“ਮੈਂ ਤੁਹਾਨੂੰ ਆਖਰੀ ਵਾਰ ਕਹਿ ਰਿਹਾ ਹਾਂ ਕਿ ਸਮਝ ਜਾਉ, ਨਹੀਂ ਫਿਰ ਸਮਝਾਉਣਾ ਤਾਂ ...”
(5 ਜੂਨ 2025)
ਕਈ ਵਾਰ ਅਚਨਚੇਤ ਬਹਾਰ ਦੇ ਆਏ ਬੁੱਲੇ ਵਾਂਗ ਮਨ ਮਸਤਕ ਵੱਲੋਂ ਸਾਂਭੀਆਂ ਯਾਦਾਂ ਵਿੱਚੋਂ ਕੋਈ ਯਾਦ ਕਿਰ ਕੇ ਤੁਹਾਡੇ ਚੇਤੇ ਵਿੱਚ ਆਣ ਖਲੋ ਜਾਂਦੀ ਹੈ। ਉਸ ਯਾਦ ਝਾਤ ਉੱਤੇ ਮਾਰਦਿਆਂ ਆਪਣੀ ਬੇਵਕੂਫੀ ਉੱਤੇ ਹਾਸਾ ਵੀ ਆਉਂਦਾ ਹੈ ਅਤੇ ਦੁੱਖ ਵੀ ਹੁੰਦਾ ਹੈ। ਗੱਲ ਅੱਜ ਤੋਂ ਪੰਜ ਦਹਾਕੇ ਪਹਿਲਾਂ ਉਸ ਸਮੇਂ ਦੀ ਹੈ ਜਦੋਂ ਮੈਂ ਸਾਡੇ ਪਿੰਡ ਤੋਂ ਚਾਰ ਕੁ ਕਿਲੋਮੀਟਰ ਦੂਰ ਪਿੰਡ ਚੰਦ ਨਵੇਂ ਦੇ ਹਾਈ ਸਕੂਲ ਵਿੱਚ ਪੜ੍ਹਦੀ ਸੀ। ਸਾਡੇ ਪਿੰਡ ਤੋਂ ਦਸ ਕੁ ਮੁੰਡੇ ਕੁੜੀਆਂ ਉਸ ਸਕੂਲ ਵਿੱਚ ਪੜ੍ਹਦੇ ਸਨ। ਸਾਰੇ ਪੈਦਲ ਮਾਰਚ ਕਰ ਕੇ ਸਕੂਲ ਜਾਂਦੇ ਸੀ ਕਿਉਂਕਿ ਉਹਨਾਂ ਸਮਿਆਂ ਵਿੱਚ ਬੱਚਿਆਂ ਨੂੰ ਸਾਈਕਲ ਲੈ ਕੇ ਦੇਣ ਦਾ ਰਿਵਾਜ਼ ਨਹੀਂ ਸੀ।
ਅਸੀਂ ਸਵੇਰ ਵੇਲੇ ਤਾਂ ਸਕੂਲ ਲੱਗ ਜਾਣ ਦੇ ਡਰੋਂ ਕਾਹਲ ਨਾਲ ਕੱਚੇ ਰਾਹ ਵਿੱਚ ਮਿੱਟੀ ਉਡਾਉਂਦੇ ਰਵਾਂ-ਰਵੀਂ ਤੁਰੇ ਜਾਂਦੇ ਪਰ ਛੁੱਟੀ ਤੋਂ ਬਾਅਦ ਘਰ ਨੂੰ ਮੁੜਦਿਆਂ ਕੋਈ ਕਾਹਲ ਨਾ ਹੁੰਦੀ। ਉਦੋਂ ਸਰਦੀ ਆਪਣਾ ਜਲਵਾ ਦਿਖਾ ਕੇ ਹੌਲੀ-ਹੌਲੀ ਵਾਪਸ ਜਾ ਰਹੀ ਸੀ। ਖੇਤਾਂ ਵਿੱਚ ਸਰ੍ਹੋਂ, ਛੋਲੇ ਅਤੇ ਕਣਕ ਪੱਕਣ ’ਤੇ ਆਏ ਹੋਏ ਸਨ। ਉਸ ਸਮੇਂ ਇਕੱਲੀ ਕਣਕ ਤਾਂ ਘੱਟ ਹੀ ਬੀਜੀ ਜਾਂਦੀ ਬਹੁਤਾ ਕਣਕ ਅਤੇ ਛੋਲੇ ਰਲਾਕੇ, ਜਿਸ ਨੂੰ ਵੇਝੜ (ਬੇਰੜਾ) ਕਹਿੰਦੇ ਸਨ ਬੀਜੇ ਜਾਂਦੇ। ਅਸੀਂ ਛੋਲੀਏ ਦੇ ਬੂਟੇ ਪੁੱਟ ਕੇ ਖਾਣ ਲੱਗਦੇ। ਜਦੋਂ ਉਹਨਾਂ ਨੂੰ ਖਾ ਹਟਦੇ ਤਾਂ ਹੱਥ ਫਿਰ ਵੀ ਨਿੱਚਲੇ ਨਾ ਰਹਿੰਦੇ। ਤੁਰੇ ਜਾਂਦੇ ਕਣਕ ਦੀ ਬੱਲੀ (ਸਿੱਟਾ) ਤੋੜਦੇ ਅਤੇ ਰਾਹ ਵਿੱਚ ਸੁੱਟ ਦਿੰਦੇ। ਉਸ ਸਮੇਂ ਸਾਨੂੰ ਕਦੇ ਲੱਗਿਆ ਹੀ ਨਹੀਂ ਸੀ ਕਿ ਅਣਜਾਣੇ ਵਿੱਚ ਅਸੀਂ ਕਿਸਾਨ ਦਾ ਨੁਕਸਾਨ ਕਰ ਰਹੇ ਹਾਂ।
ਇੱਕ ਦੋ ਵਾਰ ਸਾਨੂੰ ਬਾਬਾ ਮੱਘਰ ਸਿੰਘ (ਉਮਰ ਵਿੱਚ ਬਹੁਤਾ ਵੱਡਾ ਨਹੀਂ ਸੀ ਪਰ ਪਿੰਡ ਵਿੱਚ ਮੇਰੇ ਬਾਬਿਆਂ ਦੀ ਥਾਂ ਲਗਦਾ ਸੀ), ਜਿਸਦੇ ਰਾਹ ਨਾਲ ਸਭ ਤੋਂ ਜ਼ਿਆਦਾ ਖੇਤ ਲੱਗਦੇ ਸਨ, ਨੇ ਪਿਆਰ ਨਾਲ ਸਮਝਾਇਆ , “ਬੱਚਿਓ ਤੁਹਾਨੂੰ ਬੱਲੀਆਂ (ਸਿੱਟੇ) ਤੋੜਨ ਨਾਲ ਮਿਲਦਾ ਤਾਂ ਕੁਝ ਨਹੀਂ ਪਰ ਤੁਸੀਂ ਸਾਡਾ ਸਭ ਦਾ ਨੁਕਸਾਨ ਜ਼ਰੂਰ ਕਰ ਦਿੰਦੇ ਹੋ। ਇਸ ਲਈ ਬੀਬੇ ਬੱਚੇ ਬਣ ਕੇ ਆਪਣੀ ਇਸ ਮਾੜੀ ਆਦਤ ’ਤੇ ਕਾਬੂ ਪਾਉ। ਹਾਂ, ਆਹ ਛੋਲੀਏ ਦੇ ਬੂਟੇ ਖਾਣ ਲਈ ਲੋੜ ਅਨੁਸਾਰ ਪੁੱਟ ਕੇ ਖਾ ਲਿਆ ਕਰੋ ਪਰ ਯਾਦ ਰੱਖਿਓ, ਇਹ ਵੀ ਖਾਣ ਲਈ ਹੀ ਪੁੱਟਣੇ ਹਨ, ਖਰਾਬ ਨਹੀਂ ਕਰਨੇ ਹਨ।”
ਇੱਕ ਦੋ ਦਿਨ ਜ਼ਰੂਰ ਬਾਬੇ ਦੀਆਂ ਗੱਲਾਂ ਦਾ ਸਾਡੇ ਮਨਾਂ ਉੱਤੇ ਅਸਰ ਰਿਹਾ, ਅਸੀਂ ਫਿਰ ਉਹਨਾਂ ਲੱਛਣਾਂ ’ਤੇ ਆ ਗਏ। ਬਾਬੇ ਨੇ ਸਾਨੂੰ ਸਬਕ ਸਿਖਾਉਣ ਦੀ ਠਾਣ ਲਈ। ਉਸ ਨੇ ਦੋ ਤਿੰਨ ਦਿਨਾਂ ਵਿੱਚ ਸਾਰੀਆਂ ਬੱਲੀਆਂ ਇਕੱਠੀਆਂ ਕਰ ਕੇ ਝੋਲੇ ਵਿੱਚ ਪਾ ਲਈਆਂ। ਇੱਕ ਦਿਨ ਸਾਡੇ ਸਕੂਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਹ ਸਕੂਲ ਪਹੁੰਚ ਗਏ।
ਜਦੋਂ ਸਵੇਰ ਦੀ ਸਭਾ ਸ਼ੁਰੂ ਹੋਣ ਲੱਗੀ ਤਾਂ ਬਾਕੀ ਸਾਰੇ ਅਧਿਆਪਕ ਸਾਹਿਬਾਨ ਦੇ ਨਾਲ ਮੁੱਖ ਅਧਿਆਪਕ ਸਾਹਿਬਾਨ ਵੀ ਸਭਾ ਵਿੱਚ ਪਹੁੰਚ ਗਏ। ਆਮ ਤੌਰ ’ਤੇ ਉਹ ਸਭਾ ਵਿੱਚ ਘੱਟ ਹੀ ਆਉਂਦੇ ਸਨ। ਉਹ ਉਸ ਸਮੇਂ ਸਕੂਲ ਦੇ ਆਲੇ ਦੁਆਲੇ ਦਾ ਨਿਰੀਖਣ ਕਰਦੇ ਸਨ। ਇੱਕ ਵਾਰ ਸਾਰਿਆਂ ਨੂੰ ਹੈਰਾਨੀ ਤਾਂ ਹੋਈ ਪਰ ਸਾਨੂੰ ਤਾਂ ਯਾਦ ਚੇਤੇ ਵੀ ਨਹੀਂ ਸੀ ਕਿ ਅੱਜ ਸਾਡੀ ਸ਼ਾਮਤ ਆਉਣ ਵਾਲੀ ਹੈ। ਜਦੋਂ ਸਭਾ ਖ਼ਤਮ ਹੋਈ ਤਾਂ ਮੁੱਖ ਅਧਿਆਪਕ ਸਾਹਿਬਾਨ ਬੋਲੇ, “ਬਾਕੀ ਸਾਰੇ ਵਿਦਿਆਰਥੀ ਆਪੋ ਆਪਣੀਆਂ ਜਮਾਤਾਂ ਵਿੱਚ ਚਲੇ ਜਾਣ ਪਰ ਚੋਟੀਆਂ ਅਤੇ ਜੈ ਸਿੰਘ ਵਾਲੇ ਵਿਦਿਆਰਥੀ ਆਪਣੀ ਆਪਣੀ ਥਾਂਵਾਂ ’ਤੇ ਖੜ੍ਹੇ ਰਹਿਣ।”
ਸਾਡੇ ਚਿਹਰਿਆਂ ’ਤੇ ਡਰ ਦੇ ਨਿਸ਼ਾਨ ਕੋਈ ਵੀ ਤਕ ਸਕਦਾ ਸੀ। ਮੁੱਖ ਅਧਿਆਪਕ ਸਾਹਿਬਾਨ ਨੇ ਚਪੜਾਸੀ ਨੂੰ ਕਿਹਾ ਕਿ ਜਾ ਕੇ ਦਫਤਰ ਵਿੱਚ ਬੈਠੇ ਸਰਦਾਰ ਜੀ ਨੂੰ ਬੁਲਾ ਕੇ ਲਿਆ। ਬਾਬਾ ਜੀ ਆਏ ਤੇ ਉਹਨਾਂ ਨੇ ਬੱਲੀਆਂ ਵਾਲਾ ਝੋਲਾ ਉੱਥੇ ਲਿਆ ਕੇ ਢੇਰੀ ਕਰ ਦਿੱਤਾ। ਮੁੱਖ ਅਧਿਆਪਕ ਜੀ ਨੇ ਕਿਹਾ, “ਇਹ ਸਭ ਤੁਸੀਂ ਤੋੜ ਕੇ ਸੁੱਟੀਆਂ ਹਨ ਨਾ?”
ਅਸੀਂ ਨੀਵੀਂਆਂ ਪਾ ਲਈਆਂ।
“ਤੁਹਾਨੂੰ ਪਤਾ ਨਹੀਂ ਕਿ ਇੱਕ ਦਾਣੇ ਤੋਂ ਬੱਲੀਆਂ ਪੈਦਾ ਕਰਨ ਤਕ ਕਿਸਾਨ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ? ਕਿੰਨਾ ਮੁੜ੍ਹਕਾ ਵਹਾਉਣਾ ਪੈਂਦਾ ਹੈ? ਕੱਕਰ ਵਰਗੀਆਂ ਠੰਢੀਆਂ ਰਾਤਾਂ ਆਪਣੇ ਪਿੰਡੇ ਉੱਤੇ ਝੱਲ ਕੇ ਫਿਰ ਕਿਤੇ ਚਾਰ ਮਣ ਦਾਣੇ ਦੇਖਣੇ ਨਸੀਬ ਹੁੰਦੇ ਹਨ। ਉਸ ਦੀ ਮਿਹਨਤ ਨੂੰ ਤੁਸੀਂ ਤੁਰੇ ਜਾਂਦੇ ਬਰਬਾਦ ਕਰ ਦਿੰਦੇ ਐਂ। ਤੁਹਾਡੇ ਮਾਪੇ ਆਪ ਪਾਟੇ ਪੁਰਾਣੇ ਪਾ ਕੇ ਵੀ ਆਹ ਜਿਹੜੀਆਂ ਸਾਫ਼ ਸੁਥਰੀਆਂ ਵਰਦੀਆਂ ਪੁਆ ਕੇ ਤੁਹਾਨੂੰ ਸਕੂਲ ਘੱਲਦੇ ਹਨ, ਉਨ੍ਹਾਂ ਪਿੱਛੇ ਉਹਨਾਂ ਨੂੰ ਕਿੰਨੇ ਜੋੜ ਤੋੜ ਕਰਨੇ ਪੈਂਦੇ ਹਨ, ਉਨ੍ਹਾਂ ਦੀ ਕਿੰਨੀ ਮਿਹਨਤ ਲੁਕੀ ਹੁੰਦੀ ਹੈ, ਕਦੇ ਇਸ ਬਾਰੇ ਸੋਚਿਆ ਹੈ? ਮੈਂ ਤੁਹਾਨੂੰ ਆਖਰੀ ਵਾਰ ਕਹਿ ਰਿਹਾ ਹਾਂ ਕਿ ਸਮਝ ਜਾਉ, ਨਹੀਂ ਫਿਰ ਸਮਝਾਉਣਾ ਤਾਂ ਮੈਂਨੂੰ ਆਉਂਦਾ ਐ ...।”
ਅਸੀਂ ਪਛਤਾ ਰਹੇ ਸੀ। ਸਭ ਨੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ। ਸਾਨੂੰ ਪਤਾ ਸੀ ਕਿ ਜੇ ਮੁੜ ਕੇ ਅਜਿਹਾ ਕੀਤਾ ਤਾਂ ਉਹ ਸਾਡੀ ਚੰਗੀ ਛਿੱਤਰ ਪਰੇਡ ਕਰਨਗੇ।
ਮੁੜ ਅਸੀਂ ਉਹ ਗਲਤੀ ਭੁੱਲ ਕੇ ਵੀ ਨਾ ਦੁਹਰਾਈ। ਮੁੱਖ ਅਧਿਆਪਕ ਜੀ ਨੇ ਸਾਨੂੰ ਕਿਸਾਨ ਦੀ ਹਾਲਤ ਬਾਰੇ ਕਿਸੇ ਕਵੀ ਦੀ ਲਿਖੀ ਇੱਕ ਕਵਿਤਾ ਵੀ ਸੁਣਾਈ, ਜਿਸਦੀਆਂ ਕੁਝ ਸਤਰਾਂ ਮੇਰੇ ਚੇਤਿਆਂ ਵਿੱਚ ਹੁਣ ਤਕ ਵਸੀਆਂ ਹੋਈਆਂ ਹਨ:
ਮੈਂ ਖੇਤਾਂ ਦਾ ਵਾਹੀਵਾਨ, ਕਿਸਾਨ ਬੋਲਦਾ।
ਮੈਂ ਮਿੱਟੀ ਦਾ ਜਾਇਆ, ਸੀਨਾ ਤਾਣ ਬੋਲਦਾ।
ਮੁੜ੍ਹਕਾ ਡੋਲ੍ਹ ਕੇ, ਬੰਜਰ ਨੂੰ ਜ਼ਰਖੇਜ਼ ਬਣਾਇਆ।
ਪਰ ਮੇਰੇ ਮੁੜ੍ਹਕੇ ਦਾ, ਮੁੱਲ ਕਿਸੇ ਨਾ ਪਾਇਆ।
ਕੀ ਦੱਸਾਂ ਮੈਂ, ਹੋ ਕੇ ਪ੍ਰੇਸ਼ਾਨ ਬੋਲਦਾ।
ਮੈਂ ਮਿੱਟੀ ਦਾ ਜਾਇਆ, ਕਿਸਾਨ ਬੋਲਦਾ।...
ਹੁਣ ਤਾਂ ਸਮਾਂ ਬਦਲ ਗਿਆ ਹੈ, ਨਾ ਉਹ ਕੱਚੇ ਰਾਹ ਰਹੇ ਹਨ, ਨਾ ਕਿਸੇ ਨੂੰ ਤੁਰ ਕੇ ਐਨੀ ਵਾਟ ਸਕੂਲ ਜਾਣਾ ਪੈਂਦਾ ਹੈ। ਪਿੰਡ-ਪਿੰਡ ਸਕੂਲ ਬਣ ਗਏ ਹਨ। ਨਾ ਸਾਡੇ ਵਾਂਗ ਇਕੱਠੇ ਹੋ ਕੇ ਸਕੂਲ ਜਾਣ ਦਾ ਰਿਵਾਜ਼ ਰਿਹਾ ਹੈ। ਹਰ ਇੱਕ ਉੱਤੇ ਇਕੱਲਤਾ ਭਾਰੂ ਹੋ ਰਹੀ ਹੈ। ਸਮਾਂ ਨੇ ਤਾਂ ਬਦਲਣਾ ਹੀ ਹੈ, ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)