“ਵੱਧ ਅਬਾਦੀ ਨਾਲ ਸਾਡੇ ਕੁਦਰਤੀ ਖਜ਼ਾਨਿਆਂ ’ਤੇ ਜ਼ਿਆਦਾ ਬੋਝ ਪੈਂਦਾ ਹੈ। ਪਾਣੀ, ਰਹਿਣਯੋਗ ...”
(11 ਜੁਲਾਈ 2025)
ਹਰ ਸਾਲ 11 ਜੁਲਾਈ ਦਾ ਦਿਨ ਅਬਾਦੀ ਦੇ ਮਸਲਿਆਂ ਬਾਰੇ ਸੋਚਣ ਅਤੇ ਵਿਚਾਰਨ ਲਈ ਵਿਸ਼ਵ ਅਬਾਦੀ ਦਿਵਸ ਵਜੋਂ ਜਾਣਿਆ ਅਤੇ ਮਨਾਇਆ ਜਾਂਦਾ ਹੈ। ਯੂ.ਐੱਨ. ਓ. ਦੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਦੀ ਗਵਰਨਿੰਗ ਕੌਂਸਲ ਨੇ 1989 ਵਿੱਚ ਇਹ ਦਿਨ ਸਥਾਪਿਤ ਕੀਤਾ ਸੀ ਜਿਹੜਾ ਕਿ 11 ਜੁਲਾਈ 1987 ਵਿੱਚ ਵਿਸ਼ਵ ਅਬਾਦੀ ਦੇ 5 ਬਿਲੀਅਨ ਹੋਣ ’ਤੇ ਚਿੰਤਾ ਵਜੋਂ ਸੀ। ਅੱਜ ਇਹ ਅਬਾਦੀ 8.2 ਬਿਲੀਅਨ ਹੋ ਚੁੱਕੀ ਹੈ ਅਤੇ ਕੁਦਰਤੀ ਸੰਕਟ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਚੁੱਕੇ ਹਨ। ਦਸੰਬਰ 1990 ਦੇ ਮਤੇ ਅਨੁਸਾਰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਵਿਸ਼ਵ ਅਬਾਦੀ ਦੇ ਵਾਤਾਵਰਣ ਅਤੇ ਵਿਕਾਸ ਦੇ ਮਸਲਿਆਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਇਸ ਦਿਨ ਨੂੰ ਲਗਾਤਾਰ ਮਨਾਏ ਜਾਣ ਦਾ ਫੈਸਲਾ ਕੀਤਾ ਸੀ। ਪਹਿਲੀ ਵਾਰ 11 ਜੁਲਾਈ 1990 ਨੂੰ 90 ਤੋਂ ਵਧੇਰੇ ਦੇਸ਼ਾਂ ਨੇ ਇਸ ਦਿਨ ਨੂੰ ਮਾਣਤਾ ਦਿੱਤੀ ਸੀ। ਯੂ. ਐੱਨ. ਓ. ਹਰ ਸਾਲ ਇਸ ਦਿਨ ਲਈ ਇੱਕ ਵਿਸ਼ਾ-ਥੀਮ ਦਿੰਦਾ ਹੈ, ਉਸ ਸਾਲ ਦੇ ਸਾਰੇ ਪ੍ਰੋਗਰਾਮ ਉਸ ਵਿਸ਼ੇ ਨੂੰ ਅਧਾਰ ਬਣਾ ਕੇ ਹੀ ਕੀਤੇ ਜਾਂਦੇ ਹਨ।
ਵਿਸ਼ਵ ਅਬਾਦੀ ਦਿਵਸ 2025 ਦਾ ਥੀਮ: ਇਸ ਸਾਲ ਦਾ ਇਸ ਦਿਨ ਲਈ ਯੂ ਐੱਨ ਓ ਵੱਲੋਂ ਦਿੱਤਾ ਗਿਆ ਥੀਮ ਹੈ:
ਨੌਜਵਾਨਾਂ ਨੂੰ ਉਹਨਾਂ ਦੇ ਪਰਿਵਾਰ ਬਣਾਉਣ ਲਈ ਸਸ਼ਕਤ ਬਣਾਉਣਾ।
(Empowering Youth to Build The Families They Want)
ਘਟ ਰਹੀਆਂ ਵਿਸ਼ਵਵਿਆਪੀ ਪ੍ਰਜਣਨ ਦਰਾਂ ਨਾਲ “ਜਨਸੰਖਿਆ ਦੇ ਪਤਨ” ਬਾਰੇ ਚਿਤਾਵਨੀਆਂ ਮਿਲ ਰਹੀਆਂ ਹਨ। ਪਰ ਸੰਯੁਕਤ ਰਾਸ਼ਟਰ ਅਬਾਦੀ ਫੰਡ (UNFPA) ਦੀ ਵਿਸ਼ਵ ਅਬਾਦੀ ਦੀ ਸਥਿਤੀ ਰਿਪੋਰਟ ਦਰਸਾਉਂਦੀ ਹੈ ਕਿ ਅਸਲ ਮੁੱਦਾ ਪ੍ਰਜਣਨ ਏਜੰਸੀ ਦੀ ਘਾਟ ਹੈ। ਬਹੁਤ ਸਾਰੇ ਲੋਕ, ਖਾਸ ਕਰਕੇ ਨੌਜਵਾਨ, ਉਹ ਬੱਚੇ ਪੈਦਾ ਕਰਨ ਤੋਂ ਅਸਮਰੱਥ ਹਨ, ਜੋ ਉਹ ਚਾਹੁੰਦੇ ਹਨ।
ਵਿਸ਼ਵ ਅਬਾਦੀ ਦਿਵਸ 2025 ਇਸ ਚੁਣੌਤੀ ਨੂੰ ਸਵੀਕਾਰ ਕਰਦਾ ਹੈ। ਨੌਜਵਾਨਾਂ ਦੀ ਹੁਣ ਤਕ ਦੀ ਸਭ ਤੋਂ ਵੱਡੀ ਪੀੜ੍ਹੀ ’ਤੇ ਕੇਂਦਰਿਤ ਕਰਦਾ ਹੈ। ਥੀਮ “ਨੌਜਵਾਨਾਂ ਨੂੰ ਇੱਕ ਨਿਰਪੱਖ ਅਤੇ ਉਮੀਦ ਵਾਲੀ ਦੁਨੀਆਂ ਵਿੱਚ ਉਹ ਪਰਿਵਾਰ ਬਣਾਉਣ ਲਈ ਸਸ਼ਕਤ ਬਣਾਉਣਾ” ਇਹ ਯਕੀਨੀ ਬਣਾਉਣ ਦੀ ਮੰਗ ਕਰਦਾ ਹੈ ਕਿ ਨੌਜਵਾਨਾਂ ਕੋਲ ਆਪਣੇ ਭਵਿੱਖ ਨੂੰ ਆਕਾਰ ਦੇਣ ਲਈ ਅਧਿਕਾਰ, ਸਾਧਨ ਅਤੇ ਮੌਕੇ ਹੋਣ।
ਨੌਜਵਾਨ ਪਹਿਲਾਂ ਹੀ ਤਬਦੀਲੀ ਲਿਆ ਰਹੇ ਹਨ ਪਰ ਆਰਥਿਕ ਅਸੁਰੱਖਿਆ, ਲਿੰਗ ਅਸਮਾਨਤਾ, ਸੀਮਿਤ ਸਿਹਤ ਸੰਭਾਲ ਅਤੇ ਸਿੱਖਿਆ, ਜਲਵਾਯੂ ਵਿਘਨ ਅਤੇ ਟਕਰਾਅ ਵਰਗੀਆਂ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ। 14 ਦੇਸ਼ਾਂ ਦੇ 14 ਹਜ਼ਾਰ ਤੋਂ ਵੱਧ ਲੋਕਾਂ ਦੇ UNFPA YouGov ਸਰਵੇਖਣ ਵਿੱਚ ਦੇਖਿਆ ਗਿਆ ਕਿ ਲੋਕ ਹੋਰ ਬੱਚੇ ਪੈਦਾ ਕਰਨਾ ਚਾਹੁੰਦੇ ਸਨ, ਪਰ ਸਮਾਜਿਕ, ਆਰਥਿਕ ਜਾਂ ਸਿਹਤ ਰੁਕਾਵਟਾਂ ਕਰਕੇ ਰੁਕੇ ਰਹੇ।
ਵਿਸ਼ਵਵਿਆਪੀ ਅਬਾਦੀ ਦੇ ਰੁਝਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਨੇਤਾਵਾਂ ਨੂੰ ਨੌਜਵਾਨਾਂ ਦੀਆਂ ਜ਼ਰੂਰਤਾਂ ਅਤੇ ਆਵਾਜ਼ਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਹਨਾਂ ਨੂੰ ਸੇਵਾਵਾਂ ਨਾਲੋਂ ਉਮੀਦ, ਸਥਿਰਤਾ ਅਤੇ ਭਵਿੱਖ ਲਈ ਯੋਜਨਾਬੰਦੀ ਦੀ ਵਧੇਰੇ ਲੋੜ ਹੈ। ਜਿਵੇਂ ਕਿ ਇੱਕ ਨੌਜਵਾਨ ਨੇ ਅਨਫਪਾ ਨੂੰ ਦੱਸਿਆ “ਨੌਜਵਾਨ ਸਿਰਫ ਆਪਣੇ ਭਵਿੱਖ ਦੇ ਬੱਚਿਆਂ ਬਾਰੇ ਹੀ ਨਹੀਂ ਸੋਚ ਰਹੇ, ਉਹ ਉਸ ਦੁਨੀਆਂ ਬਾਰੇ ਸੋਚ ਰਹੇ ਹਨ ਜੋ ਉਹਨਾਂ ਬੱਚਿਆਂ ਨੂੰ ਵਿਰਾਸਤ ਵਿੱਚ ਮਿਲੇਗੀ।” ਉਹਨਾਂ ਦੇ ਅਧਿਕਾਰਾਂ ਦਾ ਸਮਰਥਨ ਕਰਨਾ ਟਿਕਾਊ ਵਿਕਾਸ, ਸ਼ਾਂਤੀ ਅਤੇ ਮਨੁੱਖੀ ਸਨਮਾਨ ਦੀ ਕੁੰਜੀ ਹੈ।”
ਐਨਟੋਨੀਓ ਗੁਟਰਿਸ ਦੇ ਸ਼ਬਦ ਹਨ:
“ਆਓ ਅਸੀਂ ਆਪਣੇ ਨੌਜਵਾਨਾਂ ਨਾਲ ਖੜ੍ਹੇ ਹੋਈਏ ਤਾਂ ਕਿ ਉਹ ਅਜਿਹਾ ਭਵਿੱਖ ਬਣਾ ਸਕਣ ਜਿੱਥੇ ਵਿਸ਼ਵ ਦਾ ਹਰ ਵਿਅਕਤੀ ਆਪਣੀ ਕਿਸਮਤ ਇੱਦਾਂ ਘੜ ਸਕੇ ਜਿਹੜੀ ਕਿ ਉੱਤਮ, ਸ਼ਾਂਤੀਪੂਰਨ ਅਤੇ ਇੱਕ ਵਧੀਆ ਆਸ ਨਾਲ ਭਰੀ ਹੋਈ ਹੋਵੇ।”
ਯੂ ਐੱਨ ਸਕੱਤਰ ਜਨਰਲ ਐਂਨਟੋਨੀਓ ਗੁਟਰਿਸ ਭਵਿੱਖ ਪ੍ਰਤੀ ਡਰ: ਭਵਿੱਖ ਪ੍ਰਤੀ ਡਰ ਜਿਵੇਂ ਜਲਵਾਯੂ ਪਰਿਵਰਤਨ, ਵਾਤਾਵਰਣ ਵਿਗਾੜ, ਜੰਗਾਂ ਅਤੇ ਮਹਾਂਮਾਰੀ ਆਦਿ ਜਣਨ ਸੰਬੰਧੀ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਸੰਯੁਕਤ ਰਾਸ਼ਟਰ ਅਬਾਦੀ ਫੰਡ ਦੇ ਹੇਠ ਦਿੱਤੇ ਅੰਕੜੇ ਵਿਚਾਰਨਯੋਗ ਹਨ:
* ਲਗਭਗ 5 ਵਿੱਚੋਂ ਇੱਕ ਦਾ ਕਹਿਣਾ ਹੈ ਕਿ ਇਨ੍ਹਾਂ ਚਿੰਤਾਵਾਂ ਨੇ ਉਹਨਾਂ ਨੂੰ ਇੱਛਾ ਤੋਂ ਘੱਟ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਹੈ। ਆਰਥਿਕ ਕਾਰਜ ਜਿਸ ਵਿੱਚ ਰਿਹਾਇਸ਼, ਬੱਚਿਆਂ ਦੀ ਦੇਖਭਾਲ ਦੀਆਂ ਲਾਗਤਾਂ ਅਤੇ ਨੌਕਰੀ ਦੀ ਅਸੁਰੱਖਿਆ ਸ਼ਾਮਲ ਹੈ, ਪਰਿਵਾਰ ਦੇ ਆਕਾਰ ’ਤੇ ਮੁੱਖ ਸੀਮਾਵਾਂ ਹਨ।
* 39% ਨੇ ਵਿੱਤੀ ਮੁੱਦਿਆਂ ਦੀ ਰਿਪੋਰਟ ਕੀਤੀ ਹੈ ਜੋ ਉਹਨਾਂ ਦੀ ਲੋੜੀਂਦੀ ਗਿਣਤੀ ਵਿੱਚ ਬੱਚੇ ਪੈਦਾ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ। ਬੱਚੇ ਪੈਦਾ ਕਰਨ ਦੀ ਵਿਸ਼ਵਵਿਆਪੀ ਔਸਤ ਉਮਰ ਵੀ ਵਧੀ ਹੈ ਅਤੇ ਹੁਣ ਇਹ 28 ਸਾਲ ਹੈ।
* ਪ੍ਰਜਣਨ ਉਮਰ ਦੇ ਲਗਭਗ 20% ਬਾਲਗ ਉਮੀਦ ਕਰਦੇ ਹਨ ਕਿ ਉਹ ਆਪਣੇ ਲੋੜੀਂਦੇ ਬੱਚੇ ਪੈਦਾ ਨਹੀਂ ਕਰ ਸਕਣਗੇ।
* 18% ਨੇ ਗਰਭ ਨਿਰੋਧ ਜਾਂ ਪ੍ਰਜਣਨ ਸੰਬੰਧਤ ਸੇਵਾਵਾਂ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਦੀ ਰਿਪੋਰਟ ਕੀਤੀ ਹੈ।
ਕਿਸੇ ਵੀ ਦਿਨ ਦਾ ਨਿਸ਼ਚਿਤ ਕੀਤੇ ਜਾਣਾ ਉਸ ਮਸਲੇ ’ਤੇ ਧਿਆਨ ਕੇਂਦਰਿਤ ਕਰਨ ਲਈ ਹੁੰਦਾ ਹੈ। ਹੁਣ ਆਪਾਂ ਆਪਣੇ ਦੇਸ਼ ਭਾਰਤ ਦੀ ਗੱਲ ਕਰੀਏ। ਅੰਕੜਿਆਂ ਵੱਲ ਨਜ਼ਰ ਮਾਰੀਏ ਤਾਂ ਸੰਸਾਰ ਵਿੱਚ ਅਬਾਦੀ ਪੱਖੋਂ ਭਾਰਤ (1.438 ਬਿਲੀਅਨ) ਦਾ ਪਹਿਲਾ ਸਥਾਨ ਹੈ, ਚੀਨ (1.411 ਬਿਲੀਅਨ) ਦੂਜੇ ਅਥਾਨ ’ਤੇ ਹੈ। ਜੇ ਅਸੀਂ ਖੇਤਰਫਲ ਦੇਖੀਏ ਅਤੇ ਜਨ-ਸੰਖਿਆ ਘਣਤਾ ਪੱਖ ਤੋਂ ਦੇਖੀਏ, ਤਾਂ ਭਾਰਤ ਦੀ ਘਣਤਾ 492 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਅਤੇ ਚੀਨ ਦੀ ਘਣਤਾ 151 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਸੰਸਾਰ ਪੱਖ ਤੋਂ ਜਨ ਸੰਖਿਆ ਘਣਤਾ ਮੁਤਾਬਕ ਵੀ ਕੁੱਲ 195 ਦੇਸ਼ਾਂ ਵਿੱਚੋਂ ਸਾਡਾ ਨੰਬਰ 31ਵਾਂ ਹੈ, ਜੋ ਕਿ ਬਹੁਤ ਚੰਗਾ ਨਹੀਂ ਹੈ। ਘੱਟ ਥਾਂ ’ਤੇ ਵੱਧ ਵਿਅਕਤੀਆਂ ਦੇ ਰਹਿਣ ਕਾਰਨ ਸਮੱਸਿਆਵਾਂ ਦਾ ਨਿੱਤ ਦਿਨ ਵਧਦੇ ਜਾਣਾ ਆਮ ਗੱਲ ਹੀ ਹੈ। ਹਲਕੀ ਜਿਹੀ ਝਾਤ ਪਿਛਲੇ ਵਰ੍ਹਿਆਂ ਦੀ ਜਨ-ਸੰਖਿਆ ’ਤੇ ਮਾਰਨੀ ਗਲਤ ਨਹੀਂ ਹੋਵੇਗੀ। ਅਜ਼ਾਦੀ ਤੋਂ ਬਾਅਦ 1951 ਵਿੱਚ ਭਾਰਤ ਦੀ ਜਨ ਸੰਖਿਆ 361 ਮਿਲੀਅਨ ਸੀ, 1961 ਵਿੱਚ 439 ਮਿਲੀਅਨ, 1971 ਵਿੱਚ 548 ਮਿਲੀਅਨ, 1981 ਵਿੱਚ 683 ਮਿਲੀਅਨ, 1991 ਵਿੱਚ 846 ਮਿਲੀਅਨ, 2001 ਵਿੱਚ 1.028 ਬਿਲੀਅਨ, 2011 ਵਿੱਚ 1.210 ਬਿਲੀਅਨ, 2021 ਵਿੱਚ 1.402 ਬਿਲੀਅਨ ਅਤੇ ਹੁਣ ਜੁਲਾਈ 2024 ਵਿੱਚ ਇਹ 1.438 ਬਿਲੀਅਨ ਹੈ। ਜੇਕਰ ਵਾਧਾ ਦਰ ਵੱਲ ਨਿਗ੍ਹਾ ਮਾਰੀਏ ਤਾਂ ਜਿੱਥੇ ਇਹ 1950-60 ਸਮੇਂ 2% ਤੋਂ ਵੀ ਵੱਧ ਰਿਹਾ ਹੈ। ਤਸੱਲੀ ਦੀ ਗੱਲ ਹੈ ਕਿ ਪਿਛਲੇ ਦਹਾਕੇ ਵਿੱਚ ਇਹ 1% ਤੋਂ ਵੀ ਘੱਟ ਹੈ। ਪ੍ਰਜਣਨ ਦਰ ਪਹਿਲਾਂ 2.1 ਬੱਚੇ ਪ੍ਰਤੀ ਔਰਤ ਸੀ, ਉਹ ਹੁਣ ਘਟ ਕੇ 1.9 ਬੱਚੇ ਪ੍ਰਤੀ ਔਰਤ ਹੋ ਗਈ ਹੈ।
ਭਾਰਤ ’ਤੇ ਕੇਂਦਰਿਤ ਹੁੰਦਿਆਂ:
ਹਰ ਦੇਸ਼ ਦੇ ਲੋਕਾਂ ਨੇ ਆਪਣੀ ਸੀਮਿਤ ਹੱਦ ਦੇ ਅੰਦਰ ਰਹਿਣਾ ਹੁੰਦਾ ਹੈ ਅਤੇ ਉਸੇ ਦੇਸ਼ ਵਿੱਚ ਮਿਲਦੇ ਸੀਮਿਤ ਸਾਧਨਾਂ ਤੋਂ ਹੀ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ। ਭਾਰਤ ਦੀ ਅਬਾਦੀ 1.4 ਬਿਲੀਅਨ ਤੋਂ ਵੀ ਵੱਧ ਹੈ। ਕੁਦਰਤੀ ਹੈ ਕਿ ਜੇ ਸਾਡੇ ਕੋਲ ਸਾਧਨ ਘੱਟ ਹੋਣਗੇ ਅਤੇ ਉਨ੍ਹਾਂ ਦੀ ਵਰਤੋਂ ਕਰਨ ਵਾਲੇ ਵੱਧ ਹੋਣਗੇ ਤਾਂ ਦੇਸ਼ ਨੂੰ ਬੇਅੰਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਦੇਸ਼ ਦੀਆਂ ਉਹ ਮੁੱਖ ਸਮੱਸਿਆਵਾਂ ਜਿਨ੍ਹਾਂ ਦਾ ਮੁਢਲਾ ਕਾਰਨ ਅਸੀਂ ਅਬਾਦੀ ਨੂੰ ਮੰਨ ਸਕਦੇ ਹਾਂ, ਇਹ ਹਨ:
* ਸਾਧਨਾਂ ਦੀ ਘਾਟ: ਵੱਧ ਅਬਾਦੀ ਨਾਲ ਸਾਡੇ ਕੁਦਰਤੀ ਖਜ਼ਾਨਿਆਂ ’ਤੇ ਜ਼ਿਆਦਾ ਬੋਝ ਪੈਂਦਾ ਹੈ। ਪਾਣੀ, ਰਹਿਣਯੋਗ ਅਤੇ ਖੇਤੀਯੋਗ ਜ਼ਮੀਨ ਅਤੇ ਊਰਜਾ ਉਹ ਮੁੱਖ ਸਾਧਨ ਹਨ, ਜਿਨ੍ਹਾਂ ਦੀ ਘਾਟ ਕਾਰਨ ਜੀਵਨ ਦੀਆਂ ਮੁਢਲੀਆਂ ਸਹੂਲਤਾਂ ਵੀ ਖਤਰੇ ਵਿੱਚ ਪੈ ਜਾਂਦੀਆਂ ਹਨ। ਜ਼ਮੀਨ ਨੇ ਤਾਂ ਹਰ ਰੋਜ਼ ਘਟਣਾ ਹੀ ਹੈ, ਨਵੇਂ ਲੋਕਾਂ ਲਈ ਰਹਿਣ ਲਈ ਮਕਾਨ ਵੀ ਚਾਹੀਦੇ ਹਨ।, ਸਕੂਲ, ਹਸਪਤਾਲ, ਸੜਕਾਂ, ਦਫਤਰ, ਆਦਿ ਦੀ ਉਸਾਰੀ ਨਾਲ ਵਧੇਰੇ ਜ਼ਮੀਨ ਦੀ ਵਰਤੋਂ ਹੋਵੇਗੀ, ਜਿਸ ਨਾਲ ਖੇਤੀ ਯੋਗ ਜ਼ਮੀਨ ਹੋਰ ਘਟੇਗੀ। ਇਸੇ ਤਰ੍ਹਾਂ ਪਾਣੀ ਅਤੇ ਊਰਜਾ ਦੀ ਵਧੇਰੇ ਖਪਤ ਦੀ ਲੋੜ ਸਾਡੇ ਸਮੀਕਰਣਾਂ ਨੂੰ ਹਿਲਾ ਕੇ ਰੱਖ ਦੇਵੇਗੀ।
* ਬੁਨਿਆਦੀ ਸਹੂਲਤਾਂ ਦੀ ਘਾਟ: ਖਾਸ ਕਰਕੇ ਸ਼ਹਿਰੀ ਅਬਾਦੀ ਇਸ ਸਮੇਂ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਦਬਾਅ ਹੇਠ ਆ ਰਹੀ ਹੈ। ਸ਼ਹਿਰਾਂ ਵਿੱਚ ਵਧੇਰੇ ਮਕਾਨ, ਵਧੇਰੇ ਆਵਾਜਾਈ ਅਤੇ ਸਾਫ ਸਫਾਈ ਰੱਖ ਸਕਣਾ ਔਖਾ ਹੋ ਰਿਹਾ ਹੈ।
* ਬੇਰੁਜ਼ਗਾਰੀ ਦੀ ਸਮੱਸਿਆ: ਇਹ ਸਾਡੇ ਦੇਸ਼ ਦੀ ਵੱਡੀ ਸਮੱਸਿਆ ਬਣ ਚੁੱਕੀ ਹੈ। ਕੰਮ ਕਰਨ ਵਾਲੇ ਮਜ਼ਦੂਰਾਂ ਵਿੱਚ ਹੋਇਆ ਵੱਡਾ ਵਾਧਾ ਬੇਰੁਜ਼ਗਾਰੀ ਅਤੇ ਅਲਪ-ਰੁਜ਼ਗਾਰੀ ਦਾ ਕਾਰਨ ਬਣਦਾ ਹੈ। ਸਰਕਾਰ ਸਭ ਨੂੰ ਰੁਜ਼ਗਾਰ ਦੇਣ ਤੋਂ ਅਸਮਰੱਥ ਜਾਪਦੀ ਹੈ ਅਤੇ ਨਿੱਜੀ ਅਦਾਰੇ ਕਿਸੇ ਕਿਸਮ ਦੀ ਸੁਰੱਖਿਆ ਲਈ ਵਚਨਬੱਧ ਨਹੀਂ ਹਨ।
* ਸਿਹਤ ਅਤੇ ਸਿੱਖਿਆ: ਕਿਸੇ ਵੀ ਦੇਸ਼ ਦੇ ਵਿਕਾਸ ਦਾ ਅਧਾਰ ਉਸ ਦੇਸ਼ ਦੇ ਨਾਗਰਿਕਾਂ ਦੀ ਚੰਗੀ ਸਿਹਤ ਅਤੇ ਪੜ੍ਹੇ ਲਿਖੇ ਹੋਣਾ ਹੁੰਦਾ ਹੈ। ਪਰ ਭਾਰਤ ਵੱਲ ਨਜ਼ਰ ਮਾਰੀਏ ਤਾਂ ਇਨ੍ਹਾਂ ਦੋਹਾਂ ਦੀ ਹਾਲਤ ਤਰਸਯੋਗ ਹੈ। ਇੱਕ ਪਲ ਲਈ ਗੁਣਵੱਤਾ ਨੂੰ ਪਰੇ ਵੀ ਕਰ ਕੇ ਸੋਚੀਏ ਤਾਂ ਗਿਣਾਤਮਿਕ ਪੱਖ ਤੋਂ ਵੀ ਹਰ ਨਾਗਰਿਕ ਨੂੰ ਵਧੀਆ ਸਿਹਤ ਅਤੇ ਸਿੱਖਿਅਤ ਹੋਣ ਦਾ ਮੌਕਾ ਨਹੀਂ ਮਿਲ ਰਿਹਾ। ਸਰਕਾਰਾਂ ਦੇ ਕੀਤੇ ਜਾ ਰਹੇ ਯਤਨ ਊਠ ਦੇ ਮੂੰਹ ਵਿੱਚ ਜੀਰੇ ਵਾਲੀ ਗੱਲ ਲਗਦੀ ਹੈ। ਸਿਹਤ ਦੀ ਕੋਈ ਗਰੰਟੀ ਨਹੀਂ, ਕੋਈ ਬੀਮਾ ਕਰਾਉਣਾ ਜ਼ਰੂਰੀ ਨਹੀਂ, ਗੰਭੀਰ ਬਿਮਾਰੀਆਂ ਦੇ ਇਲਾਜ ਕਰਵਾਉਣਾ ਅਤੇ ਅਪਰੇਸ਼ਨ ਕਰਵਾਉਣਾ ਆਦਿ ਗਰੀਬ ਅਤੇ ਮੱਧ ਵਰਗ ਦੀ ਪਹੁੰਚ ਤੋਂ ਬਹੁਤ ਦੂਰ ਹਨ। ਅਬਾਦੀ ਦੇ ਅਨੁਪਾਤ ਵਿੱਚ ਡਾਕਟਰਾਂ ਅਤੇ ਮੈਡੀਕਲ ਸਹੂਲਤਾਂ ਬਹੁਤ ਹੀ ਘੱਟ ਹਨ। ਇਹੀ ਹਾਲ ਸਿੱਖਿਆ ਦਾ ਵੀ ਹੈ। ਉੱਚ ਸਿੱਖਿਆ ਤਾਂ ਦੇਸ਼ ਦੀ ਬਹੁਤ ਘੱਟ ਗਿਣਤੀ ਹੀ ਲੈ ਰਹੀ ਹੈ। ਜੇ ਗੁਣਵੱਤਾ ਵੱਲ ਆਈਏ ਤਾਂ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਰੁਜ਼ਗਾਰ ਦੀ ਕੋਈ ਗਰੰਟੀ ਨਹੀਂ ਹੈ। ਸਿੱਖਿਆ ਕਿੱਤਾਮੁਖੀ ਨਹੀਂ ਹੈ ਅਤੇ ਆਪਣਾ ਕੰਮ ਕਰਨ ਵੱਲ ਨਹੀਂ ਪ੍ਰੇਰਦੀ।
* ਗਰੀਬੀ: ਵੱਧ ਅਬਾਦੀ ਅਤੇ ਘੱਟ ਰੁਜ਼ਗਾਰ ਤੋਂ ਗਰੀਬੀ ਪੈਦਾ ਹੁੰਦੀ ਹੈ। ਸਾਡੀ ਸਰਕਾਰ ਜਿਹੜੀ ਵੀ ਆਵੇ, ਉਸਦਾ ਵਧੇਰੇ ਜ਼ੋਰ ਮੁਫ਼ਤ ਰਾਸ਼ਨ ਜਾਂ ਹੋਰ ਸਹੂਲਤਾਂ ਵੱਲ ਜਾਂਦਾ ਹੈ, ਲੋਕਾਂ ਨੂੰ ਵਧੇਰੇ ਕੰਮ ਦੇ ਮੌਕੇ ਦੇਣ ਅਤੇ ਮਜ਼ਦੂਰੀ ਦਰ ਵਿੱਚ ਸੁਧਾਰ ਲਿਆਉਣ ਵੱਲ ਨਹੀਂ। ਗਰੀਬ ਲੋਕਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਬਹੁਤ ਸਾਰੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਵਿਚਰ ਰਹੇ ਹਨ, ਜਿਨ੍ਹਾਂ ਕੋਲ ਜ਼ਿੰਦਗੀ ਜਿਊਣ ਲਈ ਲੋੜੀਂਦੀਆਂ ਮੁਢਲੀਆਂ ਅਤੇ ਬੁਨਿਆਦੀ ਸਹੂਲਤਾਂ ਵੀ ਨਹੀਂ ਹਨ।
* ਵਾਤਾਵਰਣ ਪ੍ਰਦੂਸ਼ਣ: ਵਧੇਰੇ ਅਬਾਦੀ ਵਧੇਰੇ ਵਸਤੂਆਂ ਅਤੇ ਊਰਜਾ ਦੀ ਖਪਤ ਕਰਦੀ ਹੈ, ਜਿਸ ਕਾਰਨ ਸਾਡੇ ਵਾਤਾਵਰਣ ਦਾ ਸੰਤੁਲਨ ਵਿਗੜ ਚੁੱਕਿਆ ਹੈ। ਹਵਾ ਪ੍ਰਦੂਸ਼ਣ ਅਤੇ ਪਾਣੀ ਦੇ ਪ੍ਰਦੂਸ਼ਣ ਨੇ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਅਤੇ ਇਹ ਲਗਾਤਾਰ ਜਾਰੀ ਹੈ।
* ਸਮਾਜਿਕ ਅਤੇ ਰਾਜਨੀਤਿਕ ਬੇਚੈਨੀ: ਵੱਧ ਅਬਾਦੀ ਬਹੁਤ ਸਾਰੇ ਸਮਾਜਿਕ ਅਤੇ ਰਾਜਨੀਤਿਕ ਵਿਵਾਦਪੂਰਨ ਮਸਲਿਆਂ ਨੂੰ ਜਨਮ ਦਿੰਦੀ ਹੈ। ਵੱਡੇ ਆਕਾਰ ਦੀ ਵੱਖ ਵੱਖ ਪਿਛੋਕੜ ਵਾਲੀ ਜਨ ਸੰਖਿਆ ਨੂੰ ਇੱਕ ਸੂਤ ਵਿੱਚ ਪਰੋ ਰੱਖਣਾ ਆਸਾਨ ਨਹੀਂ ਹੁੰਦਾ। ਸਮਾਜਿਕ ਬੇਇਨਸਾਫੀਆਂ ਅਤੇ ਵਿਤਕਰੇ, ਸਾਧਨਾਂ ਦੀ ਵੰਡ, ਅਤੇ ਰਾਜਨੀਤਿਕ ਪ੍ਰਤੀਨਿਧਤਾ ਨੂੰ ਲੈ ਕੇ ਬਹੁਤ ਵੱਡੇ ਵਿਵਾਦ, ਤਕਰਾਰ ਅਤੇ ਝਗੜੇ ਪੈਦਾ ਹੁੰਦੇ ਹਨ ਜਿਸ ਨਾਲ ਦੇਸ਼ ਵਿੱਚ ਸਮਾਜਿਕ ਅਤੇ ਰਾਜਨੀਤਿਕ ਅਸ਼ਾਂਤੀ ਫੈਲਦੀ ਹੈ।
ਇਨ੍ਹਾਂ ਸਾਰੇ ਮਸਲਿਆਂ ਨੂੰ ਹੱਲ ਕਰਨਾ ਅਤੇ ਵਧੀਆ ਅਤੇ ਸ਼ੁੱਧ ਵਾਤਾਵਰਣ ਨਾਲ ਆਰਥਿਕ ਤਰੱਕੀ, ਸਮਾਜਿਕ ਅਤੇ ਰਾਜਨੀਤਿਕ ਸਥਿਰਤਾ ਬਣਾਈ ਰੱਖਣੀ ਇੱਕ ਵੱਡੀ ਚੁਣੌਤੀ ਬਣ ਕੇ ਸਾਡੇ ਸਾਹਮਣੇ ਖੜ੍ਹੀ ਹੈ। ਜੇ ਕੁਝ ਕਰਨ ਦਾ ਸੋਚੀਏ, ਅਸੰਭਵ ਕੁਝ ਵੀ ਨਹੀਂ ਹੁੰਦਾ, ਸਰਕਾਰਾਂ ਅਤੇ ਦੇਸ਼ ਦੇ ਆਮ ਨਾਗਰਿਕ ਮਿਲ ਕੇ ਬੈਠਣ, ਵਧੀਆ ਨੀਤੀਆਂ ਬਣਾਉਣ ਅਤੇ ਲੋਕ ਨਿੱਜੀ ਸਵਾਰਥਾਂ ਨੂੰ ਭੁੱਲ ਕੇ ਸਾਂਝੇ ਮਸਲਿਆਂ ਨੂੰ ਪਹਿਲ ਦੇਣ, ਸਰਕਾਰਾਂ ਵਿਕਾਸ ਪ੍ਰਾਜੈਕਟ ਵੱਲ, ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਚੰਗਾ ਸ਼ੁੱਧ ਵਾਤਾਵਰਣ ਦੇਣ ਦਾ ਨਿਸ਼ਚਾ ਕਰ ਲਵੇ ਤਾਂ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ।
ਕੁਝ ਸੁਝਾਅ ਜੋ ਇਸ ਸਮੱਸਿਆ ਨੂੰ ਦੂਰ ਕਰਕੇ ਦੇਸ਼ ਦੇ ਵਿਕਾਸ ਵਿੱਚ ਸਹਾਈ ਹੋ ਸਕਦੇ ਹਨ, ਹੇਠ ਲਿਖ ਰਹੇ ਹਾਂ:
* ਸਰਕਾਰ ਇੱਕ ਜਾਂ ਵੱਧ ਤੋਂ ਵੱਧ ਦੋ ਬੱਚਿਆਂ ਦਾ ਨਿਯਮ ਪੂਰੀ ਸਖਤੀ ਨਾਲ ਲਾਗੂ ਕਰੇ। ਕਿਸੇ ਧਰਮ, ਜਾਤ, ਵਰਗ ਦੀ ਪਰਵਾਹ ਕੀਤੇ ਬਿਨਾਂ। ਵੱਧ ਬੱਚੇ ਹੋਣ ਦੀ ਸੂਰਤ ਵਿੱਚ ਵੱਡੀ ਮਾਤਰਾ ਵਿੱਚ ਜੁਰਮਾਨਾ ਲਾਇਆ ਜਾਵੇ। ਚੀਨ ਨੇ ਇਹ ਫਾਰਮੂਲਾ ਵਰਤ ਕੇ ਆਪਣੀ ਅਬਾਦੀ ’ਤੇ ਨਿਯੰਤਰਣ ਕੀਤਾ ਹੈ, ਅਸੀਂ ਕਿਉਂ ਨਹੀਂ ਕਰ ਸਕਦੇ? ਲੋਕਾਂ ਨੂੰ ਪਿਆਰ ਨਾਲ ਸਮਝਾ ਕੇ ਇਸ ਕੰਮ ਲਈ ਮਨਾਇਆ ਜਾ ਸਕਦਾ ਹੈ।
* ਸਾਧਨਾਂ ਦੀ ਠੀਕ ਵਰਤੋਂ, ਪਰਿਵਾਰ ਨਿਯੋਜਨ, ਖੁਦ ਵਸੀਲੇ ਬਣਾਉਣ ਅਤੇ ਮਿਲ ਕੇ ਰਹਿਣ ਦੀ ਵਧੇਰੇ ਸਿੱਖਿਆ ਅਤੇ ਜਾਗ੍ਰਤੀ ਦੀ ਲੋੜ ਹੈ।
* ਵਾਤਾਵਰਣ ਨੂੰ ਹਰਾ ਭਰਾ ਬਣਾਉਣ ਲਈ ਸੰਕਟ-ਕਾਲੀਨ ਸਥਿਤੀ ਵਾਂਗ ਕੰਮ ਕੀਤਾ ਜਾਵੇ। ਪੱਛਮੀ ਮੁਲਕਾਂ ਵਿੱਚ ਆਪਣੇ ਘਰਾਂ ਵਿੱਚ ਦਰੱਖਤ ਲਾਉਣੇ, ਘਾਹ ਲਾਉਣਾ, ਉਸ ਨੂੰ ਸਾਫ ਕਰਨਾ ਆਦਿ ਸਭ ਜ਼ਰੂਰੀ ਹੈ। ਨਾ ਕੀਤੇ ਜਾਣ ਦੀ ਸੂਰਤ ਵਿੱਚ ਭਾਰੀ ਜੁਰਮਾਨੇ ਹਨ। ਭਾਰਤ ਵਿੱਚ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ? ਜੇ ਇੱਕ ਦਰੱਖਤ ਕਿਤੇ ਕੱਟਣਾ ਪੈ ਵੀ ਜਾਵੇ, ਉਸ ਇੱਕ ਮਗਰ ਦਸ ਨਵੇਂ ਦਰੱਖਤ ਲਾਉਣੇ ਜ਼ਰੂਰੀ ਹੋਣ।
* ਮਕਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁ ਮੰਜ਼ਲੇ ਮਕਾਨ ਬਣਾਉਣੇ ਜ਼ਰੂਰੀ ਕੀਤੇ ਜਾਣ। ਨਵੀਂ ਥਾਂ ’ਤੇ ਹਰ ਉਸਾਰੀ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਕਰ ਦਿੱਤੀ ਜਾਵੇ। ਸਰਕਾਰ ਇਹ ਯਕੀਨੀ ਬਣਾਵੇ ਕਿ ਖੇਤੀਯੋਗ ਜ਼ਮੀਨ ਨੂੰ ਇਸ ਲਈ ਨਾ ਵਰਤਿਆ ਜਾਵੇ।
* ਪਰਿਵਾਰਾਂ ਨੂੰ ਇਕੱਠੇ ਰੱਖਣ ਲਈ ਸਰਕਾਰ, ਸਮਾਜ, ਸਵੈ ਸੇਵੀ ਸੰਸਥਾਵਾਂ ਅਤੇ ਧਾਰਮਿਕ ਅਦਾਰੇ ਸਾਂਝੇ ਯਤਨ ਕਰਨ ਅਤੇ ਇਹ ਗੱਲ ਲੋਕਾਂ ਨੂੰ ਪੱਕੀ ਕਰਵਾਉਣ ਕਿ ਜਲਦੀ ਕੀਤੇ ਬੱਚੇ ਵੱਖਰਾ ਰਹਿਣਾ ਨਾ ਚਾਹੁਣ। ਸੰਯੁਕਤ ਪਰਿਵਾਰ ਤਾਂ ਸ਼ਾਇਦ ਦੁਬਾਰਾ ਲਿਆਉਣੇ ਵਧੇਰੇ ਔਖੇ ਹੋਣ, ਇੱਕ ਵਿਅਕਤੀ ਦਾ ਟੱਬਰ ਹੀ ਇਕੱਠਾ ਰੱਖਿਆ ਜਾ ਸਕੇ, ਉਹ ਵੀ ਕਾਫੀ ਹੋਵੇਗਾ। ਇਕੱਲੇ ਨੌਜਵਾਨ ਆਪਣੇ ਮਾਪਿਆਂ ਤੋਂ ਵੀ ਅਲੱਗ ਹੋ ਕੇ ਰਹਿੰਦੇ ਵੇਖੇ ਗਏ ਹਨ।
* ਬਾਕੀ ਮੁੱਖ ਮੁੱਦੇ ਸਿੱਖਿਆ ਅਤੇ ਸਿਹਤ ਠੀਕ ਹੋਣਗੇ। ਇਨ੍ਹਾਂ ਬਾਰੇ ਵਧੇਰੇ ਜਾਗ੍ਰਤੀ ਹੋਵੇਗੀ ਅਤੇ ਵਧੇਰੇ ਗੁਣਵੱਤਾ ਹੋਵੇਗੀ, ਤਾਂ ਲੋਕ ਆਪ ਹੀ ਬਹੁਤ ਸਮੱਸਿਆਵਾਂ ਸੁਲਝਾਉਣ ਦੇ ਯੋਗ ਹੋ ਜਾਣਗੇ।
* ਖੇਤੀਬਾੜੀ ਨੂੰ ਇੱਕ ਉਦਯੋਗ ਦੀ ਤਰ੍ਹਾਂ ਵਿਕਸਿਤ ਕੀਤੇ ਜਾਣ ਦੀ ਲੋੜ ਹੈ।
* ਸਰਕਾਰਾਂ ਨੂੰ ਜ਼ਮੀਨੀ ਪੱਧਰ ’ਤੇ ਲੋਕਾਂ ਦੇ ਮਸਲੇ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਮਾਏਦਾਰ ਜਮਾਤ ਦਾ ਇੱਕੋ ਇੱਕ ਮਨੋਰਥ ਲਾਭ ਕਮਾਉਣਾ ਹੁੰਦਾ ਹੈ। ਉਸ ਨੂੰ ਉਦਯੋਗ ਰਾਹੀਂ ਦੂਸ਼ਿਤ ਹੋ ਰਹੇ ਵਾਤਾਵਰਣ ਨਾਲ, ਵਿਗੜ ਰਹੀ ਲੋਕਾਂ ਦੀ ਸਿਹਤ ਨਾਲ ਅਤੇ ਲੋਕਾਂ ਦੇ ਕਿਰਦਾਰ ਵਿੱਚ ਆ ਰਹੀ ਗਿਰਾਵਟ ਦੀ ਕੋਈ ਚਿੰਤਾ ਨਹੀਂ ਹੁੰਦੀ। ਪਰ ਇੱਕ ਕਲਿਆਣਕਾਰੀ ਰਾਜ ਹਮੇਸ਼ਾ ਲੋਕਾਂ ਦੀ ਬਿਹਤਰੀ ਦਾ ਇੱਛਕ ਹੁੰਦਾ ਹੈ। ਜੇ ਸਾਡੇ ਰਾਜਨੀਤਿਕ ਨੇਤਾ ਆਪਣੀਆਂ ਕੁਰਸੀਆਂ, ਚੌਧਰਾਂ, ਮਾਇਆ, ਸਵਾਰਥ ਵਰਗੀਆਂ ਭਾਵਨਾਵਾਂ ਤੋਂ ਉੱਚਾ ਉੱਠ ਕੇ ਦੇਸ਼ ਦੀ ਜਨਤਾ ਬਾਰੇ ਧੁਰ ਹਿਰਦੇ ਤੋਂ ਇਮਾਨਦਾਰੀ ਨਾਲ ਕੁਝ ਕਰਨਾ ਚਾਹੁਣਗੇ, ਤਾਂ ਪਾਰਟੀ ਜਿਹੜੀ ਮਰਜ਼ੀ ਹੋਵੇ, ਲੋਕ ਉਸ ਸਰਕਾਰ ਦਾ ਸਾਥ ਜ਼ਰੂਰ ਦੇਣਗੇ ਅਤੇ ਮਿਲਜੁਲ ਕੇ ਸਿਰ ’ਤੇ ਕੂਕਦੇ ਸੰਕਟ ਦਾ ਇਲਾਜ ਕਰ ਸਕਣਗੇ। ਅਸੀਂ ਹਮੇਸ਼ਾ ਚੰਗੇ ਦੀ ਹੀ ਆਸ ਰੱਖਦੇ ਹਾਂ। ਇਨ੍ਹਾਂ ਕਾਲੇ ਹਨੇਰਿਆਂ ਤੋਂ ਬਾਅਦ ਇੱਕ ਚਾਨਣ ਨੇ ਜ਼ਰੂਰ ਆਉਣਾ ਹੈ। ਆਉ ਪੱਕਾ ਕਰੀਏ ਕਿ ਆਪਾਂ ਸਾਰੇ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਂਦੇ ਰਹਾਂਗੇ
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)