“ਕਿੰਨੀਆਂ ਹੀ ਕਲਾਵਾਂ ਅਤੇ ਹੁਨਰ ਹੋ ਸਕਦੇ ਹਨ, ਜਿਨ੍ਹਾਂ ਵਿੱਚ ਔਰਤ ਮਾਹਰ ਹੋ ਸਕਦੀ ਹੈ। ਪੁਰਾਣੇ ਸਮੇਂ ਵਿੱਚ ...”
(24 ਜੁਲਾਈ 2024)
ਦੇਖਿਆ ਗਿਆ ਹੈ ਕਿ ਅੰਤਰਰਾਸ਼ਟਰੀ ਔਰਤ ਦਿਵਸ ’ਤੇ ਤਾਂ ਹਰ ਵਿਅਕਤੀ, ਹਰ ਸੰਸਥਾ, ਸਰਕਾਰਾਂ ਅਤੇ ਔਰਤਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਔਰਤ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਤੇ ਵਿਚਾਰ ਕਰਦੀਆਂ ਹਨ। ਔਰਤ ਲਈ ਅਧਿਕਾਰਾਂ ਦੀ ਗੱਲ ਹੁੰਦੀ ਹੈ, ਸੁਰੱਖਿਆ ਦੀ ਗੱਲ ਹੁੰਦੀ ਹੈ, ਸਤਿਕਾਰ ਦੀ ਗੱਲ ਤੁਰਦੀ ਹੈ, ਆਰਥਿਕ ਬਰਾਬਰੀ ਦੀ ਰੁਜ਼ਗਾਰ ਦੀ ਗੱਲ ਤੁਰਦੀ ਹੈ। ਇਹ ਸਭ ਬਾਹਰੋਂ ਕੀਤੇ ਜਾਣ ਵਾਲੇ ਕੰਮ ਹਨ। ਇਹਨਾਂ ਸਭਨਾਂ ਦੀ ਲੋੜ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਨੂੰ ਅਤੇ ਸਮਾਜ ਨੂੰ ਔਰਤ ਨੂੰ ਆਰਥਿਕ ਬਰਾਬਰੀ ਅਤੇ ਸਮਾਜਿਕ ਬਰਾਬਰੀ ਦੇਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਅਤੇ ਇਹ ਯਤਨ ਸਿਰਫ ਗੱਲੀਂਬਾਤੀਂ ਨਹੀਂ, ਸਗੋਂ ਮਨ, ਬਚਨ ਅਤੇ ਕਰਮ ਰਾਹੀਂ ਅਸਲ ਅਰਥਾਂ ਵਿੱਚ ਲਾਗੂ ਕਰਨੇ ਚਾਹੀਦੇ ਹਨ। ਅਸੀਂ ਅੱਜ ਔਰਤ ਨੂੰ ਕੇਂਦਰ ਵਿੱਚ ਰੱਖ ਕੇ ਸਿਰਫ ਉਹਨਾਂ ਨੁਕਤਿਆਂ ਤੇ ਵਿਚਾਰ ਕਰਾਂਗੇ ਜਿਹੜੇ ਉਸ ਦੇ ਖੁਦ ਦੇ ਕਰਨ ਵਾਲੇ ਹੋਣ, ਜਿਹਨਾਂ ਲਈ ਜ਼ਿਆਦਾ ਕਰਕੇ ਉਹ ਆਪ ਜ਼ਿੰਮੇਵਾਰ ਹੋਵੇ।
ਬਿਨਾਂ ਕੋਈ ਲੰਮੀ ਬਹਿਸ ਵਿੱਚ ਪੈਂਦਿਆ ਸਾਨੂੰ ਇਹ ਮੰਨਣ ਵਿੱਚ ਕੋਈ ਇਤਰਾਜ਼ ਨਹੀਂ ਕਿ ਸਾਡੇ ਦੇਸ਼ ਵਿੱਚ ਅਜੇ ਮਰਦ-ਪ੍ਰਧਾਨ ਬਿਰਤੀ ਜੜ੍ਹੋਂ ਨਹੀਂ ਗਈ। ਸਰਕਾਰਾਂ ਦੇ, ਔਰਤ ਜਥੇਬੰਦੀਆਂ ਦੇ, ਵਿਦਵਾਨਾਂ ਦੇ ਯਤਨਾਂ ਨਾਲ ਇਸ ਬਿਰਤੀ ਨੂੰ ਕੁਝ ਠੱਲ੍ਹ ਜ਼ਰੂਰ ਪਈ ਹੈ ਪਰ ਹਰ ਵਿਅਕਤੀ ਅਜੇ ਧੁਰ ਅੰਦਰੋਂ ਸਮਾਨਤਾ ਦਾ ਅਧਿਕਾਰ ਦੇਣ ਲਈ ਪੂਰਾ ਤਿਆਰ ਨਹੀਂ ਹੋਇਆ। ਔਰਤ ’ਤੇ ਹੋ ਰਹੇ ਜ਼ੁਲਮ, ਧੱਕੇ, ਵਧੀਕੀਆਂ ਕੁਝ ਹੱਦ ਤਕ ਅਜੇ ਵੀ ਜਾਰੀ ਹਨ। ਭਾਵੇਂ ਹਰ ਇੱਕ ਥਾਂ ਮਰਦ ਹੀ ਜ਼ਿੰਮੇਵਾਰ ਨਹੀਂ ਹੁੰਦਾ, ਪਰ ਫਿਰ ਵੀ ਉਸ ਨੂੰ ਪੂਰਾ ਬੇਕਸੂਰ ਨਹੀਂ ਕਿਹਾ ਜਾ ਸਕਦਾ। ਜੋ ਕੰਮ ਸਰਕਾਰਾਂ ਦੇ ਕਰਨ ਵਾਲੇ ਹਨ, ਸਮਾਜ ਦੇ ਜਾਂ ਮਰਦਾਂ ਦੇ ਕਰਨ ਵਾਲੇ ਹਨ, ਉਹਨਾਂ ਨੂੰ ਇੱਕ ਪਾਸੇ ਰੱਖ ਕੇ ਅਸੀਂ ਅੱਜ ਸਿਰਫ ਔਰਤ ਤੇ ਕੇਂਦਰਿਤ ਹੋ ਰਹੇ ਹਾਂ, ਅਤੇ ਉਹਨਾਂ ਨੁਕਤਿਆਂ ਵੱਲ ਧਿਆਨ ਦਿਵਾਉਣ ਦਾ ਯਤਨ ਕਰਦੇ ਹਾਂ, ਜਿਹੜੇ ਉਹ ਥੋੜ੍ਹੇ ਬਹੁਤ ਯਤਨਾਂ ਨਾਲ ਆਪ ਕਰ ਸਕਦੀ ਹੈ। ਜੋ ਕੰਮ ਉਸ ਨੂੰ ਆਪਣਾ ਸਵੈਮਾਣ ਬਣਾਉਣ ਲਈ ਖੁਦ ਕਰਨ ਲਈ ਉੱਦਮ ਕਰਦੇ ਰਹਿਣਾ ਚਾਹੀਦਾ ਹੈ।
ਸਭ ਤੋਂ ਪਹਿਲਾਂ ਗੱਲ ਸਿੱਖਿਆ ਦੀ। ਇਹ ਤਸੱਲੀ ਵਾਲੀ ਗੱਲ ਹੈ ਕਿ ਪਹਿਲਾਂ ਦੇ ਮੁਕਾਬਲੇ ਲੜਕੀਆਂ ਦੀ ਸਿੱਖਿਆ ਵਿੱਚ ਕਾਫੀ ਸੁਧਾਰ ਆਇਆ ਹੈ। ਜਿੰਨੀ ਕੁ ਕਸਰ ਹੈ, ਉਸ ਨੂੰ ਪੂਰਾ ਕਰਨ ਲਈ ਲੜਕੀਆਂ ਨੂੰ ਪੱਤਰ-ਵਿਹਾਰ ਸਿੱਖਿਆ, ਆਨਲਾਈਨ ਸਿੱਖਿਆ ਆਦਿ ਵਰਗੇ ਤਰੀਕਿਆਂ ਰਾਹੀਂ ਹੋਰ ਪੜ੍ਹਨ ਲਈ ਮਾਪਿਆਂ ’ਤੇ ਜ਼ੋਰ ਪਾਉਣਾ ਚਾਹੀਦਾ ਹੈ ਤਾਂ ਕਿ ਜਿਹੜੇ ਮਾਪੇ ਆਰਥਿਕ ਜਾਂ ਸਮਾਜਿਕ ਕਾਰਨਾਂ ਕਰਕੇ ਲੜਕੀ ਨੂੰ ਨਿਯਮਤ ਸਿੱਖਿਆ ਲੈਣ ਲਈ ਸ਼ਹਿਰ ਜਾਂ ਦੂਰ ਭੇਜਣ ਵਿੱਚ ਸਹਿਮਤ ਨਹੀਂ, ਉਹ ਵੀ ਘਰ ਬੈਠਿਆਂ ਪੜ੍ਹਾਉਣ ਲਈ ਸਹਿਮਤ ਹੋ ਸਕਦੇ ਹਨ। ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਸਿੱਖਿਆ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪਰ ਜੇ ਸਿੱਖਿਆ ਕਿਸੇ ਕਾਰਨ ਨਹੀਂ ਪ੍ਰਾਪਤ ਕਰ ਸਕੇ, ਨਿਰਾਸ਼ ਹੋਣ ਦੀ ਲੋੜ ਨਹੀਂ। ਬਹੁਤ ਕੁਝ ਅਜਿਹਾ ਹੈ, ਜਿਸਦੇ ਲਈ ਰਸਮੀ ਸਿੱਖਿਆ ਦੀ ਜ਼ਰੂਰਤ ਨਹੀਂ ਹੈ।
ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਰੁਜ਼ਗਾਰ ਪ੍ਰਾਪਤ ਕਰਨਾ ਬਹੁਤ ਵੱਡਾ ਅਤੇ ਮਹੱਤਵਪੂਰਨ ਪੱਖ ਹੈ। ਰੁਜ਼ਗਾਰ ਔਰਤ ਦੀ ਆਰਥਿਕ ਅਜ਼ਾਦੀ ਦਾ ਆਧਾਰ ਹੈ ਜਿਸ ਨੇ ਉਸ ਵਿੱਚ ਵਿਸ਼ਵਾਸ ਵੀ ਭਰਨਾ ਹੈ ਅਤੇ ਆਪਣੇ ਹੱਕ ਲੈਣ ਲਈ ਉਸ ਨੂੰ ਜਾਗ੍ਰਤ ਵੀ ਕਰਨਾ ਹੈ। ਪਰ ਨੌਕਰੀ ਜਾਂ ਰੁਜ਼ਗਾਰ ਪ੍ਰਾਪਤੀ ਉਸ ਦੇ ਆਪਣੇ ਹੱਥ ਵਿੱਚ ਨਹੀਂ। ਉਸ ਨੂੰ ਚਾਹੀਦਾ ਹੈ ਕਿ ਉਹ ਸਿਰਫ ਨੌਕਰੀ ਤਕ ਹੀ ਆਪਣੇ ਆਪ ਨੂੰ ਸੀਮਿਤ ਨਾ ਕਰੇ। ਸਵੈ ਰੁਜ਼ਗਾਰ ਦੇ ਬੇਅੰਤ ਮੌਕੇ ਹਨ। ਹੋਰ ਕਿੰਨੇ ਹੀ ਖੇਤਰ ਹਨ, ਜਿਹਨਾਂ ਰਾਹੀਂ ਉਹ ਸਿਰਫ ਆਪਣੇ ਦਿਮਾਗ ਦੀ ਸੁਚੱਜੀ ਵਰਤੋਂ ਕਰਕੇ ਹੋਰ ਧਨ ਕਮਾਉਣ ਦੇ ਤਰੀਕੇ ਲੱਭ ਸਕਦੀ ਹੈ। ਆਪਣੇ ਵਰਗੀਆਂ ਹੋਰ ਔਰਤਾਂ ਨੂੰ ਨਾਲ ਜੋੜ ਕੇ ਆਪ ਕੋਈ ਛੋਟੀ ਮੋਟੀ ਸੰਸਥਾ/ਕੰਪਨੀ ਖੋਲ੍ਹ ਕੇ ਕੰਮ ਕਰ ਸਕਦੀ ਹੈ। ਲੋੜ ਸਿਰਫ ਕੁਝ ਕਰਨ ਦੀ, ਕਰ ਦਿਖਾਉਣ ਦੀ ਲਗਨ ਦੀ ਹੈ।
ਹੁਣ ਤਕ ਔਰਤ, ਖਾਸ ਕਰਕੇ ਭਾਰਤੀ ਔਰਤ ਨੇ ਆਪਣੇ ਸਮੇਂ ਦਾ ਜ਼ਿਆਦਾ ਹਿੱਸਾ ਰਸੋਈ ਵਿੱਚ ਘਰੇਲੂ ਕੰਮਾਂ ਵਿੱਚ ਅਤੇ ਬੱਚਿਆਂ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਾਂਭ ਸੰਭਾਲ ਵਿੱਚ ਹੀ ਲਗਾਇਆ ਹੈ। (ਕੰਮ ਕਰਨ ਵਾਲੀਆਂ ਔਰਤਾਂ ਤੋਂ ਬਿਨਾਂ), ਪਰ ਇਸ ਸਭ ਵਿੱਚ ਉਸ ਨੂੰ ਕਿੰਨਾ ਕੁ ਮਾਣ ਸਨਮਾਨ ਅਤੇ ਪਛਾਣ ਮਿਲੀ ਹੈ। ਪਰਿਵਾਰ ਦੇ ਬਾਕੀ ਸਾਰੇ ਮੈਂਬਰ ਸਮਝਦੇ ਹਨ ਕਿ ਇਹ ਤਾਂ ਉਸਦਾ ਫਰਜ਼ ਹੈ। ਇਸ ਫਰਜ਼ ਪੂਰਤੀ ਲਈ ਉਸ ਨੂੰ ਬਾਕੀ ਸਮਾਜ ਤਾਂ ਕੀ, ਉਸ ਤੋਂ ਇਹ ਸੇਵਾਵਾਂ ਪ੍ਰਾਪਤ ਕਰਨ ਵਾਲੇ ਪਰਿਵਾਰ ਦੇ ਮੈਂਬਰ ਵੀ ਉਸਦੀ ਪ੍ਰਸ਼ੰਸਾ ਨਹੀਂ ਕਰਦੇ। ਸਗੋਂ ਕਿਤੇ ਮਾੜੀ ਮੋਟੀ ਹੋਈ ਗਲਤੀ ਨੂੰ ਚਿਤਾਰਨਾ ਕਦੇ ਨਹੀਂ ਭੁੱਲਦੇ। ਇਸ ਸਭ ਦਾ ਅਸਰ ਇਹ ਹੁੰਦਾ ਹੈ ਕਿ ਔਰਤ ਖੁਦ ਵੀ ਆਪਣੀ ਪਛਾਣ ਭੁੱਲ ਜਾਂਦੀ ਹੈ। ਉਹ ਕਿਸੇ ਦੀ ਪਤਨੀ ਹੈ, ਕਿਸੇ ਦੀ ਨੂੰਹ, ਧੀ, ਭੈਣ, ਮਾਂ ਹੈ, ਪਰ ਆਪ ਉਹ ਕੀ ਹੈ?? ਕਿੱਥੇ ਹੈ ਉਸਦਾ ਆਪਣਾ ਨਿੱਜ?
99% ਔਰਤਾਂ ਨੇ ਆਪਣੇ ਆਪ ਨੂੰ ਸੋਹਣੀਆਂ ਅਤੇ ਜਵਾਨ ਲੱਗਣ ਲਈ ਜ਼ਰੂਰ ਕੋਸ਼ਿਸ਼ ਕੀਤੀ ਹੈ ਅਤੇ ਕਰਦੀਆਂ ਵੀ ਰਹਿੰਦੀਆਂ ਹਨ ਪਰ ਅਸਿੱਧੇ ਤੌਰ ’ਤੇ ਇਹ ਵੀ ਉਸਦੇ ਆਪਣੇ ਲਈ ਨਹੀਂ ਹੈ। ਮਰਦ ਨੇ ਇੱਕ ਇਸੇ ਦੀ ਹੀ ਪ੍ਰਸ਼ੰਸਾ ਕੀਤੀ ਹੋਣ ਕਰਕੇ ਔਰਤ ਨੇ ਆਪਣੇ ਆਪ ਨੂੰ ਇਸ ਇੱਕ ਬਿਰਤੀ ਵਿੱਚ ਪੂਰਾ ਜਜ਼ਬ ਕਰ ਦਿੱਤਾ ਹੈ ਅਤੇ ਆਪਣੀ ਸਾਰੀ ਊਰਜਾ ਆਪਣੇ ਆਪ ਨੂੰ ਹੋਰ ਸੋਹਣਾ ਦਿਖਾਉਣ ਵਿੱਚ ਲਗਾ ਦਿੱਤਾ ਹੈ। ਇਸੇ ਲਈ ਅੱਜ ਬਿਊਟੀ ਪਾਰਲਰ ਹਰ ਛੋਟੇ ਤੋਂ ਛੋਟੇ ਪਿੰਡ ਵਿੱਚ ਵੀ ਖੁੱਲ੍ਹ ਗਏ ਹਨ। ਕਾਸਮੈਟਿਕਸ ਇੰਡਸਟਰੀ ਦਾ ਅਰਬਾਂ ਖਰਬਾਂ ਦਾ ਵਪਾਰ ਇਸ ਸੋਹਣੇ ਲੱਗਣ ਦੀ ਦੌੜ ਵਿੱਚੋਂ ਨਿਕਲਿਆ ਹੈ। ਪਰ ਕੀ ਇਸ ਨਾਲ ਉਹ ਆਪਣੀ ਪਛਾਣ ਬਣਾ ਸਕੀ ਹੈ? ਕੀ ਉਸ ਦੇ ਸਵੈਮਾਣ ਵਿੱਚ ਵਾਧਾ ਹੋਇਆ ਹੈ? ਲੋੜ ਹੈ ਉਸ ਨੂੰ ਆਪਣੀਆਂ ਅੰਦਰੂਨੀ ਸ਼ਕਤੀਆਂ ਅਤੇ ਸਮਰੱਥਾਵਾਂ ਨੂੰ ਪਹਿਚਾਨਣ ਅਤੇ ਉਨ੍ਹਾਂ ਦਾ ਵਿਕਾਸ ਕਰਨ ਦੀ ਕਿਉਂਕਿ ਸੁਹੱਪਣ ਅਤੇ ਜਵਾਨੀ ਹਮੇਸ਼ਾ ਕਾਇਮ ਨਹੀਂ ਰੱਖੀਆਂ ਜਾ ਸਕਦੀਆਂ। ਸਮੇਂ ਦੀ ਤਬਦੀਲੀ ਨਾਲ ਇਸ ਗ੍ਰਾਫ ਦਾ ਹੇਠਾਂ ਨੂੰ ਜਾਣਾ ਯਕੀਨੀ ਹੈ। ਪਰ ਜੇ ਉਹਨਾਂ ਆਪਣੀ ਅੰਦਰੂਨੀ ਸੁੰਦਰਤਾ ਅਤੇ ਹੁਨਰ ਨੂੰ ਪਛਾਣ ਕੇ ਉਸ ਨੂੰ ਵਿਕਸਿਤ ਕੀਤਾ ਹੋਵੇ, ਤਾਂ ਇਹ ਸਦਾ ਰਹਿਣ ਵਾਲਾ ਗਹਿਣਾ ਹੈ।
ਜ਼ਰਾ ਨਜ਼ਰ ਮਾਰ ਕੇ ਵੇਖਣਾ ਕਿੰਨੀਆਂ ਕੁ ਔਰਤਾਂ ਹਨ ਜਿਹੜੀਆਂ ਕਿਸੇ ਕਲਾ ਨੂੰ ਸ਼ੌਕ ਨਾਲ ਨਿਭਾਉਂਦੀਆਂ ਹਨ। ਕਿੰਨੀਆਂ ਨੇ ਜੋ ਕਲਾਕਾਰ ਹਨ, ਲੇਖਕ ਹਨ, ਸੰਗੀਤਕਾਰ ਹਨ? ਭਾਵੇਂ ਸ਼ੌਕ ਨੂੰ ਕਿੱਤਾ ਵੀ ਬਣਾਇਆ ਜਾ ਸਕਦਾ ਹੈ ਪਰ ਸਿਰਜਣਾਤਮਿਕਤਾ ਅਤੇ ਸੁਹਜ ਤਾਂ ਪਹਿਲਾਂ ਸ਼ੌਕ ਅਤੇ ਲਗਨ ਵਿੱਚੋਂ ਹੀ ਨਿਕਲਣੇ ਹਨ। ਨੱਚਣਾ ਅਤੇ ਗਾਉਣਾ ਖਾਸ ਕਰਕੇ ਔਰਤਾਂ ਦਾ ਖੇਤਰ ਰਿਹਾ ਹੈ, ਪਰ ਅੱਜ ਦੇਖੋ ਤਾਂ ਕਿੰਨੀਆਂ ਔਰਤਾਂ ਨੂੰ ਕਿੰਨੇ ਗੀਤ ਯਾਦ ਹਨ? ਕਿਸੇ ਵਿਆਹ ਸ਼ਾਦੀ ’ਤੇ ਉਹ ਖੁਦ ਬੋਲੀਆਂ ਪਾ ਕੇ ਨੱਚ ਵੀ ਨਹੀਂ ਸਕਦੀਆਂ। ਗੀਤ ਡੀ. ਜੇ. ਵਿੱਚ ਚੱਲੇਗਾ ਤੇ ਉਹ ਆਪਣੇ ਕੱਪੜਿਆਂ ਅਤੇ ਗਹਿਣਿਆਂ ਰਾਹੀਂ ਸਿਰਫ ਆਪਣੇ ਸਰੀਰ ਦੀ ਨੁਮਾਇਸ਼ ਕਰਨ ਲਈ ਨੱਚਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਹਨ। ਮੈਂ ਮੁਆਫੀ ਚਾਹਾਂਗਾ, ਜੇ ਮੇਰੇ ਸ਼ਬਦਾਂ ਵਿੱਚ ਕਿਸੇ ਨੂੰ ਜ਼ਰਾ ਰੁੱਖਾਪਣ ਨਜ਼ਰ ਆਇਆ ਹੋਵੇ, ਪਰ ਮੇਰੀ ਭਾਵਨਾ ਨੂੰ ਸਮਝਣ ਦਾ ਯਤਨ ਕਰਨਾ।
ਕਿੰਨੀਆਂ ਹੀ ਕਲਾਵਾਂ ਅਤੇ ਹੁਨਰ ਹੋ ਸਕਦੇ ਹਨ, ਜਿਨ੍ਹਾਂ ਵਿੱਚ ਔਰਤ ਮਾਹਰ ਹੋ ਸਕਦੀ ਹੈ। ਪੁਰਾਣੇ ਸਮੇਂ ਵਿੱਚ ਖਾਣਾ ਬਣਾਉਣ ਅਤੇ ਸਿਊਣ ਸਿਲਾਈ ਆਦਿ ਵਰਗੇ ਕੰਮ ਹੀ ਮੁੱਖ ਸਨ। ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ, ਗੱਲ ਤਾਂ ਉਸ ਵਿੱਚ ਮਾਹਰ ਹੋਣ ਦੀ, ਉਸ ਨੂੰ ਇੱਕ ਵੱਖਰੇ ਕਲਾਤਮਕ ਢੰਗ ਨਾਲ ਕਰਨ ਦੀ ਅਤੇ ਉਸ ਵਿੱਚੋਂ ਆਪਣੀ ਪਛਾਣ ਬਣਾ ਲੈਣ ਦੀ ਹੁੰਦੀ ਹੈ। ਕੁਝ ਸਾਲ ਪਿੱਛੇ ਚੱਲੀਏ ਤਾਂ ਲੜਕੀਆਂ ਅਤੇ ਔਰਤਾਂ ਕਢਾਈ ਕਰਨ ਵਿੱਚ, ਬੁਣ ਬੁਣਾਈ ਕਰਨ ਵਿੱਚ, ਦਰੀਆਂ ਬੁਣਨ ਵਿੱਚ ਮਾਹਰ ਹੁੰਦੀਆਂ ਸਨ ਅਤੇ ਇਨ੍ਹਾਂ ਰਾਹੀਂ ਆਪਣੀ ਅੰਦਰਲੀ ਪ੍ਰਤਿਭਾ ਨੂੰ ਬਾਹਰ ਕੱਢਦੀਆਂ ਸਨ। ਅੱਜ ਇਹ ਕੰਮ ਮਸ਼ੀਨਾਂ ਨੇ ਸੰਭਾਲ ਲਏ ਹਨ। ਹੱਥੀਂ ਕੀਤੇ ਕੰਮ ਨੂੰ ਅੱਜ ਵੀ ਸਵੀਕ੍ਰਿਤੀ ਅਤੇ ਪ੍ਰਸ਼ੰਸਾ ਮਿਲਦੀ ਹੈ। ਸੋਹਣੀ ਲਿਖਾਈ ਵਿੱਚ ਲਿਖੇ ਅੱਖਰ ਕਿਸ ਨੂੰ ਨਹੀਂ ਮੋਂਹਦੇ? ਦਿਲਕਸ਼ ਆਵਾਜ਼ ਵਿੱਚ ਕੋਈ ਗਾਵੇ ਤਾਂ ਬਿਨਾਂ ਸਾਜਾਂ ਤੋਂ ਵੀ ਸਰੋਤੇ ਨੂੰ ਕੀਲਣ ਦੀ ਤਾਕਤ ਰੱਖਦਾ ਹੈ। ਖਾਸ ਮਿੱਠੇ ਅੰਦਾਜ਼ ਵਿੱਚ ਬੋਲਣਾ, ਦੂਸਰੇ ਦਾ ਸਵਾਗਤ ਕਰਨਾ, ਖੂਬਸੂਰਤ ਮੁਸਕਰਾਹਟ ਵੀ ਇੱਕ ਵੱਖਰੀ ਪਛਾਣ ਬਣ ਸਕਦੀ ਹੈ। ਕਿਸੇ ਵੀ ਸ਼ੌਕ ਨੂੰ, ਕਿੱਤੇ ਨੂੰ ਇੱਕ ਵੱਖਰੇ ਅਤੇ ਖੂਬਸੂਰਤ ਅੰਦਾਜ਼ ਵਿੱਚ ਕੀਤੇ ਜਾਣ ਨਾਲ ਉਸ ਵਿੱਚ ਮੁਹਾਰਤ ਬਣੇਗੀ ਅਤੇ ਉਹ ਉਸ ਦੀ ਮਾਲਕਣ ਦੇ ਨਾਮ ਨਾਲ ਜੁੜ ਜਾਏਗੀ। ਇਹ ਮੁਹਾਰਤ, ਇਹ ਕਲਾ ਹੀ ਔਰਤ ਨੂੰ ਆਪਣੇ ਪਰਿਵਾਰ ਵਿੱਚ, ਆਪਣੇ ਮੁਹੱਲੇ ਵਿੱਚ, ਪਿੰਡ ਵਿੱਚ ਅਤੇ ਸਮੂਹ ਸਮਾਜ ਵਿੱਚ ਮਾਣ ਸਨਮਾਨ ਦਾ ਕਾਰਨ ਬਣੇਗੀ। ਬਾਹਰੋਂ ਮਿਲਦੀ ਪ੍ਰਸ਼ੰਸਾ ਅਤੇ ਮਾਣ ਨਾਲ ਪਰਿਵਾਰ ਦੇ ਮੈਂਬਰ ਵੀ ਖੁਸ਼ੀ ਅਤੇ ਚਾਅ ਨਾਲ ਭਰ ਜਾਣਗੇ ਅਤੇ ਔਰਤ ਨੂੰ ਉਸ ਕਲਾ ਲਈ ਵੱਧ ਸਮਾਂ ਦੇਣਗੇ ਅਤੇ ਲੋੜ ਪਈ ਤਾਂ ਖਰਚ ਵੀ ਕਰਨਗੇ। ਉਹ ਇਸ ਸ਼ੌਕ ਨੂੰ ਕਿੱਤਾ ਵੀ ਬਣਾ ਸਕਦੀ ਹੈ ਅਤੇ ਹੋਰਾਂ ਨੂੰ ਸਿਖਾ ਵੀ ਸਕਦੀ ਹੈ। ਹੋਰ ਵੱਡੇ ਪੱਧਰ ’ਤੇ ਇਹ ਇੱਕ ਉੱਦਮ ਦਾ ਰੂਪ ਵੀ ਧਾਰਨ ਕਰ ਸਕਦਾ ਹੈ। ਆਰਥਿਕ ਲਾਭ ਨੂੰ ਇੱਕ ਪਾਸੇ ਰੱਖੀਏ, ਔਰਤ ਦੀ ਆਪਣੀ ਹੋਂਦ ਅਤੇ ਪਛਾਣ ਲਈ ਇਹ ਬਹੁਤ ਮਦਦਗਾਰ ਹੋਏਗਾ। ਇਸ ਨਾਲ ਸਮਾਜਿਕ ਸੰਬੰਧ ਵੀ ਸੁਧਰਨਗੇ, ਅਤੇ ਬੱਚਿਆਂ ’ਤੇ ਵੀ ਬਹੁਤ ਵਧੀਆ ਪ੍ਰਭਾਵ ਪਵੇਗਾ। ਖਾਸ ਗੱਲ ਕਿ ਸਮੇਂ ਦੇ ਬੀਤਣ ਨਾਲ ਇਸ ਵਿੱਚ ਵਿਕਾਸ ਹੀ ਹੋਏਗਾ। ਵਧਦੀ ਉਮਰ, ਘਟਦੇ ਰੁਝੇਵੇਂ, ਢਿੱਲੀ ਸਿਹਤ, ਇੱਕਲਾਪਣ, ਕੋਈ ਵੀ ਅਜਿਹੀ ਅਲਾਮਤ ਉਸ ਦੇ ਮਨ ਦੀ ਚੜ੍ਹਦੀ ਕਲਾ ਨੂੰ ਨਹੀਂ ਡੇਗ ਸਕੇਗੀ, ਕਿਉਂਕਿ ਹੁਣ ਉਹ ਖੁਦ ਸਿਰਜਣਹਾਰ ਹੋ ਗਈ ਹੈ। ਉਹ ਸਿਰਫ ਹੱਡ ਮਾਸ ਦੀ ਪੁਤਲੀ ਹੀ ਨਹੀਂ ਰਹੀ, ਉਸਦੀ ਕਲਾ ਨੇ ਉਸ ਨੂੰ ਇੱਕ ਸਦੀਵੀ ਜ਼ਿੰਦਗੀ ਬਖਸ਼ ਦਿੱਤੀ ਹੈ।
ਅੱਜ ਤੋਂ ਹੀ ਕਾਇਮ ਹੋਵੋ, ਆਪਣੀ ਸਮਰੱਥਾ ਨੂੰ ਪਹਿਚਾਣੋ, ਲੱਭੋ ਤੁਹਾਡੇ ਅੰਦਰ, ਧੁਰ ਅੰਦਰ ਕੌਣ ਛੁਪ ਕੇ ਬੈਠਾ ਹੈ? ਇੱਕ ਕਲਾਕਾਰ, ਇੱਕ ਗਾਇਕ, ਇੱਕ ਚਿੱਤਰਕਾਰ, ਇੱਕ ਸੰਗੀਤਕਾਰ, ਇੱਕ ਲੇਖਕ, ਇੱਕ ਬੁਲਾਰਾ, ਇੱਕ ਕੌਂਸਲਰ, ਇੱਕ ਸੇਵਕ? ਉਸ ਨੂੰ ਬਾਹਰ ਕੱਢੋ, ਵਿਕਸਿਤ ਹੋਣ ਦਿਓ, ਬਾਹਰਲੇ ਮੇਕ ਅੱਪ ਫਿੱਕੇ ਪੈ ਜਾਣਗੇ। ਹੁਨਰ ਅਤੇ ਕਿਰਤ ਦਾ ਮਜੀਠਾ ਰੰਗ ਆਪਣੀ ਆਭਾ ਖਿਲਾਰੇਗਾ ਅਤੇ ਆਪਣੇ ਚੁਫੇਰੇ ਨੂੰ ਮਹਿਕਾ ਦੇਵੇਗਾ। ਮੈਂ ਸਮੂਹ ਔਰਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਆਪਣੀ ਕਸਤੂਰੀ ਨੂੰ ਪਹਿਚਾਨਣ। ਮੇਰਾ ਵਿਸ਼ਵਾਸ ਹੈ ਕਿ ਇਸ ਮਹਿਕ ਰੱਤੀ ਔਰਤ ਨੂੰ ਕਦੇ ਵੀ ਕਿਸੇ ਵਿਤਕਰੇ ਦੀ ਸ਼ਿਕਾਰ ਨਹੀਂ ਹੋਣਾ ਪਵੇਗਾ। ਉਸ ਨੂੰ ਔਰਤ ਹੋਣ ’ਤੇ ਝੂਰਨਾ ਨਹੀਂ ਪਏਗਾ, ਸਗੋਂ ਉਹ ਆਪਣੇ ਨਾਰੀਤਵ ’ਤੇ ਮਾਣ ਮਹਿਸੂਸ ਕਰੇਗੀ ਕਿਉਂਕਿ ਹੁਣ ਉਸਨੇ ਜੋ ਕੁਝ ਸਿਰਜਿਆ ਹੈ, ਨਿਰੋਲ ਉਸਦਾ ਆਪਣਾ ਹੈ ਅਤੇ ਉਸਦੇ ਅੰਦਰ ਜਿਊਂਦਾ ਹੈ। ਇਹ ਉਸਦੇ ਸਾਹਾਂ ਵਿੱਚ ਧੜਕਦਾ ਹੋਇਆ ਉਸ ਨੂੰ ਇੱਕ ਨਵਾਂ ਜੀਵਨ ਪ੍ਰਦਾਨ ਕਰੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5158)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.