਣ ਗਏ। ਉਹ ਦਿਲ, ਜੋ ਕਦੇ ਜਿੱਤ ਦੀ ਧੁਨ ’ਤੇ ਧੜਕਦਾ ਸੀ, ਹੁਣ ਹਾਰ ਦੇ ਸੁਰਾਂ ਵਿੱਚ ਖੋ ਗਿਆ। ਤੇ ਇੱਕ ਦਿਨ ਉਹ ਸਦਾ ਲਈ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ...। ਮੈਂ ਬੇਵੱਸ ਸੀ, ਅੱਖਾਂ ਭਰੀਆਂ ਹੋਈਆਂ ਸਨ, ਦਿਲ ਸੜ ਰਿਹਾ ਸੀ। ਉਸਦੀ ਮੌਤ ਸਿਰਫ ਇੱਕ ਵਿਅਕਤੀ ਦੀ ਹਾਰ ਨਹੀਂ ਸੀ, ਇਹ ਸਿਸਟਮ ਦੀ ਉਹ ਚੁੱਪ ਤਲਵਾਰ ਸੀ ਜੋ ਅਨੇਕਾਂ ਹੋਣਹਾਰ ਨੌਜਵਾਨਾਂ ਦੇ ਸੁਪਨੇ ਕੱਟ ਰਹੀ ਹੈ। ਸੋਚਣ ਵਾਲੀ ਗੱਲ ਹੈ ਕਿ ਜਿਹੜਾ ਨੌਜਵਾਨ ਦੇਸ਼ ਲਈ ਤਮਗੇ ਲਿਆਉਂਦਾ ਹੈ, ਉਹੀ ਰੋਜ਼ੀ ਦੀ ਤਲਾਸ਼ ਵਿੱਚ ਆਪਣੀ ਜ਼ਿੰਦਗੀ ਗੁਆ ਬੈਠਦਾ ਹੈ! ਇਹ ਸਿਰਫ ਇੱਕ ਕਹਾਣੀ ਨਹੀਂ, ਇਹ ਹਜ਼ਾਰਾਂ ਅਧੂਰੇ ਸੁਪਨਿਆਂ ਦੀ ਚੀਖ ਹੈ, ਜੋ ਅਜੇ ਵੀ ਬੇਹਿਸ ਸਿਸਟਮ ਦੇ ਸ਼ੋਰ ਵਿੱਚ ਦੱਬੀ ਹੋਈ ਹੈ।
ਮਾਤਾ-ਪਿਤਾ, ਜਿਹੜੇ ਬੱਚਿਆਂ ਦੀ ਪੜ੍ਹਾਈ ਵਿੱਚ ਹੱਡੀਆਂ ਤਕ ਲਾ ਦਿੰਦੇ ਹਨ, ਉਹਨਾਂ ਦੀਆਂ ਰਾਤਾਂ ਦੀਆਂ ਨੀਂਦਾਂ ਉਡ ਜਾਂਦੀਆਂ ਹਨ ਜਦੋਂ ਬੱਚੇ ਹੱਥਾਂ ਵਿੱਚ ਡਿਗਰੀ ਅਤੇ ਅੱਖਾਂ ਵਿੱਚ ਨਿਰਾਸ਼ਾ ਲੈ ਕੇ ਤੁਰੇ ਫਿਰਦੇ ਹਨ। ਘਰ ਦਾ ਮਾਹੌਲ ਤਬਦੀਲ ਹੋ ਜਾਂਦਾ ਹੈ। ਜਿੱਥੇ ਪਹਿਲਾਂ ਸੁਪਨੇ ਸਨ, ਹੁਣ ਸਿਰਫ ਤਣਾਅ ਹੈ। ਕਈ ਨੌਜਵਾਨ ਮਾਨਸਿਕ ਤੌਰ ’ਤੇ ਟੁੱਟ ਜਾਂਦੇ ਹਨ, ਤੇ ਕੁਝ ਆਪਣੀ ਜਾਨ ਦੀ ਖੇਡ ਹਾਰ ਜਾਂਦੇ ਹਨ।
ਸਵਾਲ ਸਿਰਫ ਬੇਰੁਜ਼ਗਾਰੀ ਦਾ ਨਹੀਂ, ਸਵਾਲ ਹੈ ਇੱਕ ਪੀੜ੍ਹੀ ਦੇ ਵਿਸ਼ਵਾਸ ਦਾ, ਜੋ ਹੌਲੀ-ਹੌਲੀ ਮਰਦਾ ਜਾ ਰਿਹਾ ਹੈ। ਅੱਜ ਦਾ ਨੌਜਵਾਨ, ਜੋ ਕਦੇ ਆਪਣੇ ਘਰ ਦੀਆਂ ਉਮੀਦਾਂ ਦਾ ਤਾਰਾ ਸੀ, ਹੁਣ ਵਿਦੇਸ਼ਾਂ ਦੇ ਟਿਕਟਾਂ ਵਿੱਚ ਆਪਣਾ ਭਵਿੱਖ ਲੱਭ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਹਰ ਸਾਲ ਆਪਣੇ ਮਾਂ-ਪਿਉ ਦੀਆਂ ਅੱਖਾਂ ਤੋਂ ਦੂਰ ਕਿਸੇ ਅਜਿਹੇ ਦੇਸ਼ ਵਲ ਤੁਰ ਜਾਂਦੇ ਹਨ, ਜਿੱਥੇ ਰੋਜ਼ੀ ਰੋਟੀ ਦੇ ਸਹੀ ਵਸੀਲੇ ਮਿਲ ਸਕਣ। ਅਫਸੋਸ ਕਿ ਰੋਜ਼ੀ ਰੋਟੀ ਦੀ ਭਾਲ ਵਿੱਚ ਦੇਸੋਂ ਪ੍ਰਦੇਸ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬੱਚਿਆਂ ਨੂੰ ਵਿਦੇਸ਼ ਜਾਣਾ ਦਾ ਸ਼ੌਕ ਨਹੀਂ, ਇੱਕ ਮਜਬੂਰੀ ਬਣ ਚੁੱਕੀ ਹੈ। ਜਿਸ ਨੌਜਵਾਨ ਦੇ ਦਿਲ ਵਿੱਚ ਦੇਸ਼ ਲਈ ਸੇਵਾ ਦਾ ਜਜ਼ਬਾ ਹੋਣਾ ਚਾਹੀਦਾ ਸੀ, ਉਸਦੇ ਹੱਥ ਵਿੱਚ ਹੁਣ ਪਾਸਪੋਰਟ ਅਤੇ ਵੀਜ਼ਾ ਫਾਰਮ ਹੈ।
ਦੂਸਰੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਮਾਪਿਆਂ ਕੋਲ ਚਾਰ ਪੈਸੇ ਹਨ, ਉਹ ਤਾਂ ਬੱਚਿਆਂ ਨੂੰ ਕੈਨੇਡਾ, ਆਸਟ੍ਰੇਲੀਆ ਜਾਂ ਅਮਰੀਕਾ ਹੋਰ ਵਿਕਸਿਤ ਦੇਸ਼ਾਂ ਵਿੱਚ ਭੇਜ ਦਿੰਦੇ ਹਨ ਪਰ ਜਿਹੜੇ ਪਹਿਲਾਂ ਹੀ ਗਰੀਬੀ ਦੀ ਚੱਕੀ ਵਿੱਚ ਪਿਸ ਰਹੇ ਹਨ, ਆਖ਼ਰ ਉਹ ਕਿੱਥੇ ਜਾਣ? ਉਹਨਾਂ ਕੋਲ ਨਾ ਵਿਦੇਸ਼ ਜਾਣ ਲਈ ਪੈਸਾ ਹੈ, ਨਾ ਇੱਥੇ ਜੀਊਣ ਲਈ ਮੌਕੇ। ਫਿਰ ਹਰ ਦਿਨ ਇੱਕ ਨਵੀਂ ਜੰਗ ਹੈ, ਇੱਕ ਨਵੀਂ ਹਾਰ। ਅਜਿਹੇ ਪਰਿਵਾਰਾਂ ਵਿੱਚ ਮਾਂ ਦੀਆਂ ਅੱਖਾਂ ਵਿੱਚ ਸਿਰਫ ਚਿੰਤਾ ਦੇ ਬੱਦਲ ਹਨ ਤੇ ਪਿਉ ਦੇ ਚਿਹਰੇ ਤੇ ਬੇਵਸੀ ਦੀਆਂ ਲਕੀਰਾਂ। ਜਦੋਂ ਉਹ ਆਪਣੇ ਪੁੱਤਰ ਨੂੰ ਦੇਖਦੇ ਹਨ ਤਾਂ ਮਨ ਵਿੱਚ ਇੱਕੋ ਸਵਾਲ ਉੱਠਦਾ ਹੈ, “ਹੁਣ ਇਹ ਕਿੱਥੇ ਜਾਵੇ?” ਇਸ ਹਾਲਾਤ ਵਿੱਚ ਕੋਈ ਗਲਤ ਰਾਹ ਫੜ ਲੈਂਦਾ ਹੈ, ਕੋਈ ਨਸ਼ੇ ਦਾ ਸ਼ਿਕਾਰ ਬਣ ਜਾਂਦਾ ਹੈ ਅਤੇ ਕੋਈ ਆਪਣੀ ਜਾਨ ਹੀ ਦੇ ਬੈਠਦਾ ਹੈ। ਪਰ ਇਸ ਸਭ ਦਾ ਜ਼ਿੰਮੇਵਾਰ ਕੌਣ? ਸਿਸਟਮ? ਸਰਕਾਰ? ਜਾਂ ਅਸੀਂ ਆਪ? ਜੋ ਹਰ ਵਾਰੀ ਉਮੀਦ ਤਾਂ ਕਰਦੇ ਹਾਂ, ਪਰ ਏਕੇ ਨਾਲ ਆਵਾਜ਼ ਨਹੀਂ ਉਠਾਉਂਦੇ।
ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਵਾਅਦੇ ਨਾ ਕਰੇ, ਵਿਵਹਾਰਿਕ ਕਦਮ ਚੁੱਕੇ। ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇ ਜਾਣ, ਤਕਨੀਕੀ ਸਿੱਖਿਆ ਨੂੰ ਹਕੀਕਤ ਨਾਲ ਜੋੜਿਆ ਜਾਵੇ ਅਤੇ ਵਿਦਿਆਰਥੀਆਂ ਨੂੰ ਭਵਿੱਖ ਦਾ ਵਿਸ਼ਵਾਸ ਦਿੱਤਾ ਜਾਵੇ।
ਜੇਕਰ ਅਸੀਂ ਸੱਚਮੁੱਚ “ਯੁਵਾ ਸ਼ਕਤੀ” ਨੂੰ ਦੇਸ਼ ਦੀ ਤਾਕਤ ਮੰਨਦੇ ਹਾਂ ਤਾਂ ਇਹ ਸਮਾਂ ਹੈ ਕਿ ਨੌਜਵਾਨਾਂ ਨੂੰ ਕੰਮ ਕਰਨ ਦੇ ਮੌਕੇ ਮਿਲਣ ਤਾਂ ਜੋ ਉਹ ਇਨਸਾਫ ਮੰਗਣ ਲਈ ਨਹੀਂ, ਸਫਲਤਾ ਸਿਰਜਣ ਲਈ ਮੰਚਾਂ ’ਤੇ ਖੜ੍ਹੇ ਹੋਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (