“ਉਹ ਮੇਰੀ ਮੰਜੀ ’ਤੇ ਮੇਰੇ ਕੋਲ ਹੀ ਬੈਠ ਗਈ ਅਤੇ ਆਪਣੀ ਵੱਲੋਂ ਉਡੀਕ ਕਰਨ ਲੱਗੀ ਕਿ ਹੋਰ ਪੰਜ ਦਸ ਮਿੰਟ ਵਿੱਚ ...”
(30 ਜਨਵਰੀ 2024)
ਇਸ ਸਮੇਂ ਪਾਠਕ: 458.
ਇਹ ਗੱਲ ਪੈਂਤੀ ਕੁ ਵਰ੍ਹੇ ਪੁਰਾਣੀ ਹੈ। ਮੈਨੂੰ ਸਰਕਾਰੀ ਨੌਕਰੀ ’ਤੇ ਲੱਗੇ ਨੂੰ ਅਜੇ ਬਹੁਤੀ ਦੇਰ ਨਹੀਂ ਸੀ ਹੋਈ। ਮੇਰਾ ਆਪਣਾ ਪਿੰਡ ਫਰਜੁੱਲਾਪੁਰ ਏ, ਜਿਹੜਾ ਪਹਿਲਾਂ ਪਟਿਆਲੇ ਜ਼ਿਲ੍ਹੇ ਵਿੱਚ ਸੀ ਅਤੇ ਅੱਜ ਕੱਲ੍ਹ ਫਤਹਿਗੜ੍ਹ ਜ਼ਿਲ੍ਹੇ ਵਿੱਚ ਪੈਂਦਾ ਹੈ। ਇੱਥੇ ਹੀ ਸਾਡੀ ਰਿਹਾਇਸ਼ ਸੀ ਉਦੋਂ। ਮੈਂ ਬੀ.ਐੱਡ ਕਰਨ ਤੋਂ ਜਲਦੀ ਬਾਅਦ ਹੀ ਸਾਇੰਸ-ਮਾਸਟਰ ਦੀ ਸਰਕਾਰੀ ਨੌਕਰੀ ’ਤੇ ਨਿਯੁਕਤ ਹੋ ਗਿਆ ਸੀ। ਪਰ ਮੈਨੂੰ ਨੌਕਰੀ ਸਮਾਣੇ ਅਤੇ ਪਾਤੜਾਂ ਦੇ ਅੱਧ ਜਿਹੇ ਵਿੱਚ ਪੈਂਦੇ ਪਟਿਆਲੇ ਜ਼ਿਲ੍ਹੇ ਦੇ ਪਿੰਡ ਕਕਰਾਲੇ ਵਿਖੇ ਮਿਲੀ ਸੀ। ਪਿੰਡੋਂ ਹਰ ਰੋਜ਼ ਜਾਣਾ ਆਉਣਾ ਸੰਭਵ ਨਹੀਂ ਸੀ। ਵੱਖ ਵੱਖ ਬੱਸਾਂ ਬਦਲਕੇ ਸਕੂਲ ਪਹੁੰਚਦਿਆਂ ਲਗਭਗ ਤਿੰਨ ਘੰਟੇ ਲੱਗ ਜਾਂਦੇ ਸਨ। ਹੋਰ ਕੋਈ ਹੱਲ ਨਾ ਹੋਣ ਕਰਕੇ ਮੈਂ ਕਕਰਾਲੇ ਪਿੰਡ ਵਿਖੇ ਹੀ ਰਿਹਾਇਸ਼ ਰੱਖ ਲਈ। ਮੇਰੇ ਇੱਕ ਵਿਦਿਆਰਥੀ ਨੇ ਕਮਰੇ ਦਾ ਪ੍ਰਬੰਧ ਕਰ ਦਿੱਤਾ ਅਤੇ ਰੋਟੀ ਆਦਿ ਵੀ ਉਹਨਾਂ ਦੇ ਘਰੋਂ ਹੀ ਆ ਜਾਂਦੀ। ਬਦਲੇ ਵਿੱਚ ਮੈਂ ਉਸ ਵਿਦਿਆਰਥੀ ਨੂੰ ਪੜ੍ਹਾਉਣਾ ਹੁੰਦਾ ਸੀ, ਜਿਹੜਾ ਕੰਮ ਮੈਂ ਖੁਸ਼ੀ ਨਾਲ ਕਰ ਲੈਂਦਾ ਸੀ। ਮੈਂ ਹਰ ਸਨਿੱਚਰਵਾਰ ਡਿਊਟੀ ਤੋਂ ਬਾਅਦ ਪਿੰਡ ਆ ਜਾਇਆ ਕਰਦਾ ਸੀ ਅਤੇ ਸੋਮਵਾਰ ਸਵੇਰੇ ਹੀ ਘਰੋਂ ਡਿਊਟੀ ’ਤੇ ਚੱਲ ਪੈਂਦਾ ਸੀ। ਸਨਿੱਚਰਵਾਰ ਨੂੰ ਕੁਝ ਪਹਿਲਾਂ ਆ ਜਾਣਾ ਅਤੇ ਸੋਮਵਾਰ ਨੂੰ ਕੁਝ ਲੇਟ ਹੋ ਜਾਣਾ ਮੇਰੇ ਸਕੂਲ ਨੇ ਪ੍ਰਵਾਨ ਕਰ ਲਿਆ ਸੀ, ਸ਼ਾਇਦ ਮੇਰੀ ਦੂਰੀ, ਮਜਬੂਰੀ ਅਤੇ ਕੰਮ ਵਿੱਚ ਮੇਰੀ ਸਮਰਪਣ ਭਾਵਨਾ ਦੇਖ ਕੇ।
ਉਸ ਦਿਨ ਸਨਿੱਚਰਵਾਰ ਸੀ ਅਤੇ ਹਰ ਸਨਿੱਚਰਵਾਰ ਵਾਂਗ ਮੈਂ ਪਿੰਡ ਲਈ ਚੱਲ ਪਿਆ ਅਤੇ ਚਾਰ, ਸਾਢੇ ਚਾਰ ਵਜੇ ਘਰ ਆ ਗਿਆ। ਉਹਨੀਂ ਦਿਨੀਂ ਮੈਂ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦਾ ਸੀ। ਭਾਵੇਂ ਮੈਂ ਅੰਮ੍ਰਿਤ ਅਜੇ ਨਹੀਂ ਸੀ ਛਕਿਆ, ਪਰ ਬਾਣੀ ਨਾਲ ਜ਼ਰੂਰ ਜੁੜਿਆ ਹੋਇਆ ਸੀ। ਸਾਡੇ ਘਰ ਦਾ ਮਾਹੌਲ ਸ਼ੁਰੂ ਤੋਂ ਹੀ ਧਾਰਮਿਕ ਸੀ ਅਤੇ ਇਹ ਬਿਰਤੀ ਮੈਨੂੰ ਆਪਣੇ ਮਾਂ-ਬਾਪ ਤੋਂ ਵਿਰਸੇ ਵਿੱਚ ਹੀ ਮਿਲੀ ਸੀ। ਮੈਂ ਸੋਚਿਆ ਕਿ ਸਭ ਤੋਂ ਪਹਿਲਾਂ ਪਾਠ ਕਰ ਲਵਾਂ ਕਿਉਂਕਿ ਸ਼ਾਮ ਨੂੰ ਮੈਂ ਬੱਚਿਆਂ ਨਾਲ ਖੇਡਣਾ ਅਤੇ ਗੱਲਾਂ ਕਰਨੀਆਂ ਹੁੰਦੀਆਂ ਸਨ। ਮੇਰੀ ਬੱਚਿਆਂ ਨਾਲ ਸ਼ੁਰੂ ਤੋਂ ਹੀ ਬਹੁਤ ਸਾਂਝ ਸੀ ਅਤੇ ਬੱਚੇ ਵੀ ਮੈਨੂੰ ਬਹੁਤ ਪਿਆਰ-ਸਤਿਕਾਰ ਦਿੰਦੇ ਸਨ। ਹਰ ਰੋਜ਼ ਸ਼ਾਮ ਨੂੰ ਬੱਚੇ ਮੇਰੇ ਕੋਲ ਆ ਜਾਂਦੇ ਸਨ। ਇਹਨਾਂ ਬੱਚਿਆਂ ਵਿੱਚ ਮੇਰੇ ਭਤੀਜੇ ਭਤੀਜੀਆਂ, ਛੁੱਟੀਆਂ ਕੱਟਣ ਆਏ ਭਾਣਜੇ-ਭਾਣਜੀਆਂ, ਮੇਰੇ ਗੁਆਂਢੀਆਂ ਦੇ ਬੱਚੇ ਅਤੇ ਇਹਨਾਂ ਬੱਚਿਆਂ ਦੇ ਮੇਰੇ ਹੀ ਪਿੰਡ ਦੇ ਦੋਸਤ-ਸਹੇਲੀਆਂ ਆਦਿ ਸ਼ਾਮਿਲ ਹੁੰਦੇ ਸਨ। ਮੈਂ ਉਹਨਾਂ ਦਾ ਟਾਈਮ-ਟੇਬਲ ਬਣਾ ਰੱਖਦਾ ਸੀ। ਉਨ੍ਹਾਂ ਦਾ ਕੁਝ ਸਮਾਂ ਆਪੋ ਆਪਣਾ ਸਕੂਲ ਦਾ ਕੰਮ ਨਿਪਟਾਉਣ ਵਿੱਚ ਲਗਦਾ ਸੀ, ਇਸ ਸਮੇਂ ਮੈਂ ਕੋਈ ਸਾਹਿਤਿਕ ਪੁਸਤਕ ਪੜ੍ਹ ਰਿਹਾ ਹੁੰਦਾ। ਵਿੱਚ-ਵਿੱਚ ਬੱਚਿਆਂ ਦੀਆਂ ਮੁਸ਼ਕਿਲਾਂ ਹੱਲ ਕਰਦਾ ਰਹਿੰਦਾ। ਉਪਰੰਤ ਸਾਰੇ ਬੱਚੇ ਪਹਿਲਾਂ ਕੋਈ ਸਾਂਝੀ ਖੇਡ ਖੇਡਦੇ, ਜਿਸ ਵਿੱਚ ਕਦੇ ਛੂਹਣ, ਕਦੇ ਬਾਂਦਰ-ਕੀਲਾ, ਕਦੇ ਖੂੰਡੀ-ਖਿੱਦੋ, ਕਦੀ ਪੀਚੋ ਆਦਿ ਪੁਰਾਤਨ ਖੇਡਾਂ ਹੁੰਦੀਆਂ ਸਨ। ਮੈਂ ਆਪ ਪੂਰੇ ਉਤਸ਼ਾਹ ਨਾਲ ਇਹ ਖੇਡਾਂ ਖੇਡਦਾ ਸੀ। ਬਾਅਦ ਵਿੱਚ ਇੱਕ ਮਹਿਫਲ ਲਗਦੀ ਸੀ ਜਿਸਦਾ ਨਾਂ ਅਸੀਂ ਕਵੀ-ਦਰਬਾਰ ਰੱਖਿਆ ਹੋਇਆ ਸੀ। ਇਸ ਵਿੱਚ ਹਰੇਕ ਬੱਚੇ ਨੇ ਕੁਝ ਨਾ ਕੁਝ ਸੁਣਾਉਣਾ ਹੁੰਦਾ ਸੀ, ਕਵਿਤਾ, ਗੀਤ, ਕਹਾਣੀ, ਚੁਟਕਲੇ ਆਦਿ ਸਭ ਇਸ ਵਿੱਚ ਪ੍ਰਵਾਨਿਤ ਸਨ। ਸਾਰੇ ਬੱਚਿਆਂ ਨੂੰ ਮੇਰੇ ਸੁਭਾਅ ਦਾ ਪਤਾ ਸੀ ਅਤੇ ਇਸ ਲਈ ਸੁਣਾਏ ਜਾਣ ਵਾਲੇ ਗੀਤ ਕਵਿਤਾਵਾਂ ਆਦਿ ਦਾ ਮਿਆਰ ਵਧੀਆ ਹੁੰਦਾ ਸੀ। ਮੈਂ ਬੱਚਿਆਂ ਦੀ ਗੀਤ, ਕਵਿਤਾ ਲੱਭ ਕੇ ਦੇਣ ਵਿੱਚ ਵੀ ਮਦਦ ਕਰ ਦਿਆ ਕਰਦਾ ਸੀ। ਅੱਗੇ ਇਹ ਕੰਮ ਹਰ ਰੋਜ਼ ਹੁੰਦਾ ਸੀ, ਪਰ ਮੇਰੇ ਨੌਕਰੀ ਲੱਗਣ ਕਾਰਨ ਹੁਣ ਇਹ ਹਫਤੇ ਬਾਅਦ ਹੋ ਗਿਆ ਸੀ। ਬੱਚੇ ਵੀ ਹਰ ਹਫਤੇ ਮੇਰੀ ਉਡੀਕ ਕਰਦੇ ਹੁੰਦੇ ਅਤੇ ਮੈਨੂੰ ਵੀ ਉਹਨਾਂ ਨਾਲ ਮਿਲਣ ਅਤੇ ਖੇਡਣ ਦੀ ਤਾਂਘ ਲੱਗੀ ਰਹਿੰਦੀ ਸੀ।
ਇਸੇ ਲਈ ਅੱਜ ਮੈਂ ਸੁਖਮਨੀ ਸਾਹਿਬ ਦਾ ਪਾਠ ਪਹਿਲਾਂ ਕਰਨਾ ਠੀਕ ਸਮਝਿਆ। ਮੈਂ ਗੁਟਕਾ ਲੈ ਕੇ ਮੰਜੀ ’ਤੇ ਹੀ ਬੈਠ ਗਿਆ ਅਤੇ ਪਾਠ ਕਰਨ ਲੱਗ ਗਿਆ। ਅਜੇ ਦੋ ਤਿੰਨ ਅਸ਼ਟਪਦੀਆਂ ਹੀ ਪੜ੍ਹੀਆਂ ਹੋਣੀਆਂ ਨੇ ਕਿ ਮੇਰੀ 7 ਕੁ ਸਾਲਾਂ ਦੀ ਭਤੀਜੀ ਬਬਲੀ, ਜਿਸ ਨੂੰ ਮੇਰੇ ਘਰ ਆਉਣ ਦਾ ਪਤਾ ਲੱਗ ਪਿਆ ਸੀ, ਭੱਜੀ ਭੱਜੀ ਘਰ ਆਈ। ਮੈਨੂੰ ਪਾਠ ਕਰਦੇ ਨੂੰ ਦੇਖ ਕੇ ਉਸ ਦੀ ਤੇਜ਼ੀ ਅਤੇ ਉਤਸ਼ਾਹ ਇੱਕਦਮ ਮੱਠਾ ਪੈ ਗਿਆ ਅਤੇ ਉਸਨੇ ਉਸੇ ਤਰ੍ਹਾਂ ਹੀ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਮੈਂ ਪਾਠ ਕਰਦੇ ਨੇ ਹੀ ਸਿਰ ਝੁਕਾ ਕੇ ਉਸ ਦੀ ਫਤਹਿ ਦਾ ਜਵਾਬ ਦੇ ਦਿੱਤਾ। ਜੇ ਮੈਂ ਪਾਠ ਨਾ ਕਰਦਾ ਹੁੰਦਾ ਤਾਂ ਉਸਨੇ ਚਾਚਾ ਜੀ ਚਾਚਾ ਜੀ ਕਰਦੀ ਨੇ ਮੇਰੀ ਗੋਦੀ ਚੜ੍ਹ ਜਾਣਾ ਸੀ। ਅਸੀਂ ਬਹੁਤ ਸਾਰਾ ਲਾਡ ਕਰਨਾ ਸੀ ਅਤੇ ਕਿੰਨੀਆਂ ਹੀ ਗੱਲਾਂ ਮਾਰਨੀਆਂ ਸਨ। ਪਰ ਹੁਣ ਹਾਲਾਤ ਹੋਰ ਸੀ। ਉਹ ਮੇਰੀ ਮੰਜੀ ’ਤੇ ਮੇਰੇ ਕੋਲ ਹੀ ਬੈਠ ਗਈ ਅਤੇ ਆਪਣੀ ਵੱਲੋਂ ਉਡੀਕ ਕਰਨ ਲੱਗੀ ਕਿ ਹੋਰ ਪੰਜ ਦਸ ਮਿੰਟ ਵਿੱਚ ਮੈਂ ਪਾਠ ਤੋਂ ਉੱਠ ਖੜ੍ਹਾਂਗਾ ਅਤੇ ਉਸ ਨੂੰ ਮਿਲਾਂਗਾ। ਪਰ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ, ਜਿਸ ਲਈ ਮੈਨੂੰ ਪੂਰਾ ਇੱਕ ਘੰਟਾ ਲੱਗ ਜਾਂਦਾ ਸੀ। ਬਬਲੀ ਕੁਝ ਦੇਰ ਤਾਂ ਮੇਰੇ ਕੋਲ ਬੈਠੀ ਰਹੀ ਪਰ ਉਹ ਕਿੰਨੀ ਕੁ ਦੇਰ ਉਡੀਕ ਕਰ ਸਕਦੀ ਸੀ। ਮੈਂ ਪਾਠ ਵਿੱਚੋਂ ਛੱਡ ਕੇ ਉੱਠਣਾ ਠੀਕ ਨਹੀਂ ਸਮਝਿਆ ਅਤੇ ਪਾਠ ਜਾਰੀ ਰੱਖਿਆ। ਕੁਝ ਦੇਰ ਬਾਅਦ ਉਹ ਮਸੋਸੀ ਜਿਹੀ ਮੇਰੀ ਮੰਜੀ ਤੋਂ ਉੱਠ ਕੇ ਚਲੀ ਗਈ। ਮੇਰਾ ਮਨ ਵੀ ਹਿੱਲ ਚੁੱਕਾ ਸੀ ਅਤੇ ਮੇਰੇ ਜਜ਼ਬੇ ਵੀ ਉਸਦੇ ਜਜ਼ਬਿਆਂ ਨਾਲ ਮੇਲ ਖਾਂਦੇ ਹੋਏ ‘ਆਪਣੀ ਮਜਬੂਰੀ’ ਨੂੰ ਤੋਲ ਰਹੇ ਸਨ। ਮੈਂ ਪਾਠ ਕਰਦੇ ਨੇ ਹੀ ਉਸ ਨੂੰ ਬਾਹਰਲੇ ਦਰਵਾਜੇ ਵਿੱਚੋਂ ਜਾਂਦੀ ਨੂੰ ਦੇਖਿਆ। ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਜਿਸ ਭਗਵਾਨ ਨੂੰ ਯਾਦ ਕਰ ਰਿਹਾ ਸੀ, ਉਹ ਹੁਣੇ ਹੁਣੇ ਮੇਰੀ ਮੰਜੀ ਤੋਂ ਉੱਠ ਕੇ ਗਿਆ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4683)
(ਸਰੋਕਾਰ ਨਾਲ ਸੰਪਰਕ ਲਈ: (