ShavinderKaur7ਵਾਰੀ ਆਉਣ ’ਤੇ ਡਾਕਟਰ ਨੇ ਮੋਢਾ ਦੇਖਣ ਤੋਂ ਪਹਿਲਾਂ ਐਕਸਰੇ ਕਰਵਾ ਕੇ ਲਿਆਉਣ ਲਈ ਲਿਖ ਦਿੱਤਾ। ਮੈਂ ...
(26 ਦਸੰਬਰ 2024)

 

ਵਧਦੀ ਉਮਰ ਨਾਲ ਸਿਹਤ ਸੰਬੰਧੀ ਕੋਈ ਨਾ ਕੋਈ ਸਮੱਸਿਆ ਆ ਜਾਂਦੀ ਹੈ, ਉਸ ਤੋਂ ਛੁਟਕਾਰਾ ਪਾਉਣ ਲਈ ਅਸੀਂ ਡਾਕਟਰਾਂ ਵੱਲ ਜਾਂਦੇ ਹਾਂ। ਹਸਪਤਾਲ ਪਹੁੰਚਣ ਅਤੇ ਡਾਕਟਰ ਤੋਂ ਦਵਾਈ ਲੈਣੀ ਕੋਈ ਸੌਖਾ ਕੰਮ ਨਹੀਂ। ਇਉਂ ਲੱਗਦਾ ਹੈ ਜਿਵੇਂ ਹਰ ਕੋਈ ਦਵਾਈ ਲੈਣ ਹਸਪਤਾਲ ਆ ਗਿਆ ਹੋਵੇ।

ਕਈ ਦਿਨਾਂ ਤੋਂ ਮੇਰਾ ਮੋਢਾ ਦੁੱਖਦਾ ਸੀ। ਸੋਚਿਆ, ਦਵਾਈਆਂ ਖਾਣ ਨਾਲੋਂ ਫਿਜ਼ਿਓਥਰੈਪੀ ਵਿਭਾਗ ਵਿੱਚ ਜਾ ਕੇ ਥਰੈਪੀ ਕਰਵਾ ਲਵਾਂ। ਇਹ ਸੋਚ ਕੇ ਮੈਂ ਨੌਂ ਕੁ ਵਜੇ ਸਰਕਾਰੀ ਹਸਪਤਾਲ ਚਲੀ ਗਈ। ਅੱਗੇ ਜਾ ਕੇ ਕੀ ਦੇਖਦੀ ਹਾਂ ਕਿ ਪਰਚੀ ਕਟਵਾਉਣ ਵਾਲੀ ਜਗ੍ਹਾ ’ਤੇ ਪਰਚੀ ਕਟਵਾਉਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ‘ਮਰਦਾ ਕੀ ਨਹੀਂ ਕਰਦਾ’ ਦੀ ਕਹਾਵਤ ਅਨੁਸਾਰ ਕਤਾਰ ਵਿੱਚ ਲੱਗ ਗਈ। ਇੱਕ ਘੰਟੇ ਬਾਅਦ ਵਾਰੀ ਆਈ। ਉੱਥੋਂ ਪਰਚੀ ਕਟਵਾ ਕੇ ਫਿਜ਼ਿਓਥਰੈਪੀ ਵਿਭਾਗ ਵਿੱਚ ਨਾਂਅ ਲਿਖ ਰਹੇ ਮੁੰਡੇ ਨੂੰ ਜਾ ਫੜਾਈ। ਉੱਥੇ ਵੀ ਮਰੀਜ਼ਾਂ ਦਾ ਉਹੀ ਹਾਲ ਸੀ। ਮਰੀਜ਼ਾਂ ਦੇ ਬੈਠਣ ਲਈ ਲਾਈਆਂ ਕੁਰਸੀਆਂ ਪੂਰੀ ਤਰ੍ਹਾਂ ਭਰ ਚੁੱਕੀਆਂ ਸਨ। ਉਸ ਨੇ ਨਾਂਅ ਲਿਖ ਕੇ ਵਾਰੀ ਆਉਣ ’ਤੇ ਡਾਕਟਰ ਕੋਲ ਜਾਣ ਲਈ ਕਿਹਾ। ਵਾਰੀ ਆਉਣ ’ਤੇ ਡਾਕਟਰ ਨੇ ਮੋਢਾ ਦੇਖਣ ਤੋਂ ਪਹਿਲਾਂ ਐਕਸਰੇ ਕਰਵਾ ਕੇ ਲਿਆਉਣ ਲਈ ਲਿਖ ਦਿੱਤਾ। ਮੈਂ ਗਿਆਰਾਂ ਨੰਬਰ ਕਮਰੇ ਵਿੱਚ ਐਕਸਰੇ ਕਰਵਾਉਣ ਚਲੀ ਗਈ। ਉੱਥੇ ਕਿਹੜਾ ਘੱਟ ਭੀੜ ਸੀਵਾਰੀ ਲਈ ਮੁੜ ਲਾਈਨ ਵਿਚ ਲੱਗ ਗਈ। ਵਾਰੀ ਆਉਂਦਿਆ ਵਾਹਵਾ ਸਮਾਂ ਲੱਗ ਗਿਆ। ਜਦੋਂ ਨੂੰ ਐਕਸਰੇ ਲੈ ਕੇ ਮੁੜ ਫਿਜ਼ਿਓਥਰੈਪੀ ਵਾਲੇ ਵਿਭਾਗ ਵਿੱਚ ਪਹੁੰਚੀ ਤਾਂ ਦੋ ਵੱਜ ਚੁੱਕੇ ਸਨ। ਹਸਪਤਾਲ ਬੰਦ ਹੋਣ ਦਾ ਸਮਾਂ ਹੋ ਚੁੱਕਿਆ ਸੀ ਪਰ ਨੇਕ ਦਿਲ ਡਾਕਟਰ ਅਤੇ ਉਸ ਦੇ ਦੋ ਸਹਾਇਕ ਅਜੇ ਆਪਣਾ ਕੰਮ ਕਰ ਰਹੇ ਸਨ। ਮੇਰੀ ਵਾਰੀ ਆਉਣ ਤੋਂ ਪਹਿਲਾਂ ਹੀ ਡਾਕਟਰ ਨੇ ਮਰੀਜ਼ਾਂ ਨੂੰ ਹੁਣ ਕੱਲ੍ਹ ਨੂੰ ਆਉਣ ਲਈ ਕਹਿ ਦਿੱਤਾ

ਭੀੜ ਦਾ ਇਹ ਹਾਲ ਸਿਰਫ਼ ਸਰਕਾਰੀ ਹਸਪਤਾਲਾਂ ਵਿੱਚ ਹੀ ਨਹੀਂ, ਕਿਸੇ ਵੀ ਨਿੱਜੀ ਹਸਪਤਾਲ ਚਲੇ ਜਾਉ, ਤਹਾਨੂੰ ਇਹੀ ਹਾਲ ਮਿਲੇਗਾ, ਮਰੀਜ਼ਾਂ ਦੀਆਂ ਹਰ ਥਾਂ ਵਾਰੀ ਆਉਣ ਨੂੰ ਉਡੀਕਦੀਆਂ ਲੰਮੀਆਂ ਕਤਾਰਾਂ। ਕਿਸੇ ਦੇ ਚਿਹਰੇ ’ਤੇ ਰੌਣਕ ਨਹੀਂ ਸੀ, ਹਰ ਚਿਹਰਾ ਕੁਮਲਾਇਆ ਅਤੇ ਬੁਝਿਆ ਬੁਝਿਆ ਲੱਗਦਾ ਸੀ। ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਜਿਵੇਂ ਸਾਰਾ ਪੰਜਾਬ ਹੀ ਬੀਮਾਰ ਹੋਵੇ।

ਮਨ ਵਿਚ ਇਹ ਵਿਚਾਰ ਆਇਆ ਕਿ ਮਰੀਜ਼ਾਂ ਦੀ ਗਿਣਤੀ ਕਿਉਂ ਦਿਨੋ-ਦਿਨ ਵਧਦੀ ਜਾ ਰਹੀ ਹੈ। ਫਿਰ ਧਿਆਨ ਬਚਪਨ ਵਿੱਚ ਦੇਖੇ ਆਪਣੇ ਬਜੁਰਗਾਂ ਵੱਲ ਚਲਿਆ ਗਿਆ ਤਾਂ ਉਨ੍ਹਾਂ ਦੀ ਤੰਦਰੁਸਤੀ ਭਰੀ ਜ਼ਿੰਦਗੀ ਯਾਦ ਆਈ ਜਦੋਂ ਕਿ ਉਸ ਸਮੇਂ ਸਿਹਤ ਸਹੂਲਤਾਂ ਤਾਂ ਨਿਗੂਣੀਆਂ ਹੀ ਹੁੰਦੀਆਂ ਸਨ। ਨਾ ਤਾਂ ਐਨੇ ਹਸਪਤਾਲ ਹੁੰਦੇ ਸਨ ਅਤੇ ਨਾ ਹੀ ਡਾਕਟਰ। ਉਹਨਾਂ ਦੀ ਤੰਦਰੁਸਤੀ ਭਰੀ ਲੰਮੀ ਉਮਰ ਬਾਰੇ ਸੋਚਦਿਆਂ ਉਹਨਾਂ ਦੀ ਜੀਵਨ ਸ਼ੈਲੀ ਵੀ ਸਾਹਮਣੇ ਆ ਗਈ ਕਿ ਕਿਸ ਤਰ੍ਹਾਂ ਉਸ ਸਮੇਂ ਸਾਰੇ ਕੰਮ ਖੁਦ ਕਰਨ ਦਾ ਸੱਭਿਆਚਾਰ ਸੀ। ਉਹ ਆਪਣੀਆਂ ਘਰੇਲੂ ਲੋੜਾਂ ਪਿੰਡ ਅਤੇ ਘਰ ਵਿੱਚੋਂ ਹੀ ਪੂਰੀਆਂ ਕਰ ਲੈਂਦੇ ਸਨ। ਖੇਤਾਂ ਵਿਚ ਪੈਦਾ ਕੀਤਾ ਅਨਾਜ, ਸਬਜ਼ੀਆਂ, ਫਲ, ਘਰ ਰੱਖੇ ਪੁਸ਼ੂਆਂ ਤੋਂ ਪ੍ਰਾਪਤ ਕੀਤਾ ਦੁੱਧ ਘਿਓ ਤੇ ਲੱਸੀ, ਘਰ ਦੀ ਸਰ੍ਹੋਂ ਦਾ ਕਢਵਾਇਆ ਤੇਲ, ਘਰ ਦਾ ਗੁੜ-ਸ਼ੱਕਰ ਅਤੇ ਇਹਨਾਂ ਸਭ ਵਸਤਾਂ ਤੋਂ ਘਰੇ ਬਣਾਇਆ ਖਾਣ ਦਾ ਸਮਾਨ ਉਨ੍ਹਾਂ ਦੀ ਖੁਰਾਕ ਦਾ ਹਿੱਸਾ ਸੀ, ਜੋ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਸੀ। ਮਨ ਦੀ ਤੰਦਰੁਸਤੀ ਲਈ, ਸਭ ਤੋਂ ਵੱਡੀ ਗੱਲ ਆਪਸੀ ਭਾਈਚਾਰਕ ਸਾਂਝ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਸਨ। ਜੇ ਕਿਸੇ ਪਰਿਵਾਰ ਕੋਲ ਕਿਸੇ ਤਰ੍ਹਾਂ ਦੀ ਥੁੜ ਹੁੰਦੀ ਸੀ ਤਾਂ ਦੂਜੇ ਉਸ ਦੀ ਮਦਦ ਕਰ ਦਿੰਦੇ ਸਨ।

ਸਾਡਾ ਸਿਸਟਮ ਕਾਰਪੋਰੇਟ ਪੱਖੀ ਹੈ। ਸਾਡੇ ਸਾਹਮਣੇ ਉਹੀ ਕੁਝ ਪਰੋਸਿਆ ਜਾਂਦਾ ਹੈ ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਨਿੱਤ ਟੀ. ਵੀ. ਚੈਨਲਾਂ ਉੱਤੇ ਦਿਖਾਏ ਜਾਂਦੇ ਖਾਣ-ਪੀਣ ਦੀਆਂ ਵਸਤਾਂ ਦੇ ਇਸ਼ਤਿਹਾਰ ਸਾਨੂੰ ਆਪਣੇ ਵੱਲ ਖਿੱਚਦੇ ਹਨ। ਫਿਲਮਾਂ ਅਤੇ ਸੀਰੀਅਲਾਂ ਵਿੱਚ ਦਿਖਾਇਆ ਜਾਂਦਾ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਢੰਗ ਵੀ ਸਾਡੇ ਉੱਤੇ ਅਸਰ ਪਾਉਂਦਾ ਹੈ। ਇਹ ਸਭ ਕੁਝ ਦੇਖਦਿਆਂ ਸਾਡਾ ਖਾਣ-ਪੀਣ ਬਦਲਿਆ, ਸਾਡਾ ਰਹਿਣ-ਸਹਿਣ ਬਦਲਿਆ, ਸਾਡੀਆਂ ਭਾਈਚਾਰਕ ਸਾਂਝਾ ਪੇਤਲੀਆਂ ਹੋਈਆਂ ਘਰ ਦੇ ਪੌਸ਼ਟਿਕਤਾ ਭਰਪੂਰ ਖਾਣੇ ਦੀ ਥਾਂ ਫਾਸਟਫੂਡ ਅਤੇ ਲਫਾਫਾਬੰਦ ਭੋਜਨ ਦਾ ਸੱਭਿਆਚਾਰ ਪੈਦਾ ਹੋ ਗਿਆ। ਇਹਨਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਸਰਗਰਮ ਹੋ ਕੇ ਸਾਡੇ ਖਾਣ-ਪੀਣ ਅਤੇ ਜੀਵਨ ਦੀਆਂ ਹੋਰ ਉਪਯੋਗੀ ਲੋੜਾਂ ਵਿੱਚੋਂ ਆਪਣੇ ਮੁਨਾਫਿਆਂ ’ਤੇ ਅੱਖ ਟਿਕਾ ਲਈ। ਸਰਮਾਏਦਾਰੀ ਅਤੇ ਕਾਰਪੋਰੇਟ ਘਰਾਣਿਆਂ ਦੀ ਇਜਾਰੇਦਾਰੀ ਇੰਨੀ ਹਾਵੀ ਹੋ ਗਈ ਕਿ ਉਨ੍ਹਾਂ ਨੇ ਖਾਲਸ ਵਸਤੂਆਂ ਦੀ ਥਾਂ ਮਨਸੂਈ ਵਸਤੂਆਂ ਪੈਦਾ ਕਰ ਕੇ ਸਾਡੀ ਜੀਵਨ ਸ਼ੈਲੀ ਹੀ ਬਦਲ ਦਿੱਤੀ ਉਹਨਾਂ ਦੀ ਸੋਚ ਮੁਤਾਬਿਕ ਮਨੁੱਖੀ ਜੀਭ ਦੇ ਵੱਖੋ-ਵੱਖਰੇ ਸੁਆਦੀ ਖਾਣੇ ਤਿਆਰ ਕਰ ਕੇ ਪਰੋਸੇ ਜਾ ਰਹੇ ਹਨ, ਜੋ ਸੁਆਦੀ ਤਾਂ ਹਨ ਪਰ ਪੌਸ਼ਟਿਕਤਾ ਪੱਖੋਂ ਉਨ੍ਹਾਂ ਵਿੱਚ ਉਹ ਗੁਣ ਕਿੱਥੇ, ਜੋ ਮੋਟੇ ਅਨਾਜ ਤੋਂ ਘਰੇ ਤਿਆਰ ਕੀਤੇ ਖਾਣਿਆਂ ਵਿੱਚ ਹੁੰਦਾ ਸੀ। ਇਹ ਸਿਹਤ ਦੇ ਮਿਆਰ ’ਤੇ ਪੂਰੇ ਨਹੀਂ ਉਤਰਦੇ, ਨਾਲ ਹੀ ਲਿਫਾਫਾਬੰਦ ਭੋਜਨ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਬਿਮਾਰ ਵਿਅਕਤੀ ਹਸਪਤਾਲ ਵੱਲ ਭੱਜ ਰਹੇ ਹਨ। ਦਵਾਈਆਂ ਪੈਦਾ ਕਰਨ ਵਾਲੀਆਂ ਕੰਪਨੀਆਂ ਦਵਾਈਆਂ ਵਿੱਚੋਂ ਮੁਨਾਫਾ ਕਮਾ ਰਹੀਆਂ ਹਨ। ਹੁਣ ਤਾਂ ਹਰ ਸ਼ਹਿਰ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਦੇ ਹਸਪਤਾਲ ਖੁੱਲ੍ਹ ਗਏ ਹਨ, ਜੋ ਇਲਾਜ ਦੇ ਨਾਂ ’ਤੇ ਮਰੀਜ਼ਾਂ ਦੀ ਲੁੱਟ ਕਰਦੇ ਹਨ। ਸੂਬੇ ਦਾ ਅੱਸੀ ਫੀ ਸਦੀ ਸਿਹਤ ਢਾਂਚਾ ਅੱਜ ਨਿੱਜੀ ਹੱਥਾਂ ਦੀ ਜਕੜ ਵਿੱਚ ਹੈ, ਜੋ ਲੋਕਾਂ ਨੂੰ ਠੀਕ ਕਰਨ ਦੀ ਥਾਂ ਮੁਨਾਫੇ ਨੂੰ ਤਰਜੀਹ ਦਿੰਦਾ ਹੈ।

ਜੇ ਸਿਹਤ ਸਬੰਧੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਵੱਲ ਦੇਖੀਏ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਸਰਕਾਰ ਵਲੋਂ ਸੂਬੇ ਵਿਚ ਸਿਹਤ ਸਹੂਲਤਾਂ ’ਤੇ ਕੀਤੇ ਜਾਂਦੇ ਪ੍ਰਤੀ ਵਿਅਕਤੀ ਖਰਚ ਵਿੱਚ ਪੰਜਾਬ ਦੇਸ਼ ਦੇ ਬਾਕੀ ਸਾਰੇ ਸੂਬਿਆਂ ਨਾਲੋਂ ਸਭ ਤੋਂ ਪਿੱਛੇ ਹੈ।

ਸਾਡੇ ਬਜ਼ੁਰਗ ਕੁਦਰਤ ਨੂੰ ਪਿਆਰ ਕਰਨ ਵਾਲੇ ਸਨ। ਇੱਥੋਂ ਤਕ ਕਿ ਉਹ ਕਈ ਰੁੱਖਾਂ ਨੂੰ ਪੂਜਦੇ ਸਨ। ਸਾਡੇ ਗੁਰੂ ਸਾਹਿਬਾਨ ਨੇ ਵੀ ਪਾਣੀ ਨੂੰ ਪਿਤਾ, ਪਵਨ ਨੂੰ ਗੁਰੂ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ ਪਰ ਅੱਜ ਦਾ ਵਿਕਾਸ ਮਨੁੱਖਤਾ ਪੱਖੀ, ਕੁਦਰਤ ਪੱਖੀ ਹੋਣ ਦੀ ਥਾਂ ਮੁਨਾਫ਼ਾਖੋਰੀ ਪੱਖੀ ਹੈ। ਇਸ ਤਹਿਤ ਕੁਦਰਤੀ ਸੰਤੁਲਨ ਨਸ਼ਟ ਕਰ ਕੇ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰ ਕੇ ਆਫ਼ਤਾਂ ਅਤੇ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਸਾਡੀਆਂ ਸਮਾਜਿਕ ਅਤੇ ਆਰਥਿਕ ਚਿੰਤਾਵਾਂ ਵਿੱਚ ਜਿੰਨਾ ਜ਼ਿਆਦਾ ਵਾਧਾ ਹੋਇਆ ਹੈ, ਉਸ ਦਾ ਮੂਲ ਕਾਰਨ ਕੁਦਰਤ ਦਾ ਉਜਾੜਾ ਹੈ।

ਆਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਤੰਦਰੁਸਤ ਅਤੇ ਰਹਿਣਯੋਗ ਬਣਾਉਣ ਲਈ ਜਾਗਣ ਦਾ ਵੇਲਾ ਹੈ। ਸਿਹਤਮੰਦ ਵਾਤਾਵਰਣ ਸਿਰਜਣ ਲਈ ਸਾਨੂੰ ਚਾਹੀਦਾ ਹੈ ਕਿ ਰੁੱਖਾਂ ਦੀ ਗੱਲ ਕਰੀਏ, ਦਰਿਆਵਾਂ ਦੀ ਬਾਂਹ ਫੜੀਏ ਅਤੇ ਧਰਤੀ ਦਾ ਅਦਬ ਕਰੀਏ। ਖਾਣ ਪੀਣ ਦੇ ਮਾਮਲੇ ਵਿੱਚ ਸੋਚ ਵਿਚਾਰ ਕਰੀਏ ਅਤੇ ਘਰ ਦੇ ਬਣੇ ਖਾਣੇ ਨੂੰ ਮਹੱਤਤਾ ਦੇਈਏ, ਜੋ ਪੌਸ਼ਟਿਕ ਹੋਣ ਦੇ ਨਾਲ-ਨਾਲ ਸਸਤਾ ਵੀ ਪੈਂਦਾ ਹੈ।

ਅੱਜ ਦੇਸ਼ ਦੀ ਬਹੁਗਿਣਤੀ ਅਬਾਦੀ ਨੂੰ ਇਹ ਮੰਗ ਉਠਾਉਣੀ ਪਵੇਗੀ ਕਿ ਦੇਸ਼ ਦੇ ਸਾਰੇ ਨਿੱਜੀ ਹਸਪਤਾਲਾਂ ਦਾ ਕੌਮੀਕਰਨ ਕੀਤਾ ਜਾਵੇ, ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ, ਨਵੇਂ ਹਸਪਤਾਲ ਅਤੇ ਕਲੀਨਿਕ ਖੋਲ੍ਹੇ ਜਾਣ ਤੇ ਇਹਨਾਂ ਵਿੱਚ ਹਰ ਬੀਮਾਰੀ ਦਾ ਇਲਾਜ ਸਸਤੇ ਤੋਂ ਸਸਤਾ ਕੀਤਾ ਜਾਵੇ। ਪਰ ਇਹ ਕਹਿਣ ਨਾਲ ਸੰਭਵ ਨਹੀਂ ਹੋ ਹੋਣਾ, ਇਸ ਨੂੰ ਸੰਭਵ ਬਣਾਉਣ ਵਾਸਤੇ ਦੇਸ਼ ਦੀ ਬਹੁਗਿਣਤੀ ਅਬਾਦੀ ਨੂੰ ਖੁਦ ਹੀ ਹੰਭਲਾ ਮਾਰਨਾ ਹੋਵੇਗਾ ਅਤੇ ਲੰਮਾ ਅਤੇ ਵੱਡਾ ਸੰਘਰਸ਼ ਕਰਨਾ ਪਵੇਗਾ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5562)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)

More articles from this author